Skip to content

Skip to table of contents

ਜ਼ਿੰਦਗੀ ਦੇ ਹਾਲਾਤ ਬਦਲਣ ਦਾ ਪੂਰਾ ਫ਼ਾਇਦਾ ਉਠਾਓ

ਜ਼ਿੰਦਗੀ ਦੇ ਹਾਲਾਤ ਬਦਲਣ ਦਾ ਪੂਰਾ ਫ਼ਾਇਦਾ ਉਠਾਓ

ਜ਼ਿੰਦਗੀ ਦੇ ਹਾਲਾਤ ਬਦਲਣ ਦਾ ਪੂਰਾ ਫ਼ਾਇਦਾ ਉਠਾਓ

ਪਮ, ਯਾਨ, ਡਰੀਸ ਅਤੇ ਔਟੋ ਚਾਰ ਮਸੀਹੀ ਬਜ਼ੁਰਗ ਹਨ ਜੋ ਨੀਦਰਲੈਂਡਜ਼ ਵਿਚ ਰਹਿੰਦੇ ਹਨ। ਇਨ੍ਹਾਂ ਚਾਰਾਂ ਦੇ ਹਾਲਾਤ ਕਾਫ਼ੀ ਮਿਲਦੇ-ਜੁਲਦੇ ਹਨ। ਚਾਰੇ ਸ਼ਾਦੀ-ਸ਼ੁਦਾ ਅਤੇ ਬੱਚਿਆਂ ਵਾਲੇ ਹਨ। ਇਸ ਤੋਂ ਇਲਾਵਾ, ਕੁਝ ਹੀ ਸਾਲ ਪਹਿਲਾਂ ਇਹ ਪੱਕੀ ਨੌਕਰੀ ਕਰਦੇ ਸਨ ਅਤੇ ਵੱਡੇ-ਸੋਹਣੇ ਘਰਾਂ ਵਿਚ ਰਹਿੰਦੇ ਸਨ। ਪਰ ਫਿਰ ਇਨ੍ਹਾਂ ਚਾਰਾਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਆਪਣਾ ਪੂਰਾ ਸਮਾਂ ਤੇ ਆਪਣੀ ਪੂਰੀ ਤਾਕਤ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਲਗਾਉਣੀ ਸ਼ੁਰੂ ਕਰ ਦਿੱਤੀ। ਇਹ ਅਜਿਹੀ ਤਬਦੀਲੀ ਕਿਸ ਤਰ੍ਹਾਂ ਕਰ ਸਕੇ ਹਨ? ਇਨ੍ਹਾਂ ਚਾਰਾਂ ਨੇ ਆਪਣੇ ਹਾਲਾਤ ਬਦਲਣ ਦਾ ਪੂਰਾ ਫ਼ਾਇਦਾ ਉਠਾਇਆ ਹੈ।

ਕਿਸੇ-ਨ-ਕਿਸੇ ਸਮੇਂ ਤੇ ਸਾਡੇ ਸਾਰਿਆਂ ਦੇ ਹਾਲਾਤ ਬਦਲ ਜਾਂਦੇ ਹਨ। ਮਿਸਾਲ ਲਈ, ਜਦ ਸਾਡਾ ਵਿਆਹ ਹੁੰਦਾ ਹੈ, ਸਾਡੇ ਬੱਚੇ ਹੁੰਦੇ ਹਨ ਜਾਂ ਸਾਨੂੰ ਆਪਣੇ ਬਜ਼ੁਰਗ ਮਾਤਾ-ਪਿਤਾ ਦੀ ਦੇਖ-ਭਾਲ ਕਰਨੀ ਪੈਂਦੀ ਹੈ। ਲੇਕਿਨ ਇਸ ਤਰ੍ਹਾਂ ਦੀਆਂ ਤਬਦੀਲੀਆਂ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ। ਪਰ ਕੁਝ ਅਜਿਹੀਆਂ ਤਬਦੀਲੀਆਂ ਵੀ ਹਨ ਜਿਨ੍ਹਾਂ ਨਾਲ ਸਾਨੂੰ ਆਪਣੀ ਮਸੀਹੀ ਸੇਵਕਾਈ ਵਿਚ ਜ਼ਿਆਦਾ ਸਮਾਂ ਗੁਜ਼ਾਰਨ ਦੇ ਮੌਕੇ ਮਿਲਦੇ ਹਨ। (ਮੱਤੀ 9:37, 38) ਉਦਾਹਰਣ ਲਈ, ਜਦ ਸਾਡੇ ਬੱਚੇ ਘਰੋਂ ਚਲੇ ਜਾਂਦੇ ਜਾਂ ਆਪਣੇ-ਆਪਣੇ ਘਰ ਵਸਾ ਲੈਂਦੇ ਹਨ ਜਾਂ ਅਸੀਂ ਆਪਣੀ ਨੌਕਰੀ ਤੋਂ ਰੀਟਾਇਰ ਹੋ ਜਾਂਦੇ ਹਾਂ, ਤਾਂ ਸਾਡੇ ਕੋਲ ਜ਼ਿਆਦਾ ਸਮਾਂ ਹੁੰਦਾ ਹੈ।

ਇਹ ਸੱਚ ਹੈ ਕਿ ਕੁਝ ਹਾਲਾਤ ਅਜਿਹੇ ਹਨ ਜਿਨ੍ਹਾਂ ਤੇ ਸਾਡਾ ਕੋਈ ਵੱਸ ਨਹੀਂ ਚੱਲਦਾ ਅਤੇ ਸਾਡੇ ਨਾ ਚਾਹੁੰਦਿਆਂ ਹੋਇਆਂ ਵੀ ਉਹ ਬਦਲ ਜਾਂਦੇ ਹਨ। ਪਰ ਕੁਝ ਮਸੀਹੀ ਆਪਣੇ ਹਾਲਾਤ ਆਪ ਬਦਲਣ ਵਿਚ ਕਾਮਯਾਬ ਹੋਏ ਹਨ ਤਾਂਕਿ ਉਹ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈ ਸਕਣ। ਪਮ, ਯਾਨ, ਡਰੀਸ ਅਤੇ ਔਟੋ ਨੇ ਇਸੇ ਤਰ੍ਹਾਂ ਕੀਤਾ ਹੈ। ਆਓ ਆਪਾਂ ਦੇਖੀਏ ਕਿ ਉਨ੍ਹਾਂ ਨੇ ਇਹ ਕਿਸ ਤਰ੍ਹਾਂ ਕੀਤਾ।

