Skip to content

Skip to table of contents

ਦੁੱਖਾਂ ਦੇ ਭਾਂਬੜਾਂ ਵਾਲਾ ਜੀਵਨ

ਦੁੱਖਾਂ ਦੇ ਭਾਂਬੜਾਂ ਵਾਲਾ ਜੀਵਨ

ਜੀਵਨੀ

ਦੁੱਖਾਂ ਦੇ ਭਾਂਬੜਾਂ ਵਾਲਾ ਜੀਵਨ

ਪੈਰਾਕਲੀਜ਼ ਯਾਨੂਰਿਸ ਦੀ ਜ਼ਬਾਨੀ

ਮੈਂ ਆਪਣੇ ਸਿੱਲ੍ਹੇ ਕੈਦਖ਼ਾਨੇ ਵਿਚ ਸਿਰਫ਼ ਇਕ ਪਤਲਾ ਜਿਹਾ ਕੰਬਲ ਲੈ ਕੇ ਇਕੱਲਾ ਬੈਠਾ ਠੁਰ-ਠੁਰ ਕਰ ਰਿਹਾ ਸੀ। ਮੈਨੂੰ ਹਾਲੇ ਵੀ ਆਪਣੀ ਜਵਾਨ ਪਤਨੀ ਦੀ ਯਾਦ ਆ ਰਹੀ ਸੀ ਜਿਸ ਸਮੇਂ ਮਿਲਿਸ਼ੀਆ ਦੇ ਮੈਂਬਰਾਂ ਨੇ ਮੈਨੂੰ ਘਰੋਂ ਖਿੱਚ-ਧੂਹ ਕੇ ਇਸ ਕੈਦ ਵਿਚ ਲਿਆ ਕੇ ਸੁੱਟ ਦਿੱਤਾ ਸੀ। ਮੇਰੇ ਧਰਮ ਨਾਲ ਸਹਿਮਤ ਨਾ ਹੋਣ ਕਰਕੇ ਉਸ ਦਾ ਚਿਹਰਾ ਕਿੰਨਾ ਰੁੱਖਾ-ਰੁੱਖਾ ਲੱਗਦਾ ਸੀ। ਉਹ ਸਾਡੇ ਦੋ ਛੋਟੇ ਬੱਚਿਆਂ ਨਾਲ ਪਿੱਛੇ ਇਕੱਲੀ ਰਹਿ ਗਈ ਸੀ ਜੋ ਦੋਵੇਂ ਬੀਮਾਰ ਸਨ। ਉਸ ਨੇ ਬਾਅਦ ਵਿਚ ਮੈਨੂੰ ਇਕ ਪਾਰਸਲ ਦੇ ਨਾਲ-ਨਾਲ ਇਕ ਨੋਟ ਭੇਜਿਆ ਜਿਸ ਵਿਚ ਲਿਖਿਆ ਸੀ: “ਮੈਂ ਤੈਨੂੰ ਕੁਝ ਕੇਕ ਭੇਜ ਰਹੀ ਹਾਂ, ਖਾ ਕੇ ਤੂੰ ਵੀ ਆਪਣੇ ਨਿਆਣੇ ਵਾਂਗ ਬੀਮਾਰ ਹੋ ਜਾ।” ਕੀ ਮੈਂ ਕਦੇ ਵੀ ਆਪਣੇ ਪਰਿਵਾਰ ਕੋਲ ਸਹੀ-ਸਲਾਮਤ ਵਾਪਸ ਮੁੜਾਂਗਾ?

ਮੇਰੀ ਦੁੱਖਾਂ-ਭਰੀ ਜ਼ਿੰਦਗੀ ਵਿਚ ਇਹ ਤਾਂ ਇੱਕੋ ਹੀ ਘਟਨਾ ਸੀ। ਮੈਨੂੰ ਆਪਣੀ ਮਸੀਹੀ ਨਿਹਚਾ ਦੀ ਖ਼ਾਤਰ ਬਹੁਤ ਕੁਝ ਸਹਿਣਾ ਪਿਆ। ਇਸ ਲੰਬੇ ਰਸਤੇ ਵਿਚ ਮੈਨੂੰ ਆਪਣੇ ਪਰਿਵਾਰ ਤੇ ਸਮਾਜ ਤੋਂ ਵੀ ਸਖ਼ਤ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ। ਕਾਨੂੰਨੀ ਅਧਿਕਾਰੀਆਂ ਨਾਲ ਵੀ ਮੇਰਾ ਟਾਕਰਾ ਹੋਇਆ। ਪਰ ਮੇਰੇ ਵਰਗਾ ਨਰਮ ਸੁਭਾਅ ਤੇ ਧਰਮੀ ਬੰਦਾ ਇਸ ਜਗ੍ਹਾ ਵਿਚ ਕਿਵੇਂ ਪਹੁੰਚਿਆ? ਅੱਗੇ ਪੜ੍ਹ ਕੇ ਦੇਖੋ ਕਿ ਮੇਰੇ ਜੀਵਨ ਵਿਚ ਮੇਰੇ ਨਾਲ ਕੀ-ਕੀ ਬੀਤਿਆ।

ਇਕ ਗ਼ਰੀਬ ਮੁੰਡੇ ਦੇ ਵੱਡੇ-ਵੱਡੇ ਸੁਪਨੇ

ਮੇਰਾ ਜਨਮ ਸਾਲ 1909 ਕ੍ਰੀਟ ਦੇਸ਼ ਦੇ ਸਟਾਵਰੋਮੈਨੋ ਪਿੰਡ ਵਿਚ ਹੋਇਆ ਸੀ ਜਦੋਂ ਇਹ ਲੜਾਈ ਦੇ ਨਾਲ-ਨਾਲ ਭੁੱਖ ਤੇ ਗ਼ਰੀਬੀ ਦੇ ਪੰਜੇ ਵਿਚ ਜਕੜਿਆ ਹੋਇਆ ਸੀ। ਬਾਅਦ ਵਿਚ ਮੈਂ ਤੇ ਮੇਰੇ ਚਾਰ ਛੋਟੇ ਭੈਣ-ਭਰਾ ਸਪੈਨਿਸ਼ ਫਲੂ ਤੋਂ ਮਸੀਂ-ਮਸੀਂ ਬਚੇ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਸੰਸਾਰ ਭਰ ਵਿਚ ਫੈਲਿਆ ਹੋਇਆ ਸੀ। ਮੈਨੂੰ ਯਾਦ ਹੈ ਕਿ ਸਾਡੇ ਮਾਪਿਆਂ ਨੇ ਸਾਨੂੰ ਕਈਆਂ ਹਫ਼ਤਿਆਂ ਲਈ ਘਰ ਵਿਚ ਹੀ ਰੱਖਿਆ ਸੀ ਤਾਂਕਿ ਸਾਨੂੰ ਇਹ ਛੂਤ ਨਾ ਲੱਗ ਜਾਵੇ।

ਮੇਰੇ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ ਪਰ ਗ਼ਰੀਬ ਸਨ। ਉਹ ਬਹੁਤ ਹੀ ਧਰਮੀ ਪਰ ਸੁਤੰਤਰ ਖ਼ਿਆਲਾਂ ਵਾਲੇ ਸਨ। ਉਹ ਫਰਾਂਸ ਅਤੇ ਮੈਡਾਗਾਸਕਰ ਦੇਸ਼ਾਂ ਵਿਚ ਰਹਿ ਚੁੱਕੇ ਸਨ ਤੇ ਉਹ ਲੋਕਾਂ ਦੇ ਧਰਮਾਂ ਬਾਰੇ ਨਵੇਂ-ਨਵੇਂ ਖ਼ਿਆਲਾਂ ਬਾਰੇ ਜਾਣਦੇ ਸਨ। ਪਰ ਸਾਡਾ ਪਰਿਵਾਰ ਗ੍ਰੀਕ ਆਰਥੋਡਾਕਸ ਚਰਚ ਵਿਚ ਪੱਕਾ ਰਿਹਾ। ਅਸੀਂ ਹਰ ਐਤਵਾਰ ਰੱਬੀ ਭੋਜ ਲਈ ਚਰਚ ਜਾਂਦੇ ਸਨ। ਜਦੋਂ ਸਾਡਾ ਬਿਸ਼ਪ ਆਪਣਾ ਸਾਲਾਨਾ ਦੌਰਾ ਕਰਦਾ ਸੀ, ਤਾਂ ਉਹ ਸਾਡੇ ਘਰ ਆ ਕੇ ਰਹਿੰਦਾ ਸੀ। ਮੈਂ ਚਰਚ ਦੀ ਭਜਨ-ਮੰਡਲੀ ਵਿਚ ਇਕ ਗਾਇਕ ਸੀ ਤੇ ਸੁਪਨੇ ਲੈਂਦਾ ਸੀ ਕਿ ਇਕ ਦਿਨ ਮੈਂ ਵੀ ਪਾਦਰੀ ਬਣਾਂਗਾ।

