Skip to content

Skip to table of contents

ਬ੍ਰਾਜ਼ੀਲ ਵਿਚ ਬੋਲ਼ੇ ਲੋਕ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ “ਸੁਣ” ਰਹੇ ਹਨ

ਬ੍ਰਾਜ਼ੀਲ ਵਿਚ ਬੋਲ਼ੇ ਲੋਕ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ “ਸੁਣ” ਰਹੇ ਹਨ

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਬ੍ਰਾਜ਼ੀਲ ਵਿਚ ਬੋਲ਼ੇ ਲੋਕ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ “ਸੁਣ” ਰਹੇ ਹਨ

ਬ੍ਰਾਜ਼ੀਲ ਵਿਚ ਯਹੋਵਾਹ ਦੇ ਗਵਾਹਾਂ ਨੇ ਬੋਲ਼ੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ “ਸੁਣਾਉਣ” ਲਈ ਬ੍ਰਾਜ਼ੀਲੀ ਸੈਨਤ ਭਾਸ਼ਾ ਸਿੱਖੀ ਹੈ। ਇਹ ਭਾਸ਼ਾ ਸਿੱਖਣੀ ਕੋਈ ਸੌਖੀ ਗੱਲ ਨਹੀਂ ਹੈ। ਪਰ ਅਸੀਂ ਹੇਠਲੀਆਂ ਉਦਾਹਰਣਾਂ ਤੋਂ ਇਨ੍ਹਾਂ ਗਵਾਹਾਂ ਦੀ ਮਿਹਨਤ ਦੇ ਵਧੀਆ ਫਲ ਦੇਖ ਸਕਦੇ ਹਾਂ।

ਸਾਓ ਪੌਲੋ ਵਿਚ ਰਹਿੰਦੀ ਤਿੰਨ ਬੱਚਿਆਂ ਦੀ ਮਾਂ ਈਵਾ * ਇਕ ਬੋਲ਼ੀ ਔਰਤ ਹੈ। ਉਹ ਆਪਣੇ ਪਰਿਵਾਰ ਸਮੇਤ ਇਕ ਬੋਲ਼ੇ ਆਦਮੀ ਦੇ ਨਾਲ ਜਾ ਕੇ ਰਹਿਣ ਲੱਗ ਪਈ ਅਤੇ ਇਸ ਤੋਂ ਥੋੜ੍ਹੀ ਕੁ ਦੇਰ ਬਾਅਦ ਸੈਨਤ ਭਾਸ਼ਾ ਸਿੱਖਣ ਲੱਗੀ। ਇਕ ਵਾਰ ਈਵਾ ਤਾਂ ਉਸ ਦਾ ਬੁਆਏ-ਫ੍ਰੈਂਡ ਬਜ਼ਾਰ ਵਿਚ ਸਨ ਜਦੋਂ ਉਨ੍ਹਾਂ ਨੂੰ ਪ੍ਰਚਾਰ ਕਰ ਰਹੇ ਕੁਝ ਬੋਲ਼ੇ ਗਵਾਹ ਮਿਲੇ। ਉਨ੍ਹਾਂ ਨੇ ਈਵਾ ਤੇ ਉਸ ਦੇ ਬੁਆਏ-ਫ੍ਰੈਂਡ ਨੂੰ ਕਿੰਗਡਮ ਹਾਲ ਵਿਚ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੋਚਿਆ ਕਿ ਉੱਥੇ ਕੋਈ ਪਾਰਟੀ ਹੋਵੇਗੀ ਤੇ ਉੱਥੇ ਚਲੇ ਗਏ।

ਈਵਾ ਨੂੰ ਬਹੁਤ ਹੀ ਘੱਟ ਸਮਝ ਪਈ ਕਿ ਸਭਾ ਵਿਚ ਕੀ ਗੱਲਾਂ ਕੀਤੀਆਂ ਜਾ ਰਹੀਆਂ ਸਨ ਕਿਉਂਕਿ ਉਸ ਨੇ ਹਾਲੇ ਸੈਨਤ ਭਾਸ਼ਾ ਚੰਗੀ ਤਰ੍ਹਾਂ ਸਿੱਖੀ ਨਹੀਂ ਸੀ। ਬਾਅਦ ਵਿਚ ਕੁਝ ਭੈਣਾਂ-ਭਰਾਵਾਂ ਨੇ ਉਸ ਨੂੰ ਚਾਹ-ਪਾਣੀ ਲਈ ਆਪਣੇ ਘਰ ਸੱਦ ਲਿਆ। ਉਨ੍ਹਾਂ ਨੇ ਧਰਤੀ ਉੱਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ! ਬਰੋਸ਼ਰ ਵਿੱਚੋਂ ਉਸ ਨੂੰ ਤਸਵੀਰਾਂ ਦਿਖਾ ਕੇ ਸਮਝਾਇਆ ਕਿ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਸਾਡੀ ਧਰਤੀ ਇਕ ਸੁੰਦਰ ਬਾਗ਼ ਬਣਨ ਵਾਲੀ ਹੈ। ਈਵਾ ਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਤੇ ਉਹ ਸਭਾਵਾਂ ਵਿਚ ਜਾਣ ਲੱਗ ਪਈ।

