Skip to content

Skip to table of contents

ਬੱਚੇ ਦੇ ਦਿਲ ਨੂੰ ਢਾਲ਼ਣ ਵਿਚ ਲਾਪਰਵਾਹੀ ਨਾ ਵਰਤੋ!

ਬੱਚੇ ਦੇ ਦਿਲ ਨੂੰ ਢਾਲ਼ਣ ਵਿਚ ਲਾਪਰਵਾਹੀ ਨਾ ਵਰਤੋ!

ਬੱਚੇ ਦੇ ਦਿਲ ਨੂੰ ਢਾਲ਼ਣ ਵਿਚ ਲਾਪਰਵਾਹੀ ਨਾ ਵਰਤੋ!

ਇਕ ਕੁਸ਼ਲ ਘੁਮਿਆਰ ਹੀ ਆਮ ਮਿੱਟੀ ਦੇ ਢੇਲੇ ਤੋਂ ਕੋਈ ਬਹੁਤ ਹੀ ਖੂਬਸੂਰਤ ਭਾਂਡਾ ਬਣਾ ਸਕਦਾ ਹੈ। ਕਿਸੇ ਨਿਗੂਣੀ ਚੀਜ਼ ਤੋਂ ਕੋਈ ਸੋਹਣੀ ਚੀਜ਼ ਬਣਾਉਣੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਯੁਗਾਂ ਤੋਂ ਲੋਕ ਕੱਪਾਂ, ਪਲੇਟਾਂ, ਤੌੜੀਆਂ, ਮਰਤਬਾਨਾਂ ਅਤੇ ਸਜਾਵਟੀ ਫੁੱਲਦਾਨਾਂ ਲਈ ਘੁਮਿਆਰ ਉੱਤੇ ਨਿਰਭਰ ਕਰਦੇ ਆਏ ਹਨ।

ਇਸੇ ਤਰ੍ਹਾਂ ਜਦੋਂ ਮਾਪੇ ਆਪਣੇ ਬੱਚਿਆਂ ਦੇ ਸੁਭਾਅ ਅਤੇ ਸ਼ਖ਼ਸੀਅਤ ਨੂੰ ਢਾਲ਼ਦੇ ਹਨ, ਤਾਂ ਇਸ ਦਾ ਸਮਾਜ ਉੱਤੇ ਚੰਗਾ ਅਸਰ ਹੁੰਦਾ ਹੈ। ਬਾਈਬਲ ਵਿਚ ਸਾਡੀ ਤੁਲਨਾ ਮਿੱਟੀ ਨਾਲ ਕੀਤੀ ਗਈ ਹੈ। ਇਸ ਲਈ ਪਰਮੇਸ਼ੁਰ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਿਲਾਂ ਦੀ “ਮਿੱਟੀ” ਨੂੰ ਢਾਲ਼ਣ ਦਾ ਜ਼ਰੂਰੀ ਕੰਮ ਸੌਂਪਿਆ ਹੈ। (ਅੱਯੂਬ 33:6, ਪਵਿੱਤਰ ਬਾਈਬਲ ਨਵਾਂ ਅਨੁਵਾਦ; ਉਤਪਤ 18:19) ਜਿਸ ਤਰ੍ਹਾਂ ਮਿੱਟੀ ਨੂੰ ਢਾਲ਼ ਕੇ ਕੋਈ ਖੂਬਸੂਰਤ ਚੀਜ਼ ਬਣਾਉਣੀ ਸੌਖੀ ਨਹੀਂ ਹੁੰਦੀ, ਉਸੇ ਤਰ੍ਹਾਂ ਬੱਚਿਆਂ ਨੂੰ ਇਕ ਜ਼ਿੰਮੇਵਾਰ ਅਤੇ ਚੰਗਾ ਇਨਸਾਨ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ। ਬੱਚਾ ਆਪਣੇ ਆਪ ਹੀ ਇਕ ਜ਼ਿੰਮੇਵਾਰ ਇਨਸਾਨ ਨਹੀਂ ਬਣ ਜਾਂਦਾ।

ਕਈ ਚੀਜ਼ਾਂ ਸਾਡੇ ਬੱਚਿਆਂ ਦੇ ਦਿਲਾਂ ਨੂੰ ਢਾਲ਼ਦੀਆਂ ਹਨ। ਦੁੱਖ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਬਹੁਤ ਹੀ ਨੁਕਸਾਨ ਕਰ ਸਕਦੀਆਂ ਹਨ। ਇਸ ਲਈ ਇਹ ਸੋਚਣ ਦੀ ਬਜਾਇ ਕਿ ਬੱਚਾ ਆਪਣੇ ਆਪ ਹੀ ਸਮਝਦਾਰ ਬਣ ਜਾਵੇਗਾ, ਅਕਲਮੰਦ ਮਾਪੇ ਬੱਚੇ ਨੂੰ ‘ਠੀਕ ਰਾਹ ਸਿਖਲਾਉਣਗੇ ਤਾਂਕਿ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।’—ਕਹਾਉਤਾਂ 22:6.

ਬੱਚੇ ਦੀ ਪਰਵਰਿਸ਼ ਦੇ ਲੰਬੇ ਅਤੇ ਮਹੱਤਵਪੂਰਣ ਸਮੇਂ ਦੌਰਾਨ, ਅਕਲਮੰਦ ਮਸੀਹੀ ਮਾਪਿਆਂ ਨੂੰ ਆਪਣੇ ਬੱਚੇ ਲਈ ਸਮਾਂ ਕੱਢਣਾ ਹੀ ਪਵੇਗਾ ਤਾਂਕਿ ਉਸ ਦੇ ਦਿਲ ਉੱਤੇ ਬੁਰੇ ਪ੍ਰਭਾਵ ਨਾ ਪੈਣ। ਮਾਪਿਆਂ ਦੇ ਪਿਆਰ ਦੀ ਸਖ਼ਤ ਪਰੀਖਿਆ ਹੋਵੇਗੀ ਜਦ ਉਹ ਧੀਰਜ ਨਾਲ ‘ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਆਪਣੇ ਬੱਚੇ ਦੀ ਪਾਲਨਾ ਕਰਨਗੇ।’। (ਅਫ਼ਸੀਆਂ 6:4) ਮਾਪਿਆਂ ਦਾ ਇਹ ਕੰਮ ਕਾਫ਼ੀ ਆਸਾਨ ਹੋਵੇਗਾ ਜੇ ਉਹ ਬੱਚੇ ਨੂੰ ਛੋਟੀ ਉਮਰ ਤੋਂ ਹੀ ਸਿੱਖਿਆ ਦੇਣੀ ਸ਼ੁਰੂ ਕਰ ਦੇਣ।

