Skip to content

Skip to table of contents

“ਅੱਤ ਦਿਆਲੂ” ਯਹੋਵਾਹ ਵੱਲੋਂ ਮਾਫ਼ੀ

“ਅੱਤ ਦਿਆਲੂ” ਯਹੋਵਾਹ ਵੱਲੋਂ ਮਾਫ਼ੀ

“ਅੱਤ ਦਿਆਲੂ” ਯਹੋਵਾਹ ਵੱਲੋਂ ਮਾਫ਼ੀ

ਮਾਫ਼ੀ ਦੇਣ ਦਾ ਮਤਲਬ ਕਿਸੇ ਦੀ ਗ਼ਲਤੀ ਨੂੰ ਬਖ਼ਸ਼ਣਾ ਹੈ। ਮਾਫ਼ ਕਰਨ ਵਾਲਾ ਵਿਅਕਤੀ ਆਪਣਾ ਗੁੱਸਾ ਥੁੱਕ ਦਿੰਦਾ ਹੈ ਅਤੇ ਗ਼ਲਤੀ ਕਰਨ ਵਾਲੇ ਵਿਅਕਤੀ ਤੋਂ ਬਦਲਾ ਲੈਣ ਦੀ ਇੱਛਾ ਨਹੀਂ ਰੱਖਦਾ ਹੈ।

ਇਸਰਾਏਲ ਕੌਮ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ, ਪਰਮੇਸ਼ੁਰ ਜਾਂ ਮਨੁੱਖ ਦੇ ਖ਼ਿਲਾਫ਼ ਪਾਪ ਕਰਨ ਵਾਲਾ ਵਿਅਕਤੀ ਸਿਰਫ਼ ਉਦੋਂ ਮਾਫ਼ ਕੀਤਾ ਜਾ ਸਕਦਾ ਸੀ ਜਦੋਂ ਉਹ ਆਪਣੀ ਗ਼ਲਤੀ ਦਾ ਪ੍ਰਾਸਚਿਤ ਕਰਨ ਲਈ ਬਿਵਸਥਾ ਅਨੁਸਾਰ ਮੁਆਵਜ਼ਾ ਦਿੰਦਾ ਸੀ ਅਤੇ ਫਿਰ ਯਹੋਵਾਹ ਨੂੰ ਲਹੂ ਦੀ ਭੇਟ ਚੜ੍ਹਾਉਂਦਾ ਸੀ। (ਲੇਵੀਆਂ 5:5–6:7) ਇਸੇ ਲਈ ਪੌਲੁਸ ਨੇ ਕਿਹਾ ਸੀ ਕਿ “ਸ਼ਰਾ ਦੇ ਅਨੁਸਾਰ ਲਗ ਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾ ਲਹੂ ਵਹਾਏ ਮਾਫ਼ੀ ਹੁੰਦੀ ਹੀ ਨਹੀਂ।” (ਇਬਰਾਨੀਆਂ 9:22) ਪਰ ਅਸਲ ਵਿਚ ਬਲੀ ਚੜ੍ਹਾਏ ਗਏ ਜਾਨਵਰਾਂ ਦਾ ਲਹੂ ਕਿਸੇ ਇਨਸਾਨ ਦੇ ਪਾਪਾਂ ਨੂੰ ਧੋ ਨਹੀਂ ਸਕਦਾ ਸੀ ਅਤੇ ਨਾ ਹੀ ਉਹ ਇਨਸਾਨ ਦੋਸ਼ੀ ਭਾਵਨਾ ਤੋਂ ਪੂਰੀ ਤਰ੍ਹਾਂ ਮੁਕਤ ਹੁੰਦਾ ਸੀ। (ਇਬਰਾਨੀਆਂ 10:1-4; 9:9, 13, 14) ਇਸ ਦੇ ਉਲਟ, ਬਾਈਬਲ ਦੀਆਂ ਭਵਿੱਖਬਾਣੀਆਂ ਦੇ ਮੁਤਾਬਕ ਨਵੇਂ ਨੇਮ ਦੁਆਰਾ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਸੱਚੀ ਮਾਫ਼ੀ ਮੁਮਕਿਨ ਸੀ। (ਯਿਰਮਿਯਾਹ 31:33, 34; ਮੱਤੀ 26:28; 1 ਕੁਰਿੰਥੀਆਂ 11:25; ਅਫ਼ਸੀਆਂ 1:7) ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਇਕ ਅਧਰੰਗੀ ਨੂੰ ਠੀਕ ਕਰ ਕੇ ਸਾਬਤ ਕੀਤਾ ਕਿ ਉਸ ਨੂੰ ਪਾਪ ਮਾਫ਼ ਕਰਨ ਦਾ ਇਖ਼ਤਿਆਰ ਦਿੱਤਾ ਗਿਆ ਸੀ।—ਮੱਤੀ 9:2-7.

