Skip to content

Skip to table of contents

ਯਹੋਵਾਹ ਦੀ ਨਜ਼ਰ ਤੋਂ ਦੂਸਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰੋ

ਯਹੋਵਾਹ ਦੀ ਨਜ਼ਰ ਤੋਂ ਦੂਸਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰੋ

ਯਹੋਵਾਹ ਦੀ ਨਜ਼ਰ ਤੋਂ ਦੂਸਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰੋ

‘ਯਹੋਵਾਹ ਮਨੁੱਖ ਵਾਂਙੁ ਨਹੀਂ ਵੇਖਦਾ।’—1 ਸਮੂਏਲ 16:7.

1, 2. ਅਲੀਆਬ ਬਾਰੇ ਯਹੋਵਾਹ ਦਾ ਨਜ਼ਰੀਆ ਸਮੂਏਲ ਦੇ ਨਜ਼ਰੀਏ ਤੋਂ ਕਿਵੇਂ ਵੱਖਰਾ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

ਗਿਆਰਵੀਂ ਸਦੀ ਸਾ.ਯੁ.ਪੂ. ਵਿਚ ਯਹੋਵਾਹ ਨੇ ਸਮੂਏਲ ਨਬੀ ਨੂੰ ਇਕ ਖੁਫੀਆ ਕੰਮ ਕਰਨ ਲਈ ਘੱਲਿਆ। ਉਸ ਨੇ ਨਬੀ ਨੂੰ ਹੁਕਮ ਦਿੱਤਾ ਕਿ ਉਹ ਯੱਸੀ ਨਾਂ ਦੇ ਆਦਮੀ ਦੇ ਘਰ ਜਾਵੇ ਅਤੇ ਉਸ ਦੇ ਇਕ ਮੁੰਡੇ ਨੂੰ ਇਸਰਾਏਲ ਦੇ ਭਾਵੀ ਰਾਜੇ ਦੇ ਤੌਰ ਤੇ ਮਸਹ ਕਰੇ। ਜਦੋਂ ਸਮੂਏਲ ਨੇ ਯੱਸੀ ਦੇ ਜੇਠੇ ਮੁੰਡੇ ਅਲੀਆਬ ਨੂੰ ਦੇਖਿਆ, ਤਾਂ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਉਸ ਨੂੰ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਮਿਲ ਗਿਆ ਸੀ। ਪਰ ਯਹੋਵਾਹ ਨੇ ਕਿਹਾ: “ਉਹ ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ ਯਹੋਵਾਹ ਜੋ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” (1 ਸਮੂਏਲ 16:6, 7) ਸਮੂਏਲ ਨੇ ਅਲੀਆਬ ਨੂੰ ਯਹੋਵਾਹ ਦੀ ਨਜ਼ਰ ਤੋਂ ਨਹੀਂ ਦੇਖਿਆ ਸੀ। *

2 ਦੂਸਰਿਆਂ ਨੂੰ ਪਰਖਣ ਦੇ ਮਾਮਲੇ ਵਿਚ ਇਨਸਾਨ ਕਿੰਨੀ ਆਸਾਨੀ ਨਾਲ ਗ਼ਲਤੀ ਕਰ ਬੈਠਦਾ ਹੈ! ਇਕ ਪਾਸੇ, ਅਸੀਂ ਸ਼ਾਇਦ ਉਨ੍ਹਾਂ ਲੋਕਾਂ ਦੇ ਸੰਬੰਧ ਵਿਚ ਧੋਖਾ ਖਾ ਜਾਈਏ ਜੋ ਬਾਹਰੋਂ ਦੇਖਣ ਨੂੰ ਤਾਂ ਬਹੁਤ ਚੰਗੇ ਲੱਗਦੇ ਹਨ, ਪਰ ਦਿਲ ਦੇ ਖੋਟੇ ਹੁੰਦੇ ਹਨ। ਦੂਸਰੇ ਪਾਸੇ, ਅਸੀਂ ਸ਼ਾਇਦ ਕਈ ਚੰਗੇ ਲੋਕਾਂ ਪ੍ਰਤੀ ਆਪਣੀ ਗ਼ਲਤ ਰਾਇ ਕਦੀ ਨਾ ਬਦਲੀਏ ਜਿਨ੍ਹਾਂ ਦੀਆਂ ਕਈ ਆਦਤਾਂ ਤੋਂ ਸਾਨੂੰ ਖਿਝ ਆਉਂਦੀ ਹੈ।

3, 4. (ੳ) ਜੇ ਦੋ ਮਸੀਹੀਆਂ ਵਿਚ ਕੋਈ ਝਗੜਾ ਵਗੈਰਾ ਹੋ ਜਾਂਦਾ ਹੈ, ਤਾਂ ਦੋਵਾਂ ਨੂੰ ਕੀ ਕਰਨਾ ਚਾਹੀਦਾ ਹੈ? (ਅ) ਜਦੋਂ ਸਾਡਾ ਕਿਸੇ ਭੈਣ-ਭਰਾ ਨਾਲ ਝਗੜਾ ਹੋ ਜਾਂਦਾ ਹੈ, ਤਾਂ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