ਛੋਟੀ ਉਮਰ ਤੋਂ ਹੀ ਸਿਖਾਓ

ਘੁਮਿਆਰ ਉਸ ਮਿੱਟੀ ਤੋਂ ਚੀਜ਼ਾਂ ਬਣਾਉਣੀਆਂ ਪਸੰਦ ਕਰਦੇ ਹਨ ਜਿਸ ਨੂੰ ਆਸਾਨੀ ਨਾਲ ਕੋਈ ਵੀ ਆਕਾਰ ਦਿੱਤਾ ਜਾ ਸਕੇ ਅਤੇ ਇਹ ਆਕਾਰ ਬਣਿਆ ਰਹੇ। ਉਹ ਮਿੱਟੀ ਨੂੰ ਤਿਆਰ ਕਰਨ ਮਗਰੋਂ ਇਸ ਨੂੰ ਛੇ ਮਹੀਨਿਆਂ ਦੇ ਅੰਦਰ-ਅੰਦਰ ਵਰਤਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਤਰ੍ਹਾਂ, ਬੱਚੇ ਦੇ ਦਿਲ ਨੂੰ ਢਾਲ਼ਣ ਲਈ ਮਾਪਿਆਂ ਵਾਸਤੇ ਸਭ ਤੋਂ ਚੰਗਾ ਸਮਾਂ ਉਹ ਹੁੰਦਾ ਹੈ ਜਦੋਂ ਬੱਚੇ ਦਾ ਦਿਲ ਨਰਮ ਹੁੰਦਾ ਹੈ ਅਤੇ ਇਸ ਨੂੰ ਆਸਾਨੀ ਨਾਲ ਢਾਲ਼ਿਆ ਜਾ ਸਕਦਾ ਹੈ।

ਬੱਚਿਆਂ ਦੇ ਮਾਹਰ ਡਾਕਟਰ ਕਹਿੰਦੇ ਹਨ ਕਿ ਅੱਠ ਮਹੀਨਿਆਂ ਦੀ ਉਮਰ ਦਾ ਬੱਚਾ ਆਪਣੀ ਭਾਸ਼ਾ ਦੇ ਸ਼ਬਦਾਂ ਨੂੰ ਪਛਾਣਨਾ ਸਿੱਖ ਜਾਂਦਾ ਹੈ, ਮਾਪਿਆਂ ਨਾਲ ਮੋਹ ਪਾ ਚੁੱਕਿਆ ਹੁੰਦਾ ਹੈ, ਗੱਲਾਂ ਸਮਝਣ ਲੱਗਦਾ ਹੈ ਅਤੇ ਆਪਣੇ ਆਲੇ-ਦੁਆਲੇ ਨੂੰ ਪਛਾਣਨ ਲੱਗ ਪੈਂਦਾ ਹੈ। ਇਸ ਲਈ ਉਸ ਦੇ ਦਿਲ ਨੂੰ ਢਾਲ਼ਣ ਦਾ ਸਹੀ ਸਮਾਂ ਉਹ ਹੈ ਜਦੋਂ ਬੱਚਾ ਅਜੇ ਛੋਟਾ ਹੀ ਹੈ। ਤੁਹਾਡੇ ਬੱਚੇ ਨੂੰ ਕਿੰਨਾ ਫ਼ਾਇਦਾ ਹੋਵੇਗਾ ਜੇ ਉਹ ਤਿਮੋਥਿਉਸ ਵਾਂਗ “ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ” ਬਣ ਜਾਵੇ!—2 ਤਿਮੋਥਿਉਸ 3:15. *

ਬੱਚੇ ਕੁਦਰਤੀ ਤੌਰ ਤੇ ਹੀ ਆਪਣੇ ਮਾਪਿਆਂ ਦੀ ਨਕਲ ਕਰਦੇ ਹਨ। ਉਹ ਆਪਣੇ ਮਾਪਿਆਂ ਵਾਂਗ ਬੋਲਣ ਤੇ ਉਨ੍ਹਾਂ ਦੇ ਇਸ਼ਾਰਿਆਂ ਦੀ ਨਕਲ ਕਰਨ ਤੋਂ ਇਲਾਵਾ, ਉਨ੍ਹਾਂ ਤੋਂ ਪਿਆਰ, ਦਇਆ ਅਤੇ ਹਮਦਰਦੀ ਕਰਨੀ ਵੀ ਸਿੱਖਦੇ ਹਨ। ਜੇ ਅਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਨਿਯਮਾਂ ਅਨੁਸਾਰ ਸਿੱਖਿਆ ਦੇਣੀ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ ਪਰਮੇਸ਼ੁਰ ਦੇ ਹੁਕਮ ਆਪਣੇ ਦਿਲਾਂ ਵਿਚ ਬਿਠਾਉਣੇ ਚਾਹੀਦੇ ਹਨ। ਜਦੋਂ ਮਾਪੇ ਪਰਮੇਸ਼ੁਰ ਦੇ ਹੁਕਮਾਂ ਦੀ ਦਿਲੋਂ ਕਦਰ ਕਰਨਗੇ, ਤਾਂ ਉਹ ਆਪਣੇ ਬੱਚਿਆਂ ਨਾਲ ਯਹੋਵਾਹ ਤੇ ਉਸ ਦੇ ਬਚਨ ਬਾਰੇ ਬਾਕਾਇਦਾ ਗੱਲ ਕਰਨ ਲਈ ਪ੍ਰੇਰਿਤ ਹੋਣਗੇ। ਬਾਈਬਲ ਕਹਿੰਦੀ ਹੈ ਕਿ “ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ [ਇਨ੍ਹਾਂ ਗੱਲਾਂ] ਦਾ ਚਰਚਾ ਕਰੋ।” (ਬਿਵਸਥਾ ਸਾਰ 6:6, 7) ਹਰਜੀਤ ਅਤੇ ਬਕਸ਼ੋ ਦੱਸਦੇ ਹਨ ਕਿ ਉਹ ਆਪਣੇ ਦੋ ਬੱਚਿਆਂ ਨਾਲ ਇਸ ਤਰ੍ਹਾਂ ਕਿਵੇਂ ਕਰਦੇ ਹਨ। *

“ਆਮ ਗੱਲਬਾਤ ਕਰਨ ਤੋਂ ਇਲਾਵਾ, ਅਸੀਂ ਆਪਣੇ ਹਰੇਕ ਬੱਚੇ ਨਾਲ ਹਰ ਰੋਜ਼ ਘੱਟੋ-ਘੱਟ 15-15 ਮਿੰਟ ਗੱਲ ਕਰਦੇ ਹਾਂ। ਸਮੱਸਿਆਵਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ, ਇਸ ਲਈ ਜਦੋਂ ਸਾਡਾ ਕੋਈ ਬੱਚਾ ਕਿਸੇ ਸਮੱਸਿਆ ਦਾ ਸਾਮ੍ਹਣਾ ਕਰਦਾ ਹੈ, ਤਾਂ ਅਸੀਂ ਉਸ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਹਾਂ। ਮਿਸਾਲ ਲਈ, ਕੁਝ ਸਮਾਂ ਪਹਿਲਾਂ ਸਾਡੇ ਪੰਜ ਸਾਲ ਦੇ ਮੁੰਡੇ ਨੇ ਸਕੂਲੋਂ ਘਰ ਆ ਕੇ ਸਾਨੂੰ ਦੱਸਿਆ ਕਿ ਉਹ ਯਹੋਵਾਹ ਨੂੰ ਨਹੀਂ ਮੰਨਦਾ। ਦਰਅਸਲ, ਉਸ ਦੀ ਕਲਾਸ ਦੇ ਇਕ ਮੁੰਡੇ ਨੇ ਉਸ ਦਾ ਮਜ਼ਾਕ ਉਡਾਇਆ ਸੀ ਅਤੇ ਕਿਹਾ ਕਿ ਪਰਮੇਸ਼ੁਰ ਵਰਗੀ ਕੋਈ ਚੀਜ਼ ਨਹੀਂ ਹੈ।”

