Skip to content

Skip to table of contents

ਯਿਸੂ ਦੀ ਮੌਤ ਦੀ ਯਾਦਗਾਰ ਸਾਡੇ ਲਈ ਕੀ ਅਰਥ ਰੱਖਦੀ ਹੈ?

ਯਿਸੂ ਦੀ ਮੌਤ ਦੀ ਯਾਦਗਾਰ ਸਾਡੇ ਲਈ ਕੀ ਅਰਥ ਰੱਖਦੀ ਹੈ?

ਯਿਸੂ ਦੀ ਮੌਤ ਦੀ ਯਾਦਗਾਰ ਸਾਡੇ ਲਈ ਕੀ ਅਰਥ ਰੱਖਦੀ ਹੈ?

“ਜੋ ਕੋਈ ਅਜੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੁ ਦਾ ਪਿਆਲਾ ਪੀਵੇ ਸੋ ਪ੍ਰਭੁ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ।”—1 ਕੁਰਿੰਥੀਆਂ 11:27.

1. ਸਾਲ 2003 ਦਾ ਸਭ ਤੋਂ ਮਹੱਤਵਪੂਰਣ ਦਿਨ ਕਦੋਂ ਹੈ ਅਤੇ ਇਸ ਦੀ ਸ਼ੁਰੂਆਤ ਕਿੱਦਾਂ ਹੋਈ ਸੀ?

ਸਾਲ 2003 ਵਿਚ ਯਿਸੂ ਦੀ ਮੌਤ ਦੀ ਯਾਦਗਾਰ 16 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਈ ਜਾਵੇਗੀ। ਇਹ ਸਾਲ ਦਾ ਸਭ ਤੋਂ ਮਹੱਤਵਪੂਰਣ ਦਿਨ ਹੋਵੇਗਾ। ਪਿਛਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਯਿਸੂ ਅਤੇ ਉਸ ਦੇ ਰਸੂਲਾਂ ਨੇ 14 ਨੀਸਾਨ 33 ਸਾ.ਯੁ. ਨੂੰ ਪਸਾਹ ਦਾ ਤਿਉਹਾਰ ਮਨਾਉਣ ਤੋਂ ਬਾਅਦ ਇਸ ਯਾਦਗਾਰ ਦੀ ਸ਼ੁਰੂਆਤ ਕੀਤੀ ਸੀ। ਯਾਦਗਾਰ ਦੇ ਪ੍ਰਤੀਕ ਬੇਖ਼ਮੀਰੀ ਰੋਟੀ ਅਤੇ ਲਾਲ ਮੈ ਮਸੀਹ ਦੇ ਪਾਕ ਸਰੀਰ ਅਤੇ ਉਸ ਦੇ ਵਹਾਏ ਲਹੂ ਨੂੰ ਦਰਸਾਉਂਦੇ ਹਨ। ਸਿਰਫ਼ ਉਸੇ ਦੀ ਕੁਰਬਾਨੀ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿਵਾ ਸਕਦੀ ਹੈ।—ਰੋਮੀਆਂ 5:12; 6:23.

2. ਪਹਿਲਾ ਕੁਰਿੰਥੀਆਂ 11:27 ਵਿਚ ਕਿਹੜੀ ਚੇਤਾਵਨੀ ਦਿੱਤੀ ਗਈ ਹੈ?

2 ਜਿਹੜੇ ਵੀ ਯਾਦਗਾਰ ਦੀ ਰੋਟੀ ਅਤੇ ਮੈ ਲੈਂਦੇ ਹਨ, ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਅਹਿਮੀਅਤ ਪੂਰੀ ਤਰ੍ਹਾਂ ਸਮਝਣੀ ਚਾਹੀਦੀ ਹੈ। ਪੌਲੁਸ ਰਸੂਲ ਨੇ ਕੁਰਿੰਥੁਸ ਦੀ ਕਲੀਸਿਯਾ ਦੇ ਮਸੀਹੀਆਂ ਨੂੰ ਚਿੱਠੀ ਵਿਚ ਇਹ ਗੱਲ ਸਾਫ਼-ਸਾਫ਼ ਦੱਸੀ ਸੀ। ਉਹ ਮਸੀਹੀ ਪ੍ਰਭੂ ਦੀ ਯਾਦਗਾਰ ਸਹੀ ਤਰੀਕੇ ਨਾਲ ਨਹੀਂ ਮਨਾ ਰਹੇ ਸਨ। (1 ਕੁਰਿੰਥੀਆਂ 11:20-22) ਪੌਲੁਸ ਨੇ ਲਿਖਿਆ: “ਜੋ ਕੋਈ ਅਜੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੁ ਦਾ ਪਿਆਲਾ ਪੀਵੇ ਸੋ ਪ੍ਰਭੁ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ।” (1 ਕੁਰਿੰਥੀਆਂ 11:27) ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ?

ਕੁਝ ਲੋਕ ਇਸ ਦੀ ਅਹਿਮੀਅਤ ਭੁੱਲ ਗਏ

3. ਪ੍ਰਭੂ ਦੀ ਮੌਤ ਦੀ ਯਾਦਗਾਰ ਮਨਾਉਣ ਵੇਲੇ ਕੁਰਿੰਥੁਸ ਦੇ ਕਈ ਮਸੀਹੀ ਕੀ ਕਰਦੇ ਸਨ?

3 ਕੁਰਿੰਥੁਸ ਦੇ ਬਹੁਤ ਸਾਰੇ ਮਸੀਹੀਆਂ ਨੇ ਯਾਦਗਾਰ ਨੂੰ ਸਹੀ ਤਰੀਕੇ ਨਾਲ ਨਹੀਂ ਮਨਾਇਆ ਸੀ। ਉਨ੍ਹਾਂ ਵਿਚ ਫੁੱਟ ਪਈ ਹੋਈ ਸੀ ਅਤੇ ਕੁਝ ਸਮੇਂ ਤਕ ਕਈ ਮਸੀਹੀ ਆਪਣਾ ਰਾਤ ਦਾ ਖਾਣਾ ਲਿਆ ਕੇ ਇਸ ਨੂੰ ਸਭਾ ਤੋਂ ਪਹਿਲਾਂ ਜਾਂ ਦੌਰਾਨ ਖਾਂਦੇ ਸਨ। ਉਹ ਅਕਸਰ ਹੱਦੋਂ ਵੱਧ ਖਾਣ-ਪੀਣ ਕਰਕੇ ਨਾ ਤਾਂ ਮਾਨਸਿਕ ਤੌਰ ਤੇ ਅਤੇ ਨਾ ਹੀ ਅਧਿਆਤਮਿਕ ਤੌਰ ਤੇ ਸਚੇਤ ਰਹਿੰਦੇ ਸਨ। ਇਸੇ ਕਰਕੇ ਉਹ ‘ਪ੍ਰਭੁ ਦੇ ਸਰੀਰ ਅਤੇ ਲਹੂ ਦੇ ਦੋਸ਼ੀ’ ਬਣ ਗਏ। ਜਿਹੜੇ ਘਰੋਂ ਖਾ ਕੇ ਨਹੀਂ ਆਉਂਦੇ ਸਨ, ਭੁੱਖੇ ਢਿੱਡ ਹੋਣ ਕਰਕੇ ਉਨ੍ਹਾਂ ਦਾ ਧਿਆਨ ਭਟਕਦਾ ਰਹਿੰਦਾ ਸੀ। ਉਨ੍ਹਾਂ ਦੇ ਦਿਲਾਂ ਵਿਚ ਇਸ ਯਾਦਗਾਰ ਲਈ ਕੋਈ ਆਦਰ ਨਹੀਂ ਸੀ ਤੇ ਨਾ ਹੀ ਉਹ ਇਸ ਮੌਕੇ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਸੇ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।—1 ਕੁਰਿੰਥੀਆਂ 11:27-34.

4, 5. ਜਿਹੜੇ ਮਸੀਹੀ ਯਾਦਗਾਰ ਦੀ ਰੋਟੀ ਅਤੇ ਮੈ ਲੈਂਦੇ ਹਨ, ਉਨ੍ਹਾਂ ਨੂੰ ਆਪਣੀ ਜਾਂਚ ਕਿਉਂ ਕਰਨੀ ਚਾਹੀਦੀ ਹੈ?