ਸਾਲ 1929 ਵਿਚ ਮੈਂ ਇਕ ਪੁਲਸੀਆ ਬਣ ਗਿਆ। ਮੈਂ ਉੱਤਰੀ ਗ੍ਰੀਸ ਦੇ ਥੱਸਲੁਨੀਕਾ ਸ਼ਹਿਰ ਵਿਚ ਨੌਕਰੀ ਕਰ ਰਿਹਾ ਸੀ ਜਦੋਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਇਸ ਸਮੇਂ ਮੈਨੂੰ ਹੌਸਲੇ ਦੀ ਬਹੁਤ ਜ਼ਰੂਰਤ ਸੀ ਤੇ ਮੈਂ ਰੱਬ ਬਾਰੇ ਸੋਚਣ ਲੱਗ ਪਿਆ। ਮੈਂ ਏਥੋਸ ਪਹਾੜ ਦੇ ਇਲਾਕੇ ਵਿਚ ਇਕ ਪੁਲਸ ਸਟੇਸ਼ਨ ਬਦਲੀ ਕਰਵਾ ਲਈ। ਇਸ ਇਲਾਕੇ ਵਿਚ ਮੱਠਵਾਸੀ ਲੋਕ ਰਹਿੰਦੇ ਸਨ। ਉੱਥੇ ਦੇ ਆਰਥੋਡਾਕਸ ਕ੍ਰਿਸ਼ਚਿਅਨਾਂ ਦੀਆਂ ਨਜ਼ਰਾਂ ਵਿਚ ਇਹ ਇਕ “ਪਵਿੱਤਰ ਪਰਬਤ” ਸੀ। * ਮੈਂ ਉੱਥੇ ਚਾਰ ਸਾਲਾਂ ਲਈ ਨੌਕਰੀ ਕੀਤੀ ਤੇ ਮੈਂ ਚੰਗੀ ਤਰ੍ਹਾਂ ਜਾਣਿਆ ਕਿ ਇਹ ਮੱਠਵਾਸੀ ਕਿੱਦਾਂ ਦੇ ਲੋਕ ਹਨ। ਮੱਠਵਾਸੀਆਂ ਦਾ ਜੀਵਨ-ਢੰਗ ਦੇਖ ਕੇ ਮੇਰੇ ਵਿਚ ਸ਼ਰਧਾ ਪੈਦਾ ਹੋਣ ਦੀ ਬਜਾਇ ਨਫ਼ਰਤ ਪੈਦਾ ਹੋਈ ਕਿਉਂਕਿ ਉਨ੍ਹਾਂ ਦੇ ਕੰਮ ਬੜੇ ਗੰਦੇ ਅਤੇ ਭੈੜੇ ਸਨ ਤੇ ਉਹ ਕਿਸੇ ਤੋਂ ਨਹੀਂ ਡਰਦੇ ਸਨ। ਮੈਨੂੰ ਇਕ ਵੱਡੇ ਪਾਦਰੀ ਦੀ ਯਾਦ ਹੈ ਜਿਸ ਦੀ ਮੈਂ ਕਾਫ਼ੀ ਇੱਜ਼ਤ ਕਰਦਾ ਸੀ। ਪਰ ਉਸ ਦੀ ਬਦਨੀਅਤ ਕਰਕੇ ਮੈਂ ਬਹੁਤ ਨਿਰਾਸ਼ ਹੋਇਆ ਜਦੋਂ ਉਸ ਨੇ ਮੇਰੇ ਨਾਲ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ, ਨਿਰਾਸ਼ ਹੋਣ ਦੇ ਬਾਵਜੂਦ ਮੈਂ ਫਿਰ ਵੀ ਇਕ ਪਾਦਰੀ ਬਣ ਕੇ ਰੱਬ ਦੀ ਸੇਵਾ ਕਰਨੀ ਚਾਹੁੰਦਾ ਸੀ। ਇਕ ਦਿਨ ਮੈਂ ਪਾਦਰੀ ਦਾ ਚੋਗਾ ਪਹਿਨ ਕੇ ਇਕ ਤਸਵੀਰ ਵੀ ਖਿੱਚਵਾਈ ਤਾਂਕਿ ਮੇਰੇ ਕੋਲ ਕੋਈ ਯਾਦਗੀਰੀ ਹੋਵੇ। ਅਖ਼ੀਰ ਵਿਚ ਮੈਂ ਕ੍ਰੀਟ ਵਾਪਸ ਚਲਾ ਗਿਆ।

“ਉਹ ਤਾਂ ਸ਼ਤਾਨ ਦਾ ਪੁੱਤ ਹੈ!”

ਸਾਲ 1942 ਵਿਚ ਮੈਂ ਇਕ ਬੜੇ ਚੰਗੇ ਘਰ ਦੀ ਸੋਹਣੀ ਲੜਕੀ ਨਾਲ ਵਿਆਹ ਕਰਾਇਆ। ਉਸ ਦਾ ਨਾਂ ਫ੍ਰੌਸੀਨੀ ਸੀ। ਵਿਆਹ ਕਰਾ ਕੇ ਮੇਰਾ ਇਰਾਦਾ ਹੋਰ ਵੀ ਪੱਕਾ ਹੋਇਆ ਕਿ ਮੈਂ ਇਕ ਪਾਦਰੀ ਬਣਾਂਗਾ ਕਿਉਂਕਿ ਮੇਰੇ ਰਿਸ਼ਤੇਦਾਰ ਬਹੁਤ ਹੀ ਸ਼ਰਧਾਲੂ ਲੋਕ ਸਨ। * ਮੈਂ ਫ਼ੈਸਲਾ ਕੀਤਾ ਕਿ ਐਥਿਨਜ਼ ਸ਼ਹਿਰ ਜਾ ਕੇ ਮੈਂ ਪਾਦਰੀਆਂ ਦੇ ਇਕ ਕਾਲਜ ਵਿਚ ਪੜ੍ਹਾਈ ਕਰਾਂਗਾ। ਸਾਲ 1943 ਦੇ ਅੰਤ ਵਿਚ ਮੈਂ ਇਸ ਸਫ਼ਰ ਲਈ ਕ੍ਰੀਟ ਦੇ ਈਰਾਗਲੀਓਨ ਬੰਦਰਗਾਹ ਤੇ ਪਹੁੰਚਿਆ, ਪਰ ਐਥਿਨਜ਼ ਸ਼ਹਿਰ ਲਈ ਰਵਾਨਾ ਨਹੀਂ ਹੋਇਆ। ਇਹ ਇਸ ਕਰਕੇ ਹੋ ਸਕਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਮੈਨੂੰ ਰੱਬ ਬਾਰੇ ਹੋਰ ਕਿਤਿਓਂ ਗੱਲਾਂ ਪਤਾ ਲੱਗਣੀਆਂ ਸ਼ੁਰੂ ਹੋਈਆਂ। ਤੁਸੀਂ ਸ਼ਾਇਦ ਪੁੱਛੋ ਕਿ ਕੀ ਹੋਇਆ?

ਕੁਝ ਸਾਲਾਂ ਤੋਂ ਈਮਾਨਵੀਲ ਲਿਓਨੂਡਾਕੀਸ ਦਾ ਪ੍ਰਚਾਰਕ ਕ੍ਰੀਟ ਦੇ ਸਾਰੇ ਟਾਪੂ ਵਿਚ ਬਾਈਬਲ ਤੋਂ ਵਧੀਆ ਸੱਚਾਈਆਂ ਸਿਖਾ ਰਿਹਾ ਸੀ। * ਉਹ ਯਹੋਵਾਹ ਦਾ ਗਵਾਹ ਸੀ ਅਤੇ ਬੜਾ ਜੋਸ਼ੀਲਾ ਸੀ। ਕੁਝ ਲੋਕਾਂ ਨੇ ਗਵਾਹਾਂ ਦੁਆਰਾ ਪੇਸ਼ ਕੀਤੀਆਂ ਗਈਆਂ ਬਾਈਬਲ ਦੀਆਂ ਸਾਫ਼-ਸਾਫ਼ ਗੱਲਾਂ ਬਹੁਤ ਪਸੰਦ ਕੀਤੀਆਂ ਤੇ ਝੂਠੇ ਧਰਮਾਂ ਨੂੰ ਛੱਡ ਦਿੱਤਾ। ਗਵਾਹਾਂ ਨੇ ਲਾਗੇ ਹੀ ਸਿੱਤਿਆ ਸ਼ਹਿਰ ਵਿਚ ਬੜੇ ਜੋਸ਼ ਨਾਲ ਪ੍ਰਚਾਰ ਕਰਨ ਦੇ ਪ੍ਰਬੰਧ ਕੀਤੇ। ਉੱਥੇ ਦੇ ਬਿਸ਼ਪ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿਉਂਕਿ ਉਹ ਅਮਰੀਕਾ ਵਿਚ ਰਹਿ ਚੁੱਕਾ ਸੀ ਤੇ ਜਾਣਦਾ ਸੀ ਕਿ ਯਹੋਵਾਹ ਦੇ ਗਵਾਹ ਕਿੰਨੇ ਵਧੀਆ ਪ੍ਰਚਾਰਕ ਹਨ। ਉਸ ਦੇ ਖ਼ਿਆਲ ਵਿਚ ਇਹ ਝੂਠੇ ਲੋਕ ਸਨ ਜਿਨ੍ਹਾਂ ਨੂੰ ਰੋਕਣ ਦੀ ਲੋੜ ਸੀ। ਉਸ ਕਰਕੇ ਪੁਲਸ ਗਵਾਹਾਂ ਨੂੰ ਕਈ ਵਾਰੀ ਕੈਦ ਵਿਚ ਸੁੱਟ ਦਿੰਦੀ ਸੀ ਅਤੇ ਉਨ੍ਹਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਝੂਠੇ-ਮੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਉੱਤੇ ਮੁਕੱਦਮੇ ਚਲਾਉਂਦੀ ਸੀ।

