Skip to content

Skip to table of contents

“ਤੁਸੀਂ ਬਹੁਤਾ ਫਲ ਦਿਓ”

“ਤੁਸੀਂ ਬਹੁਤਾ ਫਲ ਦਿਓ”

“ਤੁਸੀਂ ਬਹੁਤਾ ਫਲ ਦਿਓ”

“ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।”—ਯੂਹੰਨਾ 15:8.

1. (ੳ) ਚੇਲੇ ਬਣਨ ਦੇ ਸੰਬੰਧ ਵਿਚ ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹੜੀ ਮੰਗ ਬਾਰੇ ਦੱਸਿਆ ਸੀ? (ਅ) ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਸਮਾਂ ਕੱਢ ਕੇ ਆਪਣੇ ਰਸੂਲਾਂ ਨੂੰ ਆਪਣੇ ਦਿਲ ਦੀ ਬਾਤ ਕਹੀ। ਅੱਧੀ ਰਾਤ ਹੋ ਚੁੱਕੀ ਸੀ, ਪਰ ਯਿਸੂ ਅਜੇ ਵੀ ਆਪਣੇ ਪਿਆਰੇ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ। ਫਿਰ ਉਸ ਨੇ ਉਨ੍ਹਾਂ ਨੂੰ ਚੇਲੇ ਬਣੇ ਰਹਿਣ ਦੇ ਸੰਬੰਧ ਵਿਚ ਇਕ ਹੋਰ ਜ਼ਰੂਰੀ ਮੰਗ ਬਾਰੇ ਦੱਸਿਆ। ਉਸ ਨੇ ਕਿਹਾ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ।” (ਯੂਹੰਨਾ 15:8) ਕੀ ਅੱਜ ਅਸੀਂ ਮਸੀਹੀਆਂ ਵਜੋਂ ਇਹ ਮੰਗ ਪੂਰੀ ਕਰਦੇ ਹਾਂ? ‘ਬਹੁਤਾ ਫਲ ਦੇਣ’ ਦਾ ਕੀ ਮਤਲਬ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਆਓ ਆਪਾਂ ਉਸ ਰਾਤ ਦੀ ਗੱਲਬਾਤ ਵੱਲ ਹੋਰ ਧਿਆਨ ਦੇਈਏ।

2. ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਫਲ ਦੇਣ ਬਾਰੇ ਕਿਹੜਾ ਦ੍ਰਿਸ਼ਟਾਂਤ ਦਿੱਤਾ ਸੀ?

2 ਯਿਸੂ ਨੇ ਆਪਣੇ ਰਸੂਲਾਂ ਨੂੰ ‘ਬਹੁਤਾ ਫਲ ਦੇਣ’ ਦੀ ਸਲਾਹ ਇਕ ਦ੍ਰਿਸ਼ਟਾਂਤ ਵਿਚ ਦਿੱਤੀ ਸੀ। ਉਸ ਨੇ ਕਿਹਾ: “ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ। ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ। ਤੁਸੀਂ ਤਾਂ ਉਸ ਬਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਸਾਫ਼ ਹੋ ਚੁੱਕੇ। ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਪਰਕਾਰ ਟਹਿਣੀ ਜੇ ਉਹ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸੱਕਦੀ ਇਸੇ ਪਰਕਾਰ ਤੁਸੀਂ ਵੀ ਜੇ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸੱਕਦੇ। ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। . . . ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ ਅਰ ਇਉਂ ਤੁਸੀਂ ਮੇਰੇ ਚੇਲੇ ਹੋਵੋਗੇ। ਜਿਵੇਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਤਿਵੇਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ। ਤੁਸੀਂ ਮੇਰੇ ਪ੍ਰੇਮ ਵਿੱਚ ਰਹੋ। ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ।”—ਯੂਹੰਨਾ 15:1-10.

3. ਯਿਸੂ ਦੇ ਚੇਲਿਆਂ ਨੂੰ ਫਲ ਦੇਣ ਲਈ ਕੀ ਕਰਨ ਦੀ ਲੋੜ ਹੈ?

3 ਇਸ ਦ੍ਰਿਸ਼ਟਾਂਤ ਵਿਚ ਯਹੋਵਾਹ ਬਾਗ਼ ਦਾ ਮਾਲੀ ਹੈ, ਯਿਸੂ ਅੰਗੂਰੀ ਵੇਲ ਹੈ ਅਤੇ ਜਿਨ੍ਹਾਂ ਰਸੂਲਾਂ ਨਾਲ ਯਿਸੂ ਗੱਲ ਕਰ ਰਿਹਾ ਸੀ ਉਹ ਟਹਿਣੀਆਂ ਸਨ। ਫਲ ਦੇਣ ਲਈ ਰਸੂਲਾਂ ਨੂੰ ਯਿਸੂ ‘ਵਿੱਚ ਰਹਿਣ’ ਅਤੇ ਫਲ ਦੇਣ ਦੀ ਲੋੜ ਸੀ। ਅਗਲੇ ਸ਼ਬਦਾਂ ਦੁਆਰਾ ਯਿਸੂ ਨੇ ਸਮਝਾਇਆ ਕਿ ਉਸ ਦੇ ਰਸੂਲ ਕਿਸ ਤਰ੍ਹਾਂ ਉਸ ਨਾਲ ਏਕਤਾ ਵਿਚ ਰਹਿ ਸਕਦੇ ਸਨ: “ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ।” ਬਾਅਦ ਵਿਚ ਯੂਹੰਨਾ ਰਸੂਲ ਨੇ ਵੀ ਇਹੋ ਜਿਹੇ ਸ਼ਬਦ ਮਸੀਹੀਆਂ ਨੂੰ ਕਹੇ ਸਨ: ‘ਜਿਹੜਾ ਮਸੀਹ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ ਇਹ ਉਹ ਦੇ ਵਿੱਚ ਰਹਿੰਦਾ ਹੈ।’ * (1 ਯੂਹੰਨਾ 2:24; 3:24) ਇਸ ਲਈ, ਮਸੀਹ ਦੇ ਹੁਕਮਾਂ ਦੀ ਪਾਲਣਾ ਕਰਨ ਦੁਆਰਾ ਉਸ ਦੇ ਚੇਲੇ ਉਸ ਨਾਲ ਏਕਤਾ ਵਿਚ ਰਹਿ ਕੇ ਫਲ ਦੇ ਸਕਦੇ ਹਨ। ਪਰ ਸਾਨੂੰ ਆਪਣੇ ਜੀਵਨ ਵਿਚ ਕਿਹੋ ਜਿਹੇ ਫਲ ਪੈਦਾ ਕਰਨੇ ਚਾਹੀਦੇ ਹਨ?

ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰਨ ਦੀ ਲੋੜ ਹੈ

4. ਸਾਨੂੰ ਇਸ ਤੋਂ ਕੀ ਪਤਾ ਲੱਗਦਾ ਹੈ ਕਿ ਯਹੋਵਾਹ ਹਰ ਟਹਿਣੀ ਨੂੰ ਜੋ ਫਲ ਨਹੀਂ ਦਿੰਦੀ “ਲਾਹ ਸੁੱਟਦਾ” ਹੈ?

4 ਅੰਗੂਰੀ ਵੇਲ ਦੇ ਦ੍ਰਿਸ਼ਟਾਂਤ ਵਿਚ ਯਹੋਵਾਹ ਉਨ੍ਹਾਂ ਟਹਿਣੀਆਂ ਨੂੰ “ਲਾਹ ਸੁੱਟਦਾ” ਜਾਂ ਵੱਢ ਸੁੱਟਦਾ ਹੈ ਜੋ ਫਲ ਨਹੀਂ ਦਿੰਦੀਆਂ। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਪਹਿਲੀ ਗੱਲ ਇਹ ਹੈ ਕਿ ਹਰ ਮਸੀਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੀਆਂ ਟਹਿਣੀਆਂ ਵਰਗੇ ਬਣਨ ਜੋ ਫਲ ਦਿੰਦੀਆਂ ਹਨ। ਦੂਜੀ ਗੱਲ ਇਹ ਹੈ ਕਿ ਅਸੀਂ ਸਾਰੇ ਜਣੇ ਫਲ ਪੈਦਾ ਕਰਨ ਦੇ ਯੋਗ ਹਾਂ, ਚਾਹੇ ਸਾਡੇ ਹਾਲਾਤ ਅਤੇ ਸਾਡੀਆਂ ਕਮਜ਼ੋਰੀਆਂ ਜੋ ਮਰਜ਼ੀ ਹੋਣ। ਜੇ ਅਸੀਂ ਅਜਿਹਾ ਫਲ ਪੈਦਾ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਦੇ ‘ਲਾਹ ਕੇ ਨਹੀਂ ਸੁੱਟੇਗਾ’ ਯਾਨੀ ਉਹ ਸਾਨੂੰ ਠੁਕਰਾਵੇਗਾ ਨਹੀਂ ਕਿਉਂਕਿ ਉਹ ਸਾਡੇ ਨਾਲ ਪਿਆਰ ਕਰਦਾ ਹੈ।—ਜ਼ਬੂਰਾਂ ਦੀ ਪੋਥੀ 103:14; ਕੁਲੁੱਸੀਆਂ 3:23; 1 ਯੂਹੰਨਾ 5:3.

