“ਮੈਂ ਪਰਮੇਸ਼ੁਰ ਬਾਰੇ ਬਹੁਤ ਘੱਟ ਜਾਣਦਾ ਸੀ”
“ਮੈਂ ਪਰਮੇਸ਼ੁਰ ਬਾਰੇ ਬਹੁਤ ਘੱਟ ਜਾਣਦਾ ਸੀ”
“ਪਿਛਲੇ ਇਕ ਸਾਲ ਤੋਂ ਯਹੋਵਾਹ ਦੇ ਗਵਾਹ ਮੇਰੇ ਘਰ ਆ ਕੇ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਦੀ ਸ਼ਾਨਦਾਰ ਖ਼ਬਰ ਸਾਂਝੀ ਕਰ ਰਹੇ ਹਨ। ਭਾਵੇਂ ਕਿ ਮੈਂ ਅੱਠਾਂ ਸਾਲਾਂ ਤੋਂ ਕੈਥੋਲਿਕ ਧਰਮ ਵਿਚ ਸੀ, ਪਰ ਮੈਂ ਪਰਮੇਸ਼ੁਰ ਬਾਰੇ ਬਹੁਤ ਘੱਟ ਜਾਣਦਾ ਸੀ। ਪਿਛਲੇ ਇਕ ਸਾਲ ਦੌਰਾਨ ਮੈਂ ਪਰਮੇਸ਼ੁਰ ਬਾਰੇ ਬਹੁਤ ਕੁਝ ਸਿੱਖਿਆ ਹੈ,” ਭਾਰਤ ਦੇ ਕੇਰਲ ਪ੍ਰਾਂਤ ਵਿਚ ਰਹਿੰਦੇ ਇਕ ਆਦਮੀ ਨੇ ਲਿਖਿਆ। ਉਸ ਨੇ ਅੱਗੇ ਕਿਹਾ ਕਿ “ਮੈਂ ਬਹੁਤ ਖ਼ੁਸ਼ ਹਾਂ ਕਿ ਪਹਿਰਾਬੁਰਜ 139 [ਹੁਣ 146] ਭਾਸ਼ਾਵਾਂ ਵਿਚ ਛਪਦਾ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਸਾਰੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਪਤਾ ਲੱਗ ਰਿਹਾ ਹੈ।”
ਹਾਲਾਂਕਿ ਬਹੁਤ ਸਾਰੇ ਫ਼ਿਲਾਸਫ਼ਰ ਦਾਅਵਾ ਕਰਦੇ ਹਨ ਕਿ ਪਰਮੇਸ਼ੁਰ ਨੂੰ ਜਾਣਨਾ ਨਾਮੁਮਕਿਨ ਹੈ, ਪਰ ਪੌਲੁਸ ਰਸੂਲ ਨੇ ਸਾਫ਼ ਦੱਸਿਆ ਕਿ ਇਹ ਮੁਮਕਿਨ ਹੈ। ਕੁਝ ਅਥੇਨੀ ਲੋਕ “ਅਣਜਾਤੇ ਦੇਵ” ਲਈ ਬਣਾਈ ਗਈ ਇਕ ਵੇਦੀ ਸਾਮ੍ਹਣੇ ਪੂਜਾ ਕਰ ਰਹੇ ਸਨ। ਇਸ ਲਈ ਪੌਲੁਸ ਨੇ ਉੱਥੇ ਇਕੱਠੇ ਹੋਏ ਲੋਕਾਂ ਨੂੰ ਕਿਹਾ: “ਜਿਹ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਓਸੇ ਦੀ ਖਬਰ ਦਿੰਦਾ ਹਾਂ। ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ . . . ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ। ਅਤੇ ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ।”—ਰਸੂਲਾਂ ਦੇ ਕਰਤੱਬ 17:23-26.
ਪੌਲੁਸ ਨੇ ਆਪਣੇ ਸੁਣਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਸਿਰਜਣਹਾਰ ਨੂੰ ਜਾਣਨ ਦੀ ਕੋਸ਼ਿਸ਼ ਕਰਨ ਕਿਉਂਕਿ “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” (ਰਸੂਲਾਂ ਦੇ ਕਰਤੱਬ 17:27) ਯਹੋਵਾਹ ਦੇ ਗਵਾਹ ਤੁਹਾਨੂੰ ਸੱਚੇ ਪਰਮੇਸ਼ੁਰ ਅਤੇ ਉਸ ਦੇ ਚੰਗੇ ਗੁਣਾਂ ਬਾਰੇ ਸਿਖਾਉਣ ਵਿਚ ਮਦਦ ਕਰ ਕੇ ਬੜੇ ਖ਼ੁਸ਼ ਹੋਣਗੇ।