ਕੱਲ੍ਹ ਅਤੇ ਅੱਜ ਪਰਮੇਸ਼ੁਰ ਦਾ ਬਚਨ ਜ਼ਿੰਦਗੀਆਂ ਸੁਧਾਰਦਾ ਹੈ
“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”
ਕੱਲ੍ਹ ਅਤੇ ਅੱਜ ਪਰਮੇਸ਼ੁਰ ਦਾ ਬਚਨ ਜ਼ਿੰਦਗੀਆਂ ਸੁਧਾਰਦਾ ਹੈ
ਜੇ ਤੁਸੀਂ 15-16 ਸਾਲ ਦੇ ਟੋਨੀ ਨੂੰ ਮਿਲਦੇ, ਤਾਂ ਤੁਸੀਂ ਦੇਖਦੇ ਕਿ ਇਹ ਮੁੰਡਾ ਕਿੰਨਾ ਰੁੱਖਾ ਅਤੇ ਲੜਾਕਾ ਸੀ। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੀਆਂ ਬਦਨਾਮ ਥਾਵਾਂ ਤੇ ਉਸ ਦਾ ਹਮੇਸ਼ਾ ਆਉਣਾ-ਜਾਣਾ ਰਹਿੰਦਾ ਸੀ। ਉਸ ਦੇ ਯਾਰ-ਦੋਸਤ ਵੀ ਗੁੰਡੇ ਸਨ। ਉਨ੍ਹਾਂ ਦਾ ਕੰਮ ਸੀ ਚੋਰੀ ਕਰਨੀ, ਦੂਜੇ ਗੁੰਡਿਆਂ ਨਾਲ ਟੱਕਰ ਲੈਣੀ ਅਤੇ ਸੜਕਾਂ ਤੇ ਗੋਲੀਬਾਰੀ ਕਰਨੀ।
ਟੋਨੀ ਨੌਂ ਸਾਲ ਦੀ ਉਮਰ ਵਿਚ ਸਿਗਰਟ ਪੀਣ ਲੱਗ ਪਿਆ ਸੀ। ਚੌਦਾਂ ਸਾਲ ਦਾ ਹੋਣ ਤਕ ਉਹ ਭੰਗ ਦਾ ਆਦੀ ਹੋ ਗਿਆ ਤੇ ਬਦਚਲਣ ਜ਼ਿੰਦਗੀ ਜੀਉਣ ਲੱਗ ਪਿਆ। ਸੋਲਾਂ ਸਾਲ ਦਾ ਹੋਣ ਤੇ ਉਸ ਨੂੰ ਹੇਰੋਇਨ ਦੀ ਲਤ ਲੱਗੀ ਹੋਈ ਸੀ ਅਤੇ ਬਾਅਦ ਵਿਚ ਉਹ ਕੋਕੀਨ ਤੇ ਐੱਲ.ਐੱਸ.ਡੀ. ਦਾ ਆਦੀ ਹੋ ਗਿਆ। ਟੋਨੀ ਨੇ ਕਿਹਾ: “ਅਸਲ ਵਿਚ ਮੈਂ ਇੱਦਾਂ ਦੀ ਕੋਈ ਵੀ ਚੀਜ਼ ਲੈਂਦਾ ਸੀ ਜਿਸ ਨਾਲ ਮੈਨੂੰ ਨਸ਼ਾ ਚੜ੍ਹ ਸਕੇ।” ਫਿਰ ਉਹ ਬਦਨਾਮ ਗੁੰਡਿਆਂ ਨਾਲ ਡ੍ਰੱਗਜ਼ ਦਾ ਬਿਜ਼ਨਿਸ ਕਰਨ ਲੱਗ ਪਿਆ। ਜਲਦੀ ਹੀ ਟੋਨੀ ਆਸਟ੍ਰੇਲੀਆ ਦੇ ਪੂਰਬੀ ਤੱਟ ਤੇ ਡ੍ਰੱਗਜ਼ ਸਪਲਾਈ ਕਰਨ ਵਾਲੇ ਇਕ ਭਰੋਸੇਯੋਗ ਵਪਾਰੀ ਵਜੋਂ ਮਸ਼ਹੂਰ ਹੋ ਗਿਆ।
