Skip to content

Skip to table of contents

ਪਰਮੇਸ਼ੁਰ ਨੂੰ ਪਹਿਲਾਂ ਰੱਖਣ ਨਾਲ ਸਾਨੂੰ ਸੁੱਖ ਮਿਲਿਆ

ਪਰਮੇਸ਼ੁਰ ਨੂੰ ਪਹਿਲਾਂ ਰੱਖਣ ਨਾਲ ਸਾਨੂੰ ਸੁੱਖ ਮਿਲਿਆ

ਜੀਵਨੀ

ਪਰਮੇਸ਼ੁਰ ਨੂੰ ਪਹਿਲਾਂ ਰੱਖਣ ਨਾਲ ਸਾਨੂੰ ਸੁੱਖ ਮਿਲਿਆ

ਜੈਥਾ ਸੁਨਲ ਦੀ ਜ਼ਬਾਨੀ

ਨਾਸ਼ਤਾ ਕਰਨ ਤੋਂ ਬਾਅਦ ਅਸੀਂ ਰੇਡੀਓ ਤੇ ਇਹ ਐਲਾਨ ਸੁਣਿਆ: “ਯਹੋਵਾਹ ਦੇ ਗਵਾਹਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਕੰਮ ਤੇ ਪਾਬੰਦੀ ਲਾਈ ਗਈ ਹੈ।”

ਇਹ 1950 ਦੀ ਗੱਲ ਹੈ ਜਦੋਂ ਅਸੀਂ 25 ਕੁ ਸਾਲ ਦੀਆਂ ਚਾਰ ਕੁੜੀਆਂ ਡਮਿਨੀਕਨ ਗਣਰਾਜ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੀਆਂ ਸਨ। ਅਸੀਂ ਉੱਥੇ 1949 ਵਿਚ ਪਹੁੰਚੀਆਂ ਸੀ।

ਮੈਂ ਹਮੇਸ਼ਾ ਮਿਸ਼ਨਰੀ ਬਣਨਾ ਨਹੀਂ ਚਾਹੁੰਦੀ ਸੀ। ਇਹ ਸੱਚ ਹੈ ਕਿ ਛੋਟੀ ਹੁੰਦੀ ਮੈਂ ਚਰਚ ਜਾਂਦੀ ਹੁੰਦੀ ਸੀ। ਪਰ ਮੇਰੇ ਪਿਤਾ ਜੀ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਚਰਚ ਜਾਣਾ ਛੱਡ ਦਿੱਤਾ ਸੀ। ਜਿਸ ਦਿਨ 1933 ਵਿਚ ਮੈਂ ਚਰਚ ਦੀ ਮੈਂਬਰ ਬਣੀ ਸੀ, ਚਰਚ ਦੇ ਬਿਸ਼ਪ ਨੇ ਬਾਈਬਲ ਵਿੱਚੋਂ ਸਿਰਫ਼ ਇਕ ਆਇਤ ਪੜ੍ਹਨ ਤੋਂ ਬਾਅਦ ਸਿਆਸਤ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਮੇਰੇ ਮਾਤਾ ਜੀ ਇੰਨੇ ਨਾਰਾਜ਼ ਹੋਏ ਕਿ ਉਹ ਵੀ ਮੁੜ ਕੇ ਚਰਚ ਨਹੀਂ ਗਏ।

ਸਾਡੀ ਜ਼ਿੰਦਗੀ ਬਦਲੀ

ਮੇਰੇ ਪਿਤਾ ਜੀ ਵਿਲਿਅਮ ਕਾਰਲ ਐਡਮਜ਼ ਅਤੇ ਮੇਰੇ ਮਾਤਾ ਜੀ ਮੈਰੀ ਦੇ ਘਰ ਪੰਜ ਬੱਚੇ ਪੈਦਾ ਹੋਏ ਸਨ। ਮੁੰਡਿਆਂ ਦੇ ਨਾਂ ਡੌਨ, ਜੋਅਲ ਅਤੇ ਕਾਰਲ ਹਨ। ਮੇਰੀ ਭੈਣ ਜੌਏ ਸਭ ਤੋਂ ਛੋਟੀ ਹੈ ਤੇ ਮੈਂ ਸਭ ਤੋਂ ਵੱਡੀ ਹਾਂ। ਇਕ ਦਿਨ ਜਦ ਮੈਂ ਸ਼ਾਇਦ 13 ਕੁ ਸਾਲ ਦੀ ਸੀ, ਤਾਂ ਮੈਂ ਆਪਣੇ ਮਾਤਾ ਜੀ ਨੂੰ ਸੰਸਾਰ ਦੀ ਉਮੀਦ ਪਰਮੇਸ਼ੁਰ ਦਾ ਰਾਜ ਹੈ ਨਾਮਕ ਪੁਸਤਿਕਾ ਪੜ੍ਹਦੇ ਦੇਖਿਆ। ਮਾਤਾ ਜੀ ਨੇ ਮੇਰੇ ਵੱਲ ਦੇਖ ਕੇ ਕਿਹਾ, “ਮੈਨੂੰ ਸੱਚਾਈ ਮਿਲ ਗਈ।”

ਮਾਤਾ ਜੀ ਨੇ ਸਾਨੂੰ ਸਾਰਿਆਂ ਨੂੰ ਦੱਸਿਆ ਕਿ ਉਹ ਬਾਈਬਲ ਵਿੱਚੋਂ ਕੀ ਸਿੱਖ ਰਹੇ ਸਨ। ਉਨ੍ਹਾਂ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਸਾਨੂੰ ਯਿਸੂ ਦੀ ਇਸ ਗੱਲ ਦੀ ਮਹੱਤਤਾ ਸਮਝਾਈ: “ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।”—ਮੱਤੀ 6:33.

ਮੈਂ ਕਦੇ-ਕਦੇ ਮਾਤਾ ਜੀ ਦੀਆਂ ਗੱਲਾਂ ਤੋਂ ਬੜੀ ਖਿੱਝ ਜਾਂਦੀ ਸੀ। ਇਕ ਵਾਰ ਮੈਂ ਕਿਹਾ: “ਮੰਮੀ ਜੀ, ਮੈਨੂੰ ਪ੍ਰਚਾਰ ਕਰਨੋਂ ਹਟ ਜਾਓ, ਨਹੀਂ ਤਾਂ ਮੈਂ ਤੁਹਾਡੇ ਨਾਲ ਕਦੀ ਭਾਂਡੇ ਨਹੀਂ ਧੋਣੇ।” ਪਰ ਉਹ ਮੇਰੇ ਨਾਲ ਗੱਲ ਕਰਨੋਂ ਨਹੀਂ ਹਟੇ। ਉਹ ਸਾਨੂੰ ਸਾਰਿਆਂ ਬੱਚਿਆਂ ਨੂੰ ਆਪਣੇ ਨਾਲ ਕਲੈਰ ਰਾਇਨ ਦੇ ਘਰ ਲੈ ਕੇ ਜਾਂਦੇ ਸਨ, ਜਿੱਥੇ ਬਾਈਬਲ ਅਧਿਐਨ ਕੀਤਾ ਜਾਂਦਾ ਸੀ। ਅਸੀਂ ਅਮਰੀਕਾ ਵਿਚ ਇਲੀਨਾਇ ਦੇ ਐਲਮਹਰਸਟ ਸ਼ਹਿਰ ਵਿਚ ਰਹਿੰਦੇ ਸੀ ਅਤੇ ਭੈਣ ਕਲੈਰ ਦਾ ਘਰ ਸਾਡੇ ਘਰ ਤੋਂ ਬਹੁਤੀ ਦੂਰ ਨਹੀਂ ਸੀ।

ਭੈਣ ਕਲੈਰ ਪਿਆਨੋ ਵਜਾਉਣਾ ਸਿਖਾਇਆ ਕਰਦੀ ਸੀ। ਉਸ ਦੇ ਵਿਦਿਆਰਥੀ ਸਾਲਾਨਾ ਜਲਸੇ ਵਿਚ ਆਪਣਾ ਹੁਨਰ ਦਿਖਾਉਂਦੇ ਹੁੰਦੇ ਸਨ ਅਤੇ ਭੈਣ ਕਲੈਰ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਉਮੀਦ ਬਾਰੇ ਗੱਲ ਕਰਦੀ ਹੁੰਦੀ ਸੀ। ਮੈਂ ਸੱਤ ਸਾਲ ਦੀ ਉਮਰ ਤੋਂ ਵਾਇਲਨ ਵਜਾਉਣੀ ਸਿੱਖੀ ਸੀ। ਸੰਗੀਤ ਵਿਚ ਦਿਲਚਸਪੀ ਹੋਣ ਕਰਕੇ ਮੈਂ ਭੈਣ ਕਲੈਰ ਦੀ ਗੱਲ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਕੁਝ ਸਮੇਂ ਬਾਅਦ ਅਸੀਂ ਸਾਰੇ ਬੱਚੇ ਆਪਣੇ ਮਾਤਾ ਜੀ ਨਾਲ ਸ਼ਿਕਾਗੋ ਦੇ ਪੱਛਮ ਵੱਲ ਇਕ ਕਲੀਸਿਯਾ ਦੀਆਂ ਮੀਟਿੰਗਾਂ ਵਿਚ ਜਾਣ ਲੱਗ ਪਏ। ਇਹ ਥਾਂ ਸਾਡੇ ਘਰ ਤੋਂ ਬਹੁਤ ਹੀ ਦੂਰ ਸੀ ਅਤੇ ਉੱਥੇ ਜਾਣ ਲਈ ਸਾਨੂੰ ਪਹਿਲਾਂ ਬੱਸ ਅਤੇ ਫਿਰ ਟ੍ਰਾਮ ਫੜਨੀ ਪੈਂਦੀ ਸੀ। ਪਰ ਇਸ ਮੁਢਲੀ ਸਿਖਲਾਈ ਤੋਂ ਸਾਨੂੰ ਅਹਿਸਾਸ ਹੋਇਆ ਕਿ ਪਰਮੇਸ਼ੁਰ ਦੇ ਰਾਜ ਨੂੰ ਜ਼ਿੰਦਗੀ ਵਿਚ ਪਹਿਲ ਦੇਣ ਦਾ ਕੀ ਮਤਲਬ ਹੈ। ਮਾਤਾ ਜੀ ਦੇ ਬਪਤਿਸਮੇ ਤੋਂ ਤਿੰਨ ਸਾਲ ਬਾਅਦ, 1938 ਵਿਚ ਮੈਂ ਉਨ੍ਹਾਂ ਦੇ ਨਾਲ ਸ਼ਿਕਾਗੋ ਵਿਚ ਹੋਏ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਗਈ। ਅਜਿਹੇ ਸੰਮੇਲਨ 50 ਸ਼ਹਿਰਾਂ ਵਿਚ ਹੋ ਰਹੇ ਸਨ ਅਤੇ ਇਹ ਸਾਰੇ ਸੰਮੇਲਨ ਰੇਡੀਓ ਟੈਲੀਫ਼ੋਨ ਰਾਹੀਂ ਜੁੜੇ ਹੋਏ ਸਨ। ਮੈਂ ਜੋ ਉੱਥੇ ਸੁਣਿਆ, ਉਸ ਦਾ ਮੇਰੇ ਉੱਤੇ ਵੱਡਾ ਪ੍ਰਭਾਵ ਪਿਆ।