ਜਦ ਬੱਚੇ ਆਪਣੇ-ਆਪਣੇ ਘਰ ਵਸ ਜਾਂਦੇ ਹਨ

ਪਮ ਦਵਾਈਆਂ ਦੀ ਇਕ ਕੰਪਨੀ ਵਿਚ ਅਕਾਊਂਟੈਂਟ ਵਜੋਂ ਕੰਮ ਕਰਦਾ ਹੁੰਦਾ ਸੀ। ਉਹ ਆਪਣੀ ਪਤਨੀ ਆਨੀ ਅਤੇ ਦੋ ਧੀਆਂ ਨਾਲ ਸਾਲ ਵਿਚ ਕਈ ਵਾਰ ਪਾਇਨੀਅਰੀ ਕਰਦਾ ਸੀ। ਮਾਪੇ ਹੋਣ ਦੇ ਨਾਤੇ ਉਹ ਆਪਣੀਆਂ ਧੀਆਂ ਦੇ ਫ਼ਾਇਦੇ ਵਾਸਤੇ ਹੋਰਨਾਂ ਪਾਇਨੀਅਰਾਂ ਦੇ ਨਾਲ ਮਨੋਰੰਜਨ ਦਾ ਇੰਤਜ਼ਾਮ ਵੀ ਕਰਦੇ ਸਨ। ਪਮ ਤੇ ਆਨੀ ਕਹਿੰਦੇ ਹਨ ਕਿ “ਇਸ ਤਰ੍ਹਾਂ ਸਾਡੇ ਬੱਚੇ ਬੁਰੀ ਸੰਗਤ ਦੇ ਪ੍ਰਭਾਵ ਤੋਂ ਬਚੇ ਰਹੇ।” ਉਨ੍ਹਾਂ ਦੀ ਚੰਗੀ ਮਿਸਾਲ ਸਦਕਾ ਉਨ੍ਹਾਂ ਦੀਆਂ ਦੋਹਾਂ ਧੀਆਂ ਨੇ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਮਗਰੋਂ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।

ਜਦ ਉਨ੍ਹਾਂ ਦੀਆਂ ਧੀਆਂ ਆਪਣੇ-ਆਪਣੇ ਘਰ ਚਲੀਆਂ ਗਈਆਂ ਸਨ, ਤਾਂ ਪਮ ਤੇ ਆਨੀ ਨੇ ਦੇਖਿਆ ਕਿ ਹੁਣ ਉਨ੍ਹਾਂ ਕੋਲ ਅੱਗੇ ਨਾਲੋਂ ਜ਼ਿਆਦਾ ਸਮਾਂ ਸੀ ਤੇ ਉਨ੍ਹਾਂ ਨੂੰ ਪੈਸਿਆਂ ਦੀ ਵੀ ਕੋਈ ਤੰਗੀ ਨਹੀਂ ਸੀ। ਉਹ ਮੌਕੇ ਦਾ ਫ਼ਾਇਦਾ ਉਠਾ ਕੇ ਸੈਰ-ਸਪਾਟਾ ਕਰ ਸਕਦੇ ਸਨ ਜਾਂ ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕਦੇ ਸਨ। ਇਸ ਦੀ ਬਜਾਇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਮਸੀਹੀ ਸੇਵਕਾਈ ਵਿਚ ਜ਼ਿਆਦਾ ਸਮਾਂ ਲਗਾਉਣਗੇ। ਪਹਿਲਾਂ ਪਮ ਨੇ ਆਪਣੇ ਬਾਸ ਤੋਂ ਇਕ ਦਿਨ ਘੱਟ ਕੰਮ ਕਰਨ ਦੀ ਇਜਾਜ਼ਤ ਮੰਗੀ। ਫਿਰ ਉਸ ਨੇ ਸਵੇਰ 7 ਵਜੇ ਤੋਂ ਦੁਪਹਿਰ 2 ਵਜੇ ਤਕ ਕੰਮ ਕਰਨ ਦਾ ਇੰਤਜ਼ਾਮ ਕੀਤਾ। ਘੱਟ ਸਮਾਂ ਕੰਮ ਕਰਨ ਨਾਲ ਉਨ੍ਹਾਂ ਨੂੰ ਘੱਟ ਆਮਦਨ ਨਾਲ ਗੁਜ਼ਾਰਾ ਕਰਨਾ ਸਿੱਖਣਾ ਪਿਆ। ਫਿਰ ਵੀ ਉਹ ਕਾਮਯਾਬ ਹੋਏ ਅਤੇ 1991 ਵਿਚ ਪਮ ਆਪਣੀ ਪਤਨੀ ਦੇ ਨਾਲ ਪਾਇਨੀਅਰੀ ਕਰਨ ਲੱਗ ਪਿਆ ਜੋ ਪਹਿਲਾਂ ਹੀ ਪਾਇਨੀਅਰੀ ਕਰ ਰਹੀ ਸੀ।