ਇਨ੍ਹਾਂ ਵਿੱਚੋਂ ਇਕ ਗਵਾਹ ਨੇ ਮੈਨੂੰ ਬਾਈਬਲ ਤੋਂ ਸੱਚਾਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਲੱਗਾ ਕਿ ਮੈਨੂੰ ਕੋਈ ਦਿਲਚਸਪੀ ਨਹੀਂ ਸੀ। ਉਸ ਨੇ ਮੇਰੇ ਕੋਲ ਇਕ ਹੋਰ ਗਵਾਹ ਭੇਜਿਆ ਜਿਸ ਨੂੰ ਜ਼ਿਆਦਾ ਤਜਰਬਾ ਸੀ। ਮੇਰੇ ਰੁੱਖੇਪਣ ਕਾਰਨ ਇਹ ਦੂਜਾ ਗਵਾਹ ਵੀ ਭੱਜ ਗਿਆ ਤੇ ਉਸ ਨੇ ਆਪਣੇ ਛੋਟੇ ਜਿਹੇ ਗਰੁੱਪ ਕੋਲ ਜਾ ਕੇ ਕਿਹਾ ਕਿ “ਪੈਰਾਕਲੀਜ਼ ਕਦੇ ਵੀ ਇਕ ਗਵਾਹ ਨਹੀਂ ਬਣ ਸਕਦਾ। ਉਹ ਤਾਂ ਸ਼ਤਾਨ ਦਾ ਪੁੱਤ ਹੈ!”

ਮੈਂ ਕਿੰਨਾ ਖ਼ੁਸ਼ ਹਾਂ ਕਿ ਪਰਮੇਸ਼ੁਰ ਨੇ ਮੇਰੇ ਬਾਰੇ ਇਸ ਤਰ੍ਹਾਂ ਨਹੀਂ ਸੋਚਿਆ। ਫਰਵਰੀ 1945 ਵਿਚ ਮੇਰੇ ਭਰਾ ਦਿਮਾਸਥੈਨਿਸ ਨੇ ਮੈਨੂੰ ਸੋਗ ਕਰਨ ਵਾਲਿਆਂ ਲਈ ਦਿਲਾਸਾ  * (ਅੰਗ੍ਰੇਜ਼ੀ) ਪੁਸਤਿਕਾ ਪੜ੍ਹਨ ਲਈ ਦਿੱਤੀ। ਮੇਰੇ ਭਰਾ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਦੇ ਗਵਾਹ ਸੱਚਾਈ ਸਿਖਾਉਂਦੇ ਹਨ। ਮੈਨੂੰ ਇਹ ਪੁਸਤਿਕਾ ਬਹੁਤ ਚੰਗੀ ਲੱਗੀ। ਅਸੀਂ ਤੁਰੰਤ ਆਰਥੋਡਾਕਸ ਚਰਚ ਜਾਣਾ ਛੱਡ ਦਿੱਤਾ ਤੇ ਸਿੱਤਿਆ ਵਿਚ ਇਸ ਛੋਟੇ ਜਿਹੇ ਗਰੁੱਪ ਨਾਲ ਜਾ ਮਿਲੇ ਤੇ ਆਪਣੇ ਨਵੇਂ ਧਰਮ ਬਾਰੇ ਆਪਣੇ ਬਾਕੀ ਭੈਣਾਂ-ਭਰਾਵਾਂ ਨੂੰ ਦੱਸਣ ਲੱਗ ਪਏ। ਉਨ੍ਹਾਂ ਸਾਰਿਆਂ ਨੇ ਬਾਈਬਲ ਵਿੱਚੋਂ ਸੱਚਾਈਆਂ ਅਪਣਾ ਲਈਆਂ। ਜਿਸ ਤਰ੍ਹਾਂ ਮੈਨੂੰ ਉਮੀਦ ਹੀ ਸੀ ਮੇਰੀ ਪਤਨੀ ਤੇ ਉਸ ਦੇ ਪਰਿਵਾਰ ਨੇ ਮੇਰਾ ਬਹੁਤ ਵਿਰੋਧ ਕੀਤਾ ਕਿਉਂਕਿ ਮੈਂ ਆਪਣਾ ਧਰਮ ਬਦਲ ਰਿਹਾ ਸੀ। ਕੁਝ ਸਮੇਂ ਲਈ ਮੇਰੇ ਸੌਹਰੇ ਨੇ ਮੇਰੇ ਨਾਲ ਬੋਲਣਾ ਹੀ ਛੱਡ ਦਿੱਤਾ। ਸਾਡੇ ਘਰ ਲਗਾਤਾਰ ਝਗੜਾ ਹੋਣਾ ਸ਼ੁਰੂ ਹੋ ਗਿਆ। ਇਸ ਦੇ ਬਾਵਜੂਦ 21 ਮਈ 1945 ਵਿਚ ਮੈਂ ਤੇ ਮੇਰੇ ਭਰਾ ਦਿਮਾਸਥੈਨਿਸ ਦੋਵਾਂ ਨੇ ਬਪਤਿਸਮਾ ਲੈ ਲਿਆ। ਸਾਨੂੰ ਭਰਾ ਮੀਨੋਸ ਕੋਕੀਨਾਕਿਸ ਨੇ ਬਪਤਿਸਮਾ ਦਿੱਤਾ। *

ਮੈਂ ਦਿੱਲੋਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਸੁਪਨਾ ਲੈਂਦਾ ਸੀ ਤੇ ਹੁਣ ਮੇਰਾ ਇਹ ਸੁਪਨਾ ਪੂਰਾ ਹੋ ਗਿਆ! ਮੈਨੂੰ ਹਾਲੇ ਵੀ ਘਰ-ਘਰ ਦੀ ਆਪਣੀ ਪ੍ਰਚਾਰ ਸੇਵਾ ਦਾ ਪਹਿਲਾ ਦਿਨ ਯਾਦ ਹੈ। ਮੈਂ 35 ਪੁਸਤਿਕਾਵਾਂ ਆਪਣੇ ਬੈਗ ਵਿਚ ਲੈ ਕੇ ਬੱਸ ਫੜ ਕੇ ਇਕੱਲਾ ਇਕ ਪਿੰਡ ਪਹੁੰਚਿਆ। ਡਰਦਾ-ਡਰਦਾ ਮੈਂ ਘਰ-ਘਰ ਪ੍ਰਚਾਰ ਕਰਨ ਲੱਗ ਪਿਆ ਪਰ ਹੌਲੀ-ਹੌਲੀ ਮੇਰਾ ਹੌਸਲਾ ਵਧਦਾ ਗਿਆ। ਫਿਰ ਇਕ ਪਾਦਰੀ ਕਿਤਿਓਂ ਆ ਖੜ੍ਹਾ ਹੋਇਆ ਤੇ ਉਹ ਮੇਰੇ ਨਾਲ ਬੜਾ ਗੁੱਸੇ ਹੋਇਆ। ਉਹ ਮੈਨੂੰ ਜ਼ਬਰਦਸਤੀ ਪੁਲਸ ਸਟੇਸ਼ਨ ਲੈ ਜਾਣਾ ਚਾਹੁੰਦਾ ਸੀ। ਮੈਂ ਇਨਕਾਰ ਕਰ ਕੇ ਕਿਹਾ ਕਿ ਮੈਂ ਪਿੰਡ ਦੇ ਸਾਰੇ ਘਰਾਂ ਨੂੰ ਜਾਣ ਤੋਂ ਬਾਅਦ ਹੀ ਆਪਣੇ ਘਰ ਮੁੜਾਂਗਾ। ਪ੍ਰਚਾਰ ਕਰਨ ਤੋਂ ਬਾਅਦ ਮੈਂ ਇੰਨਾ ਖ਼ੁਸ਼ ਹੋਇਆ ਕਿ ਮੈਂ ਬੱਸ ਦੀ ਉਡੀਕ ਵੀ ਨਹੀਂ ਕੀਤੀ ਪਰ ਦਸ ਮੀਲ ਤੁਰ ਕੇ ਘਰ ਆ ਪਹੁੰਚਾ!