ਪਰ ਸੰਗੀਤ ਨਾਲ ਵੀ ਮੇਰੀ ਬਹੁਤ ਲਗਨ ਸੀ। ਜਦ 1938 ਵਿਚ ਮੈਂ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ, ਤਾਂ ਪਿਤਾ ਜੀ ਨੇ ਮੇਰੇ ਲਈ ਬੰਦੋਬਸਤ ਕੀਤਾ ਕਿ ਮੈਂ ਸ਼ਿਕਾਗੋ ਵਿਚ ਸੰਗੀਤ ਦੇ ਕਾਲਜ ਵਿਚ ਅੱਗੇ ਪੜ੍ਹਾਈ ਕਰਾਂ। ਮੈਂ ਅਗਲੇ ਦੋ ਸਾਲ ਉੱਥੇ ਸੰਗੀਤ ਵਿਦਿਆ ਲਈ ਅਤੇ ਦੋ ਆਰਕੈਸਟਰਾਂ ਵਿਚ ਵਾਇਲਨ ਵਜਾਈ। ਮੈਂ ਸੰਗੀਤ ਨੂੰ ਆਪਣਾ ਪੇਸ਼ਾ ਬਣਾਉਣ ਬਾਰੇ ਵੀ ਸੋਚ ਰਹੀ ਸੀ।

ਮੈਨੂੰ ਵਾਇਲਨ ਸਿਖਾਉਣ ਵਾਲੇ ਮਾਸਟਰ ਦਾ ਨਾਂ ਹਰਬਰਟ ਬਟਲਰ ਸੀ। ਉਹ ਯੂਰਪ ਛੱਡ ਕੇ ਅਮਰੀਕਾ ਰਹਿਣ ਆਏ ਸਨ। ਇਸ ਲਈ ਮੈਂ ਉਨ੍ਹਾਂ ਨੂੰ ਰਫਿਊਜੀ  * ਨਾਮਕ ਪੁਸਤਿਕਾ ਪੜ੍ਹਨ ਨੂੰ ਦਿੱਤੀ। ਉਸ ਨੂੰ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਅਗਲੇ ਹਫ਼ਤੇ ਮੈਨੂੰ ਕਿਹਾ: “ਜੈਥਾ, ਤੂੰ ਬਹੁਤ ਸੋਹਣੀ ਵਾਇਲਨ ਵਜਾਉਂਦੀ ਹੈਂ ਅਤੇ ਜੇ ਤੂੰ ਸੰਗੀਤ ਵਿਦਿਆ ਲੈਣੀ ਜਾਰੀ ਰੱਖੇਂ, ਤਾਂ ਤੈਨੂੰ ਰੇਡੀਓ ਤੇ ਇਕ ਆਰਕੈਸਟਰਾ ਵਿਚ ਨੌਕਰੀ ਮਿਲ ਸਕਦੀ ਹੈ ਜਾਂ ਤੂੰ ਹੋਰਨਾਂ ਨੂੰ ਸੰਗੀਤ ਸਿਖਾ ਸਕਦੀ ਹੈਂ। ਪਰ,” ਉਨ੍ਹਾਂ ਨੇ ਆਪਣੇ ਹੱਥ ਵਿਚ ਫੜੀ ਪੁਸਤਿਕਾ ਵੱਲ ਦੇਖ ਕੇ ਅੱਗੇ ਕਿਹਾ, “ਮੈਨੂੰ ਲੱਗਦਾ ਕਿ ਤੇਰਾ ਦਿਲ ਇਸ ਵਿਚ ਹੈ। ਤੂੰ ਇਸ ਕੰਮ ਵੱਲ ਆਪਣਾ ਪੂਰਾ ਧਿਆਨ ਕਿਉਂ ਨਹੀਂ ਲਗਾਉਂਦੀ?”

ਮੈਂ ਉਨ੍ਹਾਂ ਦੀ ਗੱਲ ਬਾਰੇ ਚੰਗੀ ਤਰ੍ਹਾਂ ਸੋਚਿਆ। ਕਾਲਜ ਵਿਚ ਸੰਗੀਤ ਵਿਦਿਆ ਜਾਰੀ ਰੱਖਣ ਦੀ ਬਜਾਇ ਮੈਂ ਜੁਲਾਈ 1940 ਵਿਚ ਆਪਣੇ ਮਾਤਾ ਜੀ ਨਾਲ ਡਿਟਰਾਇਟ, ਮਿਸ਼ੀਗਨ ਵਿਚ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਜਾਣ ਦਾ ਫ਼ੈਸਲਾ ਕੀਤਾ। ਉੱਥੇ ਅਸੀਂ ਤੰਬੂਆਂ ਵਿਚ ਰਹੀਆਂ। ਕਾਫਲਿਆਂ ਤੇ ਤੰਬੂਆਂ ਦਾ ਉੱਥੇ ਸ਼ਹਿਰ ਜਿਹਾ ਬਣਿਆ ਹੋਇਆ ਸੀ। ਮੈਂ ਆਪਣੀ ਵਾਇਲਨ ਨੂੰ ਨਾਲ ਲੈ ਕੇ ਗਈ ਸੀ ਅਤੇ ਮੈਨੂੰ ਸੰਮੇਲਨ ਦੇ ਆਰਕੈਸਟਰਾ ਵਿਚ ਇਸ ਨੂੰ ਵਜਾਉਣ ਦਾ ਮੌਕਾ ਮਿਲਿਆ। ਪਰ ਜਿੱਥੇ ਅਸੀਂ ਮਾਂ-ਧੀ ਰਹਿ ਰਹੀਆਂ ਸਾਂ, ਉੱਥੇ ਮੈਨੂੰ ਬਹੁਤ ਸਾਰੇ ਪਾਇਨੀਅਰ ਮਿਲੇ। ਮੈਂ ਉਨ੍ਹਾਂ ਦੀ ਖ਼ੁਸ਼ੀ ਦੇਖ ਕੇ ਬਪਤਿਸਮਾ ਲੈਣ ਦਾ ਫ਼ੈਸਲਾ ਕਰ ਲਿਆ ਅਤੇ ਪਾਇਨੀਅਰੀ ਕਰਨ ਲਈ ਅਰਜ਼ੀ ਭਰ ਦਿੱਤੀ। ਮੈਂ ਯਹੋਵਾਹ ਅੱਗੇ ਦੁਆ ਕੀਤੀ ਕਿ ਉਹ ਮੇਰੀ ਮਦਦ ਕਰੇ ਕਿ ਮੈਂ ਜ਼ਿੰਦਗੀ ਭਰ ਉਸ ਦੀ ਇਸੇ ਤਰ੍ਹਾਂ ਸੇਵਾ ਕਰਦੀ ਰਹਾਂ।

ਮੈਂ ਐਲਮਹਰਸਟ ਵਿਚ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਮੈਂ ਸ਼ਿਕਾਗੋ ਪਾਇਨੀਅਰੀ ਕੀਤੀ। ਸਾਲ 1943 ਵਿਚ ਮੈਂ ਕੈਂਟਕੀ ਚਲੀ ਗਈ। ਉਸੇ ਸਾਲ ਦੇ ਵੱਡੇ ਸੰਮੇਲਨ ਤੋਂ ਪਹਿਲਾਂ ਮੈਨੂੰ ਗਿਲਿਅਡ ਸਕੂਲ ਦੀ ਦੂਜੀ ਕਲਾਸ ਵਿਚ ਦਾਖ਼ਲ ਹੋਣ ਦਾ ਸੱਦਾ ਮਿਲਿਆ। ਇਸ ਸਕੂਲ ਵਿਚ ਮੈਨੂੰ ਮਿਸ਼ਨਰੀ ਸੇਵਾ ਦੀ ਟ੍ਰੇਨਿੰਗ ਮਿਲਣੀ ਸੀ ਅਤੇ ਮੇਰੀ ਕਲਾਸ ਸਤੰਬਰ 1943 ਵਿਚ ਸ਼ੁਰੂ ਹੋਣੀ ਸੀ।

