Skip to content

Skip to table of contents

‘ਪਰਮੇਸ਼ੁਰ ਭਲੇ ਮਾਨਸ ਤੋਂ ਪਰਸੰਨ ਹੁੰਦਾ ਹੈ’

‘ਪਰਮੇਸ਼ੁਰ ਭਲੇ ਮਾਨਸ ਤੋਂ ਪਰਸੰਨ ਹੁੰਦਾ ਹੈ’

‘ਪਰਮੇਸ਼ੁਰ ਭਲੇ ਮਾਨਸ ਤੋਂ ਪਰਸੰਨ ਹੁੰਦਾ ਹੈ’

ਯਹੋਵਾਹ ਪਰਮੇਸ਼ੁਰ ਹੀ ਜੀਵਨਦਾਤਾ ਹੈ। (ਜ਼ਬੂਰਾਂ ਦੀ ਪੋਥੀ 36:9) ਅਸਲ ਵਿਚ “ਓਸੇ ਵਿੱਚ ਅਸੀਂ ਜੀਉਂਦੇ ਅਰ ਤੁਰਦੇ ਫਿਰਦੇ ਅਤੇ ਮਜੂਦ ਹਾਂ।” (ਰਸੂਲਾਂ ਦੇ ਕਰਤੱਬ 17:28) ਕੀ ਅਸੀਂ ਯਹੋਵਾਹ ਦਾ ਦਿਲੋਂ ਸ਼ੁਕਰ ਨਹੀਂ ਕਰਦੇ ਜਦੋਂ ਅਸੀਂ ਉਸ ਦੀ ਉਸ ਬਖ਼ਸ਼ੀਸ਼ ਬਾਰੇ ਸੋਚਦੇ ਹਾਂ ਜੋ ਉਹ ਆਪਣੇ ਪਿਆਰ ਕਰਨ ਵਾਲਿਆਂ ਨੂੰ ਦਿੰਦਾ ਹੈ? ਕਿਹੜੀ ਬਖ਼ਸ਼ੀਸ਼? ਬਾਈਬਲ ਦੱਸਦੀ ਹੈ ਕਿ ‘ਪਰਮੇਸ਼ੁਰ ਦੀ ਬਖ਼ਸ਼ੀਸ਼ ਸਦੀਪਕ ਜੀਵਨ ਹੈ।’ (ਰੋਮੀਆਂ 6:23) ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨੂੰ ਪ੍ਰਸੰਨ ਕਰਨ ਦੀ ਪੂਰੀ ਕੋਸ਼ਿਸ਼ ਕਰੀਏ!

ਅੱਜ-ਕੱਲ੍ਹ ਲੋਕ ਅਕਸਰ ਕਿਸੇ ਦੀ ਪੜ੍ਹਾਈ-ਲਿਖਾਈ, ਧੰਨ-ਦੌਲਤ, ਰੰਗ-ਰੂਪ ਜਾਂ ਜਾਤ-ਪਾਤ ਦੇਖ ਕੇ ਉਨ੍ਹਾਂ ਨੂੰ ਪਸੰਦ ਕਰਦੇ ਹਨ। ਪਰ ਪਰਮੇਸ਼ੁਰ ਕਿਨ੍ਹਾਂ ਨੂੰ ਪਸੰਦ ਕਰਦਾ ਹੈ? ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਕਿਹਾ ਕਿ “ਭਲੇ ਮਾਨਸ ਤੋਂ ਯਹੋਵਾਹ ਪਰਸੰਨ ਹੁੰਦਾ ਹੈ, ਪਰ ਬੁਰੀਆਂ ਜੁਗਤਾਂ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ।”ਕਹਾਉਤਾਂ 12:2.

ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਭਲੇਮਾਣਸ ਜਾਂ ਨੇਕ ਲੋਕਾਂ ਤੋਂ ਪ੍ਰਸੰਨ ਹੁੰਦਾ ਹੈ। ਅਜਿਹੇ ਇਨਸਾਨ ਵਿਚ ਸੰਜਮ, ਨਿਰਪੱਖਤਾ, ਨਿਮਰਤਾ, ਦਇਆ ਅਤੇ ਸਮਝਦਾਰੀ ਵਰਗੇ ਸਦਗੁਣ ਦੇਖੇ ਜਾਂਦੇ ਹਨ। ਉਸ ਦੇ ਖ਼ਿਆਲ ਧਰਮੀ ਹੁੰਦੇ ਹਨ ਤੇ ਉਹ ਆਪਣੀ ਬੋਲ-ਬਾਣੀ ਨਾਲ ਦੂਜਿਆਂ ਨੂੰ ਹੌਸਲਾ ਦਿੰਦਾ ਹੈ। ਉਹ ਈਮਾਨਦਾਰੀ ਨਾਲ ਦੂਜਿਆਂ ਦੇ ਫ਼ਾਇਦੇ ਲਈ ਕੰਮ ਕਰਦਾ ਹੈ। ਬਾਈਬਲ ਵਿਚ ਕਹਾਉਤਾਂ ਦੀ ਪੋਥੀ ਦੇ 12ਵੇਂ ਅਧਿਆਇ ਦਾ ਪਹਿਲਾ ਹਿੱਸਾ ਸਾਨੂੰ ਦਿਖਾਉਂਦਾ ਹੈ ਕਿ ਸਾਨੂੰ ਹਰ ਰੋਜ਼ ਭਲਾਈ ਕਿਵੇਂ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਕਰਨ ਦੇ ਕੀ ਲਾਭ ਹੋਣਗੇ। ਉੱਥੇ ਦੱਸੀਆਂ ਗੱਲਾਂ ਸਾਨੂੰ ‘ਭਲਾ ਕਰਨ ਲਈ ਬੁੱਧਵਾਨ’ ਬਣਾਉਣਗੀਆਂ। (ਜ਼ਬੂਰਾਂ ਦੀ ਪੋਥੀ 36:3) ਇਸ ਅਧਿਆਇ ਦੀ ਚੰਗੀ ਸਲਾਹ ਲਾਗੂ ਕਰਨ ਨਾਲ ਅਸੀਂ ਪਰਮੇਸ਼ੁਰ ਨੂੰ ਪ੍ਰਸੰਨ ਕਰਾਂਗੇ।