4 ਹਰ ਸਾਲ ਜਦੋਂ ਵੀ ਯਾਦਗਾਰ ਦਾ ਦਿਨ ਆਉਂਦਾ ਹੈ, ਤਾਂ ਉਨ੍ਹਾਂ ਲੋਕਾਂ ਨੂੰ ਆਪਣੀ ਜਾਂਚ ਕਰਨੀ ਚਾਹੀਦੀ ਹੈ ਜਿਹੜੇ ਆਮ ਤੌਰ ਤੇ ਰੋਟੀ ਅਤੇ ਮੈ ਲੈਂਦੇ ਹਨ। ਸਹੀ ਤਰੀਕੇ ਨਾਲ ਸਾਂਝਾ ਭੋਜਨ ਖਾਣ ਲਈ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਸਿਹਤਮੰਦ ਹੋਣਾ ਚਾਹੀਦਾ ਹੈ। ਜੋ ਕੋਈ ਵੀ ਯਿਸੂ ਦੀ ਕੁਰਬਾਨੀ ਦਾ ਨਿਰਾਦਰ ਜਾਂ ਉਸ ਨਾਲ ਨਫ਼ਰਤ ਕਰਦਾ ਹੈ, ਉਹ ‘ਪਰਮੇਸ਼ੁਰ ਦੇ ਲੋਕਾਂ ਵਿੱਚੋਂ ਛੇਕੇ ਜਾਣ’ ਦੇ ਖ਼ਤਰੇ ਵਿਚ ਹੈ, ਠੀਕ ਜਿਵੇਂ ਉਸ ਇਸਰਾਏਲੀ ਨਾਲ ਹੁੰਦਾ ਸੀ ਜੋ ਅਪਵਿੱਤਰ ਹੋਣ ਦੇ ਬਾਵਜੂਦ ਸਾਂਝੇ ਭੋਜਨ ਵਿੱਚੋਂ ਕੁਝ ਖਾਂਦਾ ਸੀ।—ਲੇਵੀਆਂ 7:20; ਇਬਰਾਨੀਆਂ 10:28-31.

5 ਪੌਲੁਸ ਨੇ ਯਿਸੂ ਦੀ ਯਾਦਗਾਰ ਦੀ ਤੁਲਨਾ ਪੁਰਾਣੇ ਇਸਰਾਏਲ ਦੇ ਸਾਂਝੇ ਭੋਜਨ ਨਾਲ ਕੀਤੀ ਸੀ। ਉਸ ਨੇ ਮਸੀਹ ਨਾਲ ਹਿੱਸਾ ਲੈਣ ਵਾਲਿਆਂ ਬਾਰੇ ਗੱਲ ਕਰਦੇ ਹੋਏ ਕਿਹਾ: “ਤੁਸੀਂ ਪ੍ਰਭੁ ਦਾ ਪਿਆਲਾ, ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸੱਕਦੇ। ਤੁਸੀਂ ਪ੍ਰਭੁ ਦੀ ਮੇਜ਼, ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸੱਕਦੇ।” (1 ਕੁਰਿੰਥੀਆਂ 10:16-21) ਯਾਦਗਾਰ ਦੀ ਰੋਟੀ ਅਤੇ ਮੈ ਲੈਣ ਵਾਲਾ ਕੋਈ ਮਸੀਹੀ ਜੇ ਗੰਭੀਰ ਪਾਪ ਕਰਦਾ ਹੈ, ਤਾਂ ਉਸ ਨੂੰ ਯਹੋਵਾਹ ਸਾਮ੍ਹਣੇ ਆਪਣੀ ਗ਼ਲਤੀ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਕਲੀਸਿਯਾ ਦੇ ਬਜ਼ੁਰਗਾਂ ਤੋਂ ਅਧਿਆਤਮਿਕ ਮਦਦ ਮੰਗਣੀ ਚਾਹੀਦੀ ਹੈ। (ਕਹਾਉਤਾਂ 28:13; ਯਾਕੂਬ 5:13-16) ਜੇ ਉਹ ਸੱਚੇ ਦਿਲੋਂ ਤੋਬਾ ਕਰਦਾ ਹੈ ਅਤੇ ਤੋਬਾ ਦੇ ਲਾਇਕ ਕੰਮ ਕਰਦਾ ਹੈ, ਤਾਂ ਉਸ ਦਾ ਰੋਟੀ ਅਤੇ ਮੈ ਨੂੰ ਲੈਣਾ ਗ਼ਲਤ ਨਹੀਂ ਹੋਵੇਗਾ।—ਲੂਕਾ 3:8.

ਸ਼ਰਧਾਵਾਨ ਦਰਸ਼ਕਾਂ ਵਜੋਂ ਹਾਜ਼ਰ ਹੋਣਾ

6. ਪਰਮੇਸ਼ੁਰ ਨੇ ਰੋਟੀ ਅਤੇ ਮੈ ਲੈਣ ਦਾ ਸਨਮਾਨ ਸਿਰਫ਼ ਕਿਨ੍ਹਾਂ ਲੋਕਾਂ ਨੂੰ ਦਿੱਤਾ ਹੈ?

6 ਜਿਹੜੇ ਲੋਕ ਅੱਜ ਮਸੀਹ ਦੇ 1,44,000 ਭਰਾਵਾਂ ਵਿੱਚੋਂ ਉਨ੍ਹਾਂ ਭਰਾਵਾਂ ਦਾ ਭਲਾ ਕਰ ਰਹੇ ਹਨ ਜੋ ਹਾਲੇ ਧਰਤੀ ਉੱਤੇ ਹਨ, ਕੀ ਉਨ੍ਹਾਂ ਨੂੰ ਪ੍ਰਭੂ ਦੀ ਯਾਦਗਾਰ ਦੀ ਰੋਟੀ ਅਤੇ ਮੈ ਲੈਣੀ ਚਾਹੀਦੀ ਹੈ? (ਮੱਤੀ 25:31-40; ਪਰਕਾਸ਼ ਦੀ ਪੋਥੀ 14:1) ਨਹੀਂ। ਪਰਮੇਸ਼ੁਰ ਨੇ ਇਹ ਸਨਮਾਨ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤਾ ਹੈ ਜਿਨ੍ਹਾਂ ਨੂੰ ਉਸ ਨੇ “ਮਸੀਹ ਦੇ ਨਾਲ ਸਾਂਝੇ ਅਧਕਾਰੀ” ਬਣਨ ਲਈ ਪਵਿੱਤਰ ਆਤਮਾ ਨਾਲ ਮਸਹ ਕੀਤਾ ਹੈ। (ਰੋਮੀਆਂ 8:14-18; 1 ਯੂਹੰਨਾ 2:20) ਤਾਂ ਫਿਰ ਉਹ ਲੋਕ ਯਾਦਗਾਰ ਦਾ ਦਿਨ ਕਿਉਂ ਮਨਾਉਂਦੇ ਹਨ ਜੋ ਪਰਮੇਸ਼ੁਰ ਦੇ ਸਵਰਗੀ ਰਾਜ ਅਧੀਨ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਜੀਉਣ ਦੀ ਆਸ਼ਾ ਰੱਖਦੇ ਹਨ? (ਪਰਕਾਸ਼ ਦੀ ਪੋਥੀ 21:3, 4) ਕਿਉਂਕਿ ਉਹ ਸਵਰਗੀ ਆਸ਼ਾ ਵਿਚ ਯਿਸੂ ਦੇ ਨਾਲ ਸਾਂਝੇ ਅਧਕਾਰੀ ਨਹੀਂ ਹਨ, ਉਹ ਯਾਦਗਾਰ ਵਿਚ ਸਿਰਫ਼ ਸ਼ਰਧਾਵਾਨ ਦਰਸ਼ਕਾਂ ਵਜੋਂ ਆਉਂਦੇ ਹਨ।—ਰੋਮੀਆਂ 6:3-5.

7. ਪਹਿਲੀ ਸਦੀ ਦੇ ਮਸੀਹੀ ਕਿੱਦਾਂ ਜਾਣਦੇ ਸਨ ਕਿ ਉਹ ਯਾਦਗਾਰ ਦੀ ਰੋਟੀ ਅਤੇ ਮੈ ਲੈ ਸਕਦੇ ਸਨ?