ਇਸ ਤੋਂ ਬਾਅਦ ਪਮ ਨੂੰ ਇਕ ਹੋਰ ਕਿਸਮ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਹ ਹੁਣ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਭਵਨ ਦੀ ਨਿਗਰਾਨੀ ਕਰਨ ਵਿਚ ਹਿੱਸਾ ਲੈਂਦਾ ਹੈ। ਇਹ ਕੰਮ ਕਰਨ ਲਈ ਪਮ ਤੇ ਆਨੀ ਨੂੰ ਆਪਣਾ ਘਰ ਛੱਡ ਕੇ, ਜਿੱਥੇ ਉਹ 30 ਸਾਲਾਂ ਤੋਂ ਰਹਿ ਰਹੇ ਸਨ, ਸੰਮੇਲਨ ਭਵਨ ਦੇ ਇਕ ਕਮਰੇ ਵਿਚ ਰਹਿਣਾ ਪਿਆ ਸੀ। ਕੀ ਇਹ ਤਬਦੀਲੀ ਸਵੀਕਾਰ ਕਰਨੀ ਉਨ੍ਹਾਂ ਲਈ ਮੁਸ਼ਕਲ ਸੀ? ਆਨੀ ਦੱਸਦੀ ਹੈ ਕਿ ਜਦ ਵੀ ਉਸ ਨੂੰ ਆਪਣੇ ਘਰ ਦੀ ਯਾਦ ਆਉਂਦੀ ਸੀ, ਤਾਂ ਉਹ ਆਪਣੇ ਆਪ ਨੂੰ ਪੁੱਛਦੀ ਸੀ, ‘ਕੀ ਮੈਂ ਲੂਤ ਦੀ ਤੀਵੀਂ ਵਰਗੀ ਹਾਂ?’ ਆਨੀ ਨੇ ਦੁਬਾਰਾ ਕਦੇ ਵੀ “ਪਿੱਛੇ ਮੁੜਕੇ” ਨਹੀਂ ਦੇਖਿਆ।—ਉਤਪਤ 19:26; ਲੂਕਾ 17:32.

ਪਮ ਤੇ ਆਨੀ ਕਹਿੰਦੇ ਹਨ ਕਿ ਉਨ੍ਹਾਂ ਦੇ ਫ਼ੈਸਲੇ ਤੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ। ਉਹ ਸੰਮੇਲਨ ਭਵਨ ਦੀ ਦੇਖ-ਭਾਲ ਕਰ ਕੇ ਖ਼ੁਸ਼ ਹਨ। ਉੱਥੇ ਉਨ੍ਹਾਂ ਨੂੰ ਸੰਮੇਲਨਾਂ ਦੀ ਤਿਆਰੀ ਕਰਨ ਵਿਚ ਹੱਥ ਵਟਾਉਣ ਅਤੇ ਭਵਨ ਵਿਚ ਭਾਸ਼ਣ ਦੇਣ ਆਏ ਸਫ਼ਰੀ ਨਿਗਾਹਬਾਨਾਂ ਨੂੰ ਮਿਲਣ ਦੇ ਮੌਕੇ ਮਿਲਦੇ ਹਨ। ਕਦੀ-ਕਦੀ ਲੋੜ ਪੈਣ ਤੇ ਪਮ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਕਲੀਸਿਯਾਵਾਂ ਦਾ ਦੌਰਾ ਵੀ ਕਰਦਾ ਹੈ।

ਪਮ ਤੇ ਆਨੀ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਹਿੱਸਾ ਲੈਣ ਵਿਚ ਕਿਸ ਤਰ੍ਹਾਂ ਕਾਮਯਾਬ ਹੋਏ ਹਨ? ਪਮ ਜਵਾਬ ਦਿੰਦਾ ਹੈ: “ਜਦੋਂ ਤੁਹਾਡੀ ਜ਼ਿੰਦਗੀ ਵਿਚ ਕੋਈ ਵੱਡੀ ਤਬਦੀਲੀ ਆਉਂਦੀ ਹੈ, ਤਾਂ ਤੁਹਾਨੂੰ ਇਸ ਤਬਦੀਲੀ ਦਾ ਪੂਰਾ ਫ਼ਾਇਦਾ ਉਠਾਉਣ ਲਈ ਤਿਆਰ ਹੋਣਾ ਚਾਹੀਦਾ ਹੈ।”

ਸਾਦੀ ਜ਼ਿੰਦਗੀ

ਯਾਨ ਤੇ ਉਸ ਦੀ ਪਤਨੀ ਵੌਟ ਦੇ ਤਿੰਨ ਬੱਚੇ ਹਨ। ਪਮ ਤੇ ਆਨੀ ਵਾਂਗ ਇਨ੍ਹਾਂ ਨੇ ਵੀ ਆਪਣੀਆਂ ਤਬਦੀਲੀਆਂ ਦਾ ਸੋਹਣਾ ਲਾਹਾ ਲਿਆ। ਕਈਆਂ ਸਾਲਾਂ ਤੋਂ ਯਾਨ ਇਕ ਬੈਂਕ ਵਿਚ ਕੰਮ ਕਰਦਾ ਆਇਆ ਸੀ। ਉਸ ਨੂੰ ਬਹੁਤ ਸੋਹਣੀ ਤਨਖ਼ਾਹ ਮਿਲਦੀ ਸੀ ਜਿਸ ਨਾਲ ਉਸ ਦਾ ਪਰਿਵਾਰ ਰੱਜਿਆ-ਪੁੱਜਿਆ ਸੀ। ਪਰ ਉਹ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦਾ ਸੀ। ਉਹ ਦੱਸਦਾ ਹੈ: “ਸਮੇਂ ਦੇ ਬੀਤਣ ਨਾਲ ਸੱਚਾਈ ਲਈ ਮੇਰੀ ਕਦਰ ਵਧਦੀ ਗਈ ਅਤੇ ਯਹੋਵਾਹ ਲਈ ਮੇਰਾ ਪਿਆਰ ਹੋਰ ਡੂੰਘਾ ਹੋ ਗਿਆ।” ਇਸ ਲਈ 1986 ਵਿਚ ਯਾਨ ਨੇ ਆਪਣੇ ਹਾਲਾਤ ਬਦਲੇ। ਉਹ ਕਹਿੰਦਾ ਹੈ: “ਮੇਰੇ ਕੰਮ ਤੇ ਜਦ ਕਾਫ਼ੀ ਸਾਰਾ ਫੇਰ-ਬਦਲ ਕੀਤਾ ਗਿਆ, ਤਾਂ ਮੈਂ ਮੌਕੇ ਦਾ ਫ਼ਾਇਦਾ ਉਠਾ ਕੇ ਘੱਟ ਘੰਟੇ ਕੰਮ ਕਰਨ ਦੀ ਇਜਾਜ਼ਤ ਮੰਗੀ। ਮੇਰੇ ਨਾਲ ਕੰਮ ਕਰਨ ਵਾਲੇ ਬਹੁਤ ਹੀ ਹੈਰਾਨ ਹੋਏ। ਮੇਰੀ ਆਮਦਨ ਪਹਿਲਾਂ ਨਾਲੋਂ 40 ਪ੍ਰਤਿਸ਼ਤ ਘੱਟ ਗਈ। ਅਸੀਂ ਆਪਣਾ ਘਰ ਵੇਚ ਦਿੱਤਾ ਤੇ ਰਹਿਣ ਲਈ ਇਕ ਕਿਸ਼ਤੀ ਖ਼ਰੀਦ ਲਈ ਜਿਸ ਨਾਲ ਅਸੀਂ ਉੱਥੇ ਪ੍ਰਚਾਰ ਕਰਨ ਜਾ ਸਕਦੇ ਸੀ ਜਿੱਥੇ ਜ਼ਿਆਦਾ ਜ਼ਰੂਰਤ ਸੀ। ਬਾਅਦ ਵਿਚ ਮੈਂ ਸਮੇਂ ਤੋਂ ਪਹਿਲਾਂ ਰੀਟਾਇਰਮੈਂਟ ਲੈ ਲਈ। ਇਸ ਨਾਲ ਮੇਰੀ ਆਮਦਨ 20 ਪ੍ਰਤਿਸ਼ਤ ਹੋਰ ਘੱਟ ਗਈ ਕਿਉਂਕਿ ਸਾਨੂੰ ਪੈਨਸ਼ਨ ਤੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਆਖ਼ਰ 1993 ਵਿਚ ਪਾਇਨੀਅਰੀ ਕਰਨ ਦੀ ਮੇਰੀ ਖ਼ਾਹਸ਼ ਪੂਰੀ ਹੋ ਹੀ ਗਈ।”