ਉਸ ਸਾਲ ਦੇ ਸੰਮੇਲਨ ਦੌਰਾਨ ਮੈਂ ਇਕ ਭੈਣ ਦੇ ਘਰ ਰਹੀ ਜਿਸ ਦੀ ਲੜਕੀ ਫ਼ੌਜ ਵਿਚ ਭਰਤੀ ਸੀ। ਉਸ ਲੜਕੀ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਉਸ ਦੀਆਂ ਸਾਰੀਆਂ ਚੀਜ਼ਾਂ ਹੋਰਨਾਂ ਨੂੰ ਵੰਡ ਦੇਵੇ। ਉਸ ਭੈਣ ਨੇ ਮੈਨੂੰ ਕਿਹਾ ਕਿ ਮੈਂ ਉਸ ਦੀ ਲੜਕੀ ਦੇ ਕੱਪੜਿਆਂ ਵਿੱਚੋਂ ਜੋ ਮੇਰਾ ਜੀ ਚਾਹੇ ਲੈ ਸਕਦੀ ਸੀ। ਮੇਰੇ ਲਈ ਯਿਸੂ ਦਾ ਇਹ ਵਾਅਦਾ ਸੱਚ-ਮੁੱਚ ਪੂਰਾ ਹੋਇਆ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਗਿਲਿਅਡ ਵਿਚ ਪੰਜ ਮਹੀਨੇ ਝੱਟ ਨਿਕਲ ਗਏ ਅਤੇ 31 ਜਨਵਰੀ 1944 ਦੇ ਦਿਨ ਮੈਂ ਸਕੂਲ ਤੋਂ ਗ੍ਰੈਜੂਏਟ ਹੋ ਕੇ ਮਿਸ਼ਨਰੀ ਸੇਵਾ ਵਿਚ ਜਾਣ ਲਈ ਉਤਾਵਲੀ ਸੀ।

ਉਨ੍ਹਾਂ ਨੇ ਵੀ ਪੂਰੇ ਸਮੇਂ ਲਈ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ

ਮਾਤਾ ਜੀ ਨੇ 1942 ਵਿਚ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਸੀ। ਉਸ ਸਮੇਂ ਮੇਰੇ ਤਿੰਨੇ ਭਰਾ ਤੇ ਛੋਟੀ ਭੈਣ ਅਜੇ ਸਕੂਲੇ ਪੜ੍ਹ ਰਹੇ ਸਨ। ਮਾਤਾ ਜੀ ਅਕਸਰ ਉਨ੍ਹਾਂ ਨੂੰ ਸਕੂਲ ਤੋਂ ਬਾਅਦ ਪ੍ਰਚਾਰ ਦੇ ਕੰਮ ਵਿਚ ਲੈ ਜਾਂਦੇ ਸਨ ਅਤੇ ਉਨ੍ਹਾਂ ਨੂੰ ਘਰ ਦਾ ਕੰਮ ਕਰਨਾ ਵੀ ਸਿਖਾਉਂਦੇ ਸਨ। ਉਹ ਆਪ ਅਕਸਰ ਦੇਰ ਰਾਤ ਤਕ ਜਾਗ ਕੇ ਕੱਪੜੇ ਪ੍ਰੈੱਸ ਕਰਦੇ ਸਨ ਅਤੇ ਘਰ ਦੇ ਹੋਰ ਸਾਰੇ ਕੰਮ ਖ਼ਤਮ ਕਰਦੇ ਸਨ, ਤਾਂਕਿ ਉਹ ਅਗਲੇ ਦਿਨ ਪ੍ਰਚਾਰ ਦੇ ਕੰਮ ਵਿਚ ਜਾ ਸਕਣ।

ਜਨਵਰੀ 1943 ਵਿਚ ਜਦੋਂ ਮੈਂ ਕੈਂਟਕੀ ਵਿਚ ਪਾਇਨੀਅਰੀ ਕਰ ਰਹੀ ਸੀ, ਤਾਂ ਮੇਰੇ ਭਰਾ ਡੌਨ ਨੇ ਵੀ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਪਿਤਾ ਜੀ ਖ਼ੁਸ਼ ਨਹੀਂ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਸਾਰੇ ਬੱਚੇ ਉਨ੍ਹਾਂ ਵਾਂਗ ਤੇ ਮਾਤਾ ਜੀ ਵਾਂਗ ਕਾਲਜ ਦੀ ਪੜ੍ਹਾਈ ਪੂਰੀ ਕਰਨ। ਤਕਰੀਬਨ ਦੋ ਸਾਲ ਪਾਇਨੀਅਰੀ ਕਰਨ ਤੋਂ ਬਾਅਦ ਡੌਨ ਨੂੰ ਬਰੁਕਲਿਨ ਬੈਥਲ ਵਿਚ ਬੁਲਾਇਆ ਗਿਆ, ਜਿੱਥੇ ਉਸ ਨੇ ਪੂਰੇ ਸਮੇਂ ਲਈ ਪਰਮੇਸ਼ੁਰ ਦੀ ਸੇਵਾ ਵਿਚ ਕੰਮ ਕਰਨਾ ਜਾਰੀ ਰੱਖਿਆ।

ਜੂਨ 1943 ਵਿਚ ਜੋਅਲ ਨੇ ਘਰ ਰਹਿੰਦੇ ਹੋਏ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਿਨਾਂ ਵਿਚ ਉਸ ਨੇ ਪਿਤਾ ਜੀ ਨੂੰ ਇਕ ਸੰਮੇਲਨ ਵਿਚ ਜਾਣ ਲਈ ਰਾਜ਼ੀ ਕਰਨ ਦੀ ਬੜੀ ਕੋਸ਼ਿਸ਼ ਕੀਤੀ ਸੀ, ਪਰ ਪਿਤਾ ਜੀ ਨਹੀਂ ਮੰਨੇ। ਲੇਕਿਨ ਜਦੋਂ ਜੋਅਲ ਨੂੰ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਕੋਈ ਬਾਈਬਲ ਸਟੱਡੀ ਨਹੀਂ ਮਿਲੀ, ਤਾਂ ਪਿਤਾ ਜੀ ਨੇ ਉਸ ਨਾਲ “ਸਚਿਆਈ ਤੁਹਾਨੂੰ ਅਜ਼ਾਦ ਕਰੇਗੀ” ਨਾਮਕ ਕਿਤਾਬ ਵਿੱਚੋਂ ਬਾਈਬਲ ਸਟੱਡੀ ਕਰਨੀ ਕਬੂਲ ਕਰ ਲਈ। ਉਹ ਸਵਾਲਾਂ ਦਾ ਜਵਾਬ ਤਾਂ ਆਸਾਨੀ ਨਾਲ ਦੇ ਦਿੰਦੇ ਸਨ, ਪਰ ਕੋਈ ਗੱਲ ਸਵੀਕਾਰ ਕਰਨ ਤੋਂ ਪਹਿਲਾਂ ਉਹ ਜੋਅਲ ਕੋਲੋਂ ਬਾਈਬਲ ਵਿੱਚੋਂ ਸਬੂਤ ਮੰਗਦੇ ਸਨ। ਇਸ ਨਾਲ ਜੋਅਲ ਬਾਈਬਲ ਦੀ ਸੱਚਾਈ ਨੂੰ ਆਪਣੇ ਦਿਲ ਵਿਚ ਚੰਗੀ ਤਰ੍ਹਾਂ ਬਿਠਾ ਸਕਿਆ।

ਜੋਅਲ ਦੀ ਆਸ ਸੀ ਕਿ ਸਰਕਾਰ ਦੇ ਜਿਸ ਬੋਰਡ ਨੇ ਡੌਨ ਨੂੰ ਧਰਮ-ਉਪਦੇਸ਼ਕ ਦਾ ਕਰਾਰ ਦੇ ਕੇ ਫ਼ੌਜ ਵਿਚ ਭਰਤੀ ਹੋਣ ਤੋਂ ਮੁਕਤ ਕੀਤਾ ਸੀ, ਉਹ ਉਸ ਨੂੰ ਵੀ ਮੁਕਤ ਕਰੇਗਾ। ਪਰ ਜਦੋਂ ਬੋਰਡ ਦੇ ਮੈਂਬਰਾਂ ਨੇ ਦੇਖਿਆ ਕਿ ਜੋਅਲ ਉਮਰ ਵਿਚ ਅਜੇ ਕਾਫ਼ੀ ਛੋਟਾ ਲੱਗਦਾ ਸੀ, ਤਾਂ ਉਨ੍ਹਾਂ ਨੇ ਉਸ ਨੂੰ ਧਰਮ-ਉਪਦੇਸ਼ਕ ਦਾ ਕਰਾਰ ਦੇਣ ਤੋਂ ਇਨਕਾਰ ਕਰ ਕੇ ਉਸ ਨੂੰ ਫ਼ੌਜ ਵਿਚ ਭਰਤੀ ਹੋਣ ਦਾ ਹੁਕਮ ਦੇ ਦਿੱਤਾ। ਇਸ ਤੋਂ ਬਾਅਦ ਉਹ ਗਿਰਫ਼ਤਾਰ ਕੀਤਾ ਗਿਆ ਅਤੇ ਉਸ ਨੇ ਤਿੰਨ ਦਿਨ ਜੇਲ੍ਹ ਵਿਚ ਗੁਜ਼ਾਰੇ।

ਇਸ ਬੇਇਨਸਾਫ਼ੀ ਤੋਂ ਮੇਰੇ ਪਿਤਾ ਜੀ ਨੂੰ ਬਹੁਤ ਗੁੱਸਾ ਆਇਆ। ਉਨ੍ਹਾਂ ਨੇ ਸਾਡੇ ਘਰ ਦੀ ਜ਼ਮਾਨਤ ਤੇ ਜੋਅਲ ਨੂੰ ਜੇਲ੍ਹ ਤੋਂ ਰਿਹਾ ਕਰਵਾਇਆ। ਬਾਅਦ ਵਿਚ ਉਨ੍ਹਾਂ ਨੇ ਹੋਰ ਕਈ ਨੌਜਵਾਨ ਗਵਾਹਾਂ ਦੀ ਵੀ ਜ਼ਮਾਨਤ ਦਿੱਤੀ। ਉਹ ਜੋਅਲ ਦੇ ਨਾਲ ਉਸ ਦੇ ਕੇਸ ਦੀ ਅਪੀਲ ਕਰਨ ਲਈ ਵਾਸ਼ਿੰਗਟਨ ਡੀ. ਸੀ. ਨੂੰ ਗਏ। ਅਖ਼ੀਰ ਵਿਚ, ਜੋਅਲ ਨੂੰ ਧਰਮ-ਉਪਦੇਸ਼ਕ ਵਜੋਂ ਮਾਨਤਾ ਮਿਲ ਹੀ ਗਈ ਅਤੇ ਉਸ ਖ਼ਿਲਾਫ਼ ਕੇਸ ਬੰਦ ਕੀਤਾ ਗਿਆ। ਪਿਤਾ ਜੀ ਨੇ ਮੈਨੂੰ ਇਕ ਚਿੱਠੀ ਵਿਚ ਲਿਖਿਆ: “ਮੇਰੇ ਖ਼ਿਆਲ ਵਿਚ ਯਹੋਵਾਹ ਦੀ ਮਦਦ ਨਾਲ ਹੀ ਸਾਨੂੰ ਇਹ ਜਿੱਤ ਮਿਲੀ ਹੈ!” ਅਗਸਤ 1946 ਦੇ ਅਖ਼ੀਰ ਵਿਚ ਜੋਅਲ ਨੂੰ ਵੀ ਬਰੁਕਲਿਨ ਬੈਥਲ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ।