ਇਨ੍ਹਾਂ ਮਾਪਿਆਂ ਨੂੰ ਅਹਿਸਾਸ ਹੋਇਆ ਕਿ ਬੱਚਿਆਂ ਨੂੰ ਆਪਣੇ ਸਿਰਜਣਹਾਰ ਵਿਚ ਨਿਹਚਾ ਪੈਦਾ ਕਰਨ ਦੀ ਲੋੜ ਹੈ। ਬੱਚਿਆਂ ਵਿਚ ਪਰਮੇਸ਼ੁਰ ਦੀ ਸ੍ਰਿਸ਼ਟੀ ਲਈ ਕੁਦਰਤੀ ਪਿਆਰ ਹੁੰਦਾ ਹੈ। ਉਨ੍ਹਾਂ ਨੂੰ ਕਿਸੇ ਜਾਨਵਰ ਨੂੰ ਹੱਥ ਲਾਉਣਾ, ਫੁੱਲ ਚੁਗਣੇ ਜਾਂ ਰੇਤ ਨਾਲ ਖੇਡਣਾ ਕਿੰਨਾ ਚੰਗਾ ਲੱਗਦਾ ਹੈ! ਮਾਪੇ ਸ੍ਰਿਸ਼ਟੀ ਦੀਆਂ ਇਨ੍ਹਾਂ ਚੀਜ਼ਾਂ ਦੀ ਮਦਦ ਨਾਲ ਬੱਚਿਆਂ ਦਾ ਧਿਆਨ ਸਿਰਜਣਹਾਰ ਵੱਲ ਖਿੱਚ ਕੇ ਉਨ੍ਹਾਂ ਵਿਚ ਨਿਹਚਾ ਪੈਦਾ ਕਰ ਸਕਦੇ ਹਨ। (ਜ਼ਬੂਰਾਂ ਦੀ ਪੋਥੀ 100:3; 104:24, 25) ਯਹੋਵਾਹ ਦੀ ਸ੍ਰਿਸ਼ਟੀ ਨੂੰ ਦੇਖ ਕੇ ਜੋ ਸ਼ਰਧਾ ਉਨ੍ਹਾਂ ਵਿਚ ਹੁਣ ਪੈਦਾ ਹੋਵੇਗੀ, ਉਹ ਸਾਰੀ ਉਮਰ ਉਨ੍ਹਾਂ ਦੇ ਦਿਲਾਂ ਵਿਚ ਰਹੇਗੀ। (ਜ਼ਬੂਰਾਂ ਦੀ ਪੋਥੀ 111:2, 10) ਇਸ ਕਦਰ ਦੇ ਨਾਲ-ਨਾਲ, ਬੱਚੇ ਵਿਚ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਅਤੇ ਉਸ ਨੂੰ ਨਾ ਨਾਰਾਜ਼ ਕਰਨ ਦਾ ਡਰ ਪੈਦਾ ਹੋ ਸਕਦਾ ਹੈ। ਇਹ ਉਸ ਨੂੰ ‘ਬੁਰਿਆਈ ਤੋਂ ਪਰੇ ਰਹਿਣ’ ਲਈ ਪ੍ਰੇਰਿਤ ਕਰੇਗਾ।—ਕਹਾਉਤਾਂ 16:6.

ਹਾਲਾਂਕਿ ਜ਼ਿਆਦਾਤਰ ਬੱਚੇ ਜਲਦੀ ਹੀ ਕੋਈ ਗੱਲ ਸਿੱਖ ਜਾਂਦੇ ਹਨ, ਪਰ ਉਨ੍ਹਾਂ ਲਈ ਆਗਿਆਕਾਰਤਾ ਸਿੱਖਣੀ ਸ਼ਾਇਦ ਔਖੀ ਹੋਵੇ। (ਜ਼ਬੂਰਾਂ ਦੀ ਪੋਥੀ 51:5) ਕਦੇ-ਕਦੇ ਹੋ ਸਕਦਾ ਹੈ ਕਿ ਉਹ ਆਪਣੀ ਮਰਜ਼ੀ ਕਰਨੀ ਚਾਹੁਣ ਜਾਂ ਆਪਣੀ ਮਨ-ਪਸੰਦ ਦੀ ਹਰ ਚੀਜ਼ ਹਾਸਲ ਕਰਨ ਦੀ ਜ਼ਿੱਦ ਕਰਨ। ਬੱਚਿਆਂ ਨੂੰ ਇਸ ਤਰ੍ਹਾਂ ਦਾ ਰਵੱਈਆ ਅਪਣਾਉਣ ਤੋਂ ਰੋਕਣ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਦ੍ਰਿੜ੍ਹਤਾ ਅਤੇ ਧੀਰਜ ਨਾਲ ਉਨ੍ਹਾਂ ਨੂੰ ਸਿਖਾਉਣ। (ਅਫ਼ਸੀਆਂ 6:4) ਮੁਹਿੰਦਰ ਅਤੇ ਸੱਤਿਆ ਨੇ ਆਪਣੇ ਪੰਜ ਬੱਚਿਆਂ ਨੂੰ ਇਸੇ ਤਰੀਕੇ ਨਾਲ ਪਾਲ ਕੇ ਸਫ਼ਲਤਾ ਹਾਸਲ ਕੀਤੀ ਹੈ।

ਸੱਤਿਆ ਕਹਿੰਦੀ ਹੈ: “ਹਾਲਾਂਕਿ ਸਾਰੇ ਬੱਚਿਆਂ ਦੀ ਸ਼ਖ਼ਸੀਅਤ ਵੱਖੋ-ਵੱਖਰੀ ਸੀ, ਫਿਰ ਵੀ ਸਾਰੇ ਆਪਣੀ-ਆਪਣੀ ਮਰਜ਼ੀ ਕਰਨੀ ਚਾਹੁੰਦੇ ਸਨ। ਉਨ੍ਹਾਂ ਨੂੰ ਸਮਝਾਉਣਾ ਬੜਾ ਮੁਸ਼ਕਲ ਸੀ, ਪਰ ਅਖ਼ੀਰ ਵਿਚ ਉਹ ਸਮਝ ਗਏ ਕਿ ਹਰ ਗੱਲ ਵਿਚ ਉਨ੍ਹਾਂ ਦੀ ਮਨ-ਮਰਜ਼ੀ ਨਹੀਂ ਚੱਲ ਸਕਦੀ।” ਉਸ ਦੇ ਪਤੀ ਮੁਹਿੰਦਰ ਨੇ ਕਿਹਾ: “ਜਦੋਂ ਬੱਚੇ ਥੋੜ੍ਹੇ ਵੱਡੇ ਹੋ ਗਏ, ਤਾਂ ਅਸੀਂ ਅਕਸਰ ਉਨ੍ਹਾਂ ਨੂੰ ਆਪਣੇ ਫ਼ੈਸਲਿਆਂ ਦੇ ਕਾਰਨ ਦੱਸਦੇ ਸਾਂ। ਅਸੀਂ ਉਨ੍ਹਾਂ ਨਾਲ ਹਮੇਸ਼ਾ ਨਰਮਾਈ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਉਨ੍ਹਾਂ ਨੂੰ ਇਹ ਵੀ ਸਿਖਾਇਆ ਕਿ ਉਹ ਪਰਮੇਸ਼ੁਰ ਵੱਲੋਂ ਦਿੱਤੇ ਸਾਡੇ ਅਧਿਕਾਰ ਦਾ ਆਦਰ ਕਰਨ।”