ਯਹੋਵਾਹ “ਅੱਤ ਦਿਆਲੂ ਹੈ।” ਇਹ ਦਿਖਾਉਣ ਲਈ ਯਿਸੂ ਨੇ ਦੋ ਦ੍ਰਿਸ਼ਟਾਂਤ ਦਿੱਤੇ ਸਨ। ਇਕ ਉਜਾੜੂ ਪੁੱਤਰ ਬਾਰੇ ਸੀ ਅਤੇ ਦੂਜਾ ਇਕ ਰਾਜੇ ਬਾਰੇ ਸੀ। ਇਸ ਰਾਜੇ ਨੇ ਆਪਣੇ ਨੌਕਰ ਦਾ ਲਗਭਗ ਦੋ ਅਰਬ ਰੁਪਏ (6,00,00,000 ਦੀਨਾਰ) ਦਾ ਕਰਜ਼ਾ ਮਾਫ਼ ਕੀਤਾ, ਜਦ ਕਿ ਇਹ ਨੌਕਰ ਆਪਣੇ ਇਕ ਸਾਥੀ ਦਾ ਲਗਭਗ ਸਾਢੇ ਤਿੰਨ ਹਜ਼ਾਰ ਰੁਪਏ (100 ਦੀਨਾਰ) ਦਾ ਕਰਜ਼ਾ ਮਾਫ਼ ਕਰਨ ਲਈ ਤਿਆਰ ਨਹੀਂ ਸੀ। (ਯਸਾਯਾਹ 55:7; ਲੂਕਾ 15:11-32; ਮੱਤੀ 18:23-35, ਨਿ ਵ) ਫਿਰ ਵੀ, ਯਹੋਵਾਹ ਜਜ਼ਬਾਤੀ ਹੋ ਕੇ ਹਰ ਕਿਸੇ ਨੂੰ ਮਾਫ਼ ਨਹੀਂ ਕਰਦਾ, ਸਗੋਂ ਉਹ ਗੰਭੀਰ ਪਾਪਾਂ ਦੀ ਸਜ਼ਾ ਵੀ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 99:8) ਯਹੋਸ਼ੁਆ ਨੇ ਇਸਰਾਏਲੀ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਸੱਚੀ ਭਗਤੀ ਕਰਨੀ ਛੱਡ ਦੇਣ, ਤਾਂ ਯਹੋਵਾਹ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵੇਗਾ।—ਯਹੋਸ਼ੁਆ 24:19, 20; ਯਸਾਯਾਹ 2:6-9 ਦੀ ਤੁਲਨਾ ਕਰੋ।

ਪਰਮੇਸ਼ੁਰ ਵੱਲੋਂ ਮਾਫ਼ੀ ਭਾਲਣ ਅਤੇ ਪਾਉਣ ਦਾ ਇਕ ਖ਼ਾਸ ਤਰੀਕਾ ਹੈ। ਪਹਿਲਾਂ, ਇਕ ਵਿਅਕਤੀ ਨੂੰ ਆਪਣੇ ਪਾਪ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਮੰਨਣਾ ਚਾਹੀਦਾ ਹੈ ਕਿ ਉਸ ਨੇ ਪਰਮੇਸ਼ੁਰ ਖ਼ਿਲਾਫ਼ ਪਾਪ ਕੀਤਾ ਹੈ। ਫਿਰ ਉਸ ਨੂੰ ਆਪਣੀ ਗ਼ਲਤੀ ਕਬੂਲ ਕਰਨੀ ਚਾਹੀਦੀ ਹੈ, ਦਿਲੋਂ ਪਛਤਾਵਾ ਕਰਨਾ ਚਾਹੀਦਾ ਹੈ ਅਤੇ ਠਾਣ ਲੈਣਾ ਚਾਹੀਦਾ ਹੈ ਕਿ ਉਹ ਫਿਰ ਕਦੀ ਇਹ ਗ਼ਲਤੀ ਨਹੀਂ ਕਰੇਗਾ। (ਜ਼ਬੂਰਾਂ ਦੀ ਪੋਥੀ 32:5; 51:4; 1 ਯੂਹੰਨਾ 1:8, 9; 2 ਕੁਰਿੰਥੀਆਂ 7:8-11) ਉਸ ਨੂੰ ਆਪਣੀ ਗ਼ਲਤੀ ਦਾ ਪ੍ਰਾਸਚਿਤ ਕਰਨਾ ਜਾਂ ਮੁਆਵਜ਼ਾ ਦੇਣਾ ਚਾਹੀਦਾ ਹੈ। (ਮੱਤੀ 5:23, 24) ਫਿਰ ਉਸ ਨੂੰ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਮਾਫ਼ੀ ਮੰਗਣੀ ਚਾਹੀਦੀ ਹੈ।—ਅਫ਼ਸੀਆਂ 1:7.

