Skip to content

Skip to table of contents

‘ਤਕੜੇ ਹੋਵੇ ਤੇ ਹੌਸਲਾ ਰੱਖੋ!’

‘ਤਕੜੇ ਹੋਵੇ ਤੇ ਹੌਸਲਾ ਰੱਖੋ!’

‘ਤਕੜੇ ਹੋਵੇ ਤੇ ਹੌਸਲਾ ਰੱਖੋ!’

“ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।”—ਯੂਹੰਨਾ 16:33.

1. ਕਨਾਨ ਵਿਚ ਦੁਸ਼ਮਣਾਂ ਦਾ ਖ਼ਤਰਾ ਹੋਣ ਕਰਕੇ ਇਸਰਾਏਲੀਆਂ ਨੂੰ ਕਿਹੜੀ ਸਲਾਹ ਦਿੱਤੀ ਗਈ ਸੀ?

ਜਦੋਂ ਇਸਰਾਏਲੀ ਯਰਦਨ ਨਦੀ ਪਾਰ ਕਰ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਵਾਲੇ ਸਨ, ਤਾਂ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਤਕੜੇ ਹੋਵੇ, ਹੌਸਲਾ ਰੱਖੋ, ਡਰੋ ਨਾ ਅਤੇ ਨਾ ਹੀ ਓਹਨਾਂ ਤੋਂ ਕੰਬੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਨਾਲ ਨਾਲ ਜਾਂਦਾ ਹੈ!” ਯਹੋਸ਼ੁਆ ਇਸਰਾਏਲੀਆਂ ਨੂੰ ਕਨਾਨ ਦੇਸ਼ ਵਿਚ ਲੈ ਜਾਣ ਵਾਲਾ ਸੀ। ਇਸ ਲਈ ਮੂਸਾ ਨੇ ਯਹੋਸ਼ੁਆ ਨੂੰ ਆਪਣੇ ਕੋਲ ਬੁਲਾ ਕੇ ਉਸ ਨੂੰ ਹੌਸਲਾ ਰੱਖਣ ਲਈ ਕਿਹਾ। (ਬਿਵਸਥਾ ਸਾਰ 31:6, 7) ਬਾਅਦ ਵਿਚ ਯਹੋਵਾਹ ਨੇ ਵੀ ਯਹੋਸ਼ੁਆ ਨੂੰ ਕਿਹਾ: “ਤਕੜਾ ਹੋ ਅਤੇ ਹੌਸਲਾ ਰੱਖ . . . ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ।” (ਯਹੋਸ਼ੁਆ 1:6, 7, 9) ਉਸ ਸਮੇਂ ਇਹ ਕਿੰਨੀ ਵਧੀਆ ਸਲਾਹ ਸੀ। ਇਸਰਾਏਲੀਆਂ ਨੂੰ ਹੌਸਲਾ ਜਾਂ ਹਿੰਮਤ ਰੱਖਣ ਦੀ ਸਖ਼ਤ ਜ਼ਰੂਰਤ ਸੀ ਕਿਉਂਕਿ ਯਰਦਨ ਪਾਰ ਕਰ ਕੇ ਉਨ੍ਹਾਂ ਨੇ ਸ਼ਕਤੀਸ਼ਾਲੀ ਦੁਸ਼ਮਣਾਂ ਦਾ ਸਾਮ੍ਹਣਾ ਕਰਨਾ ਸੀ।

2. ਅਸੀਂ ਅੱਜ ਕਿਸ ਸਥਿਤੀ ਵਿਚ ਹਾਂ ਅਤੇ ਸਾਨੂੰ ਕੀ ਕਰਨ ਦੀ ਲੋੜ ਹੈ?

2 ਠੀਕ ਜਿਵੇਂ ਇਸਰਾਏਲੀ ਯਰਦਨ ਨਦੀ ਪਾਰ ਕਰ ਕੇ ਵਾਅਦਾ ਕੀਤੇ ਹੋਏ ਦੇਸ਼ ਵਿਚ ਗਏ ਸਨ, ਤਿਵੇਂ ਅੱਜ ਅਸੀਂ ਵੀ ਇਸ ਦੁਸ਼ਟ ਦੁਨੀਆਂ ਵਿੱਚੋਂ ਨਿਕਲ ਕੇ ਨਵੀਂ ਦੁਨੀਆਂ ਵਿਚ ਜਾਣ ਵਾਲੇ ਹਾਂ। ਇਸ ਲਈ ਸਾਨੂੰ ਵੀ ਯਹੋਸ਼ੁਆ ਵਾਂਗ ਹੌਸਲਾ ਰੱਖਣ ਦੀ ਲੋੜ ਹੈ। (2 ਪਤਰਸ 3:13; ਪਰਕਾਸ਼ ਦੀ ਪੋਥੀ 7:14) ਪਰ ਸਾਡੀ ਸਥਿਤੀ ਯਹੋਸ਼ੁਆ ਨਾਲੋਂ ਥੋੜ੍ਹੀ ਅਲੱਗ ਹੈ। ਯਹੋਸ਼ੁਆ ਵਾਂਗ ਸਾਨੂੰ ਕਿਸੇ ਅਸਲੀ ਯੁੱਧ ਵਿਚ ਹਥਿਆਰ ਚੁੱਕ ਕੇ ਲੜਾਈ ਕਰਨ ਦੀ ਲੋੜ ਨਹੀਂ ਕਿਉਂਕਿ ਸਾਡੀ ਲੜਾਈ ਰੂਹਾਨੀ ਹੈ। (ਯਸਾਯਾਹ 2:2-4; ਅਫ਼ਸੀਆਂ 6:11-17) ਇਸ ਤੋਂ ਇਲਾਵਾ, ਯਹੋਸ਼ੁਆ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਤੋਂ ਬਾਅਦ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਪਰ ਅਸੀਂ ਹੁਣ ਨਵੀਂ ਦੁਨੀਆਂ ਵਿਚ ਜਾਣ ਤੋਂ ਪਹਿਲਾਂ ਵੱਡੀਆਂ-ਵੱਡੀਆਂ ਮੁਸੀਬਤਾਂ ਦਾ ਸਾਮ੍ਹਣਾ ਕਰ ਰਹੇ ਹਾਂ। ਆਓ ਆਪਾਂ ਕੁਝ ਮੌਕਿਆਂ ਵੱਲ ਧਿਆਨ ਦੇਈਏ ਜਿਨ੍ਹਾਂ ਵਿਚ ਸਾਨੂੰ ਹਿੰਮਤ ਰੱਖਣ ਦੀ ਲੋੜ ਪੈਂਦੀ ਹੈ।

ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਿਉਂ ਕਰਨਾ ਪੈਂਦਾ ਹੈ?

3. ਸਾਡੇ ਸਭ ਤੋਂ ਵੱਡੇ ਦੁਸ਼ਮਣ ਬਾਰੇ ਬਾਈਬਲ ਕੀ ਦੱਸਦੀ ਹੈ?