7 ਪਹਿਲੀ ਸਦੀ ਵਿਚ ਮਸੀਹੀਆਂ ਨੂੰ ਪਵਿੱਤਰ ਆਤਮਾ ਦੁਆਰਾ ਮਸਹ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਕਈਆਂ ਨੂੰ ਪਵਿੱਤਰ ਆਤਮਾ ਦੀ ਇਕ ਜਾਂ ਇਕ ਤੋਂ ਜ਼ਿਆਦਾ ਚਮਤਕਾਰੀ ਦਾਤ ਮਿਲੀ ਸੀ, ਜਿਵੇਂ ਕਿ ਕੋਈ ਹੋਰ ਭਾਸ਼ਾ ਬੋਲਣ ਦੀ ਯੋਗਤਾ। ਇਸ ਲਈ ਇਨ੍ਹਾਂ ਮਸੀਹੀਆਂ ਲਈ ਇਹ ਜਾਣਨਾ ਮੁਸ਼ਕਲ ਨਹੀਂ ਸੀ ਕਿ ਉਹ ਆਤਮਾ ਦੁਆਰਾ ਮਸਹ ਕੀਤੇ ਗਏ ਸਨ ਅਤੇ ਯਾਦਗਾਰ ਦੀ ਰੋਟੀ ਅਤੇ ਮੈ ਲੈ ਸਕਦੇ ਸਨ। ਪਰ ਅੱਜ ਮਸਹ ਕੀਤੇ ਮਸੀਹੀਆਂ ਨੂੰ ਇਹ ਗੱਲ ਕਿੱਦਾਂ ਪਤਾ ਲੱਗਦੀ ਹੈ? ਉਹ ਪਰਮੇਸ਼ੁਰ ਦੁਆਰਾ ਪ੍ਰੇਰਿਤ ਕੀਤੇ ਗਏ ਇਨ੍ਹਾਂ ਸ਼ਬਦਾਂ ਤੋਂ ਜਾਣ ਸਕਦੇ ਹਨ: “ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਓਹੀ ਪਰਮੇਸ਼ੁਰ ਦੇ ਪੁੱਤ੍ਰ ਹਨ। ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤ੍ਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ‘ਅੱਬਾ’, ਹੇ ਪਿਤਾ, ਪੁਕਾਰਦੇ ਹਾਂ।”—ਰੋਮੀਆਂ 8:14, 15.

8. ਮੱਤੀ ਦੇ 13ਵੇਂ ਅਧਿਆਇ ਵਿਚ ਜ਼ਿਕਰ ਕੀਤੀ ਗਈ “ਕਣਕ” ਤੇ “ਜੰਗਲੀ ਬੂਟੀ” ਕਿਨ੍ਹਾਂ ਨੂੰ ਦਰਸਾਉਂਦੇ ਹਨ?

8 ਸਦੀਆਂ ਦੌਰਾਨ ਮਸਹ ਕੀਤੇ ਹੋਏ ਮਸੀਹੀ “ਕਣਕ” ਦੇ ਤੌਰ ਤੇ “ਜੰਗਲੀ ਬੂਟੀ” ਯਾਨੀ ਈਸਾਈਆਂ ਵਿਚਕਾਰ ਉੱਗਦੇ ਰਹੇ। (ਮੱਤੀ 13:24-30, 36-43) ਪਰ 1870 ਦੇ ਦਹਾਕੇ ਤੋਂ “ਕਣਕ” ਸਾਫ਼-ਸਾਫ਼ ਨਜ਼ਰ ਆਉਣੀ ਸ਼ੁਰੂ ਹੋ ਗਈ ਅਤੇ ਕੁਝ ਸਾਲ ਬਾਅਦ ਮਸਹ ਕੀਤੇ ਹੋਏ ਮਸੀਹੀ ਨਿਗਾਹਬਾਨਾਂ ਨੂੰ ਕਿਹਾ ਗਿਆ ਸੀ: ‘ਯਾਦਗਾਰ ਵਿਚ ਆਉਣ ਵਾਲੇ ਲੋਕਾਂ ਸਾਮ੍ਹਣੇ ਬਜ਼ੁਰਗ ਇਹ ਸ਼ਰਤਾਂ ਰੱਖਣ,—(1) ਮਸੀਹ ਦੇ ਲਹੂ ਉੱਤੇ ਨਿਹਚਾ ਕਰੋ ਅਤੇ (2) ਪ੍ਰਭੂ ਅਤੇ ਉਸ ਦੀ ਸੇਵਾ ਲਈ ਆਪਣੇ ਆਪ ਨੂੰ ਜ਼ਿੰਦਗੀ ਭਰ ਲਈ ਸਮਰਪਿਤ ਕਰੋ। ਫਿਰ ਜਿਹੜੇ ਲੋਕ ਨਿਹਚਾ ਕਰਦੇ ਹਨ ਅਤੇ ਜਿਨ੍ਹਾਂ ਨੇ ਆਪਣਾ ਸਮਰਪਣ ਕੀਤਾ ਹੈ, ਉਨ੍ਹਾਂ ਨੂੰ ਪ੍ਰਭੂ ਦੀ ਮੌਤ ਦੀ ਯਾਦਗਾਰ ਦੇ ਪ੍ਰਤੀਕ ਲੈਣ ਲਈ ਬੁਲਾਇਆ ਜਾ ਸਕਦਾ ਹੈ।’—ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ), ਕਿਤਾਬ 6, ਨਵੀਂ ਸ੍ਰਿਸ਼ਟੀ, ਸਫ਼ਾ 473. *

‘ਹੋਰ ਭੇਡਾਂ’ ਦੀ ਭਾਲ

9. ਸਾਲ 1935 ਵਿਚ “ਵੱਡੀ ਭੀੜ” ਦੀ ਪਛਾਣ ਬਾਰੇ ਕਿਹੜੀ ਸਾਫ਼ ਜਾਣਕਾਰੀ ਦਿੱਤੀ ਗਈ ਸੀ ਅਤੇ ਇਸ ਦਾ ਉਨ੍ਹਾਂ ਮਸੀਹੀਆਂ ਉੱਤੇ ਕੀ ਅਸਰ ਪਿਆ ਜਿਹੜੇ ਉਸ ਵੇਲੇ ਯਾਦਗਾਰ ਦੀ ਰੋਟੀ ਅਤੇ ਮੈ ਲੈ ਰਹੇ ਸਨ?

9 ਸਮਾਂ ਆਉਣ ਤੇ ਯਹੋਵਾਹ ਦੇ ਸੰਗਠਨ ਨੇ ਮਸੀਹ ਦੇ ਮਸਹ ਕੀਤੇ ਹੋਏ ਚੇਲਿਆਂ ਤੋਂ ਇਲਾਵਾ ਦੂਸਰਿਆਂ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਵਿਚ 1935 ਵਿਚ ਇਕ ਬਹੁਤ ਅਹਿਮ ਘਟਨਾ ਵਾਪਰੀ। ਉਸ ਤੋਂ ਪਹਿਲਾਂ, ਪਰਮੇਸ਼ੁਰ ਦੇ ਲੋਕ ਸਮਝਦੇ ਸਨ ਕਿ ਪਰਕਾਸ਼ ਦੀ ਪੋਥੀ 7:9 ਵਿਚ ਜ਼ਿਕਰ ਕੀਤੀ ਗਈ “ਵੱਡੀ ਭੀੜ” ਦੂਜੇ ਦਰਜੇ ਦਾ ਵਰਗ ਹੈ ਜੋ ਮਸੀਹ ਦੀ ਲਾੜੀ ਦੀਆਂ ਸਹੇਲੀਆਂ ਦੇ ਤੌਰ ਤੇ ਸਵਰਗ ਵਿਚ 1,44,000 ਮਸਹ ਕੀਤੇ ਹੋਏ ਮਸੀਹੀਆਂ ਨਾਲ ਰਹੇਗਾ। (ਜ਼ਬੂਰਾਂ ਦੀ ਪੋਥੀ 45:14, 15; ਪਰਕਾਸ਼ ਦੀ ਪੋਥੀ 7:4; 21:2, 9) ਪਰ 31 ਮਈ 1935 ਵਿਚ ਵਾਸ਼ਿੰਗਟਨ, ਡੀ. ਸੀ., ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਵਿਚ ਇਕ ਭਾਸ਼ਣ ਦਿੱਤਾ ਗਿਆ ਸੀ ਜਿਸ ਵਿਚ ਬਾਈਬਲ ਵਿੱਚੋਂ ਸਮਝਾਇਆ ਗਿਆ ਸੀ ਕਿ “ਵੱਡੀ ਭੀੜ” ਹੀ ‘ਹੋਰ ਭੇਡਾਂ’ ਹਨ ਜੋ ਅੰਤ ਦੇ ਸਮੇਂ ਵਿਚ ਧਰਤੀ ਉੱਤੇ ਹੋਣਗੀਆਂ। (ਯੂਹੰਨਾ 10:16) ਉਸ ਸੰਮੇਲਨ ਤੋਂ ਬਾਅਦ ਕਈ ਮਸੀਹੀਆਂ ਨੇ ਯਾਦਗਾਰ ਦੀ ਰੋਟੀ ਅਤੇ ਮੈ ਨੂੰ ਲੈਣਾ ਛੱਡ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਆਸ ਸਵਰਗ ਵਿਚ ਰਹਿਣ ਦੀ ਨਹੀਂ ਹੈ, ਪਰ ਧਰਤੀ ਉੱਤੇ ਰਹਿਣ ਦੀ ਹੈ।

10. ਅੱਜ ਦੇ ‘ਹੋਰ ਭੇਡ’ ਕਹਾਉਂਦੇ ਮਸੀਹੀਆਂ ਦੀ ਉਮੀਦ ਅਤੇ ਜ਼ਿੰਮੇਵਾਰੀਆਂ ਕੀ ਹਨ?