ਸੁਧਾਰ ਕਰਨਾ ਬਹੁਤ ਜ਼ਰੂਰੀ ਹੈ

ਸੁਲੇਮਾਨ ਨੇ ਕਿਹਾ ਕਿ “ਜੋ ਸੁਧਾਰ ਨਾਲ ਪ੍ਰੀਤ ਰੱਖਦਾ ਹੈ, ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ, ਪਰ ਜੋ ਤਾੜ ਨੂੰ ਬੁਰਾ ਜਾਣਦਾ ਹੈ ਉਹ ਪਸੂ ਵਰਗਾ ਹੈ।” (ਕਹਾਉਤਾਂ 12:1) ਇਕ ਭਲਾ ਮਾਣਸ ਆਪਣੇ ਆਪ ਨੂੰ ਹਮੇਸ਼ਾ ਸੁਧਾਰਨਾ ਚਾਹੁੰਦਾ ਹੈ। ਉਹ ਜਲਦੀ ਹੀ ਉਸ ਸਲਾਹ ਨੂੰ ਲਾਗੂ ਕਰਦਾ ਹੈ ਜੋ ਉਸ ਨੇ ਮਸੀਹੀ ਸਭਾਵਾਂ ਤੇ ਸੁਣੀ ਹੋਵੇ ਜਾਂ ਜੋ ਉਸ ਨੂੰ ਦੂਸਰਿਆਂ ਨਾਲ ਕੀਤੀਆਂ ਗੱਲਾਂ-ਬਾਤਾਂ ਤੋਂ ਮਿਲੀ ਹੋਵੇ। ਬਾਈਬਲ ਅਤੇ ਉਸ ਨੂੰ ਸਮਝਾਉਣ ਵਾਲੇ ਪ੍ਰਕਾਸ਼ਨਾਂ ਵਿਚ ਪਾਈ ਜਾਂਦੀ ਸਲਾਹ ਉਸ ਦੇ ਲਈ ਇਕ ਪ੍ਰੈਣ ਵਰਗੀ ਹੁੰਦੀ ਹੈ ਜੋ ਇਕ ਪਸ਼ੂ ਨੂੰ ਸਿੱਧੇ ਰਾਹ ਉੱਤੇ ਚੱਲਣ ਲਈ ਵਰਤੀ ਜਾਂਦੀ ਹੈ। ਅਜਿਹਾ ਇਨਸਾਨ ਗਿਆਨ ਭਾਲ ਕੇ ਉਸ ਨੂੰ ਆਪਣੇ ਮਾਰਗ ਸੁਧਾਰਨ ਲਈ ਵਰਤਦਾ ਹੈ। ਅਸਲ ਵਿਚ ਸੁਧਾਰ ਨਾਲ ਪ੍ਰੀਤ ਰੱਖਣ ਵਾਲਾ ਇਨਸਾਨ ਗਿਆਨ ਨਾਲ ਵੀ ਪ੍ਰੀਤ ਰੱਖਦਾ ਹੈ।

ਸੱਚੇ ਭਗਤਾਂ ਲਈ ਸੁਧਾਰ ਕਰਨਾ, ਖ਼ਾਸ ਕਰਕੇ ਆਪਣੇ ਆਪ ਨੂੰ ਸੁਧਾਰਨਾ ਕਿੰਨਾ ਜ਼ਰੂਰੀ ਹੈ! ਅਸੀਂ ਸ਼ਾਇਦ ਚਾਹੀਏ ਕਿ ਅਸੀਂ ਬਾਈਬਲ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਅਸੀਂ ਸ਼ਾਇਦ ਇਹ ਵੀ ਚਾਹੀਏ ਕਿ ਅਸੀਂ ਦੂਜਿਆਂ ਨਾਲ ਬਾਈਬਲ ਸਟੱਡੀ ਕਰ ਸਕੀਏ ਤੇ ਪ੍ਰਚਾਰ ਦੇ ਕੰਮ ਵਿਚ ਹੋਰ ਵੀ ਵਧੀਆ ਤਰੀਕੇ ਨਾਲ ਸਿੱਖਿਆ ਦੇ ਸਕੀਏ। (ਮੱਤੀ 24:14; 28:19, 20) ਪਰ ਅਜਿਹੀਆਂ ਇੱਛਾਵਾਂ ਆਪਣੇ ਆਪ ਪੂਰੀਆਂ ਨਹੀਂ ਹੋ ਜਾਂਦੀਆਂ, ਸਾਨੂੰ ਜਤਨ ਕਰਨ ਦੀ ਲੋੜ ਹੈ। ਜ਼ਿੰਦਗੀ ਦੀਆਂ ਹੋਰ ਗੱਲਾਂ ਵਿਚ ਵੀ ਸਾਨੂੰ ਜਤਨ ਕਰਨ ਦੀ ਲੋੜ ਹੈ। ਮਿਸਾਲ ਲਈ, ਅੱਜ-ਕੱਲ੍ਹ ਸਾਡੇ ਮਨਾਂ ਵਿਚ ਗੰਦੇ ਖ਼ਿਆਲ ਪੈਦਾ ਕਰਨ ਲਈ ਸੰਸਾਰ ਬਹੁਤ ਕੁਝ ਪੇਸ਼ ਕਰਦਾ ਹੈ। ਕੀ ਸਾਨੂੰ ਜਤਨ ਕਰ ਕੇ ਆਪਣੇ ਮਨ ਉੱਤੇ ਕਾਬੂ ਰੱਖਣ ਦੀ ਲੋੜ ਨਹੀਂ ਹੈ ਤਾਂਕਿ ਅਸੀਂ ਗੰਦੀਆਂ ਚੀਜ਼ਾਂ ਉੱਤੇ ਧਿਆਨ ਨਾ ਲਗਾਈਏ? ਬਾਈਬਲ ਦੱਸਦੀ ਹੈ ਕਿ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ,” ਇਸ ਲਈ ਗੰਦੇ ਖ਼ਿਆਲ ਸਾਡੇ ਆਪਣੇ ਮਨ ਤੋਂ ਹੀ ਪੈਦਾ ਹੋ ਸਕਦੇ ਹਨ। (ਉਤਪਤ 8:21) ਅਜਿਹੇ ਖ਼ਿਆਲਾਂ ਨੂੰ ਰੋਕਣ ਲਈ ਸਾਨੂੰ ਜਤਨ ਕਰ ਕੇ ਆਪਣੇ ਮਨ ਉੱਤੇ ਕਾਬੂ ਰੱਖਣ ਦੀ ਲੋੜ ਹੈ।