ਥੋੜ੍ਹੀ ਹੀ ਦੇਰ ਬਾਅਦ ਈਵਾ ਨੇ ਆਪਣੇ ਬੁਆਏ-ਫ੍ਰੈਂਡ ਨੂੰ ਛੱਡ ਦਿੱਤਾ ਤਾਂਕਿ ਉਹ ਬਾਈਬਲ ਦੀਆਂ ਗੱਲਾਂ ਅਨੁਸਾਰ ਆਪਣਾ ਜੀਵਨ ਸੁਧਾਰ ਸਕੇ। ਆਪਣੇ ਪਰਿਵਾਰ ਦੀ ਸਖ਼ਤ ਵਿਰੋਧਤਾ ਦੇ ਬਾਵਜੂਦ ਵੀ ਉਹ ਬਾਈਬਲ ਵਿੱਚੋਂ ਸੱਚੀਆਂ ਗੱਲਾਂ ਸਿੱਖਦੀ ਗਈ ਤੇ 1995 ਵਿਚ ਉਸ ਨੇ ਬਪਤਿਸਮਾ ਲੈ ਲਿਆ। ਛੇ ਮਹੀਨਿਆਂ ਬਾਅਦ ਈਵਾ ਇਕ ਪਾਇਨੀਅਰ ਬਣ ਕੇ ਆਪਣਾ ਪੂਰਾ ਸਮਾਂ ਰਾਜ ਦਾ ਪ੍ਰਚਾਰ ਕਰਨ ਵਿਚ ਬਤੀਤ ਕਰਨ ਲੱਗ ਪਈ। ਹੁਣ ਤਾਈਂ ਈਵਾ ਨੇ ਚਾਰ ਬੋਲ਼ਿਆਂ ਲੋਕਾਂ ਦੀ ਮਦਦ ਕੀਤੀ ਹੈ ਅਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣਾ ਜੀਵਨ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ ਹੈ।

ਕਾਰਲੋਸ ਨਾਂ ਦਾ ਬੰਦਾ ਜਨਮ ਤੋਂ ਹੀ ਬੋਲ਼ਾ ਹੈ। ਛੋਟੀ ਉਮਰ ਤੋਂ ਹੀ ਉਹ ਡ੍ਰੱਗਜ਼, ਬਦਚਲਣੀ ਤੇ ਚੋਰੀ ਵਿਚ ਲੱਗ ਗਿਆ ਸੀ। ਦੂਜੀਆਂ ਗੈਂਗਾਂ ਦੇ ਮੈਂਬਰਾਂ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਜਿਸ ਕਰਕੇ ਉਹ ਸਾਓ ਪੌਲੋ ਸ਼ਹਿਰ ਨੂੰ ਨੱਠ ਗਿਆ ਤੇ ਜ਼ਵਾਉਨ ਨਾਂ ਦੇ ਬੰਦੇ ਨਾਲ ਜਾ ਕੇ ਰਹਿਣ ਲੱਗ ਪਿਆ। ਕਾਰਲੋਸ ਵਾਂਗ ਜ਼ਵਾਉਨ ਵੀ ਬੋਲ਼ਾ ਸੀ ਤੇ ਬਦਚਲਣ ਵੀ ਸੀ।

