Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਮਸੀਹ ਦੀ ਮੌਤ ਦਾ ਸਮਾਰਕ ਸਾਨੂੰ ਕਿੰਨੀ ਵਾਰ ਮਨਾਉਣਾ ਚਾਹੀਦਾ ਹੈ?

ਯਿਸੂ ਦੀ ਮੌਤ ਦੇ ਸਮਾਰਕ ਸਮਾਰੋਹ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ।” (1 ਕੁਰਿੰਥੀਆਂ 11:25, 26) ਕਈ ਲੋਕ ਪੌਲੁਸ ਦੇ ਇਹ ਸ਼ਬਦ ਪੜ੍ਹ ਕੇ ਸੋਚਦੇ ਹਨ ਕਿ ਯਿਸੂ ਦੀ ਮੌਤ ਦਾ ਸਮਾਰਕ ਜਦ ਕਦੇ ਜੀਅ ਚਾਹੇ ਯਾਨੀ ਵਾਰ-ਵਾਰ ਮਨਾਇਆ ਜਾਣਾ ਚਾਹੀਦਾ ਹੈ। ਇਸ ਲਈ ਉਹ ਸਾਲ ਵਿਚ ਇਸ ਦਿਨ ਨੂੰ ਕਈ ਵਾਰ, ਇੱਥੋਂ ਤਕ ਕਿ ਹਰ ਹਫ਼ਤੇ ਮਨਾਉਂਦੇ ਹਨ। ਕੀ ਪੌਲੁਸ ਦੇ ਕਹਿਣ ਦਾ ਇਹ ਮਤਲਬ ਸੀ?

ਉਸ ਸਮੇਂ ਤੋਂ ਜਦ ਯਿਸੂ ਨੇ ਆਪਣੀ ਮੌਤ ਦਾ ਸਮਾਰਕ ਸਮਾਰੋਹ ਸ਼ੁਰੂ ਕੀਤਾ, ਕੁਝ 2,000 ਸਾਲ ਬੀਤ ਚੁੱਕੇ ਹਨ। ਇਸ ਲਈ, ਜੇਕਰ ਸਾਲ ਵਿਚ ਸਿਰਫ਼ ਇਕ ਵਾਰ ਸਮਾਰਕ ਦਿਨ ਮਨਾਇਆ ਗਿਆ ਹੋਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ 33 ਸਾ.ਯੁ. ਤੋਂ ਲੈ ਕੇ ਇਹ ਦਿਨ ਕਈ ਵਾਰ ਮਨਾਇਆ ਜਾ ਚੁੱਕਾ ਹੈ। ਪਰ 1 ਕੁਰਿੰਥੀਆਂ 11:25, 26 ਦੇ ਆਲੇ-ਦੁਆਲੇ ਦੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਇਸ ਬਾਰੇ ਗੱਲ ਨਹੀਂ ਕਰ ਰਿਹਾ ਸੀ ਕਿ ਸਾਨੂੰ ਕਿੰਨੀ ਵਾਰ ਸਮਾਰਕ ਦਿਨ ਮਨਾਉਣਾ ਚਾਹੀਦਾ ਹੈ, ਸਗੋਂ ਉਹ ਇਹ ਦੱਸ ਰਿਹਾ ਸੀ ਕਿ ਇਹ ਦਿਨ ਕਿੱਦਾਂ ਮਨਾਇਆ ਜਾਣਾ ਚਾਹੀਦਾ ਹੈ। ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਮੁਢਲੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਵੱਲ ਧਿਆਨ ਦੇਈਏ। ਇਕ ਹੈ ਪੋਲਾਕੀਸ, ਜਿਸ ਦਾ ਮਤਲਬ ਹੈ “ਵਾਰ-ਵਾਰ,” ਅਤੇ ਦੂਸਰਾ ਹੈ ਓਸਾਕੀਸ, ਜਿਸ ਦਾ ਮਤਲਬ ਹੈ “ਜਦ ਕਦੇ” ਜਾਂ “ਹਰ ਵਾਰ ਜਦੋਂ।” ਪੌਲੁਸ ਨੇ ਇਨ੍ਹਾਂ ਆਇਤਾਂ ਵਿਚ ਦੂਸਰਾ ਸ਼ਬਦ ਯਾਨੀ ਓਸਾਕੀਸ ਵਰਤਿਆ ਸੀ। ਇਸ ਦਾ ਮਤਲਬ ਹੈ ਕਿ ਪੌਲੁਸ ਇਹ ਕਹਿ ਰਿਹਾ ਸੀ ਕਿ ‘ਹਰ ਵਾਰ ਜਦੋਂ ਵੀ ਤੁਸੀਂ ਇਹ ਕਰਦੇ ਹੋ ਤਾਂ ਤੁਸੀਂ ਪ੍ਰਭੁ ਦੀ ਮੌਤ ਦਾ ਪਰਚਾਰ ਕਰਦੇ ਰਹਿੰਦੇ ਹੋ।’

ਤਾਂ ਫਿਰ, ਯਿਸੂ ਦੀ ਮੌਤ ਦਾ ਸਮਾਰਕ ਸਾਨੂੰ ਕਿੰਨੀ ਵਾਰ ਮਨਾਉਣਾ ਚਾਹੀਦਾ ਹੈ? ਸਾਲ ਵਿਚ ਇਕ ਵਾਰ ਮਨਾਉਣਾ ਠੀਕ ਹੈ। ਇਹ ਸੱਚ-ਮੁੱਚ ਇਕ ਯਾਦਗਾਰੀ ਦਿਨ ਸੀ ਅਤੇ ਅਜਿਹੇ ਦਿਨ ਅਕਸਰ ਸਾਲ ਵਿਚ ਇਕ ਵਾਰ ਮਨਾਏ ਜਾਂਦੇ ਹਨ। ਇਸ ਤੋਂ ਇਲਾਵਾ, ਯਿਸੂ ਪਸਾਹ ਦੇ ਦਿਨ ਮਰਿਆ ਸੀ ਅਤੇ ਪਸਾਹ ਦਾ ਦਿਨ ਸਾਲ ਵਿਚ ਇਕ ਵਾਰ ਮਨਾਇਆ ਜਾਂਦਾ ਸੀ। ਪੌਲੁਸ ਨੇ ਯਿਸੂ ਨੂੰ “ਪਸਾਹ ਦਾ ਲੇਲਾ” ਕਿਹਾ ਸੀ ਕਿਉਂਕਿ ਯਿਸੂ ਦੀ ਬਲੀਦਾਨੀ ਮੌਤ ਰਾਹੀਂ ਅਧਿਆਤਮਿਕ ਇਸਰਾਏਲ ਦੇ ਮੈਂਬਰਾਂ ਨੂੰ ਸਦਾ ਦੇ ਜੀਵਨ ਦੀ ਉਮੀਦ ਮਿਲੀ ਹੈ। ਇਸੇ ਤਰ੍ਹਾਂ ਪਹਿਲੇ ਪਸਾਹ ਦੇ ਦਿਨ ਤੇ ਚੜ੍ਹਾਏ ਗਏ ਬਲੀਦਾਨ ਨੇ ਮਿਸਰ ਵਿਚ ਰਹਿੰਦੇ ਇਸਰਾਏਲੀਆਂ ਦੇ ਜੇਠੇ ਪੁੱਤਰਾਂ ਨੂੰ ਬਚਾਇਆ ਸੀ ਅਤੇ ਕੌਮ ਲਈ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦਾ ਰਾਹ ਖੋਲ੍ਹਿਆ ਸੀ। (1 ਕੁਰਿੰਥੀਆਂ 5:7; ਗਲਾਤੀਆਂ 6:16) ਇਸੇ ਘਟਨਾ ਦੀ ਯਾਦ ਵਿਚ ਯਹੂਦੀ ਲੋਕ ਪਸਾਹ ਦਾ ਤਿਉਹਾਰ ਸਾਲ ਵਿਚ ਇਕ ਵਾਰ ਮਨਾਉਂਦੇ ਸਨ ਅਤੇ ਯਿਸੂ ਦਾ ਸਮਾਰਕ ਸਮਾਰੋਹ ਪਸਾਹ ਨਾਲ ਸੰਬੰਧਿਤ ਹੈ, ਇਸ ਲਈ ਇਹ ਦਿਨ ਵੀ ਸਾਲ ਵਿਚ ਇਕ ਵਾਰ ਮਨਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਪੌਲੁਸ ਨੇ ਯਿਸੂ ਦੀ ਮੌਤ ਦਾ ਸੰਬੰਧ ਇਕ ਹੋਰ ਯਹੂਦੀ ਤਿਉਹਾਰ ਯਾਨੀ ਪ੍ਰਾਸਚਿਤ ਦੇ ਦਿਨ ਨਾਲ ਜੋੜਿਆ ਸੀ। ਇਬਰਾਨੀਆਂ 9:25, 26 ਵਿਚ ਲਿਖਿਆ ਹੈ: “ਇਹ ਨਹੀਂ ਭਈ [ਯਿਸੂ] ਆਪਣੇ ਆਪ ਨੂੰ ਵਾਰ ਵਾਰ ਚੜ੍ਹਾਵੇ ਜਿਵੇਂ ਪਰਧਾਨ ਜਾਜਕ ਪਵਿੱਤ੍ਰ ਅਸਥਾਨ ਦੇ ਅੰਦਰ ਵਰਹੇ ਦੇ ਵਰਹੇ [ਪ੍ਰਾਸਚਿਤ ਦੇ ਦਿਨ ਤੇ] ਦੂਜੇ ਦਾ ਲਹੂ ਲੈ ਕੇ ਜਾਂਦਾ ਹੁੰਦਾ ਸੀ। . . . ਪਰ ਹੁਣ ਜੁੱਗਾਂ ਦੇ ਅੰਤ ਵਿੱਚ ਉਹ ਇੱਕੋ ਵਾਰ ਪਰਗਟ ਹੋਇਆ ਹੈ ਭਈ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ।” ਸਾਲਾਨਾ ਪ੍ਰਾਸਚਿਤ ਦੇ ਦਿਨ ਤੇ ਦਿੱਤੇ ਗਏ ਬਲੀਦਾਨ ਦੇ ਬਦਲੇ ਯਿਸੂ ਦਾ ਬਲੀਦਾਨ ਦਿੱਤਾ ਗਿਆ ਸੀ, ਇਸ ਲਈ ਉਸ ਦੀ ਮੌਤ ਦਾ ਸਮਾਰਕ ਸਮਾਰੋਹ ਵੀ ਸਾਲ ਵਿਚ ਇਕ ਵਾਰ ਮਨਾਇਆ ਜਾਂਦਾ ਹੈ। ਬਾਈਬਲ ਵਿਚ ਸਾਨੂੰ ਸਮਾਰਕ ਸਮਾਰੋਹ ਇਸ ਤੋਂ ਜ਼ਿਆਦਾ ਵਾਰ ਮਨਾਉਣ ਲਈ ਨਹੀਂ ਕਿਹਾ ਗਿਆ।

ਇਸ ਦੇ ਅਨੁਸਾਰ, ਇਤਿਹਾਸਕਾਰ ਜੌਨ ਐੱਲ. ਵਾਨ ਮੋਸਹਿਮ ਨੇ ਦੱਸਿਆ ਕਿ ਏਸ਼ੀਆ ਮਾਈਨਰ ਵਿਚ ਰਹਿਣ ਵਾਲੇ ਦੂਜੀ ਸਦੀ ਦੇ ਮਸੀਹੀ ਯਿਸੂ ਦੀ ਮੌਤ ਦਾ ਸਮਾਰਕ ਸਮਾਰੋਹ “ਯਹੂਦੀ ਕਲੰਡਰ ਦੇ ਪਹਿਲੇ ਮਹੀਨੇ [ਯਾਨੀ ਨੀਸਾਨ] ਦੀ ਚੌਦਾਂ ਤਾਰੀਖ਼” ਨੂੰ ਮਨਾਉਂਦੇ ਹੁੰਦੇ ਸਨ। ਬਾਅਦ ਵਿਚ ਹੀ ਈਸਾਈ-ਜਗਤ ਦੇ ਮੈਂਬਰ ਇਸ ਦਿਨ ਨੂੰ ਸਾਲ ਵਿਚ ਇਕ ਤੋਂ ਜ਼ਿਆਦਾ ਵਾਰ ਮਨਾਉਣ ਲੱਗੇ ਸਨ।