3 ਜਦੋਂ ਅਸੀਂ ਜਲਦਬਾਜ਼ੀ ਵਿਚ ਦੂਸਰਿਆਂ ਬਾਰੇ ਰਾਇ ਕਾਇਮ ਕਰਦੇ ਹਾਂ, ਤਾਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਸ਼ਾਇਦ ਉਨ੍ਹਾਂ ਨਾਲ ਵੀ ਸਾਡੇ ਸੰਬੰਧ ਖ਼ਰਾਬ ਹੋ ਸਕਦੇ ਹਨ ਜਿਨ੍ਹਾਂ ਨੂੰ ਅਸੀਂ ਕਈ ਸਾਲਾਂ ਤੋਂ ਜਾਣਦੇ ਹਾਂ। ਹੋ ਸਕਦਾ ਹੈ ਤੁਹਾਡੀ ਕਿਸੇ ਮਸੀਹੀ ਨਾਲ ਲੜਾਈ ਹੋਈ ਹੋਵੇ ਜੋ ਕਿਸੇ ਸਮੇਂ ਤੁਹਾਡਾ ਗੂੜ੍ਹਾ ਦੋਸਤ ਹੁੰਦਾ ਸੀ। ਕੀ ਤੁਸੀਂ ਇਸ ਝਗੜੇ ਨੂੰ ਖ਼ਤਮ ਕਰਨਾ ਚਾਹੁੰਦੇ ਹੋ? ਤੁਸੀਂ ਇਹ ਕਿੱਦਾਂ ਕਰ ਸਕਦੇ ਹੋ?

4 ਕਿਉਂ ਨਾ ਤੁਸੀਂ ਆਪਣੇ ਮਸੀਹੀ ਭਰਾ ਜਾਂ ਭੈਣ ਵਿਚ ਚੰਗੇ ਗੁਣ ਲੱਭਣ ਦੀ ਕੋਸ਼ਿਸ਼ ਕਰੋ? ਇਸ ਤਰ੍ਹਾਂ ਕਰਦੇ ਸਮੇਂ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਧਿਆਨ ਵਿਚ ਰੱਖੋ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਫਿਰ ਆਪਣੇ ਆਪ ਤੋਂ ਪੁੱਛੋ: ‘ਯਹੋਵਾਹ ਨੇ ਇਸ ਮਸੀਹੀ ਨੂੰ ਕਿਉਂ ਆਪਣੇ ਪੁੱਤਰ ਵੱਲ ਖਿੱਚਿਆ ਸੀ? ਉਸ ਵਿਚ ਕਿਹੜੇ ਕੁਝ ਚੰਗੇ ਗੁਣ ਹਨ? ਕੀ ਮੈਂ ਉਸ ਦੇ ਗੁਣਾਂ ਦੀ ਕਦਰ ਕਰਦਾ ਹਾਂ ਜਾਂ ਕੀ ਮੈਂ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹਾਂ? ਅਸੀਂ ਪਹਿਲਾਂ ਦੋਸਤ ਕਿਉਂ ਬਣੇ ਸਾਂ? ਕਿਹੜੀ ਗੱਲੋਂ ਮੈਂ ਉਸ ਨੂੰ ਆਪਣਾ ਦੋਸਤ ਬਣਾਇਆ ਸੀ?’ ਪਹਿਲਾਂ-ਪਹਿਲ, ਤੁਹਾਨੂੰ ਸ਼ਾਇਦ ਉਸ ਵਿਚ ਚੰਗੇ ਗੁਣ ਲੱਭਣੇ ਔਖੇ ਲੱਗਣ, ਖ਼ਾਸ ਕਰਕੇ ਜੇ ਤੁਸੀਂ ਕਾਫ਼ੀ ਸਮੇਂ ਤੋਂ ਆਪਣੇ ਮਨ ਵਿਚ ਗਿਲੇ-ਸ਼ਿਕਵੇ ਰੱਖੇ ਹੋਏ ਹਨ। ਪਰ ਤੁਹਾਡੇ ਦੋਵਾਂ ਵਿਚ ਪਏ ਪਾੜ ਨੂੰ ਭਰਨ ਲਈ ਇਸ ਤਰ੍ਹਾਂ ਕਰਨਾ ਬਹੁਤ ਹੀ ਜ਼ਰੂਰੀ ਹੈ। ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ, ਇਹ ਜਾਣਨ ਲਈ ਆਓ ਆਪਾਂ ਦੋ ਆਦਮੀਆਂ ਦੇ ਚੰਗੇ ਗੁਣਾਂ ਬਾਰੇ ਚਰਚਾ ਕਰੀਏ ਜਿਨ੍ਹਾਂ ਦੀਆਂ ਕਮਜ਼ੋਰੀਆਂ ਵੱਲ ਆਮ ਤੌਰ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਇਹ ਦੋ ਵਿਅਕਤੀ ਹਨ ਯੂਨਾਹ ਨਬੀ ਅਤੇ ਪਤਰਸ ਰਸੂਲ।

ਯੂਨਾਹ ਉੱਤੇ ਦੁਬਾਰਾ ਨਜ਼ਰ ਮਾਰੋ

5. ਯੂਨਾਹ ਨੂੰ ਕਿਹੜਾ ਕੰਮ ਦਿੱਤਾ ਗਿਆ ਸੀ, ਪਰ ਉਸ ਨੇ ਕੀ ਕੀਤਾ?