ਕੁਝ ਸਾਲ ਬਾਅਦ ਕਾਰਲੋਸ ਨੇ ਰਾਜ ਦੀ ਖ਼ੁਸ਼ ਖ਼ਬਰੀ “ਸੁਣ” ਕੇ ਆਪਣਾ ਜੀਵਨ ਸੁਧਾਰ ਲਿਆ ਤੇ ਆਪਣੀ ਪਤਨੀ ਨਾਲ ਆਪਣਾ ਵਿਆਹ ਵੀ ਰਜਿਸਟਰ ਕਰਵਾ ਲਿਆ। ਬਾਈਬਲ ਦੀਆਂ ਗੱਲਾਂ ਅਨੁਸਾਰ ਚੱਲ ਕੇ ਕਾਰਲੋਸ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਤੇ ਬਪਤਿਸਮਾ ਲੈ ਲਿਆ। ਇਸ ਸਮੇਂ ਦੌਰਾਨ ਜ਼ਵਾਉਨ ਵੀ ਰਾਜ ਦੀ ਖ਼ੁਸ਼ ਖ਼ਬਰੀ “ਸੁਣ” ਚੁੱਕਾ ਸੀ ਤੇ ਉਹ ਵੀ ਆਪਣੀ ਜ਼ਿੰਦਗੀ ਵਿਚ ਬਹੁਤ ਵਡੀਆਂ-ਵਡੀਆਂ ਤਬਦੀਲੀਆਂ ਕਰ ਚੁੱਕਾ ਸੀ। ਪਰ ਕਾਰਲੋਸ ਨੂੰ ਹਾਲੇ ਇਸ ਬਾਰੇ ਪਤਾ ਨਹੀਂ ਸੀ। ਇਹ ਜਾਣ ਕੇ ਕਿ ਯਹੋਵਾਹ ਨੂੰ ਮੂਰਤੀਆਂ ਤੋਂ ਘਿਰਣਾ ਆਉਂਦੀ ਹੈ, ਜ਼ਵਾਉਨ ਨੇ “ਸੰਤਾਂ” ਦੀਆਂ ਕਾਫ਼ੀ ਮੂਰਤੀਆਂ ਆਪਣੇ ਘਰੋਂ ਬਾਹਰ ਸੁੱਟ ਦਿੱਤੀਆਂ। ਆਪਣੇ ਬੁਰੇ ਚਾਲ-ਚੱਲਣਾਂ ਨੂੰ ਛੱਡਣ ਤੋਂ ਬਾਅਦ ਜ਼ਵਾਉਨ ਨੇ ਬਪਤਿਸਮਾ ਲੈ ਲਿਆ।

ਕਾਰਲੋਸ ਅਤੇ ਜ਼ਵਾਉਨ ਕਿੰਗਡਮ ਹਾਲ ਵਿਚ ਇਕ-ਦੂਜੇ ਨੂੰ ਦੇਖ ਕੇ ਕਿੰਨੇ ਖ਼ੁਸ਼ ਹੋਏ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਦੋਵੇਂ ਕਿੰਨੀਆਂ ਵੱਡੀਆਂ-ਵੱਡੀਆਂ ਤਬਦੀਲੀਆਂ ਕਰ ਚੁੱਕੇ ਸਨ! ਹੁਣ ਦੋਵੇਂ ਆਪੋ-ਆਪਣੇ ਪਰਿਵਾਰਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਰਹੇ ਹਨ ਤੇ ਜੋਸ਼ ਨਾਲ ਰਾਜ ਦਾ ਪ੍ਰਚਾਰ ਕਰ ਰਹੇ ਹਨ।

ਬ੍ਰਾਜ਼ੀਲ ਵਿਚ ਹੁਣ 30 ਸੈਨਤ-ਭਾਸ਼ੀ ਕਲੀਸਿਯਾਵਾਂ ਤੇ 154 ਗਰੁੱਪ ਹਨ। ਇਨ੍ਹਾਂ ਵਿਚ 2,500 ਪ੍ਰਚਾਰਕ ਹਨ ਜਿਨ੍ਹਾਂ ਵਿੱਚੋਂ 1,500 ਬੋਲ਼ੇ ਭੈਣ-ਭਰਾ ਹਨ। ਸਾਲ 2001 ਵਿਚ ਬ੍ਰਾਜ਼ੀਲ ਵਿਚ ਬੋਲ਼ੇ ਲੋਕਾਂ ਲਈ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਨਾਂ ਦੇ ਜ਼ਿਲ੍ਹਾ ਸੰਮੇਲਨਾਂ ਤੇ 3,000 ਤੋਂ ਜ਼ਿਆਦਾ ਲੋਕ ਹਾਜ਼ਰ ਹੋਏ ਤੇ 36 ਭੈਣਾਂ-ਭਰਾਵਾਂ ਨੇ ਬਪਤਿਸਮਾ ਲਿਆ। ਸਾਡੀ ਉਮੀਦ ਹੈ ਕਿ ਯਹੋਵਾਹ ਦੀ ਬਰਕਤ ਨਾਲ ਹੋਰ ਵੀ ਬੋਲ਼ੇ ਲੋਕ ਰਾਜ ਦਾ ਸੰਦੇਸ਼ “ਸੁਣਨਗੇ”।

[ਫੁਟਨੋਟ]

^ ਪੈਰਾ 4 ਨਾਂ ਬਦਲੇ ਗਏ ਹਨ।