5. (ੳ) ਯਿਸੂ ਦੇ ਦ੍ਰਿਸ਼ਟਾਂਤ ਤੋਂ ਇਹ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰ ਸਕਦੇ ਹਾਂ? (ਅ) ਅਸੀਂ ਕਿਨ੍ਹਾਂ ਦੋ ਗੱਲਾਂ ਵਿਚ ਤਰੱਕੀ ਕਰ ਸਕਦੇ ਹਾਂ?

5 ਯਿਸੂ ਦੇ ਦ੍ਰਿਸ਼ਟਾਂਤ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਹਾਲਾਤ ਅਨੁਸਾਰ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਕਰਨ ਦੀ ਲੋੜ ਹੈ। ਧਿਆਨ ਦਿਓ ਕਿ ਯਿਸੂ ਨੇ ਕੀ ਕਿਹਾ ਸੀ: “ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ।” (ਯੂਹੰਨਾ 15:2) ਦ੍ਰਿਸ਼ਟਾਂਤ ਦੇ ਅਖ਼ੀਰਲੇ ਹਿੱਸੇ ਵਿਚ ਯਾਨੀ 8ਵੀਂ ਆਇਤ ਵਿਚ, ਯਿਸੂ ਨੇ ਆਪਣੇ ਚੇਲਿਆਂ ਨੂੰ “ਬਹੁਤਾ ਫਲ” ਦੇਣ ਲਈ ਕਿਹਾ ਸੀ। (ਸਾਰੇ ਟੇਢੇ ਟਾਈਪ ਸਾਡੇ।) ਇਸ ਦਾ ਮਤਲਬ ਹੈ ਕਿ ਮਸੀਹੀ ਹੋਣ ਦੇ ਨਾਤੇ ਸਾਨੂੰ ਕਦੇ ਵੀ ਲਾਪਰਵਾਹੀ ਕਰ ਕੇ ਆਪਣੇ ਹੱਥ ਢਿੱਲੇ ਨਹੀਂ ਹੋਣ ਦੇਣੇ ਚਾਹੀਦੇ। (ਪਰਕਾਸ਼ ਦੀ ਪੋਥੀ 3:14, 15, 19) ਇਸ ਦੀ ਬਜਾਇ, ਸਾਨੂੰ ਫਲ ਦੇਣ ਯਾਨੀ ਸੱਚਾਈ ਵਿਚ ਤਰੱਕੀ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਤਾਂ ਫਿਰ, ਅਸੀਂ ਕਿਨ੍ਹਾਂ ਦੋ ਗੱਲਾਂ ਵਿਚ ਤਰੱਕੀ ਕਰ ਸਕਦੇ ਹਾਂ? (1) ਸਾਨੂੰ “ਆਤਮਾ ਦਾ ਫਲ” ਪੈਦਾ ਕਰਨਾ ਚਾਹੀਦਾ ਹੈ ਅਤੇ (2) ਸਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ।—ਗਲਾਤੀਆਂ 5:22, 23; ਮੱਤੀ 24:14.

ਮਸੀਹੀ ਗੁਣ ਪੈਦਾ ਕਰੋ

6. ਯਿਸੂ ਨੇ ਪਿਆਰ ਕਰਨ ਦੀ ਮਹੱਤਤਾ ਉੱਤੇ ਜ਼ੋਰ ਕਿਵੇਂ ਦਿੱਤਾ ਸੀ?

6 ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਫਲਾਂ ਵਿਚ ਪਹਿਲਾ ਫਲ ਪ੍ਰੇਮ ਹੈ। ਆਤਮਾ ਦੁਆਰਾ ਇਹ ਗੁਣ ਮਸੀਹੀਆਂ ਵਿਚ ਪੈਦਾ ਹੁੰਦਾ ਹੈ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਆਪਣੇ ਰਸੂਲਾਂ ਨਾਲ ਗੱਲ ਕਰਦੇ ਹੋਏ ਪਿਆਰ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਸੀ। ਅੰਗੂਰੀ ਵੇਲ ਦਾ ਦ੍ਰਿਸ਼ਟਾਂਤ ਦੇਣ ਤੋਂ ਪਹਿਲਾਂ ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ ਸੀ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ।” (ਯੂਹੰਨਾ 13:34) ਜਦੋਂ ਮਸੀਹੀ ਇਕ-ਦੂਜੇ ਨਾਲ ਪਿਆਰ ਕਰਦੇ ਹਨ, ਤਾਂ ਉਹ ਯਿਸੂ ਦੇ ਹੁਕਮ ਦੀ ਪਾਲਣਾ ਕਰਦੇ ਹਨ।—ਯੂਹੰਨਾ 14:15, 21, 23, 24; 15:12, 13, 17.

7. ਪਤਰਸ ਨੇ ਵਧੀਆ ਗੁਣ ਪੈਦਾ ਕਰਨ ਦੇ ਸੰਬੰਧ ਵਿਚ ਕਿਹੜੀ ਸਲਾਹ ਦਿੱਤੀ ਸੀ?

7 ਉਸ ਰਾਤ ਪਤਰਸ ਰਸੂਲ ਵੀ ਉੱਥੇ ਮੌਜੂਦ ਸੀ। ਯਿਸੂ ਦੀਆਂ ਗੱਲਾਂ ਤੋਂ ਉਸ ਨੂੰ ਪਤਾ ਲੱਗਾ ਕਿ ਸੱਚੇ ਮਸੀਹੀਆਂ ਨੂੰ ਪਿਆਰ ਦੇ ਨਾਲ-ਨਾਲ ਆਤਮਾ ਦੇ ਦੂਸਰੇ ਫਲ ਵੀ ਪੈਦਾ ਕਰਨੇ ਚਾਹੀਦੇ ਹਨ। ਕਈ ਸਾਲ ਬਾਅਦ ਪਤਰਸ ਨੇ ਮਸੀਹੀਆਂ ਨੂੰ ਸੰਜਮ ਰੱਖਣ ਅਤੇ ਇਕ-ਦੂਜੇ ਨਾਲ ਪਿਆਰ ਕਰਨ ਦੀ ਸਲਾਹ ਦਿੱਤੀ ਸੀ। ਉਸ ਨੇ ਅੱਗੇ ਕਿਹਾ ਕਿ ਜੇ ਇਹ ਗੁਣ ਸਾਡੇ ਵਿਚ ਹੋਣ, ਤਾਂ ਅਸੀਂ “ਨਾ ਆਲਸੀ ਅਤੇ ਨਾ ਨਿਸਫਲ” ਹੋਵਾਂਗੇ। (2 ਪਤਰਸ 1:5-8) ਸਾਡੇ ਹਾਲਾਤ ਜੋ ਮਰਜ਼ੀ ਹੋਣ, ਅਸੀਂ ਸਾਰੇ ਆਤਮਾ ਦਾ ਫਲ ਪੈਦਾ ਕਰ ਸਕਦੇ ਹਾਂ। ਇਸ ਲਈ, ਆਓ ਆਪਾਂ ਯਿਸੂ ਵਾਂਗ ਪਿਆਰ, ਦਿਆਲਗੀ, ਨਰਮਾਈ ਅਤੇ ਦੂਸਰੇ ਵਧੀਆ ਗੁਣ ਪੈਦਾ ਕਰਨ ਵਿਚ ਹੋਰ ਵੀ ਕੋਸ਼ਿਸ਼ ਕਰੀਏ ਕਿਉਂਕਿ “ਇਹੋ ਜੇਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਾ ਨਹੀਂ ਹੈ।” (ਗਲਾਤੀਆਂ 5:23) ਇਸ ਤਰ੍ਹਾਂ ਅਸੀਂ “ਹੋਰ ਵੀ ਫਲ” ਦੇ ਸਕਦੇ ਹਾਂ।—ਟੇਢੇ ਟਾਈਪ ਸਾਡੇ।

ਪਰਮੇਸ਼ੁਰ ਦੇ ਰਾਜ ਬਾਰੇ ਲੋਕਾਂ ਨੂੰ ਦੱਸੋ

8. (ੳ) ਆਤਮਾ ਦਾ ਫਲ ਸਾਨੂੰ ਰਾਜ ਬਾਰੇ ਪ੍ਰਚਾਰ ਕਰਨ ਲਈ ਪ੍ਰੇਰਿਤ ਕਿਵੇਂ ਕਰਦਾ ਹੈ? (ਅ) ਸਾਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?