5 ਯੋਆਸ਼ ਦੇ ਪੁੱਤਰ ਰਾਜਾ ਯਾਰਾਬੁਆਮ ਦੂਜੇ ਦੇ ਰਾਜ ਦੌਰਾਨ ਯੂਨਾਹ ਨੇ ਉੱਤਰੀ ਰਾਜ ਇਸਰਾਏਲ ਵਿਚ ਨਬੀ ਦੇ ਤੌਰ ਤੇ ਸੇਵਾ ਕੀਤੀ ਸੀ। (2 ਰਾਜਿਆਂ 14:23-25) ਇਕ ਦਿਨ ਯਹੋਵਾਹ ਨੇ ਯੂਨਾਹ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲ ਛੱਡ ਕੇ ਨੀਨਵਾਹ ਜਾਵੇ ਜੋ ਕਿ ਸ਼ਕਤੀਸ਼ਾਲੀ ਅੱਸ਼ੂਰੀ ਸਾਮਰਾਜ ਦੀ ਰਾਜਧਾਨੀ ਸੀ। ਉਸ ਨੂੰ ਉੱਥੇ ਜਾਣ ਦਾ ਹੁਕਮ ਕਿਉਂ ਦਿੱਤਾ ਗਿਆ ਸੀ? ਉਸ ਸ਼ਹਿਰ ਦੇ ਵਾਸੀਆਂ ਨੂੰ ਚੇਤਾਵਨੀ ਦੇਣ ਲਈ ਕਿ ਉਨ੍ਹਾਂ ਦਾ ਸ਼ਕਤੀਸ਼ਾਲੀ ਸ਼ਹਿਰ ਨਾਸ਼ ਹੋਣ ਵਾਲਾ ਸੀ। (ਯੂਨਾਹ 1:1, 2) ਯਹੋਵਾਹ ਦੀ ਗੱਲ ਮੰਨਣ ਦੀ ਬਜਾਇ ਯੂਨਾਹ ਹੋਰ ਪਾਸੇ ਭੱਜ ਗਿਆ। ਉਹ ਨੀਨਵਾਹ ਤੋਂ ਬਹੁਤ ਹੀ ਦੂਰ ਸਥਿਤ ਤਰਸ਼ੀਸ਼ ਨੂੰ ਜਾਣ ਵਾਲੇ ਜਹਾਜ਼ੇ ਚੜ੍ਹ ਗਿਆ।—ਯੂਨਾਹ 1:3.

6. ਯਹੋਵਾਹ ਨੇ ਨੀਨਵਾਹ ਜਾਣ ਲਈ ਯੂਨਾਹ ਨੂੰ ਹੀ ਕਿਉਂ ਚੁਣਿਆ ਸੀ?

6 ਜਦੋਂ ਤੁਸੀਂ ਇਸ ਗੱਲ ਤੇ ਗੌਰ ਕਰਦੇ ਹੋ, ਤਾਂ ਤੁਸੀਂ ਯੂਨਾਹ ਬਾਰੇ ਕੀ ਸੋਚਦੇ ਹੋ? ਕੀ ਤੁਸੀਂ ਇਹ ਸੋਚਦੇ ਹੋ ਕਿ ਉਹ ਇਕ ਅਣਆਗਿਆਕਾਰ ਨਬੀ ਸੀ? ਸਰਸਰੀ ਤੌਰ ਤੇ ਗੌਰ ਕਰਨ ਤੇ ਅਸੀਂ ਸ਼ਾਇਦ ਇਹੀ ਸੋਚੀਏ। ਪਰ ਕੀ ਪਰਮੇਸ਼ੁਰ ਨੇ ਯੂਨਾਹ ਨੂੰ ਇਸ ਕਰਕੇ ਨਬੀ ਚੁਣਿਆ ਸੀ ਕਿਉਂਕਿ ਉਹ ਅਣਆਗਿਆਕਾਰ ਸੀ? ਬਿਲਕੁਲ ਨਹੀਂ। ਯੂਨਾਹ ਵਿਚ ਜ਼ਰੂਰ ਕਈ ਚੰਗੇ ਗੁਣ ਸਨ। ਨਬੀ ਦੇ ਤੌਰ ਤੇ ਉਸ ਦੀ ਸੇਵਾ ਉੱਤੇ ਗੌਰ ਕਰੋ।

7. ਕਿਨ੍ਹਾਂ ਹਾਲਾਤਾਂ ਵਿਚ ਯੂਨਾਹ ਨੇ ਇਸਰਾਏਲ ਵਿਚ ਯਹੋਵਾਹ ਦੀ ਸੇਵਾ ਕੀਤੀ ਸੀ ਅਤੇ ਇਹ ਜਾਣ ਕੇ ਉਸ ਬਾਰੇ ਤੁਹਾਡੀ ਰਾਇ ਵਿਚ ਕੀ ਤਬਦੀਲੀ ਆਈ ਹੈ?

7 ਯੂਨਾਹ ਨੇ ਇਸਰਾਏਲ ਵਿਚ ਵਫ਼ਾਦਾਰੀ ਨਾਲ ਨਬੀ ਦੇ ਤੌਰ ਤੇ ਸੇਵਾ ਕੀਤੀ ਸੀ ਭਾਵੇਂ ਕਿ ਇਸਰਾਏਲੀ ਪਰਮੇਸ਼ੁਰ ਤੋਂ ਬੇਮੁਖ ਹੋ ਚੁੱਕੇ ਸਨ। ਯੂਨਾਹ ਦੇ ਸਮੇਂ ਦੌਰਾਨ ਹੀ ਸੇਵਾ ਕਰਨ ਵਾਲੇ ਨਬੀ ਆਮੋਸ ਨੇ ਉਸ ਵੇਲੇ ਦੇ ਇਸਰਾਏਲੀਆਂ ਬਾਰੇ ਕਿਹਾ ਸੀ ਕਿ ਉਹ ਪੈਸੇ ਅਤੇ ਐਸ਼ੋ-ਆਰਾਮ ਨਾਲ ਪਿਆਰ ਕਰਨ ਵਾਲੇ ਲੋਕ ਸਨ। * ਇਸਰਾਏਲ ਵਿਚ ਬਹੁਤ ਗ਼ਲਤ ਕੰਮ ਹੋ ਰਹੇ ਸਨ, ਪਰ ਲੋਕਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ। (ਆਮੋਸ 3:13-15; 4:4; 6:4-6) ਫਿਰ ਵੀ ਯੂਨਾਹ ਵਾਰ-ਵਾਰ ਵਫ਼ਾਦਾਰੀ ਨਾਲ ਉਨ੍ਹਾਂ ਨੂੰ ਪ੍ਰਚਾਰ ਕਰਦਾ ਰਿਹਾ। ਜੇ ਤੁਸੀਂ ਅੱਜ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਹੋ, ਤਾਂ ਤੁਸੀਂ ਜ਼ਰੂਰ ਸਮਝੋਗੇ ਕਿ ਉਨ੍ਹਾਂ ਲੋਕਾਂ ਨਾਲ ਗੱਲ ਕਰਨੀ ਕਿੰਨੀ ਔਖੀ ਹੈ ਜੋ ਆਪਣੀ ਦੁਨੀਆਂ ਵਿਚ ਮਸਤ ਰਹਿੰਦੇ ਹਨ ਤੇ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ। ਇਸ ਲਈ ਭਾਵੇਂ ਯੂਨਾਹ ਵਿਚ ਕਈ ਕਮਜ਼ੋਰੀਆਂ ਸਨ, ਪਰ ਆਓ ਆਪਾਂ ਇਹ ਗੱਲ ਕਦੀ ਨਾ ਭੁੱਲੀਏ ਕਿ ਬੇਵਫ਼ਾ ਇਸਰਾਏਲੀਆਂ ਨੂੰ ਪ੍ਰਚਾਰ ਕਰਦੇ ਸਮੇਂ ਉਸ ਨੇ ਵਫ਼ਾਦਾਰੀ ਅਤੇ ਧੀਰਜ ਦਿਖਾਇਆ ਸੀ।