ਜ਼ਾਲਮਾਂ ਦੇ ਸ਼ਿਕੰਜੇ ਵਿਚ

ਸਤੰਬਰ 1945 ਵਿਚ ਮੈਨੂੰ ਸਿੱਤਿਆ ਸ਼ਹਿਰ ਵਿਚ ਨਵੀਂ-ਨਵੀਂ ਬਣੀ ਕਲੀਸਿਯਾ ਵਿਚ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਜਲਦੀ ਹੀ ਗ੍ਰੀਸ ਵਿਚ ਘਰੇਲੂ ਯੁੱਧ ਸ਼ੁਰੂ ਹੋ ਗਿਆ। ਨਫ਼ਰਤ-ਭਰੇ ਕੱਟੜਪੰਥੀ ਗਰੁੱਪ ਇਕ ਦੂਜੇ ਉੱਤੇ ਜ਼ੁਲਮ ਕਰਨ ਲੱਗ ਪਏ। ਉੱਥੇ ਦੇ ਬਿਸ਼ਪ ਨੇ ਇਸ ਹਾਲਾਤ ਦਾ ਫ਼ਾਇਦਾ ਉਠਾਇਆ ਤੇ ਕਿਸੇ ਗੁਰੀਲਾ ਗਰੁੱਪ ਨੂੰ ਉਕਸਾਇਆ ਕਿ ਜਿਸ ਤਰ੍ਹਾਂ ਵੀ ਹੋ ਸਕੇ ਉਹ ਗਵਾਹਾਂ ਨੂੰ ਸ਼ਹਿਰੋਂ ਕੱਢ ਦੇਣ। (ਯੂਹੰਨਾ 16:2) ਜਦੋਂ ਇਹ ਗੁਰੀਲਾ ਗਰੁੱਪ ਬੱਸ ਵਿਚ ਸਾਡੇ ਪਿੰਡ ਆ ਰਿਹਾ ਸੀ, ਤਾਂ ਇਕ ਔਰਤ ਨੇ ਉਨ੍ਹਾਂ ਦੀ ਸਕੀਮ ਸੁਣੀ ਜੋ ਉਨ੍ਹਾਂ ਦੇ ਭਾਣੇ “ਪਰਮੇਸ਼ੁਰ ਦੀ ਸੇਵਾ” ਸੀ। ਇਸ ਦਿਆਲੂ ਔਰਤ ਨੇ ਸਾਨੂੰ ਇਹ ਗੱਲ ਦੱਸ ਦਿੱਤੀ ਤੇ ਅਸੀਂ ਇਹ ਸੁਣ ਕੇ ਲੁਕ ਗਏ। ਸਾਡੇ ਇਕ ਰਿਸ਼ਤੇਦਾਰ ਨੇ ਸਾਡੀ ਮਦਦ ਕੀਤੀ ਤੇ ਸਾਡੀਆਂ ਜਾਨਾਂ ਬਚ ਗਈਆਂ।

ਇਸ ਤੋਂ ਬਾਅਦ ਹੋਰ ਬਿਪਤਾਵਾਂ ਆਈਆਂ। ਕੁੱਟ-ਮਾਰ ਤੇ ਧਮਕੀਆਂ ਆਮ ਹੋ ਗਈਆਂ। ਸਾਡੇ ਵਿਰੋਧੀਆਂ ਨੇ ਸਾਨੂੰ ਚਰਚ ਵਾਪਸ ਜਾਣ ਲਈ ਤੇ ਕ੍ਰਾਸ ਦਾ ਸਾਈਨ ਬਣਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਡੇ ਬੱਚਿਆਂ ਨੂੰ ਚਰਚ ਵਿਚ ਬਪਤਿਸਮਾ ਦੇਣ ਦੀ ਵੀ ਕੋਸ਼ਿਸ਼ ਕੀਤੀ। ਇਕ ਵਾਰ ਉਨ੍ਹਾਂ ਨੇ ਮੇਰੇ ਭਰਾ ਨੂੰ ਇੰਨਾ ਕੁੱਟਿਆ-ਮਾਰਿਆ ਕਿ ਉਨ੍ਹਾਂ ਨੂੰ ਲੱਗਾ ਕਿ ਉਹ ਮਰ ਗਿਆ ਸੀ। ਇਕ ਹੋਰ ਸਮੇਂ ਉਨ੍ਹਾਂ ਨੂੰ ਮੇਰੀਆਂ ਦੋ ਭੈਣਾਂ ਦੇ ਕੱਪੜੇ ਪਾੜੇ ਤੇ ਉਨ੍ਹਾਂ ਨੂੰ ਕੁੱਟਿਆ-ਮਾਰਿਆ ਜਿਸ ਕਰਕੇ ਮੈਂ ਬਹੁਤ ਦੁਖੀ ਹੋਇਆ। ਇਸ ਸਮੇਂ ਦੌਰਾਨ ਚਰਚ ਨੇ ਯਹੋਵਾਹ ਦੇ ਗਵਾਹਾਂ ਦੇ ਅੱਠ ਬੱਚਿਆਂ ਨੂੰ ਮਜਬੂਰਨ ਬਪਤਿਸਮਾ ਦਿੱਤਾ।

ਸਾਲ 1949 ਵਿਚ ਮੇਰੇ ਮਾਤਾ ਜੀ ਦੀ ਮੌਤ ਹੋ ਗਈ। ਫਿਰ ਤੋਂ ਇਕ ਪਾਦਰੀ ਸਾਡੇ ਮਗਰ ਪੈ ਗਿਆ। ਉਸ ਨੇ ਇਲਜ਼ਾਮ ਲਗਾਇਆ ਕਿ ਅਸੀਂ ਦਾਹ-ਸੰਸਕਾਰ ਲਈ ਸਹੀ ਤਰ੍ਹਾਂ ਪਰਮਿਟ ਨਹੀਂ ਲਈ। ਮੇਰੇ ਉੱਤੇ ਮੁਕੱਦਮਾ ਚਲਾਇਆ ਗਿਆ ਪਰ ਮੈਨੂੰ ਰਿਹਾ ਕੀਤਾ ਗਿਆ। ਇਸ ਕਾਰਨ ਲੋਕਾਂ ਨੂੰ ਚੰਗੀ ਤਰ੍ਹਾਂ ਗਵਾਹੀ ਮਿਲੀ ਕਿਉਂਕਿ ਮੁਕੱਦਮੇ ਦੇ ਸ਼ੁਰੂ ਵਿਚ ਯਹੋਵਾਹ ਦੇ ਨਾਂ ਦਾ ਜ਼ਿਕਰ ਕੀਤਾ ਗਿਆ। ਸਾਡੇ ਦੁਸ਼ਮਣਾਂ ਨੇ ਸੋਚਿਆ ਕਿ ਸਾਨੂੰ “ਮੱਤ” ਦੇਣ ਦਾ ਇੱਕੋ ਹੀ ਚਾਰਾ ਰਹਿ ਗਿਆ ਸੀ ਯਾਨੀ ਸਾਨੂੰ ਗਿਰਫ਼ਤਾਰ ਕਰ ਕੇ ਦੇਸ਼ ਤੋਂ ਬਾਹਰ ਕੱਢਣਾ। ਉਨ੍ਹਾਂ ਨੇ ਅਪ੍ਰੈਲ 1949 ਵਿਚ ਇੱਦਾਂ ਕੀਤਾ।

ਕੈਦ ਵਿਚ ਔਖਿਆਈਆਂ

ਤਿੰਨ ਗਵਾਹਾਂ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਮੈਂ ਉਨ੍ਹਾਂ ਵਿੱਚੋਂ ਇਕ ਸੀ। ਮੇਰੀ ਪਤਨੀ ਮੈਨੂੰ ਸਾਡੇ ਪਿੰਡ ਦੇ ਪੁਲਸ ਸਟੇਸ਼ਨ ਵਿਚ ਵੀ ਨਹੀਂ ਮਿਲਣ ਆਈ। ਸਾਨੂੰ ਪਹਿਲਾਂ ਈਰਾਗਲੀਓਨ ਵਿਚ ਇਕ ਕੈਦ ਵਿਚ ਬੰਦ ਕੀਤਾ ਗਿਆ। ਜਿਸ ਤਰ੍ਹਾਂ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਮੈਂ ਬਹੁਤ ਹੀ ਇਕੱਲਾ-ਇਕੱਲਾ ਤੇ ਉਦਾਸ ਮਹਿਸੂਸ ਕਰ ਰਿਹਾ ਸੀ। ਮੈਂ ਘਰ ਦੋ ਨਿੱਕੇ-ਨਿੱਕੇ ਬੱਚੇ ਅਤੇ ਆਪਣੀ ਜਵਾਨ ਪਤਨੀ ਛੱਡ ਕੇ ਆਇਆ ਸੀ ਜੋ ਮੇਰੇ ਧਰਮ ਨਾਲ ਸਹਿਮਤ ਨਹੀਂ ਸੀ। ਮੈਂ ਸਹਾਇਤਾ ਲਈ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕੀਤੀ। ਮੈਨੂੰ ਬਾਈਬਲ ਵਿੱਚੋਂ ਇਬਰਾਨੀਆਂ 13:5 ਯਾਦ ਆਇਆ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” ਮੈਨੂੰ ਪਤਾ ਚੱਲਿਆ ਕਿ ਯਹੋਵਾਹ ਉੱਤੇ ਪੂਰਾ-ਪੂਰਾ ਭਰੋਸਾ ਰੱਖਣਾ ਕਿੰਨੀ ਅਕਲਮੰਦੀ ਦੀ ਗੱਲ ਹੈ।—ਕਹਾਉਤਾਂ 3:5.