8 ਜਿਸ ਤਰ੍ਹਾਂ ਇਕ ਦਰਖ਼ਤ ਉੱਤੇ ਲੱਗੇ ਮਿੱਠੇ ਫਲ ਉਸ ਦੀ ਸ਼ਾਨ ਨੂੰ ਵਧਾਉਂਦੇ ਹਨ, ਉਸੇ ਤਰ੍ਹਾਂ ਜੇ ਅਸੀਂ ਆਤਮਾ ਦਾ ਫਲ ਪੈਦਾ ਕਰੀਏ, ਤਾਂ ਅਸੀਂ ਵੀ ਲੋਕਾਂ ਦੀਆਂ ਨਜ਼ਰਾਂ ਵਿਚ ਸੁੰਦਰ ਹੋਵਾਂਗੇ। ਪਰ ਗੱਲ ਸਿਰਫ਼ ਸੁੰਦਰਤਾ ਦੀ ਨਹੀਂ ਹੈ। ਪਿਆਰ ਅਤੇ ਨਿਹਚਾ ਵਰਗੇ ਗੁਣ ਸਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਲੋਕਾਂ ਨੂੰ ਦੱਸਣ ਲਈ ਪ੍ਰੇਰਿਤ ਕਰਦੇ ਹਨ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਇਸ ਗੱਲ ਉੱਤੇ ਕਿਵੇਂ ਜ਼ੋਰ ਦਿੱਤਾ ਸੀ। ਉਸ ਨੇ ਕਿਹਾ: “ਅਸੀਂ ਵੀ ਨਿਹਚਾ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ।” (2 ਕੁਰਿੰਥੀਆਂ 4:13) ਪੌਲੁਸ ਨੇ ਅੱਗੇ ਸਮਝਾਇਆ ਕਿ ਅਸੀਂ ‘ਪਰਮੇਸ਼ੁਰ ਦੇ ਅੱਗੇ ਉਸਤਤ ਦਾ ਬਲੀਦਾਨ ਅਰਥਾਤ ਬੁੱਲ੍ਹਾਂ ਦਾ ਫਲ ਚੜ੍ਹਾਉਂਦੇ ਹਾਂ।’ (ਇਬਰਾਨੀਆਂ 13:15) ਜਦੋਂ ਅਸੀਂ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਂਦੇ ਹਾਂ, ਤਾਂ ਅਸੀਂ ਬੁੱਲ੍ਹਾਂ ਦਾ ਫਲ ਚੜ੍ਹਾਉਂਦੇ ਹਾਂ। ਕੀ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਜ਼ਿਆਦਾ ਹਿੱਸਾ ਲੈ ਸਕਦੇ ਹਾਂ?

9. ਕੀ ਫਲ ਨਵੇਂ ਚੇਲਿਆਂ ਨੂੰ ਦਰਸਾਉਂਦਾ ਹੈ? ਸਮਝਾਓ।

9 ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਰਾਜ ਦੇ ਸੰਦੇਸ਼ ਦੇ ਸੰਬੰਧ ਵਿਚ ਫਲ ਕੀ ਹੈ। ਕੀ ਇਹ ਕਹਿਣਾ ਸਹੀ ਹੈ ਕਿ ਇਹ ਫਲ ਸਿਰਫ਼ ਨਵੇਂ ਚੇਲਿਆਂ ਨੂੰ ਦਰਸਾਉਂਦਾ ਹੈ? (ਮੱਤੀ 28:19) ਕੀ ਫਲ ਮੁੱਖ ਤੌਰ ਤੇ ਉਨ੍ਹਾਂ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੀ ਅਸੀਂ ਬਪਤਿਸਮਾ ਲੈਣ ਵਿਚ ਮਦਦ ਕੀਤੀ ਹੈ? ਨਹੀਂ। ਜੇ ਇਸ ਤਰ੍ਹਾਂ ਹੁੰਦਾ, ਤਾਂ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਨਿਰਾਸ਼ਾ ਦੀ ਖਾਈ ਵਿਚ ਡੁੱਬ ਜਾਣਾ ਸੀ ਕਿਉਂਕਿ ਉਹ ਕਈਆਂ ਸਾਲਾਂ ਤੋਂ ਵਫ਼ਾਦਾਰੀ ਨਾਲ ਰਾਜ ਦਾ ਪ੍ਰਚਾਰ ਉਨ੍ਹਾਂ ਇਲਾਕਿਆਂ ਵਿਚ ਕਰਦੇ ਆਏ ਹਨ ਜਿੱਥੇ ਬਹੁਤ ਘੱਟ ਲੋਕ ਰਾਜ ਦਾ ਸੰਦੇਸ਼ ਸਵੀਕਾਰ ਕਰਦੇ ਹਨ। ਜੇਕਰ ਇਹ ਫਲ ਸਿਰਫ਼ ਨਵੇਂ ਚੇਲਿਆਂ ਨੂੰ ਦਰਸਾਉਂਦਾ ਹੁੰਦਾ, ਤਾਂ ਅਜਿਹੇ ਮਿਹਨਤੀ ਭੈਣਾਂ-ਭਰਾਵਾਂ ਨੇ ਯਿਸੂ ਦੇ ਦ੍ਰਿਸ਼ਟਾਂਤ ਦੀਆਂ ਉਨ੍ਹਾਂ ਟਹਿਣੀਆਂ ਵਰਗੇ ਹੋਣਾ ਸੀ ਜਿਨ੍ਹਾਂ ਨੇ ਫਲ ਨਹੀਂ ਦਿੱਤਾ! ਪਰ ਅਸੀਂ ਜਾਣਦੇ ਹਾਂ ਕਿ ਇਹ ਸੱਚ ਨਹੀਂ ਹੈ। ਤਾਂ ਫਿਰ, ਮੁੱਖ ਤੌਰ ਤੇ ਇਹ ਫਲ ਕੀ ਹੈ?

ਰਾਜ ਦੇ ਸੰਦੇਸ਼ ਦੇ ਸੰਬੰਧ ਵਿਚ ਫਲ ਕੀ ਹੈ?

10. ਯਿਸੂ ਦੇ ਦ੍ਰਿਸ਼ਟਾਂਤ ਅਨੁਸਾਰ ਰਾਜ ਦੇ ਸੰਦੇਸ਼ ਦੇ ਸੰਬੰਧ ਵਿਚ ਫਲ ਪੈਦਾ ਕਰਨ ਦਾ ਮਤਲਬ ਕੀ ਹੈ ਅਤੇ ਕੀ ਨਹੀਂ?