3 ਯੂਹੰਨਾ ਰਸੂਲ ਨੇ ਲਿਖਿਆ: “ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਹ ਸ਼ਬਦ ਦਿਖਾਉਂਦੇ ਹਨ ਕਿ ਮਸੀਹੀਆਂ ਨੂੰ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਇੰਨੀ ਮਿਹਨਤ ਕਿਉਂ ਕਰਨੀ ਪੈਂਦੀ ਹੈ। ਜਦੋਂ ਕੋਈ ਮਸੀਹੀ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿੰਦਾ ਹੈ, ਤਾਂ ਇਸ ਨਾਲ ਕੁਝ ਹੱਦ ਤਕ ਸ਼ਤਾਨ ਦੀ ਹਾਰ ਹੁੰਦੀ ਹੈ। ਇਸ ਲਈ, ਸ਼ਤਾਨ ਵਫ਼ਾਦਾਰ ਮਸੀਹੀਆਂ ਨੂੰ ਪਾੜ ਖਾਣ ਲਈ “ਬੁਕਦੇ ਸ਼ੀਂਹ” ਵਾਂਗ ਉਨ੍ਹਾਂ ਨੂੰ ਭਾਲਦਾ ਫਿਰਦਾ ਹੈ। (1 ਪਤਰਸ 5:8) ਜੀ ਹਾਂ, ਸ਼ਤਾਨ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਯੁੱਧ ਕਰ ਰਿਹਾ ਹੈ। (ਪਰਕਾਸ਼ ਦੀ ਪੋਥੀ 12:17) ਇਸ ਯੁੱਧ ਵਿਚ ਸ਼ਤਾਨ ਇਨਸਾਨਾਂ ਨੂੰ ਵਰਤ ਰਿਹਾ ਹੈ ਜੋ ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਉਸ ਦਾ ਮਕਸਦ ਪੂਰਾ ਕਰਦੇ ਹਨ। ਸ਼ਤਾਨ ਅਤੇ ਉਸ ਦੇ ਏਜੰਟਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਦੀ ਲੋੜ ਹੈ।

4. ਯਿਸੂ ਨੇ ਕਿਹੜੀ ਚੇਤਾਵਨੀ ਦਿੱਤੀ ਸੀ ਅਤੇ ਅੱਜ ਸੱਚੇ ਮਸੀਹੀਆਂ ਦਾ ਰਵੱਈਆ ਕੀ ਹੈ?

4 ਯਿਸੂ ਜਾਣਦਾ ਸੀ ਕਿ ਸ਼ਤਾਨ ਅਤੇ ਉਸ ਦੇ ਏਜੰਟ ਪੂਰਾ ਜ਼ੋਰ ਲਾ ਕੇ ਖ਼ੁਸ਼ ਖ਼ਬਰੀ ਦਾ ਵਿਰੋਧ ਕਰਨਗੇ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ: “ਓਹ ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।” (ਮੱਤੀ 24:9) ਪਹਿਲੀ ਸਦੀ ਵਾਂਗ ਇਹ ਸ਼ਬਦ ਅੱਜ ਵੀ ਸੱਚ ਸਾਬਤ ਹੁੰਦੇ ਹਨ। ਜਿਵੇਂ ਇਤਿਹਾਸ ਦੌਰਾਨ ਹੁੰਦਾ ਆਇਆ ਹੈ ਤਿਵੇਂ ਸਾਡੇ ਸਮੇਂ ਵਿਚ ਵੀ ਯਹੋਵਾਹ ਦੇ ਗਵਾਹਾਂ ਨੇ ਬਹੁਤ ਜ਼ੁਲਮ ਸਹੇ ਹਨ। ਫਿਰ ਵੀ ਸੱਚੇ ਮਸੀਹੀ ਅਜਿਹੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਦੇ ਹੋਏ ਹਿੰਮਤ ਨਹੀਂ ਹਾਰਦੇ। ਉਹ ਜਾਣਦੇ ਹਨ ਕਿ “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ” ਅਤੇ ਉਹ ਫੰਦੇ ਵਿਚ ਨਹੀਂ ਫਸਣਾ ਚਾਹੁੰਦੇ।—ਕਹਾਉਤਾਂ 29:25.

5, 6. (ੳ) ਸਾਨੂੰ ਕਿਹੋ ਜਿਹੇ ਮੌਕਿਆਂ ਤੇ ਹਿੰਮਤ ਰੱਖਣ ਦੀ ਲੋੜ ਪੈਂਦੀ ਹੈ? (ਅ) ਵਫ਼ਾਦਾਰ ਮਸੀਹੀ ਉਦੋਂ ਕੀ ਕਰਦੇ ਹਨ ਜਦੋਂ ਉਨ੍ਹਾਂ ਦੀ ਹਿੰਮਤ ਪਰਖੀ ਜਾਂਦੀ ਹੈ?

5 ਜ਼ੁਲਮ ਸਹਿਣ ਤੋਂ ਛੁੱਟ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਹਨ ਜਿਨ੍ਹਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਦੀ ਲੋੜ ਪੈਂਦੀ ਹੈ। ਕਈਆਂ ਲਈ ਅਜਨਬੀਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਬਹੁਤ ਹੀ ਮੁਸ਼ਕਲ ਹੈ। ਸਕੂਲ ਦੇ ਬੱਚਿਆਂ ਦੀ ਹਿੰਮਤ ਵੀ ਪਰਖੀ ਜਾਂਦੀ ਹੈ ਜਦੋਂ ਉਨ੍ਹਾਂ ਨੂੰ ਰਾਸ਼ਟਰੀ ਗੀਤ ਗਾਉਣ ਜਾਂ ਝੰਡੇ ਨੂੰ ਸਲਾਮੀ ਦੇਣ ਲਈ ਕਿਹਾ ਜਾਂਦਾ ਹੈ। ਮਸੀਹੀ ਬੱਚੇ ਜਾਣਦੇ ਹਨ ਕਿ ਇਸ ਤਰ੍ਹਾਂ ਕਰਨਾ ਦੇਸ਼ ਦੀ ਭਗਤੀ ਕਰਨ ਦੇ ਬਰਾਬਰ ਹੈ। ਪਰ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਇਸ ਲਈ ਉਹ ਦਲੇਰੀ ਨਾਲ ਇਨ੍ਹਾਂ ਗੱਲਾਂ ਵਿਚ ਹਿੱਸਾ ਨਹੀਂ ਲੈਂਦੇ। ਉਨ੍ਹਾਂ ਦੀ ਹਿੰਮਤ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ।