8. ਇਕ ਇਸਰਾਏਲੀ ਨਬੀ ਨੂੰ ਨੀਨਵਾਹ ਵਿਚ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਸੀ?

8 ਨੀਨਵਾਹ ਨੂੰ ਜਾਣ ਦਾ ਕੰਮ ਤਾਂ ਹੋਰ ਵੀ ਮੁਸ਼ਕਲ ਸੀ। ਉੱਥੇ ਪਹੁੰਚਣ ਲਈ ਯੂਨਾਹ ਨੂੰ ਤਕਰੀਬਨ 800 ਕਿਲੋਮੀਟਰ ਦਾ ਸਫ਼ਰ ਪੈਦਲ ਕਰਨਾ ਪੈਣਾ ਸੀ ਤੇ ਪਹੁੰਚਣ ਵਿਚ ਇਕ ਮਹੀਨਾ ਲੱਗ ਜਾਣਾ ਸੀ। ਉੱਥੇ ਜਾ ਕੇ ਉਸ ਨੇ ਅੱਸ਼ੂਰੀਆਂ ਨੂੰ ਪ੍ਰਚਾਰ ਕਰਨਾ ਸੀ ਜੋ ਆਪਣੀ ਬੇਰਹਿਮੀ ਕਰਕੇ ਬਹੁਤ ਬਦਨਾਮ ਸਨ। ਉਹ ਅਕਸਰ ਲੜਾਈਆਂ ਵਿਚ ਆਪਣੇ ਦੁਸ਼ਮਣਾਂ ਨੂੰ ਬੇਰਹਿਮੀ ਨਾਲ ਤਸੀਹੇ ਦੇ ਕੇ ਮਜ਼ਾ ਲੈਂਦੇ ਸਨ। ਉਹ ਆਪਣੀ ਦਰਿੰਦਗੀ ਦੀਆਂ ਸ਼ੇਖ਼ੀਆਂ ਵੀ ਮਾਰਦੇ ਸਨ। ਇਸ ਕਰਕੇ ਨੀਨਵਾਹ ਨੂੰ “ਖੂਨੀ ਸ਼ਹਿਰ” ਕਿਹਾ ਗਿਆ ਸੀ!—ਨਹੂਮ 3:1, 7.

9. ਜਦੋਂ ਮਲਾਹਾਂ ਨੂੰ ਇਕ ਭਾਰੀ ਤੂਫ਼ਾਨ ਨੇ ਆ ਘੇਰਿਆ, ਤਾਂ ਯੂਨਾਹ ਨੇ ਕਿਹੜੇ ਗੁਣਾਂ ਦਾ ਸਬੂਤ ਦਿੱਤਾ?

