Skip to content

Skip to table of contents

ਯਹੋਵਾਹ ਦੇ ਕਤਲ ਕੀਤੇ ਗਏ ਗਵਾਹਾਂ ਦੀ ਯਾਦਗੀਰੀ ਵਿਚ

ਯਹੋਵਾਹ ਦੇ ਕਤਲ ਕੀਤੇ ਗਏ ਗਵਾਹਾਂ ਦੀ ਯਾਦਗੀਰੀ ਵਿਚ

ਯਹੋਵਾਹ ਦੇ ਕਤਲ ਕੀਤੇ ਗਏ ਗਵਾਹਾਂ ਦੀ ਯਾਦਗੀਰੀ ਵਿਚ

ਸੱਤ ਮਾਰਚ 2002 ਨੂੰ ਪੱਛਮੀ ਹੰਗਰੀ ਦੇ ਕੋਰਮੈਂਡ ਨਾਂ ਦੇ ਸ਼ਹਿਰ ਵਿਚ ਇਕ ਉਦਘਾਟਨ ਦੌਰਾਨ ਇਕ ਸਜਾਵਟੀ ਤਖ਼ਤੀ ਤੋਂ ਪਰਦਾ ਹਟਾਇਆ ਗਿਆ। ਇਹ ਤਖ਼ਤੀ ਯਹੋਵਾਹ ਦੇ ਉਨ੍ਹਾਂ ਤਿੰਨ ਗਵਾਹਾਂ ਦੀ ਯਾਦਗੀਰੀ ਵਿਚ ਹੈ ਜਿਨ੍ਹਾਂ ਨੂੰ 1945 ਵਿਚ ਨਾਜ਼ੀਆਂ ਦੁਆਰਾ ਕਤਲ ਕੀਤਾ ਗਿਆ ਸੀ।

ਇਹ ਤਖ਼ਤੀ ਹੁਨੀਆਦੀ ਰੋਡ ਤੇ ਫਾਇਰ ਡਿਪਾਰਟਮੈਂਟ ਦੇ ਹੈੱਡ-ਕੁਆਰਟਰ ਦੀ ਕੰਧ ਉੱਤੇ ਜੜੀ ਹੋਏ ਹੈ ਜਿੱਥੇ ਇੰਨੇ ਸਾਲ ਪਹਿਲਾਂ ਇਹ ਕਤਲ ਆਮ ਜਨਤਾ ਸਾਮ੍ਹਣੇ ਕੀਤੇ ਗਏ ਸਨ। ਇਹ ਤਖ਼ਤੀ ਉਨ੍ਹਾਂ ਤਿੰਨਾਂ ਗਵਾਹਾਂ ਦੀ ਯਾਦ ਵਿਚ ਹੈ। ਉਸ ਉੱਤੇ ਲਿਖਿਆ ਹੈ: ਉਨ੍ਹਾਂ ਮਸੀਹੀਆਂ ਦੀ ਯਾਦ ਵਿਚ ਜੋ ਆਪਣੀ ਜ਼ਮੀਰ ਦੀ ਖ਼ਾਤਰ ਮਾਰਚ 1945 ਵਿਚ ਕਤਲ ਕੀਤੇ ਗਏ ਸਨ। ਆਨਟਾਲ ਹਰਨਿਸ਼ (1911-1945), ਬਰਟਲਾਂ ਜ਼ਾਬੋ (1921-1945), ਯਾਨੋਸ ਜ਼ੰਦਾਰ (1923-1945), ਯਹੋਵਾਹ ਦੇ ਗਵਾਹ, 2002.

ਇਹ ਕਤਲ ਦੂਮੇ ਹੋਣ ਤੋਂ ਸਿਰਫ਼ ਦੋ ਮਹੀਨੇ ਪਹਿਲਾਂ ਕੀਤੇ ਗਏ ਸਨ। ਇਹ ਮਸੀਹੀ ਕਿਉਂ ਕਤਲ ਕੀਤੇ ਗਏ ਸਨ? ਯਹੋਵਾਹ ਦੇ ਗਵਾਹ ਹੰਗਰੀ ਦੇ ਇਕ ਅਖ਼ਬਾਰ ਨੇ ਕਿਹਾ: “ਜਦੋਂ ਹਿਟਲਰ ਜਰਮਨੀ ਦਾ ਲੀਡਰ ਬਣ ਗਿਆ, ਤਾਂ ਸਿਰਫ਼ ਯਹੂਦੀਆਂ ਨੂੰ ਹੀ ਨਹੀਂ, ਸਗੋਂ ਯਹੋਵਾਹ ਦੇ ਗਵਾਹਾਂ ਨੂੰ ਵੀ ਸਤਾਹਟ ਤੇ ਤਸੀਹੇ ਸਹਿਣੇ ਪਏ। ਉਹ ਨਜ਼ਰਬੰਦੀ-ਕੈਂਪਾਂ ਵਿਚ ਸੁੱਟੇ ਗਏ ਅਤੇ ਮਾਰੇ ਗਏ ਕਿਉਂਕਿ ਉਨ੍ਹਾਂ ਨੇ ਆਪਣੇ ਧਰਮ ਵੱਲ ਪਿੱਠ ਕਰਨ ਤੋਂ ਇਨਕਾਰ ਕੀਤਾ। . . . ਮਾਰਚ 1945 ਵਿਚ ਪੱਛਮੀ ਹੰਗਰੀ ਵਿਚ ਬਹੁਤ ਡਰ ਛਾਇਆ ਹੋਇਆ ਸੀ। . . . ਯਹੋਵਾਹ ਦੇ ਗਵਾਹਾਂ ਨੂੰ ਦੇਸ਼ ਤੋਂ ਬਾਹਰ ਲਿਜਾ ਕੇ ਮਾਰ ਦੇਣ ਦੀ ਧਮਕੀ ਦਿੱਤੀ ਗਈ ਸੀ।”