6 ਸਾਨੂੰ ਉਸ ਵੇਲੇ ਵੀ ਹਿੰਮਤ ਦੀ ਲੋੜ ਪੈਂਦੀ ਹੈ ਜਦੋਂ ਸਾਡੇ ਵਿਰੋਧੀ ਟੈਲੀਵਿਯਨ, ਰੇਡੀਓ ਜਾਂ ਅਖ਼ਬਾਰਾਂ ਦੁਆਰਾ ਪਰਮੇਸ਼ੁਰ ਦੇ ਸੇਵਕਾਂ ਬਾਰੇ ਅਫ਼ਵਾਹਾਂ ਫੈਲਾਉਂਦੇ ਹਨ ਜਾਂ “ਬਿਧੀ ਦੀ ਓਟ” ਯਾਨੀ ਕਾਨੂੰਨ ਦਾ ਸਹਾਰਾ ਲੈ ਕੇ ਸੱਚੀ ਭਗਤੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। (ਜ਼ਬੂਰਾਂ ਦੀ ਪੋਥੀ 94:20) ਮਿਸਾਲ ਲਈ, ਸਾਨੂੰ ਉਦੋਂ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ ਜਦੋਂ ਅਖ਼ਬਾਰ, ਰੇਡੀਓ ਜਾਂ ਟੈਲੀਵਿਯਨ ਤੇ ਯਹੋਵਾਹ ਦੇ ਗਵਾਹਾਂ ਬਾਰੇ ਝੂਠੀਆਂ ਗੱਲਾਂ ਕਹੀਆਂ ਜਾਂਦੀਆਂ ਹਨ? ਕੀ ਸਾਨੂੰ ਹੈਰਾਨ ਹੋਣਾ ਚਾਹੀਦਾ ਹੈ? ਨਹੀਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਨਾਲ ਇਸ ਤਰ੍ਹਾਂ ਹੋਵੇਗਾ। (ਜ਼ਬੂਰਾਂ ਦੀ ਪੋਥੀ 109:2) ਅਸੀਂ ਤਾਂ ਉਦੋਂ ਵੀ ਹੈਰਾਨ ਨਹੀਂ ਹੁੰਦੇ ਜਦੋਂ ਕੁਝ ਲੋਕ ਅਜਿਹੀਆਂ ਝੂਠੀਆਂ ਗੱਲਾਂ ਮੰਨ ਲੈਂਦੇ ਹਨ ਕਿਉਂਕਿ “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ।” (ਕਹਾਉਤਾਂ 14:15) ਪਰ, ਵਫ਼ਾਦਾਰ ਮਸੀਹੀ ਆਪਣੇ ਭਰਾਵਾਂ ਬਾਰੇ ਕਹੀਆਂ ਗਈਆਂ ਸਾਰੀਆਂ ਗੱਲਾਂ ਐਵੇਂ ਹੀ ਨਹੀਂ ਮੰਨ ਲੈਂਦੇ ਅਤੇ ਜਦੋਂ ਬੁਰੀਆਂ ਖ਼ਬਰਾਂ ਕਾਰਨ ਗਵਾਹਾਂ ਦੀ ਬਦਨਾਮੀ ਹੁੰਦੀ ਹੈ, ਤਾਂ ਉਹ ਮੀਟਿੰਗਾਂ ਵਿਚ ਜਾਣਾ ਨਹੀਂ ਛੱਡਦੇ, ਨਾ ਹੀ ਪ੍ਰਚਾਰ ਦੇ ਕੰਮ ਵਿਚ ਢਿੱਲੇ ਪੈਂਦੇ ਹਨ ਅਤੇ ਨਾ ਹੀ ਆਪਣੀ ਨਿਹਚਾ ਨੂੰ ਕਮਜ਼ੋਰ ਹੋਣ ਦਿੰਦੇ ਹਨ। ਇਸ ਦੇ ਉਲਟ, ਉਹ ‘ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਨ, ਪਤ ਅਤੇ ਬੇਪਤੀ ਨਾਲ, ਅਪਜਸ ਅਤੇ ਜਸ ਨਾਲ, ਵਿਰੋਧੀਆਂ ਅਨੁਸਾਰ ਉਹ ਛਲੀਆਂ ਜੇਹੇ ਹਨ, ਪਰ ਅਸਲ ਵਿਚ ਉਹ ਸੱਚੇ ਹਨ।’—2 ਕੁਰਿੰਥੀਆਂ 6:4, 8.

7. ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

7 ਤਿਮੋਥਿਉਸ ਨੂੰ ਲਿਖਦੇ ਹੋਏ ਪੌਲੁਸ ਨੇ ਕਿਹਾ: ‘ਪਰਮੇਸ਼ੁਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋਂ ਸਮਰੱਥਾ ਦਾ ਆਤਮਾ ਦਿੱਤਾ। ਇਸ ਲਈ ਤੂੰ ਸਾਡੇ ਪ੍ਰਭੁ ਦੀ ਸਾਖੀ ਤੋਂ ਨਾ ਸ਼ਰਮਾਵੀਂ।’ (2 ਤਿਮੋਥਿਉਸ 1:7, 8; ਮਰਕੁਸ 8:38) ਇਹ ਸ਼ਬਦ ਪੜ੍ਹ ਕੇ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਆਪਣੇ ਧਾਰਮਿਕ ਵਿਸ਼ਵਾਸਾਂ ਕਰਕੇ ਸ਼ਰਮਿੰਦਗੀ ਮਹਿਸੂਸ ਕਰਦਾ ਹਾਂ ਜਾਂ ਕੀ ਮੈਂ ਹਿੰਮਤ ਨਾਲ ਗਵਾਹੀ ਦਿੰਦਾ ਹਾਂ? ਕੰਮ ਤੇ ਜਾਂ ਸਕੂਲੇ, ਕੀ ਮੈਂ ਲੋਕਾਂ ਨੂੰ ਦੱਸਦਾ ਹਾਂ ਕਿ ਮੈਂ ਯਹੋਵਾਹ ਦਾ ਗਵਾਹ ਹਾਂ ਜਾਂ ਕੀ ਮੈਂ ਇਹ ਗੱਲ ਉਨ੍ਹਾਂ ਤੋਂ ਲੁਕੋ ਕੇ ਰੱਖਦਾ ਹਾਂ? ਕੀ ਮੈਨੂੰ ਇਸ ਗੱਲ ਤੋਂ ਸ਼ਰਮ ਆਉਂਦੀ ਹੈ ਕਿ ਮੈਂ ਦੂਸਰਿਆਂ ਲੋਕਾਂ ਵਰਗਾ ਨਹੀਂ ਹਾਂ ਜਾਂ ਕੀ ਮੈਂ ਇਸ ਗੱਲ ਤੇ ਫ਼ਖ਼ਰ ਕਰਦਾ ਹਾਂ ਕਿ ਯਹੋਵਾਹ ਨਾਲ ਮੇਰਾ ਰਿਸ਼ਤਾ ਹੈ?’ ਜਿਸ ਵਿਅਕਤੀ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਜਾਂ ਸੱਚਾਈ ਦਾ ਪੱਖ ਲੈਣ ਵਿਚ ਡਰ ਲੱਗਦਾ ਹੈ, ਉਸ ਨੂੰ ਯਹੋਸ਼ੁਆ ਨੂੰ ਕਹੇ ਗਏ ਯਹੋਵਾਹ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ: “ਤਕੜਾ ਹੋ ਅਤੇ ਹੌਸਲਾ ਰੱਖ।” ਸਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਕੰਮ ਤੇ ਜਾਂ ਸਕੂਲੇ ਸਾਡੇ ਸਾਥੀ ਸਾਡੇ ਬਾਰੇ ਕੀ ਸੋਚਦੇ ਹਨ, ਪਰ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਯਹੋਵਾਹ ਅਤੇ ਯਿਸੂ ਮਸੀਹ ਦਾ ਸਾਡੇ ਬਾਰੇ ਕੀ ਵਿਚਾਰ ਹੈ।—ਗਲਾਤੀਆਂ 1:10.