ਹਾਲਾਂਕਿ ਬੱਚੇ ਨੂੰ ਛੋਟੀ ਉਮਰ ਵਿਚ ਕਈ ਸਮੱਸਿਆਵਾਂ ਆ ਸਕਦੀਆਂ ਹਨ, ਪਰ ਜ਼ਿਆਦਾਤਰ ਮਾਪੇ ਕਹਿੰਦੇ ਹਨ ਕਿ ਸਭ ਤੋਂ ਜ਼ਿਆਦਾ ਸਮੱਸਿਆਵਾਂ ਬੱਚੇ ਦੀ ਅੱਲ੍ਹੜ ਉਮਰ ਵਿਚ ਆਉਂਦੀਆਂ ਹਨ ਜਦੋਂ ਉਨ੍ਹਾਂ ਦੇ ਨਾਸਮਝ ਦਿਲ ਉੱਤੇ ਬਹੁਤ ਸਾਰੀਆਂ ਨਵੀਆਂ ਅਜ਼ਮਾਇਸ਼ਾਂ ਵਾਰ ਕਰਦੀਆਂ ਹਨ।

ਅੱਲ੍ਹੜ ਉਮਰ ਦੇ ਬੱਚੇ ਦੇ ਦਿਲ ਤਕ ਪਹੁੰਚਣਾ

ਮਿੱਟੀ ਸੁੱਕਣ ਤੋਂ ਪਹਿਲਾਂ-ਪਹਿਲਾਂ ਘੁਮਿਆਰ ਨੂੰ ਆਪਣੀ ਮਿੱਟੀ ਵਰਤ ਲੈਣੀ ਚਾਹੀਦੀ ਹੈ। ਉਹ ਸ਼ਾਇਦ ਮਿੱਟੀ ਵਿਚ ਪਾਣੀ ਪਾ ਕੇ ਉਸ ਨੂੰ ਗਿੱਲੀ ਅਤੇ ਨਰਮ ਰੱਖੇ। ਇਸੇ ਤਰ੍ਹਾਂ, ਮਾਪਿਆਂ ਨੂੰ ਆਪਣੇ ਅੱਲ੍ਹੜ ਉਮਰ ਦੇ ਬੱਚਿਆਂ ਦੇ ਦਿਲਾਂ ਨੂੰ ਜ਼ਿੱਦੀ ਬਣਨ ਤੋਂ ਰੋਕਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਦਾ ਉਨ੍ਹਾਂ ਕੋਲ ਮੁੱਖ ਜ਼ਰੀਆ ਹੈ ਬਾਈਬਲ। ਇਸ ਦੀ ਮਦਦ ਨਾਲ ਉਹ ‘ਸਿੱਖਿਆ ਅਤੇ ਤਾੜਨਾ ਦੇ ਕੇ ਆਪਣੇ ਬੱਚੇ ਨੂੰ ਹਰੇਕ ਭਲੇ ਕੰਮ ਲਈ ਤਿਆਰ’ ਕਰ ਸਕਦੇ ਹਨ।—2 ਤਿਮੋਥਿਉਸ 3:15-17.

ਛੋਟੀ ਉਮਰ ਵਿਚ ਬੱਚਾ ਮਾਪਿਆਂ ਦੀ ਸਲਾਹ ਝੱਟ ਮੰਨ ਜਾਂਦਾ ਹੈ, ਪਰ ਅੱਲ੍ਹੜ ਉਮਰ ਵਿਚ ਉਹ ਸ਼ਾਇਦ ਇੱਦਾਂ ਨਾ ਕਰੇ। ਇਸ ਉਮਰ ਦੇ ਬੱਚੇ ਆਪਣੇ ਯਾਰਾਂ-ਦੋਸਤਾਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਪੈਂਦੇ ਹਨ। ਇਸ ਕਰਕੇ ਉਹ ਸ਼ਾਇਦ ਆਪਣੇ ਮਾਪਿਆਂ ਨਾਲ ਪਹਿਲਾਂ ਵਾਂਗ ਖੁੱਲ੍ਹ ਕੇ ਗੱਲਬਾਤ ਨਾ ਕਰਨ। ਇਸ ਸਮੇਂ ਦੌਰਾਨ ਮਾਪਿਆਂ ਨੂੰ ਆਪਣੇ ਬੱਚੇ ਨਾਲ ਹੋਰ ਵੀ ਜ਼ਿਆਦਾ ਧੀਰਜ ਅਤੇ ਸਮਝ ਨਾਲ ਪੇਸ਼ ਆਉਣਾ ਚਾਹੀਦਾ ਹੈ ਕਿਉਂਕਿ ਹੁਣ ਪਿਓ ਦੀ ਜੁੱਤੀ ਮੁੰਡੇ ਦੇ ਪੈਰ ਵਿਚ ਆਉਣ ਲੱਗ ਪਈ ਹੈ। ਅੱਲ੍ਹੜ ਉਮਰ ਦੇ ਬੱਚੇ ਵਿਚ ਸਰੀਰਕ ਅਤੇ ਜਜ਼ਬਾਤੀ ਤਬਦੀਲੀਆਂ ਆਉਂਦੀਆਂ ਹਨ। ਉਹ ਜੋ ਫ਼ੈਸਲੇ ਕਰਦਾ ਹੈ ਅਤੇ ਟੀਚੇ ਰੱਖਦਾ ਹੈ, ਇਨ੍ਹਾਂ ਦਾ ਉਸ ਦੀ ਬਾਕੀ ਜ਼ਿੰਦਗੀ ਉੱਤੇ ਅਸਰ ਪੈ ਸਕਦਾ ਹੈ। (2 ਤਿਮੋਥਿਉਸ 2:22) ਇਸ ਮੁਸ਼ਕਲ ਸਮੇਂ ਵਿੱਚੋਂ ਲੰਘਦਿਆਂ, ਉਸ ਨੂੰ ਇਕ ਹੋਰ ਚੀਜ਼ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਸ ਦਾ ਉਸ ਦੇ ਦਿਲ ਉੱਤੇ ਬੁਰਾ ਅਸਰ ਪੈ ਸਕਦਾ ਹੈ। ਇਹ ਹੈ ਯਾਰਾਂ-ਦੋਸਤਾਂ ਦਾ ਦਬਾਅ।