10 ਖ਼ਾਸ ਕਰਕੇ 1935 ਤੋਂ ਉਨ੍ਹਾਂ ਮਸੀਹੀਆਂ ਦੀ ਤਲਾਸ਼ ਸ਼ੁਰੂ ਹੋਈ ਜੋ ‘ਹੋਰ ਭੇਡਾਂ’ ਹਨ, ਜੋ ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰਦੇ ਹਨ, ਜੋ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰਦੇ ਹਨ ਅਤੇ ਰਾਜ ਦੇ ਪ੍ਰਚਾਰ ਦੇ ਕੰਮ ਵਿਚ ਮਸਹ ਕੀਤੇ ਹੋਏ ਮਸੀਹੀਆਂ ਦੇ “ਛੋਟੇ ਝੁੰਡ” ਦਾ ਸਾਥ ਦਿੰਦੇ ਹਨ। (ਲੂਕਾ 12:32) ਇਹ ਮਸੀਹੀ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਦੀ ਆਸ ਰੱਖਦੇ ਹਨ, ਪਰ ਦੂਸਰੀਆਂ ਸਾਰੀਆਂ ਗੱਲਾਂ ਵਿਚ ਇਨ੍ਹਾਂ ਹੋਰ ਭੇਡਾਂ ਅਤੇ ਰਾਜ ਦੇ ਬਾਕੀ ਬਚੇ ਵਾਰਸਾਂ ਵਿਚ ਕੋਈ ਫ਼ਰਕ ਨਹੀਂ ਹੈ। ਜਿਵੇਂ ਪੁਰਾਣੇ ਇਸਰਾਏਲ ਵਿਚ ਪਰਦੇਸੀ ਯਹੋਵਾਹ ਦੀ ਸੇਵਾ ਕਰਦੇ ਸਨ ਅਤੇ ਬਿਵਸਥਾ ਉੱਤੇ ਚੱਲਦੇ ਸਨ, ਉਸੇ ਤਰ੍ਹਾਂ ਅੱਜ ਇਹ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਮਿਸਾਲ ਲਈ ਉਹ ਪਰਮੇਸ਼ੁਰ ਦੇ ਇਸਰਾਏਲ ਨਾਲ ਮਿਲ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। (ਗਲਾਤੀਆਂ 6:16) ਪਰ, ਜਿਵੇਂ ਕੋਈ ਵੀ ਪਰਦੇਸੀ ਇਸਰਾਏਲ ਦਾ ਰਾਜਾ ਜਾਂ ਜਾਜਕ ਨਹੀਂ ਬਣ ਸਕਦਾ ਸੀ, ਉਸੇ ਤਰ੍ਹਾਂ ਇਨ੍ਹਾਂ ਹੋਰ ਭੇਡਾਂ ਵਿੱਚੋਂ ਕੋਈ ਵੀ ਮਸੀਹੀ ਸਵਰਗੀ ਰਾਜ ਵਿਚ ਰਾਜ ਨਹੀਂ ਕਰ ਸਕਦਾ।—ਬਿਵਸਥਾ ਸਾਰ 17:15.

11. ਕਿਸੇ ਮਸੀਹੀ ਦੇ ਬਪਤਿਸਮੇ ਦੀ ਤਾਰੀਖ਼ ਤੋਂ ਉਸ ਦੀ ਉਮੀਦ ਬਾਰੇ ਕੀ ਪਤਾ ਲੱਗ ਸਕਦਾ ਹੈ?

11 ਫਿਰ 1930 ਦੇ ਦਹਾਕੇ ਦੇ ਅੰਤ ਤਕ ਇਹ ਗੱਲ ਸਾਫ਼ ਹੋ ਗਈ ਕਿ ਸਵਰਗੀ ਵਰਗ ਦੀ ਗਿਣਤੀ ਪੂਰੀ ਹੋ ਚੁੱਕੀ ਸੀ। ਹੁਣ ਕਈ ਦਹਾਕਿਆਂ ਤੋਂ ਹੋਰ ਭੇਡਾਂ ਦੀ ਭਾਲ ਹੋ ਰਹੀ ਹੈ ਜੋ ਧਰਤੀ ਉੱਤੇ ਜੀਉਣ ਦੀ ਆਸ ਰੱਖਦੀਆਂ ਹਨ। ਜੇ ਕੋਈ ਮਸਹ ਕੀਤਾ ਹੋਇਆ ਮਸੀਹੀ ਬੇਵਫ਼ਾ ਬਣ ਜਾਵੇ, ਤਾਂ ਮੁਮਕਿਨ ਹੈ ਕਿ ਉਸ ਦੀ ਜਗ੍ਹਾ ਤੇ 1,44,000 ਦੀ ਗਿਣਤੀ ਪੂਰੀ ਕਰਨ ਲਈ ਹੋਰ ਭੇਡਾਂ ਵਿੱਚੋਂ ਉਸ ਮਸੀਹੀ ਨੂੰ ਚੁਣਿਆ ਜਾਵੇਗਾ ਜੋ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਆ ਰਿਹਾ ਹੈ।

ਕੁਝ ਲੋਕਾਂ ਨੂੰ ਭੁਲੇਖਾ ਕਿਉਂ ਲੱਗਦਾ ਹੈ?

12. ਕਿਨ੍ਹਾਂ ਹਾਲਾਤਾਂ ਵਿਚ ਇਕ ਮਸੀਹੀ ਨੂੰ ਯਾਦਗਾਰ ਦੀ ਰੋਟੀ ਅਤੇ ਮੈ ਲੈਣੀ ਛੱਡ ਦੇਣੀ ਚਾਹੀਦੀ ਹੈ ਅਤੇ ਕਿਉਂ?

12 ਮਸਹ ਕੀਤੇ ਹੋਏ ਮਸੀਹੀਆਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੁੰਦਾ ਹੈ ਕਿ ਉਹ ਸਵਰਗ ਜਾਣਗੇ। ਪਰ ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੂੰ ਸਵਰਗੀ ਸੱਦਾ ਨਹੀਂ ਮਿਲਿਆ ਹੈ, ਪਰ ਉਹ ਯਾਦਗਾਰ ਦੀ ਰੋਟੀ ਅਤੇ ਮੈ ਲੈਂਦੇ ਹਨ? ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਹ ਸਵਰਗ ਨਹੀਂ ਜਾਣਗੇ, ਤਾਂ ਉਨ੍ਹਾਂ ਦਾ ਅੰਤਹਕਰਣ ਉਨ੍ਹਾਂ ਨੂੰ ਜ਼ਰੂਰ ਮਜਬੂਰ ਕਰੇਗਾ ਕਿ ਉਹ ਰੋਟੀ ਅਤੇ ਮੈ ਲੈਣੀ ਛੱਡ ਦੇਣ। ਪਰਮੇਸ਼ੁਰ ਉਸ ਮਸੀਹੀ ਨਾਲ ਬਿਲਕੁਲ ਵੀ ਖ਼ੁਸ਼ ਨਹੀਂ ਹੋਵੇਗਾ ਜੋ ਜਾਣਦਾ ਹੈ ਕਿ ਉਸ ਨੂੰ ਸਵਰਗੀ ਸੱਦਾ ਨਹੀਂ ਮਿਲਿਆ ਹੈ, ਲੇਕਿਨ ਉਹ ਫਿਰ ਵੀ ਸਵਰਗੀ ਰਾਜਾ ਅਤੇ ਜਾਜਕ ਹੋਣ ਦਾ ਦਾਅਵਾ ਕਰਦਾ ਹੈ। (ਰੋਮੀਆਂ 9:16; ਪਰਕਾਸ਼ ਦੀ ਪੋਥੀ 20:6) ਯਹੋਵਾਹ ਨੇ ਕੋਰਹ ਨਾਂ ਦੇ ਲੇਵੀ ਨੂੰ ਮੌਤ ਦੀ ਸਜ਼ਾ ਦਿੱਤੀ ਜਿਸ ਨੇ ਹਾਰੂਨ ਦੇ ਘਰਾਣੇ ਨੂੰ ਦਿੱਤੀ ਜਾਜਕਾਈ ਲੈਣ ਦੀ ਗੁਸਤਾਖ਼ੀ ਕੀਤੀ ਸੀ। (ਕੂਚ 28:1; ਗਿਣਤੀ 16:4-11, 31-35) ਜੇ ਕੋਈ ਮਸੀਹੀ ਇਹ ਜਾਣ ਜਾਂਦਾ ਹੈ ਕਿ ਉਹ ਗ਼ਲਤੀ ਨਾਲ ਯਾਦਗਾਰ ਦੀ ਰੋਟੀ ਅਤੇ ਮੈ ਲੈ ਰਿਹਾ ਹੈ, ਤਾਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਹਟ ਜਾਣਾ ਚਾਹੀਦਾ ਹੈ ਅਤੇ ਨਿਮਰ ਹੋ ਕੇ ਮਾਫ਼ੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ।—ਜ਼ਬੂਰਾਂ ਦੀ ਪੋਥੀ 19:13.