ਅਸੀਂ ਹਿੰਮਤੀ ਕਿਵੇਂ ਬਣ ਸਕਦੇ ਹਾਂ?

8, 9. (ੳ) ਪਹਿਲੀ ਸਦੀ ਵਿਚ ਮਸੀਹੀਆਂ ਦੀ ਹਿੰਮਤ ਕਿਵੇਂ ਪਰਖੀ ਗਈ ਸੀ? (ਅ) ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਪਤਰਸ ਅਤੇ ਯੂਹੰਨਾ ਨੇ ਕੀ ਕੀਤਾ ਸੀ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਸਹਿਣ ਦੀ ਸ਼ਕਤੀ ਕਿੱਥੋਂ ਮਿਲੀ ਸੀ?

8 ਮੁਸ਼ਕਲ ਸਮਿਆਂ ਦੌਰਾਨ ਵਫ਼ਾਦਾਰ ਰਹਿਣ ਲਈ ਅਸੀਂ ਆਪਣੇ ਵਿਚ ਹਿੰਮਤ ਕਿਵੇਂ ਪੈਦਾ ਕਰ ਸਕਦੇ ਹਾਂ? ਮੁਢਲੇ ਮਸੀਹੀਆਂ ਨੇ ਹਿੰਮਤ ਕਿਵੇਂ ਪੈਦਾ ਕੀਤੀ ਸੀ? ਧਿਆਨ ਦਿਓ ਕਿ ਉਸ ਸਮੇਂ ਕੀ ਹੋਇਆ ਸੀ ਜਦੋਂ ਯਰੂਸ਼ਲਮ ਵਿਚ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਪਤਰਸ ਅਤੇ ਯੂਹੰਨਾ ਨੂੰ ਯਿਸੂ ਬਾਰੇ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਸੀ। ਚੇਲਿਆਂ ਨੇ ਉਨ੍ਹਾਂ ਦਾ ਹੁਕਮ ਨਹੀਂ ਮੰਨਿਆ। ਇਸ ਲਈ ਉਨ੍ਹਾਂ ਨੂੰ ਧਮਕਾਇਆ ਗਿਆ, ਪਰ ਫਿਰ ਰਿਹਾ ਕਰ ਦਿੱਤਾ ਗਿਆ। ਰਿਹਾ ਹੋਣ ਤੋਂ ਬਾਅਦ ਉਹ ਆਪਣੇ ਭਰਾਵਾਂ ਨੂੰ ਮਿਲੇ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ ਓਹਨਾਂ ਦੀਆਂ ਧਮਕੀਆਂ ਨੂੰ ਵੇਖ ਅਰ ਆਪਣੇ ਦਾਸਾਂ ਨੂੰ ਇਹ ਬਖ਼ਸ਼ ਕਿ ਅੱਤ ਦਲੇਰੀ ਨਾਲ ਤੇਰਾ ਬਚਨ ਸੁਣਾਉਣ।” (ਰਸੂਲਾਂ ਦੇ ਕਰਤੱਬ 4:13-29) ਯਹੋਵਾਹ ਨੇ ਉਨ੍ਹਾਂ ਦੀ ਫ਼ਰਿਆਦ ਸੁਣ ਕੇ ਉਨ੍ਹਾਂ ਨੂੰ ਆਪਣੀ ਪਵਿੱਤਰ ਆਤਮਾ ਦੁਆਰਾ ਸ਼ਕਤੀ ਦਿੱਤੀ। ਬਾਅਦ ਵਿਚ ਯਹੂਦੀ ਆਗੂਆਂ ਨੇ ਕਿਹਾ ਕਿ ਚੇਲਿਆਂ ਨੇ “ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ” ਸੀ।—ਰਸੂਲਾਂ ਦੇ ਕਰਤੱਬ 5:28.

9 ਇਸ ਘਟਨਾ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਯਹੂਦੀ ਆਗੂਆਂ ਦੀਆਂ ਧਮਕੀਆਂ ਦੇ ਬਾਵਜੂਦ ਚੇਲਿਆਂ ਨੇ ਹੌਸਲਾ ਨਹੀਂ ਹਾਰਿਆ। ਉਨ੍ਹਾਂ ਨੇ ਪ੍ਰਚਾਰ ਕੰਮ ਕਰਦੇ ਰਹਿਣ ਵਾਸਤੇ ਹਿੰਮਤ ਲਈ ਪ੍ਰਾਰਥਨਾ ਕੀਤੀ। ਫਿਰ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਉਹ ਪ੍ਰਚਾਰ ਕਰਦੇ ਰਹੇ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਆਤਮਾ ਦੁਆਰਾ ਸ਼ਕਤੀ ਬਖ਼ਸ਼ੀ। ਜੀ ਹਾਂ, ਇਹ ਅਨੁਭਵ ਦਿਖਾਉਂਦਾ ਹੈ ਕਿ ਜਦੋਂ ਮਸੀਹੀ ਵਿਰੋਧਤਾ ਦਾ ਸਾਮ੍ਹਣਾ ਕਰਦੇ ਹਨ, ਤਾਂ ਉਨ੍ਹਾਂ ਉੱਤੇ ਪੌਲੁਸ ਰਸੂਲ ਦੇ ਇਹ ਸ਼ਬਦ ਲਾਗੂ ਹੁੰਦੇ ਹਨ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:13.

10. ਯਿਰਮਿਯਾਹ ਦੇ ਅਨੁਭਵ ਤੋਂ ਸ਼ਰਮੀਲੇ ਵਿਅਕਤੀਆਂ ਨੂੰ ਕਿਵੇਂ ਮਦਦ ਮਿਲ ਸਕਦੀ ਹੈ?

10 ਪਰ ਕਈ ਵਿਅਕਤੀ ਬਹੁਤ ਸ਼ਰਮੀਲੇ ਹੁੰਦੇ ਹਨ। ਕੀ ਉਹ ਵਿਰੋਧਤਾ ਦੇ ਬਾਵਜੂਦ ਦਲੇਰੀ ਨਾਲ ਯਹੋਵਾਹ ਦੀ ਸੇਵਾ ਕਰ ਸਕਦੇ ਹਨ? ਬਿਲਕੁਲ ਕਰ ਸਕਦੇ ਹਨ! ਯਾਦ ਰੱਖੋ ਕਿ ਜਦ ਯਹੋਵਾਹ ਨੇ ਯਿਰਮਿਯਾਹ ਨੂੰ ਇਕ ਨਬੀ ਵਜੋਂ ਚੁਣਿਆ ਸੀ, ਤਾਂ ਉਸ ਨੇ ਕਿਹਾ: ‘ਮੈਂ ਛੋਕਰਾ ਹਾਂ।’ ਯਿਰਮਿਯਾਹ ਆਪਣੇ ਆਪ ਨੂੰ ਇਹ ਕੰਮ ਕਰਨ ਦੇ ਯੋਗ ਨਹੀਂ ਸਮਝਦਾ ਸੀ। ਪਰ ਯਹੋਵਾਹ ਨੇ ਇਹ ਕਹਿ ਕੇ ਉਸ ਦਾ ਹੌਸਲਾ ਵਧਾਇਆ: “ਤੂੰ ਨਾ ਆਖ ਕਿ ਮੈਂ ਛੋਕਰਾ ਹਾਂ, ਤੂੰ ਤਾਂ ਸਾਰਿਆਂ ਕੋਲ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਾਂਗਾ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਂਗਾ। ਓਹਨਾਂ ਦੇ ਅੱਗਿਓਂ ਨਾ ਡਰੀਂ, ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ।” (ਯਿਰਮਿਯਾਹ 1:6-10) ਯਿਰਮਿਯਾਹ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਸੀ। ਨਤੀਜੇ ਵਜੋਂ ਯਹੋਵਾਹ ਦੀ ਤਾਕਤ ਨਾਲ ਉਸ ਨੇ ਆਪਣੀ ਘਬਰਾਹਟ ਤੇ ਕਾਬੂ ਪਾਇਆ ਅਤੇ ਇਸਰਾਏਲ ਵਿਚ ਹਿੰਮਤ ਨਾਲ ਗਵਾਹੀ ਦਿੱਤੀ।