ਟੋਨੀ ਇੱਕੋ ਦਿਨ ਵਿਚ 160 ਤੋਂ 320 ਆਸਟ੍ਰੇਲੀਆਈ ਡਾਲਰਾਂ ਦੀ ਹੇਰੋਇਨ ਤੇ ਭੰਗ ਖਾ ਜਾਂਦਾ ਸੀ। ਪਰ ਉਸ ਦੇ ਪਰਿਵਾਰ ਨੂੰ ਇਸ ਨਾਲੋਂ ਵੀ ਵੱਡੀ ਕੀਮਤ ਚੁਕਾਉਣੀ ਪੈ ਰਹੀ ਸੀ। ਟੋਨੀ ਨੇ ਕਿਹਾ: “ਕਈ ਵਾਰੀ ਗੁੰਡਿਆਂ ਨੇ ਮੈਨੂੰ ਤੇ ਮੇਰੀ ਪਤਨੀ ਨੂੰ ਬੰਦੂਕਾਂ ਅਤੇ ਚਾਕੂਆਂ ਨਾਲ ਧਮਕਾਇਆ ਜਦੋਂ ਉਹ ਸਾਡੇ ਘਰ ਵਿਚ ਡ੍ਰੱਗਜ਼ ਅਤੇ ਪੈਸੇ ਲੱਭਣ ਲਈ ਆਉਂਦੇ ਸਨ।” ਤੀਸਰੀ ਵਾਰੀ ਜੇਲ੍ਹ ਜਾਣ ਤੋਂ ਬਾਅਦ, ਟੋਨੀ ਸੋਚਣ ਲਈ ਮਜਬੂਰ ਹੋਇਆ ਕਿ ਉਸ ਦੀ ਜ਼ਿੰਦਗੀ ਉਸ ਨੂੰ ਕਿਸ ਪਾਸੇ ਲਿਜਾ ਰਹੀ ਸੀ।
ਹਾਲਾਂਕਿ ਟੋਨੀ ਚਰਚ ਜਾਂਦਾ ਹੁੰਦਾ ਸੀ, ਪਰ ਉਹ ਪਰਮੇਸ਼ੁਰ ਤੋਂ ਬਹੁਤ ਦੂਰ ਮਹਿਸੂਸ ਕਰਦਾ ਸੀ ਕਿਉਂਕਿ ਉਸ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਸੀ ਕਿ ਪਰਮੇਸ਼ੁਰ ਪਾਪੀਆਂ ਨੂੰ ਨਰਕ ਵਿਚ ਅੱਗ ਨਾਲ ਸਾੜ ਕੇ ਸਜ਼ਾ ਦਿੰਦਾ ਹੈ। ਜਦੋਂ ਉਹ ਯਹੋਵਾਹ ਦੇ ਦੋ ਗਵਾਹਾਂ ਨੂੰ ਮਿਲਿਆ, ਤਾਂ ਉਹ ਇਹ ਸਿੱਖ ਕੇ ਬੜਾ ਹੈਰਾਨ ਹੋਇਆ ਕਿ ਪਰਮੇਸ਼ੁਰ ਪਾਪੀਆਂ ਨੂੰ ਅੱਗ ਵਿਚ ਨਹੀਂ ਸਾੜਦਾ। ਟੋਨੀ ਇਹ ਜਾਣ ਕੇ ਵੀ ਬੜਾ ਖ਼ੁਸ਼ ਹੋਇਆ ਕਿ ਉਹ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦਾ ਸੀ ਅਤੇ ਉਸ ਨੂੰ ਪਰਮੇਸ਼ੁਰ ਤੋਂ ਬਰਕਤਾਂ ਮਿਲ ਸਕਦੀਆਂ ਸਨ। ਟੋਨੀ ਉੱਤੇ ਯਿਸੂ ਮਸੀਹ ਦੇ ਇਨ੍ਹਾਂ ਸ਼ਬਦਾਂ ਦਾ ਬੜਾ ਅਸਰ ਪਿਆ: “ਪਰਮੇਸ਼ੁਰ ਕੋਲੋਂ ਸਭ ਕੁਝ ਹੋ ਸੱਕਦਾ ਹੈ।” (ਮਰਕੁਸ 10:27) ਟੋਨੀ ਨੂੰ ਖ਼ਾਸਕਰ ਇਨ੍ਹਾਂ ਸ਼ਬਦਾਂ ਨੇ ਬੜਾ ਪ੍ਰਭਾਵਿਤ ਕੀਤਾ ਸੀ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।”—ਯਾਕੂਬ 4:8.