10 ਇਸ ਦਾ ਜਵਾਬ ਸਾਨੂੰ ਯਿਸੂ ਦੇ ਬੀ ਬੀਜਣ ਵਾਲੇ ਤੇ ਜੁਦੀ-ਜੁਦੀ ਕਿਸਮ ਦੀ ਜ਼ਮੀਨ ਦੇ ਦ੍ਰਿਸ਼ਟਾਂਤ ਤੋਂ ਮਿਲਦਾ ਹੈ। ਇਹ ਜਵਾਬ ਉਨ੍ਹਾਂ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਂਦਾ ਹੈ ਜੋ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਦੇ ਹਨ ਜਿੱਥੇ ਇੰਨਾ ਵਾਧਾ ਨਹੀਂ ਹੁੰਦਾ। ਯਿਸੂ ਨੇ ਕਿਹਾ ਸੀ ਕਿ ਬੀ ਰਾਜ ਦਾ ਸੰਦੇਸ਼ ਹੈ ਅਤੇ ਜ਼ਮੀਨ ਇਨਸਾਨ ਦੇ ਦਿਲ ਨੂੰ ਦਰਸਾਉਂਦੀ ਹੈ। ਇਸ ਲਈ, ਬੀ ਬੀਜਣ ਦਾ ਮਤਲਬ ਹੈ ਕਿ ਅਸੀਂ ਸੱਚਾਈ ਦਾ ਬੀ ਲੋਕਾਂ ਦੇ ਦਿਲਾਂ ਵਿਚ ਬੀਜੀਏ। ਨਤੀਜੇ ਵਜੋਂ ਕੁਝ ਬੀ ‘ਚੰਗੀ ਜਮੀਨ ਵਿੱਚ ਕਿਰਦਾ ਅਤੇ ਉੱਗ ਕੇ ਸੌ ਗੁਣਾ ਫਲ ਦਿੰਦਾ ਹੈ।’ (ਲੂਕਾ 8:8) ਫਲ ਸਿਰਫ਼ ਉਸ ਵੇਲੇ ਹੀ ਨਹੀਂ ਪੈਦਾ ਹੁੰਦਾ ਜਦੋਂ ਲੋਕਾਂ ਦੇ ਦਿਲਾਂ ਵਿਚ ਬੀ ਉੱਗਦਾ ਹੈ ਯਾਨੀ ਉਹ ਚੇਲੇ ਬਣ ਜਾਂਦੇ ਹਨ। ਸਗੋਂ ਫਲ ਪੈਦਾ ਕਰਨ ਦਾ ਮਤਲਬ ਹੈ ਕਿ ਅਸੀਂ ਮਿਹਨਤ ਨਾਲ ਰਾਜ ਦਾ ਸੰਦੇਸ਼ ਸੁਣਾਉਂਦੇ ਰਹੀਏ।

11. ਰਾਜ ਦੇ ਸੰਦੇਸ਼ ਦੇ ਸੰਬੰਧ ਵਿਚ ਫਲ ਕੀ ਹੈ?

11 ਤਾਂ ਫਿਰ, ਫਲ ਨਾ ਹੀ ਨਵੇਂ ਚੇਲਿਆਂ ਨੂੰ ਦਰਸਾਉਂਦਾ ਹੈ ਅਤੇ ਨਾ ਹੀ ਮਸੀਹੀ ਗੁਣਾਂ ਨੂੰ। ਬੀ ਰਾਜ ਦਾ ਸੰਦੇਸ਼ ਹੈ ਅਤੇ ਫਲ ਲੋਕਾਂ ਨੂੰ ਪ੍ਰਚਾਰ ਕਰਨ ਦੁਆਰਾ ਰਾਜ ਦਾ ਸੰਦੇਸ਼ ਸੁਣਾਉਣਾ ਹੈ। (ਮੱਤੀ 24:14) ਭਾਵੇਂ ਸਾਡੇ ਸਾਰਿਆਂ ਦੇ ਹਾਲਾਤ ਜੁਦੇ-ਜੁਦੇ ਹਨ, ਫਿਰ ਵੀ ਅਸੀਂ ਸਾਰੇ ਜਣੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਲੋਕਾਂ ਨੂੰ ਸੁਣਾ ਸਕਦੇ ਹਾਂ। ਯਿਸੂ ਆਪਣੇ ਦ੍ਰਿਸ਼ਟਾਂਤ ਵਿਚ ਅੱਗੇ ਸਮਝਾਉਂਦਾ ਹੈ ਕਿ ਇਹ ਕਿਵੇਂ ਮੁਮਕਿਨ ਹੈ।

ਪਰਮੇਸ਼ੁਰ ਦੀ ਵਡਿਆਈ ਕਰਨ ਦੀ ਪੂਰੀ ਕੋਸ਼ਿਸ਼ ਕਰੋ

12. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਸਾਡੇ ਹਾਲਾਤ ਜੋ ਮਰਜ਼ੀ ਹੋਣ ਅਸੀਂ ਸਾਰੇ ਜਣੇ ਰਾਜ ਦਾ ਸੰਦੇਸ਼ ਸੁਣਾ ਸਕਦੇ ਹਾਂ?

12 ਯਿਸੂ ਨੇ ਕਿਹਾ: “ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ . . . ਉਹ ਜਰੂਰ ਫਲ ਦਿੰਦਾ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲਦਾ ਹੈ।” (ਮੱਤੀ 13:23) ਯਿਸੂ ਜਾਣਦਾ ਹੈ ਕਿ ਸਾਡੇ ਸਾਰਿਆਂ ਦੇ ਹਾਲਾਤ ਵੱਖੋ-ਵੱਖਰੇ ਹਨ ਜਿਸ ਕਰਕੇ ਅਸੀਂ ਵੱਖੋ-ਵੱਖਰਾ ਫਲ ਦਿੰਦੇ ਹਾਂ। ਕਈਆਂ ਨੂੰ ਪ੍ਰਚਾਰ ਕਰਨ ਦੇ ਬਹੁਤ ਮੌਕੇ ਮਿਲਦੇ ਹਨ। ਤੰਦਰੁਸਤ ਹੋਣ ਕਾਰਨ ਉਹ ਸ਼ਾਇਦ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਲਗਾ ਸਕਣ। ਅਸੀਂ ਸ਼ਾਇਦ ਉੱਨਾ ਨਾ ਕਰ ਸਕੀਏ ਜਿੰਨਾ ਹੋਰ ਕੋਈ ਵਿਅਕਤੀ ਕਰਦਾ ਹੈ। ਪਰ ਜਿੰਨਾ ਚਿਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਇਸ ਨਾਲ ਯਹੋਵਾਹ ਖ਼ੁਸ਼ ਹੁੰਦਾ ਹੈ। (ਗਲਾਤੀਆਂ 6:4) ਭਾਵੇਂ ਕਿ ਬੁੱਢੇ ਹੋਣ ਕਾਰਨ ਜਾਂ ਬੀਮਾਰੀ ਕਾਰਨ ਅਸੀਂ ਪ੍ਰਚਾਰ ਦੇ ਕੰਮ ਵਿਚ ਉੱਨਾ ਨਹੀਂ ਕਰ ਸਕਦੇ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ, ਫਿਰ ਵੀ ਯਹੋਵਾਹ ਸਾਡਾ ਦਇਆਵਾਨ ਪਿਤਾ ਸਾਨੂੰ ਉਨ੍ਹਾਂ ਵਿੱਚੋਂ ਸਮਝਦਾ ਹੈ ਜੋ ‘ਬਹੁਤਾ ਫਲ ਦਿੰਦੇ ਰਹਿੰਦੇ’ ਹਨ। ਕਿਉਂ? ਕਿਉਂਕਿ ਅਸੀਂ ਪੂਰੇ ਦਿਲ ਨਾਲ ਉਸ ਦੀ ਸੇਵਾ ਕਰ ਰਹੇ ਹਾਂ। *ਮਰਕੁਸ 12:43, 44; ਲੂਕਾ 10:27.