ਕਾਰਲ ਆਪਣੀਆਂ ਸਕੂਲ ਦੀਆਂ ਛੁੱਟੀਆਂ ਵਿਚ ਕਈ ਵਾਰ ਪਾਇਨੀਅਰੀ ਕਰਦਾ ਹੁੰਦਾ ਸੀ। ਫਿਰ 1947 ਦੇ ਸ਼ੁਰੂ ਵਿਚ ਉਸ ਨੇ ਆਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਲਗਾਤਾਰ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਿਨਾਂ ਵਿਚ ਪਿਤਾ ਜੀ ਦੀ ਸਿਹਤ ਇੰਨੀ ਚੰਗੀ ਨਹੀਂ ਸੀ, ਇਸ ਲਈ ਕਾਰਲ ਨੇ ਕੁਝ ਸਮੇਂ ਲਈ ਉਨ੍ਹਾਂ ਦੇ ਬਿਜ਼ਨਿਸ ਵਿਚ ਉਨ੍ਹਾਂ ਦੀ ਮਦਦ ਕੀਤੀ। ਫਿਰ ਉਹ ਵੀ ਕਿਤੇ ਹੋਰ ਪਾਇਨੀਅਰੀ ਕਰਨ ਚਲਿਆ ਗਿਆ। ਸਾਲ 1947 ਦੇ ਅਖ਼ੀਰ ਵਿਚ ਕਾਰਲ ਵੀ ਡੌਨ ਤੇ ਜੋਅਲ ਨਾਲ ਬਰੁਕਲਿਨ ਬੈਥਲ ਪਰਿਵਾਰ ਦਾ ਮੈਂਬਰ ਬਣ ਗਿਆ।

ਜੌਏ ਨੇ ਵੀ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਫਿਰ 1951 ਵਿਚ ਉਹ ਸਾਡੇ ਭਰਾਵਾਂ ਨਾਲ ਬੈਥਲ ਵਿਚ ਕੰਮ ਕਰਨ ਚਲੀ ਗਈ। ਉਸ ਨੇ ਹਾਉਸਕੀਪਿੰਗ ਤੇ ਸਬਸਕ੍ਰਿਪਸ਼ਨ ਵਿਭਾਗ ਵਿਚ ਸੇਵਾ ਕੀਤੀ। ਸਾਲ 1955 ਵਿਚ ਬੈਥਲ ਪਰਿਵਾਰ ਦੇ ਇਕ ਮੈਂਬਰ, ਰੌਜਰ ਮੌਰਗਨ ਨਾਲ ਉਸ ਦੀ ਸ਼ਾਦੀ ਹੋ ਗਈ। ਸੱਤ ਸਾਲ ਮਗਰੋਂ ਉਨ੍ਹਾਂ ਨੇ ਬੈਥਲ ਛੱਡ ਕੇ ਆਪਣਾ ਘਰ ਵਸਾ ਲਿਆ। ਹੁਣ ਉਨ੍ਹਾਂ ਦੇ ਦੋ ਬੱਚੇ ਵੀ ਯਹੋਵਾਹ ਦੀ ਸੇਵਾ ਕਰਦੇ ਹਨ।

ਜਦੋਂ ਸਾਰੇ ਬੱਚੇ ਪਰਮੇਸ਼ੁਰ ਦੀ ਸੇਵਾ ਵਿਚ ਲੱਗ ਗਏ, ਤਾਂ ਮਾਤਾ ਜੀ ਨੇ ਪਿਤਾ ਜੀ ਦਾ ਹੌਸਲਾ ਵਧਾਇਆ। ਨਤੀਜਾ ਇਹ ਹੋਇਆ ਕਿ ਉਨ੍ਹਾਂ ਨੇ 1952 ਵਿਚ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ। ਉਹ ਅਗਲੇ 15 ਸਾਲਾਂ ਦੌਰਾਨ ਆਪਣੀ ਮੌਤ ਤਕ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਸਿਖਾਉਂਦੇ ਰਹੇ। ਭਾਵੇਂ ਉਨ੍ਹਾਂ ਦੀ ਸਿਹਤ ਮਾੜੀ ਸੀ, ਫਿਰ ਵੀ ਉਹ ਪ੍ਰਚਾਰ ਕਰਨ ਦਾ ਹਰ ਮੌਕਾ ਭਾਲਦੇ ਸਨ।

ਮਾਤਾ ਜੀ ਆਪਣੀ ਮੌਤ ਤਕ ਪਾਇਨੀਅਰੀ ਕਰਦੇ ਰਹੇ, ਭਾਵੇਂ ਕਿ ਪਿਤਾ ਜੀ ਦੀ ਮਾੜੀ ਸਿਹਤ ਕਰਕੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਪਾਇਨੀਅਰੀ ਛੱਡਣੀ ਪਈ ਸੀ। ਉਨ੍ਹਾਂ ਕੋਲ ਨਾ ਕਾਰ ਸੀ ਤੇ ਨਾ ਹੀ ਉਨ੍ਹਾਂ ਨੇ ਕਦੇ ਸਾਈਕਲ ਚਲਾਇਆ ਸੀ। ਉਨ੍ਹਾਂ ਦਾ ਕੱਦ ਛੋਟਾ ਸੀ ਅਤੇ ਉਹ ਹਰ ਜਗ੍ਹਾ ਪੈਦਲ ਜਾਂਦੇ ਸਨ। ਉਹ ਅਕਸਰ ਕਿਸੇ ਨੂੰ ਬਾਈਬਲ ਸਟੱਡੀ ਕਰਾਉਣ ਲਈ ਦੂਰ-ਦੂਰ ਪਿੰਡਾਂ ਵਿਚ ਤੁਰ ਕੇ ਜਾਂਦੇ ਹੁੰਦੇ ਸਨ।

ਮਿਸ਼ਨਰੀ ਸੇਵਾ

ਗਿਲਿਅਡ ਸਕੂਲ ਦੀ ਗ੍ਰੈਜੂਏਸ਼ਨ ਤੋਂ ਬਾਅਦ ਸਾਨੂੰ ਕੁਝ ਗ੍ਰੈਜੂਏਟਾਂ ਨੂੰ ਦੂਸਰੇ ਮੁਲਕ ਸਫ਼ਰ ਕਰਨ ਲਈ ਜ਼ਰੂਰੀ ਕਾਗਜ਼ਾਤ ਲਈ ਉਡੀਕ ਕਰਨੀ ਪਈ। ਇਸ ਲਈ ਅਸੀਂ ਨਿਊ ਯਾਰਕ ਸ਼ਹਿਰ ਦੇ ਉੱਤਰੀ ਇਲਾਕੇ ਵਿਚ ਇਕ ਸਾਲ ਤਕ ਪਾਇਨੀਅਰੀ ਕੀਤੀ। ਆਖ਼ਰਕਾਰ 1945 ਵਿਚ ਅਸੀਂ ਕਿਊਬਾ ਲਈ ਰਵਾਨਾ ਹੋਈਆਂ। ਅਸੀਂ ਹੌਲੀ-ਹੌਲੀ ਉੱਥੇ ਦੀ ਰਹਿਣੀ-ਬਹਿਣੀ ਸਿੱਖ ਲਈ। ਲੋਕ ਸੱਚਾਈ ਸੁਣਨ ਲਈ ਤਿਆਰ ਸਨ ਅਤੇ ਥੋੜ੍ਹੇ ਜਿਹੇ ਸਮੇਂ ਵਿਚ ਅਸੀਂ ਕਈਆਂ ਲੋਕਾਂ ਨਾਲ ਬਾਈਬਲ ਸਟੱਡੀ ਕਰ ਰਹੀਆਂ ਸੀ। ਅਸੀਂ ਉੱਥੇ ਕਈ ਸਾਲ ਸੇਵਾ ਕੀਤੀ। ਫਿਰ ਅਸੀਂ ਡਮਿਨੀਕਨ ਗਣਰਾਜ ਨੂੰ ਗਈਆਂ। ਇਕ ਦਿਨ ਮੈਨੂੰ ਇਕ ਔਰਤ ਮਿਲੀ ਜਿਸ ਨੇ ਮੈਨੂੰ ਕਿਹਾ ਕਿ ਮੈਂ ਉਸ ਦੀ ਇਕ ਗਾਹਕ ਨੂੰ ਜ਼ਰੂਰ ਮਿਲਾਂ। ਇਹ ਗਾਹਕ, ਸੁਜ਼ਾਨ ਅੰਫ੍ਰਵਾ ਨਾਂ ਦੀ ਫਰਾਂਸੀਸੀ ਔਰਤ ਸੀ ਅਤੇ ਉਹ ਚਾਹੁੰਦੀ ਸੀ ਕਿ ਕੋਈ ਬਾਈਬਲ ਸਮਝਣ ਵਿਚ ਉਸ ਦੀ ਮਦਦ ਕਰੇ।