ਇਹ ਦਬਾਅ ਨੌਜਵਾਨਾਂ ਉੱਤੇ ਸਿਰਫ਼ ਇੱਕੋ ਵਾਰ ਕਿਸੇ ਖ਼ਾਸ ਮੌਕੇ ਤੇ ਨਹੀਂ ਆਉਂਦਾ। ਇਸ ਦੀ ਬਜਾਇ, ਉਨ੍ਹਾਂ ਨੂੰ ਵਾਰ-ਵਾਰ ਅਤੇ ਵੱਖੋ-ਵੱਖਰੇ ਮੌਕਿਆਂ ਉੱਤੇ ਦਿਲ ਢਾਹ ਦੇਣ ਵਾਲੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ। ਇਹ ਗੱਲਾਂ ਉਨ੍ਹਾਂ ਦੀ ਇਕ ਕਮਜ਼ੋਰੀ ਉੱਤੇ ਸਿੱਧਾ ਵਾਰ ਕਰਦੀਆਂ ਹਨ। ਉਨ੍ਹਾਂ ਅੰਦਰ ਇਹ ਡਰ ਹੁੰਦਾ ਹੈ ਕਿ ਕਿਤੇ ਉਨ੍ਹਾਂ ਦੇ ਦੋਸਤ ਉਨ੍ਹਾਂ ਨਾਲ ਨਾਰਾਜ਼ ਨਾ ਹੋ ਜਾਣ। ਉਨ੍ਹਾਂ ਨੂੰ ਇਹ ਚਿੰਤਾ ਖਾਂਦੀ ਰਹਿੰਦੀ ਹੈ ਕਿ ਦੂਜੇ ਨੌਜਵਾਨ ਉਨ੍ਹਾਂ ਬਾਰੇ ਕੀ ਸੋਚਦੇ ਹਨ। ਉਹ ਚਾਹੁੰਦੇ ਹਨ ਕਿ ਦੂਜੇ ਉਨ੍ਹਾਂ ਨੂੰ ਪਸੰਦ ਕਰਨ। ਇਸ ਲਈ ਉਹ ਆਪਣੇ ਹਾਣੀਆਂ ਵਾਂਗ ‘ਸੰਸਾਰ ਦੀਆਂ ਵਸਤਾਂ’ ਨੂੰ ਪਸੰਦ ਕਰਨ ਲੱਗ ਪੈਂਦੇ ਹਨ।—1 ਯੂਹੰਨਾ 2:15-17; ਰੋਮੀਆਂ 12:2.

ਆਪਣੇ ਨਾਮੁਕੰਮਲ ਦਿਲ ਦੀਆਂ ਕੁਦਰਤੀ ਇੱਛਾਵਾਂ ਕਰਕੇ ਵੀ ਨੌਜਵਾਨ ਆਪਣੇ ਯਾਰਾਂ-ਦੋਸਤਾਂ ਦੀਆਂ ਗੱਲਾਂ ਨੂੰ ਆਸਾਨੀ ਨਾਲ ਮੰਨ ਲੈਂਦੇ ਹਨ। ਅਜਿਹੀਆਂ ਹੱਲਾਸ਼ੇਰੀਆਂ ਉਨ੍ਹਾਂ ਨੂੰ ਚੰਗੀਆਂ ਲੱਗਣ ਲੱਗ ਪੈਂਦੀਆਂ ਹਨ, ਜਿਵੇਂ “ਆਪਣੀ ਮਨ-ਮਰਜ਼ੀ ਕਰੋ” ਤੇ “ਜ਼ਿੰਦਗੀ ਦਾ ਮਜ਼ਾ ਲਓ।” ਜੱਸੀ ਆਪਣੇ ਤਜਰਬੇ ਬਾਰੇ ਦੱਸਦੀ ਹੈ: “ਮੈਂ ਆਪਣੇ ਨਾਲ ਦੇ ਮੁੰਡੇ-ਕੁੜੀਆਂ ਦੀ ਗੱਲ ਸੁਣਨੀ ਸ਼ੁਰੂ ਕਰ ਦਿੱਤੀ ਜੋ ਮੰਨਦੇ ਸਨ ਕਿ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਦਾ ਪੂਰਾ ਲੁਤਫ਼ ਉਠਾਉਣ ਦਾ ਹੱਕ ਹੈ, ਇਸ ਦੇ ਨਤੀਜੇ ਭਾਵੇਂ ਜੋ ਮਰਜ਼ੀ ਨਿਕਲਣ। ਮੈਂ ਉਹੀ ਕੁਝ ਕਰਨਾ ਚਾਹੁੰਦੀ ਸੀ ਜੋ ਸਕੂਲ ਵਿਚ ਮੇਰੀਆਂ ਸਹੇਲੀਆਂ ਕਰਦੀਆਂ ਸਨ ਜਿਸ ਕਰਕੇ ਮੈਂ ਇਕ ਵਾਰ ਵੱਡੀ ਮੁਸੀਬਤ ਵਿਚ ਫਸਣ ਲੱਗੀ ਸੀ।” ਮਾਪੇ ਹੋਣ ਦੇ ਨਾਤੇ, ਤੁਸੀਂ ਆਪਣੇ ਬੱਚੇ ਨੂੰ ਅਜਿਹੇ ਦਬਾਅ ਤੋਂ ਬਚਾਉਣਾ ਚਾਹੁੰਦੇ ਹੋ। ਪਰ ਤੁਸੀਂ ਉਸ ਨੂੰ ਕਿੱਦਾਂ ਬਚਾ ਸਕਦੇ ਹੋ?

ਆਪਣੀ ਕਹਿਣੀ ਅਤੇ ਕਰਨੀ ਦੁਆਰਾ ਉਸ ਨੂੰ ਵਾਰ-ਵਾਰ ਯਕੀਨ ਦਿਵਾਓ ਕਿ ਤੁਹਾਨੂੰ ਉਸ ਦੀ ਪਰਵਾਹ ਹੈ। ਉਸ ਦੇ ਵਿਚਾਰਾਂ ਨੂੰ ਜਾਣਨ ਅਤੇ ਉਸ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਸ ਦੀਆਂ ਸਮੱਸਿਆਵਾਂ ਸ਼ਾਇਦ ਉਨ੍ਹਾਂ ਸਮੱਸਿਆਵਾਂ ਤੋਂ ਜ਼ਿਆਦਾ ਗੰਭੀਰ ਹੋਣ ਜਿਨ੍ਹਾਂ ਦਾ ਤੁਸੀਂ ਸਕੂਲ ਵਿਚ ਸਾਮ੍ਹਣਾ ਕੀਤਾ ਸੀ। ਖ਼ਾਸਕਰ ਇਸ ਸਮੇਂ ਦੌਰਾਨ ਤੁਹਾਡੇ ਬੱਚੇ ਨੂੰ ਤੁਹਾਡੀ ਇਕ ਅਜਿਹੇ ਦੋਸਤ ਦੇ ਰੂਪ ਵਿਚ ਲੋੜ ਹੈ ਜਿਸ ਨੂੰ ਉਹ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸ ਸਕਦਾ ਹੈ। (ਕਹਾਉਤਾਂ 20:5) ਉਸ ਦੇ ਚਿਹਰੇ ਦੇ ਹਾਵ-ਭਾਵ ਜਾਂ ਉਸ ਦੇ ਮੂਡ ਤੋਂ ਤੁਸੀਂ ਪਤਾ ਲਾ ਸਕਦੇ ਹੋ ਕਿ ਉਹ ਕਿਸੇ ਉਲਝਣ ਜਾਂ ਕਸ਼ਮਕਸ਼ ਵਿਚ ਪਿਆ ਹੋਇਆ ਹੈ। ਉਸ ਦੇ ਦਿਲ ਦੀ ਪੁਕਾਰ ਸੁਣੋ ਅਤੇ ਉਸ ਨੂੰ ‘ਤਸੱਲੀ’ ਦਿਓ।—ਕੁਲੁੱਸੀਆਂ 2:2.