ਪਰ ਜੋ ਇਨਸਾਨ ਤਾੜਨਾ ਨਹੀਂ ਪਸੰਦ ਕਰਦਾ, ਉਸ ਨੂੰ ਨਾ ਸੁਧਾਰ ਨਾਲ ਤੇ ਨਾ ਗਿਆਨ ਨਾਲ ਕੋਈ ਪ੍ਰੀਤ ਹੁੰਦੀ ਹੈ। ਅਜਿਹਾ ਇਨਸਾਨ ਤਾੜੇ ਜਾਣ ਤੋਂ ਖਿੱਝਦਾ ਹੈ ਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਪਸ਼ੂਆਂ ਜਿਹਾ ਬਣਾ ਲੈਂਦਾ ਹੈ ਜਿਨ੍ਹਾਂ ਨੂੰ ਬੁਰੇ-ਭਲੇ ਵਿਚ ਕੋਈ ਫ਼ਰਕ ਨਹੀਂ ਦਿੱਸਦਾ। ਸਾਨੂੰ ਇਹ ਰਵੱਈਆ ਅਪਣਾਉਣ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

‘ਜੜ੍ਹ ਜੋ ਕਦੀ ਪੁੱਟੀ ਨਾ ਜਾਵੇਗੀ’

ਇਕ ਭਲਾ ਮਾਣਸ ਨਾ ਕੁਧਰਮੀ ਤੇ ਨਾ ਹੀ ਬੇਈਮਾਨ ਹੋ ਸਕਦਾ ਹੈ। ਯਹੋਵਾਹ ਨੂੰ ਪ੍ਰਸੰਨ ਕਰਨ ਲਈ ਧਰਮੀ ਹੋਣਾ ਵੀ ਜ਼ਰੂਰੀ ਹੈ। ਰਾਜਾ ਦਾਊਦ ਨੇ ਗੀਤ ਵਿਚ ਕਿਹਾ ਸੀ: “ਹੇ ਯਹੋਵਾਹ, ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ, ਢਾਲ ਰੂਪੀ ਕਿਰਪਾ ਦੇ ਨਾਲ ਤੂੰ ਉਹ ਨੂੰ ਘੇਰੀਂ ਰੱਖੇਂਗਾ।” (ਜ਼ਬੂਰਾਂ ਦੀ ਪੋਥੀ 5:12) ਧਰਮੀ ਤੇ ਖੋਟੇ ਮਨੁੱਖ ਵਿਚ ਫ਼ਰਕ ਦਿਖਾਉਂਦਿਆਂ, ਸੁਲੇਮਾਨ ਨੇ ਕਿਹਾ: “ਖੋਟ ਨਾਲ ਕੋਈ ਮਨੁੱਖ ਸਥਿਰ ਨਹੀਂ ਹੁੰਦਾ, ਪਰ ਧਰਮੀਆਂ ਦੀ ਜੜ੍ਹ ਕਦੀ ਪੁੱਟੀ ਨਾ ਜਾਵੇਗੀ।”ਕਹਾਉਤਾਂ 12:3.

ਸਾਨੂੰ ਸ਼ਾਇਦ ਇਵੇਂ ਲੱਗੇ ਕਿ ਦੁਸ਼ਟ ਇਨਸਾਨ ਬੜੇ ਸੁਖੀ ਹੁੰਦੇ ਹਨ। ਜ਼ਬੂਰਾਂ ਦੇ ਲਿਖਾਰੀ ਆਸਾਫ਼ ਦੇ ਤਜਰਬੇ ਉੱਤੇ ਗੌਰ ਕਰੋ। ਉਸ ਨੇ ਕਿਹਾ: “ਮੇਰੇ ਪੈਰ ਫਿਸਲਣ, ਅਤੇ ਮੇਰੇ ਕਦਮ ਤਿਲਕਣ ਲੱਗੇ ਸਨ।” ਇਸ ਤਰ੍ਹਾਂ ਕਿਉਂ ਸੀ? ਆਸਾਫ਼ ਨੇ ਜਵਾਬ ਦਿੱਤਾ: “ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ।” (ਜ਼ਬੂਰਾਂ ਦੀ ਪੋਥੀ 73:2, 3) ਪਰ ਜਦੋਂ ਉਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿਚ ਆਇਆ, ਤਾਂ ਉਸ ਨੂੰ ਪਤਾ ਚੱਲਿਆ ਕਿ ਯਹੋਵਾਹ ਨੇ ਹੀ ਉਨ੍ਹਾਂ ਨੂੰ ਤਿਲਕਣ ਵਾਲੀ ਜਗ੍ਹਾ ਤੇ ਰੱਖਿਆ ਸੀ। (ਜ਼ਬੂਰਾਂ ਦੀ ਪੋਥੀ 73:17, 18) ਦੁਸ਼ਟ ਲੋਕਾਂ ਦਾ ਜਾਪਦਾ ਸੁਖ ਥੋੜ੍ਹੇ ਸਮੇਂ ਦਾ ਹੁੰਦਾ ਹੈ। ਤਾਂ ਫਿਰ, ਅਸੀਂ ਉਨ੍ਹਾਂ ਤੋਂ ਖੁਣਸ ਕਿਉਂ ਕਰੀਏ?