13. (ੳ) ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦਾ ਸਭ ਤੋਂ ਮੁੱਖ ਕਾਰਨ ਕੀ ਹੈ? (ਅ) ਜਿਨ੍ਹਾਂ ਇਲਾਕਿਆਂ ਵਿਚ ਲੋਕ ਇੰਨੀ ਦਿਲਚਸਪੀ ਨਹੀਂ ਲੈਂਦੇ, ਅਸੀਂ ਉੱਥੇ ਵੀ ਫਲ ਕਿਵੇਂ ਦਿੰਦੇ ਰਹਿ ਸਕਦੇ ਹਾਂ? (ਸਫ਼ੇ 21 ਤੇ ਡੱਬੀ ਦੇਖੋ।)

13 ਜੇਕਰ ਅਸੀਂ ਇਹ ਗੱਲ ਯਾਦ ਰੱਖੀਏ ਕਿ ਅਸੀਂ ਇਸ ਕੰਮ ਵਿਚ ਕਿਉਂ ਹਿੱਸਾ ਲੈ ਰਹੇ ਹਾਂ, ਤਾਂ ਅਸੀਂ ਭਾਵੇਂ ਜਿੰਨਾ ਮਰਜ਼ੀ ਕਰ ਸਕੀਏ, ਸਾਨੂੰ ‘ਫਲਦਾਰ ਹੋਣ’ ਲਈ ਪ੍ਰੇਰਣਾ ਮਿਲੇਗੀ। (ਯੂਹੰਨਾ 15:16) ਯਿਸੂ ਨੇ ਇਸ ਕੰਮ ਦਾ ਮੁੱਖ ਕਾਰਨ ਦਿੱਤਾ ਸੀ: “ਮੇਰੇ ਪਿਤਾ ਦੀ ਵਡਿਆਈ ਇਸੇ ਤੋਂ ਹੁੰਦੀ ਹੈ ਜੋ ਤੁਸੀਂ ਬਹੁਤਾ ਫਲ ਦਿਓ।” (ਯੂਹੰਨਾ 15:8) ਜੀ ਹਾਂ, ਸਾਡੇ ਪ੍ਰਚਾਰ ਦੇ ਕੰਮ ਦੁਆਰਾ ਸਾਰੀ ਦੁਨੀਆਂ ਵਿਚ ਯਹੋਵਾਹ ਦੇ ਨਾਂ ਦੀ ਵਡਿਆਈ ਹੁੰਦੀ ਹੈ। (ਜ਼ਬੂਰਾਂ ਦੀ ਪੋਥੀ 109:30) ਓਨਰ ਨਾਂ ਦੀ 75 ਕੁ ਸਾਲਾਂ ਦੀ ਇਕ ਵਫ਼ਾਦਾਰ ਭੈਣ ਦੱਸਦੀ ਹੈ: “ਜਿੱਥੇ ਲੋਕ ਰਾਜ ਦੇ ਸੰਦੇਸ਼ ਵਿਚ ਇੰਨੀ ਦਿਲਚਸਪੀ ਨਹੀਂ ਲੈਂਦੇ, ਮੇਰੇ ਲਈ ਉੱਥੇ ਵੀ ਪਰਮੇਸ਼ੁਰ ਬਾਰੇ ਲੋਕਾਂ ਨੂੰ ਦੱਸਣਾ ਇਕ ਵੱਡਾ ਸਨਮਾਨ ਹੈ।” ਕਲੋਡਿਓ 1974 ਤੋਂ ਲੈ ਕੇ ਵਫ਼ਾਦਾਰੀ ਨਾਲ ਪ੍ਰਚਾਰ ਕਰਦਾ ਆਇਆ ਹੈ ਭਾਵੇਂ ਕਿ ਬਹੁਤਿਆਂ ਨੇ ਉਸ ਦੀ ਗੱਲ ਨਹੀਂ ਸੁਣੀ। ਜਦ ਉਸ ਨੂੰ ਪੁੱਛਿਆ ਗਿਆ ਕਿ ਉਹ ਹਾਲੇ ਵੀ ਪ੍ਰਚਾਰ ਕਿਉਂ ਕਰਦਾ ਹੈ, ਤਾਂ ਜਵਾਬ ਵਿਚ ਉਸ ਨੇ ਯੂਹੰਨਾ 4:34 ਦਾ ਹਵਾਲਾ ਦਿੱਤਾ, ਜਿੱਥੇ ਯਿਸੂ ਨੇ ਕਿਹਾ ਸੀ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਅਰ ਉਹ ਦਾ ਕੰਮ ਸੰਪੂਰਣ ਕਰਾਂ।” ਕਲੋਡਿਓ ਨੇ ਅੱਗੇ ਕਿਹਾ: “ਮੈਂ ਯਿਸੂ ਵਾਂਗ ਰਾਜ ਦੇ ਪ੍ਰਚਾਰਕ ਵਜੋਂ ਜੋ ਕੰਮ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਵੀ ਕਰਨਾ ਚਾਹੁੰਦਾ ਹਾਂ।” (ਯੂਹੰਨਾ 17:4) ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਇਸ ਭਰਾ ਨਾਲ ਸਹਿਮਤ ਹਨ।—ਸਫ਼ੇ 21 ਤੇ “ਅਸੀਂ ‘ਧੀਰਜ ਨਾਲ ਫਲ’ ਕਿਸ ਤਰ੍ਹਾਂ ਦੇ ਸਕਦੇ ਹਾਂ?” ਨਾਂ ਦੀ ਡੱਬੀ ਦੇਖੋ।

ਪ੍ਰਚਾਰਕ ਅਤੇ ਸਿੱਖਿਅਕ ਬਣੋ

14. (ੳ) ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਯਿਸੂ ਨੇ ਕਿਹੜੇ ਦੋ ਕੰਮ ਕੀਤੇ ਸਨ? (ਅ) ਅੱਜ ਮਸੀਹੀ ਕਿਹੜਾ ਕੰਮ ਕਰ ਰਹੇ ਹਨ?

14 ਇੰਜੀਲਾਂ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਭ ਤੋਂ ਪਹਿਲਾਂ ਰਾਜ ਦਾ ਪ੍ਰਚਾਰ ਕੀਤਾ ਸੀ। (ਮੱਤੀ 3:1, 2; ਲੂਕਾ 3:18) ਉਹ ਖ਼ਾਸ ਕਰ ਕੇ ‘ਸਾਖੀ ਦੇਣ’ ਆਇਆ ਸੀ। ਉਸ ਨੇ ਇਸ ਉਮੀਦ ਨਾਲ ਇਹ ਕੰਮ ਨਿਹਚਾ ਅਤੇ ਵੱਡੇ ਜੋਸ਼ ਨਾਲ ਕੀਤਾ ਸੀ ਕਿ ‘ਸਭ ਲੋਕ ਉਹ ਦੇ ਰਾਹੀਂ ਨਿਹਚਾ ਕਰਨਗੇ।’ (ਯੂਹੰਨਾ 1:6, 7) ਯੂਹੰਨਾ ਪ੍ਰਚਾਰਕ ਅਤੇ ਸਿੱਖਿਅਕ ਵੀ ਸੀ। ਨਤੀਜੇ ਵਜੋਂ ਕਈ ਉਸ ਦੀਆਂ ਗੱਲਾਂ ਸੁਣ ਕੇ ਯਿਸੂ ਦੇ ਚੇਲੇ ਬਣੇ ਸਨ। (ਯੂਹੰਨਾ 1:35-37) ਯਿਸੂ ਵੀ ਇਕ ਪ੍ਰਚਾਰਕ ਅਤੇ ਸਿੱਖਿਅਕ ਸੀ। (ਮੱਤੀ 4:23; 11:1) ਤਾਂ ਫਿਰ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਰਫ਼ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰਨ ਦਾ ਹੁਕਮ ਹੀ ਨਹੀਂ ਦਿੱਤਾ, ਪਰ ਉਸ ਨੇ ਚੇਲੇ ਬਣਨ ਦੇ ਸੰਬੰਧ ਵਿਚ ਲੋਕਾਂ ਦੀ ਮਦਦ ਕਰਨ ਲਈ ਵੀ ਕਿਹਾ ਸੀ। (ਮੱਤੀ 28:19, 20) ਅੱਜ ਸਾਡਾ ਕੰਮ ਵੀ ਲੋਕਾਂ ਨੂੰ ਪ੍ਰਚਾਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖਿਆ ਦੇਣ ਦਾ ਹੈ।

15. ਪਹਿਲੀ ਸਦੀ ਵਾਂਗ ਅੱਜ ਲੋਕ ਰਾਜ ਦਾ ਸੰਦੇਸ਼ ਸੁਣ ਕੇ ਕੀ ਕਰਦੇ ਹਨ?