ਪਰ ਇਹ ਗੱਲ ਵੀ ਜ਼ਰੂਰੀ ਹੈ ਕਿ ਤੁਸੀਂ ਸਹੀ ਗੱਲ ਉੱਤੇ ਵੀ ਡਟੇ ਰਹੋ। ਬਹੁਤ ਸਾਰੇ ਮਾਪੇ ਕਹਿੰਦੇ ਹਨ ਕਿ ਕਦੇ-ਕਦੇ ਬੱਚੇ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਜੇ ਮਾਪੇ ਜਾਣਦੇ ਹਨ ਕਿ ਉਨ੍ਹਾਂ ਦਾ ਫ਼ੈਸਲਾ ਸਹੀ ਹੈ, ਤਾਂ ਉਹ ਬੱਚੇ ਦੀ ਜ਼ਿੱਦ ਅੱਗੇ ਹਾਰ ਨਹੀਂ ਮੰਨਣਗੇ। ਦੂਜੇ ਪਾਸੇ, ਮਾਪਿਆਂ ਨੂੰ ਪੂਰੀ ਤਸੱਲੀ ਕਰ ਲੈਣੀ ਚਾਹੀਦੀ ਹੈ ਕਿ ਉਹ ਬੱਚੇ ਦੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ। ਫਿਰ ਉਹ ਫ਼ੈਸਲਾ ਕਰ ਸਕਦੇ ਹਨ ਕਿ ਬੱਚੇ ਨੂੰ ਸਜ਼ਾ ਦੇਣੀ ਹੈ ਜਾਂ ਨਹੀਂ, ਜੇ ਦੇਣ ਦੀ ਲੋੜ ਹੈ ਤਾਂ ਕਿਵੇਂ ਦੇਣੀ ਹੈ।—ਕਹਾਉਤਾਂ 18:13.

ਅਜ਼ਮਾਇਸ਼ਾਂ ਕਲੀਸਿਯਾ ਵਿਚ ਵੀ ਆਉਂਦੀਆਂ ਹਨ

ਮਿੱਟੀ ਦੇ ਭਾਂਡੇ ਨੂੰ ਦੇਖ ਕੇ ਲੱਗ ਸਕਦਾ ਹੈ ਕਿ ਉਹ ਤਿਆਰ ਹੋ ਗਿਆ ਹੈ। ਪਰ ਜਦ ਤਕ ਇਸ ਨੂੰ ਭੱਠੀ ਦੀ ਅੱਗ ਵਿਚ ਪਕਾਇਆ ਨਹੀਂ ਜਾਂਦਾ, ਇਹ ਪਾਣੀ ਵਰਗੀ ਕੋਈ ਚੀਜ਼ ਪਾਉਣ ਤੇ ਟੁੱਟ ਸਕਦਾ ਹੈ। ਬਾਈਬਲ ਅਜ਼ਮਾਇਸ਼ਾਂ ਅਤੇ ਮੁਸ਼ਕਲਾਂ ਦੀ ਤੁਲਨਾ ਅੱਗ ਨਾਲ ਕਰਦੀ ਹੈ। ਇਨ੍ਹਾਂ ਅਜ਼ਮਾਇਸ਼ਾਂ ਅਤੇ ਮੁਸ਼ਕਲਾਂ ਤੋਂ ਹੀ ਪਤਾ ਲੱਗਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਮਿੱਟੀ ਦੇ ਬਣੇ ਹਾਂ। ਬਾਈਬਲ ਇੱਥੇ ਖ਼ਾਸਕਰ ਸਾਡੀ ਨਿਹਚਾ ਦੀਆਂ ਅਜ਼ਮਾਇਸ਼ਾਂ ਦੀ ਗੱਲ ਕਰ ਰਹੀ ਹੈ। ਪਰ ਇਹ ਗੱਲ ਹੋਰਨਾਂ ਅਜ਼ਮਾਇਸ਼ਾਂ ਉੱਤੇ ਵੀ ਲਾਗੂ ਹੁੰਦੀ ਹੈ। (ਯਾਕੂਬ 1:2-4) ਹੈਰਾਨੀ ਦੀ ਗੱਲ ਹੈ ਕਿ ਨੌਜਵਾਨਾਂ ਨੂੰ ਕਲੀਸਿਯਾ ਵਿਚ ਵੀ ਕੁਝ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ।

ਹਾਲਾਂਕਿ ਤੁਹਾਨੂੰ ਆਪਣਾ ਬੱਚਾ ਸ਼ਾਇਦ ਅਧਿਆਤਮਿਕ ਤੌਰ ਤੇ ਮਜ਼ਬੂਤ ਲੱਗੇ, ਪਰ ਹੋ ਸਕਦਾ ਹੈ ਕਿ ਉਹ ਅੰਦਰੋਂ-ਅੰਦਰੀ ਦੁਚਿੱਤੀ ਨਾਲ ਘੁਲ ਰਿਹਾ ਹੋਵੇ। (1 ਰਾਜਿਆਂ 18:21) ਮਿਸਾਲ ਲਈ, ਪ੍ਰੀਆ ਨੂੰ ਕਿੰਗਡਮ ਹਾਲ ਵਿਚ ਦੂਸਰੇ ਨੌਜਵਾਨਾਂ ਦੇ ਦੁਨਿਆਵੀ ਵਿਚਾਰਾਂ ਦਾ ਸਾਮ੍ਹਣਾ ਕਰਨਾ ਪਿਆ:

“ਮੈਂ ਨੌਜਵਾਨਾਂ ਦੇ ਇਕ ਗਰੁੱਪ ਦੇ ਦਬਾਅ ਹੇਠ ਆ ਗਈ ਜੋ ਕਹਿੰਦੇ ਸਨ ਕਿ ਮਸੀਹੀ ਧਰਮ ਬੋਰ ਕਰਦਾ ਹੈ ਅਤੇ ਜ਼ਿੰਦਗੀ ਦਾ ਮਜ਼ਾ ਲੈਣ ਤੋਂ ਰੋਕਦਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ: ‘ਮੈਂ ਤਾਂ ਬਸ 18 ਸਾਲ ਦਾ ਹੁੰਦਿਆਂ ਹੀ ਕਿੰਗਡਮ ਹਾਲ ਵਿਚ ਆਉਣਾ ਛੱਡ ਦੇਣਾ ਹੈ’ ਜਾਂ ‘ਮੈਥੋਂ ਹੋਰ ਜ਼ਿਆਦਾ ਦੇਰ ਇਸ ਧਰਮ ਵਿਚ ਨਹੀਂ ਰਿਹਾ ਜਾਂਦਾ।’ ਇੱਦਾਂ ਦੀਆਂ ਗੱਲਾਂ ਕਰਨ ਵਾਲੇ ਨੌਜਵਾਨ ਬਾਕੀ ਦੇ ਨੌਜਵਾਨਾਂ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਸਨ ਕਿ ਇਹ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਧਰਮੀ ਸਮਝਦੇ ਹਨ।”