9 ਯੂਨਾਹ ਯਹੋਵਾਹ ਦੇ ਹੁਕਮ ਨੂੰ ਮੰਨਣਾ ਨਹੀਂ ਚਾਹੁੰਦਾ ਸੀ, ਇਸ ਲਈ ਉਹ ਇਕ ਸਮੁੰਦਰੀ ਜਹਾਜ਼ ਤੇ ਚੜ੍ਹ ਗਿਆ ਜੋ ਉਸ ਨੂੰ ਨੀਨਵਾਹ ਸ਼ਹਿਰ ਤੋਂ ਦੂਰ ਬਹੁਤ ਦੂਰ ਲੈ ਗਿਆ। ਫਿਰ ਵੀ ਯਹੋਵਾਹ ਨੇ ਆਪਣੇ ਨਬੀ ਨੂੰ ਤਿਆਗਿਆ ਨਹੀਂ ਜਾਂ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਨੀਨਵਾਹ ਨਹੀਂ ਘੱਲਿਆ। ਇਸ ਦੀ ਬਜਾਇ, ਯਹੋਵਾਹ ਨੇ ਉਸ ਨੂੰ ਅਹਿਸਾਸ ਕਰਾਇਆ ਕਿ ਉਸ ਦਾ ਕੰਮ ਕਿੰਨਾ ਅਹਿਮ ਸੀ। ਪਰਮੇਸ਼ੁਰ ਨੇ ਸਮੁੰਦਰ ਵਿਚ ਭਾਰੀ ਤੂਫ਼ਾਨ ਲਿਆਂਦਾ। ਯੂਨਾਹ ਦਾ ਜਹਾਜ਼ ਸਮੁੰਦਰੀ ਲਹਿਰਾਂ ਵਿਚ ਡਿੱਕੋ-ਡੋਲੇ ਖਾਣ ਲੱਗਾ। ਯੂਨਾਹ ਕਰਕੇ ਬੇਕਸੂਰ ਲੋਕਾਂ ਦੀ ਜਾਨ ਖ਼ਤਰੇ ਵਿਚ ਪੈ ਗਈ। (ਯੂਨਾਹ 1:4) ਯੂਨਾਹ ਨੇ ਇਹ ਦੇਖ ਕੇ ਕੀ ਕੀਤਾ? ਯੂਨਾਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਕਰਕੇ ਮਲਾਹ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠਣ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ, ਫੇਰ ਤੁਹਾਡੇ ਲਈ ਸਮੁੰਦਰ ਸ਼ਾਂਤ ਹੋ ਜਾਵੇਗਾ।” (ਯੂਨਾਹ 1:12) ਜਦੋਂ ਅਖ਼ੀਰ ਵਿਚ ਮਲਾਹਾਂ ਨੇ ਯੂਨਾਹ ਨੂੰ ਸਮੁੰਦਰ ਵਿਚ ਸੁੱਟ ਦਿੱਤਾ, ਤਾਂ ਯੂਨਾਹ ਕੋਲ ਇਹ ਆਸ ਰੱਖਣ ਦਾ ਕੋਈ ਆਧਾਰ ਨਹੀਂ ਸੀ ਕਿ ਯਹੋਵਾਹ ਉਸ ਨੂੰ ਸਮੁੰਦਰ ਵਿੱਚੋਂ ਬਚਾ ਲਵੇਗਾ। (ਯੂਨਾਹ 1:15) ਫਿਰ ਵੀ ਮਲਾਹਾਂ ਦੀ ਜਾਨ ਬਚਾਉਣ ਲਈ ਉਹ ਆਪ ਮਰਨ ਵਾਸਤੇ ਤਿਆਰ ਸੀ। ਕੀ ਅਸੀਂ ਇੱਥੇ ਯੂਨਾਹ ਦੀ ਦਲੇਰੀ, ਨਿਮਰਤਾ ਅਤੇ ਪਿਆਰ ਨਹੀਂ ਦੇਖਦੇ?

10. ਜਦੋਂ ਯਹੋਵਾਹ ਨੇ ਯੂਨਾਹ ਨੂੰ ਦੁਬਾਰਾ ਨੀਨਵਾਹ ਭੇਜਿਆ, ਤਾਂ ਉਸ ਤੋਂ ਬਾਅਦ ਕੀ ਹੋਇਆ?

10 ਪਰ ਯਹੋਵਾਹ ਨੇ ਯੂਨਾਹ ਨੂੰ ਬਚਾ ਲਿਆ। ਕੀ ਯੂਨਾਹ ਦੀ ਅਣਆਗਿਆਕਾਰੀ ਕਰਕੇ ਪਰਮੇਸ਼ੁਰ ਨੇ ਉਸ ਤੋਂ ਨਬੀ ਦੇ ਤੌਰ ਤੇ ਦੁਬਾਰਾ ਸੇਵਾ ਕਰਨ ਦਾ ਸਨਮਾਨ ਖੋਹ ਲਿਆ? ਨਹੀਂ, ਕਿਉਂਕਿ ਯਹੋਵਾਹ ਉਸ ਨਾਲ ਪਿਆਰ ਕਰਦਾ ਸੀ ਇਸ ਲਈ ਉਸ ਨੇ ਯੂਨਾਹ ਉੱਤੇ ਦਇਆ ਕਰ ਕੇ ਉਸ ਨੂੰ ਨੀਨਵਾਹ ਵਿਚ ਪ੍ਰਚਾਰ ਕਰਨ ਲਈ ਦੁਬਾਰਾ ਘੱਲਿਆ। ਜਦੋਂ ਯੂਨਾਹ ਨੀਨਵਾਹ ਪਹੁੰਚ ਗਿਆ, ਤਾਂ ਉਸ ਨੇ ਦਲੇਰੀ ਨਾਲ ਨੀਨਵਾਹ ਦੇ ਵਾਸੀਆਂ ਨੂੰ ਦੱਸਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਬੁਰਾਈ ਨੂੰ ਦੇਖਿਆ ਅਤੇ ਉਹ 40 ਦਿਨਾਂ ਤੋਂ ਬਾਅਦ ਸ਼ਹਿਰ ਨੂੰ ਤਬਾਹ ਕਰ ਦੇਵੇਗਾ। (ਯੂਨਾਹ 1:2; 3:4) ਯੂਨਾਹ ਦੇ ਸਪੱਸ਼ਟ ਸੰਦੇਸ਼ ਨੂੰ ਸੁਣਨ ਤੋਂ ਬਾਅਦ ਨੀਨਵਾਹ ਦੇ ਵਾਸੀਆਂ ਨੇ ਤੋਬਾ ਕੀਤੀ ਜਿਸ ਕਰਕੇ ਸ਼ਹਿਰ ਨੂੰ ਨਾਸ਼ ਨਹੀਂ ਕੀਤਾ ਗਿਆ।

11. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯੂਨਾਹ ਇਕ ਮਹੱਤਵਪੂਰਣ ਸਬਕ ਸਿੱਖ ਗਿਆ ਸੀ?