11. ਅੱਜ ਮਸੀਹੀ ਯਿਰਮਿਯਾਹ ਵਾਂਗ ਹਿੰਮਤ ਨਾਲ ਪ੍ਰਚਾਰ ਕਿਵੇਂ ਕਰਦੇ ਹਨ?

11 ਮਸਹ ਕੀਤੇ ਹੋਏ ਮਸੀਹੀਆਂ ਨੂੰ ਵੀ ਯਿਰਮਿਯਾਹ ਵਾਂਗ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਗਿਆ ਹੈ। ਲੋਕਾਂ ਦੀ ਬੇਪਰਵਾਹੀ, ਮਜ਼ਾਕ ਜਾਂ ਵਿਰੋਧਤਾ ਦੇ ਬਾਵਜੂਦ ਇਹ ਮਸੀਹੀ ਯਹੋਵਾਹ ਦੇ ਮਕਸਦਾਂ ਬਾਰੇ ਵਫ਼ਾਦਾਰੀ ਨਾਲ ਪ੍ਰਚਾਰ ਕਰਦੇ ਹਨ ਅਤੇ ‘ਹੋਰ ਭੇਡਾਂ’ ਦੀ “ਵੱਡੀ ਭੀੜ” ਇਨ੍ਹਾਂ ਦਾ ਸਾਥ ਦਿੰਦੀ ਹੈ। (ਯੂਹੰਨਾ 10:16; ਪਰਕਾਸ਼ ਦੀ ਪੋਥੀ 7:9) ਉਹ ਯਿਰਮਿਯਾਹ ਨੂੰ ਕਹੇ ਗਏ ਯਹੋਵਾਹ ਦੇ ਸ਼ਬਦ ਯਾਦ ਰੱਖਦੇ ਹਨ: “ਨਾ ਡਰੀਂ।” ਉਹ ਇਹ ਗੱਲ ਕਦੇ ਨਹੀਂ ਭੁੱਲਦੇ ਕਿ ਪ੍ਰਚਾਰ ਕਰਨ ਦਾ ਹੁਕਮ ਪਰਮੇਸ਼ੁਰ ਨੇ ਦਿੱਤਾ ਹੈ ਅਤੇ ਉਹ ਉਸ ਦਾ ਸੰਦੇਸ਼ ਲੋਕਾਂ ਨੂੰ ਸੁਣਾ ਰਹੇ ਹਨ।—2 ਕੁਰਿੰਥੀਆਂ 2:17.

ਹਿੰਮਤੀ ਲੋਕਾਂ ਦੀ ਰੀਸ ਕਰੋ

12. ਯਿਸੂ ਨੇ ਹਿੰਮਤ ਦੀ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ ਸੀ ਅਤੇ ਉਸ ਨੇ ਆਪਣੇ ਚੇਲਿਆਂ ਦਾ ਹੌਸਲਾ ਕਿਵੇਂ ਵਧਾਇਆ ਸੀ?

12 ਅਸੀਂ ਵੀ ਹਿੰਮਤ ਵਾਲੇ ਬਣ ਸਕਦੇ ਹਾਂ ਜੇਕਰ ਅਸੀਂ ਉਨ੍ਹਾਂ ਲੋਕਾਂ ਦੀਆਂ ਉਦਾਹਰਣਾਂ ਉੱਤੇ ਮਨਨ ਕਰੀਏ ਜਿਨ੍ਹਾਂ ਨੇ ਯਿਰਮਿਯਾਹ ਵਾਂਗ ਹਿੰਮਤ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ ਸੀ। (ਜ਼ਬੂਰਾਂ ਦੀ ਪੋਥੀ 77:12) ਯਿਸੂ ਦੀ ਮਿਸਾਲ ਵੱਲ ਧਿਆਨ ਦਿਓ। ਯਿਸੂ ਨੇ ਦਲੇਰੀ ਨਾਲ ਸ਼ਤਾਨ ਦਾ ਅਤੇ ਯਹੂਦੀ ਆਗੂਆਂ ਦੀ ਸਖ਼ਤ ਵਿਰੋਧਤਾ ਦਾ ਸਾਮ੍ਹਣਾ ਕੀਤਾ ਸੀ। (ਲੂਕਾ 4:1-13; 20:19-47) ਯਹੋਵਾਹ ਦੀ ਤਾਕਤ ਨਾਲ ਯਿਸੂ ਆਪਣੀ ਨਿਹਚਾ ਮਜ਼ਬੂਤ ਰੱਖ ਸਕਿਆ। ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।” (ਯੂਹੰਨਾ 16:33; 17:16) ਯਿਸੂ ਦੀ ਮਿਸਾਲ ਉੱਤੇ ਚੱਲ ਕੇ ਉਸ ਦੇ ਚੇਲੇ ਵੀ ਜਗਤ ਨੂੰ ਜਿੱਤ ਸਕਦੇ ਸਨ। (1 ਯੂਹੰਨਾ 2:6; ਪਰਕਾਸ਼ ਦੀ ਪੋਥੀ 2:7, 11, 17, 26) ਪਰ ਉਨ੍ਹਾਂ ਨੂੰ ‘ਹੌਂਸਲਾ ਰੱਖਣ’ ਦੀ ਲੋੜ ਸੀ।

13. ਪੌਲੁਸ ਨੇ ਫ਼ਿਲਿੱਪੈ ਦੀ ਕਲੀਸਿਯਾ ਦਾ ਕਿਵੇਂ ਹੌਸਲਾ ਵਧਾਇਆ ਸੀ?