13, 14. ਕੁਝ ਲੋਕਾਂ ਨੂੰ ਇਹ ਭੁਲੇਖਾ ਕਿਉਂ ਲੱਗਦਾ ਹੈ ਕਿ ਉਨ੍ਹਾਂ ਨੂੰ ਸਵਰਗੀ ਸੱਦਾ ਮਿਲਿਆ ਹੈ?

13 ਕਿਸੇ ਨੂੰ ਇਹ ਭੁਲੇਖਾ ਕਿਉਂ ਲੱਗ ਸਕਦਾ ਹੈ ਕਿ ਉਸ ਨੂੰ ਸਵਰਗੀ ਸੱਦਾ ਮਿਲਿਆ ਹੈ? ਹੋ ਸਕਦਾ ਹੈ ਕਿ ਉਸ ਦੇ ਵਿਆਹੁਤਾ ਸਾਥੀ ਦੀ ਮੌਤ ਜਾਂ ਦੂਜੇ ਕਿਸੇ ਦੁਖਾਂਤ ਕਰਕੇ ਉਹ ਧਰਤੀ ਉੱਤੇ ਜੀਉਣਾ ਨਹੀਂ ਚਾਹੁੰਦਾ। ਜਾਂ ਉਹ ਵੀ ਆਪਣੇ ਜਿਗਰੀ ਦੋਸਤ ਵਰਗੀ ਆਸ ਚਾਹੁੰਦਾ ਹੈ ਜੋ ਦਾਅਵਾ ਕਰਦਾ ਹੈ ਕਿ ਉਹ ਮਸਹ ਕੀਤਾ ਹੋਇਆ ਮਸੀਹੀ ਹੈ। ਦਰਅਸਲ ਪਰਮੇਸ਼ੁਰ ਨੇ ਇਹ ਅਧਿਕਾਰ ਕਿਸੇ ਨੂੰ ਨਹੀਂ ਦਿੱਤਾ ਕਿ ਉਹ ਸਵਰਗ ਜਾਣ ਲਈ ਦੂਸਰਿਆਂ ਨੂੰ ਚੁਣੇ। ਉਹ ਆਕਾਸ਼ਵਾਣੀਆਂ ਕਰ ਕੇ ਇਹ ਨਹੀਂ ਦੱਸਦਾ ਕਿ ਕਿਸੇ ਨੂੰ ਰਾਜ ਦੇ ਵਾਰਸ ਬਣਨ ਲਈ ਚੁਣਿਆ ਗਿਆ ਹੈ।

14 ਕਈ ਲੋਕ ਇਸ ਝੂਠੀ ਧਾਰਮਿਕ ਸਿੱਖਿਆ ਨੂੰ ਮੰਨਦੇ ਹਨ ਕਿ ਸਾਰੇ ਚੰਗੇ ਲੋਕ ਸਵਰਗ ਨੂੰ ਜਾਣਗੇ। ਇਸ ਲਈ ਉਹ ਸੋਚ ਸਕਦੇ ਹਨ ਕਿ ਉਨ੍ਹਾਂ ਨੂੰ ਵੀ ਸਵਰਗੀ ਸੱਦਾ ਮਿਲਿਆ ਹੈ। ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਉੱਤੇ ਪੁਰਾਣੀਆਂ ਝੂਠੀਆਂ ਸਿੱਖਿਆਵਾਂ ਜਾਂ ਦੂਸਰੀਆਂ ਗੱਲਾਂ ਦਾ ਪ੍ਰਭਾਵ ਨਾ ਪਵੇ। ਉਦਾਹਰਣ ਲਈ ਕੁਝ ਲੋਕ ਆਪਣੇ ਆਪ ਤੋਂ ਪੁੱਛ ਸਕਦੇ ਹਨ: ‘ਕੀ ਮੈਂ ਅਜਿਹੀ ਕੋਈ ਦਵਾਈ ਖਾਂਦਾ ਹਾਂ ਜਿਸ ਦਾ ਮੇਰੀਆਂ ਭਾਵਨਾਵਾਂ ਉੱਤੇ ਪ੍ਰਭਾਵ ਪੈਂਦਾ ਹੈ? ਕੀ ਮੈਂ ਬਹੁਤ ਭਾਵੁਕ ਇਨਸਾਨ ਹਾਂ ਜਿਸ ਕਰਕੇ ਮੈਨੂੰ ਇਹ ਭੁਲੇਖਾ ਪੈ ਸਕਦਾ ਹੈ?’

15, 16. ਕੁਝ ਲੋਕ ਇਹ ਸੋਚਣ ਦੀ ਗ਼ਲਤੀ ਕਿਉਂ ਕਰਦੇ ਹਨ ਕਿ ਉਹ ਮਸਹ ਕੀਤੇ ਹੋਏ ਹਨ?

15 ਕੁਝ ਲੋਕ ਆਪਣੇ ਆਪ ਤੋਂ ਪੁੱਛ ਸਕਦੇ ਹਨ: ‘ਕੀ ਮੈਂ ਆਪਣੇ ਭਰਾਵਾਂ ਨਾਲੋਂ ਵੱਡਾ ਬਣਨਾ ਚਾਹੁੰਦਾ ਹਾਂ? ਕੀ ਮੈਂ ਚਾਹੁੰਦਾ ਹਾਂ ਕਿ ਸਾਰੀ ਕਲੀਸਿਯਾ ਮੇਰੇ ਥੱਲੇ ਰਹੇ ਅਤੇ ਭਵਿੱਖ ਵਿਚ ਮੈਂ ਮਸੀਹ ਦਾ ਸੰਗੀ ਵਾਰਸ ਬਣਾਂ?’ ਜਦੋਂ ਪਹਿਲੀ ਸਦੀ ਵਿਚ ਰਾਜ ਦੇ ਵਾਰਸ ਸੱਦੇ ਗਏ ਸਨ, ਤਾਂ ਉਸ ਵੇਲੇ ਬਹੁਤ ਸਾਰਿਆਂ ਕੋਲ ਕਲੀਸਿਯਾਵਾਂ ਵਿਚ ਵੱਡੀਆਂ ਜ਼ਿੰਮੇਵਾਰੀਆਂ ਨਹੀਂ ਸਨ। ਅੱਜ ਵੀ ਜਿਨ੍ਹਾਂ ਨੂੰ ਸਵਰਗੀ ਸੱਦਾ ਮਿਲਿਆ ਹੈ, ਉਹ ਕਦੇ ਵੱਡਾ ਬਣਨ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਮਸਹ ਹੋਣ ਕਰਕੇ ਸ਼ੇਖ਼ੀ ਨਹੀਂ ਮਾਰਦੇ। ਉਹ “ਮਸੀਹ ਦੀ ਬੁੱਧੀ” ਰੱਖਣ ਵਾਲਿਆਂ ਵਜੋਂ ਨਿਮਰ ਬਣਦੇ ਹਨ।—1 ਕੁਰਿੰਥੀਆਂ 2:16.