ਇਸ ਤੋਂ ਇਲਾਵਾ, ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰਨੀਆਂ ਮਸੀਹੀਆਂ ਲਈ ਇਕ ਮੰਗ ਹੈ। ਇਸ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਜਣਾ ਸਾਡੇ ਖ਼ਿਲਾਫ਼ ਕਿੰਨੀ ਵਾਰੀ ਗ਼ਲਤੀ ਕਰੇ। (ਲੂਕਾ 17:3, 4; ਅਫ਼ਸੀਆਂ 4:32; ਕੁਲੁੱਸੀਆਂ 3:13) ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਨਹੀਂ ਕਰਦਾ ਜੋ ਦੂਸਰਿਆਂ ਨੂੰ ਮਾਫ਼ ਨਹੀਂ ਕਰਦੇ। (ਮੱਤੀ 6:14, 15) ਜਦੋਂ ਕੋਈ “ਕੁਕਰਮੀ” ਵੱਡਾ ਪਾਪ ਕਰਦਾ ਹੈ, ਤਾਂ ਉਸ ਨੂੰ ਮਸੀਹੀ ਕਲੀਸਿਯਾ ਵਿੱਚੋਂ ਛੇਕਿਆ ਜਾਂਦਾ ਹੈ। ਪਰ ਜੇ ਉਹ ਬਾਅਦ ਵਿਚ ਦਿਲੋਂ ਪਛਤਾਵਾ ਕਰੇ, ਤਾਂ ਉਸ ਨੂੰ ਮਾਫ਼ ਕੀਤਾ ਜਾਂਦਾ ਹੈ। ਉਸ ਸਮੇਂ ਕਲੀਸਿਯਾ ਦੇ ਸਾਰੇ ਭੈਣਾਂ-ਭਰਾਵਾਂ ਨੂੰ ਉਸ ਲਈ ਆਪਣਾ ਪਿਆਰ ਜ਼ਾਹਰ ਕਰਨਾ ਚਾਹੀਦਾ ਹੈ। (1 ਕੁਰਿੰਥੀਆਂ 5:13; 2 ਕੁਰਿੰਥੀਆਂ 2:6-11) ਪਰ ਮਸੀਹੀਆਂ ਨੂੰ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨ ਲਈ ਨਹੀਂ ਕਿਹਾ ਜਾਂਦਾ ਹੈ ਜੋ ਜਾਣ-ਬੁੱਝ ਕੇ ਪਾਪ ਕਰਦੇ ਰਹਿੰਦੇ ਹਨ ਅਤੇ ਤੋਬਾ ਨਹੀਂ ਕਰਦੇ ਹਨ। ਅਜਿਹੇ ਲੋਕ ਪਰਮੇਸ਼ੁਰ ਦੇ ਵੈਰੀ ਬਣ ਜਾਂਦੇ ਹਨ।—ਇਬਰਾਨੀਆਂ 10:26-31; ਜ਼ਬੂਰਾਂ ਦੀ ਪੋਥੀ 139:21, 22.

