Skip to content

Skip to table of contents

ਜਗਵੇਦੀ—ਭਗਤੀ ਵਿਚ ਇਸ ਦੀ ਅਹਿਮੀਅਤ

ਜਗਵੇਦੀ—ਭਗਤੀ ਵਿਚ ਇਸ ਦੀ ਅਹਿਮੀਅਤ

ਜਗਵੇਦੀ—ਭਗਤੀ ਵਿਚ ਇਸ ਦੀ ਅਹਿਮੀਅਤ

ਕੀ ਤੁਸੀਂ ਜਗਵੇਦੀ ਨੂੰ ਭਗਤੀ ਦਾ ਜ਼ਰੂਰੀ ਹਿੱਸਾ ਮੰਨਦੇ ਹੋ? ਗਿਰਜਿਆਂ ਵਿਚ ਜਾਂਦੇ ਕਈ ਈਸਾਈਆਂ ਲਈ ਜਗਵੇਦੀ ਸ਼ਾਇਦ ਬਹੁਤ ਵੱਡੀ ਅਹਿਮੀਅਤ ਰੱਖਦੀ ਹੋਵੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਭਗਤੀ ਵਿਚ ਜਗਵੇਦੀਆਂ ਦੀ ਵਰਤੋਂ ਬਾਰੇ ਬਾਈਬਲ ਕੀ ਕਹਿੰਦੀ ਹੈ?

ਬਾਈਬਲ ਵਿਚ ਜਗਵੇਦੀ ਦਾ ਜ਼ਿਕਰ ਪਹਿਲੀ ਵਾਰੀ ਨੂਹ ਦੇ ਦਿਨਾਂ ਵਿਚ ਕੀਤਾ ਗਿਆ ਸੀ। ਜਦੋਂ ਨੂਹ ਜਲ-ਪਰਲੋ ਮਗਰੋਂ ਕਿਸ਼ਤੀ ਵਿੱਚੋਂ ਨਿਕਲਿਆ ਤਾਂ ਉਸ ਨੇ ਜਾਨਵਰਾਂ ਦੀ ਬਲੀ ਚੜ੍ਹਾਉਣ ਲਈ ਇਕ ਜਗਵੇਦੀ ਬਣਾਈ ਸੀ। *ਉਤਪਤ 8:20.

ਬਾਬਲ ਵਿਚ ਭਾਸ਼ਾਵਾਂ ਦੀ ਗੜਬੜੀ ਪੈਦਾ ਹੋ ਜਾਣ ਮਗਰੋਂ ਲੋਕ ਧਰਤੀ ਦੇ ਕੋਨੇ-ਕੋਨੇ ਵਿਚ ਖਿੰਡ ਗਏ ਸਨ। (ਉਤਪਤ 11:1-9) ਪਰਮੇਸ਼ੁਰ ਦੀ ਪੂਜਾ ਕਰਨ ਦੀ ਕੁਦਰਤੀ ਇੱਛਾ ਹੋਣ ਕਰਕੇ, ਇਨਸਾਨ ਉਸ ਨੂੰ ਅੰਨ੍ਹਿਆਂ ਵਾਂਗ ‘ਟੋਹੰਦੇ’ ਰਹੇ। ਪਰ ਉਹ ਪਰਮੇਸ਼ੁਰ ਦੇ ਨੇੜੇ ਜਾਣ ਦੀ ਬਜਾਇ ਉਸ ਤੋਂ ਦੂਰ ਹੁੰਦੇ ਗਏ। (ਰਸੂਲਾਂ ਦੇ ਕਰਤੱਬ 17:27; ਰੋਮੀਆਂ 2:14, 15) ਨੂਹ ਦੇ ਦਿਨਾਂ ਤੋਂ ਲੈ ਕੇ ਹੁਣ ਤਕ ਬਹੁਤ ਸਾਰੀਆਂ ਕੌਮਾਂ ਦੇ ਲੋਕਾਂ ਨੇ ਆਪੋ-ਆਪਣੇ ਦੇਵੀ-ਦੇਵਤਿਆਂ ਲਈ ਜਗਵੇਦੀਆਂ ਬਣਾਈਆਂ ਹਨ। ਵੱਖੋ-ਵੱਖਰੇ ਧਰਮਾਂ ਅਤੇ ਸਮਾਜਾਂ ਨੇ ਆਪਣੀ ਪੂਜਾ ਵਿਚ ਜਗਵੇਦੀਆਂ ਦੀ ਵਰਤੋਂ ਕੀਤੀ ਹੈ। ਸੱਚੇ ਪਰਮੇਸ਼ੁਰ ਤੋਂ ਦੂਰ ਹੋਣ ਕਰਕੇ ਕਈਆਂ ਨੇ ਭਿਆਨਕ ਰਸਮਾਂ ਪੂਰੀਆਂ ਕਰਨ ਲਈ ਜਗਵੇਦੀਆਂ ਨੂੰ ਇਸਤੇਮਾਲ ਕੀਤਾ ਸੀ। ਉਨ੍ਹਾਂ ਨੇ ਇਨਸਾਨਾਂ ਦੀਆਂ ਅਤੇ ਬੱਚਿਆਂ ਦੀਆਂ ਵੀ ਬਲੀਆਂ ਚੜ੍ਹਾਈਆਂ ਸਨ। ਜਦੋਂ ਇਸਰਾਏਲ ਦੇ ਕੁਝ ਰਾਜਿਆਂ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ, ਤਾਂ ਉਨ੍ਹਾਂ ਨੇ ਬਆਲ ਵਰਗੇ ਦੇਵਤਿਆਂ ਦੀ ਪੂਜਾ ਕਰਨ ਲਈ ਜਗਵੇਦੀਆਂ ਬਣਾਈਆਂ। (1 ਰਾਜਿਆਂ 16:29-32) ਪਰ ਸੱਚੀ ਭਗਤੀ ਵਿਚ ਜਗਵੇਦੀਆਂ ਦੀ ਵਰਤੋਂ ਕਰਨ ਬਾਰੇ ਕੀ ਕਿਹਾ ਜਾ ਸਕਦਾ ਹੈ?

ਇਸਰਾਏਲ ਵਿਚ ਸੱਚੀ ਭਗਤੀ ਅਤੇ ਜਗਵੇਦੀਆਂ

ਨੂਹ ਮਗਰੋਂ ਦੂਸਰੇ ਵਫ਼ਾਦਾਰ ਇਨਸਾਨਾਂ ਨੇ ਵੀ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲਈ ਜਗਵੇਦੀਆਂ ਬਣਾਈਆਂ ਸਨ। ਅਬਰਾਹਾਮ ਨੇ ਸ਼ਕਮ ਵਿਚ, ਬੈਤ-ਏਲ ਨੇੜੇ ਇਕ ਥਾਂ ਤੇ ਅਤੇ ਹਬਰੋਨ ਵਿਚ ਜਗਵੇਦੀਆਂ ਬਣਾਈਆਂ ਸਨ। ਉਸ ਨੇ ਮੋਰੀਯਾਹ ਪਹਾੜ ਉੱਤੇ ਵੀ ਜਗਵੇਦੀ ਬਣਾ ਕੇ ਇਕ ਭੇਡੂ ਦੀ ਬਲੀ ਚੜ੍ਹਾਈ ਸੀ ਜੋ ਪਰਮੇਸ਼ੁਰ ਨੇ ਉਸ ਨੂੰ ਇਸਹਾਕ ਦੀ ਥਾਂ ਤੇ ਚੜ੍ਹਾਉਣ ਲਈ ਦਿੱਤਾ ਸੀ। ਬਾਅਦ ਵਿਚ ਇਸਹਾਕ, ਯਾਕੂਬ ਅਤੇ ਮੂਸਾ ਨੇ ਵੀ ਪਰਮੇਸ਼ੁਰ ਦੀ ਭਗਤੀ ਕਰਨ ਲਈ ਦਿਲੋਂ ਪ੍ਰੇਰਿਤ ਹੋ ਕੇ ਜਗਵੇਦੀਆਂ ਬਣਾਈਆਂ ਸਨ।—ਉਤਪਤ 12:6-8; 13:3, 18; 22:9-13; 26:23-25; 33:18-20; 35:1, 3, 7; ਕੂਚ 17:15, 16; 24:4-8.

