Skip to content

Skip to table of contents

‘ਹਾਇ ਰੱਬਾ! ਤੂੰ ਇੱਦਾਂ ਕਿਉਂ ਹੋਣ ਦਿੱਤਾ?’

‘ਹਾਇ ਰੱਬਾ! ਤੂੰ ਇੱਦਾਂ ਕਿਉਂ ਹੋਣ ਦਿੱਤਾ?’

‘ਹਾਇ ਰੱਬਾ! ਤੂੰ ਇੱਦਾਂ ਕਿਉਂ ਹੋਣ ਦਿੱਤਾ?’

ਰਿਕਾਰਡੋ ਨੂੰ ਹਾਲੇ ਵੀ ਉਹ ਦਿਨ ਯਾਦ ਆਉਂਦਾ ਹੈ ਜਦ ਉਹ ਆਪਣੀ ਪਤਨੀ ਮੀਰੀਅਮ ਨਾਲ ਡਾਕਟਰ ਦੇ ਵੇਟਿੰਗ ਰੂਮ ਵਿਚ ਬੈਠਾ ਸੀ। * ਉਹ ਦੋਵੇਂ ਮੀਰੀਅਮ ਦੀ ਡਾਕਟਰੀ ਰਿਪੋਰਟ ਪੜ੍ਹਨ ਤੋਂ ਘਬਰਾਉਂਦੇ ਸਨ। ਫਿਰ ਰਿਕਾਰਡੋ ਨੇ ਲਿਫਾਫਾ ਖੋਲ੍ਹ ਕੇ ਰਿਪੋਰਟ ਤੇ ਨਜ਼ਰ ਮਾਰੀ। ਡਾਕਟਰੀ ਭਾਸ਼ਾ ਵਿਚ ਲਿਖੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਧਿਆਨ “ਕੈਂਸਰ” ਸ਼ਬਦ ਤੇ ਅਟਕ ਗਿਆ। ਇਸ ਸ਼ਬਦ ਦਾ ਪੂਰਾ-ਪੂਰਾ ਅਹਿਸਾਸ ਹੋਣ ਤੇ ਉਹ ਦੋਵੇਂ ਰੋਣ ਲੱਗ ਪਏ।

“ਡਾਕਟਰ ਤਾਂ ਬਹੁਤ ਹਮਦਰਦ ਸੀ,” ਰਿਕਾਰਡੋ ਯਾਦ ਕਰਦਾ ਹੈ, “ਲੇਕਿਨ ਉਸ ਦੀਆਂ ਗੱਲਾਂ ਤੋਂ ਸਾਨੂੰ ਸਾਫ਼ ਪਤਾ ਲੱਗਾ ਕਿ ਮੀਰੀਅਮ ਦੀ ਹਾਲਤ ਬੜੀ ਗੰਭੀਰ ਸੀ ਕਿਉਂਕਿ ਉਸ ਨੇ ਸਾਨੂੰ ਵਾਰ-ਵਾਰ ਕਿਹਾ ਕਿ ਰੱਬ ਤੇ ਭਰੋਸਾ ਰੱਖੋ।”

ਰੇਡੀਏਸ਼ਨ ਦੇ ਜ਼ਰੀਏ ਇਲਾਜ ਕਰਨ ਤੋਂ ਪਹਿਲਾਂ ਡਾਕਟਰ ਨੇ ਦੇਖਿਆ ਕਿ ਮੀਰੀਅਮ ਦਾ ਸੱਜਾ ਪੈਰ ਆਪਣੇ ਆਪ ਹੀ ਹਿੱਲਣ ਲੱਗ ਪੈਂਦਾ ਸੀ। ਹੋਰ ਟੈੱਸਟਾਂ ਤੋਂ ਬਾਅਦ ਪਤਾ ਲੱਗਾ ਕਿ ਕੈਂਸਰ ਮੀਰੀਅਮ ਦੇ ਦਿਮਾਗ਼ ਤਕ ਫੈਲਰ ਗਿਆ ਸੀ। ਰੇਡੀਏਸ਼ਨ ਦਾ ਇਲਾਜ ਇਕ ਹਫ਼ਤੇ ਬਾਅਦ ਰੋਕਿਆ ਗਿਆ। ਮੀਰੀਅਮ ਬੇਹੋਸ਼ ਪੈ ਗਈ ਅਤੇ ਦੋ ਮਹੀਨਿਆਂ ਬਾਅਦ ਮਰ ਗਈ। ਰਿਕਾਰਡੋ ਨੇ ਕਿਹਾ: “ਮੈਂ ਇਕ ਗੱਲ ਦਾ ਸ਼ੁਕਰ ਕੀਤਾ ਕਿ ਮੀਰੀਅਮ ਨੂੰ ਦੁੱਖਾਂ ਤੋਂ ਛੁਟਕਾਰਾ ਮਿਲ ਗਿਆ ਸੀ। ਪਰ, ਮੈਂ ਇੰਨਾ ਉਦਾਸ ਹੋ ਗਿਆ ਕਿ ਮੈਂ ਵੀ ਮਰਨਾ ਚਾਹੁੰਦਾ ਸੀ। ਉਸ ਤੋਂ ਬਿਨਾਂ ਮੇਰਾ ਜੀਅ ਨਹੀਂ ਲੱਗਦਾ ਸੀ। ਮੈਂ ਕਈ ਵਾਰ ਰੱਬ ਨੂੰ ਦੁਹਾਈ ਦਿੱਤੀ: ‘ਹਾਇ ਰੱਬਾ! ਤੂੰ ਇੱਦਾਂ ਕਿਉਂ ਹੋਣ ਦਿੱਤਾ?’”

ਬਿਪਤਾ ਵੇਲੇ ਕਈ ਸਵਾਲ ਪੈਦਾ ਹੁੰਦੇ

ਰਿਕਾਰਡੋ ਵਾਂਗ ਦੁਨੀਆਂ ਵਿਚ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਹੋਈ ਹੈ। ਇੱਦਾਂ ਵੀ ਲੱਗਦਾ ਹੈ ਕਿ ਉਨ੍ਹਾਂ ਲੋਕਾਂ ਤੇ ਜ਼ਿਆਦਾ ਦੁੱਖ ਆਉਂਦੇ ਹਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ। ਉਨ੍ਹਾਂ ਦੇ ਦਰਦ ਅਤੇ ਸੋਗ ਬਾਰੇ ਸੋਚੋ ਜਿਨ੍ਹਾਂ ਤੇ ਕੌਮਾਂ ਦੀਆਂ ਕਰੂਰ ਲੜਾਈਆਂ ਕਾਰਨ ਆਫ਼ਤਾਂ ਆਉਂਦੀਆਂ ਹਨ। ਜਾਂ ਉਸ ਦਰਦ ਦੀ ਕਲਪਨਾ ਕਰੋ ਜੋ ਬਲਾਤਕਾਰ, ਬੱਚਿਆਂ ਨਾਲ ਬਦਫ਼ੈਲੀ, ਘਰੇਲੂ ਹਿੰਸਾ ਅਤੇ ਹੋਰਨਾਂ ਅਪਰਾਧਾਂ ਕਾਰਨ ਇਨਸਾਨਾਂ ਨੂੰ ਸਹਿਣਾ ਪੈਂਦਾ ਹੈ। ਇਤਿਹਾਸ ਵੱਲ ਦੇਖਦੇ ਹੋਏ ਇਸ ਤਰ੍ਹਾਂ ਲੱਗਦਾ ਹੈ ਕਿ ਇਨਸਾਨ ਇਕ-ਦੂਜੇ ਨੂੰ ਦੁੱਖ-ਤਕਲੀਫ਼ ਲਿਆਉਣ ਅਤੇ ਇਕ-ਦੂਜੇ ਨਾਲ ਬੇਇਨਸਾਫ਼ੀ ਕਰਨ ਤੇ ਤੁਲੇ ਹੋਏ ਹਨ। (ਉਪਦੇਸ਼ਕ ਦੀ ਪੋਥੀ 4:1-3) ਇਸ ਦੇ ਨਾਲ-ਨਾਲ ਲੋਕ ਕੁਦਰਤੀ ਆਫ਼ਤਾਂ, ਜਾਂ ਭਾਵਾਤਮਕ, ਮਾਨਸਿਕ ਅਤੇ ਸਰੀਰਕ ਬੀਮਾਰੀਆਂ ਕਾਰਨ ਵੀ ਦੁਖੀ ਹਨ। ਇਸ ਲਈ ਹੈਰਾਨੀ ਦੀ ਗੱਲ ਨਹੀਂ ਜਦ ਕਈ ਪੁੱਛਦੇ ਹਨ ਕਿ “ਰੱਬ ਸਾਡੇ ਦੁੱਖਾਂ ਨੂੰ ਦੂਰ ਕਿਉਂ ਨਹੀਂ ਕਰਦਾ?”

ਜਿਹੜੇ ਲੋਕ ਰੱਬ ਨੂੰ ਮੰਨਦੇ ਹਨ ਉਨ੍ਹਾਂ ਲਈ ਵੀ ਦੁੱਖਾਂ ਦਾ ਸਾਮ੍ਹਣਾ ਕਰਨਾ ਔਖਾ ਹੈ। ਸ਼ਾਇਦ ਤੁਸੀਂ ਵੀ ਸੋਚੋ ਕਿ ਇਕ ਪਿਤਾ ਸਮਾਨ ਪਰਮੇਸ਼ੁਰ ਇਨਸਾਨਾਂ ਨੂੰ ਇੰਨੇ ਦੁੱਖ ਕਿਉਂ ਝੱਲਣ ਦਿੰਦਾ ਹੈ? ਇਸ ਸਵਾਲ ਦਾ ਤਸੱਲੀਬਖ਼ਸ਼ ਅਤੇ ਸੱਚਾ ਜਵਾਬ ਲੱਭਣਾ ਸਾਡੇ ਮਨ ਦੀ ਸ਼ਾਂਤੀ ਲਈ ਅਤੇ ਪਰਮੇਸ਼ੁਰ ਨਾਲ ਇਕ ਰਿਸ਼ਤਾ ਜੋੜਨ ਲਈ ਬਹੁਤ ਜ਼ਰੂਰੀ ਹੈ। ਬਾਈਬਲ ਸਾਨੂੰ ਅਜਿਹਾ ਜਵਾਬ ਦਿੰਦੀ ਹੈ। ਕਿਉਂ ਨਾ ਅਗਲਾ ਲੇਖ ਪੜ੍ਹ ਕੇ ਇਸ ਜਵਾਬ ਤੇ ਵਿਚਾਰ ਕਰੋ।

[ਫੁਟਨੋਟ]

^ ਪੈਰਾ 1 ਨਾਂ ਬਦਲੇ ਗਏ ਹਨ।

[ਸਫ਼ੇ 3 ਉੱਤੇ ਤਸਵੀਰ]

ਡਾਕਟਰ ਸਾਨੂੰ ਵਾਰ-ਵਾਰ ਕਹਿੰਦਾ ਰਿਹਾ ਕਿ ਰੱਬ ਤੇ ਭਰੋਸਾ ਰੱਖੋ