15 ਪਹਿਲੀ ਸਦੀ ਵਿਚ ਜਿਨ੍ਹਾਂ ਲੋਕਾਂ ਨੇ ਪੌਲੁਸ ਨੂੰ ਪ੍ਰਚਾਰ ਕਰਦੇ ਅਤੇ ਸਿੱਖਿਆ ਦਿੰਦੇ ਹੋਏ ਸੁਣਿਆ ਸੀ, ਉਨ੍ਹਾਂ ਵਿੱਚੋਂ “ਕਈਆਂ ਨੇ ਓਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਪਰਤੀਤ ਨਾ ਕੀਤੀ।” (ਰਸੂਲਾਂ ਦੇ ਕਰਤੱਬ 28:24) ਅੱਜ ਵੀ ਇਸੇ ਤਰ੍ਹਾਂ ਹੁੰਦਾ ਹੈ। ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਰਾਜ ਦਾ ਸੰਦੇਸ਼ ਸੁਣਦੇ ਨਹੀਂ। ਫਿਰ ਵੀ, ਜਿਸ ਤਰ੍ਹਾਂ ਯਿਸੂ ਨੇ ਕਿਹਾ ਸੀ ਕੁਝ ਬੀ ਚੰਗੀ ਜ਼ਮੀਨ ਉੱਤੇ ਡਿੱਗਦਾ ਹੈ, ਉਹ ਜੜ੍ਹ ਫੜਦਾ ਹੈ ਅਤੇ ਉੱਗਦਾ ਹੈ। ਇਸੇ ਤਰ੍ਹਾਂ ਸੰਸਾਰ ਭਰ ਵਿਚ ਹਰ ਹਫ਼ਤੇ ਤਕਰੀਬਨ 5,000 ਲੋਕ ‘ਸੁਣਾਈਆਂ ਗਈਆਂ ਗੱਲਾਂ ਮੰਨ ਕੇ’ ਯਿਸੂ ਦੇ ਸੱਚੇ ਚੇਲੇ ਬਣਦੇ ਹਨ! ਉਹ ਰਾਜ ਦਾ ਸੰਦੇਸ਼ ਕਿਉਂ ਸਵੀਕਾਰ ਕਰਦੇ ਹਨ? ਅਕਸਰ ਇਹ ਇਸ ਲਈ ਹੁੰਦਾ ਹੈ ਕਿਉਂਕਿ ਯਹੋਵਾਹ ਦੇ ਗਵਾਹ ਪਿਆਰ ਨਾਲ ਉਨ੍ਹਾਂ ਦੀ ਮਦਦ ਕਰਦੇ ਹਨ। (1 ਕੁਰਿੰਥੀਆਂ 3:6) ਦੋ ਉਦਾਹਰਣਾਂ ਵੱਲ ਧਿਆਨ ਦਿਓ।

ਲੋਕਾਂ ਵਿਚ ਨਿੱਜੀ ਦਿਲਚਸਪੀ ਲੈਣ ਦੇ ਵਧੀਆ ਨਤੀਜੇ

16, 17. ਪ੍ਰਚਾਰ ਕਰਦੇ ਹੋਏ ਸਾਨੂੰ ਲੋਕਾਂ ਵਿਚ ਨਿੱਜੀ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

16 ਕੈਰੋਲਿਨ ਨਾਂ ਦੀ ਇਕ ਗਵਾਹ ਬੈਲਜੀਅਮ ਵਿਚ ਰਹਿੰਦੀ ਹੈ। ਉਸ ਨੂੰ ਪ੍ਰਚਾਰ ਦੇ ਕੰਮ ਵਿਚ ਇਕ ਸਿਆਣੀ ਔਰਤ ਮਿਲੀ ਜਿਸ ਨੂੰ ਰਾਜ ਦੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਸੀ। ਪਰ ਇਹ ਦੇਖ ਕੇ ਕਿ ਉਸ ਔਰਤ ਦੇ ਹੱਥ ਨੂੰ ਪੱਟੀ ਬੰਨ੍ਹੀ ਹੋਈ ਸੀ, ਕੈਰੋਲਿਨ ਅਤੇ ਇਕ ਹੋਰ ਭੈਣ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਉਸ ਦੀ ਕੋਈ ਮਦਦ ਕਰ ਸਕਦੀਆਂ ਸਨ? ਪਰ ਔਰਤ ਨੇ ਕਿਹਾ ਉਸ ਨੂੰ ਮਦਦ ਦੀ ਲੋੜ ਨਹੀਂ ਸੀ। ਦੋ ਦਿਨ ਬਾਅਦ ਇਹ ਭੈਣਾਂ ਉਸ ਔਰਤ ਦਾ ਹਾਲ-ਚਾਲ ਪੁੱਛਣ ਦੁਬਾਰਾ ਉਸ ਨੂੰ ਮਿਲਣ ਗਈਆਂ। ਕੈਰੋਲਿਨ ਦੱਸਦੀ ਹੈ: “ਇਸ ਦਾ ਉਸ ਔਰਤ ਤੇ ਗਹਿਰਾ ਅਸਰ ਪਿਆ। ਉਹ ਇਹ ਦੇਖ ਕੇ ਹੈਰਾਨ ਹੋਈ ਕਿ ਸਾਨੂੰ ਸੱਚ-ਮੁੱਚ ਉਸ ਵਿਚ ਦਿਲਚਸਪੀ ਸੀ। ਉਸ ਨੇ ਸਾਨੂੰ ਅੰਦਰ ਬੁਲਾਇਆ ਅਤੇ ਅਸੀਂ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ।”

17 ਸੈਂਡੀ ਅਮਰੀਕਾ ਵਿਚ ਰਹਿਣ ਵਾਲੀ ਗਵਾਹ ਹੈ। ਇਹ ਭੈਣ ਵੀ ਪ੍ਰਚਾਰ ਕਰਦੀ ਹੋਈ ਲੋਕਾਂ ਵਿਚ ਨਿੱਜੀ ਦਿਲਚਸਪੀ ਲੈਂਦੀ ਹੈ। ਪਹਿਲਾਂ ਇਹ ਭੈਣ ਅਖ਼ਬਾਰ ਵਿਚ ਦੇਖਦੀ ਹੈ ਕਿ ਕਿਨ੍ਹਾਂ ਪਰਿਵਾਰਾਂ ਵਿਚ ਨਵੇਂ ਬੱਚਿਆਂ ਦੇ ਜਨਮ ਦੀ ਸੂਚਨਾ ਦਿੱਤੀ ਗਈ ਹੈ। ਫਿਰ ਉਹ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਲੈ ਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਮਿਲਣ ਜਾਂਦੀ ਹੈ। * ਆਮ ਤੌਰ ਤੇ ਮਾਂ ਘਰ ਹੁੰਦੀ ਹੈ ਅਤੇ ਉਹ ਖ਼ੁਸ਼ੀ ਨਾਲ ਆਪਣੇ ਬੱਚੇ ਬਾਰੇ ਗੱਲਬਾਤ ਕਰਨ ਲਈ ਤਿਆਰ ਹੁੰਦੀ ਹੈ। ਸੈਂਡੀ ਸਮਝਾਉਂਦੀ ਹੈ: “ਮੈਂ ਮਾਪਿਆਂ ਨੂੰ ਇਸ ਗੱਲ ਦੀ ਮਹੱਤਤਾ ਬਾਰੇ ਦੱਸਦੀ ਹਾਂ ਕਿ ਉਹ ਆਪਣੇ ਬੱਚੇ ਨੂੰ ਕੁਝ ਪੜ੍ਹ ਕੇ ਸੁਣਾਉਣ ਦੁਆਰਾ ਉਸ ਨਾਲ ਗੂੜ੍ਹਾ ਸੰਬੰਧ ਜੋੜ ਸਕਦੇ ਹਨ। ਫਿਰ ਮੈਂ ਉਨ੍ਹਾਂ ਨਾਲ ਇਸ ਬਾਰੇ ਗੱਲ ਕਰਦੀ ਹਾਂ ਕਿ ਇਸ ਸੰਸਾਰ ਵਿਚ ਬੱਚਿਆਂ ਦੀ ਦੇਖ-ਭਾਲ ਕਰਨੀ ਕਿੰਨੀ ਔਖੀ ਹੈ।” ਕੁਝ ਹੀ ਸਮੇਂ ਪਹਿਲਾਂ ਇਸ ਭੈਣ ਦੇ ਜਤਨਾਂ ਕਾਰਨ ਇਕ ਮਾਂ ਅਤੇ ਉਸ ਦੇ ਛੇ ਬੱਚੇ ਯਹੋਵਾਹ ਦੀ ਸੇਵਾ ਕਰਨ ਲੱਗੇ। ਜੇ ਅਸੀਂ ਪ੍ਰਚਾਰ ਕਰਦੇ ਹੋਏ ਲੋਕਾਂ ਵਿਚ ਇਸ ਤਰ੍ਹਾਂ ਨਿੱਜੀ ਦਿਲਚਸਪੀ ਲਈਏ, ਤਾਂ ਸਾਨੂੰ ਵੀ ਬਰਕਤਾਂ ਮਿਲਣਗੀਆਂ।

18. (ੳ) ਅਸੀਂ ਸਾਰੇ ‘ਬਹੁਤਾ ਫਲ ਦੇਣ’ ਦੀ ਮੰਗ ਕਿਵੇਂ ਪੂਰੀ ਕਰ ਸਕਦੇ ਹਾਂ? (ਅ) ਚੇਲੇ ਬਣਨ ਦੇ ਸੰਬੰਧ ਵਿਚ ਤੁਸੀਂ ਕਿਹੜੀਆਂ ਤਿੰਨ ਮੰਗਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ?

18 ਇਹ ਜਾਣ ਕੇ ਸਾਡਾ ਹੌਸਲਾ ਕਿੰਨਾ ਵਧਦਾ ਹੈ ਕਿ ਅਸੀਂ ਸਾਰੇ ‘ਬਹੁਤਾ ਫਲ ਦੇਣ’ ਦੀ ਮੰਗ ਪੂਰੀ ਕਰ ਸਕਦੇ ਹਾਂ! ਚਾਹੇ ਅਸੀਂ ਨੌਜਵਾਨ ਹੋਈਏ ਜਾਂ ਸਿਆਣੇ, ਚਾਹੇ ਤੰਦਰੁਸਤ ਜਾਂ ਬੀਮਾਰ, ਚਾਹੇ ਲੋਕ ਸਾਡੀ ਗੱਲ ਸੁਣਨ ਜਾਂ ਨਾ, ਅਸੀਂ ਸਾਰੇ ਬਹੁਤਾ ਫਲ ਦੇ ਸਕਦੇ ਹਾਂ। ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਸਾਨੂੰ ਅੱਗੇ ਨਾਲੋਂ ਵਧ ਕੇ ਆਤਮਾ ਦਾ ਫਲ ਪੈਦਾ ਕਰਨ ਅਤੇ ਆਪਣੀ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਦੀ ਲੋੜ ਹੈ। ਇਸ ਦੇ ਨਾਲ-ਨਾਲ ਸਾਨੂੰ ‘ਯਿਸੂ ਦੇ ਬਚਨ ਤੇ ਖਲੋਤੇ ਰਹਿਣ,’ ਅਤੇ ‘ਆਪੋ ਵਿੱਚ ਪ੍ਰੇਮ ਰੱਖਣ’ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ ਹਾਂ, ਜੇਕਰ ਅਸੀਂ ਚੇਲੇ ਬਣਨ ਦੇ ਸੰਬੰਧ ਵਿਚ ਇਹ ਤਿੰਨ ਮੰਗਾਂ ਪੂਰੀਆਂ ਕਰਾਂਗੇ, ਤਾਂ ਅਸੀਂ ਦਿਖਾਵਾਂਗੇ ਕਿ ਅਸੀਂ ਸੱਚ-ਮੁੱਚ ‘ਯਿਸੂ ਦੇ ਚੇਲੇ ਹਾਂ।’—ਯੂਹੰਨਾ 8:31; 13:35.

[ਫੁਟਨੋਟ]

^ ਪੈਰਾ 3 ਭਾਵੇਂ ਕਿ ਦ੍ਰਿਸ਼ਟਾਂਤ ਵਿਚ ਅੰਗੂਰੀ ਵੇਲ ਦੀਆਂ ਟਹਿਣੀਆਂ ਯਿਸੂ ਦੇ ਰਸੂਲਾਂ ਅਤੇ ਉਨ੍ਹਾਂ ਮਸੀਹੀਆਂ ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਦੀ ਸਵਰਗੀ ਉਮੀਦ ਹੈ, ਪਰ ਇਸ ਦ੍ਰਿਸ਼ਟਾਂਤ ਦੀਆਂ ਗੱਲਾਂ ਤੋਂ ਹਰ ਮਸੀਹੀ ਨੂੰ ਲਾਭ ਮਿਲ ਸਕਦਾ ਹੈ।—ਯੂਹੰਨਾ 3:16; 10:16.

^ ਪੈਰਾ 12 ਜਿਹੜੇ ਭੈਣ-ਭਰਾ ਬੁੱਢੇ ਜਾਂ ਬੀਮਾਰ ਹੋਣ ਕਾਰਨ ਘਰੋਂ ਬਾਹਰ ਨਹੀਂ ਜਾ ਸਕਦੇ, ਉਹ ਸ਼ਾਇਦ ਚਿੱਠੀਆਂ ਲਿਖ ਕੇ, ਟੈਲੀਫ਼ੋਨ ਕਰ ਕੇ ਜਾਂ ਘਰ ਆਏ ਕਿਸੇ ਮਹਿਮਾਨ ਨਾਲ ਗੱਲਬਾਤ ਕਰ ਕੇ ਖ਼ੁਸ਼ ਖ਼ਬਰੀ ਸੁਣਾਉਣ ਵਿਚ ਹਿੱਸਾ ਲੈ ਸਕਣ।

^ ਪੈਰਾ 17 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ।

ਵਿਚਾਰ ਕਰਨ ਲਈ ਸਵਾਲ

• ਸਾਨੂੰ ਅੱਗੇ ਨਾਲੋਂ ਜ਼ਿਆਦਾ ਕਿਹੜਾ ਫਲ ਦੇਣ ਦੀ ਲੋੜ ਹੈ?

• ਅਸੀਂ ਸਾਰੇ ‘ਬਹੁਤਾ ਫਲ ਦੇਣ’ ਦੀ ਮੰਗ ਕਿਵੇਂ ਪੂਰੀ ਕਰ ਸਕਦੇ ਹਾਂ?

• ਚੇਲੇ ਬਣਨ ਦੇ ਸੰਬੰਧ ਵਿਚ ਅਸੀਂ ਕਿਨ੍ਹਾਂ ਤਿੰਨ ਮੰਗਾਂ ਬਾਰੇ ਚਰਚਾ ਕੀਤੀ ਹੈ?

[ਸਵਾਲ]

[ਸਫ਼ੇ 21 ਉੱਤੇ ਡੱਬੀ/ਤਸਵੀਰ]

ਅਸੀਂ “ਧੀਰਜ ਨਾਲ ਫਲ” ਕਿਸ ਤਰ੍ਹਾਂ ਦੇ ਸਕਦੇ ਹਾਂ?

ਉਨ੍ਹਾਂ ਇਲਾਕਿਆਂ ਵਿਚ ਵਫ਼ਾਦਾਰੀ ਨਾਲ ਪ੍ਰਚਾਰ ਕਰਦੇ ਰਹਿਣ ਵਿਚ ਤੁਹਾਨੂੰ ਕਿੱਥੋਂ ਮਦਦ ਮਿਲਦੀ ਹੈ ਜਿੱਥੇ ਲੋਕ ਰਾਜ ਦੇ ਸੰਦੇਸ਼ ਵਿਚ ਇੰਨੀ ਦਿਲਚਸਪੀ ਨਹੀਂ ਲੈਂਦੇ? ਇਸ ਸਵਾਲ ਦੇ ਕੁਝ ਜਵਾਬ ਹੇਠਾਂ ਦਿੱਤੇ ਗਏ ਹਨ।