ਜਦੋਂ ਪਰਮੇਸ਼ੁਰ ਨੇ ਇਸਰਾਏਲ ਦੀ ਕੌਮ ਨੂੰ ਆਪਣੀ ਸ਼ਰਾ ਦਿੱਤੀ ਸੀ, ਤਾਂ ਉਸ ਨੇ ਉਨ੍ਹਾਂ ਨੂੰ ਡੇਹਰਾ ਜਾਂ ‘ਮੰਡਲੀ ਦਾ ਤੰਬੂ’ ਬਣਾਉਣ ਦਾ ਹੁਕਮ ਦਿੱਤਾ ਸੀ। ਇਸ ਡੇਹਰੇ ਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਸੀ। ਇਹ ਤੰਬੂ ਪਰਮੇਸ਼ੁਰ ਦੀ ਭਗਤੀ ਕਰਨ ਦੇ ਪ੍ਰਬੰਧ ਵਿਚ ਖ਼ਾਸ ਅਹਿਮੀਅਤ ਰੱਖਦਾ ਸੀ। (ਕੂਚ 39:32, 40) ਇਸ ਵਿਚ ਦੋ ਜਗਵੇਦੀਆਂ ਸਨ। ਇਕ ਜਗਵੇਦੀ ਹੋਮ ਬਲੀਆਂ ਚੜ੍ਹਾਉਣ ਲਈ ਸੀ ਤੇ ਉਹ ਸ਼ਿੱਟੀਮ ਦੀ ਲੱਕੜੀ ਦੀ ਬਣੀ ਹੋਈ ਸੀ ਅਤੇ ਪਿੱਤਲ ਨਾਲ ਮੜ੍ਹੀ ਹੋਈ ਸੀ। ਇਹ ਜਗਵੇਦੀ ਡੇਹਰੇ ਦੇ ਦਰਵਾਜ਼ੇ ਦੇ ਸਾਮ੍ਹਣੇ ਰੱਖੀ ਹੋਈ ਸੀ ਅਤੇ ਇਸ ਉੱਤੇ ਜਾਨਵਰਾਂ ਦੀਆਂ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ। (ਕੂਚ 27:1-8; 39:39; 40:6, 29) ਦੂਸਰੀ ਜਗਵੇਦੀ ਧੂਪ ਧੁਖਾਉਣ ਲਈ ਵਰਤੀ ਜਾਂਦੀ ਸੀ ਅਤੇ ਇਹ ਵੀ ਸ਼ਿੱਟੀਮ ਦੀ ਲੱਕੜੀ ਦੀ ਬਣੀ ਸੀ ਪਰ ਇਹ ਸੋਨੇ ਨਾਲ ਮੜ੍ਹੀ ਹੋਈ ਸੀ। ਇਹ ਡੇਹਰੇ ਦੇ ਅੰਦਰ ਅੱਤ ਪਵਿੱਤਰ ਸਥਾਨ ਦੇ ਪਰਦੇ ਦੇ ਅੱਗੇ ਰੱਖੀ ਜਾਂਦੀ ਸੀ। (ਕੂਚ 30:1-6; 39:38; 40:5, 26, 27) ਇਸ ਜਗਵੇਦੀ ਉੱਤੇ ਦਿਨ ਵਿਚ ਦੋ ਵਾਰ ਯਾਨੀ ਸਵੇਰ ਨੂੰ ਅਤੇ ਸ਼ਾਮ ਨੂੰ ਖ਼ਾਸ ਧੂਪ ਧੁਖਾਈ ਜਾਂਦੀ ਸੀ। (ਕੂਚ 30:7-9) ਰਾਜਾ ਸੁਲੇਮਾਨ ਦੁਆਰਾ ਬਣਾਈ ਗਈ ਹੈਕਲ ਇਸੇ ਡੇਹਰੇ ਦੇ ਨਮੂਨੇ ਉੱਤੇ ਉਸਾਰੀ ਗਈ ਸੀ ਅਤੇ ਇਸ ਵਿਚ ਵੀ ਦੋ ਜਗਵੇਦੀਆਂ ਸਨ।

‘ਅਸਲ ਡੇਹਰਾ’ ਅਤੇ ਲਾਖਣਿਕ ਜਗਵੇਦੀ

ਇਸਰਾਏਲ ਕੌਮ ਨੂੰ ਸ਼ਰਾ ਦੇ ਕੇ ਯਹੋਵਾਹ ਨੇ ਆਪਣਿਆਂ ਲੋਕਾਂ ਨੂੰ ਸਿਰਫ਼ ਰੋਜ਼ ਦੀ ਜ਼ਿੰਦਗੀ ਅਤੇ ਬਲੀਆਂ ਚੜ੍ਹਾਉਣ ਤੇ ਪ੍ਰਾਰਥਨਾ ਕਰਨ ਸੰਬੰਧੀ ਹੀ ਨਿਯਮ ਨਹੀਂ ਦਿੱਤੇ ਸਨ। ਸ਼ਰਾ ਦੇ ਕਈ ਪਹਿਲੂਆਂ ਬਾਰੇ ਪੌਲੁਸ ਰਸੂਲ ਨੇ ਕਿਹਾ ਸੀ ਕਿ ਇਹ “ਸੁਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ” ਜਾਂ “ਦ੍ਰਿਸ਼ਟਾਂਤ” ਸਨ। (ਇਬਰਾਨੀਆਂ 8:3-5; 9:9; 10:1; ਕੁਲੁੱਸੀਆਂ 2:17) ਸ਼ਰਾ ਦੀਆਂ ਕਈ ਗੱਲਾਂ ਨੇ ਮਸੀਹ ਦੇ ਆਉਣ ਤਕ ਹੀ ਨਹੀਂ ਇਸਰਾਏਲੀਆਂ ਨੂੰ ਸਹੀ ਰਾਹ ਦਿਖਾਇਆ, ਸਗੋਂ ਇਨ੍ਹਾਂ ਨੇ ਪਰਮੇਸ਼ੁਰ ਦੇ ਉਨ੍ਹਾਂ ਮਕਸਦਾਂ ਦੀ ਵੀ ਝਲਕ ਦਿੱਤੀ ਜੋ ਯਿਸੂ ਮਸੀਹ ਦੁਆਰਾ ਪੂਰੇ ਹੋਣੇ ਸਨ। (ਗਲਾਤੀਆਂ 3:24) ਜੀ ਹਾਂ, ਸ਼ਰਾ ਦੀਆਂ ਕਈ ਗੱਲਾਂ ਭਵਿੱਖ-ਸੂਚਕ ਸਨ। ਮਿਸਾਲ ਲਈ, ਪਸਾਹ ਦਾ ਲੇਲਾ ਜਿਸ ਦਾ ਲਹੂ ਇਸਰਾਏਲੀਆਂ ਲਈ ਮੁਕਤੀ ਦਾ ਇਕ ਚਿੰਨ੍ਹ ਸੀ, ਯਿਸੂ ਮਸੀਹ ਨੂੰ ਦਰਸਾਉਂਦਾ ਸੀ। ਯਿਸੂ ‘ਪਰਮੇਸ਼ੁਰ ਦਾ ਲੇਲਾ ਹੈ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ।’ ਸਾਨੂੰ ਪਾਪ ਤੋਂ ਛੁਡਾਉਣ ਲਈ ਉਸ ਦਾ ਲਹੂ ਵਹਾਇਆ ਗਿਆ ਸੀ।—ਯੂਹੰਨਾ 1:29; ਅਫ਼ਸੀਆਂ 1:7.