ਹੁਣ ਟੋਨੀ ਅੱਗੇ ਇਕ ਵੱਡਾ ਕੰਮ ਪਿਆ ਸੀ ਕਿ ਉਹ ਆਪਣੀ ਜ਼ਿੰਦਗੀ ਨੂੰ ਬਾਈਬਲ ਦੇ ਸਿਧਾਂਤਾਂ ਅਨੁਸਾਰ ਚਲਾਵੇ। ਉਹ ਕਹਿੰਦਾ ਹੈ: “ਪਹਿਲੀ ਆਦਤ ਜਿਹੜੀ ਮੈਂ ਛੱਡੀ, ਉਹ ਸੀ ਸਿਗਰਟਨੋਸ਼ੀ। ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਕਦੇ ਇਸ ਆਦਤ ਨੂੰ ਛੱਡ ਸਕਦਾ ਸੀ ਕਿਉਂਕਿ ਪਹਿਲਾਂ ਵੀ ਮੈਂ ਬਹੁਤ ਵਾਰੀ ਕੋਸ਼ਿਸ਼ ਕਰ ਚੁੱਕਾ ਸੀ। ਪਰ ਯਹੋਵਾਹ ਦੀ ਤਾਕਤ ਨਾਲ ਮੈਂ ਹੇਰੋਇਨ ਅਤੇ ਭੰਗ ਖਾਣ ਤੋਂ ਛੁੱਟ ਗਿਆ ਜਿਨ੍ਹਾਂ ਨਸ਼ਿਆਂ ਨੇ ਮੈਨੂੰ 15 ਸਾਲਾਂ ਤੋਂ ਆਪਣੀ ਜਕੜ ਵਿਚ ਲਿਆ ਹੋਇਆ ਸੀ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਇਨ੍ਹਾਂ ਆਦਤਾਂ ਨੂੰ ਛੱਡ ਦੇਵਾਂਗਾ।”
ਹੁਣ ਉਸ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੈ ਕਿ ਪਰਮੇਸ਼ੁਰ ਲੋਕਾਂ ਨੂੰ ਨਰਕ ਵਿਚ ਸਤਾਉਂਦਾ ਹੈ ਕਿਉਂਕਿ ਬਾਈਬਲ ਵਿਚ ਕਿਤੇ ਵੀ ਇਹ ਸਿੱਖਿਆ ਨਹੀਂ ਪਾਈ ਜਾਂਦੀ। ਇਸ ਦੀ ਬਜਾਇ, ਟੋਨੀ ਅਤੇ ਉਸ ਦੀ ਪਤਨੀ ਫਿਰਦੌਸ ਵਰਗੀ ਧਰਤੀ ਉੱਤੇ ਸਦਾ ਜੀਉਂਦੇ ਰਹਿਣ ਦੀ ਉਮੀਦ ਰੱਖਦੇ ਹਨ। (ਜ਼ਬੂਰਾਂ ਦੀ ਪੋਥੀ 37:10, 11; ਕਹਾਉਤਾਂ 2:21) ਟੋਨੀ ਨੇ ਕਿਹਾ ਕਿ “ਮੈਨੂੰ ਆਪਣੀ ਜ਼ਿੰਦਗੀ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਸੁਧਾਰਨ ਵਿਚ ਕਾਫ਼ੀ ਸਮਾਂ ਲੱਗਾ ਹੈ ਤੇ ਬੜੀ ਮਿਹਨਤ ਕਰਨੀ ਪਈ ਹੈ। ਪਰ ਯਹੋਵਾਹ ਦੀ ਮਦਦ ਨਾਲ ਮੈਂ ਕਾਮਯਾਬ ਹੋਇਆ ਹਾਂ।”