ਇਸ ਤਰ੍ਹਾਂ ਦੇ ਇਕ ਜਾਂ ਦੋ ਨੌਜਵਾਨ ਬਾਕੀ ਸਾਰੇ ਨੌਜਵਾਨਾਂ ਨੂੰ ਵਿਗਾੜਨ ਲਈ ਕਾਫ਼ੀ ਹੁੰਦੇ ਹਨ। ਆਮ ਤੌਰ ਤੇ ਨੌਜਵਾਨ ਉਹੀ ਕਰਦੇ ਹਨ ਜੋ ਗਰੁੱਪ ਦੇ ਬਾਕੀ ਨੌਜਵਾਨ ਕਰਦੇ ਹਨ। ਮੂਰਖਤਾ ਨਾਲ ਜਾਂ ਬਹਾਦਰੀ ਦਿਖਾਉਣ ਦੀ ਕੋਸ਼ਿਸ਼ ਵਿਚ ਉਹ ਸਮਝ ਅਤੇ ਸ਼ਰਾਫ਼ਤ ਦਾ ਗਲਾ ਘੁੱਟ ਸਕਦੇ ਹਨ। ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਦੇਸ਼ਾਂ ਵਿਚ ਮਸੀਹੀ ਨੌਜਵਾਨ ਦੂਸਰੇ ਨੌਜਵਾਨਾਂ ਪਿੱਛੇ ਲੱਗ ਕੇ ਮੁਸੀਬਤ ਵਿਚ ਫਸ ਗਏ ਹਨ।

ਇਹ ਵੀ ਸੱਚ ਹੈ ਕਿ ਨੌਜਵਾਨਾਂ ਨੂੰ ਅਜਿਹੇ ਦੋਸਤਾਂ ਦੀ ਲੋੜ ਹੈ ਜਿਨ੍ਹਾਂ ਨਾਲ ਸੰਗਤ ਕਰ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲੇ। ਮਾਪੇ ਹੋਣ ਦੇ ਨਾਤੇ, ਤੁਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ? ਬੱਚਿਆਂ ਦੇ ਮਨੋਰੰਜਨ ਬਾਰੇ ਗੰਭੀਰਤਾ ਨਾਲ ਸੋਚੋ। ਫਿਰ ਅਜਿਹੇ ਦਿਲਪਰਚਾਵਿਆਂ ਦਾ ਪ੍ਰਬੰਧ ਕਰੋ ਜਿਨ੍ਹਾਂ ਵਿਚ ਪਰਿਵਾਰ ਜਾਂ ਕਲੀਸਿਯਾ ਦੇ ਹਰ ਉਮਰ ਦੇ ਭੈਣ-ਭਰਾ ਸ਼ਾਮਲ ਹੋਣ। ਆਪਣੇ ਬੱਚੇ ਦੇ ਦੋਸਤਾਂ ਨਾਲ ਜਾਣ-ਪਛਾਣ ਵਧਾਓ। ਉਨ੍ਹਾਂ ਨੂੰ ਰੋਟੀ ਲਈ ਬੁਲਾਓ ਜਾਂ ਕਦੀ-ਕਦੀ ਸ਼ਾਮ ਨੂੰ ਉਨ੍ਹਾਂ ਨਾਲ ਸਮਾਂ ਬਿਤਾਓ। (ਰੋਮੀਆਂ 12:13) ਆਪਣੇ ਬੱਚੇ ਨੂੰ ਕਿਸੇ ਤਰ੍ਹਾਂ ਦਾ ਵਧੀਆ ਸ਼ੌਕ ਪੈਦਾ ਕਰਨ ਲਈ ਉਤਸ਼ਾਹਿਤ ਕਰੋ। ਮਿਸਾਲ ਲਈ, ਉਹ ਕੋਈ ਸਾਜ਼ ਸਿੱਖ ਸਕਦਾ ਹੈ ਜਾਂ ਕੋਈ ਹੋਰ ਭਾਸ਼ਾ ਜਾਂ ਕਲਾ ਸਿੱਖ ਸਕਦਾ ਹੈ। ਉਹ ਇਹ ਸ਼ਾਇਦ ਘਰ ਦੇ ਸੁਰੱਖਿਅਤ ਮਾਹੌਲ ਵਿਚ ਰਹਿ ਕੇ ਕਰ ਸਕਦਾ ਹੈ।

ਪੜ੍ਹਾਈ ਵੀ ਉਨ੍ਹਾਂ ਦੀ ਰਾਖੀ ਕਰ ਸਕਦੀ ਹੈ

ਸਕੂਲ ਦੀ ਪੜ੍ਹਾਈ ਵੀ ਮਨੋਰੰਜਨ ਨੂੰ ਸਹੀ ਥਾਂ ਤੇ ਰੱਖਣ ਵਿਚ ਬੱਚਿਆਂ ਦੀ ਮਦਦ ਕਰ ਸਕਦੀ ਹੈ। ਇਕ ਔਰਤ ਜੋ ਵੱਡੇ ਸਕੂਲ ਵਿਚ 20 ਸਾਲਾਂ ਤੋਂ ਪ੍ਰਬੰਧਕ ਦੇ ਤੌਰ ਤੇ ਕੰਮ ਕਰ ਰਹੀ ਹੈ ਕਹਿੰਦੀ ਹੈ: “ਇਸ ਸਕੂਲ ਵਿੱਚੋਂ ਯਹੋਵਾਹ ਦੇ ਬਹੁਤ ਸਾਰੇ ਨੌਜਵਾਨ ਗਵਾਹ ਪੜ੍ਹ ਕੇ ਗਏ ਹਨ। ਕਈ ਨੌਜਵਾਨਾਂ ਦਾ ਚਾਲ-ਚਲਣ ਤਾਰੀਫ਼ ਦੇ ਕਾਬਲ ਸੀ, ਪਰ ਕੁਝ ਗਵਾਹਾਂ ਅਤੇ ਦੂਸਰੇ ਵਿਦਿਆਰਥੀਆਂ ਵਿਚ ਕੋਈ ਫ਼ਰਕ ਨਜ਼ਰ ਨਹੀਂ ਸੀ ਆਉਂਦਾ। ਜਿਨ੍ਹਾਂ ਗਵਾਹਾਂ ਨੇ ਪੜ੍ਹਾਈ ਵਿਚ ਦਿਲਚਸਪੀ ਲਈ, ਉਨ੍ਹਾਂ ਦਾ ਚਾਲ-ਚਲਣ ਵੀ ਚੰਗਾ ਸੀ। ਇਸ ਲਈ ਮੈਂ ਮਾਪਿਆਂ ਨੂੰ ਇਹੀ ਸਲਾਹ ਦਿੰਦੀ ਹਾਂ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਲੈਣ, ਉਨ੍ਹਾਂ ਦੇ ਅਧਿਆਪਕਾਂ ਨਾਲ ਗੱਲਬਾਤ ਕਰਨ ਅਤੇ ਬੱਚਿਆਂ ਨੂੰ ਯਕੀਨ ਦਿਵਾਉਣ ਕਿ ਚੰਗੇ ਨੰਬਰ ਲੈਣੇ ਜ਼ਰੂਰੀ ਹਨ। ਕੁਝ ਬੱਚੇ ਹੀ ਜ਼ਿਆਦਾ ਨੰਬਰ ਲੈਂਦੇ ਹਨ, ਪਰ ਸਾਰੇ ਹੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਆਪਣੇ ਅਧਿਆਪਕਾਂ ਦਾ ਆਦਰ ਪਾ ਸਕਦੇ ਹਨ।”