ਡੇਹਰੇ ਅਤੇ ਹੈਕਲ ਸੰਬੰਧੀ ਕਈ ਚੀਜ਼ਾਂ ਅਧਿਆਤਮਿਕ ਹਕੀਕਤਾਂ ਨੂੰ ਦਰਸਾਉਂਦੀਆਂ ਸਨ। (ਇਬਰਾਨੀਆਂ 8:5; 9:23) ਪੌਲੁਸ “ਅਸਲ ਡੇਹਰੇ” ਦਾ ਜ਼ਿਕਰ ਕਰਦਾ ਹੈ “ਜਿਹ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੁ ਨੇ ਗੱਡਿਆ” ਹੈ। ਉਹ ਅੱਗੇ ਲਿਖਦਾ ਹੈ: “ਜਾਂ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪਰਧਾਨ ਜਾਜਕ ਹੋ ਕੇ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਡੇਹਰੇ ਦੇ ਰਾਹੀਂ [ਆਇਆ] ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸਰਿਸ਼ਟੀ ਦਾ ਨਹੀਂ ਹੈ।” (ਇਬਰਾਨੀਆਂ 8:2; 9:11) ‘ਪਹਿਲੇ ਨਾਲੋਂ ਵੱਡਾ ਅਤੇ ਪੂਰਨ ਡੇਹਰਾ’ ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਦਾ ਪ੍ਰਬੰਧ ਹੈ। ਇਨ੍ਹਾਂ ਆਇਤਾਂ ਦੀ ਭਾਸ਼ਾ ਤੋਂ ਸੰਕੇਤ ਮਿਲਦਾ ਹੈ ਕਿ ਇਹ ਮਹਾਨ ਅਧਿਆਤਮਿਕ ਹੈਕਲ ਉਹ ਪ੍ਰਬੰਧ ਹੈ ਜਿਸ ਰਾਹੀਂ ਇਨਸਾਨ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਯਹੋਵਾਹ ਦੀ ਭਗਤੀ ਕਰ ਸਕਦੇ ਹਨ।—ਇਬਰਾਨੀਆਂ 9:2-10, 23-28.

ਅਸੀਂ ਬਾਈਬਲ ਤੋਂ ਸਿੱਖਦੇ ਹਾਂ ਕਿ ਸ਼ਰਾ ਦੇ ਕਈ ਪਹਿਲੂ ਅਤੇ ਨਿਯਮ ਜ਼ਿਆਦਾ ਮਹਾਨ ਅਤੇ ਅਹਿਮ ਅਧਿਆਤਮਿਕ ਹਕੀਕਤਾਂ ਨੂੰ ਦਰਸਾਉਂਦੇ ਹਨ। ਇਸ ਨਾਲ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਬਾਈਬਲ ਸੱਚ-ਮੁੱਚ ਪਰਮੇਸ਼ੁਰ ਦੁਆਰਾ ਲਿਖਵਾਈ ਗਈ ਸੀ। ਇਸ ਤੋਂ ਇਲਾਵਾ, ਪਰਮੇਸ਼ੁਰੀ ਬੁੱਧੀ ਪ੍ਰਤੀ ਸਾਡੀ ਕਦਰ ਵੀ ਵਧਦੀ ਹੈ ਜੋ ਸਾਨੂੰ ਬਾਈਬਲ ਵਿਚ ਸਾਫ਼-ਸਾਫ਼ ਦਿਖਾਈ ਦਿੰਦੀ ਹੈ।—ਰੋਮੀਆਂ 11:33; 2 ਤਿਮੋਥਿਉਸ 3:16.