ਸਾਨੂੰ ਪਤਾ ਚੱਲਿਆ ਕਿ ਸਾਨੂੰ ਮਾਕਰੋਨਿਸੌਸ ਨਾਂ ਦੇ ਵਿਰਾਨ ਟਾਪੂ ਉੱਤੇ ਭੇਜਿਆ ਜਾਣਾ ਸੀ ਜੋ ਐਟੀਕਾ, ਗ੍ਰੀਸ ਦੇ ਕਿਨਾਰੇ ਲਾਗੇ ਹੈ। ਲੋਕ ਮਾਕਰੋਨਿਸੌਸ ਦਾ ਨਾਂ ਸੁਣ ਕੇ ਹੀ ਘਬਰਾਉਂਦੇ ਸਨ ਕਿਉਂਕਿ ਉੱਥੇ ਜੇਲ੍ਹ ਵਿਚ ਕੈਦੀਆਂ ਨੂੰ ਤਸੀਹੇ ਦਿੱਤੇ ਜਾਂਦੇ ਸਨ ਤੇ ਉਨ੍ਹਾਂ ਤੋਂ ਗ਼ੁਲਾਮਾਂ ਵਾਂਗ ਕੰਮ ਲਿਆ ਜਾਂਦਾ ਸੀ। ਜੇਲ੍ਹ ਨੂੰ ਜਾਂਦੇ ਹੋਏ ਅਸੀਂ ਰਾਹ ਵਿਚ ਪਾਈਰੀਅਸ ਨਾਂ ਦੇ ਸ਼ਹਿਰ ਰੁਕੇ। ਭਾਵੇਂ ਸਾਡੇ ਹੱਥਕੜੀਆਂ ਲੱਗੀਆਂ ਹੋਈਆਂ ਸਨ, ਫਿਰ ਵੀ ਸਾਨੂੰ ਉਦੋਂ ਕਿੰਨਾ ਹੌਸਲਾ ਮਿਲਿਆ ਜਦੋਂ ਸਾਡੇ ਭੈਣ-ਭਰਾ ਸਾਨੂੰ ਕਿਸ਼ਤੀ ਤੇ ਮਿਲਣ ਆਏ ਤੇ ਸਾਡੇ ਗਲ਼ੇ ਲੱਗੇ।—ਰਸੂਲਾਂ ਦੇ ਕਰਤੱਬ 28:14, 15.

ਮਾਕਰੋਨਿਸੌਸ ਟਾਪੂ ਤੇ ਮੈਂ ਬਹੁਤ ਡਰਾਉਣੀਆਂ ਚੀਜ਼ਾਂ ਦੇਖੀਆਂ। ਸਵੇਰ ਤੋਂ ਸ਼ਾਮ ਕੈਦੀਆਂ ਨਾਲ ਦੁਰਵਿਹਾਰ ਕੀਤਾ ਜਾਂਦਾ ਸੀ। ਕਈ ਕੈਦੀ ਜੋ ਯਹੋਵਾਹ ਦੇ ਗਵਾਹ ਨਹੀਂ ਸਨ ਪਾਗਲ ਹੋ ਗਏ, ਕਈ ਮਰ ਗਏ ਤੇ ਕਈਆਂ ਨੂੰ ਅਪਾਹਜ ਬਣਾ ਦਿੱਤਾ ਗਿਆ। ਰਾਤ ਨੂੰ ਅਸੀਂ ਉਨ੍ਹਾਂ ਦੀਆਂ ਚੀਕਾਂ ਤੇ ਲੇਲ੍ਹੜੀਆਂ ਸੁਣ ਸਕਦੇ ਸਨ ਜਿਨ੍ਹਾਂ ਨੂੰ ਤੜਫ਼ਾਇਆ ਜਾ ਰਿਹਾ ਸੀ। ਉਨ੍ਹਾਂ ਸਰਦ ਰਾਤਾਂ ਨੂੰ ਨਿੱਘਾ ਰਹਿਣ ਲਈ ਮੇਰਾ ਪਤਲਾ ਜਿਹਾ ਕੰਬਲ ਕਾਫ਼ੀ ਨਹੀਂ ਸੀ।

ਹੌਲੀ-ਹੌਲੀ ਬਾਕੀ ਕੈਦੀਆਂ ਨੂੰ ਪਤਾ ਚੱਲਣ ਲੱਗ ਪਿਆ ਕਿ ਕੌਣ-ਕੌਣ ਯਹੋਵਾਹ ਦੇ ਗਵਾਹ ਸਨ ਕਿਉਂਕਿ ਹਰ ਰੋਜ਼ ਸਵੇਰ ਨੂੰ ਸਾਰਿਆਂ ਦੀ ਰੌਲ-ਕਾਲ ਲੈਣ ਸਮੇਂ ਇਸ ਨਾਂ ਦਾ ਜ਼ਿਕਰ ਕੀਤਾ ਜਾਂਦਾ ਸੀ। ਇਸ ਤਰ੍ਹਾਂ ਸਾਨੂੰ ਗਵਾਹੀ ਦੇਣ ਦੇ ਕਈ ਮੌਕੇ ਮਿਲੇ। ਦੇਸ਼ਧਰੋਹੀ ਦੇ ਇਲਜ਼ਾਮ ਕਾਰਨ ਕੈਦ ਕੀਤੇ ਗਏ ਇਕ ਆਦਮੀ ਨੇ ਕਾਫ਼ੀ ਤਰੱਕੀ ਕੀਤੀ। ਉਸ ਨੇ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਮੈਂ ਉਸ ਨੂੰ ਬਪਤਿਸਮਾ ਦਿੱਤਾ।

ਕੈਦ ਵਿਚ ਬੈਠਿਆ ਮੈਂ ਆਪਣੀ ਪਤਨੀ ਨੂੰ ਪਿਆਰ ਨਾਲ ਚਿੱਠੀਆਂ ਲਿਖਦਾ ਰਿਹਾ ਪਰ ਉਸ ਨੇ ਮੇਰੀਆਂ ਚਿੱਠੀਆਂ ਦਾ ਕਦੀ ਵੀ ਜਵਾਬ ਨਹੀਂ ਦਿੱਤਾ। ਇਸ ਗੱਲ ਨੇ ਮੈਨੂੰ ਉਸ ਨੂੰ ਹੌਸਲਾ ਦੇਣ ਤੋਂ ਨਹੀਂ ਰੋਕਿਆ ਕਿ ਸਾਡੀ ਇਹ ਹਾਲਤ ਸਦਾ ਲਈ ਨਹੀਂ ਰਹੇਗੀ ਤੇ ਅਸੀਂ ਫਿਰ ਤੋਂ ਸਾਰੇ ਇਕੱਠੇ ਮਿਲ ਕੇ ਰਹਾਂਗੇ।