ਜੀ ਹਾਂ, ਜੋ ਪਹਿਲਾਂ ਨਸ਼ਿਆਂ ਦਾ ਆਦੀ ਹੁੰਦਾ ਸੀ, ਉਹ ਹੁਣ ਇਕ ਮਸੀਹੀ ਹੈ। ਟੋਨੀ ਅਤੇ ਉਸ ਦੀ ਪਤਨੀ ਨੇ ਆਪਣਾ ਸਮਾਂ ਅਤੇ ਪੈਸਾ ਵਰਤ ਕੇ ਦੂਸਰਿਆਂ ਨੂੰ ਬਾਈਬਲ ਦੀ ਸਿੱਖਿਆ ਦੇਣ ਵਿਚ ਹਜ਼ਾਰਾਂ ਹੀ ਘੰਟੇ ਬਿਤਾਏ ਹਨ। ਉਹ ਆਪਣੇ ਦੋ ਬੱਚਿਆਂ ਦੀ ਵੀ ਪਰਵਰਿਸ਼ ਕਰ ਰਹੇ ਹਨ ਜੋ ਪਰਮੇਸ਼ੁਰ ਦਾ ਡਰ ਰੱਖਦੇ ਹਨ। ਟੋਨੀ ਦੀ ਜ਼ਿੰਦਗੀ ਵਿਚ ਇੰਨੀ ਵੱਡੀ ਤਬਦੀਲੀ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਤਾਕਤ ਨਾਲ ਹੀ ਆਈ ਹੈ। ਪੌਲੁਸ ਰਸੂਲ ਨੇ ਸੱਚ ਹੀ ਕਿਹਾ ਸੀ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ।—ਇਬਰਾਨੀਆਂ 4:12.
ਅਜਿਹੀਆਂ ਚੰਗੀਆਂ ਮਿਸਾਲਾਂ ਦੇ ਬਾਵਜੂਦ, ਕੁਝ ਲੋਕ ਕਹਿੰਦੇ ਹਨ ਕਿ ਯਹੋਵਾਹ ਦੇ ਗਵਾਹਾਂ ਦੀ ਬਾਈਬਲ-ਆਧਾਰਿਤ ਸਿੱਖਿਆ ਪਰਿਵਾਰਾਂ ਨੂੰ ਉਜਾੜਦੀ ਹੈ ਅਤੇ ਨੌਜਵਾਨਾਂ ਨੂੰ ਵਿਗਾੜਦੀ ਹੈ। ਟੋਨੀ ਦੀ ਮਿਸਾਲ ਇਸ ਗੱਲ ਨੂੰ ਝੂਠੀ ਸਾਬਤ ਕਰਦੀ ਹੈ।
ਟੋਨੀ ਵਾਂਗ ਬਹੁਤ ਸਾਰੇ ਲੋਕਾਂ ਨੇ ਸਿੱਖਿਆ ਹੈ ਕਿ ਜਾਨ-ਲੇਵਾ ਆਦਤਾਂ ਨੂੰ ਛੱਡਿਆ ਜਾ ਸਕਦਾ ਹੈ। ਕਿਵੇਂ? ਪਰਮੇਸ਼ੁਰ ਉੱਤੇ ਨਿਹਚਾ ਕਰ ਕੇ ਅਤੇ ਉਸ ਉੱਤੇ ਤੇ ਉਸ ਦੇ ਬਚਨ ਉੱਤੇ ਭਰੋਸਾ ਰੱਖ ਕੇ। ਇਸ ਤੋਂ ਇਲਾਵਾ, ਪਿਆਰ ਅਤੇ ਚਿੰਤਾ ਕਰਨ ਵਾਲੇ ਮਸੀਹੀ ਭੈਣ-ਭਰਾਵਾਂ ਦੀ ਮਦਦ ਨਾਲ ਇਨ੍ਹਾਂ ਆਦਤਾਂ ਨੂੰ ਛੱਡਿਆ ਜਾ ਸਕਦਾ ਹੈ। ਟੋਨੀ ਖ਼ੁਸ਼ੀ ਨਾਲ ਕਹਿੰਦਾ ਹੈ: “ਮੈਂ ਦੇਖਿਆ ਹੈ ਕਿ ਬਾਈਬਲ ਦੇ ਸਿਧਾਂਤਾਂ ਨੇ ਮੇਰੇ ਬੱਚਿਆਂ ਦੀ ਰਾਖੀ ਕੀਤੀ ਹੈ। ਬਾਈਬਲ ਦੀਆਂ ਸਿੱਖਿਆਵਾਂ ਨੇ ਮੇਰੇ ਵਿਆਹੁਤਾ-ਬੰਧਨ ਨੂੰ ਟੁੱਟਣੋਂ ਬਚਾਇਆ ਹੈ। ਮੇਰੇ ਗੁਆਂਢੀ ਵੀ ਮਿੱਠੀ ਨੀਂਦ ਸੌਂਦੇ ਹਨ ਕਿਉਂਕਿ ਹੁਣ ਉਨ੍ਹਾਂ ਨੂੰ ਮੇਰੇ ਕੋਲੋਂ ਕੋਈ ਖ਼ਤਰਾ ਨਹੀਂ ਹੈ।”
[ਸਫ਼ੇ 9 ਉੱਤੇ ਸੁਰਖੀ]
‘ਯਹੋਵਾਹ ਦੀ ਤਾਕਤ ਨਾਲ ਮੈਂ ਡ੍ਰੱਗਜ਼ ਖਾਣ ਤੋਂ ਛੁੱਟ ਗਿਆ ਜਿਨ੍ਹਾਂ ਨੇ ਮੈਨੂੰ 15 ਸਾਲਾਂ ਤੋਂ ਆਪਣੀ ਜਕੜ ਵਿਚ ਲਿਆ ਹੋਇਆ ਸੀ’
[ਸਫ਼ੇ 9 ਉੱਤੇ ਡੱਬੀ]
ਬਾਈਬਲ ਦੇ ਫ਼ਾਇਦੇਮੰਦ ਸਿਧਾਂਤ
ਬਾਈਬਲ ਦੇ ਵੱਖੋ-ਵੱਖਰੇ ਸਿਧਾਂਤਾਂ ਨੇ ਬਹੁਤ ਸਾਰੇ ਲੋਕਾਂ ਦੀ ਡ੍ਰੱਗਜ਼ ਲੈਣ ਦੀ ਆਦਤ ਨੂੰ ਛੱਡਣ ਵਿਚ ਮਦਦ ਕੀਤੀ ਹੈ। ਹੇਠਾਂ ਕੁਝ ਸਿਧਾਂਤ ਦਿੱਤੇ ਗਏ ਹਨ:
“ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।” (2 ਕੁਰਿੰਥੀਆਂ 7:1) ਡ੍ਰੱਗਜ਼ ਲੈਣੇ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੈ।
“ਯਹੋਵਾਹ ਦਾ ਭੈ ਬੁੱਧ ਦਾ ਮੁੱਢ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।” (ਕਹਾਉਤਾਂ 9:10) ਯਹੋਵਾਹ ਅਤੇ ਉਸ ਦੇ ਰਾਹਾਂ ਬਾਰੇ ਸਹੀ ਗਿਆਨ ਲੈ ਕੇ ਬਹੁਤ ਸਾਰੇ ਲੋਕਾਂ ਨੇ ਉਸ ਤੋਂ ਡਰਨਾ ਸਿੱਖਿਆ ਹੈ। ਇਸ ਕਰਕੇ ਉਹ ਆਪਣੀ ਨਸ਼ਿਆਂ ਦੀ ਆਦਤ ਨੂੰ ਛੱਡ ਸਕੇ ਹਨ।
“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਪਰਮੇਸ਼ੁਰ ਉੱਤੇ ਦਿਲੋਂ ਪੂਰਾ ਭਰੋਸਾ ਰੱਖ ਕੇ ਬੁਰੀਆਂ ਆਦਤਾਂ ਨੂੰ ਛੱਡਿਆ ਜਾ ਸਕਦਾ ਹੈ।