ਇਸ ਦੇ ਉਲਟ, ਜਿਸ ਇਨਸਾਨ ਤੋਂ ਯਹੋਵਾਹ ਪ੍ਰਸੰਨ ਹੁੰਦਾ ਹੈ ਉਹ ਸਥਿਰ ਰਹਿੰਦਾ ਹੈ। ਸੁਲੇਮਾਨ ਨੇ ਸਾਨੂੰ ਇਕ ਮਿਸਾਲ ਦੇ ਕੇ ਦਿਖਾਇਆ ਕਿ ਇਕ ਮਜ਼ਬੂਤ ਦਰਖ਼ਤ ਦੀਆਂ ਜੜ੍ਹਾਂ ਵਾਂਗ ‘ਧਰਮੀ ਦੀਆਂ ਜੜ੍ਹਾਂ ਕਦੀ ਪੁੱਟੀਆਂ ਨਹੀਂ ਜਾ ਸਕਦੀਆਂ।’ (ਕਹਾਉਤਾਂ 12:3) ਬੋਹੜ ਦੇ ਵੱਡੇ-ਵੱਡੇ ਦਰਖ਼ਤਾਂ ਦੀਆਂ ਜੜ੍ਹਾਂ ਜ਼ਮੀਨ ਦੇ ਹੇਠਾਂ ਦੂਰ-ਦੂਰ ਫੈਲੀਆਂ ਹੁੰਦੀਆਂ ਹਨ। ਹੜ੍ਹਾਂ ਤੇ ਤੂਫ਼ਾਨਾਂ ਦੌਰਾਨ ਪਤਾ ਚੱਲਦਾ ਹੈ ਕਿ ਇਹ ਕਿੰਨੀਆਂ ਮਜ਼ਬੂਤ ਹਨ। ਇਕ ਲੰਮੇ-ਚੌੜੇ ਦਰਖ਼ਤ ਉੱਤੇ ਇਕ ਜ਼ਬਰਦਸਤ ਭੁਚਾਲ ਦਾ ਵੀ ਕੋਈ ਅਸਰ ਨਹੀਂ ਪੈਂਦਾ।

ਜਿਸ ਤਰ੍ਹਾਂ ਇਕ ਦਰਖ਼ਤ ਦੀਆਂ ਜੜ੍ਹਾਂ ਨੂੰ ਮਿੱਟੀ ਤੇ ਪਾਣੀ ਤੋਂ ਤਾਕਤ ਮਿਲਦੀ ਹੈ, ਉਸੇ ਤਰ੍ਹਾਂ ਸਾਨੂੰ ਬਾਈਬਲ ਦੀ ਖੋਜ ਕਰ ਕੇ ਆਪਣੇ ਦਿਲਾਂ ਤੇ ਦਿਮਾਗ਼ਾਂ ਨੂੰ ਉਸ ਦਾ ਜੀਵਨ-ਦਾਇਕ ਪਾਣੀ ਪੀਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਸਾਡੀ ਨਿਹਚਾ ਪੱਕੀ ਹੁੰਦੀ ਹੈ ਤੇ ਸਾਡੀ ਆਸ਼ਾ ਸਥਿਰ। (ਇਬਰਾਨੀਆਂ 6:19) ਅਸੀਂ “[ਝੂਠੀ] ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ” ਨਹੀਂ ਫਿਰਾਂਗੇ। (ਅਫ਼ਸੀਆਂ 4:14) ਸਾਡੀ ਜ਼ਿੰਦਗੀ ਵਿਚ ਅਸੀਂ ਸ਼ਾਇਦ ਸਖ਼ਤ ਅਜ਼ਮਾਇਸ਼ਾਂ ਦੇ ਤੂਫ਼ਾਨਾਂ ਰਾਹੀਂ ਲੰਘੀਏ ਤੇ ਬਿਪਤਾ ਦੇ ਸਮੇਂ ਸਾਨੂੰ ਸ਼ਾਇਦ ਡਰ ਦਾ ਕਾਂਬਾ ਵੀ ਛਿੜੇ, ਪਰ ਸਾਡੀ “ਜੜ੍ਹ ਕਦੀ ਪੁੱਟੀ ਨਾ ਜਾਵੇਗੀ।”

“ਪਤਵੰਤੀ ਤੀਵੀਂ ਆਪਣੇ ਪਤੀ ਦਾ ਮੁਕਟ ਹੈ”

ਸੁਲੇਮਾਨ ਨੇ ਉਸ ਪਤਨੀ ਦੀ ਅਹਿਮੀਅਤ ਬਾਰੇ ਦੱਸਿਆ ਸੀ ਜੋ ਆਪਣੇ ਪਤੀ ਦਾ ਹਮੇਸ਼ਾ ਸਾਥ ਦਿੰਦੀ ਹੈ। ਉਸ ਨੇ ਕਿਹਾ: “ਪਤਵੰਤੀ ਤੀਵੀਂ ਆਪਣੇ ਪਤੀ ਦਾ ਮੁਕਟ ਹੈ, ਪਰ ਖੱਜਲ ਕਰਨ ਵਾਲੀ ਉਹ ਦੀਆਂ ਹੱਡੀਆਂ ਦਾ ਸਾੜਾ ਹੈ।” (ਕਹਾਉਤਾਂ 12:4) “ਪਤਵੰਤੀ” ਹੋਣ ਦਾ ਮਤਲਬ ਹੈ ਕਿ ਉਹ ਕਈਆਂ ਤਰੀਕਿਆਂ ਨਾਲ ਭਲਾਈ ਕਰਦੀ ਹੈ। ਕਹਾਉਤਾਂ ਦੇ 31ਵੇਂ ਅਧਿਆਇ ਵਿਚ ਪਤਵੰਤੀ ਪਤਨੀ ਨੂੰ ਮਿਹਨਤੀ, ਵਫ਼ਾਦਾਰ ਅਤੇ ਬੁੱਧੀਮਾਨ ਵੀ ਸੱਦਿਆ ਗਿਆ ਹੈ। ਅਜਿਹੀ ਪਤਨੀ ਆਪਣੇ ਪਤੀ ਦਾ ਮੁਕਟ ਹੁੰਦੀ ਹੈ ਕਿਉਂਕਿ ਉਸ ਦੇ ਚੰਗੇ ਚਾਲ-ਚੱਲਣ ਕਾਰਨ ਉਸ ਦੇ ਪਤੀ ਦਾ ਸਤਿਕਾਰ ਹੁੰਦਾ ਹੈ ਤੇ ਲੋਕ ਉਸ ਦੀ ਬੱਲੇ-ਬੱਲੇ ਕਰਦੇ ਹਨ। ਅਜਿਹੀ ਪਤਨੀ ਆਪਣੇ ਪਤੀ ਨਾਲ ਮੁਕਾਬਲਾ ਨਹੀਂ ਕਰੇਗੀ ਕਿ ਲੋਕ ਉਸ ਦਾ ਜ਼ਿਆਦਾ ਮਾਣ ਕਰਨ ਤੇ ਨਾ ਹੀ ਉਹ ਆਪਣੇ ਪਤੀ ਨਾਲੋਂ ਜ਼ਿਆਦਾ ਹੁਸ਼ਿਆਰ ਨਜ਼ਰ ਆਉਣ ਦੀ ਕੋਸ਼ਿਸ਼ ਕਰੇਗੀ। ਸਗੋਂ ਉਹ ਆਪਣੇ ਪਤੀ ਦੇ ਹਰ ਕੰਮ ਵਿਚ ਉਸ ਦੀ ਸਹਾਇਕ ਹੋਵੇਗੀ।