ਸੁਜ਼ਾਨ ਯਹੂਦੀ ਸੀ ਅਤੇ ਜਦੋਂ ਹਿਟਲਰ ਨੇ ਫਰਾਂਸ ਤੇ ਚੜ੍ਹਾਈ ਕੀਤੀ, ਤਾਂ ਉਸ ਦੇ ਪਤੀ ਨੇ ਉਸ ਨੂੰ ਅਤੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਉੱਥੋਂ ਕੱਢ ਕੇ ਦੂਸਰੇ ਦੇਸ਼ ਪਹੁੰਚਾ ਦਿੱਤਾ ਸੀ। ਸੁਜ਼ਾਨ ਨੇ ਬਾਈਬਲ ਤੋਂ ਸਿੱਖੀਆਂ ਗੱਲਾਂ ਹੋਰਨਾਂ ਨੂੰ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਉਸ ਨੇ ਉਸ ਔਰਤ ਨਾਲ ਗੱਲ ਕੀਤੀ ਜਿਸ ਨੇ ਮੈਨੂੰ ਸੁਜ਼ਾਨ ਬਾਰੇ ਦੱਸਿਆ ਸੀ। ਫਿਰ ਉਸ ਨੇ ਫਰਾਂਸ ਤੋਂ ਆਈ ਆਪਣੀ ਇਕ ਸਹੇਲੀ ਬਲਾਂਸ਼ ਨਾਲ ਗੱਲ ਕੀਤੀ। ਇਨ੍ਹਾਂ ਦੋਹਾਂ ਨੇ ਹੁਣ ਬਪਤਿਸਮਾ ਲੈ ਲਿਆ ਹੈ।

ਸੁਜ਼ਾਨ ਨੇ ਮੈਨੂੰ ਪੁੱਛਿਆ: “ਮੈਂ ਆਪਣੇ ਬੱਚਿਆਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੀ ਹਾਂ?” ਉਸ ਦਾ ਲੜਕਾ ਡਾਕਟਰੀ ਕਰ ਰਿਹਾ ਸੀ। ਉਸ ਦੀ ਲੜਕੀ ਬੈਲੇ ਡਾਂਸ ਸਿੱਖ ਰਹੀ ਸੀ ਅਤੇ ਇਕ ਦਿਨ ਨਿਊ ਯਾਰਕ ਵਿਚ ਰੇਡੀਓ ਸਿਟੀ ਮਿਊਜ਼ਿਕ ਹੌਲ ਵਿਚ ਨੱਚਣ ਦੀ ਉਮੀਦ ਰੱਖਦੀ ਸੀ। ਸੁਜ਼ਾਨ ਨੇ ਉਨ੍ਹਾਂ ਦੋਹਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲਗਵਾ ਦਿੱਤੇ। ਨਤੀਜੇ ਵਜੋਂ ਉਸ ਦਾ ਲੜਕਾ ਤੇ ਨੂੰਹ ਅਤੇ ਨੂੰਹ ਦੀ ਜੌੜੀ ਭੈਣ ਯਹੋਵਾਹ ਦੇ ਗਵਾਹ ਬਣ ਗਏ। ਸੁਜ਼ਾਨ ਦਾ ਪਤੀ, ਲਵੀ ਆਪਣੀ ਪਤਨੀ ਨੂੰ ਯਹੋਵਾਹ ਦੇ ਗਵਾਹਾਂ ਵਿਚ ਇੰਨੀ ਜ਼ਿਆਦਾ ਦਿਲਚਸਪੀ ਲੈਂਦੀ ਦੇਖ ਕੇ ਥੋੜ੍ਹਾ-ਬਹੁਤ ਪਰੇਸ਼ਾਨ ਸੀ ਕਿਉਂਕਿ ਡਮਿਨੀਕਨ ਗਣਰਾਜ ਦੀ ਸਰਕਾਰ ਨੇ ਸਾਡੇ ਕੰਮ ਉੱਤੇ ਪਾਬੰਦੀ ਲਾਈ ਹੋਈ ਸੀ। ਪਰ ਜਦ ਉਨ੍ਹਾਂ ਦਾ ਸਾਰਾ ਪਰਿਵਾਰ ਅਮਰੀਕਾ ਚਲਾ ਗਿਆ, ਤਾਂ ਉਹ ਵੀ ਯਹੋਵਾਹ ਦਾ ਗਵਾਹ ਬਣ ਗਿਆ।

ਪਾਬੰਦੀ ਦੇ ਬਾਵਜੂਦ ਸੇਵਾ ਜਾਰੀ

ਅਸੀਂ 1949 ਵਿਚ ਡਮਿਨੀਕਨ ਗਣਰਾਜ ਪਹੁੰਚੀਆਂ ਸੀ। ਇਸ ਤੋਂ ਥੋੜ੍ਹੀ ਹੀ ਦੇਰ ਬਾਅਦ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲਾਈ ਗਈ ਸੀ। ਪਰ ਅਸੀਂ ਮਨੁੱਖਾਂ ਦੇ ਹੁਕਮ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਣਾ ਚਾਹਿਆ। (ਰਸੂਲਾਂ ਦੇ ਕਰਤੱਬ 5:29) ਅਸੀਂ ਯਿਸੂ ਦੇ ਹੁਕਮ ਮੁਤਾਬਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੁਆਰਾ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੀਆਂ ਰਹੀਆਂ। (ਮੱਤੀ 24:14) ਪਰ ਅਸੀਂ ਪ੍ਰਚਾਰ ਕਰਦੇ ਸਮੇਂ “ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ” ਬਣਨਾ ਸਿੱਖਿਆ। (ਮੱਤੀ 10:16) ਇਸ ਵਿਚ ਮੇਰੀ ਵਾਇਲਨ ਬਹੁਤ ਹੀ ਕੰਮ ਆਈ। ਮਿਸਾਲ ਲਈ, ਜਦ ਮੈਂ ਕਿਸੇ ਨਾਲ ਬਾਈਬਲ ਸਟੱਡੀ ਕਰਨ ਜਾਂਦੀ ਸੀ, ਤਾਂ ਮੈਂ ਆਪਣੀ ਵਾਇਲਨ ਨੂੰ ਨਾਲ ਲੈ ਜਾਂਦੀ ਸੀ ਜਿਵੇਂ ਕਿਤੇ ਮੈਂ ਉਨ੍ਹਾਂ ਨੂੰ ਵਾਇਲਨ ਸਿਖਾ ਰਹੀ ਹੋਵਾਂ। ਮੇਰੇ ਵਿਦਿਆਰਥੀਆਂ ਵਿੱਚੋਂ ਕਿਸੇ ਨੇ ਵਾਇਲਨ ਵਜਾਉਣੀ ਤਾਂ ਨਹੀਂ ਸਿੱਖੀ, ਪਰ ਕਈ ਪਰਿਵਾਰ ਯਹੋਵਾਹ ਦੇ ਗਵਾਹ ਜ਼ਰੂਰ ਬਣ ਗਏ!

ਸਾਨ ਫ਼ਰਾਂਸਿਸਕੋ ਡ ਮਾਕੋਰੀਸ ਸ਼ਹਿਰ ਦੇ ਮਿਸ਼ਨਰੀ ਘਰ ਵਿਚ ਮੇਰੇ ਨਾਲ ਮੈਰੀ ਅੰਯੋਲ, ਸਫ਼ੀਆ ਸੋਵਿਅਕ ਅਤੇ ਈਡਥ ਮੌਰਗਨ ਰਹਿੰਦੀਆਂ ਸਨ। ਪਾਬੰਦੀ ਲੱਗਣ ਤੋਂ ਬਾਅਦ ਸਾਡੀ ਚਾਰਾਂ ਕੁੜੀਆਂ ਦੀ ਬਦਲੀ ਡਮਿਨੀਕਨ ਗਣਰਾਜ ਦੀ ਰਾਜਧਾਨੀ, ਸਾਂਟੋ ਡੋਮਿੰਗੋ ਵਿਚ ਕੀਤੀ ਗਈ। ਸਾਡਾ ਮਿਸ਼ਨਰੀ ਘਰ ਬ੍ਰਾਂਚ ਆਫਿਸ ਵਿਚ ਸੀ। ਪਰ ਮਹੀਨੇ ਵਿਚ ਇਕ ਵਾਰ ਮੈਂ ਵਾਇਲਨ ਸਿਖਾਉਣ ਵਾਪਸ ਸਾਨ ਫ਼ਰਾਂਸਿਸਕੋ ਡ ਮਾਕੋਰੀਸ ਜਾਂਦੀ ਸੀ। ਇਸ ਤਰ੍ਹਾਂ ਮੈਂ ਆਪਣੀ ਵਾਇਲਨ ਦੇ ਬਕਸੇ ਵਿਚ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਰਸਾਲੇ ਤੇ ਕਿਤਾਬਾਂ ਲੈ ਜਾਂਦੀ ਸੀ ਅਤੇ ਵਾਪਸ ਆਉਂਦੀ ਹੋਈ ਉਨ੍ਹਾਂ ਦੀਆਂ ਪ੍ਰਚਾਰ ਦੀਆਂ ਰਿਪੋਰਟਾਂ ਲੈ ਆਉਂਦੀ ਸੀ।