ਹੁਣ ਯਾਨ ਹਸਪਤਾਲ ਸੰਪਰਕ ਕਮੇਟੀ ਦਾ ਮੈਂਬਰ ਹੈ ਅਤੇ ਵੱਡੇ ਸੰਮੇਲਨ ਦੇ ਨਿਗਾਹਬਾਨ ਵਜੋਂ ਬਾਕਾਇਦਾ ਸੇਵਾ ਕਰਦਾ ਹੈ। ਉਸ ਦੀ ਪਤਨੀ ਵੌਟ ਦੀ ਸਿਹਤ ਬਹੁਤੀ ਚੰਗੀ ਨਹੀਂ ਰਹਿੰਦੀ, ਪਰ ਫਿਰ ਵੀ ਉਹ ਕਦੇ-ਕਦਾਈਂ ਪਾਇਨੀਅਰੀ ਕਰਦੀ ਹੈ। ਉਨ੍ਹਾਂ ਦੇ ਤਿੰਨਾਂ ਬੱਚਿਆਂ ਦੀਆਂ ਸ਼ਾਦੀਆਂ ਹੋ ਗਈਆਂ ਹਨ ਅਤੇ ਉਹ ਵੀ ਆਪਣੇ ਸਾਥੀਆਂ ਸਣੇ ਜੋਸ਼ ਨਾਲ ਰਾਜ ਦੇ ਪ੍ਰਚਾਰ ਵਿਚ ਹਿੱਸਾ ਲੈ ਰਹੇ ਹਨ।

ਯਾਨ ਤੇ ਵੌਟ ਨੇ ਘੱਟ ਆਮਦਨ ਨਾਲ ਆਪਣੇ ਘਰ ਦਾ ਖ਼ਰਚਾ ਕਿਸ ਤਰ੍ਹਾਂ ਤੋਰਿਆ ਹੈ? ਯਾਨ ਜਵਾਬ ਦਿੰਦਾ ਹੈ: “ਜਦ ਅਸੀਂ ਰੱਜੇ-ਪੁੱਜੇ ਸੀ, ਤਾਂ ਉਦੋਂ ਸਾਡੀ ਇਹੋ ਕੋਸ਼ਿਸ਼ ਰਹਿੰਦੀ ਸੀ ਕਿ ਅਸੀਂ ਚੀਜ਼ਾਂ ਦੇ ਮੋਹ-ਜਾਲ ਵਿਚ ਨਾ ਫਸੀਏ। ਅੱਜ-ਕੱਲ੍ਹ ਸਾਨੂੰ ਹਰ ਚੀਜ਼ ਖ਼ਰੀਦਣ ਲਈ ਪੈਸਾ-ਪੈਸਾ ਜੋੜਨਾ ਪੈਂਦਾ ਹੈ। ਪਰ ਸਾਨੂੰ ਕੋਈ ਅਫ਼ਸੋਸ ਨਹੀਂ ਹੈ ਕਿਉਂਕਿ ਹੁਣ ਸਾਨੂੰ ਸੇਵਾ ਕਰਨ ਦੇ ਜੋ ਮੌਕੇ ਮਿਲੇ ਹਨ, ਉਨ੍ਹਾਂ ਦੀ ਤੁਲਨਾ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ।”

ਯਾਨ ਤੇ ਵੌਟ ਵਾਂਗ, ਡਰੀਸ ਅਤੇ ਉਸ ਦੀ ਪਤਨੀ ਯੈਨੀ ਨੇ ਵੀ ਆਪਣੀ ਜ਼ਿੰਦਗੀ ਨੂੰ ਸਾਦਾ ਰੱਖਣ ਦਾ ਫ਼ੈਸਲਾ ਕੀਤਾ ਤਾਂਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇ ਸਕਣ। ਡਰੀਸ ਤੇ ਯੈਨੀ ਆਪਣੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਪਾਇਨੀਅਰੀ ਕਰਦੇ ਸਨ। ਫਿਰ ਆਪਣੇ ਬੱਚਿਆਂ ਦੇ ਜਨਮ ਤੋਂ ਬਾਅਦ ਡਰੀਸ ਨੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਇਕ ਵੱਡੀ ਕੰਪਨੀ ਦੇ ਦਫ਼ਤਰ ਵਿਚ ਨੌਕਰੀ ਕੀਤੀ। ਕੰਪਨੀ ਦੇ ਮਾਲਕਾਂ ਨੂੰ ਉਸ ਦਾ ਕੰਮ ਬਹੁਤ ਪਸੰਦ ਆਇਆ ਅਤੇ ਉਨ੍ਹਾਂ ਨੇ ਉਸ ਨੂੰ ਪ੍ਰੋਮੋਸ਼ਨ ਦੇਣ ਦੀ ਪੇਸ਼ਕਸ਼ ਕੀਤੀ। ਪਰ ਡਰੀਸ ਨੇ ਪ੍ਰੋਮੋਸ਼ਨ ਸਵੀਕਾਰ ਨਹੀਂ ਕੀਤੀ ਕਿਉਂਕਿ ਇਸ ਨਾਲ ਉਸ ਨੂੰ ਤਨਖ਼ਾਹ ਤਾਂ ਜ਼ਿਆਦਾ ਮਿਲਣੀ ਸੀ, ਪਰ ਉਸ ਕੋਲ ਪਰਮੇਸ਼ੁਰ ਦੀ ਸੇਵਾ ਕਰਨ ਲਈ ਘੱਟ ਸਮਾਂ ਹੋਣਾ ਸੀ।