16 ਕਈ ਲੋਕ ਜਿਨ੍ਹਾਂ ਕੋਲ ਬਾਈਬਲ ਦਾ ਕਾਫ਼ੀ ਗਿਆਨ ਹੈ, ਸ਼ਾਇਦ ਸੋਚਣ ਕਿ ਉਨ੍ਹਾਂ ਨੂੰ ਸਵਰਗੀ ਸੱਦਾ ਮਿਲਿਆ ਹੈ। ਪਰ ਪਵਿੱਤਰ ਆਤਮਾ ਨਾਲ ਮਸਹ ਕੀਤੇ ਹੋਏ ਵੱਡੇ ਗਿਆਨੀ ਨਹੀਂ ਬਣ ਜਾਂਦੇ ਕਿਉਂਕਿ ਪੌਲੁਸ ਨੂੰ ਕੁਝ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਲਾਹ ਦੇਣੀ ਤੇ ਸੁਧਾਰਨਾ ਪਿਆ ਸੀ। (1 ਕੁਰਿੰਥੀਆਂ 3:1-3; ਇਬਰਾਨੀਆਂ 5:11-14) ਪਰਮੇਸ਼ੁਰ ਨੇ ਆਪਣੇ ਸਾਰੇ ਲੋਕਾਂ ਨੂੰ ਅਧਿਆਤਮਿਕ ਭੋਜਨ ਯਾਨੀ ਬਾਈਬਲ ਤੋਂ ਗਿਆਨ ਦੇਣ ਦਾ ਪ੍ਰਬੰਧ ਕੀਤਾ ਹੋਇਆ ਹੈ। (ਮੱਤੀ 24:45-47) ਇਸ ਲਈ ਕਿਸੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮਸਹ ਕੀਤੇ ਹੋਏ ਮਸੀਹੀ ਵਜੋਂ ਉਸ ਨੂੰ ਧਰਤੀ ਉੱਤੇ ਜੀਉਣ ਦੀ ਆਸ ਰੱਖਣ ਵਾਲੇ ਮਸੀਹੀਆਂ ਨਾਲੋਂ ਜ਼ਿਆਦਾ ਬੁੱਧ ਮਿਲਦੀ ਹੈ। ਆਤਮਾ ਦੁਆਰਾ ਮਸਹ ਕੀਤੇ ਹੋਏ ਵਿਅਕਤੀ ਦਾ ਪਤਾ ਇਨ੍ਹਾਂ ਗੱਲਾਂ ਤੋਂ ਨਹੀਂ ਲੱਗਦਾ ਕਿ ਇਕ ਮਸੀਹੀ ਕਿੰਨੇ ਵਧੀਆ ਤਰੀਕੇ ਨਾਲ ਬਾਈਬਲ ਸੰਬੰਧੀ ਸਵਾਲਾਂ ਦੇ ਜਵਾਬ ਦਿੰਦਾ ਹੈ, ਭਾਸ਼ਣ ਦਿੰਦਾ ਹੈ ਜਾਂ ਪ੍ਰਚਾਰ ਕਰਦਾ ਹੈ। ਧਰਤੀ ਉੱਤੇ ਜੀਉਣ ਦੀ ਆਸ ਰੱਖਣ ਵਾਲੇ ਮਸੀਹੀ ਵੀ ਇਹ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਹਨ।

17. ਆਤਮਾ ਨਾਲ ਮਸਹ ਕੀਤਾ ਜਾਣਾ ਕਿਸ ਗੱਲ ਉੱਤੇ ਅਤੇ ਕਿਸ ਉੱਤੇ ਨਿਰਭਰ ਕਰਦਾ ਹੈ?

17 ਜੇ ਇਕ ਮਸੀਹੀ ਸਵਰਗੀ ਸੱਦੇ ਬਾਰੇ ਸਵਾਲ ਪੁੱਛਦਾ ਹੈ, ਤਾਂ ਬਜ਼ੁਰਗ ਜਾਂ ਦੂਸਰਾ ਕੋਈ ਸਿਆਣਾ ਮਸੀਹੀ ਉਸ ਨਾਲ ਇਸ ਬਾਰੇ ਚਰਚਾ ਕਰ ਸਕਦਾ ਹੈ। ਪਰ ਕੋਈ ਵੀ ਵਿਅਕਤੀ ਦੂਸਰੇ ਕਿਸੇ ਮਸੀਹੀ ਲਈ ਇਸ ਸੰਬੰਧੀ ਫ਼ੈਸਲਾ ਨਹੀਂ ਕਰ ਸਕਦਾ। ਜਿਸ ਵਿਅਕਤੀ ਨੂੰ ਸੱਚ-ਮੁੱਚ ਇਹ ਸੱਦਾ ਮਿਲਿਆ ਹੈ, ਉਸ ਨੂੰ ਦੂਸਰਿਆਂ ਤੋਂ ਇਹ ਪੁੱਛਣ ਦੀ ਲੋੜ ਨਹੀਂ ਕਿ ਉਸ ਨੂੰ ਇਹ ਸੱਦਾ ਮਿਲਿਆ ਹੈ ਜਾਂ ਨਹੀਂ। ਮਸਹ ਕੀਤੇ ਹੋਏ ‘ਨਾਸਵਾਨ ਤੁਖਮ ਤੋਂ ਨਹੀਂ ਸਗੋਂ ਅਵਨਾਸੀ ਤੋਂ ਪਰਮੇਸ਼ੁਰ ਦੇ ਬਚਨ ਦੇ ਰਾਹੀਂ ਜਿਹੜਾ ਜੀਉਂਦਾ ਅਤੇ ਇਸਥਿਰ ਹੈ ਨਵੇਂ ਸਿਰਿਓਂ ਜਨਮੇ ਹਨ।’ (1 ਪਤਰਸ 1:23) ਪਰਮੇਸ਼ੁਰ ਆਪਣੀ ਆਤਮਾ ਅਤੇ ਬਚਨ ਨਾਲ ਉਹ “ਤੁਖਮ” ਜਾਂ ਬੀ ਬੀਜਦਾ ਹੈ ਜੋ ਉਸ ਵਿਅਕਤੀ ਨੂੰ ਸਵਰਗੀ ਆਸ ਵਾਲੀ “ਨਵੀ ਸਰਿਸ਼ਟ” ਬਣਾ ਦਿੰਦਾ ਹੈ। (2 ਕੁਰਿੰਥੀਆਂ 5:17) ਸਿਰਫ਼ ਯਹੋਵਾਹ ਹੀ ਲੋਕਾਂ ਨੂੰ ਸਵਰਗੀ ਸੱਦੇ ਲਈ ਚੁਣਦਾ ਹੈ। ਮਸਹ ਕਰਨਾ “ਨਾ ਚਾਹੁਣ ਵਾਲੇ ਦਾ, ਨਾ ਦੌੜ ਭੱਜ ਕਰਨ ਵਾਲੇ ਦਾ, ਸਗੋਂ ਪਰਮੇਸ਼ੁਰ ਦਾ ਕੰਮ ਹੈ।” (ਰੋਮੀਆਂ 9:16) ਤਾਂ ਫਿਰ ਇਕ ਮਸੀਹੀ ਨੂੰ ਕਿੱਦਾਂ ਯਕੀਨ ਹੋ ਸਕਦਾ ਹੈ ਕਿ ਉਸ ਨੂੰ ਸਵਰਗੀ ਸੱਦਾ ਮਿਲਿਆ ਹੈ?

ਉਨ੍ਹਾਂ ਨੂੰ ਪੂਰਾ ਯਕੀਨ ਕਿਉਂ ਹੈ?

18. ਪਰਮੇਸ਼ੁਰ ਦੀ ਆਤਮਾ ਮਸਹ ਕੀਤੇ ਹੋਇਆਂ ਨੂੰ ਕੀ ਗਵਾਹੀ ਦਿੰਦੀ ਹੈ?