ਹੋਮ ਬਲੀ ਦੀ ਜਗਵੇਦੀ ਵੀ ਭਵਿੱਖ ਵਿਚ ਇਕ ਚੀਜ਼ ਨੂੰ ਦਰਸਾਉਂਦੀ ਸੀ। ਸ਼ਾਸਤਰਵਚਨਾਂ ਤੋਂ ਇੱਦਾਂ ਲੱਗਦਾ ਹੈ ਕਿ ਇਹ ਜਗਵੇਦੀ ਯਿਸੂ ਦੀ ਮੁਕੰਮਲ ਜ਼ਿੰਦਗੀ ਦੇ ਬਲੀਦਾਨ ਨੂੰ ਕਬੂਲ ਕਰਨ ਵਿਚ ਪਰਮੇਸ਼ੁਰ ਦੀ “ਇੱਛਿਆ” ਜਾਂ ਰਜ਼ਾਮੰਦੀ ਨੂੰ ਦਰਸਾਉਂਦੀ ਹੈ।—ਇਬਰਾਨੀਆਂ 10:1-10.

ਬਾਅਦ ਵਿਚ ਪੌਲੁਸ ਨੇ ਇਬਰਾਨੀਆਂ ਦੀ ਪੱਤਰੀ ਵਿਚ ਇਹ ਦਿਲਚਸਪ ਟਿੱਪਣੀ ਕੀਤੀ: “ਸਾਡੀ ਤਾਂ ਇਕ ਜਗਵੇਦੀ ਹੈ ਜਿਸ ਉੱਤੋਂ ਡੇਹਰੇ ਦੇ ਸੇਵਕਾਂ ਨੂੰ ਖਾਣ ਦਾ ਹੱਕ ਨਹੀਂ।” (ਇਬਰਾਨੀਆਂ 13:10) ਉਹ ਕਿਸ ਜਗਵੇਦੀ ਦੀ ਗੱਲ ਕਰ ਰਿਹਾ ਸੀ?

ਕਈ ਕੈਥੋਲਿਕ ਵਿਦਵਾਨਾਂ ਦਾ ਕਹਿਣਾ ਹੈ ਕਿ ਇਬਰਾਨੀਆਂ 13:10 ਵਿਚ ਦੱਸੀ ਗਈ ਜਗਵੇਦੀ ਉਸ ਜਗਵੇਦੀ ਨੂੰ ਦਰਸਾਉਂਦੀ ਹੈ ਜਿਸ ਉੱਤੇ ਯੂਖਾਰਿਸਤ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਯੂਖਾਰਿਸਤ ਜਾਂ “ਪਰਮ ਪਰਸਾਦ” ਰਾਹੀਂ ਹਰ ਵਾਰ ਪੂਜਾ ਦੌਰਾਨ ਮਸੀਹ ਦੀ ਨਵੇਂ ਸਿਰਿਓਂ ਬਲੀ ਚੜ੍ਹਾਈ ਜਾਂਦੀ ਹੈ। ਪਰ ਜੇ ਤੁਸੀਂ ਅੱਗੇ-ਪਿੱਛੇ ਦੀਆਂ ਆਇਤਾਂ ਨੂੰ ਪੜ੍ਹੋ, ਤਾਂ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਪੌਲੁਸ ਇਸ ਆਇਤ ਵਿਚ ਕਿਸੇ ਅਸਲੀ ਜਗਵੇਦੀ ਦੀ ਗੱਲ ਨਹੀਂ ਕਰ ਰਿਹਾ ਸੀ। ਕਈ ਵਿਦਵਾਨ ਮੰਨਦੇ ਹਨ ਕਿ ਇਸ ਆਇਤ ਵਿਚ ਪੌਲੁਸ ਇਕ “ਲਾਖਣਿਕ ਜਗਵੇਦੀ” ਦੀ ਗੱਲ ਕਰ ਰਿਹਾ ਸੀ। ਜੂਜ਼ੈਪੇ ਬੌਨਸੀਰਵਨ ਨਾਂ ਦਾ ਇਕ ਜੈਸੂਇਟ ਵਿਦਵਾਨ ਦਾ ਕਹਿਣਾ ਹੈ ਕਿ “ਇਹ ਗੱਲ [ਇਬਰਾਨੀਆਂ ਨੂੰ ਲਿਖੀ] ਚਿੱਠੀ ਦੇ ਬਾਕੀ ਹਿੱਸਿਆਂ ਨਾਲ ਮੇਲ ਖਾਂਦੀ ਹੈ ਜਿਸ ਵਿਚ ਕਈ ਗੱਲਾਂ ਲਾਖਣਿਕ ਤੌਰ ਤੇ ਲਿਖੀਆਂ ਗਈਆਂ ਹਨ।” ਉਹ ਦੱਸਦਾ ਹੈ: “ਮਸੀਹੀ ਲੋਕ ‘ਜਗਵੇਦੀ’ ਸ਼ਬਦ ਨੂੰ ਪਹਿਲਾਂ ਹਮੇਸ਼ਾ ਅਧਿਆਤਮਿਕ ਅਰਥ ਵਿਚ ਹੀ ਵਰਤਦੇ ਸਨ, ਪਰ ਆਇਰੀਨੀਅਸ ਅਤੇ ਖ਼ਾਸਕਰ ਟਰਟੂਲੀਅਨ ਤੇ ਸੰਤ ਸਿਪ੍ਰਿਅਨ ਦੇ ਸਮੇਂ ਤੋਂ ਬਾਅਦ ਹੀ ਇਸ ਸ਼ਬਦ ਨੂੰ ਯੂਖਾਰਿਸਤ ਅਤੇ ਖ਼ਾਸ ਤੌਰ ਤੇ ਯੂਖਾਰਿਸਤ ਦੇ ਮੇਜ਼ ਨਾਲ ਜੋੜਿਆ ਜਾਣ ਲੱਗਾ।”