ਇਸ ਸਮੇਂ ਦੌਰਾਨ ਹੋਰ ਭਰਾ ਜੇਲ੍ਹ ਵਿਚ ਲਿਆਂਦੇ ਗਏ। ਇਕ ਦਿਨ ਆਫ਼ਿਸ ਵਿਚ ਕੰਮ ਕਰਦਿਆਂ ਮੈਂ ਕੈਂਪ ਦੇ ਕਰਨਲ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਅਫ਼ਸਰ ਗਵਾਹਾਂ ਦੀ ਕਾਫ਼ੀ ਇੱਜ਼ਤ ਕਰਦਾ ਸੀ ਇਸ ਲਈ ਮੈਂ ਹੌਸਲਾ ਕੀਤਾ ਤੇ ਉਸ ਨੂੰ ਪੁੱਛਿਆ ਕਿ ਕੀ ਅਸੀਂ ਐਥਿਨਜ਼ ਵਿਚ ਆਪਣੇ ਦਫ਼ਤਰ ਤੋਂ ਬਾਈਬਲ ਬਾਰੇ ਕੁਝ ਕਿਤਾਬਾਂ ਮੰਗਵਾ ਸਕਦੇ ਹਾਂ? ਉਸ ਨੇ ਕਿਹਾ “ਇਹ ਗੱਲ ਤਾਂ ਨਾਮੁਮਕਿਨ ਹੈ, ਪਰ ਐਥਿਨਜ਼ ਵਿਚ ਤੁਹਾਡਾ ਦਫ਼ਤਰ ਤੁਹਾਡਾ ਸਮਾਨ ਮੇਰੇ ਨਾਂ ਕਿਉਂ ਨਹੀਂ ਭੇਜ ਦਿੰਦਾ?” ਮੈਂ ਬਿਲਕੁਲ ਹੈਰਾਨ ਰਹਿ ਗਿਆ! ਕੁਝ ਦਿਨ ਬਾਅਦ ਅਸੀਂ ਇਕ ਕਿਸ਼ਤੀ ਤੋਂ ਸਮਾਨ ਲਾਹ ਰਹੇ ਸਨ ਤੇ ਇਕ ਪੁਲਸੀਏ ਨੇ ਕਰਨਲ ਨੂੰ ਸਲੂਟ ਮਾਰ ਕੇ ਕਿਹਾ: “ਸਰ, ਤੁਹਾਡਾ ਸਮਾਨ ਆ ਗਿਆ ਹੈ।” ਉਸ ਨੇ ਪੁੱਛਿਆ “ਕਿਹੜਾ ਸਮਾਨ?” ਮੈਂ ਲਾਗੇ ਹੀ ਸੀ ਤੇ ਉਨ੍ਹਾਂ ਦੀਆਂ ਇਹ ਗੱਲਾਂ ਸੁਣ ਕੇ ਧੀਮੀ ਜਿਹੀ ਆਵਾਜ਼ ਵਿਚ ਕਿਹਾ “ਇਹ ਸ਼ਾਇਦ ਸਾਡਾ ਹੀ ਹੋਵੇਗਾ ਜੋ ਤੁਹਾਡੇ ਨਾਂ ਤੇ ਆਇਆ ਹੈ ਜਿਸ ਤਰ੍ਹਾਂ ਤੁਸੀਂ ਹੁਕਮ ਦਿੱਤਾ ਸੀ।” ਇਹ ਇਕ ਤਰੀਕਾ ਸੀ ਜਿਸ ਦੁਆਰਾ ਯਹੋਵਾਹ ਨੇ ਸਾਨੂੰ ਰੂਹਾਨੀ ਤੌਰ ਤੇ ਮਜ਼ਬੂਤ ਰੱਖਿਆ।

ਇਕ ਬਰਕਤ ਜਿਸ ਦੀ ਉਮੀਦ ਵੀ ਨਹੀਂ ਸੀ—ਫਿਰ ਹੋਰ ਮੁਸੀਬਤਾਂ

ਸਾਲ 1950 ਦੇ ਅੰਤ ਵਿਚ ਮੈਨੂੰ ਛੁੱਟੀ ਮਿਲ ਗਈ। ਮੈਂ ਮਾੜਾ-ਧੀੜਾ ਘਰ ਮੁੜਿਆ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਘਰ ਵਾਲੇ ਮੇਰਾ ਕਿੱਦਾਂ ਸੁਆਗਤ ਕਰਨਗੇ। ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲ ਕੇ ਕਿੰਨਾ ਖ਼ੁਸ਼ ਹੋਇਆ! ਇਸ ਤੋਂ ਵਧੀਆ ਗੱਲ ਇਹ ਨਿਕਲੀ ਕਿ ਫ੍ਰੌਸੀਨੀ ਮੇਰੇ ਤੋਂ ਹੁਣ ਘਿਰਣਾ ਨਹੀਂ ਕਰਦੀ ਸੀ। ਜੇਲ੍ਹ ਤੋਂ ਮੇਰੀਆਂ ਚਿੱਠੀਆਂ ਦਾ ਚੰਗਾ ਅਸਰ ਪਿਆ। ਇਹ ਦੇਖਣ ਤੋਂ ਬਾਅਦ ਫ੍ਰੌਸੀਨੀ ਦਾ ਦਿਲ ਢਲ ਗਿਆ ਕਿ ਮੈਂ ਇੰਨੇ ਦੁੱਖ ਝੱਲਣ ਦੇ ਬਾਵਜੂਦ ਵੀ ਦ੍ਰਿੜ੍ਹ ਰਿਹਾ। ਥੋੜ੍ਹੀ ਦੇਰ ਬਾਅਦ ਮੈਂ ਉਸ ਨਾਲ ਬੈਠ ਕੇ ਕਾਫ਼ੀ ਗੱਲਾਂ ਕੀਤੀਆਂ ਤਾਂਕਿ ਸਾਡੇ ਆਪਸ ਵਿਚ ਸ਼ਾਂਤੀ ਵੱਧ ਜਾਵੇ। ਫਿਰ ਉਹ ਬਾਈਬਲ ਦੀ ਸਟੱਡੀ ਕਰਨ ਲੱਗ ਪਈ ਤੇ ਯਹੋਵਾਹ ਅਤੇ ਉਸ ਦੇ ਵਾਅਦਿਆਂ ਉੱਤੇ ਵਿਸ਼ਵਾਸ ਕਰਨ ਲੱਗ ਪਈ। ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ੁਸ਼ੀ ਦਾ ਦਿਨ 1952 ਵਿਚ ਸੀ ਜਦੋਂ ਮੈਂ ਆਪਣੀ ਪਤਨੀ ਨੂੰ ਯਹੋਵਾਹ ਦੀ ਸਮਰਪਿਤ ਸੇਵਕ ਵਜੋਂ ਬਪਤਿਸਮਾ ਦਿੱਤਾ!

ਸਾਲ 1955 ਵਿਚ ਅਸੀਂ ਹਰੇਕ ਪਾਦਰੀ ਨੂੰ “ਜਗਤ ਦਾ ਚਾਨਣ” ਕੌਣ ਹੈ—ਈਸਾਈ-ਜਗਤ ਜਾਂ ਮਸੀਹੀਅਤ? (ਅੰਗ੍ਰੇਜ਼ੀ) ਪੁਸਤਿਕਾ ਵੰਡਣੀ ਸ਼ੁਰੂ ਕੀਤੀ। ਮੈਨੂੰ ਤੇ ਹੋਰ ਕਈਆਂ ਭੈਣਾਂ-ਭਰਾਵਾਂ ਨੂੰ ਗਿਰਫ਼ਤਾਰ ਕਰ ਕੇ ਸਾਡੇ ਉੱਤੇ ਇਕ ਮੁਕੱਦਮਾ ਚਲਾਇਆ ਗਿਆ। ਇਸ ਸਮੇਂ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਇੰਨੇ ਕੇਸ ਚੱਲ ਰਹੇ ਸਨ ਕਿ ਅਦਾਲਤ ਨੂੰ ਇਕ ਖ਼ਾਸ ਸੈਸ਼ਨ ਚਲਾਉਣਾ ਪਿਆ ਤਾਂਕਿ ਉਹ ਸਾਰੇ ਕੇਸ ਸੁਣ ਸਕਣ। ਉਸ ਦਿਨ ਸੂਬੇ ਦੇ ਕੀ ਜੱਜ ਕੀ ਵਕੀਲ ਸਾਰੇ ਉੱਥੇ ਇਕੱਠੇ ਹੋਏ ਤੇ ਕਚਹਿਰੀ ਪਾਦਰੀਆਂ ਨਾਲ ਭਰ ਗਈ। ਬਿਸ਼ਪ ਘਬਰਾਇਆ-ਘਬਰਾਇਆ ਲੱਗਦਾ ਸੀ। ਇਕ ਪਾਦਰੀ ਨੇ ਮੇਰੇ ਉੱਤੇ ਦੋਸ਼ ਲਾਇਆ ਕਿ ਮੈਂ ਲੋਕਾਂ ਦਾ ਧਰਮ ਬਦਲਦਾ ਹਾਂ। ਜੱਜ ਨੇ ਉਸ ਨੂੰ ਪੁੱਛਿਆ ਕਿ “ਕੀ ਤੁਹਾਡਾ ਧਰਮ ਇੰਨਾ ਕੱਚਾ ਹੈ ਕਿ ਇੱਕੋ ਪੁਸਤਿਕਾ ਪੜ੍ਹ ਕੇ ਉਹ ਬਦਲ ਜਾਵੇਗਾ?” ਇਸ ਨਾਲ ਪਾਦਰੀ ਦਾ ਮੂੰਹ ਬੰਦ ਹੋ ਗਿਆ। ਮੈਂ ਬਰੀ ਕੀਤਾ ਗਿਆ ਪਰ ਕੁਝ ਭਰਾਵਾਂ ਨੂੰ ਜੇਲ੍ਹ ਵਿਚ ਛੇ-ਛੇ ਮਹੀਨਿਆਂ ਦੀ ਸਜ਼ਾ ਦਿੱਤੀ ਗਈ।

ਬਾਅਦ ਵਿਚ ਕਈ ਸਾਲਾਂ ਲਈ ਸਾਨੂੰ ਵਾਰ-ਵਾਰ ਗਿਰਫ਼ਤਾਰ ਕੀਤਾ ਗਿਆ ਤੇ ਕਚਹਿਰੀਆਂ ਵਿਚ ਕੇਸ ਵਧਦੇ ਗਏ। ਇੰਨੇ ਮੁਕੱਦਮਿਆਂ ਨੂੰ ਸਾਂਭਦੇ-ਸਾਂਭਦੇ ਸਾਡੇ ਵਕੀਲ ਬਹੁਤ ਬਿਜ਼ੀ ਰਹੇ। ਮੈਨੂੰ 17 ਵਾਰ ਕਚਹਿਰੀਆਂ ਵਿਚ ਲਿਜਾਇਆ ਗਿਆ। ਇਸ ਵਿਰੋਧਤਾ ਦੇ ਬਾਵਜੂਦ ਅਸੀਂ ਪ੍ਰਚਾਰ ਕਰਨਾ ਨਹੀਂ ਛੱਡਿਆ। ਅਸੀਂ ਖ਼ੁਸ਼ੀ-ਖ਼ੁਸ਼ੀ ਇਸ ਦਾ ਸਾਮ੍ਹਣਾ ਕੀਤਾ ਤੇ ਦੁੱਖ ਦੇ ਭਾਂਬੜਾਂ ਨੇ ਸਾਡੀ ਨਿਹਚਾ ਨਿਖਾਰੀ।—ਯਾਕੂਬ 1:2, 3.