ਅਸੀਂ ਪਰਮੇਸ਼ੁਰ ਤੋਂ ਦੂਸਰਿਆਂ ਲਈ ਮਾਫ਼ੀ ਮੰਗ ਸਕਦੇ ਹਾਂ, ਇੱਥੋਂ ਤਕ ਕਿ ਪੂਰੀ ਕਲੀਸਿਯਾ ਲਈ ਵੀ ਮਾਫ਼ੀ ਮੰਗੀ ਜਾ ਸਕਦੀ ਹੈ। ਮੂਸਾ ਨੇ ਇਸਰਾਏਲ ਕੌਮ ਲਈ ਇਸ ਤਰ੍ਹਾਂ ਕੀਤਾ ਸੀ। ਉਸ ਨੇ ਕੌਮ ਦੇ ਪਾਪ ਨੂੰ ਕਬੂਲ ਕੀਤਾ ਅਤੇ ਉਸ ਲਈ ਮਾਫ਼ੀ ਮੰਗੀ ਸੀ ਅਤੇ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ। (ਗਿਣਤੀ 14:19, 20) ਸੁਲੇਮਾਨ ਨੇ ਵੀ ਪਰਮੇਸ਼ੁਰ ਦੀ ਹੈਕਲ ਦੇ ਉਦਘਾਟਨ ਤੇ ਪ੍ਰਾਰਥਨਾ ਕੀਤੀ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਮਾਫ਼ ਕਰ ਦੇਵੇ ਜਦੋਂ ਵੀ ਉਹ ਪਾਪ ਕਰ ਕੇ ਤੋਬਾ ਕਰਨ। (1 ਰਾਜਿਆਂ 8:30, 33-40, 46-52) ਅਜ਼ਰਾ ਨੇ ਵੀ ਪ੍ਰਾਰਥਨਾ ਵਿਚ ਉਨ੍ਹਾਂ ਯਹੂਦੀ ਲੋਕਾਂ ਦੇ ਪਾਪਾਂ ਨੂੰ ਖੁੱਲ੍ਹੇ-ਆਮ ਕਬੂਲ ਕੀਤਾ ਸੀ ਜਿਹੜੇ ਆਪਣੇ ਦੇਸ਼ ਵਾਪਸ ਮੁੜੇ ਸਨ। ਉਸ ਦੀ ਦਿਲੋਂ ਕੀਤੀ ਗਈ ਪ੍ਰਾਰਥਨਾ ਅਤੇ ਦਿੱਤੇ ਗਏ ਉਪਦੇਸ਼ ਦਾ ਇਹ ਨਤੀਜਾ ਨਿਕਲਿਆ ਕਿ ਲੋਕਾਂ ਨੇ ਯਹੋਵਾਹ ਦੀ ਮਾਫ਼ੀ ਪਾਉਣ ਲਈ ਕਦਮ ਚੁੱਕੇ। (ਅਜ਼ਰਾ 9:13–10:4, 10-19, 44) ਯਾਕੂਬ ਨੇ ਅਧਿਆਤਮਿਕ ਤੌਰ ਤੇ ਬੀਮਾਰ ਵਿਅਕਤੀ ਨੂੰ ਸਲਾਹ ਦਿੱਤੀ ਸੀ ਕਿ ਉਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਉਸ ਉੱਤੇ ਪ੍ਰਾਰਥਨਾ ਕਰਨ ਲਈ ਸੱਦੇ ਅਤੇ “ਜੇ ਉਹ ਨੇ ਪਾਪ ਕੀਤੇ ਹੋਣ ਤਾਂ ਉਹ ਨੂੰ ਮਾਫ਼ ਕੀਤੇ ਜਾਣਗੇ।” (ਯਾਕੂਬ 5:14-16) ਪਰ “ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ।” ਇਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਿਰੁੱਧ ਪਾਪ ਹੈ, ਮਤਲਬ ਜਾਣ-ਬੁੱਝ ਕੇ ਕੀਤਾ ਗਿਆ ਪਾਪ ਜਿਸ ਦੀ ਮਾਫ਼ੀ ਨਹੀਂ ਮਿਲ ਸਕਦੀ। ਇਕ ਮਸੀਹੀ ਨੂੰ ਉਨ੍ਹਾਂ ਲਈ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਜੋ ਅਜਿਹਾ ਪਾਪ ਕਰਦੇ ਹਨ।—1 ਯੂਹੰਨਾ 5:16; ਮੱਤੀ 12:31; ਇਬਰਾਨੀਆਂ 10:26, 27.