ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕੀ ਇਕ ਮਸੀਹੀ ਅਦਾਲਤ ਵਿਚ ਬਾਈਬਲ ਉੱਤੇ ਹੱਥ ਰੱਖ ਕੇ ਸੱਚ ਬੋਲਣ ਦੀ ਸਹੁੰ ਖਾ ਸਕਦਾ ਹੈ? ਕੀ ਬਾਈਬਲ ਦੇ ਹਿਸਾਬ ਇਹ ਗ਼ਲਤ ਹੈ?
ਇਸ ਸੰਬੰਧ ਵਿਚ ਹਰੇਕ ਵਿਅਕਤੀ ਨੂੰ ਆਪੋ-ਆਪਣੇ ਫ਼ੈਸਲਾ ਕਰਨਾ ਚਾਹੀਦਾ ਹੈ। (ਗਲਾਤੀਆਂ 6:5) ਪਰ ਬਾਈਬਲ ਇਸ ਗੱਲ ਨੂੰ ਮਨ੍ਹਾ ਨਹੀਂ ਕਰਦੀ ਕਿ ਅਦਾਲਤ ਵਿਚ ਸਹੁੰ ਖਾ ਕੇ ਸੱਚਾਈ ਦੱਸੀ ਜਾਵੇ।
ਸੰਸਾਰ ਭਰ ਵਿਚ ਸਹੁੰ ਖਾਣ ਦੀ ਰਸਮ ਕਾਫ਼ੀ ਸਮੇਂ ਤੋਂ ਚੱਲਦੀ ਆਈ ਹੈ। ਮਿਸਾਲ ਲਈ, ਪ੍ਰਾਚੀਨ ਸਮਿਆਂ ਵਿਚ ਸਹੁੰ ਖਾਂਦੇ ਸਮੇਂ ਯੂਨਾਨੀ ਲੋਕ ਆਕਾਸ਼ ਵੱਲ ਆਪਣਾ ਹੱਥ ਚੁੱਕਦੇ ਸਨ ਜਾਂ ਕਿਸੇ ਜਗਵੇਦੀ ਨੂੰ ਛੂੰਹਦੇ ਸਨ। ਇਕ ਕੋਸ਼ ਅਨੁਸਾਰ ਜਦੋਂ ਇਕ ਰੋਮੀ ਬੰਦਾ ਸਹੁੰ ਖਾਂਦਾ ਸੀ, ਤਾਂ ਉਹ ਆਪਣੇ ਹੱਥ ਵਿਚ ਇਕ ਵੱਟਾ ਲੈ ਕੇ ਕਹਿੰਦਾ ਸੀ: “ਜੇ ਮੈਂ ਜਾਣ-ਬੁੱਝ ਕੇ ਧੋਖਾ ਦੇ ਰਿਹਾ ਹਾਂ ਜਦ ਕਿ ਜੁਪੀਟਰ ਇਸ ਸ਼ਹਿਰ ਨਾਲੇ ਉਸ ਦੇ ਕਿਲ੍ਹੇ ਦੀ ਰੱਖਿਆ ਕਰ ਰਿਹਾ ਹੈ, ਤਾਂ ਉਹ ਮੈਨੂੰ ਇਸੇ ਤਰ੍ਹਾਂ ਚੱਕ ਕੇ ਮਾਰੇ ਜਿਸ ਤਰ੍ਹਾਂ ਮੈਂ ਇਸ ਵੱਟੇ ਨੂੰ ਚੱਕ ਕੇ ਪਰੇ ਮਾਰ ਰਿਹਾ ਹਾਂ।”
ਇਸ ਤਰ੍ਹਾਂ ਦੇ ਇਸ਼ਾਰਿਆਂ ਤੋਂ ਪਤਾ ਚੱਲਦਾ ਹੈ ਕਿ ਲੋਕ ਇਕ ਅਜਿਹੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਆਏ ਹਨ ਜੋ ਸਾਨੂੰ ਦੇਖ ਸਕਦਾ ਹੈ ਤੇ ਜਿਸ ਨੂੰ ਸਾਰਿਆਂ ਨੇ ਆਪੋ-ਆਪਣੇ ਲੇਖਾ ਦੇਣਾ ਹੈ। ਪ੍ਰਾਚੀਨ ਸਮਿਆਂ ਤੋਂ ਹੀ ਯਹੋਵਾਹ ਦੇ ਸੱਚੇ ਭਗਤਾਂ ਨੂੰ ਇਹ ਅਹਿਸਾਸ ਰਿਹਾ ਹੈ ਕਿ ਉਹ ਸਭ ਕੁਝ ਜਾਣਦਾ ਹੈ ਕਿ ਅਸੀਂ ਕੀ ਕਹਿੰਦੇ ਅਤੇ ਕੀ ਕਰਦੇ ਹਾਂ। (ਕਹਾਉਤਾਂ 5:21; 15:3) ਉਹ ਰੱਬ ਦੀ ਨਿਗਾਹ ਵਿਚ ਇਵੇਂ ਸਹੁੰ ਖਾਂਦੇ ਸਨ ਜਿਵੇਂ ਕਿ ਉਹ ਇਕ ਗਵਾਹ ਸੀ। ਮਿਸਾਲ ਲਈ ਬੋਅਜ਼, ਦਾਊਦ, ਸੁਲੇਮਾਨ ਤੇ ਸਿਦਕੀਯਾਹ ਨੇ ਇਸ ਤਰ੍ਹਾਂ ਕੀਤਾ ਸੀ। (ਰੂਥ 3:13; 2 ਸਮੂਏਲ 3:35; 1 ਰਾਜਿਆਂ 2:23, 24; ਯਿਰਮਿਯਾਹ 38:16) ਪਰਮੇਸ਼ੁਰ ਦੇ ਸੱਚੇ ਭਗਤਾਂ ਨੇ ਆਪਣੇ ਆਪ ਨੂੰ ਦੂਸਰੇ ਲੋਕਾਂ ਦੁਆਰਾ ਖਾਧੀਆਂ ਕਸਮਾਂ ਹੇਠ ਵੀ ਆ ਲੈਣ ਦਿੱਤਾ ਸੀ। ਅਬਰਾਹਾਮ ਤੇ ਯਿਸੂ ਮਸੀਹ ਨੇ ਦੂਸਰਿਆਂ ਨੂੰ ਇਸ ਤਰ੍ਹਾਂ ਉਨ੍ਹਾਂ ਨਾਲ ਕਰ ਲੈਣ ਦਿੱਤਾ ਸੀ।—ਉਤਪਤ 21:22-24; ਮੱਤੀ 26:63, 64.
ਯਹੋਵਾਹ ਮੋਹਰੇ ਸਹੁੰ ਖਾਣ ਵਾਲੇ ਵਿਅਕਤੀ ਕਦੇ-ਕਦੇ ਹੱਥ ਨਾਲ ਇਸ਼ਾਰੇ ਵੀ ਕਰਦੇ ਸਨ। ਅਬਰਾਮ (ਅਬਰਾਹਾਮ) ਨੇ ਸਦੂਮ ਦੇ ਰਾਜੇ ਨੂੰ ਕਿਹਾ: “ਮੈਂ ਯਹੋਵਾਹ ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦੇ ਅੱਗੇ [‘ਹੱਥ ਉੱਚਾ ਕਰ ਕੇ,’ NW] ਪਰਨ ਕੀਤਾ ਹੈ।” (ਉਤਪਤ 14:22) ਦਾਨੀਏਲ ਨਬੀ ਨਾਲ ਗੱਲ ਕਰਦਿਆਂ ਇਕ ਦੂਤ ਨੇ “ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ ਉਸ ਦੀ ਸੌਂਹ ਚੁੱਕੀ।” (ਦਾਨੀਏਲ 12:7) ਇਹ ਗੱਲ ਤਾਂ ਪਰਮੇਸ਼ੁਰ ਬਾਰੇ ਵੀ ਕਹੀ ਗਈ ਹੈ ਜਿਵੇਂ ਕਿ ਉਹ ਵੀ ਸਹੁੰ ਖਾਂਦਿਆਂ ਆਪਣਾ ਹੱਥ ਚੁੱਕਦਾ ਹੈ।—ਬਿਵਸਥਾ ਸਾਰ 32:40; ਯਸਾਯਾਹ 62:8.