ਬੱਚਿਆਂ ਦੀ ਪਰਵਰਿਸ਼ ਕਰਨ ਦੇ ਨਾਲ-ਨਾਲ ਉਹ ਯੈਨੀ ਦੀ ਮਾਂ ਦੀ ਦੇਖ-ਭਾਲ ਵੀ ਕਰਦੇ ਸਨ। ਇਸ ਕਰਕੇ ਉਨ੍ਹਾਂ ਕੋਲ ਕੁਝ ਹੋਰ ਕਰਨ ਦਾ ਸਮਾਂ ਨਹੀਂ ਬਚਦਾ ਸੀ। ਫਿਰ ਵੀ ਉਨ੍ਹਾਂ ਨੇ ਪਾਇਨੀਅਰੀ ਬਾਰੇ ਸੋਚਣਾ ਨਹੀਂ ਛੱਡਿਆ। ਇਸ ਵਿਚ ਕਿਸ ਚੀਜ਼ ਨੇ ਉਨ੍ਹਾਂ ਦੀ ਮਦਦ ਕੀਤੀ ਸੀ? ਯੈਨੀ ਦੱਸਦੀ ਹੈ: “ਸਾਡੇ ਨਾਲ ਕੁਝ ਪਾਇਨੀਅਰ ਰਹਿੰਦੇ ਸਨ। ਅਸੀਂ ਹੋਰਨਾਂ ਪਾਇਨੀਅਰਾਂ ਨੂੰ ਰੋਟੀ ਲਈ ਬੁਲਾਉਂਦੇ ਸਨ ਅਤੇ ਜਦੋਂ ਸਫ਼ਰੀ ਨਿਗਾਹਬਾਨ ਕਲੀਸਿਯਾ ਨੂੰ ਮਿਲਣ ਆਉਂਦਾ ਸੀ, ਤਾਂ ਉਹ ਸਾਡੇ ਨਾਲ ਰਹਿੰਦਾ ਸੀ।” ਡਰੀਸ ਕਹਿੰਦਾ ਹੈ: “ਅਸੀਂ ਸਾਦੀ ਜ਼ਿੰਦਗੀ ਗੁਜ਼ਾਰਦੇ ਸੀ ਅਤੇ ਕਦੇ ਵੀ ਕਿਸੇ ਤੋਂ ਕਰਜ਼ ਨਹੀਂ ਸੀ ਲੈਂਦੇ। ਅਸੀਂ ਫ਼ੈਸਲਾ ਕੀਤਾ ਸੀ ਕਿ ਅਸੀਂ ਪੈਸੇ ਬਣਾਉਣ ਦੇ ਕਿਸੇ ਵੱਡੇ ਚੱਕਰ ਵਿਚ ਕਦੇ ਵੀ ਨਹੀਂ ਫਸਾਂਗੇ ਅਤੇ ਘਰ ਖ਼ਰੀਦਣ ਦੀ ਬਜਾਇ ਕਰਾਏ ਤੇ ਰਹਾਂਗੇ, ਤਾਂਕਿ ਭਵਿੱਖ ਵਿਚ ਸਾਨੂੰ ਇਨ੍ਹਾਂ ਚੀਜ਼ਾਂ ਨੂੰ ਛੱਡਣ ਤੇ ਕੋਈ ਦੁੱਖ ਨਹੀਂ ਹੋਵੇਗਾ।”

ਡਰੀਸ ਤੇ ਯੈਨੀ ਨੇ ਆਪਣੀ ਜ਼ਿੰਦਗੀ ਸਾਦੀ ਰੱਖ ਕੇ ਪਰਮੇਸ਼ੁਰ ਦੇ ਰਾਜ ਦੀ ਸੇਵਾ ਵਿਚ ਜ਼ਿਆਦਾ ਸਮਾਂ ਗੁਜ਼ਾਰਿਆ ਜਿਸ ਦੇ ਚੰਗੇ ਨਤੀਜੇ ਨਿਕਲੇ। ਉਨ੍ਹਾਂ ਦੇ ਦੋਵੇਂ ਮੁੰਡੇ ਹੁਣ ਕਲੀਸਿਯਾ ਵਿਚ ਬਜ਼ੁਰਗ ਹਨ ਅਤੇ ਇਕ ਆਪਣੀ ਪਤਨੀ ਦੇ ਨਾਲ ਪਾਇਨੀਅਰੀ ਕਰਦਾ ਹੈ। ਡਰੀਸ ਤੇ ਯੈਨੀ ਨੇ ਕੁਝ ਸਮੇਂ ਲਈ ਸਪੈਸ਼ਲ ਪਾਇਨੀਅਰੀ ਕੀਤੀ ਸੀ ਅਤੇ ਬਾਅਦ ਵਿਚ ਡਰੀਸ ਨੇ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕੀਤੀ। ਹੁਣ ਉਹ ਬੈਥਲ ਵਿਚ ਸੇਵਾ ਕਰਦੇ ਹਨ ਅਤੇ ਡਰੀਸ ਬ੍ਰਾਂਚ ਕਮੇਟੀ ਦਾ ਮੈਂਬਰ ਹੈ।