ਇਕ ਔਰਤ ਬੇਹਯਾ ਕਿਸ ਤਰ੍ਹਾਂ ਬਣ ਸਕਦੀ ਹੈ ਤੇ ਇਸ ਦਾ ਕੀ ਨਤੀਜਾ ਨਿਕਲ ਸਕਦਾ ਹੈ? ਉਹ ਝਗੜਾਲੂ ਜਾਂ ਵਿਭਚਾਰ ਬਣ ਸਕਦੀ ਹੈ। (ਕਹਾਉਤਾਂ 7:10-23; 19:13) ਇਸ ਤਰ੍ਹਾਂ ਉਹ ਆਪਣੇ ਪਤੀ ਦੀ ਇੱਜ਼ਤ ਮਿੱਟੀ ਵਿਚ ਮਿਲਾ ਸਕਦੀ ਹੈ। ਅਜਿਹੀ ਪਤਨੀ ਆਪਣੇ ਪਤੀ “ਦੀਆਂ ਹੱਡੀਆਂ ਦਾ ਸਾੜਾ” ਕਿਸ ਭਾਵ ਵਿਚ ਬਣਦੀ ਹੈ? ਇਕ ਪੁਸਤਕ ਦੇ ਅਨੁਸਾਰ ‘ਉਹ ਉਸ ਨੂੰ ਇਕ ਬੀਮਾਰੀ ਦੀ ਤਰ੍ਹਾਂ ਬਰਬਾਦ ਕਰ ਦਿੰਦੀ ਹੈ।’ ਇਕ ਹੋਰ ਪੁਸਤਕ ਕਹਿੰਦੀ ਹੈ ਕਿ “ਅਸੀਂ ਅੱਜ-ਕੱਲ੍ਹ ਇਸ ਤਰ੍ਹਾਂ ਦੇ ਰੋਗ ਨੂੰ ‘ਕੈਂਸਰ’ ਕਹਿੰਦੇ ਹਾਂ, ਅਜਿਹਾ ਰੋਗ ਜੋ ਕਿਸੇ ਬੰਦੇ ਨੂੰ ਹੌਲੀ-ਹੌਲੀ ਕਮਜ਼ੋਰ ਕਰ ਦਿੰਦਾ ਹੈ।” ਮਸੀਹੀ ਪਤਨੀਆਂ ਪਤਵੰਤੀ ਤੀਵੀਆਂ ਬਣ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।

ਖ਼ਿਆਲ ਉੱਠਣ ਬਿਨਾਂ ਕੋਈ ਕੰਮ ਨਹੀਂ, ਕੰਮ ਕੀਤੇ ਬਿਨਾਂ ਕੋਈ ਫਲ ਨਹੀਂ

ਪਹਿਲਾਂ ਸਾਡੇ ਚਿੱਤ ਵਿਚ ਖ਼ਿਆਲ ਉੱਠਦੇ ਹਨ ਤੇ ਫਿਰ ਅਸੀਂ ਉਨ੍ਹਾਂ ਅਨੁਸਾਰ ਕੁਝ ਕਰਦੇ ਹਾਂ ਤੇ ਉਨ੍ਹਾਂ ਦੇ ਫਲ ਭੁਗਤਦੇ ਹਾਂ। ਇਸ ਦੇ ਸੰਬੰਧ ਵਿਚ ਸੁਲੇਮਾਨ ਨੇ ਧਰਮੀਆਂ ਤੇ ਦੁਸ਼ਟਾਂ ਦੀ ਤੁਲਨਾ ਕਰਦਿਆਂ ਕਿਹਾ: “ਧਰਮੀਆਂ ਦੀਆਂ ਚਿਤਮਣੀਆਂ ਤਾਂ ਨਿਆਉਂ ਵਾਲੀਆਂ ਹੁੰਦੀਆਂ ਹਨ, ਪਰ ਦੁਸ਼ਟਾਂ ਦੇ ਮਤੇ ਛਲ ਹੁੰਦੇ ਹਨ। ਦੁਸ਼ਟਾਂ ਦੀਆਂ ਗੱਲਾਂ ਖ਼ੂਨ ਦੇ ਘਾਤ ਦੀਆਂ ਹਨ, ਪਰ ਸਚਿਆਰਾਂ ਦੇ ਮੂੰਹ ਓਹਨਾਂ ਨੂੰ ਛੁਡਾ ਲੈਂਦੇ ਹਨ।”ਕਹਾਉਤਾਂ 12:5, 6.