ਨਵੀਆਂ ਮੁਸ਼ਕਲਾਂ ਦੇ ਨਾਲ-ਨਾਲ ਨਵੇਂ ਸਨਮਾਨ

ਸਾਲ 1957 ਵਿਚ ਅਸੀਂ ਐਥਿਨਜ਼ ਸ਼ਹਿਰ ਜਾ ਕੇ ਰਹਿਣ ਲੱਗ ਪਏ। ਜਲਦੀ ਹੀ ਮੈਨੂੰ ਇਕ ਨਵੀਂ ਕਲੀਸਿਯਾ ਵਿਚ ਸੇਵਾ ਕਰਨ ਦਾ ਸਨਮਾਨ ਮਿਲਿਆ। ਮੇਰੀ ਪਤਨੀ ਦੇ ਪੂਰੇ ਸਹਾਰੇ ਨਾਲ ਅਸੀਂ ਆਪਣਾ ਜੀਵਨ ਸਾਦਾ ਰੱਖਣ ਤੇ ਆਪਣਾ ਧਿਆਨ ਪਰਮੇਸ਼ੁਰ ਦੇ ਕੰਮਾਂ ਵਿਚ ਲਗਾਈ ਰੱਖ ਸਕੇ। ਇਸ ਤਰ੍ਹਾਂ ਅਸੀਂ ਤਕਰੀਬਨ ਆਪਣਾ ਸਾਰਾ ਸਮਾਂ ਪ੍ਰਚਾਰ ਦੇ ਕੰਮ ਵਿਚ ਲਗਾ ਸਕੇ। ਸਾਲਾਂ ਦੌਰਾਨ ਸਾਨੂੰ ਅਨੇਕ ਕਲੀਸਿਯਾਵਾਂ ਵਿਚ ਜਾ ਕੇ ਮਦਦ ਦੇਣ ਲਈ ਆਖਿਆ ਗਿਆ।

ਸਾਲ 1963 ਵਿਚ ਮੇਰਾ ਪੁੱਤਰ 21 ਸਾਲਾਂ ਦਾ ਹੋਇਆ ਤੇ ਉਸ ਨੂੰ ਜ਼ਬਰਦਸਤੀ ਮਿਲਟਰੀ ਵਿਚ ਭਰਤੀ ਕੀਤਾ ਗਿਆ। ਕਿਉਂਕਿ ਯਹੋਵਾਹ ਦੇ ਗਵਾਹ ਹਰੇਕ ਰਾਜਨੀਤਿਕ ਗੱਲ ਵਿਚ ਨਿਰਪੱਖ ਰਹਿੰਦੇ ਹਨ ਇਸ ਲਈ ਸਾਰੇ ਭਰਤੀ ਹੋਏ ਭਰਾਵਾਂ ਨੂੰ ਕੁੱਟ-ਮਾਰ, ਮਖੌਲ ਤੇ ਤਰ੍ਹਾਂ-ਤਰ੍ਹਾਂ ਦੇ ਅਪਮਾਨ ਸਹਿਣੇ ਪਏ। ਮੇਰੇ ਪੁੱਤਰ ਨਾਲ ਵੀ ਇਹੋ ਕੁਝ ਹੋਇਆ। ਉਸ ਦਾ ਹੌਸਲਾ ਵਧਾਉਣ ਲਈ ਮੈਂ ਉਸ ਨੂੰ ਮਾਕਰੋਨਿਸੌਸ ਤੋਂ ਆਪਣਾ ਕੰਬਲ ਦਿੱਤਾ। ਮੇਰੇ ਖ਼ਿਆਲ ਵਿਚ ਇਹ ਕੰਬਲ ਵਫ਼ਾਦਾਰੀ ਨੂੰ ਦਰਸਾਉਂਦਾ ਸੀ ਤੇ ਮੇਰੀ ਉਮੀਦ ਸੀ ਕਿ ਉਹ ਵੀ ਵਫ਼ਾਦਾਰ ਰਹੇ। ਇਨ੍ਹਾਂ ਭਰਤੀ ਕੀਤੇ ਗਏ ਭਰਾਵਾਂ ਨੂੰ ਮਿਲਟਰੀ ਦੀ ਅਦਾਲਤ ਦੁਆਰਾ ਦੋ ਤੋਂ ਚਾਰ ਸਾਲਾਂ ਦੀ ਸਜ਼ਾ ਦਿੱਤੀ ਜਾਂਦੀ ਸੀ। ਬਰੀ ਕੀਤੇ ਜਾਣ ਤੇ ਇਨ੍ਹਾਂ ਨੂੰ ਫਿਰ ਤੋਂ ਸੱਦਿਆ ਜਾਂਦਾ ਸੀ ਤੇ ਮੁੜ ਕੇ ਸਜ਼ਾ ਦਿੱਤੀ ਜਾਂਦੀ ਸੀ। ਇਕ ਮਨਿਸਟਰ ਹੋਣ ਦੇ ਨਾਤੇ ਮੈਂ ਕਈਆਂ ਜੇਲ੍ਹਾਂ ਵਿਚ ਜਾ ਸਕਿਆ ਤੇ ਆਪਣੇ ਪੁੱਤਰ ਨਾਲ ਤੇ ਹੋਰ ਵਫ਼ਾਦਾਰ ਗਵਾਹਾਂ ਨਾਲ ਥੋੜ੍ਹੇ-ਥੋੜ੍ਹੇ ਸਮੇਂ ਲਈ ਮਿਲ ਸਕਿਆ। ਮੇਰੇ ਪੁੱਤਰ ਨੂੰ ਛੇ ਸਾਲਾਂ ਤੋਂ ਜ਼ਿਆਦਾ ਸਮੇਂ ਲਈ ਜੇਲ੍ਹ ਵਿਚ ਰਹਿਣਾ ਪਿਆ।

ਯਹੋਵਾਹ ਨੇ ਸਾਨੂੰ ਸਾਂਭ ਕੇ ਰੱਖਿਆ

ਗ੍ਰੀਸ ਵਿਚ ਧਰਮ-ਸੰਬੰਧੀ ਆਜ਼ਾਦੀ ਮਿਲਣ ਤੋਂ ਬਾਅਦ ਮੈਨੂੰ ਰੋਡਜ਼ ਟਾਪੂ ਉੱਤੇ ਥੋੜ੍ਹੇ ਸਮੇਂ ਲਈ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨ ਦਾ ਸਨਮਾਨ ਵੀ ਮਿਲਿਆ। ਫਿਰ 1986 ਵਿਚ ਸਿੱਤਿਆ, ਕ੍ਰੀਟ ਵਿਚ ਇਕ ਜ਼ਰੂਰਤ ਪੈਦਾ ਹੋਈ ਜਿੱਥੇ ਮੈਂ ਸ਼ੁਰੂ-ਸ਼ੁਰੂ ਵਿਚ ਪ੍ਰਚਾਰ ਕੀਤਾ ਸੀ। ਮੈਂ ਉਨ੍ਹਾਂ ਭਰਾਵਾਂ ਦੇ ਸੰਗ ਮੁੜ ਕੇ ਪ੍ਰਚਾਰ ਦੀ ਇਹ ਨਿਯੁਕਤੀ ਸਵੀਕਾਰ ਕਰ ਕੇ ਬਹੁਤ ਖ਼ੁਸ਼ ਹੋਇਆ ਜਿਨ੍ਹਾਂ ਨਾਲ ਮੈਂ ਆਪਣੀ ਜਵਾਨੀ ਵਿਚ ਇਹ ਕੰਮ ਕਰਨਾ ਸ਼ੁਰੂ ਕੀਤਾ ਸੀ।