ਸਮੇਂ ਤੋਂ ਪਹਿਲਾਂ ਰੀਟਾਇਰਮੈਂਟ

ਡਰੀਸ ਤੇ ਯੈਨੀ ਵਾਂਗ ਔਟੋ ਤੇ ਜੂਡੀ ਨੇ ਆਪਣੀਆਂ ਦੋ ਧੀਆਂ ਦੇ ਜਨਮ ਤੋਂ ਪਹਿਲਾਂ ਪਾਇਨੀਅਰੀ ਕੀਤੀ ਸੀ। ਜਦੋਂ ਜੂਡੀ ਪਹਿਲੀ ਵਾਰ ਮਾਂ ਬਣਨ ਵਾਲੀ ਸੀ, ਤਾਂ ਔਟੋ ਨੇ ਸਕੂਲ ਵਿਚ ਮਾਸਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਔਟੋ ਤੇ ਜੂਡੀ ਪਾਇਨੀਅਰਾਂ ਨੂੰ ਅਕਸਰ ਆਪਣੇ ਘਰ ਰੋਟੀ ਲਈ ਬੁਲਾਉਂਦੇ ਸਨ ਤਾਂਕਿ ਉਨ੍ਹਾਂ ਦੀਆਂ ਧੀਆਂ ਆਪਣੀ ਅੱਖੀਂ ਦੇਖ ਸਕਣ ਕਿ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਗੁਜ਼ਾਰਨ ਨਾਲ ਕਿੰਨੀ ਖ਼ੁਸ਼ੀ ਮਿਲਦੀ ਹੈ। ਵੱਡੀ ਹੋ ਕੇ ਉਨ੍ਹਾਂ ਦੀ ਪਹਿਲੀ ਲੜਕੀ ਨੇ ਵੀ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਉਸ ਨੂੰ ਗਿਲਿਅਡ ਸਕੂਲ ਜਾਣ ਦਾ ਮੌਕਾ ਮਿਲਿਆ। ਹੁਣ ਉਹ ਆਪਣੇ ਪਤੀ ਨਾਲ ਅਫ਼ਰੀਕਾ ਦੇ ਇਕ ਦੇਸ਼ ਵਿਚ ਮਿਸ਼ਨਰੀ ਵਜੋਂ ਸੇਵਾ ਕਰ ਰਹੀ ਹੈ। ਜੂਡੀ ਨੇ ਆਪਣੀ ਛੋਟੀ ਲੜਕੀ ਨਾਲ ਮਿਲ ਕੇ 1987 ਵਿਚ ਦੁਬਾਰਾ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਔਟੋ ਨੂੰ ਸਕੂਲ ਵਿਚ ਘੱਟ ਘੰਟੇ ਕੰਮ ਕਰਨ ਦਾ ਮੌਕਾ ਮਿਲਿਆ, ਤਾਂ ਉਸ ਨੇ ਇਸ ਦਾ ਫ਼ਾਇਦਾ ਉਠਾ ਕੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਅਖ਼ੀਰ ਵਿਚ ਉਸ ਨੇ ਆਪਣੀ ਨੌਕਰੀ ਛੱਡ ਦਿੱਤੀ। ਹੁਣ ਉਹ ਇਕ ਸਫ਼ਰੀ ਨਿਗਾਹਬਾਨ ਵਜੋਂ ਕਲੀਸਿਯਾਵਾਂ ਨੂੰ ਮਿਲਣ ਜਾਂਦਾ ਹੈ ਅਤੇ ਆਪਣੇ ਪੜ੍ਹਾਉਣ ਦੇ ਤਜਰਬੇ ਨੂੰ ਆਪਣੇ ਭੈਣਾਂ-ਭਰਾਵਾਂ ਨੂੰ ਸੱਚਾਈ ਵਿਚ ਮਜ਼ਬੂਤ ਕਰਨ ਲਈ ਵਰਤਦਾ ਹੈ।

ਔਟੋ ਉਨ੍ਹਾਂ ਭੈਣਾਂ-ਭਰਾਵਾਂ ਨੂੰ ਕੀ ਸਲਾਹ ਦਿੰਦਾ ਹੈ ਜੋ ਆਪਣੀ ਨੌਕਰੀ ਤੋਂ ਜਲਦੀ ਰੀਟਾਇਰ ਹੋਣਾ ਚਾਹੁੰਦੇ ਹਨ? “ਰੀਟਾਇਰ ਹੋਣ ਤੋਂ ਬਾਅਦ ਇਹ ਨਾ ਸੋਚੋ ਕਿ ਤੁਸੀਂ ਸਾਲ-ਦੋ-ਸਾਲ ਆਰਾਮ ਕਰਨ ਤੋਂ ਬਾਅਦ ਹੀ ਕੁਝ ਹੋਰ ਕਰੋਗੇ। ਆਰਾਮ ਕਰਨ ਦੀ ਆਦਤ ਬਹੁਤ ਜਲਦੀ ਪੈ ਜਾਂਦੀ ਹੈ। ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਡੇ ਮਨ ਵਿੱਚੋਂ ਪਾਇਨੀਅਰੀ ਦਾ ਖ਼ਿਆਲ ਕਦੋਂ ਨਿਕਲ ਗਿਆ। ਇਸ ਦੀ ਬਜਾਇ, ਕਲੀਸਿਯਾ ਦੇ ਕੰਮਾਂ ਅਤੇ ਪ੍ਰਚਾਰ ਦੇ ਕੰਮ ਵਿਚ ਫ਼ੌਰਨ ਜ਼ਿਆਦਾ ਹਿੱਸਾ ਲੈਣਾ ਸ਼ੁਰੂ ਕਰ ਦਿਓ।”