11 ਯੂਨਾਹ ਦਾ ਰਵੱਈਆ ਅਜੇ ਵੀ ਪੂਰੀ ਤਰ੍ਹਾਂ ਨਹੀਂ ਸੁਧਰਿਆ। ਯਹੋਵਾਹ ਨੇ ਇਕ ਉਦਾਹਰਣ ਦੇ ਰਾਹੀਂ ਉਸ ਨੂੰ ਧੀਰਜ ਨਾਲ ਸਿਖਾਇਆ ਕਿ ਪਰਮੇਸ਼ੁਰ ਸਿਰਫ਼ ਬਾਹਰਲਾ ਰੂਪ ਨਹੀਂ ਦੇਖਦਾ, ਸਗੋਂ ਦੇਖਦਾ ਹੈ ਕਿ ਦਿਲ ਵਿਚ ਕੀ ਹੈ। (ਯੂਨਾਹ 4:5-11) ਯੂਨਾਹ ਇਹ ਮਹੱਤਵਪੂਰਣ ਸਬਕ ਸਿੱਖ ਗਿਆ ਸੀ, ਇਹ ਗੱਲ ਇਸ ਤੋਂ ਪਤਾ ਲੱਗਦੀ ਹੈ ਕਿ ਉਸ ਨੇ ਆਪਣੇ ਹੱਥੀਂ ਇਹ ਸਾਰੀਆਂ ਗੱਲਾਂ ਲਿਖੀਆਂ ਸਨ। ਆਪਣੀਆਂ ਕਮਜ਼ੋਰੀਆਂ ਤੇ ਗ਼ਲਤੀਆਂ ਬਾਰੇ ਲਿਖਣਾ ਉਸ ਦੀ ਨਿਮਰਤਾ ਦਾ ਇਕ ਹੋਰ ਸਬੂਤ ਹੈ। ਆਪਣੀ ਗ਼ਲਤੀ ਕਬੂਲ ਕਰਨ ਲਈ ਕਲੇਜਾ ਚਾਹੀਦਾ ਹੈ!

12. (ੳ) ਅਸੀਂ ਕਿੱਦਾਂ ਜਾਣਦੇ ਹਾਂ ਕਿ ਯਿਸੂ ਵੀ ਲੋਕਾਂ ਨੂੰ ਯਹੋਵਾਹ ਦੀ ਨਜ਼ਰ ਨਾਲ ਦੇਖਦਾ ਹੈ? (ਅ) ਅਸੀਂ ਜਿਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਉਨ੍ਹਾਂ ਪ੍ਰਤੀ ਸਾਨੂੰ ਕਿਸ ਤਰ੍ਹਾਂ ਦਾ ਰਵੱਈਆ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ? (ਹੇਠਲੀ ਡੱਬੀ ਦੇਖੋ।)

12 ਸਦੀਆਂ ਬਾਅਦ ਯਿਸੂ ਮਸੀਹ ਨੇ ਯੂਨਾਹ ਦੀ ਜ਼ਿੰਦਗੀ ਵਿਚ ਘਟੀ ਇਸ ਘਟਨਾ ਨੂੰ ਇਕ ਉਦਾਹਰਣ ਦੇ ਤੌਰ ਤੇ ਵਰਤਿਆ। ਉਸ ਨੇ ਕਿਹਾ: “ਜਿਸ ਤਰਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰਾਂ ਮਨੁੱਖ ਦਾ ਪੁੱਤ੍ਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ।” (ਮੱਤੀ 12:40) ਯੂਨਾਹ ਦੇ ਦੁਬਾਰਾ ਜੀ ਉੱਠਣ ਤੋਂ ਬਾਅਦ ਉਸ ਨੂੰ ਪਤਾ ਲੱਗੇਗਾ ਕਿ ਯਿਸੂ ਨੇ ਕਬਰ ਵਿਚ ਪੈਣ ਦੀ ਤੁਲਨਾ ਨਬੀ ਦੀ ਜ਼ਿੰਦਗੀ ਦੀ ਇਸ ਘਟਨਾ ਨਾਲ ਕੀਤੀ ਸੀ। ਕੀ ਅਸੀਂ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਨਹੀਂ ਹਾਂ ਜੋ ਆਪਣੇ ਸੇਵਕਾਂ ਨੂੰ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਤਿਆਗਦਾ ਨਹੀਂ ਹੈ? ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ। ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰਾਂ ਦੀ ਪੋਥੀ 103:13, 14) ਜੀ ਹਾਂ, “ਮਿੱਟੀ” ਦੇ ਬਣੇ ਨਾਮੁਕੰਮਲ ਇਨਸਾਨ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਅੱਜ ਵੀ ਵੱਡੇ-ਵੱਡੇ ਕੰਮ ਕਰ ਸਕਦੇ ਹਨ!

ਪਤਰਸ ਬਾਰੇ ਸਹੀ ਨਜ਼ਰੀਆ

13. ਪਤਰਸ ਦੇ ਕਿਹੜੇ ਔਗੁਣ ਸਾਡੇ ਮਨ ਵਿਚ ਆ ਸਕਦੇ ਹਨ, ਪਰ ਯਿਸੂ ਨੇ ਉਸ ਨੂੰ ਆਪਣਾ ਰਸੂਲ ਕਿਉਂ ਚੁਣਿਆ ਸੀ?