ਇਕ ਕੈਥੋਲਿਕ ਰਸਾਲੇ ਵਿਚ ਦੱਸਿਆ ਗਿਆ ਹੈ ਕਿ “ਕਾਂਸਟੰਟਾਈਨ ਦੇ ਸਮੇਂ” ਵਿਚ ਜਗਵੇਦੀਆਂ ਦੀ ਵਰਤੋਂ ਪ੍ਰਚਲਿਤ ਹੋ ਗਈ ਜਦੋਂ “ਬਾਸਲੀਕ ਨਮੂਨੇ ਦੇ ਆਧਾਰ ਤੇ ਗਿਰਜੇ” ਬਣਨੇ ਸ਼ੁਰੂ ਹੋਏ। ਇਹ ਰਸਾਲਾ ਅੱਗੇ ਦੱਸਦਾ ਹੈ: “ਇਹ ਗੱਲ ਪੱਕੀ ਹੈ ਕਿ ਪਹਿਲੀਆਂ ਦੋ ਸਦੀਆਂ ਦੌਰਾਨ ਭਗਤੀ ਕਰਨ ਲਈ ਕੋਈ ਖ਼ਾਸ ਇਮਾਰਤ ਨਹੀਂ ਵਰਤੀ ਜਾਂਦੀ ਸੀ, ਸਗੋਂ ਧਾਰਮਿਕ ਸਭਾਵਾਂ ਘਰਾਂ ਦੇ ਕਮਰਿਆਂ ਵਿਚ ਕੀਤੀਆਂ ਜਾਂਦੀਆਂ ਸਨ . . . ਅਤੇ ਸਭਾ ਮਗਰੋਂ ਇਨ੍ਹਾਂ ਕਮਰਿਆਂ ਨੂੰ ਆਮ ਕਮਰੇ ਹੀ ਸਮਝਿਆ ਜਾਂਦਾ ਸੀ।”

ਈਸਾਈ-ਜਗਤ ਦੁਆਰਾ ਜਗਵੇਦੀ ਦੀ ਵਰਤੋਂ

ਇਕ ਹੋਰ ਕੈਥੋਲਿਕ ਰਸਾਲਾ ਕਹਿੰਦਾ ਹੈ: “ਜਗਵੇਦੀ ਨਾ ਸਿਰਫ਼ ਗਿਰਜੇ ਦਾ ਮੁੱਖ ਅੰਗ ਹੈ, ਸਗੋਂ ਇਹ ਜੀਉਂਦੇ ਚਰਚ ਯਾਨੀ ਕਲੀਸਿਯਾ ਦਾ ਵੀ ਮੁੱਖ ਅੰਗ ਹੈ।” ਪਰ ਯਿਸੂ ਮਸੀਹ ਨੇ ਜਗਵੇਦੀ ਸੰਬੰਧੀ ਇਕ ਵੀ ਧਾਰਮਿਕ ਰੀਤ ਸ਼ੁਰੂ ਨਹੀਂ ਕੀਤੀ ਅਤੇ ਨਾ ਹੀ ਉਸ ਨੇ ਆਪਣੇ ਚੇਲਿਆਂ ਨੂੰ ਕੋਈ ਰਸਮ ਪੂਰੀ ਕਰਨ ਲਈ ਜਗਵੇਦੀ ਇਸਤੇਮਾਲ ਕਰਨ ਦਾ ਹੁਕਮ ਦਿੱਤਾ ਸੀ। ਜਦੋਂ ਯਿਸੂ ਨੇ ਮੱਤੀ 5:23, 24 ਵਿਚ ਅਤੇ ਹੋਰ ਆਇਤਾਂ ਵਿਚ ਜਗਵੇਦੀ ਦਾ ਜ਼ਿਕਰ ਕੀਤਾ, ਤਾਂ ਉਹ ਯਹੂਦੀਆਂ ਦੀ ਪ੍ਰਚਲਿਤ ਧਾਰਮਿਕ ਰੀਤ ਦੀ ਗੱਲ ਕਰ ਰਿਹਾ ਸੀ, ਨਾ ਕਿ ਇਹ ਕਹਿ ਰਿਹਾ ਸੀ ਕਿ ਉਸ ਦੇ ਚੇਲਿਆਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਲਈ ਕੋਈ ਜਗਵੇਦੀ ਵਰਤਣੀ ਚਾਹੀਦੀ ਹੈ।