ਇਸ ਤਖ਼ਤੀ ਦੇ ਸੰਬੰਧ ਵਿਚ ਇਹ ਉਦਘਾਟਨ ਦੋ ਥਾਵਾਂ ਤੇ ਕੀਤਾ ਗਿਆ। ਪਹਿਲਾ ਹਿੱਸਾ ਬਾਟਯਾਨ ਮਹਿਲ ਦੇ ਥੀਏਟਰ ਵਿਚ ਹੋਇਆ। ਇੱਥੇ ਤਿੰਨ ਸਪੀਕਰ ਸਨ: ਬੁਡਾਪੈਸਟ ਤੋਂ ਸਰਬਨਾਸ਼ ਸਟੱਡੀਜ਼ ਦੇ ਇਕ ਵੱਡੇ ਪ੍ਰੋਫ਼ੈਸਰ, ਸਾਰੇ ਸਮਾਜਕ ਤੇ ਧਾਰਮਿਕ ਗਰੁੱਪਾਂ ਦੀ ਦੇਖ-ਬਾਲ ਕਰਨ ਵਾਲੀ ਪਾਰਲੀਮੈਂਟ ਕਮੇਟੀ ਦੇ ਇਕ ਮੈਂਬਰ ਅਤੇ ਇਨ੍ਹਾਂ ਕਤਲਾਂ ਦੇ ਇਕ ਚਸ਼ਮਦੀਦ ਗਵਾਹ ਜੋ ਹੁਣ ਸ਼ਹਿਰ ਦੇ ਇਤਿਹਾਸ ਦੇ ਮਾਹਰ ਹਨ। ਇਸ ਉਦਘਾਟਨ ਤੇ 500 ਤੋਂ ਜ਼ਿਆਦਾ ਲੋਕ ਆਏ ਸਨ। ਇਹ ਸਾਰੇ ਲੋਕ ਪ੍ਰੋਗ੍ਰਾਮ ਦੇ ਦੂਜੇ ਭਾਗ ਲਈ ਸ਼ਹਿਰ ਦੇ ਦੂਜੇ ਪਾਸੇ ਤੁਰ ਕੇ ਗਏ ਜਿੱਥੇ ਉਨ੍ਹਾਂ ਨੇ ਕੋਰਮੈਂਡ ਸ਼ਹਿਰ ਦੇ ਮੇਅਰ ਯੋਸਿਫ ਹੋਨਫੀ ਨੂੰ ਤਖ਼ਤੀ ਤੋਂ ਪਰਦਾ ਹਟਾਉਂਦੇ ਦੇਖਿਆ।

ਆਪਣੀ ਵਿਦਾਇਗੀ ਚਿੱਠੀ ਵਿਚ ਯਾਨ (ਯਾਨੋਸ ਜ਼ੰਦਾਰ) ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਹੌਸਲਾ ਦਿੱਤਾ ਸੀ ਕਿ ਉਹ ਉਸ ਦੀ ਮੌਤ ਦਾ ਸੋਗ ਨਾ ਕਰਨ। ਉਸ ਨੇ ਲਿਖਿਆ: “ਮੇਰੇ ਮਨ ਵਿਚ ਹਾਲੇ ਵੀ ਪਰਕਾਸ਼ ਦੀ ਪੋਥੀ 2:10 ਵਿਚ ਪਾਏ ਜਾਂਦੇ ਯੂਹੰਨਾ ਦੇ ਸ਼ਬਦ ਹਨ ਕਿ ਸਾਨੂੰ ‘ਮਰਨ ਤੋੜੀ ਵਫ਼ਾਦਾਰ ਰਹਿਣਾ’ ਚਾਹੀਦਾ ਹੈ। ਮੈਂ ਸਾਰਿਆਂ ਨੂੰ ਇਹੀ ਕਹਿੰਦਾ ਹਾਂ ਕਿ ਮੇਰੇ ਲਈ ਕੋਈ ਨਾ ਰੋਵੇ ਕਿਉਂਕਿ ਮੈਂ ਸੱਚਾਈ ਦੀ ਖ਼ਾਤਰ ਮਰ ਰਿਹਾ ਹਾਂ, ਕੋਈ ਬੁਰਾ ਕੰਮ ਕਰ ਕੇ ਨਹੀਂ।”

[ਸਫ਼ੇ 32 ਉੱਤੇ ਤਸਵੀਰ]

ਬਰਟਲਾਂ ਜ਼ਾਬੋ

[ਸਫ਼ੇ 32 ਉੱਤੇ ਤਸਵੀਰ]

ਆਨਟਾਲ ਹਰਨਿਸ਼

[ਸਫ਼ੇ 32 ਉੱਤੇ ਤਸਵੀਰ]

ਯਾਨ ਜ਼ੰਦਾਰ