18 ਪਰਮੇਸ਼ੁਰ ਦੀ ਆਤਮਾ ਦੀ ਗਵਾਹੀ ਨਾਲ ਮਸਹ ਕੀਤੇ ਹੋਏ ਮਸੀਹੀਆਂ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਸਵਰਗੀ ਸੱਦਾ ਮਿਲਿਆ ਹੈ। ਪੌਲੁਸ ਰਸੂਲ ਨੇ ਲਿਖਿਆ: “ਤੁਹਾਨੂੰ . . . ਲੇਪਾਲਕ ਪੁੱਤ੍ਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ‘ਅੱਬਾ’, ਹੇ ਪਿਤਾ, ਪੁਕਾਰਦੇ ਹਾਂ। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ। ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ।” (ਰੋਮੀਆਂ 8:15-17) ਪਵਿੱਤਰ ਆਤਮਾ ਦੇ ਅਸਰ ਅਧੀਨ, ਮਸਹ ਕੀਤੇ ਹੋਏ ਮਸੀਹੀਆਂ ਦਾ ਦਿਲ ਉਨ੍ਹਾਂ ਨੂੰ ਪ੍ਰੇਰਦਾ ਹੈ ਕਿ ਉਹ ਉਨ੍ਹਾਂ ਗੱਲਾਂ ਨੂੰ ਆਪਣੇ ਉੱਤੇ ਲਾਗੂ ਕਰਨ ਜੋ ਬਾਈਬਲ ਵਿਚ ਯਹੋਵਾਹ ਦੇ ਬਾਲਕਾਂ ਬਾਰੇ ਕਹੀਆਂ ਗਈਆਂ ਹਨ। (1 ਯੂਹੰਨਾ 3:2) ਪਰਮੇਸ਼ੁਰ ਦੀ ਆਤਮਾ ਉਨ੍ਹਾਂ ਨੂੰ ਉਸ ਦੇ ਪੁੱਤਰ ਹੋਣ ਦਾ ਅਹਿਸਾਸ ਕਰਾਉਂਦੀ ਹੈ ਅਤੇ ਉਹ ਇਕ ਅਨੋਖੀ ਆਸ਼ਾ ਰੱਖਣ ਲੱਗ ਪੈਂਦੇ ਹਨ। (ਗਲਾਤੀਆਂ 4:6, 7) ਜੀ ਹਾਂ, ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਧਰਤੀ ਉੱਤੇ ਮੁਕੰਮਲ ਇਨਸਾਨਾਂ ਦੇ ਤੌਰ ਤੇ ਹਮੇਸ਼ਾ ਰਹਿਣ ਦੀ ਆਸ਼ਾ ਬਹੁਤ ਹੀ ਸ਼ਾਨਦਾਰ ਹੈ, ਪਰ ਮਸਹ ਕੀਤੇ ਹੋਏ ਮਸੀਹੀਆਂ ਦੀ ਇਹ ਆਸ਼ਾ ਨਹੀਂ ਹੈ। ਪਰਮੇਸ਼ੁਰ ਨੇ ਆਪਣੀ ਆਤਮਾ ਦੇ ਜ਼ਰੀਏ ਉਨ੍ਹਾਂ ਵਿਚ ਸਵਰਗ ਜਾਣ ਦੀ ਆਸ਼ਾ ਇੰਨੀ ਪੱਕੀ ਕੀਤੀ ਹੈ ਕਿ ਉਹ ਆਪਣੇ ਹਰ ਰਿਸ਼ਤੇ-ਨਾਤੇ ਅਤੇ ਧਰਤੀ ਉੱਤੇ ਜੀਉਣ ਦੀ ਇੱਛਾ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਹਨ।—2 ਕੁਰਿੰਥੀਆਂ 5:1-5, 8; 2 ਪਤਰਸ 1:13, 14.

19. ਮਸਹ ਕੀਤੇ ਹੋਏ ਮਸੀਹੀ ਦੀ ਜ਼ਿੰਦਗੀ ਵਿਚ ਨਵਾਂ ਨੇਮ ਕੀ ਭੂਮਿਕਾ ਅਦਾ ਕਰਦਾ ਹੈ?

19 ਮਸਹ ਕੀਤੇ ਹੋਏ ਮਸੀਹੀਆਂ ਨੂੰ ਇਸ ਗੱਲ ਦਾ ਪੱਕਾ ਯਕੀਨ ਹੈ ਕਿ ਉਹ ਨਵੇਂ ਨੇਮ ਦੇ ਮੈਂਬਰ ਹਨ ਅਤੇ ਉਹ ਸਵਰਗ ਜਾਣਗੇ। ਆਪਣੀ ਮੌਤ ਦੀ ਯਾਦਗਾਰ ਦੀ ਸ਼ੁਰੂਆਤ ਕਰਨ ਵੇਲੇ ਯਿਸੂ ਨੇ ਇਸ ਦਾ ਜ਼ਿਕਰ ਕੀਤਾ ਸੀ: “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।” (ਲੂਕਾ 22:20) ਇਹ ਨੇਮ ਪਰਮੇਸ਼ੁਰ ਅਤੇ ਮਸਹ ਕੀਤੇ ਹੋਏ ਮਸੀਹੀਆਂ ਵਿਚਕਾਰ ਬੰਨ੍ਹਿਆ ਗਿਆ ਹੈ। (ਯਿਰਮਿਯਾਹ 31:31-34; ਇਬਰਾਨੀਆਂ 12:22-24) ਯਿਸੂ ਇਸ ਨੇਮ ਦਾ ਵਿਚੋਲਾ ਹੈ। ਨਵਾਂ ਨੇਮ ਮਸੀਹ ਦੇ ਵਹਾਏ ਲਹੂ ਨਾਲ ਅਮਲ ਵਿਚ ਆਇਆ ਸੀ। ਇਸ ਨੇਮ ਵਿਚ ਸਿਰਫ਼ ਯਹੂਦੀ ਹੀ ਨਹੀਂ, ਪਰ ਯਹੋਵਾਹ ਦੇ ਨਾਂ ਲਈ ਸਾਰੀਆਂ ਕੌਮਾਂ ਵਿੱਚੋਂ ਲੋਕ ਲਏ ਗਏ ਹਨ, ਜਿਨ੍ਹਾਂ ਨੂੰ ਅਬਰਾਹਾਮ ਦੀ “ਅੰਸ” ਦਾ ਹਿੱਸਾ ਬਣਾਇਆ ਗਿਆ ਹੈ। (ਗਲਾਤੀਆਂ 3:26-29; ਰਸੂਲਾਂ ਦੇ ਕਰਤੱਬ 15:14) ਇਸ “ਸਦੀਪਕ ਨੇਮ” ਕਰਕੇ ਸਾਰੇ ਅਧਿਆਤਮਿਕ ਇਸਰਾਏਲੀ ਆਪਣੀ ਮੌਤ ਤੋਂ ਬਾਅਦ ਦੁਬਾਰਾ ਜ਼ਿੰਦਾ ਕਰ ਕੇ ਸਵਰਗ ਲਿਜਾਏ ਜਾਣਗੇ।—ਇਬਰਾਨੀਆਂ 13:20.

20. ਮਸਹ ਕੀਤੇ ਹੋਏ ਮਸੀਹੀਆਂ ਨਾਲ ਹੋਰ ਕਿਹੜਾ ਨੇਮ ਬੰਨ੍ਹਿਆ ਗਿਆ ਹੈ?

20 ਮਸਹ ਕੀਤੇ ਹੋਏ ਮਸੀਹੀਆਂ ਨੂੰ ਆਪਣੀ ਆਸ਼ਾ ਬਾਰੇ ਪੱਕਾ ਯਕੀਨ ਹੈ। ਉਨ੍ਹਾਂ ਨਾਲ ਇਕ ਹੋਰ ਨੇਮ ਵੀ ਬੰਨ੍ਹਿਆ ਗਿਆ ਹੈ ਯਾਨੀ ਰਾਜ ਦਾ ਨੇਮ। ਮਸੀਹ ਨਾਲ ਉਨ੍ਹਾਂ ਦੀ ਸਾਂਝੇਦਾਰੀ ਬਾਰੇ ਯਿਸੂ ਨੇ ਕਿਹਾ ਸੀ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” (ਲੂਕਾ 22:28-30) ਮਸੀਹ ਅਤੇ ਉਸ ਨਾਲ ਰਾਜ ਕਰਨ ਵਾਲਿਆਂ ਵਿਚਕਾਰ ਇਹ ਨੇਮ ਹਮੇਸ਼ਾ ਚੱਲਦਾ ਰਹੇਗਾ।—ਪਰਕਾਸ਼ ਦੀ ਪੋਥੀ 22:5.

ਯਾਦਗਾਰ ਦਾ ਸਮਾਂ—ਇਕ ਖ਼ਾਸ ਸਮਾਂ

21. ਅਸੀਂ ਯਾਦਗਾਰ ਦੇ ਸਮੇਂ ਦੌਰਾਨ ਲਾਭ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ?