ਤਜਰਬੇ ਨੂੰ ਕੰਮ ਵਿਚ ਲਿਆਉਣਾ

ਇਹ ਗੱਲ ਸੱਚ ਹੈ ਕਿ ਪਮ, ਯਾਨ, ਡਰੀਸ ਅਤੇ ਔਟੋ ਵਰਗੇ ਭਰਾ ਹੁਣ ਪਹਿਲਾਂ ਵਾਂਗ ਜਵਾਨ ਤੇ ਤਕੜੇ ਨਹੀਂ ਹਨ। ਪਰ ਹੁਣ ਉਹ ਸਿਆਣੇ ਹਨ ਤੇ ਉਨ੍ਹਾਂ ਕੋਲ ਤਜਰਬਾ ਹੈ। (ਕਹਾਉਤਾਂ 20:29) ਉਹ ਜਾਣਦੇ ਹਨ ਕਿ ਇਕ ਪਿਤਾ ਬਣਨ ਦਾ ਕੀ ਮਤਲਬ ਹੈ ਅਤੇ ਉਨ੍ਹਾਂ ਨੇ ਆਪਣੀਆਂ ਪਤਨੀਆਂ ਦੇ ਤਜਰਬੇ ਤੋਂ ਇਹ ਜਾਣਿਆ ਹੈ ਕਿ ਮਾਂ ਬਣਨਾ ਕਿੰਨਾ ਹੀ ਔਖਾ ਕੰਮ ਹੈ। ਉਨ੍ਹਾਂ ਨੇ ਆਪਣੀਆਂ ਪਤਨੀਆਂ ਦੇ ਨਾਲ ਮਿਲ ਕੇ ਘਰ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਹੈ ਅਤੇ ਆਪਣੇ ਬੱਚਿਆਂ ਲਈ ਪਰਮੇਸ਼ੁਰ ਦੀ ਸੇਵਾ ਕਰਨ ਦੇ ਟੀਚੇ ਰੱਖੇ ਸਨ। ਔਟੋ ਕਹਿੰਦਾ ਹੈ: “ਜਦੋਂ ਮੈਂ ਸਰਕਟ ਨਿਗਾਹਬਾਨ ਵਜੋਂ ਪਰਿਵਾਰਾਂ ਨੂੰ ਕੋਈ ਸਲਾਹ-ਮਸ਼ਵਰਾ ਦਿੰਦਾ ਹਾਂ, ਤਾਂ ਮੈਂ ਆਪਣੇ ਤਜਰਬੇ ਤੋਂ ਗੱਲ ਕਰ ਸਕਦਾ ਹਾਂ।” ਇਸੇ ਤਰ੍ਹਾਂ, ਡਰੀਸ ਵੀ ਇਕ ਪਿਤਾ ਹੋਣ ਦੇ ਨਾਤੇ ਬੈਥਲ ਪਰਿਵਾਰ ਦੇ ਨੌਜਵਾਨਾਂ ਦੀ ਬਹੁਤ ਮਦਦ ਕਰ ਸਕਿਆ ਹੈ।

ਜੀ ਹਾਂ, ਅਜਿਹੇ ਤਜਰਬੇਕਾਰ ਭਰਾ ਕਲੀਸਿਯਾ ਵਿਚ ਤਰ੍ਹਾਂ-ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਨ। ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਤਜਰਬੇ ਨੇ ਉਨ੍ਹਾਂ ਦੇ ਔਜ਼ਾਰਾਂ ਨੂੰ ਤਿੱਖਾ ਕੀਤਾ ਹੈ, ਜਿਸ ਕਰਕੇ ਉਹ ਜ਼ਿਆਦਾ ਜ਼ੋਰ ਲਾਉਣ ਤੋਂ ਬਿਨਾਂ ਹੀ ਵਧੀਆ ਤਰੀਕੇ ਨਾਲ ਕੰਮ ਕਰ ਲੈਂਦੇ ਹਨ। (ਉਪਦੇਸ਼ਕ ਦੀ ਪੋਥੀ 10:10) ਦਰਅਸਲ ਉਹ ਜ਼ਿਆਦਾ ਤਾਕਤ ਪਰ ਘੱਟ ਤਜਰਬੇ ਵਾਲੇ ਭਰਾਵਾਂ ਨਾਲੋਂ ਥੋੜ੍ਹੇ ਸਮੇਂ ਵਿਚ ਜ਼ਿਆਦਾ ਕੰਮ ਕਰ ਲੈਂਦੇ ਹਨ।

ਯਹੋਵਾਹ ਦੇ ਨੌਜਵਾਨ ਗਵਾਹਾਂ ਵਾਸਤੇ ਅਜਿਹੇ ਭਰਾ ਤੇ ਉਨ੍ਹਾਂ ਦੀਆਂ ਪਤਨੀਆਂ ਵਧੀਆ ਮਿਸਾਲਾਂ ਹਨ। ਨੌਜਵਾਨ ਦੇਖ ਸਕਦੇ ਹਨ ਕਿ ਇਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਉਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਤੇ ਉਹ ਬਰਕਤਾਂ ਪਾਈਆਂ ਹਨ ਜਿਨ੍ਹਾਂ ਬਾਰੇ ਸਾਡੇ ਰਸਾਲਿਆਂ ਤੇ ਕਿਤਾਬਾਂ ਵਿਚ ਗੱਲ ਕੀਤੀ ਜਾਂਦੀ ਹੈ। ਅਜਿਹੇ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਨੂੰ ਦੇਖ ਕੇ ਸਾਨੂੰ ਹੌਸਲਾ ਮਿਲਦਾ ਹੈ ਕਿਉਂਕਿ ਉਨ੍ਹਾਂ ਨੇ ਕਾਲੇਬ ਵਾਂਗ ਆਪਾ ਵਾਰ ਕੇ ਮੁਸ਼ਕਲ ਕੰਮ ਕਰਨਾ ਚੁਣਿਆ ਹੈ।—ਯਹੋਸ਼ੁਆ 14:10-12.