13 ਯਿਸੂ ਦੀ ਮੌਤ ਤੋਂ ਕੁਝ ਸਾਲ ਬਾਅਦ, ਪੌਲੁਸ ਅਤੇ ਸੀਲਾਸ ਨੂੰ ਫ਼ਿਲਿੱਪੈ ਵਿਚ ਕੈਦ ਕਰ ਦਿੱਤਾ ਗਿਆ ਸੀ। ਬਾਅਦ ਵਿਚ ਪੌਲੁਸ ਨੇ ਉੱਥੇ ਦੀ ਕਲੀਸਿਯਾ ਦਾ ਹੌਸਲਾ ਵਧਾਇਆ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ‘ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰਦੇ ਰਹਿਣ ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਾ ਡਰਨ।’ ਪੌਲੁਸ ਨੇ ਉਨ੍ਹਾਂ ਨੂੰ ਅੱਗੇ ਕਿਹਾ: “[ਤੁਹਾਡਾ ਸਤਾਇਆ ਜਾਣਾ ਵਿਰੋਧੀਆਂ] ਲਈ ਨਾਸ ਦਾ ਪੱਕਾ ਨਿਸ਼ਾਨ ਹੈ ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ। ਕਿਉਂ ਜੋ ਮਸੀਹ ਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ ਭਈ ਤੁਸੀਂ ਨਾ ਕੇਵਲ ਉਸ ਉੱਤੇ ਨਿਹਚਾ ਹੀ ਕਰੋ ਸਗੋਂ ਉਹ ਦੇ ਲਈ ਦੁਖ ਵੀ ਝੱਲੋ।”—ਫ਼ਿਲਿੱਪੀਆਂ 1:27-29.

14. ਜਦੋਂ ਪੌਲੁਸ ਨੇ ਰੋਮ ਵਿਚ ਦਲੇਰੀ ਨਾਲ ਪ੍ਰਚਾਰ ਕੀਤਾ, ਤਾਂ ਇਸ ਦਾ ਨਤੀਜਾ ਕੀ ਨਿਕਲਿਆ ਸੀ?

14 ਜਦੋਂ ਪੌਲੁਸ ਨੇ ਫ਼ਿਲਿੱਪੈ ਦੀ ਕਲੀਸਿਯਾ ਨੂੰ ਚਿੱਠੀ ਲਿਖੀ ਸੀ, ਤਾਂ ਉਹ ਰੋਮ ਵਿਚ ਕੈਦ ਸੀ। ਫਿਰ ਵੀ ਉਹ ਦਲੇਰੀ ਨਾਲ ਪ੍ਰਚਾਰ ਕਰਨ ਤੋਂ ਨਹੀਂ ਹਟਿਆ। ਇਸ ਦਾ ਨਤੀਜਾ ਕੀ ਨਿਕਲਿਆ? ਉਸ ਨੇ ਲਿਖਿਆ: “ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਮਿੱਤ ਹਨ। ਅਰ ਬਹੁਤੇ ਜੋ ਪ੍ਰਭੁ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਨਿਧੜਕ ਬਚਨ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।”—ਫ਼ਿਲਿੱਪੀਆਂ 1:13, 14.

15. ਸਾਨੂੰ ਨਿਹਚਾ ਦੀਆਂ ਕਿਨ੍ਹਾਂ ਉਦਾਹਰਣਾਂ ਤੋਂ ਹਿੰਮਤ ਨਾਲ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ?

15 ਪੌਲੁਸ ਦੀ ਉਦਾਹਰਣ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ। ਸਾਨੂੰ ਉਨ੍ਹਾਂ ਮਸੀਹੀਆਂ ਦੀਆਂ ਵਧੀਆ ਉਦਾਹਰਣਾਂ ਤੋਂ ਵੀ ਹੌਸਲਾ ਮਿਲਦਾ ਹੈ ਜਿਨ੍ਹਾਂ ਨੇ ਉਨ੍ਹਾਂ ਦੇਸ਼ਾਂ ਵਿਚ ਰਹਿ ਕੇ ਵਿਰੋਧਤਾ ਦਾ ਸਾਮ੍ਹਣਾ ਕੀਤਾ ਜਿੱਥੇ ਤਾਨਾਸ਼ਾਹੀ ਸਰਕਾਰਾਂ ਜਾਂ ਪਾਦਰੀਆਂ ਦਾ ਰਾਜ ਚੱਲਦਾ ਰਿਹਾ। ਇਨ੍ਹਾਂ ਬਹੁਤ ਸਾਰੇ ਮਸੀਹੀਆਂ ਦੀਆਂ ਕਹਾਣੀਆਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਯੀਅਰ ਬੁੱਕਾਂ ਵਿਚ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਹ ਕਹਾਣੀਆਂ ਪੜ੍ਹਦੇ ਹੋਏ, ਯਾਦ ਰੱਖੋ ਕਿ ਜਿਨ੍ਹਾਂ ਭੈਣ-ਭਰਾਵਾਂ ਬਾਰੇ ਦੱਸਿਆ ਗਿਆ ਹੈ ਉਹ ਵੀ ਸਾਡੇ ਵਾਂਗ ਆਮ ਲੋਕ ਹੀ ਸਨ। ਪਰ ਜਦੋਂ ਉਨ੍ਹਾਂ ਦੇ ਹਾਲਾਤ ਬਹੁਤ ਹੀ ਔਖੇ ਹੋ ਗਏ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਮਹਾਂ-ਸ਼ਕਤੀ ਦਿੱਤੀ ਅਤੇ ਉਹ ਮੁਸ਼ਕਲਾਂ ਸਹਾਰ ਸਕੇ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਲੋੜ ਪੈਣ ਤੇ ਯਹੋਵਾਹ ਸਾਨੂੰ ਵੀ ਸ਼ਕਤੀ ਦੇਵੇਗਾ।

ਹਿੰਮਤ ਵਾਲੇ ਬਣ ਕੇ ਯਹੋਵਾਹ ਦੀ ਵਡਿਆਈ ਕਰੋ ਅਤੇ ਉਸ ਨੂੰ ਖ਼ੁਸ਼ ਕਰੋ

16, 17. ਅੱਜ ਅਸੀਂ ਹਿੰਮਤ ਵਾਲੇ ਕਿਵੇਂ ਬਣ ਸਕਦੇ ਹਾਂ?

16 ਜਦੋਂ ਅਸੀਂ ਸੱਚਾਈ ਅਤੇ ਧਾਰਮਿਕਤਾ ਦਾ ਪੱਖ ਲੈਂਦੇ ਹਾਂ, ਤਾਂ ਅਸੀਂ ਆਪਣੀ ਹਿੰਮਤ ਦਾ ਸਬੂਤ ਦਿੰਦੇ ਹਾਂ। ਪਰ ਜਦੋਂ ਅਸੀਂ ਅੰਦਰੋਂ ਡਰਦੇ ਹੋਏ ਵੀ ਹਿੰਮਤ ਵਾਲੇ ਬਣਦੇ ਹਾਂ, ਤਾਂ ਇਹ ਸਾਡੀ ਹਿੰਮਤ ਦਾ ਠੋਸ ਸਬੂਤ ਹੈ। ਹਰ ਮਸੀਹੀ ਹਿੰਮਤ ਵਾਲਾ ਬਣ ਸਕਦਾ ਹੈ ਜੇਕਰ ਉਹ ਦਿਲੋਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹੈ, ਹਰ ਹਾਲਤ ਵਿਚ ਵਫ਼ਾਦਾਰ ਰਹਿਣਾ ਚਾਹੁੰਦਾ ਹੈ, ਪਰਮੇਸ਼ੁਰ ਉੱਤੇ ਹਮੇਸ਼ਾ ਭਰੋਸਾ ਰੱਖਦਾ ਹੈ ਅਤੇ ਹਰ ਵੇਲੇ ਇਹ ਗੱਲ ਯਾਦ ਰੱਖਦਾ ਹੈ ਕਿ ਯਹੋਵਾਹ ਨੇ ਪਹਿਲਾਂ ਵੀ ਉਸ ਵਰਗੇ ਬਹੁਤ ਸਾਰੇ ਭੈਣ-ਭਰਾਵਾਂ ਨੂੰ ਸ਼ਕਤੀ ਦਿੱਤੀ ਹੈ। ਇਸ ਤੋਂ ਵੱਧ, ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੀ ਹਿੰਮਤ ਕਰਕੇ ਯਹੋਵਾਹ ਦੀ ਵਡਿਆਈ ਹੁੰਦੀ ਹੈ ਅਤੇ ਉਹ ਸਾਡੇ ਤੋਂ ਖ਼ੁਸ਼ ਹੁੰਦਾ ਹੈ, ਤਾਂ ਸਾਨੂੰ ਹਿੰਮਤ ਰੱਖਣ ਦੀ ਹੋਰ ਵੀ ਪ੍ਰੇਰਣਾ ਮਿਲਦੀ ਹੈ। ਅਸੀਂ ਯਹੋਵਾਹ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਅਸੀਂ ਹਰ ਮੁਸ਼ਕਲ ਜਾਂ ਮਖੌਲ ਦਾ ਸਾਮ੍ਹਣਾ ਕਰਨ ਲਈ ਤਿਆਰ ਹਾਂ।—1 ਯੂਹੰਨਾ 2:5; 4:18.