21 ਯਾਦਗਾਰ ਦੇ ਸਮੇਂ ਦੌਰਾਨ ਅਸੀਂ ਕਈ ਗੱਲਾਂ ਤੋਂ ਲਾਭ ਪ੍ਰਾਪਤ ਕਰ ਸਕਦੇ ਹਾਂ। ਅਸੀਂ ਬਾਈਬਲ ਵਿੱਚੋਂ ਯਿਸੂ ਦੀ ਜ਼ਮੀਨੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਬਾਰੇ ਪੜ੍ਹ ਕੇ ਲਾਭ ਹਾਸਲ ਕਰ ਸਕਦੇ ਹਾਂ। ਇਸ ਸਮੇਂ ਦੌਰਾਨ ਸਾਡੇ ਕੋਲ ਪ੍ਰਾਰਥਨਾ ਕਰਨ, ਯਿਸੂ ਦੀ ਮੌਤ ਉੱਤੇ ਮਨਨ ਕਰਨ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਵਧੀਆ ਮੌਕੇ ਹਨ। (ਜ਼ਬੂਰਾਂ ਦੀ ਪੋਥੀ 77:12; ਫ਼ਿਲਿੱਪੀਆਂ 4:6, 7) ਯਾਦਗਾਰ ਦਾ ਦਿਨ ਮਨਾਉਣ ਨਾਲ ਸਾਨੂੰ ਇਹ ਗੱਲ ਯਾਦ ਰਹਿੰਦੀ ਹੈ ਕਿ ਯਿਸੂ ਦਾ ਬਲੀਦਾਨ ਯਹੋਵਾਹ ਅਤੇ ਉਸ ਦੇ ਪੁੱਤਰ ਦੇ ਪਿਆਰ ਦਾ ਸਬੂਤ ਹੈ। (ਮੱਤੀ 20:28; ਯੂਹੰਨਾ 3:16) ਇਸ ਪ੍ਰਬੰਧ ਤੋਂ ਸਾਨੂੰ ਆਸ਼ਾ ਅਤੇ ਦਿਲਾਸਾ ਮਿਲਦਾ ਹੈ। ਇਸ ਨਾਲ ਮਸੀਹ ਦੀ ਪੈੜ ਉੱਤੇ ਚੱਲਣ ਦਾ ਸਾਡਾ ਇਰਾਦਾ ਹੋਰ ਮਜ਼ਬੂਤ ਹੋਣਾ ਚਾਹੀਦਾ ਹੈ। (ਕੂਚ 34:6; ਇਬਰਾਨੀਆਂ 12:3) ਯਾਦਗਾਰ ਦਾ ਦਿਨ ਮਨਾਉਣ ਨਾਲ ਸਾਡਾ ਇਹ ਇਰਾਦਾ ਵੀ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਸੇਵਕਾਂ ਦੇ ਤੌਰ ਤੇ ਆਪਣੇ ਸਮਰਪਣ ਦੇ ਵਾਅਦੇ ਨੂੰ ਪੂਰਾ ਕਰੀਏ ਅਤੇ ਉਸ ਦੇ ਪਿਆਰੇ ਪੁੱਤਰ ਦੇ ਵਫ਼ਾਦਾਰ ਚੇਲੇ ਬਣੇ ਰਹੀਏ।

22. ਪਰਮੇਸ਼ੁਰ ਨੇ ਇਨਸਾਨਾਂ ਲਈ ਸਭ ਤੋਂ ਵੱਡੀ ਸੁਗਾਤ ਵਜੋਂ ਕੀ ਕੀਤਾ ਹੈ ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਸ ਲਈ ਸ਼ੁਕਰਗੁਜ਼ਾਰ ਹਾਂ?

22 ਯਹੋਵਾਹ ਸਾਨੂੰ ਕਿੰਨੀਆਂ ਵਧੀਆ-ਵਧੀਆ ਸੁਗਾਤਾਂ ਦਿੰਦਾ ਹੈ! (ਯਾਕੂਬ 1:17) ਉਸ ਦਾ ਬਚਨ ਸਾਡੀ ਅਗਵਾਈ ਕਰਦਾ ਹੈ ਅਤੇ ਉਸ ਦੀ ਆਤਮਾ ਸਾਡੀ ਮਦਦ ਕਰਦੀ ਹੈ। ਸਾਨੂੰ ਹਮੇਸ਼ਾ ਤਕ ਜੀਉਂਦੇ ਰਹਿਣ ਦੀ ਆਸ਼ਾ ਵੀ ਦਿੱਤੀ ਗਈ ਹੈ। ਯਹੋਵਾਹ ਦੀ ਸਭ ਤੋਂ ਵੱਡੀ ਸੁਗਾਤ ਮਸਹ ਕੀਤੇ ਹੋਏ ਮਸੀਹੀਆਂ ਅਤੇ ਹੋਰ ਨਿਹਚਾਵਾਨਾਂ ਦੇ ਪਾਪਾਂ ਦੀ ਮਾਫ਼ੀ ਲਈ ਯਿਸੂ ਦਾ ਬਲੀਦਾਨ ਹੈ। (1 ਯੂਹੰਨਾ 2:1, 2) ਤਾਂ ਫਿਰ, ਯਿਸੂ ਦੀ ਮੌਤ ਤੁਹਾਡੇ ਲਈ ਕਿੰਨੀ ਕੁ ਅਹਿਮੀਅਤ ਰੱਖਦੀ ਹੈ? ਤੁਸੀਂ ਕਿਸ ਤਰ੍ਹਾਂ ਦਿਖਾ ਸਕਦੇ ਹੋ ਕਿ ਤੁਸੀਂ ਇਸ ਲਈ ਸ਼ੁਕਰਗੁਜ਼ਾਰ ਹੋ? ਕੀ ਤੁਸੀਂ 16 ਅਪ੍ਰੈਲ 2003 ਨੂੰ ਪ੍ਰਭੂ ਦੀ ਯਾਦਗਾਰ ਮਨਾਉਣ ਆਓਗੇ?

[ਫੁਟਨੋਟ]

^ ਪੈਰਾ 8 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

ਤੁਸੀਂ ਕੀ ਜਵਾਬ ਦਿਓਗੇ?

• ਕੌਣ ਯਾਦਗਾਰ ਦੀ ਰੋਟੀ ਅਤੇ ਮੈ ਲੈ ਸਕਦੇ ਹਨ?

• ‘ਹੋਰ ਭੇਡ’ ਕਹਾਉਂਦੇ ਮਸੀਹੀ ਪ੍ਰਭੂ ਦੀ ਮੌਤ ਦੀ ਯਾਦਗਾਰ ਵਿਚ ਸਿਰਫ਼ ਸ਼ਰਧਾਵਾਨ ਦਰਸ਼ਕਾਂ ਵਜੋਂ ਕਿਉਂ ਆਉਂਦੇ ਹਨ?

• ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿੱਦਾਂ ਪਤਾ ਹੈ ਕਿ ਉਨ੍ਹਾਂ ਨੂੰ ਮਸੀਹ ਦੀ ਮੌਤ ਦੀ ਯਾਦਗਾਰ ਵਿਚ ਰੋਟੀ ਅਤੇ ਮੈ ਲੈਣੀ ਚਾਹੀਦੀ ਹੈ?

• ਯਾਦਗਾਰ ਦੇ ਸਮੇਂ ਦੌਰਾਨ ਸਾਨੂੰ ਕੀ ਕਰਨ ਦਾ ਵਧੀਆ ਮੌਕਾ ਮਿਲਦਾ ਹੈ?

[ਸਵਾਲ]

[ਸਫ਼ੇ 18 ਉੱਤੇ ਗ੍ਰਾਫ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਯਾਦਗਾਰ ਵਿਚ ਹਾਜ਼ਰੀ

ਲੱਖਾਂ ਵਿਚ

1,55,97,746

150

140

1,31,47,201

130

120

110

100

90

80

70

60

50

49,25,643

40

30

20

10

8,78,303

63,146

1935 1955 1975 1995 2002

[ਸਫ਼ੇ 18 ਉੱਤੇ ਤਸਵੀਰ]

ਕੀ ਤੁਸੀਂ ਇਸ ਸਾਲ ਪ੍ਰਭੂ ਦੀ ਯਾਦਗਾਰ ਮਨਾਉਣ ਲਈ ਆਓਗੇ?

[ਸਫ਼ੇ 21 ਉੱਤੇ ਤਸਵੀਰ]

ਯਾਦਗਾਰ ਦੇ ਸਮੇਂ ਦੌਰਾਨ ਸਾਡੇ ਕੋਲ ਜ਼ਿਆਦਾ ਬਾਈਬਲ ਪੜ੍ਹਨ ਅਤੇ ਰਾਜ ਦੇ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਦੇ ਵਧੀਆ ਮੌਕੇ ਹਨ