ਜਦੋਂ ਸਾਨ ਫ਼ਰਾਂਸੀਸਕੋ ਡ ਮਾਕੋਰੀਸ ਵਿਚ ਰਹਿੰਦੇ ਗਵਾਹ ਮਸੀਹੀ ਨਿਰਪੱਖਤਾ ਦੇ ਕਾਰਨ ਸੈਂਟੀਆਗੋ ਜੇਲ੍ਹ ਵਿਚ ਕੈਦ ਕੀਤੇ ਗਏ ਸਨ, ਤਾਂ ਮੈਨੂੰ ਉਨ੍ਹਾਂ ਲਈ ਕੁਝ ਪੈਸੇ ਲੈ ਕੇ ਉੱਥੇ ਭੇਜਿਆ ਗਿਆ ਸੀ। ਜੇ ਹੋ ਸਕੇ, ਤਾਂ ਮੈਨੂੰ ਉਨ੍ਹਾਂ ਲਈ ਬਾਈਬਲਾਂ ਲਿਜਾਣ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਨ੍ਹਾਂ ਦੀ ਖ਼ਬਰ ਲਿਆਉਣ ਲਈ ਕਿਹਾ ਗਿਆ ਸੀ। ਸੈਂਟੀਆਗੋ ਜੇਲ੍ਹ ਦੇ ਪਹਿਰੇਦਾਰਾਂ ਨੇ ਮੇਰੀ ਵਾਇਲਨ ਦੇ ਬਕਸੇ ਨੂੰ ਦੇਖ ਕੇ ਪੁੱਛਿਆ, “ਇਹ ਕਿਸ ਲਈ ਹੈ?” ਮੈਂ ਜਵਾਬ ਦਿੱਤਾ, “ਉਨ੍ਹਾਂ ਦਾ ਦਿਲ ਬਹਿਲਾਉਣ ਲਈ।”

ਮੈਂ ਉਨ੍ਹਾਂ ਲਈ ਕਈ ਸੰਗੀਤ ਵਜਾਏ। ਇਕ ਗੀਤ ਨਾਜ਼ੀ ਨਜ਼ਰਬੰਦੀ-ਕੈਂਪ ਵਿਚ ਕੈਦ ਹੋਏ ਭਰਾ ਨੇ ਲਿਖਿਆ ਸੀ। ਇਹ ਗੀਤ ਅੱਜ ਯਹੋਵਾਹ ਦੇ ਗਵਾਹਾਂ ਦੀ ਗੀਤ-ਪੁਸਤਕ ਵਿਚ 29ਵਾਂ ਗੀਤ ਹੈ। ਮੈਂ ਇਸ ਗੀਤ ਦੀ ਧੁਨ ਵਾਰ-ਵਾਰ ਵਜਾਈ ਤਾਂਕਿ ਸਾਡੇ ਕੈਦ ਹੋਏ ਭਰਾ ਇਸ ਨੂੰ ਗਾਉਣਾ ਸਿੱਖ ਜਾਣ।

ਕਈਆਂ ਗਵਾਹਾਂ ਨੂੰ ਦੇਸ਼ ਦੇ ਸਿਆਸੀ ਆਗੂ ਟਰੁਹੀਓ ਦੇ ਫਾਰਮ ਤੇ ਭੇਜ ਦਿੱਤਾ ਗਿਆ ਸੀ। ਮੈਨੂੰ ਦੱਸਿਆ ਗਿਆ ਸੀ ਕਿ ਬੱਸੋਂ ਉਤਰਨ ਤੋਂ ਬਾਅਦ ਇਹ ਥਾਂ ਬਹੁਤੀ ਦੂਰ ਨਹੀਂ ਸੀ। ਇਸ ਲਈ ਮੈਂ 12 ਕੁ ਵਜੇ ਬੱਸ ਤੋਂ ਉਤਰ ਕੇ ਰਾਹ ਪੁੱਛਿਆ। ਜਵਾਬ ਵਿਚ ਇਕ ਛੋਟੀ ਜਿਹੀ ਦੁਕਾਨ ਦੇ ਮਾਲਕ ਨੇ ਪਹਾੜੀਆਂ ਤੋਂ ਪਾਰ ਇਸ਼ਾਰਾ ਕੀਤਾ। ਉਸ ਨੇ ਕਿਹਾ ਕਿ ਮੈਂ ਉਸ ਦੇ ਘੋੜੇ ਤੇ ਜਾ ਸਕਦੀ ਸੀ ਅਤੇ ਉਸ ਨੇ ਮੇਰੇ ਨਾਲ ਇਕ ਮੁੰਡੇ ਨੂੰ ਰਾਹ ਦਿਖਾਉਣ ਲਈ ਭੇਜ ਦਿੱਤਾ। ਜ਼ਮਾਨਤ ਵਜੋਂ ਉਸ ਨੇ ਮੇਰੀ ਵਾਇਲਨ ਰੱਖ ਲਈ।

ਪਹਾੜੀਆਂ ਦੇ ਦੂਜੇ ਪਾਸੇ ਇਕ ਨਦੀ ਸੀ। ਅਸੀਂ ਦੋਵੇਂ ਘੋੜੇ ਤੇ ਬੈਠੇ ਅਤੇ ਘੋੜੇ ਨੇ ਤੈਰ ਕੇ ਉਸ ਨੂੰ ਪਾਰ ਕੀਤਾ। ਉੱਥੇ ਅਸੀਂ ਤੋਤਿਆਂ ਦਾ ਇਕ ਝੁੰਡ ਦੇਖਿਆ। ਉਨ੍ਹਾਂ ਦੇ ਨੀਲੇ-ਹਰੇ ਖੰਭ ਸੂਰਜ ਦੀਆਂ ਕਿਰਨਾਂ ਵਿਚ ਲਿਸ਼ਕ ਰਹੇ ਸਨ। ਇਹ ਨਜ਼ਾਰਾ ਇੰਨਾ ਸੋਹਣਾ ਸੀ ਕਿ ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕੀਤਾ ਕਿ ਉਸ ਨੇ ਉਨ੍ਹਾਂ ਨੂੰ ਇੰਨਾ ਖੂਬਸੂਰਤ ਬਣਾਇਆ ਸੀ। ਆਖ਼ਰਕਾਰ ਦੁਪਹਿਰ ਦੇ ਚਾਰ ਵਜੇ ਅਸੀਂ ਫਾਰਮ ਤੇ ਪਹੁੰਚ ਗਏ। ਪਹਿਰੇਦਾਰ ਨੇ ਮੈਨੂੰ ਭਰਾਵਾਂ ਨਾਲ ਗੱਲ ਕਰਨ ਦਿੱਤੀ ਅਤੇ ਉਨ੍ਹਾਂ ਨੂੰ ਇਕ ਛੋਟੀ ਜਿਹੀ ਬਾਈਬਲ ਸਮੇਤ ਉਹ ਸਾਰੀਆਂ ਚੀਜ਼ਾਂ ਵੀ ਦੇਣ ਦਿੱਤੀਆਂ ਜੋ ਮੈਂ ਉਨ੍ਹਾਂ ਲਈ ਲੈ ਕੇ ਆਈ ਸੀ।

ਵਾਪਸ ਆਉਂਦੇ ਸਮੇਂ ਕਾਫ਼ੀ ਅਨ੍ਹੇਰਾ ਹੋ ਗਿਆ ਸੀ ਤੇ ਮੈਂ ਸਾਰੀ ਵਾਟ ਪ੍ਰਾਰਥਨਾ ਕਰਦੀ ਰਹੀ। ਰਾਹ ਵਿਚ ਮੀਂਹ ਪੈਣ ਲੱਗ ਪਿਆ ਸੀ ਅਤੇ ਦੁਕਾਨ ਤਕ ਪਹੁੰਚਦੇ-ਪਹੁੰਚਦੇ ਅਸੀਂ ਪੂਰੀ ਤਰ੍ਹਾਂ ਭਿੱਜ ਗਏ ਸੀ। ਦਿਨ ਦੀ ਅਖ਼ੀਰਲੀ ਬੱਸ ਜਾ ਚੁੱਕੀ ਸੀ, ਇਸ ਲਈ ਮੈਂ ਦੁਕਾਨਦਾਰ ਨੂੰ ਕਿਹਾ ਕਿ ਉਹ ਇਕ ਲੰਘਦੇ ਟਰੱਕ ਨੂੰ ਮੇਰੇ ਲਈ ਰੋਕ ਲਵੇ। ਮੈਂ ਟਰੱਕ ਵਿਚ ਦੋ ਆਦਮੀਆਂ ਨੂੰ ਦੇਖ ਕੇ ਘਬਰਾ ਗਈ। ਫਿਰ ਇਕ ਨੇ ਮੈਨੂੰ ਪੁੱਛਿਆ: “ਕੀ ਤੁਸੀਂ ਸੋਫ਼ੀ ਨੂੰ ਜਾਣਦੇ ਹੋ? ਉਹ ਮੇਰੀ ਭੈਣ ਨਾਲ ਬਾਈਬਲ ਸਟੱਡੀ ਕਰਦੀ ਸੀ।” ਇਹ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣ ਲਈ ਸੀ। ਉਨ੍ਹਾਂ ਆਦਮੀਆਂ ਨੇ ਮੈਨੂੰ ਸਹੀ-ਸਲਾਮਤ ਸਾਂਟੋ ਡੋਮਿੰਗੋ ਪਹੁੰਚਾ ਦਿੱਤਾ।

ਸਾਲ 1953 ਵਿਚ ਯਹੋਵਾਹ ਦੇ ਗਵਾਹਾਂ ਦਾ ਅੰਤਰਰਾਸ਼ਟਰੀ ਸੰਮੇਲਨ ਯੈਂਕੀ ਸਟੇਡੀਅਮ, ਨਿਊ ਯਾਰਕ ਵਿਚ ਹੋਇਆ ਸੀ। ਮੈਂ ਦੂਸਰੇ ਭੈਣ-ਭਰਾਵਾਂ ਨਾਲ ਡਮਿਨੀਕਨ ਗਣਰਾਜ ਤੋਂ ਇਸ ਸੰਮੇਲਨ ਲਈ ਆਈ ਸੀ। ਮੇਰੇ ਪਿਤਾ ਜੀ ਅਤੇ ਸਾਡਾ ਬਾਕੀ ਪਰਿਵਾਰ ਵੀ ਉੱਥੇ ਆਇਆ ਹੋਇਆ ਸੀ। ਜਦੋਂ ਡਮਿਨੀਕਨ ਗਣਰਾਜ ਵਿਚ ਪ੍ਰਚਾਰ ਦੇ ਕੰਮ ਦੀ ਤਰੱਕੀ ਦੀ ਰਿਪੋਰਟ ਦਿੱਤੀ ਗਈ, ਤਾਂ ਉਸ ਤੋਂ ਬਾਅਦ ਮੈਂ ਤੇ ਮੇਰੀ ਮਿਸ਼ਨਰੀ ਸਾਥਣ, ਮੈਰੀ ਅੰਯੋਲ ਨੇ ਸਾਰਿਆਂ ਨੂੰ ਦਿਖਾਇਆ ਕਿ ਅਸੀਂ ਪਾਬੰਦੀ ਦੌਰਾਨ ਕਿਸ ਤਰ੍ਹਾਂ ਪ੍ਰਚਾਰ ਕਰਦੀਆਂ ਸਾਂ।