ਧਰਮੀ ਲੋਕਾਂ ਦੇ ਖ਼ਿਆਲ ਹੇਰਾ-ਫੇਰੀ ਕਰਨ ਬਾਰੇ ਹੋਣ ਦੀ ਬਜਾਇ ਨੇਕ ਹੁੰਦੇ ਹਨ। ਅਜਿਹੇ ਲੋਕ ਪਰਮੇਸ਼ੁਰ ਤੇ ਲੋਕਾਂ ਨਾਲ ਪਿਆਰ ਕਰਦੇ ਹਨ ਤੇ ਉਨ੍ਹਾਂ ਦੀ ਨੀਅਤ ਚੰਗੀ ਹੁੰਦੀ ਹੈ। ਪਰ ਦੁਸ਼ਟ ਲੋਕ ਸੁਆਰਥੀ ਹੁੰਦੇ ਹਨ। ਇਸ ਕਰਕੇ ਉਹ ਆਪਣਾ ਮਤਲਬ ਕੱਢਣ ਲਈ ਦੂਸਰਿਆਂ ਨੂੰ ਆਪਣੇ ਧੋਖੇਬਾਜ਼ ਚੱਕਰ ਵਿਚ ਫਸਾਉਣਾ ਚਾਹੁੰਦੇ ਹਨ। ਉਹ ਬੇਈਮਾਨ ਹੁੰਦੇ ਹਨ। ਉਹ ਨਿਰਦੋਸ਼ ਲੋਕਾਂ ਨੂੰ ਆਪਣੇ ਸ਼ਿਕਾਰ ਬਣਾਉਂਦੇ ਹਨ ਤੇ ਉਨ੍ਹਾਂ ਉੱਤੇ ਝੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਕਚਹਿਰੀਆਂ ਵਿਚ ਵੀ ਫਸਾਉਂਦੇ ਹਨ। ਉਨ੍ਹਾਂ ਦੀਆਂ “ਗੱਲਾਂ ਖ਼ੂਨ ਦੇ ਘਾਤ ਦੀਆਂ ਹਨ” ਕਿਉਂਕਿ ਉਹ ਨਿਰਦੋਸ਼ਾਂ ਦਾ ਨੁਕਸਾਨ ਚਾਹੁੰਦੇ ਹਨ। ਈਮਾਨਦਾਰ ਲੋਕ ਦੁਸ਼ਟ ਲੋਕਾਂ ਦੀਆਂ ਚਲਾਕੀਆਂ ਜਾਣਦੇ ਹਨ ਤੇ ਉਹ ਸਮਝਦਾਰੀ ਨਾਲ ਇਸ ਤਰ੍ਹਾਂ ਦੇ ਖ਼ਤਰਿਆਂ ਤੋਂ ਬਚ ਕੇ ਰਹਿੰਦੇ ਹਨ। ਉਹ ਸ਼ਾਇਦ ਭੋਲਿਆਂ ਨੂੰ ਸਾਵਧਾਨ ਕਰ ਕੇ ਉਨ੍ਹਾਂ ਨੂੰ ਵੀ ਦੁਸ਼ਟਾਂ ਦੀਆਂ ਧੋਖੇਬਾਜ਼ੀਆਂ ਤੋਂ ਬਚਾ ਸਕਣ।

ਫਿਰ ਦੁਸ਼ਟਾਂ ਤੇ ਧਰਮੀਆਂ ਨਾਲ ਕੀ ਹੋਵੇਗਾ? ਸੁਲੇਮਾਨ ਨੇ ਕਿਹਾ ਕਿ “ਦੁਸ਼ਟ ਉਲਟਾਏ ਜਾਂਦੇ ਅਤੇ ਓਹ ਹੁੰਦੇ ਹੀ ਨਹੀਂ, ਪਰ ਧਰਮੀਆਂ ਦਾ ਘਰ ਖੜਾ ਰਹੇਗਾ।” (ਕਹਾਉਤਾਂ 12:7) ਇਕ ਪੁਸਤਕ ਕਹਿੰਦੀ ਹੈ ਕਿ ਘਰ ਦਾ “ਮਤਲਬ ਹੈ ਸਾਰਾ ਘਰਬਾਰ ਤੇ ਉਸ ਵਿਚਲੀ ਹਰ ਅਣਮੋਲ ਚੀਜ਼ ਜੋ ਉਸ ਵਿਅਕਤੀ ਦੀ ਜ਼ਿੰਦਗੀ ਨੂੰ ਸੁਖੀ ਬਣਾਵੇਗੀ।” ਘਰ ਦਾ ਮਤਲਬ ਉਸ ਧਰਮੀ ਵਿਅਕਤੀ ਦਾ ਪੂਰਾ ਪਰਿਵਾਰ ਵੀ ਹੋ ਸਕਦਾ ਹੈ। ਜੋ ਵੀ ਹੋਵੇ, ਇਸ ਕਹਾਵਤ ਦਾ ਮਤਲਬ ਸਾਫ਼ ਹੈ ਕਿ ਧਰਮੀ ਲੋਕ ਬਿਪਤਾ ਦੇ ਸਮੇਂ ਇੱਧਰ ਉੱਧਰ ਡੋਲਣ ਦੀ ਬਜਾਇ ਸਥਿਰ ਰਹਿਣਗੇ।

ਨਿਮਰ ਹੋਣ ਦੇ ਫ਼ਾਇਦੇ

ਇਸਰਾਏਲ ਦੇ ਰਾਜੇ ਨੇ ਚਤਰਾਈ ਜਾਂ ਸਮਝਦਾਰੀ ਦੇ ਗੁਣ ਦੀ ਵਡਿਆਈ ਕਰਦਿਆਂ ਕਿਹਾ: “ਆਦਮੀ ਦਾ ਜਸ ਉਹ ਦੀ ਚਤਰਾਈ ਦੇ ਅਨੁਸਾਰ ਹੁੰਦਾ ਹੈ, ਪਰ ਪੁੱਠੇ ਦਿਲ ਵਾਲਾ ਤੁੱਛ ਸਮਝਿਆ ਜਾਂਦਾ ਹੈ।” (ਕਹਾਉਤਾਂ 12:8) ਇਕ ਸਮਝਦਾਰ ਵਿਅਕਤੀ ਬਹੁਤਾ ਬੋਲਣ ਦੀ ਬਜਾਇ ਸੋਚ-ਸਮਝ ਕੇ ਬੋਲਦਾ ਹੈ ਤੇ ਦੂਸਰਿਆਂ ਨਾਲ ਸ਼ਾਂਤ ਰਹਿੰਦਾ ਹੈ ਕਿਉਂਕਿ ‘ਚਤਰ’ ਹੋਣ ਕਰਕੇ ਉਹ ਹਮੇਸ਼ਾ ਬਕਬਕ ਨਹੀਂ ਕਰਦਾ ਰਹਿੰਦਾ। ਜਦੋਂ ਕਿਸੇ ਚਤਰ ਵਿਅਕਤੀ ਨੂੰ ਐਵੇਂ ਕੋਈ ਸਵਾਲ ਪੁੱਛੇ ਜਾਂਦੇ ਹਨ, ਤਾਂ ਉਹ “ਘੱਟ ਬੋਲਦਾ ਹੈ।” (ਕਹਾਉਤਾਂ 17:27) ਅਜਿਹੇ ਵਿਅਕਤੀ ਦਾ ਜਸ ਗਾਇਆ ਜਾਂਦਾ ਹੈ ਤੇ ਉਹ ਯਹੋਵਾਹ ਨੂੰ ਪ੍ਰਸੰਨ ਕਰਦਾ ਹੈ। ਉਹ ‘ਪੁੱਠੇ ਦਿਲ ਵਾਲੇ’ ਵਿਅਕਤੀ ਦੇ ਪੁੱਠੇ ਖ਼ਿਆਲਾਂ ਤੋਂ ਕਿੰਨਾ ਵੱਖਰਾ ਹੁੰਦਾ ਹੈ!