ਅਮਰੀਕੀ ਇਤਿਹਾਸਕਾਰ ਜੌਰਜ ਫੁਟ ਮੋਰ (1851-1931) ਨੇ ਲਿਖਿਆ: “ਮਸੀਹੀ ਕਾਫ਼ੀ ਸਮੇਂ ਤਕ ਇੱਕੋ ਤਰੀਕੇ ਨਾਲ ਭਗਤੀ ਕਰਦੇ ਰਹੇ, ਪਰ ਦੂਸਰੀ ਸਦੀ ਦੇ ਅੱਧ ਵਿਚ ਜਿਨ੍ਹਾਂ ਸਾਦੀਆਂ ਰਸਮਾਂ ਦਾ ਜ਼ਿਕਰ ਜਸਟਿਨ ਮਾਰਟਰ ਨੇ ਕੀਤਾ ਸੀ, ਉਨ੍ਹਾਂ ਨੂੰ ਬਾਅਦ ਵਿਚ ਵਧਾ-ਚੜ੍ਹਾ ਕੇ ਸ਼ਾਨਦਾਰ ਰੂਪ ਦਿੱਤਾ ਗਿਆ।” ਕੈਥੋਲਿਕ ਧਰਮ ਵਿਚ ਇੰਨੀਆਂ ਸਾਰੀਆਂ ਗੁੰਝਲਦਾਰ ਰੀਤਾਂ-ਰਸਮਾਂ ਹਨ ਕਿ ਧਰਮ-ਕਾਲਜਾਂ ਵਿਚ ਵਿਦਿਆਰਥੀ ਇਕ ਵੱਖਰੇ ਵਿਸ਼ੇ ਦੇ ਤੌਰ ਤੇ ਇਨ੍ਹਾਂ ਦਾ ਅਧਿਐਨ ਕਰਦੇ ਹਨ। ਇਤਿਹਾਸਕਾਰ ਮੋਰ ਨੇ ਅੱਗੇ ਕਿਹਾ: “ਸਾਰੀਆਂ ਰੀਤਾਂ-ਰਸਮਾਂ ਇਸੇ ਤਰ੍ਹਾਂ ਬਣੀਆਂ ਹੈ। ਜਦੋਂ ਈਸਾਈ ਧਰਮ ਦੇ ਪਾਦਰੀਆਂ ਨੂੰ ਪ੍ਰਾਚੀਨ ਯਹੂਦੀ ਜਾਜਕਾਂ ਦੇ ਉਤਰਾਧਿਕਾਰੀ ਸਮਝਿਆ ਜਾਣ ਲੱਗ ਪਿਆ, ਤਾਂ ਉਦੋਂ ਆਮ ਰਸਮਾਂ ਨੂੰ ਸ਼ਾਨਦਾਰ ਰੂਪ ਦੇਣ ਵਾਸਤੇ ਪੁਰਾਣੇ ਨਿਯਮ ਦੀ ਮਦਦ ਲਈ ਗਈ। ਪ੍ਰਧਾਨ ਜਾਜਕ ਦਾ ਸ਼ਾਨਦਾਰ ਲਿਬਾਸ, ਦੂਸਰੇ ਜਾਜਕਾਂ ਦੀਆਂ ਰਸਮੀ ਪੁਸ਼ਾਕਾਂ, ਪੂਜਾ-ਪਾਠ ਦੀਆਂ ਰਸਮਾਂ, ਭਜਨ ਗਾਉਣ ਵਾਲੇ ਲੇਵੀ ਗਾਇਕ, ਝੂਲਦੇ ਧੂਪਦਾਨਾਂ ਵਿੱਚੋਂ ਧੂਪ ਦਾ ਉੱਠਦਾ ਧੂੰਆਂ—ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਭਗਤੀ ਦਾ ਨਮੂਨਾ ਮੰਨਦੇ ਹੋਏ ਗਿਰਜਿਆਂ ਨੇ ਠਾਠ-ਬਾਠ ਨਾਲ ਪੂਜਾ-ਪਾਠ ਕਰਨ ਵਿਚ ਪ੍ਰਾਚੀਨ ਗ਼ੈਰ-ਮਸੀਹੀ ਧਰਮਾਂ ਨੂੰ ਵੀ ਮਾਤ ਦੇ ਦਿੱਤੀ।”

ਤੁਹਾਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵੱਖ-ਵੱਖ ਗਿਰਜਿਆਂ ਦੀਆਂ ਰੀਤਾਂ-ਰਸਮਾਂ, ਖ਼ਾਸ ਪੁਸ਼ਾਕਾਂ ਅਤੇ ਭਗਤੀ ਵਿਚ ਵਰਤੀਆਂ ਜਾਂਦੀਆਂ ਹੋਰ ਚੀਜ਼ਾਂ ਇੰਜੀਲਾਂ ਵਿਚ ਪਾਈ ਜਾਂਦੀ ਮਸੀਹੀ ਸਿੱਖਿਆ ਦਾ ਹਿੱਸਾ ਨਹੀਂ ਹਨ, ਸਗੋਂ ਇਹ ਯਹੂਦੀ ਅਤੇ ਦੂਸਰੇ ਧਰਮਾਂ ਤੋਂ ਲਈਆਂ ਗਈਆਂ ਹਨ। ਇਕ ਕੋਸ਼ ਦੱਸਦਾ ਹੈ ਕਿ ਕੈਥੋਲਿਕ ਧਰਮ ਨੇ “ਜਗਵੇਦੀ ਦੀ ਵਰਤੋਂ ਕਰਨ ਦੀ ਰੀਤ ਯਹੂਦੀ ਅਤੇ ਦੂਸਰੇ ਧਰਮਾਂ ਤੋਂ ਅਪਣਾਈ ਹੈ।” ਮਸੀਹੀ ਧਰਮ ਦੇ ਹੱਕ ਵਿਚ ਲਿਖਣ ਵਾਲੇ ਇਕ ਲਿਖਾਰੀ, ਮੇਨੁਸੀਅਸ ਫ਼ੇਲਿਕਸ ਨੇ ਤੀਸਰੀ ਸਦੀ ਵਿਚ ਲਿਖਿਆ ਸੀ ਕਿ ਮਸੀਹੀਆਂ ਕੋਲ ‘ਨਾ ਹੈਕਲ ਸੀ ਤੇ ਨਾ ਹੀ ਜਗਵੇਦੀਆਂ ਸਨ।’ ਧਰਮਾਂ ਬਾਰ ਇਕ ਵਿਸ਼ਵ ਕੋਸ਼ ਵੀ ਇਹੋ ਕਹਿੰਦਾ ਹੈ: “ਪਹਿਲੀ ਸਦੀ ਦੇ ਮਸੀਹੀਆਂ ਨੇ ਜਗਵੇਦੀਆਂ ਦਾ ਇਨਕਾਰ ਕਰ ਕੇ ਆਪਣੇ ਆਪ ਨੂੰ ਯਹੂਦੀ ਧਰਮ ਅਤੇ ਦੂਸਰੇ ਧਰਮਾਂ ਤੋਂ ਵੱਖਰਾ ਦਿਖਾਇਆ ਸੀ।”

ਮਸੀਹੀ ਧਰਮ ਅਜਿਹੇ ਅਸੂਲਾਂ ਉੱਤੇ ਆਧਾਰਿਤ ਸੀ ਜਿਨ੍ਹਾਂ ਨੂੰ ਹਰ ਦੇਸ਼ ਵਿਚ ਰਹਿਣ ਵਾਲੇ ਮਸੀਹੀਆਂ ਨੇ ਸਵੀਕਾਰ ਕਰਨਾ ਸੀ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਲਾਗੂ ਕਰਨਾ ਸੀ। ਇਸ ਲਈ ਉਨ੍ਹਾਂ ਨੂੰ ਧਰਤੀ ਉੱਤੇ ਇਕ ਖ਼ਾਸ ਪਵਿੱਤਰ ਨਗਰ, ਹੈਕਲ, ਜਗਵੇਦੀਆਂ ਅਤੇ ਸ਼ਾਨਦਾਰ ਪੁਸ਼ਾਕ ਪਹਿਨੇ ਹੋਏ ਕਿਸੇ ਖ਼ਾਸ ਦਰਜੇ ਦੇ ਇਨਸਾਨੀ ਜਾਜਕਾਂ ਦੀ ਲੋੜ ਨਹੀਂ ਸੀ। “ਉਹ ਸਮਾ ਆਉਂਦਾ ਹੈ,” ਯਿਸੂ ਨੇ ਕਿਹਾ ਸੀ, “ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ। . . . ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ।” (ਯੂਹੰਨਾ 4:21, 23) ਇਨ੍ਹਾਂ ਸ਼ਬਦਾਂ ਰਾਹੀਂ ਯਿਸੂ ਨੇ ਦੱਸਿਆ ਕਿ ਸੱਚੇ ਪਰਮੇਸ਼ੁਰ ਦੀ ਕਿਸ ਤਰੀਕੇ ਨਾਲ ਭਗਤੀ ਕੀਤੀ ਜਾਣੀ ਚਾਹੀਦੀ ਹੈ। ਗਿਰਜਿਆਂ ਨੇ ਗੁੰਝਲਦਾਰ ਰੀਤਾਂ-ਰਸਮਾਂ ਵਿਚ ਪੈ ਕੇ ਅਤੇ ਜਗਵੇਦੀ ਦੀ ਵਰਤੋਂ ਕਰ ਕੇ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਉਲੰਘਣਾ ਕੀਤੀ ਹੈ।

[ਫੁਟਨੋਟ]

^ ਪੈਰਾ 3 ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਕਇਨ ਅਤੇ ਹਾਬਲ ਨੇ ਵੀ ਯਹੋਵਾਹ ਨੂੰ ਭੇਟਾਂ ਚੜ੍ਹਾਉਣ ਲਈ ਜਗਵੇਦੀਆਂ ਬਣਾਈਆਂ ਹੋਣ।—ਉਤਪਤ 4:3, 4.