ਆਪਣੇ ਪਰਿਵਾਰ ਦੇ ਬਜ਼ੁਰਗ ਵਜੋਂ ਮੈਂ ਇਹ ਦੇਖ ਕੇ ਖ਼ੁਸ਼ ਹਾਂ ਕਿ ਅਸੀਂ 70 ਕੁ ਜੀਅ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰ ਰਹੇ ਹਾਂ। ਇਹ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕਈਆਂ ਨੂੰ ਵਧੀਆ ਸਨਮਾਨ ਵੀ ਮਿਲੇ ਹਨ, ਜਿਵੇਂ ਕੀ ਬਜ਼ੁਰਗਾਂ, ਸਹਾਇਕ ਸੇਵਕਾਂ, ਪਾਇਨੀਅਰਾਂ, ਸਫ਼ਰੀ ਨਿਗਾਹਬਾਨਾਂ, ਜਾਂ ਬੈਥਲ ਕਾਮਿਆਂ ਵਜੋਂ ਸੇਵਾ ਕਰਨੀ। ਮੇਰੀ ਨਿਹਚਾ 58 ਸਾਲਾਂ ਤੋਂ ਜ਼ਿਆਦਾ ਸਮੇਂ ਲਈ ਦੁੱਖਾਂ ਦੇ ਭਾਂਬੜਾਂ ਨਾਲ ਪਰਖੀ ਗਈ ਹੈ। ਹੁਣ ਮੇਰੀ ਉਮਰ 93 ਸਾਲਾਂ ਦੀ ਹੈ ਤੇ ਮੈਨੂੰ ਕੋਈ ਪਛਤਾਵਾ ਨਹੀਂ ਹੈ ਕਿ ਮੈਂ ਪਰਮੇਸ਼ੁਰ ਦੀ ਸੇਵਾ ਕਰਨੀ ਕਿਉਂ ਚੁਣੀ। ਪਰਮੇਸ਼ੁਰ ਨੇ ਹੀ ਮੈਨੂੰ ਤਾਕਤ ਦਿੱਤੀ ਹੈ ਕਿ ਮੈਂ ਉਸ ਦਾ ਇਹ ਪਿਆਰ-ਭਰਿਆ ਸੱਦਾ ਪੂਰਾ ਕਰ ਸਕਾਂ: “ਹੇ ਮੇਰੇ ਪੁੱਤ੍ਰ, ਆਪਣਾ ਦਿਲ ਮੈਨੂੰ ਦੇਹ, ਅਤੇ ਤੇਰੀਆਂ ਅੱਖੀਆਂ ਮੇਰੇ ਰਾਹਾਂ ਵੱਲ ਲੱਗੀਆਂ ਰਹਿਣ।”—ਕਹਾਉਤਾਂ 23:26.

[ਫੁਟਨੋਟ]

^ ਪੈਰਾ 9 ਪਹਿਰਾਬੁਰਜ, 1 ਦਸੰਬਰ 1999 ਸਫ਼ੇ 30-1 ਦੇਖੋ।

^ ਪੈਰਾ 11 ਗ੍ਰੀਕ ਆਰਥੋਡਾਕਸ ਚਰਚ ਦੇ ਪਾਦਰੀ ਵਿਆਹ ਕਰਾ ਸਕਦੇ ਹਨ।

^ ਪੈਰਾ 12 ਈਮਾਨਵੀਲ ਲਿਓਨੂਡਾਕੀਸ ਦੀ ਜ਼ਬਾਨੀ ਲਈ 1 ਸਤੰਬਰ 1999 ਦੇ ਪਹਿਰਾਬੁਰਜ ਦੇ 25-9 ਸਫ਼ੇ ਦੇਖੋ।

^ ਪੈਰਾ 14 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਪਰ ਹੁਣ ਉਪਲਬਧ ਨਹੀਂ।

^ ਪੈਰਾ 14 ਮੀਨੋਸ ਕੋਕੀਨਾਕਿਸ ਦੇ ਮੁਕੱਦਮੇ ਵਿਚ ਜਿੱਤ ਹਾਸਲ ਕਰਨ ਬਾਰੇ ਪਹਿਰਾਬੁਰਜ, 1 ਸਤੰਬਰ 1993, ਸਫ਼ੇ 27-31 (ਅੰਗ੍ਰੇਜ਼ੀ) ਦੇਖੋ।

[ਸਫ਼ੇ 27 ਉੱਤੇ ਡੱਬੀ]

ਮਾਕਰੋਨਿਸੌਸ—ਇਕ ਖ਼ੌਫ਼ਨਾਕ ਟਾਪੂ

ਸਾਲ 1947 ਤੋਂ ਲੈ ਕੇ 1957 ਤਕ ਮਾਕਰੋਨਿਸੌਸ ਨਾਂ ਦੇ ਇਸ ਵਿਰਾਨ ਟਾਪੂ ਉੱਤੇ 1,00,000 ਕੈਦੀ ਰਹਿ ਚੁੱਕੇ ਹਨ। ਇਨ੍ਹਾਂ ਵਿਚ ਕਾਫ਼ੀ ਵਫ਼ਾਦਾਰ ਗਵਾਹ ਵੀ ਸਨ ਜਿਨ੍ਹਾਂ ਨੂੰ ਆਪਣੀ ਨਿਰਪੱਖਤਾ ਕਾਰਨ ਉੱਥੇ ਭੇਜਿਆ ਗਿਆ ਸੀ। ਆਮ ਤੌਰ ਤੇ ਗ੍ਰੀਕ ਆਰਥੋਡਾਕਸ ਚਰਚ ਦੇ ਪਾਦਰੀ ਹੀ ਸਨ ਜੋ ਗਵਾਹਾਂ ਉੱਤੇ ਕਮਿਊਨਿਸਟ ਹੋਣ ਦਾ ਝੂਠਾ ਇਲਜ਼ਾਮ ਲਾਉਂਦੇ ਸਨ।

ਮਾਕਰੋਨਿਸੌਸ ਟਾਪੂ ਤੇ ਕੈਦੀਆਂ ਨੂੰ “ਸੁਧਾਰਨ” ਦੇ ਤਰੀਕਿਆਂ ਬਾਰੇ ਇਕ ਗ੍ਰੀਕ ਐਨਸਾਈਕਲੋਪੀਡੀਆ ਕਹਿੰਦਾ ਹੈ: ‘ਇਕ ਆਧੁਨਿਕ ਦੇਸ਼ ਹੋਣ ਦੇ ਬਾਵਜੂਦ ਇੱਥੇ ਕੈਦੀਆਂ ਨੂੰ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਦੀ ਰਿਹਾਇਸ਼ ਬਹੁਤ ਹੀ ਘਟੀਆ ਸੀ। ਇਸ ਦੇ ਨਾਲ-ਨਾਲ ਪਹਿਰੇਦਾਰਾਂ ਨੇ ਕੈਦੀਆਂ ਨਾਲ ਜ਼ਲੀਲ ਵਰਤਾਉ ਕੀਤਾ। ਇਹ ਸਭ ਕੁਝ ਗ੍ਰੀਸ ਦੇ ਇਤਿਹਾਸ ਦੇ ਰਿਕਾਰਡ ਵਿਚ ਕਿੰਨੀ ਸ਼ਰਮ ਦੀ ਗੱਲ ਹੈ।’

ਕੁਝ ਗਵਾਹਾਂ ਨੂੰ ਕਿਹਾ ਗਿਆ ਸੀ ਕਿ ਜੇ ਉਹ ਆਪਣਾ ਧਰਮ ਨਹੀਂ ਛੱਡਣਗੇ, ਤਾਂ ਉਨ੍ਹਾਂ ਨੂੰ ਕਦੇ ਵੀ ਨਹੀਂ ਰਿਹਾ ਕੀਤਾ ਜਾਵੇਗਾ। ਇਸ ਦੇ ਬਾਵਜੂਦ ਗਵਾਹ ਆਪਣੇ ਧਰਮ ਦੇ ਪੱਕੇ ਰਹੇ। ਇਸ ਤੋਂ ਇਲਾਵਾ, ਦੇਸ਼ਧਰੋਹੀ ਦੇ ਇਲਜ਼ਾਮ ਹੇਠ ਕੁਝ ਕੈਦੀਆਂ ਨੇ ਯਹੋਵਾਹ ਦੇ ਗਵਾਹਾਂ ਨਾਲ ਸਜ਼ਾ ਕੱਟਣ ਕਰਕੇ ਉਨ੍ਹਾਂ ਤੋਂ ਸੱਚਾਈ ਸਿੱਖ ਕੇ ਅਪਣਾ ਲਈ।

[ਸਫ਼ੇ 27 ਉੱਤੇ ਤਸਵੀਰ]

ਮਾਕਰੋਨਿਸੌਸ ਦੇ ਜੇਲ੍ਹ ਟਾਪੂ ਤੇ ਮੀਨੋਸ ਕੋਕੀਨਾਕਿਸ (ਸੱਜੇ ਪਾਸਿਓਂ ਤੀਜਾ) ਤੇ ਮੈਂ (ਖੱਭੇ ਪਾਸਿਓਂ ਚੌਥਾ)

[ਸਫ਼ੇ 29 ਉੱਤੇ ਤਸਵੀਰ]

ਸਿੱਤਿਆ, ਕ੍ਰੀਟ ਵਿਚ ਇਕ ਗਵਾਹ ਨਾਲ ਜਿੱਥੇ ਮੈਂ ਆਪਣੀ ਜਵਾਨੀ ਵਿਚ ਸੇਵਾ ਕੀਤੀ ਸੀ