17 ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਅਸੀਂ ਆਪਣੀ ਨਿਹਚਾ ਕਰਕੇ ਦੁੱਖ ਝੱਲਦੇ ਹਾਂ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਕੋਈ ਗ਼ਲਤੀ ਕੀਤੀ ਹੈ। (1 ਪਤਰਸ 3:17) ਅਸੀਂ ਦੁੱਖ ਇਸ ਲਈ ਝੱਲਦੇ ਹਾਂ ਕਿਉਂਕਿ ਅਸੀਂ ਯਹੋਵਾਹ ਨੂੰ ਆਪਣੇ ਰਾਜੇ ਵਜੋਂ ਕਬੂਲ ਕਰਦੇ ਹਾਂ, ਚੰਗੇ ਕੰਮ ਕਰਦੇ ਹਾਂ ਅਤੇ ਅਸੀਂ ਇਸ ਦੁਨੀਆਂ ਦਾ ਹਿੱਸਾ ਨਹੀਂ ਹਾਂ। ਇਸ ਬਾਰੇ ਪਤਰਸ ਰਸੂਲ ਨੇ ਕਿਹਾ ਸੀ: “ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪਰਵਾਨ ਹੈ।” ਉਸ ਨੇ ਅੱਗੇ ਕਿਹਾ: “ਜਿਹੜੇ ਪਰਮੇਸ਼ੁਰ ਦੀ ਇੱਛਿਆ ਦੇ ਅਨੁਸਾਰ ਦੁਖ ਭੋਗਦੇ ਹਨ ਓਹ ਸ਼ੁਭ ਕਰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਓਸ ਵਫ਼ਾਦਾਰ ਕਰਤਾਰ ਨੂੰ ਸੌਂਪ ਦੇਣ।” (1 ਪਤਰਸ 2:20; 4:19) ਜੀ ਹਾਂ, ਸਾਡੀ ਨਿਹਚਾ ਤੋਂ ਯਹੋਵਾਹ ਪਰਮੇਸ਼ੁਰ ਬਹੁਤ ਖ਼ੁਸ਼ ਹੁੰਦਾ ਹੈ ਅਤੇ ਇਸ ਨਾਲ ਉਸ ਦੀ ਵਡਿਆਈ ਹੁੰਦੀ ਹੈ। ਹਿੰਮਤ ਰੱਖਣ ਦਾ ਇਹ ਕਿੰਨਾ ਚੰਗਾ ਕਾਰਨ ਹੈ!

ਸਰਕਾਰਾਂ ਨਾਲ ਹਿੰਮਤ ਨਾਲ ਗੱਲ ਕਰੋ

18, 19. ਜਦੋਂ ਅਸੀਂ ਹਿੰਮਤ ਨਾਲ ਜੱਜਾਂ ਨੂੰ ਗਵਾਹੀ ਦਿੰਦੇ ਹਾਂ, ਤਾਂ ਅਸਲ ਵਿਚ ਅਸੀਂ ਉਨ੍ਹਾਂ ਨੂੰ ਕੀ ਕਹਿ ਰਹੇ ਹੁੰਦੇ ਹਾਂ?

18 ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਸਤਾਇਆ ਜਾਵੇਗਾ, ਤਾਂ ਉਸ ਨੇ ਇਹ ਵੀ ਕਿਹਾ ਸੀ: “[ਮਨੁੱਖ] ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਸਮਾਜਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ। ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਹਾਜਰ ਕੀਤੇ ਜਾਓਗੇ ਜੋ ਉਨ੍ਹਾਂ ਉੱਤੇ ਅਰ ਪਰਾਈਆਂ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 10:17, 18) ਸਾਡੇ ਉੱਤੇ ਝੂਠਾ ਦੋਸ਼ ਲੱਗਣ ਕਰਕੇ ਜਦੋਂ ਸਾਨੂੰ ਜੱਜ ਜਾਂ ਸਰਕਾਰ ਦੇ ਸਾਮ੍ਹਣੇ ਜਾਣਾ ਪੈਂਦਾ ਹੈ, ਤਾਂ ਸਾਨੂੰ ਹਿੰਮਤ ਦੀ ਲੋੜ ਪੈਂਦੀ ਹੈ। ਪਰ ਅਸੀਂ ਇਨ੍ਹਾਂ ਮੌਕਿਆਂ ਦਾ ਫ਼ਾਇਦਾ ਉਠਾ ਕੇ ਅਜਿਹੇ ਲੋਕਾਂ ਨੂੰ ਦਲੇਰੀ ਨਾਲ ਗਵਾਹੀ ਦੇ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਜੱਜਾਂ ਨੂੰ ਜ਼ਬੂਰਾਂ ਦੀ ਪੋਥੀ ਵਿਚ ਦਰਜ ਕੀਤੇ ਗਏ ਯਹੋਵਾਹ ਦੇ ਸ਼ਬਦ ਸੁਣਾ ਰਹੇ ਹੋਵਾਂਗੇ, ਜਿੱਥੇ ਲਿਖਿਆ ਹੈ: “ਹੇ ਰਾਜਿਓ, ਸਿਆਣੇ ਬਣੋ, ਅਤੇ ਹੇ ਧਰਤੀ ਦੇ ਨਿਆਈਓ, ਤੁਸੀਂ ਸਮਝ ਜਾਓ। ਭੈ ਨਾਲ ਯਹੋਵਾਹ ਦੀ ਸੇਵਾ ਕਰੋ।” (ਜ਼ਬੂਰਾਂ ਦੀ ਪੋਥੀ 2:10, 11) ਅਕਸਰ ਜਦੋਂ ਅਦਾਲਤ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਝੂਠਾ ਦੋਸ਼ ਲਾਇਆ ਜਾਂਦਾ ਹੈ, ਤਾਂ ਜੱਜ ਉਨ੍ਹਾਂ ਨੂੰ ਭਗਤੀ ਕਰਨ ਦੀ ਆਜ਼ਾਦੀ ਦਿੰਦੇ ਹਨ। ਇਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਪਰ ਕੁਝ ਜੱਜ ਵਿਰੋਧੀਆਂ ਦੇ ਪ੍ਰਭਾਵ ਹੇਠ ਆ ਜਾਂਦੇ ਹਨ। ਬਾਈਬਲ ਅਜਿਹੇ ਜੱਜਾਂ ਨੂੰ ਕਹਿੰਦੀ ਹੈ: “ਤੁਸੀਂ ਸਮਝ ਜਾਓ।”