ਬਾਈਬਲ ਵਿਚ ਸਹੁੰ ਖਾਣ ਦੇ ਖ਼ਿਲਾਫ਼ ਕੁਝ ਵੀ ਨਹੀਂ ਕਿਹਾ ਗਿਆ ਹੈ। ਪਰ ਇਕ ਮਸੀਹੀ ਨੂੰ ਹਰ ਗੱਲ ਵਿਚ ਸਹੁੰ ਖਾਣ ਦੀ ਜ਼ਰੂਰਤ ਨਹੀਂ ਹੈ ਤਾਂਕਿ ਉਹ ਦੂਸਰਿਆਂ ਸਾਮ੍ਹਣੇ ਸੱਚਾ ਸਾਬਤ ਹੋਵੇ। ਯਿਸੂ ਨੇ ਕਿਹਾ ਸੀ: “ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ।” (ਟੇਢੇ ਟਾਈਪ ਸਾਡੇ।) (ਮੱਤੀ 5:33-37) ਯਾਕੂਬ ਨੇ ਵੀ ਇਸੇ ਤਰ੍ਹਾਂ ਕਿਹਾ ਸੀ। ਜਦੋਂ ਉਸ ਨੇ ਕਿਹਾ “ਤੁਸਾਂ ਸੌਂਹ ਨਾ ਖਾਣੀ,” ਉਹ ਕਹਿ ਰਿਹਾ ਸੀ ਕਿ ਸਾਨੂੰ ਬਿਨਾਂ ਸੋਚਿਆਂ ਸਹੁੰ ਨਹੀਂ ਖਾਣੀ ਚਾਹੀਦੀ। (ਯਾਕੂਬ 5:12) ਨਾ ਹੀ ਯਿਸੂ ਤੇ ਨਾ ਹੀ ਯਾਕੂਬ ਨੇ ਕਿਹਾ ਸੀ ਕਿ ਅਸੀਂ ਅਦਾਲਤ ਵਿਚ ਸੱਚਾਈ ਦੱਸਣ ਦੇ ਸੰਬੰਧ ਵਿਚ ਸਹੁੰ ਨਹੀਂ ਖਾ ਸਕਦੇ।
ਪਰ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਜੇ ਇਕ ਮਸੀਹੀ ਭੈਣ ਜਾਂ ਭਰਾ ਨੂੰ ਅਦਾਲਤ ਵਿਚ ਸਹੁੰ ਖਾਣ ਲਈ ਆਖਿਆ ਜਾਵੇ ਕਿ ਜੋ ਕੁਝ ਉਹ ਕਹਿ ਰਿਹਾ ਹੈ ਉਹ ਸੱਚ ਹੈ? ਉਸ ਨੂੰ ਸ਼ਾਇਦ ਇਹ ਕਰਨ ਵਿਚ ਕੋਈ ਇਤਰਾਜ਼ ਨਾ ਹੋਵੇ। ਜੇ ਉਹ ਇਵੇਂ ਨਾ ਕਰਨਾ ਚਾਹੇ, ਤਾਂ ਅਦਾਲਤ ਸ਼ਾਇਦ ਉਸ ਨੂੰ ਇਕ ਬਿਆਨ ਪੱਤਰ ਸਾਈਨ ਕਰ ਲੈਣ ਦੇਵੇ ਕਿ ਉਹ ਝੂਠ ਨਹੀਂ ਬੋਲ ਰਿਹਾ।—ਗਲਾਤੀਆਂ 1:20.
ਜਦੋਂ ਇਕ ਮਸੀਹੀ ਨੂੰ ਅਦਾਲਤ ਵਿਚ ਹੱਥ ਖੜ੍ਹਾ ਕਰਨ ਲਈ ਜਾਂ ਬਾਈਬਲ ਉੱਤੇ ਹੱਥ ਰੱਖਣ ਲਈ ਕਿਹਾ ਜਾਂਦਾ ਹੈ, ਤਾਂ ਉਹ ਖ਼ੁਦ ਇਸ ਬਾਰੇ ਫ਼ੈਸਲਾ ਕਰ ਸਕਦਾ ਹੈ। ਉਹ ਸ਼ਾਇਦ ਬਾਈਬਲ ਵਿੱਚੋਂ ਉਨ੍ਹਾਂ ਉਦਾਹਰਣਾਂ ਉੱਤੇ ਗੌਰ ਕਰ ਸਕਦਾ ਹੈ ਜਿਨ੍ਹਾਂ ਵਿਚ ਸਹੁੰ ਖਾਂਦਿਆਂ ਹੱਥ ਚੁੱਕਿਆ ਗਿਆ ਸੀ। ਮਸੀਹੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੱਥ ਚੁੱਕ ਕੇ ਸਹੁੰ ਖਾਣ ਨਾਲੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਪਰਮੇਸ਼ੁਰ ਸਾਮ੍ਹਣੇ ਸੱਚ ਬੋਲਣ ਲਈ ਸਹੁੰ ਖਾ ਰਹੇ ਹਾਂ। ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਜੇ ਇਕ ਮਸੀਹੀ ਅਦਾਲਤ ਵਿਚ ਇਸ ਤਰ੍ਹਾਂ ਮਹਿਸੂਸ ਕਰੇ ਕਿ ਉਹ ਕਿਸੇ ਸਵਾਲ ਦਾ ਜਵਾਬ ਜਾਣਦਾ ਅਤੇ ਦੇ ਸਕਦਾ ਹੈ, ਤਾਂ ਉਸ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਵੇਂ ਕਰਨਾ ਉਸ ਦਾ ਫ਼ਰਜ਼ ਹੀ ਨਹੀਂ ਬਣਦਾ, ਸਗੋਂ ਉਸ ਨੇ ਸੱਚ ਦੱਸਣ ਦੀ ਸਹੁੰ ਵੀ ਖਾਧੀ ਹੈ। ਜੀ ਹਾਂ, ਮਸੀਹੀਆਂ ਨੂੰ ਹਰ ਸਮੇਂ ਸੱਚ ਬੋਲਣਾ ਚਾਹੀਦਾ ਹੈ।