“ਲੋਕ ਚਾਹੇ ਸਾਡੇ ਸੰਦੇਸ਼ ਨੂੰ ਸੁਣਨ ਜਾਂ ਨਾ, ਪਰ ਮੈਂ ਜਾਣਦਾ ਹਾਂ ਕਿ ਯਿਸੂ ਸਾਨੂੰ ਸਹਾਰਾ ਦੇ ਰਿਹਾ ਹੈ ਇਸ ਤੋਂ ਮੈਨੂੰ ਦ੍ਰਿੜ੍ਹ ਰਹਿਣ ਲਈ ਮਦਦ ਮਿਲਦੀ ਹੈ ਅਤੇ ਮੈਂ ਚੰਗਾ ਰਵੱਈਆ ਰੱਖ ਸਕਦਾ ਹਾਂ।”—72 ਸਾਲਾਂ ਦਾ ਹੈਰੀ, ਜਿਸ ਨੇ 1946 ਵਿਚ ਬਪਤਿਸਮਾ ਲਿਆ ਸੀ।

“ਮੈਨੂੰ 2 ਕੁਰਿੰਥੀਆਂ 2:17 ਤੋਂ ਬਹੁਤ ਹੌਸਲਾ ਮਿਲਦਾ ਹੈ। ਉੱਥੇ ਲਿਖਿਆ ਹੈ ਕਿ ਅਸੀਂ ‘ਪਰਮੇਸ਼ੁਰ ਦੇ ਅੱਗੇ ਮਸੀਹ’ ਨਾਲ ਸੇਵਕਾਈ ਵਿਚ ਹਿੱਸਾ ਲੈਂਦੇ ਹਾਂ। ਜਦੋਂ ਮੈਂ ਪ੍ਰਚਾਰ ਦਾ ਕੰਮ ਕਰਦਾ ਹਾਂ, ਤਾਂ ਮੈਂ ਆਪਣੇ ਜਿਗਰੀ ਦੋਸਤਾਂ ਦੀ ਸੰਗਤ ਦਾ ਆਨੰਦ ਮਾਣਦਾ ਹਾਂ।”—43 ਸਾਲਾਂ ਦਾ ਕਲੋਡਿਓ, ਜਿਸ ਨੇ 1974 ਵਿਚ ਬਪਤਿਸਮਾ ਲਿਆ ਸੀ।

“ਸੱਚ ਦੱਸਾਂ ਤਾਂ ਪ੍ਰਚਾਰ ਦਾ ਕੰਮ ਕਰਨਾ ਮੈਨੂੰ ਬਹੁਤ ਔਖਾ ਲੱਗਦਾ ਹੈ। ਪਰ, ਮੈਂ ਆਪਣੇ ਉੱਤੇ ਜ਼ਬੂਰਾਂ ਦੀ ਪੋਥੀ 18:29 ਦੇ ਸ਼ਬਦ ਪੂਰੇ ਹੁੰਦੇ ਦੇਖੇ ਹਨ: ‘ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਕੰਧ ਨੂੰ ਟੱਪ ਸਕਦਾ ਹਾਂ।’”—79 ਸਾਲਾਂ ਦਾ ਗੈਰਾਡ, ਜਿਸ ਨੇ 1955 ਵਿਚ ਬਪਤਿਸਮਾ ਲਿਆ ਸੀ।

“ਪ੍ਰਚਾਰ ਕਰਦੇ ਸਮੇਂ ਜੇ ਮੈਨੂੰ ਬਾਈਬਲ ਵਿੱਚੋਂ ਇਕ ਹਵਾਲਾ ਪੜ੍ਹਨ ਦਾ ਮੌਕਾ ਮਿਲਦਾ ਹੈ, ਤਾਂ ਮੈਨੂੰ ਬਹੁਤ ਹੀ ਖ਼ੁਸ਼ੀ ਹੁੰਦੀ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿ ਬਾਈਬਲ ਪੜ੍ਹਨ ਦੁਆਰਾ ਕਿਸੇ ਦਾ ਦਿਲ ਪਰਖਿਆ ਗਿਆ ਹੈ।”—26 ਸਾਲਾਂ ਦੀ ਐਲਨੋਰ, ਜਿਸ ਨੇ 1989 ਵਿਚ ਬਪਤਿਸਮਾ ਲਿਆ ਸੀ।

“ਮੈਂ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਪਰ ਗੱਲਬਾਤ ਕਰਨ ਦੇ ਇੰਨੇ ਤਰੀਕੇ ਹਨ ਕਿ ਮੈਂ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਦੌਰਾਨ ਉਨ੍ਹਾਂ ਸਾਰਿਆਂ ਨੂੰ ਵਰਤ ਨਹੀਂ ਸਕਾਂਗਾ।”—79 ਸਾਲਾਂ ਦਾ ਪੌਲ, ਜਿਸ ਨੇ 1940 ਵਿਚ ਬਪਤਿਸਮਾ ਲਿਆ ਸੀ।

“ਜਦੋਂ ਲੋਕ ਸੰਦੇਸ਼ ਨੂੰ ਸੁਣਨਾ ਨਹੀਂ ਚਾਹੁੰਦੇ ਜਾਂ ਮੈਨੂੰ ਬੁਰਾ-ਭਲਾ ਕਹਿੰਦੇ ਹਨ, ਤਾਂ ਮੈਂ ਗੁੱਸਾ ਨਹੀਂ ਕਰਦਾ। ਮੈਂ ਮੁਸਕਰਾ ਕੇ ਅਤੇ ਨਿੱਘੇ

ਸੁਭਾਅ ਨਾਲ ਗੱਲ ਕਰਨ ਅਤੇ ਲੋਕਾਂ ਦੇ ਵਿਚਾਰ ਸੁਣਨ ਦੀ ਕੋਸ਼ਿਸ਼ ਕਰਦਾ ਹਾਂ।”—75 ਸਾਲਾਂ ਦਾ ਡਾਨਿਏਲ, ਜਿਸ ਨੇ 1946 ਵਿਚ ਬਪਤਿਸਮਾ ਲਿਆ ਸੀ।

“ਮੈਂ ਨਵੇਂ ਭੈਣਾਂ-ਭਰਾਵਾਂ ਨੂੰ ਮਿਲੀ ਹਾਂ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ ਆਪਣੇ ਪ੍ਰਚਾਰ ਦੇ ਕੰਮ ਦੌਰਾਨ ਗਵਾਹ ਬਣਨ ਵਿਚ ਉਨ੍ਹਾਂ ਦੀ ਮਦਦ ਕੀਤੀ ਹੈ। ਇਸ ਗੱਲ ਦੀ ਮੈਨੂੰ ਖ਼ਬਰ ਨਹੀਂ ਸੀ ਕਿ ਬਾਅਦ ਵਿਚ ਕਿਸੇ ਹੋਰ ਭੈਣ-ਭਰਾ ਨੇ ਉਨ੍ਹਾਂ ਦੇ ਨਾਲ ਬਾਈਬਲ ਸਟੱਡੀ ਕਰ ਕੇ ਬਪਤਿਸਮਾ ਲੈਣ ਵਿਚ ਉਨ੍ਹਾਂ ਦੀ ਮਦਦ ਕੀਤੀ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਚੇਲੇ ਬਣਾਉਣ ਵਿਚ ਅਸੀਂ ਸਾਰੇ ਜਣੇ ਹਿੱਸਾ ਲੈਂਦੇ ਹਾਂ।”—66 ਸਾਲਾਂ ਦੀ ਜੋਨ, ਜਿਸ ਨੇ 1954 ਵਿਚ ਬਪਤਿਸਮਾ ਲਿਆ ਸੀ।

ਤੁਹਾਨੂੰ ‘ਧੀਰਜ ਨਾਲ ਫਲ ਦੇਣ’ ਵਿਚ ਕਿਵੇਂ ਮਦਦ ਮਿਲਦੀ ਹੈ?—ਲੂਕਾ 8:15.

[ਸਫ਼ੇ 20 ਉੱਤੇ ਤਸਵੀਰਾਂ]

ਆਤਮਾ ਦਾ ਫਲ ਪੈਦਾ ਕਰਨ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਦੁਆਰਾ ਅਸੀਂ ਬਹੁਤਾ ਫਲ ਦਿੰਦੇ ਹਾਂ

[ਸਫ਼ੇ 23 ਉੱਤੇ ਤਸਵੀਰ]

ਯਿਸੂ ਦਾ ਕੀ ਮਤਲਬ ਸੀ ਜਦੋਂ ਉਸ ਨੇ ਆਪਣੇ ਰਸੂਲਾਂ ਨੂੰ ਕਿਹਾ: “ਤੁਸੀਂ ਬਹੁਤਾ ਫਲ ਦਿਓ”?