ਜੀ ਹਾਂ, ਇਕ ਸਮਝਦਾਰ ਵਿਅਕਤੀ ਦਾ ਜਸ ਗਾਇਆ ਜਾਂਦਾ ਹੈ, ਪਰ ਅਗਲੀ ਕਹਾਵਤ ਸਾਨੂੰ ਨਿਮਰ ਹੋਣ ਬਾਰੇ ਸਿੱਖਿਆ ਦਿੰਦੀ ਹੈ। ਉੱਥੇ ਕਿਹਾ ਗਿਆ ਹੈ: “ਪਤਹੀਣ ਜਿਹ ਦੇ ਕੋਲ ਟਹਿਲੂਆ ਹੈ, ਉਸ ਨਾਲੋਂ ਚੰਗਾ ਹੈ ਜੋ ਵਡਿਆਈ ਮਾਰਦਾ ਪਰ ਰੋਟੀਓਂ ਵੀ ਤੰਗ ਹੈ।” (ਕਹਾਉਤਾਂ 12:9) ਇਸ ਤਰ੍ਹਾਂ ਲੱਗਦਾ ਹੈ ਕਿ ਸੁਲੇਮਾਨ ਕਹਿ ਰਿਹਾ ਸੀ ਕਿ ਵੱਡੇ-ਵੱਡੇ ਲੋਕਾਂ ਵਾਂਗ ਸ਼ੇਖੀਆਂ ਮਾਰ ਕੇ ਪੈਸਾ ਖ਼ਰਚਣ ਦੀ ਬਜਾਇ ਨਿਮਰ ਲੋਕਾਂ ਵਾਂਗ ਜੀਉਣਾ ਬਿਹਤਰ ਹੈ ਜਿਨ੍ਹਾਂ ਕੋਲ ਸ਼ਾਇਦ ਇੱਕੋ ਨੌਕਰ-ਚਾਕਰ ਹੋਵੇ। ਆਪਣੀ ਜੇਬ ਅਨੁਸਾਰ ਖ਼ਰਚ ਕਰਨਾ ਕਿੰਨੀ ਵਧੀਆ ਸਲਾਹ ਹੈ!

ਕਿਸਾਨਾਂ ਦੀ ਜ਼ਿੰਦਗੀ ਤੋਂ ਭਲਾਈ ਬਾਰੇ ਸਬਕ ਸਿੱਖੋ

ਸੁਲੇਮਾਨ ਨੇ ਖੇਤੀਬਾੜੀ ਬਾਰੇ ਮਿਸਾਲ ਦਿੱਤੀ ਜਿਸ ਤੋਂ ਅਸੀਂ ਭਲਾਈ ਬਾਰੇ ਦੋ ਸਬਕ ਸਿੱਖ ਸਕਦੇ ਹਾਂ। “ਧਰਮੀ ਆਪਣੇ ਪਸੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ, ਪਰ ਦੁਸ਼ਟਾਂ ਦਾ ਰਹਮ ਨਿਰਦਈ ਹੀ ਹੈ।” (ਕਹਾਉਤਾਂ 12:10) ਧਰਮੀ ਇਨਸਾਨ ਆਪਣੇ ਪਸ਼ੂਆਂ ਦੀ ਦੇਖ-ਭਾਲ ਚੰਗੀ ਤਰ੍ਹਾਂ ਕਰਦਾ ਹੈ। ਉਹ ਉਨ੍ਹਾਂ ਦੀਆਂ ਜ਼ਰੂਰਤਾਂ ਜਾਣਦਾ ਹੈ ਤੇ ਉਨ੍ਹਾਂ ਦੀ ਸੁੱਧ ਲੈਂਦਾ ਹੈ। ਦੁਸ਼ਟ ਵਿਅਕਤੀ ਭਾਵੇਂ ਇਹ ਕਹੇ ਕਿ ਉਹ ਆਪਣੇ ਪਸ਼ੂਆਂ ਦੀ ਪਰਵਾਹ ਕਰਦਾ ਹੈ ਪਰ ਅਸਲ ਵਿਚ ਉਹ ਉਨ੍ਹਾਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਕਰਦਾ। ਉਹ ਸੁਆਰਥੀ ਹੁੰਦਾ ਹੈ ਤੇ ਉਸ ਨੂੰ ਇਹੀ ਸੁੱਝਦਾ ਹੈ ਕਿ ਉਹ ਪਸ਼ੂਆਂ ਲਈ ਕਿੰਨੇ ਪੈਸੇ ਖੱਟ ਸਕਦਾ ਹੈ। ਉਹ ਭਾਵੇਂ ਸੋਚੇ ਕਿ ਉਹ ਪਸ਼ੂਆਂ ਦੀ ਚੰਗੀ ਦੇਖ-ਭਾਲ ਕਰ ਰਿਹਾ ਹੈ ਪਰ ਉਹ ਸ਼ਾਇਦ ਉਨ੍ਹਾਂ ਨਾਲ ਨਿਰਦਈ ਹੋ ਰਿਹਾ ਹੋਵੇ।