ਇਨ੍ਹਾਂ ਦੀ ਨਿਹਚਾ ਦੀ ਨਕਲ ਕਰੋ

ਕੀ ਤੁਸੀਂ ਇਸ ਲੇਖ ਵਿਚ ਜ਼ਿਕਰ ਕੀਤੇ ਗਏ ਭੈਣਾਂ-ਭਰਾਵਾਂ ਦੀ ਨਿਹਚਾ ਅਤੇ ਮਿਹਨਤ ਦੀ ਨਕਲ ਕਰ ਸਕਦੇ ਹੋ? ਯਾਦ ਰੱਖੋ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਸੱਚਾਈ ਨੂੰ ਪਹਿਲ ਦਿੱਤੀ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਪਾਇਨੀਅਰੀ ਕਰਨ ਦੀ ਇੱਛਾ ਪੈਦਾ ਕੀਤੀ। ਇਹ ਉਨ੍ਹਾਂ ਨੇ ਕਿਸ ਤਰ੍ਹਾਂ ਕੀਤਾ ਸੀ? ਯਾਨ ਦੱਸਦਾ ਹੈ ਕਿ ਉਨ੍ਹਾਂ ਨੇ “ਯਹੋਵਾਹ ਤੇ ਉਸ ਦੇ ਸੰਗਠਨ ਨਾਲ ਪਿਆਰ ਕਰਨ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ, ਬੱਚਿਆਂ ਲਈ ਚੰਗੇ ਦੋਸਤਾਂ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਸਿਖਾਇਆ।” ਉਨ੍ਹਾਂ ਦਾ ਪਰਿਵਾਰ ਹਰ ਕੰਮ ਨੂੰ ਅਤੇ ਮਨੋਰੰਜਨ ਵੀ ਮਿਲ ਕੇ ਕਰਦਾ ਸੀ। ਪਮ ਦੱਸਦਾ ਹੈ ਕਿ “ਛੁੱਟੀਆਂ ਦੇ ਦਿਨਾਂ ਵਿਚ ਅਸੀਂ ਸਾਰੇ ਆਮ ਤੌਰ ਤੇ ਸਵੇਰ ਨੂੰ ਪ੍ਰਚਾਰ ਕਰਨ ਜਾਂਦੇ ਸੀ ਅਤੇ ਬਾਅਦ ਵਿਚ ਇਕੱਠੇ ਮਨੋਰੰਜਨ ਲਈ ਕੁਝ ਕਰਦੇ ਸੀ।”

ਇਸ ਤੋਂ ਇਲਾਵਾ ਇਨ੍ਹਾਂ ਮਸੀਹੀਆਂ ਨੇ ਆਪਣੇ ਹਾਲਾਤ ਬਦਲਣ ਤੋਂ ਪਹਿਲਾਂ ਹੀ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਦੇ ਇੰਤਜ਼ਾਮ ਕੀਤੇ ਸਨ। ਉਨ੍ਹਾਂ ਨੇ ਟੀਚੇ ਰੱਖੇ ਸਨ ਅਤੇ ਜ਼ਿੰਦਗੀ ਵਿਚ ਅਜਿਹੇ ਫ਼ੈਸਲੇ ਕੀਤੇ ਜਿਨ੍ਹਾਂ ਨਾਲ ਉਹ ਆਪਣੇ ਟੀਚਿਆਂ ਤਕ ਜਲਦੀ ਪਹੁੰਚ ਸਕਣ। ਉਨ੍ਹਾਂ ਨੇ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ ਘੱਟ ਸਮਾਂ ਨੌਕਰੀ ਕਰਨ ਦੇ ਤਰੀਕੇ ਭਾਲੇ ਅਤੇ ਥੋੜ੍ਹੇ ਨਾਲ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕੀਤੀ। (ਫ਼ਿਲਿੱਪੀਆਂ 1:10) ਇਨ੍ਹਾਂ ਭਰਾਵਾਂ ਦੀਆਂ ਪਤਨੀਆਂ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਉਹ ਇਕੱਠੇ ‘ਇੱਕ ਵੱਡੇ ਅਤੇ ਕੰਮ ਕੱਢਣ ਵਾਲੇ ਦਰਵੱਜੇ’ ਵਿੱਚੋਂ ਲੰਘਣ ਅਤੇ ਨਤੀਜੇ ਵਜੋਂ ਯਹੋਵਾਹ ਵੱਲੋਂ ਵੱਡੀਆਂ-ਵੱਡੀਆਂ ਬਰਕਤਾਂ ਹਾਸਲ ਕਰਨ ਦੀ ਦਿਲੀ ਇੱਛਾ ਰੱਖਦੇ ਸਨ।—1 ਕੁਰਿੰਥੀਆਂ 16:9; ਕਹਾਉਤਾਂ 10:22.

ਕੀ ਤੁਸੀਂ ਵੀ ਪਰਮੇਸ਼ੁਰ ਦੀ ਜ਼ਿਆਦਾ ਸੇਵਾ ਕਰਨੀ ਚਾਹੁੰਦੇ ਹੋ? ਤਾਂ ਫਿਰ ਆਪਣੇ ਹਾਲਾਤ ਬਦਲਣ ਦਾ ਪੂਰਾ ਫ਼ਾਇਦਾ ਉਠਾਉਣ ਲਈ ਤਿਆਰ ਰਹੋ।

[ਸਫ਼ੇ 20 ਉੱਤੇ ਤਸਵੀਰ]

ਪਮ ਤੇ ਆਨੀ ਸੰਮੇਲਨ ਭਵਨ ਦੀ ਦੇਖ-ਭਾਲ ਕਰਦੇ ਹੋਏ

[ਸਫ਼ੇ 20 ਉੱਤੇ ਤਸਵੀਰ]

ਯਾਨ ਤੇ ਵੌਟ ਪ੍ਰਚਾਰ ਕਰਦੇ ਹੋਏ

[ਸਫ਼ੇ 21 ਉੱਤੇ ਤਸਵੀਰ]

ਡਰੀਸ ਤੇ ਯੈਨੀ ਬੈਥਲ ਵਿਚ ਸੇਵਾ ਕਰਦੇ ਹੋਏ

[ਸਫ਼ੇ 21 ਉੱਤੇ ਤਸਵੀਰ]

ਔਟੋ ਤੇ ਜੂਡੀ ਅਗਲੀ ਕਲੀਸਿਯਾ ਨੂੰ ਮਿਲਣ ਜਾਣ ਦੀ ਤਿਆਰੀ ਕਰਦੇ ਹੋਏ