ਸਫ਼ਰੀ ਕੰਮ ਦੀਆਂ ਖ਼ਾਸ ਖ਼ੁਸ਼ੀਆਂ

ਉਸ ਸਾਲ ਮੇਰੀ ਮੁਲਾਕਾਤ ਰੂਡੋਲਫ ਸੁਨਲ ਨਾਲ ਹੋਈ, ਜਿਸ ਨਾਲ ਅਗਲੇ ਸਾਲ ਮੇਰੀ ਸ਼ਾਦੀ ਹੋ ਗਈ। ਮੇਰੇ ਸੁਸਰਾਲ ਵਾਲੇ ਐਲੇਗੇਨੀ, ਪੈਨਸਿਲਵੇਨੀਆ ਵਿਚ ਪਹਿਲੇ ਵਿਸ਼ਵ ਯੁੱਧ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਦੇ ਗਵਾਹ ਬਣੇ ਸਨ। ਰੂਡੋਲਫ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਮਸੀਹੀ ਨਿਰਪੱਖਤਾ ਦੇ ਕਾਰਨ ਜੇਲ੍ਹ ਦੀ ਸਜ਼ਾ ਕੱਟੀ ਸੀ ਅਤੇ ਇਸ ਤੋਂ ਬਾਅਦ ਉਸ ਨੇ ਬਰੁਕਲਿਨ ਬੈਥਲ ਵਿਚ ਸੇਵਾ ਕਰਨੀ ਸ਼ੁਰੂ ਕੀਤੀ ਸੀ। ਸਾਡੀ ਸ਼ਾਦੀ ਤੋਂ ਥੋੜ੍ਹੇ ਹੀ ਸਮੇਂ ਬਾਅਦ ਉਸ ਨੂੰ ਸਫ਼ਰੀ ਨਿਗਾਹਬਾਨ ਵਜੋਂ ਕਲੀਸਿਯਾਵਾਂ ਨੂੰ ਮਿਲਣ ਜਾਣ ਦਾ ਕੰਮ ਸੌਂਪਿਆ ਗਿਆ ਸੀ। ਅਗਲੇ 18 ਸਾਲਾਂ ਲਈ ਮੈਂ ਆਪਣੇ ਪਤੀ ਦਾ ਇਸ ਕੰਮ ਵਿਚ ਸਾਥ ਦਿੱਤਾ।

ਅਸੀਂ ਹੋਰਨਾਂ ਇਲਾਕਿਆਂ ਤੋਂ ਇਲਾਵਾ ਪੈਨਸਿਲਵੇਨੀਆ, ਵੈਸਟ ਵਰਜੀਨੀਆ, ਨਿਊ ਹੈਂਪਸ਼ਰ ਅਤੇ ਮੈਸੇਚਿਉਸੇਟਸ ਦੀਆਂ ਕਲੀਸਿਯਾਵਾਂ ਨੂੰ ਮਿਲਣ ਜਾਂਦੇ ਹੁੰਦੇ ਸੀ। ਆਮ ਤੌਰ ਤੇ ਅਸੀਂ ਭੈਣਾਂ-ਭਰਾਵਾਂ ਦੇ ਘਰਾਂ ਵਿਚ ਉਨ੍ਹਾਂ ਦੇ ਨਾਲ ਰਹਿੰਦੇ ਸੀ। ਉਨ੍ਹਾਂ ਨੂੰ ਜਾਣ ਕੇ ਅਤੇ ਉਨ੍ਹਾਂ ਨਾਲ ਯਹੋਵਾਹ ਦੀ ਸੇਵਾ ਕਰ ਕੇ ਅਸੀਂ ਬਹੁਤ ਹੀ ਖ਼ੁਸ਼ ਹੁੰਦੇ ਸੀ। ਉਹ ਹਮੇਸ਼ਾ ਸਾਡਾ ਨਿੱਘਾ ਸੁਆਗਤ ਕਰਦੇ ਸਨ। ਮੇਰੇ ਭਰਾ ਜੋਅਲ ਦੀ ਸ਼ਾਦੀ ਮੇਰੀ ਮਿਸ਼ਨਰੀ ਸਾਥਣ, ਮੈਰੀ ਅੰਯੋਲ ਨਾਲ ਹੋ ਗਈ। ਵਿਆਹ ਤੋਂ ਬਾਅਦ ਉਨ੍ਹਾਂ ਨੇ ਵੀ ਸਫ਼ਰੀ ਕੰਮ ਵਿਚ ਤਿੰਨ ਸਾਲ ਪੈਨਸਿਲਵੇਨੀਆ ਅਤੇ ਮਿਸ਼ੀਗਨ ਦੀਆਂ ਕਲੀਸਿਯਾਵਾਂ ਨੂੰ ਮਿਲਣ ਜਾਣ ਵਿਚ ਗੁਜ਼ਾਰੇ। ਇਸ ਤੋਂ ਬਾਅਦ 1958 ਵਿਚ ਜੋਅਲ ਨੂੰ ਆਪਣੀ ਪਤਨੀ ਨਾਲ ਦੁਬਾਰਾ ਬੈਥਲ ਬੁਲਾਇਆ ਗਿਆ।

ਸੱਤ ਸਾਲ ਬੈਥਲ ਵਿਚ ਸੇਵਾ ਕਰਨ ਤੋਂ ਬਾਅਦ ਕਾਰਲ ਨੂੰ ਵੀ ਕੁਝ ਮਹੀਨਿਆਂ ਲਈ ਸਫ਼ਰੀ ਨਿਗਾਹਬਾਨ ਦਾ ਕੰਮ ਦਿੱਤਾ ਗਿਆ ਸੀ ਤਾਂਕਿ ਉਹ ਇਸ ਦਾ ਤਜਰਬਾ ਹਾਸਲ ਕਰ ਸਕੇ। ਇਸ ਤੋਂ ਬਾਅਦ ਉਹ ਗਿਲਿਅਡ ਸਕੂਲ ਦਾ ਇੰਸਟ੍ਰਕਟਰ ਬਣ ਗਿਆ। ਫਿਰ 1963 ਵਿਚ ਉਸ ਦੀ ਸ਼ਾਦੀ ਬੌਬੀ ਨਾਲ ਹੋ ਗਈ ਜੋ ਅਕਤੂਬਰ 2002 ਵਿਚ ਆਪਣੀ ਮੌਤ ਤਕ ਵਫ਼ਾਦਾਰੀ ਨਾਲ ਬੈਥਲ ਵਿਚ ਸੇਵਾ ਕਰਦੀ ਰਹੀ।

ਡੌਨ ਆਪਣੀ ਬੈਥਲ ਸੇਵਾ ਦੌਰਾਨ ਕਈ ਵਾਰ ਜ਼ੋਨ ਨਿਗਾਹਬਾਨ ਵਜੋਂ ਕਈਆਂ ਦੇਸ਼ਾਂ ਦੇ ਬ੍ਰਾਂਚ ਆਫਿਸ ਅਤੇ ਮਿਸ਼ਨਰੀ ਘਰਾਂ ਵਿਚ ਸੇਵਾ ਕਰਨ ਵਾਲੇ ਭੈਣ-ਭਰਾਵਾਂ ਨੂੰ ਮਿਲਣ ਗਿਆ ਹੈ। ਇਸ ਕੰਮ ਵਿਚ ਉਸ ਨੂੰ ਅਫ਼ਰੀਕਾ, ਯੂਰਪ ਅਤੇ ਕਈ ਅਮਰੀਕੀ ਤੇ ਪੂਰਬੀ ਦੇਸ਼ਾਂ ਨੂੰ ਜਾਣ ਦਾ ਮੌਕਾ ਮਿਲਿਆ ਹੈ। ਡੌਨ ਦੀ ਪਤਨੀ, ਡਲੋਰਸ ਅਕਸਰ ਉਸ ਦੇ ਨਾਲ ਜਾਂਦੀ ਹੈ।

ਸਾਡੇ ਹਾਲਾਤ ਬਦਲੇ

ਲੰਮੇ ਸਮੇਂ ਤੋਂ ਬੀਮਾਰ ਰਹਿਣ ਤੋਂ ਬਾਅਦ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਉਹ ਬਹੁਤ ਖ਼ੁਸ਼ ਸਨ ਕਿ ਅਸੀਂ ਕਾਲਜ ਦੀ ਪੜ੍ਹਾਈ ਕਰਨ ਦੀ ਬਜਾਇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਸੀ, ਭਾਵੇਂ ਉਨ੍ਹਾਂ ਨੇ ਚਾਹਿਆ ਸੀ ਕਿ ਅਸੀਂ ਕਾਲਜ ਜਾਈਏ। ਉਨ੍ਹਾਂ ਨੇ ਕਿਹਾ ਕਿ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਸਾਨੂੰ ਜੋ ਬਰਕਤਾਂ ਮਿਲੀਆਂ ਉਨ੍ਹਾਂ ਦੀ ਤੁਲਨਾ ਕਿਸੇ ਹੋਰ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ। ਪਿਤਾ ਜੀ ਦੀ ਮੌਤ ਤੋਂ ਬਾਅਦ ਮਾਤਾ ਜੀ ਮੇਰੀ ਭੈਣ ਜੌਏ ਦੇ ਲਾਗੇ ਜਾ ਕੇ ਰਹਿਣ ਲੱਗ ਪਏ। ਇਸ ਮਗਰੋਂ ਮੈਂ ਤੇ ਮੇਰੇ ਪਤੀ ਨੇ ਨਿਊ ਇੰਗਲੈਂਡ ਵਿਚ ਪਾਇਨੀਅਰੀ ਕਰਨੀ ਸਵੀਕਾਰ ਕੀਤੀ ਤਾਂਕਿ ਅਸੀਂ ਉਨ੍ਹਾਂ ਦੇ ਮਾਤਾ ਜੀ ਦੇ ਨਜ਼ਦੀਕ ਰਹਿ ਸਕੀਏ ਜਿਨ੍ਹਾਂ ਨੂੰ ਹੁਣ ਸਾਡੀ ਸਹਾਇਤਾ ਦੀ ਜ਼ਰੂਰਤ ਸੀ। ਮੇਰੀ ਸੱਸ ਦੀ ਮੌਤ ਤੋਂ ਬਾਅਦ, ਮੇਰੇ ਮਾਤਾ ਜੀ ਸਾਡੇ ਨਾਲ 13 ਸਾਲ ਰਹੇ। ਫਿਰ ਉਹ 93 ਸਾਲ ਦੀ ਉਮਰ ਤੇ 18 ਜਨਵਰੀ 1987 ਨੂੰ ਆਪਣੀ ਜ਼ਮੀਨੀ ਜ਼ਿੰਦਗੀ ਖ਼ਤਮ ਕਰ ਕੇ ਸਵਰਗਵਾਸ ਹੋ ਗਏ।