ਸਕੂਲ ਦੀ ਪੜ੍ਹਾਈ ਨੌਜਵਾਨਾਂ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਵੀ ਮਦਦ ਦੇ ਸਕਦੀ ਹੈ। ਇਸ ਨਾਲ ਉਹ ਮਨ ਲਾ ਕੇ ਪੜ੍ਹਨ ਦੀਆਂ ਚੰਗੀਆਂ ਆਦਤਾਂ ਪਾਉਣਗੇ ਅਤੇ ਇਕ ਜ਼ਿੰਮੇਵਾਰ ਇਨਸਾਨ ਬਣ ਸਕਣਗੇ। ਆਪਣੇ ਵਿਚ ਚੰਗੀ ਤਰ੍ਹਾਂ ਪੜ੍ਹਨ ਅਤੇ ਸਮਝਣ ਦੀ ਕਾਬਲੀਅਤ ਪੈਦਾ ਕਰ ਕੇ ਉਹ ਪਰਮੇਸ਼ੁਰ ਦੇ ਬਚਨ ਦੇ ਚੰਗੇ ਵਿਦਿਆਰਥੀ ਅਤੇ ਸਿੱਖਿਅਕ ਬਣਨਗੇ। (ਨਹਮਯਾਹ 8:8) ਜਦੋਂ ਉਹ ਸਕੂਲ ਦੀ ਪੜ੍ਹਾਈ ਅਤੇ ਬਾਈਬਲ ਦਾ ਅਧਿਐਨ ਕਰਨ ਵਿਚ ਮਗਨ ਰਹਿਣਗੇ, ਤਾਂ ਉਹ ਮਨੋਰੰਜਨ ਨੂੰ ਇਸ ਦੀ ਸਹੀ ਥਾਂ ਤੇ ਰੱਖਣਗੇ।

ਮਾਪਿਆਂ ਅਤੇ ਯਹੋਵਾਹ ਦਾ ਨਾਂ ਉੱਚਾ ਹੁੰਦਾ ਹੈ

ਪ੍ਰਾਚੀਨ ਯੂਨਾਨ ਵਿਚ ਬਹੁਤ ਸਾਰੇ ਫੁੱਲਦਾਨਾਂ ਉੱਤੇ ਘੁਮਿਆਰ ਅਤੇ ਚਿੱਤਰਕਾਰ ਦੋਹਾਂ ਦੇ ਨਾਂ ਲਿਖੇ ਹੁੰਦੇ ਸਨ। ਇਸੇ ਤਰ੍ਹਾਂ ਪਰਿਵਾਰ ਵਿਚ ਆਮ ਕਰਕੇ ਦੋ ਜਣੇ ਬੱਚਿਆਂ ਦੀ ਸ਼ਖ਼ਸੀਅਤ ਨੂੰ ਢਾਲ਼ਣ ਵਿਚ ਹਿੱਸਾ ਲੈਂਦੇ ਹਨ। ਜਦੋਂ ਮਾਤਾ-ਪਿਤਾ ਦੋਵੇਂ ਮਿਲ ਕੇ ਬੱਚੇ ਦੇ ਦਿਲ ਨੂੰ ਢਾਲ਼ਦੇ ਹਨ, ਤਾਂ ਬੱਚਾ ਦੋਹਾਂ ਦਾ “ਨਾਂ” ਉੱਚਾ ਕਰਦਾ ਹੈ। ਇਕ ਸਫ਼ਲ ਘੁਮਿਆਰ ਅਤੇ ਚਿੱਤਰਕਾਰ ਦੀ ਤਰ੍ਹਾਂ ਤੁਸੀਂ ਵੀ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਸੋਹਣੀ ਬਣਾਉਣ ਦੇ ਆਪਣੇ ਕੰਮ ਉੱਤੇ ਫ਼ਖ਼ਰ ਮਹਿਸੂਸ ਕਰ ਸਕਦੇ ਹੋ।—ਕਹਾਉਤਾਂ 23:24, 25.

ਇਸ ਮਹਾਨ ਕੰਮ ਦੀ ਸਫ਼ਲਤਾ ਕਾਫ਼ੀ ਹੱਦ ਤਕ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਆਪਣੇ ਬੱਚੇ ਦੇ ਦਿਲ ਨੂੰ ਕਿਸ ਤਰ੍ਹਾਂ ਢਾਲ਼ਿਆ ਹੈ। ਸਾਨੂੰ ਆਸ ਹੈ ਕਿ ਤੁਸੀਂ ਵੀ ਆਪਣੇ ਬੱਚੇ ਬਾਰੇ ਇਹ ਕਹਿ ਸਕੋਗੇ: “ਉਹ ਦੇ ਪਰਮੇਸ਼ੁਰ ਦੀ ਬਿਵਸਥਾ ਉਹ ਦੇ ਮਨ ਵਿੱਚ ਹੈ, ਉਹ ਦੇ ਪੈਰ ਕਦੀ ਨਾ ਤਿਲਕਣਗੇ।” (ਜ਼ਬੂਰਾਂ ਦੀ ਪੋਥੀ 37:31) ਇਸ ਲਈ ਆਪਣੇ ਬੱਚੇ ਦੇ ਦਿਲ ਨੂੰ ਢਾਲ਼ਣ ਵਿਚ ਲਾਪਰਵਾਹੀ ਨਾ ਵਰਤੋ।

[ਫੁਟਨੋਟ]

^ ਪੈਰਾ 8 ਕੁਝ ਮਾਪੇ ਆਪਣੇ ਨਵ-ਜੰਮੇ ਬੱਚੇ ਨੂੰ ਬਾਈਬਲ ਪੜ੍ਹ ਕੇ ਸੁਣਾਉਂਦੇ ਹਨ। ਉਨ੍ਹਾਂ ਦੀ ਮਿੱਠੀ ਆਵਾਜ਼ ਅਤੇ ਇਸ ਆਨੰਦਦਾਇਕ ਤਜਰਬੇ ਨਾਲ ਬੱਚੇ ਵਿਚ ਪੜ੍ਹਨ ਦੀ ਰੁਚੀ ਪੈਦਾ ਹੋ ਸਕਦੀ ਹੈ।

^ ਪੈਰਾ 9 ਕੁਝ ਨਾਂ ਬਦਲ ਦਿੱਤੇ ਗਏ ਹਨ।