ਇਹ ਅਸੂਲ ਘਰ ਵਿਚ ਪਾਲਤੂ ਜਾਨਵਰਾਂ ਉੱਤੇ ਵੀ ਲਾਗੂ ਹੁੰਦਾ ਹੈ ਕਿ ਸਾਨੂੰ ਪਸ਼ੂਆਂ ਦੀ ਦੇਖ-ਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਇਹ ਕਿੰਨੇ ਜ਼ੁਲਮ ਦੀ ਗੱਲ ਹੋਵੇਗੀ ਜੇ ਅਸੀਂ ਆਪਣੇ ਘਰ ਵਿਚ ਪਾਲਤੂ ਪਸ਼ੂ ਰੱਖੀਏ ਪਰ ਉਨ੍ਹਾਂ ਦੀ ਕੋਈ ਪਰਵਾਹ ਨਾ ਕਰੀਏ, ਸਗੋਂ ਉਨ੍ਹਾਂ ਨੂੰ ਕੁੱਟੀਏ-ਮਾਰੀਏ! ਜੇ ਪਸ਼ੂ ਨੂੰ ਕੋਈ ਖ਼ਤਰਨਾਕ ਬੀਮਾਰੀ ਜਾਂ ਸੱਟ ਲੱਗੀ ਹੋਵੇ, ਤਾਂ ਰਹਿਮ ਨਾਲ ਅਸੀਂ ਉਸ ਨੂੰ ਮੌਤ ਦੀ ਨੀਂਦ ਸੁਲ੍ਹਾ ਕੇ ਉਸ ਦੀ ਤੜਫਾਟ ਖ਼ਤਮ ਕਰ ਸਕਦੇ ਹਾਂ।

ਖੇਤੀ-ਬਾੜੀ ਵਿਚ ਜ਼ਮੀਨ ਵਾਹੁਣੀ ਆਮ ਗੱਲ ਹੈ ਤੇ ਇਸ ਬਾਰੇ ਸੁਲੇਮਾਨ ਨੇ ਕਿਹਾ: “ਜਿਹੜਾ ਆਪਣੀ ਭੋਂ ਨੂੰ ਦੱਬ ਕੇ ਵਾਹੇਗ਼ਾ ਉਹ ਰੱਜ ਕੇ ਖਾਏਗਾ।” ਇਹ ਗੱਲ ਸੱਚ ਹੈ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ। ਪਰ “ ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ।” (ਕਹਾਉਤਾਂ 12:11) ਨਿਰਬੁੱਧ ਵਿਅਕਤੀ ਨਿਕੰਮੀਆਂ ਗੱਲਾਂ ਮਗਰ ਅਤੇ ਬੁਰੇ ਧੰਦਿਆਂ ਵਿਚ ਲੱਗ ਜਾਂਦਾ ਹੈ। ਸਾਨੂੰ ਇਨ੍ਹਾਂ ਦੋਹਾਂ ਆਇਤਾਂ ਦੇ ਸਬਕ ਸਾਫ਼ ਨਜ਼ਰ ਆਉਂਦੇ ਹਨ ਕਿ ਸਾਨੂੰ ਰਹਿਮੀ ਤੇ ਮਿਹਨਤੀ ਬਣਨਾ ਚਾਹੀਦਾ ਹੈ।

ਧਰਮੀ ਦੀ ਨੀਹ ਪੱਕੀ ਹੁੰਦੀ ਹੈ

ਬੁੱਧੀਮਾਨ ਰਾਜੇ ਨੇ ਕਿਹਾ: “ਦੁਸ਼ਟ ਬੁਰਿਆਰਾਂ ਦੇ ਜਾਲ ਲਈ ਲੋਚਦਾ ਹੈ।” (ਕਹਾਉਤਾਂ 12:12ੳ) ਉਹ ਇਹ ਕਿਵੇਂ ਕਰਦਾ ਹੈ? ਉਹ ਧੋਖੇਬਾਜ਼ੀ ਨਾਲ ਖੱਟੀਆਂ ਚੀਜ਼ਾਂ ਲੋਚਦਾ ਹੈ।

ਪਰ ਧਰਮੀ ਬੰਦੇ ਬਾਰੇ ਕੀ ਕਿਹਾ ਜਾ ਸਕਦਾ ਹੈ? ਅਜਿਹਾ ਇਨਸਾਨ ਸੁਧਾਰ ਨਾਲ ਪ੍ਰੀਤ ਰੱਖਦਾ ਹੈ ਤੇ ਉਸ ਦੀ ਨਿਹਚਾ ਦੀਆਂ ਜੜ੍ਹਾਂ ਪੱਕੀਆਂ ਹੁੰਦੀਆਂ ਹਨ। ਉਹ ਈਮਾਨਦਾਰ, ਸਿਆਣਾ, ਨਿਮਰ, ਰਹਿਮ-ਦਿਲੀ ਤੇ ਮਿਹਨਤੀ ਹੁੰਦਾ ਹੈ। ਸੁਲੇਮਾਨ ਨੇ ਕਿਹਾ ਕਿ “ਧਰਮੀਆਂ ਦੀ ਜੜ੍ਹ ਫਲਦੀ ਹੈ।” (ਕਹਾਉਤਾਂ 12:12ਅ) ਪਵਿੱਤਰ ਬਾਈਬਲ ਨਵਾਂ ਅਨੁਵਾਦ ਕਹਿੰਦਾ ਹੈ ਕਿ “ਭਲੇ ਮਨੁੱਖ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ।” ਅਜਿਹਾ ਵਿਅਕਤੀ ਸਥਿਰ ਤੇ ਮਜ਼ਬੂਤ ਹੁੰਦਾ ਹੈ। ਅਸਲ ਵਿਚ ‘ਪਰਮੇਸ਼ੁਰ ਭਲੇ ਮਾਨਸ ਤੋਂ ਪਰਸੰਨ ਹੁੰਦਾ ਹੈ।’ ਫਿਰ ਆਓ ਆਪਾਂ ‘ਯਹੋਵਾਹ ਉੱਤੇ ਭਰੋਸਾ ਰੱਖੀਏ ਅਤੇ ਭਲਿਆਈ ਕਰੀਏ।’—ਜ਼ਬੂਰ 37:3.

[ਸਫ਼ੇ 31 ਉੱਤੇ ਤਸਵੀਰਾਂ]

ਇਕ ਤਕੜੇ ਦਰਖ਼ਤ ਵਾਂਗ ਧਰਮੀ ਇਨਸਾਨ ਦੀ ਨਿਹਚਾ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