ਕਈ ਵਾਰ ਜਦੋਂ ਦੋਸਤ-ਮਿੱਤਰ ਮਾਤਾ ਜੀ ਦੀ ਵਡਿਆਈ ਕਰਦੇ ਸਨ ਕਿ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨ ਵਿਚ ਆਪਣੇ ਪੰਜ ਬੱਚਿਆਂ ਨੂੰ ਕਿੰਨੀ ਚੰਗੀ ਤਰ੍ਹਾਂ ਪਾਲਿਆ ਸੀ, ਤਾਂ ਮਾਤਾ ਜੀ ਹਲੀਮੀ ਨਾਲ ਕਹਿੰਦੇ ਸਨ: “ਮੈਂ ਤਾਂ ਬੱਸ ‘ਚੰਗੀ ਜ਼ਮੀਨ’ ਉੱਤੇ ਬੀਜ ਬੀਜੇ ਹਨ।” (ਮੱਤੀ 13:23) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਮਾਪੇ ਪਰਮੇਸ਼ੁਰ ਦਾ ਭੈ ਰੱਖਦੇ ਸਨ। ਉਨ੍ਹਾਂ ਦਾ ਜੋਸ਼ ਅਤੇ ਉਨ੍ਹਾਂ ਦੀ ਹਲੀਮੀ ਸਾਡੇ ਵਾਸਤੇ ਇਕ ਵਧੀਆ ਮਿਸਾਲ ਰਹੀ ਹੈ।

ਅਸੀਂ ਹੁਣ ਵੀ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹਾਂ

ਅਸੀਂ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਆਏ ਹਾਂ। ਅਸੀਂ ਯਿਸੂ ਦੀ ਸਲਾਹ ਮੁਤਾਬਕ ਖੁੱਲ੍ਹੇ ਦਿਲ ਵਾਲੇ ਬਣਨ ਦੀ ਵੀ ਕੋਸ਼ਿਸ਼ ਕੀਤੀ ਹੈ। (ਲੂਕਾ 6:38; 14:12-14) ਬਦਲੇ ਵਿਚ ਯਹੋਵਾਹ ਨੇ ਸਾਡੀਆਂ ਸਾਰੀਆਂ ਜ਼ਰੂਰਤਾਂ ਚੰਗੀ ਤਰ੍ਹਾਂ ਪੂਰੀਆਂ ਕੀਤੀਆਂ ਹਨ। ਸਾਡੀ ਜ਼ਿੰਦਗੀ ਵਿਚ ਸਾਨੂੰ ਬਹੁਤ ਸੁੱਖ ਮਿਲਿਆ ਹੈ।

ਮੈਂ ਤੇ ਮੇਰੇ ਪਤੀ ਰੂਡੋਲਫ ਨੂੰ ਅਜੇ ਵੀ ਸੰਗੀਤ ਨਾਲ ਬਹੁਤ ਪਿਆਰ ਹੈ। ਕਈ ਵਾਰ ਸ਼ਾਮ ਨੂੰ ਦੂਸਰੇ ਭੈਣ-ਭਰਾ ਜੋ ਸਾਡੇ ਵਾਂਗ ਸੰਗੀਤ ਨੂੰ ਪਸੰਦ ਕਰਦੇ ਹਨ ਸਾਡੇ ਘਰ ਆਉਂਦੇ ਹਨ ਅਤੇ ਅਸੀਂ ਇਕੱਠੇ ਸਾਜ਼ ਵਜਾਉਣ ਦਾ ਆਨੰਦ ਮਾਣਦੇ ਹਾਂ। ਪਰ ਸੰਗੀਤ ਮੇਰੀ ਜ਼ਿੰਦਗੀ ਵਿਚ ਪਹਿਲੀ ਥਾਂ ਨਹੀਂ ਰੱਖਦਾ। ਇਹ ਸਿਰਫ਼ ਮੇਰੀ ਜ਼ਿੰਦਗੀ ਨੂੰ ਸ਼ਿੰਗਾਰਦਾ ਹੈ। ਮੈਂ ਤੇ ਮੇਰੇ ਪਤੀ ਹੁਣ ਆਪਣੀ ਲੰਮੇ ਸਮੇਂ ਦੀ ਪਾਇਨੀਅਰ ਸੇਵਾ ਨੂੰ ਫਲ ਲਿਆਉਂਦੇ ਦੇਖ ਕੇ ਖ਼ੁਸ਼ ਹੁੰਦੇ ਹਾਂ। ਉਨ੍ਹਾਂ ਸਾਰਿਆਂ ਨੂੰ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਿਨ੍ਹਾਂ ਦੀ ਅਸੀਂ ਸੱਚਾਈ ਸਿੱਖਣ ਵਿਚ ਮਦਦ ਕਰ ਸਕੇ ਹਾਂ।

ਭਾਵੇਂ ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀ, ਫਿਰ ਵੀ ਮੈਂ ਕਹਿ ਸਕਦੀ ਹਾਂ ਕਿ ਪਿਛਲੇ 60 ਤੋਂ ਜ਼ਿਆਦਾ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਕੇ ਸਾਨੂੰ ਬਹੁਤ ਸੁੱਖ ਮਿਲਿਆ ਹੈ। ਮੈਂ ਯਹੋਵਾਹ ਦਾ ਹਰ ਦਿਨ ਸ਼ੁਕਰ ਕਰਦੀ ਹਾਂ ਕਿ ਉਸ ਨੇ ਮੇਰੀ ਉਹ ਪ੍ਰਾਰਥਨਾ ਸੁਣ ਲਈ ਹੈ ਜੋ ਮੈਂ ਇੰਨੇ ਸਾਲ ਪਹਿਲਾਂ ਪਾਇਨੀਅਰੀ ਸ਼ੁਰੂ ਕਰਨ ਵੇਲੇ ਕੀਤੀ ਸੀ।। ਰੋਜ਼ ਮੈਂ ਸਵੇਰੇ ਉੱਠ ਕੇ ਸੋਚਦੀ ਹਾਂ, ‘ਅੱਜ ਮੈਂ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਕਿਸ ਤਰ੍ਹਾਂ ਦੇ ਸਕਦੀ ਹਾਂ?’

[ਫੁਟਨੋਟ]

^ ਪੈਰਾ 14 ਇਹ ਪੁਸਤਿਕਾ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

[ਸਫ਼ੇ 24 ਉੱਤੇ ਤਸਵੀਰ]

1948 ਵਿਚ ਸਾਡਾ ਪਰਿਵਾਰ (ਖੱਬਿਓਂ ਸੱਜੇ): ਜੌਏ, ਡੌਨ, ਮਾਤਾ ਜੀ, ਜੋਅਲ, ਕਾਰਲ, ਮੈਂ ਅਤੇ ਪਿਤਾ ਜੀ

[ਸਫ਼ੇ 25 ਉੱਤੇ ਤਸਵੀਰ]

ਮਾਤਾ ਜੀ ਨੇ ਜੋਸ਼ ਨਾਲ ਪ੍ਰਚਾਰ ਕਰਨ ਦੀ ਵਧੀਆ ਮਿਸਾਲ ਕਾਇਮ ਕੀਤੀ

[ਸਫ਼ੇ 26 ਉੱਤੇ ਤਸਵੀਰ]

ਅੱਜ 50 ਤੋਂ ਜ਼ਿਆਦਾ ਸਾਲ ਬਾਅਦ ਕਾਰਲ, ਡੌਨ, ਜੋਅਲ, ਜੌਏ ਤੇ ਮੈਂ

[ਸਫ਼ੇ 27 ਉੱਤੇ ਤਸਵੀਰ]

ਖੱਬਿਓਂ ਸੱਜੇ: ਡਮਿਨੀਕਨ ਗਣਰਾਜ ਵਿਚ ਮਿਸ਼ਨਰੀਆਂ ਵਜੋਂ ਮੈਂ, ਮੈਰੀ ਅੰਯੋਲ, ਸਫ਼ੀਆ ਸੋਵਿਅਕ ਅਤੇ ਈਡਥ ਮੌਰਗਨ

[ਸਫ਼ੇ 28 ਉੱਤੇ ਤਸਵੀਰ]

1953 ਵਿਚ ਮੈਂ ਤੇ ਮੈਰੀ (ਖੱਬੇ ਪਾਸੇ) ਯੈਂਕੀ ਸਟੇਡੀਅਮ ਵਿਚ

[ਸਫ਼ੇ 29 ਉੱਤੇ ਤਸਵੀਰ]

ਮੈਂ ਆਪਣੇ ਪਤੀ ਦੇ ਨਾਲ ਜਦੋਂ ਉਹ ਸਫ਼ਰੀ ਕੰਮ ਕਰਦੇ ਸਨ