19 ਜੱਜਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਪਰਮੇਸ਼ੁਰ ਦਾ ਕਾਨੂੰਨ ਸਭ ਤੋਂ ਉੱਚਾ ਹੈ। ਉਨ੍ਹਾਂ ਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਜੱਜਾਂ ਸਮੇਤ ਹਰ ਇਨਸਾਨ ਨੇ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਆਪੋ ਆਪਣਾ ਲੇਖਾ ਦੇਣਾ ਹੈ। (ਰੋਮੀਆਂ 14:10) ਭਾਵੇਂ ਦੁਨੀਆਂ ਦੇ ਜੱਜ ਸਾਡਾ ਇਨਸਾਫ਼ ਕਰਨ ਜਾਂ ਨਾ ਕਰਨ, ਪਰ ਸਾਨੂੰ ਹੌਸਲਾ ਹਾਰਨ ਦੀ ਲੋੜ ਨਹੀਂ ਕਿਉਂਕਿ ਯਹੋਵਾਹ ਹਮੇਸ਼ਾ ਸਾਨੂੰ ਸਹਾਰਾ ਦਿੰਦਾ ਹੈ। ਬਾਈਬਲ ਕਹਿੰਦੀ ਹੈ: “ਧੰਨ ਹਨ ਓਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।”—ਜ਼ਬੂਰਾਂ ਦੀ ਪੋਥੀ 2:12.

20. ਸਤਾਹਟ ਅਤੇ ਅਫ਼ਵਾਹਾਂ ਦਾ ਸਾਮ੍ਹਣਾ ਕਰਦੇ ਹੋਏ ਅਸੀਂ ਖ਼ੁਸ਼ ਕਿਉਂ ਹੋ ਸਕਦੇ ਹਾਂ?

20 ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹਾ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ ਇਸ ਲਈ ਜੋ ਉਨ੍ਹਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰਾਂ ਸਤਾਇਆ ਸੀ।” (ਮੱਤੀ 5:11, 12) ਇਹ ਸੱਚ ਹੈ ਕਿ ਸਤਾਹਟ ਕਿਸੇ ਨੂੰ ਨਹੀਂ ਪਸੰਦ। ਪਰ ਜੇਕਰ ਅਸੀਂ ਸਤਾਹਟ ਅਤੇ ਅਫ਼ਵਾਹਾਂ ਦੇ ਬਾਵਜੂਦ ਵਫ਼ਾਦਾਰ ਰਹੀਏ, ਤਾਂ ਇਹ ਖ਼ੁਸ਼ੀ ਦੀ ਗੱਲ ਹੈ। ਇਸ ਤਰ੍ਹਾਂ ਅਸੀਂ ਯਹੋਵਾਹ ਨੂੰ ਬਹੁਤ ਖ਼ੁਸ਼ ਕਰਾਂਗੇ ਅਤੇ ਉਹ ਸਾਨੂੰ ਬਰਕਤਾਂ ਜ਼ਰੂਰ ਦੇਵੇਗਾ। ਹਿੰਮਤ ਨਾਲ ਯਹੋਵਾਹ ਦੀ ਸੇਵਾ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਡਾ ਵਿਸ਼ਵਾਸ ਪੱਕਾ ਹੈ। ਅਸੀਂ ਇਹ ਵੀ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹਾਂ। ਪੂਰਾ ਭਰੋਸਾ ਰੱਖਣਾ ਮਸੀਹੀਆਂ ਲਈ ਬਹੁਤ ਜ਼ਰੂਰੀ ਹੈ, ਜਿਵੇਂ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

ਤੁਸੀਂ ਕੀ ਸਿੱਖਿਆ ਹੈ?

• ਅੱਜ ਕਿਨ੍ਹਾਂ ਮੌਕਿਆਂ ਤੇ ਹਿੰਮਤ ਦੀ ਲੋੜ ਪੈਂਦੀ ਹੈ?

• ਅਸੀਂ ਹਿੰਮਤ ਕਿਵੇਂ ਪੈਦਾ ਕਰ ਸਕਦੇ ਹਾਂ?

• ਹਿੰਮਤ ਦੀਆਂ ਕੁਝ ਉਦਾਹਰਣਾਂ ਦਿਓ।

• ਅਸੀਂ ਹਿੰਮਤ ਨਾਲ ਪਰਮੇਸ਼ੁਰ ਦੀ ਸੇਵਾ ਕਿਉਂ ਕਰਨੀ ਚਾਹੁੰਦੇ ਹਾਂ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਜਰਮਨੀ ਵਿਚ ਸਿਮੋਨ ਆਰਨਲਡ (ਹੁਣ ਲੀਬਸਟਰ), ਮਲਾਵੀ ਵਿਚ ਵਿਡਾਸ ਮੈਡੋਨਾ ਅਤੇ ਯੂਕਰੇਨ ਵਿਚ ਲਿਡੀਆ ਤੇ ਓਲੇਕਸੀ ਕੁਰਡਾਸ ਨੇ ਹਿੰਮਤ ਨਾਲ ਸ਼ਤਾਨ ਦਾ ਸਾਮ੍ਹਣਾ ਕੀਤਾ

[ਸਫ਼ੇ 10 ਉੱਤੇ ਤਸਵੀਰਾਂ]

ਅਸੀਂ ਖ਼ੁਸ਼ ਖ਼ਬਰੀ ਦੇ ਸੰਦੇਸ਼ ਤੋਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ

[ਸਫ਼ੇ 11 ਉੱਤੇ ਤਸਵੀਰ]

ਕੈਦ ਵਿਚ ਪੌਲੁਸ ਨੇ ਹਿੰਮਤ ਨਾਲ ਪ੍ਰਚਾਰ ਕੀਤਾ ਅਤੇ ਇਸ ਦੇ ਵਧੀਆ ਨਤੀਜੇ ਨਿਕਲੇ

[ਸਫ਼ੇ 12 ਉੱਤੇ ਤਸਵੀਰ]

ਜੇਕਰ ਅਸੀਂ ਹਿੰਮਤ ਨਾਲ ਜੱਜਾਂ ਨੂੰ ਸੱਚਾਈ ਬਾਰੇ ਦੱਸੀਏ, ਤਾਂ ਅਸੀਂ ਇਕ ਮਹੱਤਵਪੂਰਣ ਸੰਦੇਸ਼ ਫੈਲਾ ਰਹੇ ਹੋਵਾਂਗੇ