13 ਆਓ ਹੁਣ ਆਪਾਂ ਥੋੜ੍ਹਾ ਜਿਹਾ ਪਤਰਸ ਦੀ ਉਦਾਹਰਣ ਉੱਤੇ ਗੌਰ ਕਰੀਏ। ਜੇ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਪਤਰਸ ਬਾਰੇ ਕੁਝ ਜਾਣਕਾਰੀ ਦਿਓ, ਤਾਂ ਕੀ ਤੁਸੀਂ ਇਕਦਮ ਇਹੀ ਕਹੋਗੇ ਕਿ ਪਤਰਸ ਬਹੁਤ ਹੀ ਕਾਹਲਾ, ਜਲਦਬਾਜ਼ ਤੇ ਗੁਸਤਾਖ਼ ਕਿਸਮ ਦਾ ਇਨਸਾਨ ਸੀ? ਪਤਰਸ ਨੇ ਕਈ ਵਾਰ ਇੱਦਾਂ ਕੀਤਾ ਸੀ। ਪਰ ਕੀ ਯਿਸੂ ਪਤਰਸ ਨੂੰ ਆਪਣਾ ਰਸੂਲ ਚੁਣਦਾ ਜੇ ਉਹ ਸੱਚ-ਮੁੱਚ ਕਾਹਲਾ, ਜਲਦਬਾਜ਼ ਤੇ ਗੁਸਤਾਖ਼ ਕਿਸਮ ਦਾ ਇਨਸਾਨ ਹੁੰਦਾ? (ਲੂਕਾ 6:12-14) ਨਹੀਂ, ਸਗੋਂ ਯਿਸੂ ਨੇ ਪਤਰਸ ਦੇ ਇਨ੍ਹਾਂ ਔਗੁਣਾਂ ਨੂੰ ਨਜ਼ਰਅੰਦਾਜ਼ ਕਰ ਕੇ ਉਸ ਦੇ ਚੰਗੇ ਗੁਣਾਂ ਨੂੰ ਦੇਖਿਆ।

14. (ੳ) ਪਤਰਸ ਦੇ ਬਿਨਾਂ ਝਿਜਕੇ ਝੱਟ ਬੋਲਣ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ? (ਅ) ਸਾਨੂੰ ਇਸ ਗੱਲੋਂ ਕਿਉਂ ਖ਼ੁਸ਼ ਹੋਣਾ ਚਾਹੀਦਾ ਹੈ ਕਿ ਪਤਰਸ ਅਕਸਰ ਸਵਾਲ ਪੁੱਛਦਾ ਰਹਿੰਦਾ ਸੀ?

14 ਪਤਰਸ ਕਈ ਵਾਰ ਦੂਸਰੇ ਚੇਲਿਆਂ ਲਈ ਬੋਲ ਪੈਂਦਾ ਸੀ। ਇਹ ਦੇਖ ਕੇ ਕਈ ਸ਼ਾਇਦ ਸੋਚਣਗੇ ਕਿ ਪਤਰਸ ਵਿਚ ਬਿਲਕੁਲ ਵੀ ਨਿਮਰਤਾ ਨਹੀਂ ਸੀ। ਕੀ ਇਸ ਤਰ੍ਹਾਂ ਸੀ? ਇਹ ਕਿਹਾ ਜਾਂਦਾ ਹੈ ਕਿ ਪਤਰਸ ਸ਼ਾਇਦ ਦੂਸਰੇ ਚੇਲਿਆਂ ਤੋਂ ਉਮਰ ਵਿਚ ਵੱਡਾ ਸੀ, ਸ਼ਾਇਦ ਯਿਸੂ ਤੋਂ ਵੀ। ਜੇ ਇਹ ਗੱਲ ਸਹੀ ਹੈ, ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਪਤਰਸ ਕਿਉਂ ਅਕਸਰ ਸਾਰਿਆਂ ਤੋਂ ਪਹਿਲਾਂ ਬੋਲ ਪੈਂਦਾ ਸੀ। (ਮੱਤੀ 16:22) ਪਰ ਇਕ ਹੋਰ ਗੱਲ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ। ਪਤਰਸ ਅਧਿਆਤਮਿਕ ਗੱਲਾਂ ਵਿਚ ਦਿਲਚਸਪੀ ਲੈਂਦਾ ਸੀ। ਉਹ ਗਿਆਨ ਦਾ ਭੁੱਖਾ ਸੀ, ਇਸ ਲਈ ਉਹ ਹਮੇਸ਼ਾ ਸਵਾਲ ਪੁੱਛਦਾ ਰਹਿੰਦਾ ਸੀ। ਉਸ ਦੇ ਸਵਾਲਾਂ ਤੋਂ ਅੱਜ ਸਾਨੂੰ ਵੀ ਫ਼ਾਇਦਾ ਹੋਇਆ ਹੈ। ਪਤਰਸ ਦੇ ਸਵਾਲਾਂ ਦੇ ਜਵਾਬ ਵਿਚ ਯਿਸੂ ਨੇ ਕਈ ਅਹਿਮ ਗੱਲਾਂ ਕਹੀਆਂ ਅਤੇ ਇਹ ਸਾਡੇ ਲਈ ਬਾਈਬਲ ਵਿਚ ਲਿਖੀਆਂ ਹੋਈਆਂ ਹਨ। ਉਦਾਹਰਣ ਲਈ ਪਤਰਸ ਦੀ ਗੱਲ ਦਾ ਜਵਾਬ ਦਿੰਦੇ ਹੋਏ ਹੀ ਯਿਸੂ ਨੇ ‘ਮਾਤਬਰ ਮੁਖ਼ਤਿਆਰ’ ਬਾਰੇ ਦੱਸਿਆ ਸੀ। (ਲੂਕਾ 12:41-44) ਨਾਲੇ ਪਤਰਸ ਦੇ ਇਸ ਸਵਾਲ ਤੇ ਵੀ ਵਿਚਾਰ ਕਰੋ: “ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ, ਫੇਰ ਸਾਨੂੰ ਕੀ ਲੱਭੂ?” ਯਿਸੂ ਨੇ ਦਿਲ ਨੂੰ ਹੌਸਲਾ ਦੇਣ ਵਾਲਾ ਜਵਾਬ ਦਿੱਤਾ: “ਹਰ ਕੋਈ ਜਿਹ ਨੇ ਘਰਾਂ ਯਾ ਭਾਈਆਂ ਯਾ ਭੈਣਾਂ ਯਾ ਪਿਉ ਯਾ ਮਾਂ ਯਾ ਬਾਲ ਬੱਚਿਆਂ ਯਾ ਜਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਪਾਵੇਗਾ ਅਤੇ ਸਦੀਪਕ ਜੀਉਣ ਦਾ ਵਾਰਸ ਹੋਵੇਗਾ”—ਮੱਤੀ 15:15; 18:21, 22; 19:27-29.

15. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਤਰਸ ਇਕ ਵਫ਼ਾਦਾਰ ਰਸੂਲ ਸੀ?

15 ਪਤਰਸ ਵਿਚ ਇਕ ਹੋਰ ਚੰਗਾ ਗੁਣ ਸੀ। ਉਹ ਇਕ ਵਫ਼ਾਦਾਰ ਚੇਲਾ ਸੀ। ਯਿਸੂ ਦੀ ਇਕ ਸਿੱਖਿਆ ਨਾ ਸਮਝਣ ਕਰਕੇ ਜਦੋਂ ਉਸ ਦੇ ਬਹੁਤ ਸਾਰੇ ਚੇਲੇ ਉਸ ਨੂੰ ਛੱਡ ਕੇ ਚਲੇ ਗਏ, ਤਾਂ ਪਤਰਸ ਨੇ ਹੀ 12 ਰਸੂਲਾਂ ਵੱਲੋਂ ਇਹ ਕਿਹਾ ਸੀ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।” (ਯੂਹੰਨਾ 6:66-68) ਇਹ ਗੱਲ ਸੁਣ ਕੇ ਯਿਸੂ ਦਾ ਦਿਲ ਕਿੰਨਾ ਖ਼ੁਸ਼ ਹੋਇਆ ਹੋਣਾ! ਬਾਅਦ ਵਿਚ ਜਦੋਂ ਇਕ ਭੀੜ ਯਿਸੂ ਨੂੰ ਫੜਨ ਆਈ, ਤਾਂ ਤਕਰੀਬਨ ਸਾਰੇ ਰਸੂਲ ਭੱਜ ਗਏ। ਪਰ ਪਤਰਸ ਥੋੜ੍ਹੀ ਦੂਰੀ ਤੋਂ ਭੀੜ ਦਾ ਪਿੱਛਾ ਕਰਦੇ ਹੋਏ ਪ੍ਰਧਾਨ ਜਾਜਕ ਦੇ ਘਰ ਦੇ ਵਿਹੜੇ ਵਿਚ ਚਲਾ ਗਿਆ। ਹਿੰਮਤ ਨਾ ਕਿ ਕਾਇਰਤਾ ਉਸ ਨੂੰ ਉੱਥੇ ਲੈ ਗਈ। ਜਦੋਂ ਯਿਸੂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਸੀ, ਤਾਂ ਪਤਰਸ ਅੱਗ ਸੇਕ ਰਹੇ ਕੁਝ ਯਹੂਦੀਆਂ ਕੋਲ ਚਲਾ ਗਿਆ। ਪ੍ਰਧਾਨ ਜਾਜਕ ਦੇ ਇਕ ਨੌਕਰ ਨੇ ਉਸ ਨੂੰ ਪਛਾਣ ਲਿਆ ਤੇ ਉਸ ਉੱਤੇ ਦੋਸ਼ ਲਾਇਆ ਕਿ ਉਹ ਵੀ ਯਿਸੂ ਦੇ ਨਾਲ ਹੁੰਦਾ ਸੀ। ਇਹ ਸੱਚ ਹੈ ਕਿ ਪਤਰਸ ਨੇ ਆਪਣੇ ਪ੍ਰਭੂ ਨੂੰ ਜਾਣਨ ਤੋਂ ਇਨਕਾਰ ਕੀਤਾ। ਪਰ ਆਓ ਆਪਾਂ ਯਿਸੂ ਪ੍ਰਤੀ ਪਤਰਸ ਦੀ ਵਫ਼ਾਦਾਰੀ ਅਤੇ ਚਿੰਤਾ ਨੂੰ ਕਦੇ ਨਾ ਭੁੱਲੀਏ ਜਿਸ ਕਰਕੇ ਉਹ ਇਸ ਖ਼ਤਰੇ ਵਿਚ ਪਿਆ ਸੀ ਜਦ ਕਿ ਦੂਸਰੇ ਰਸੂਲਾਂ ਦੀ ਉੱਥੇ ਆਉਣ ਦੀ ਹਿੰਮਤ ਨਹੀਂ ਪਈ ਸੀ।—ਯੂਹੰਨਾ 18:15-27.

16. ਅਸੀਂ ਯੂਨਾਹ ਅਤੇ ਪਤਰਸ ਦੇ ਚੰਗੇ ਗੁਣਾਂ ਬਾਰੇ ਚਰਚਾ ਕਿਉਂ ਕੀਤੀ ਹੈ?

16 ਪਤਰਸ ਵਿਚ ਕਮਜ਼ੋਰੀਆਂ ਨਾਲੋਂ ਕਿਤੇ ਜ਼ਿਆਦਾ ਖੂਬੀਆਂ ਸਨ। ਯੂਨਾਹ ਵੀ ਇੱਦਾਂ ਦਾ ਇਨਸਾਨ ਸੀ। ਜਿੱਦਾਂ ਅਸੀਂ ਹੁਣ ਯੂਨਾਹ ਅਤੇ ਪਤਰਸ ਦੇ ਚੰਗੇ ਗੁਣਾਂ ਵੱਲ ਜ਼ਿਆਦਾ ਧਿਆਨ ਦਿੱਤਾ ਹੈ, ਉਸੇ ਤਰ੍ਹਾਂ ਸਾਨੂੰ ਇਹ ਗੱਲ ਸਿੱਖਣੀ ਪਵੇਗੀ ਕਿ ਅਸੀਂ ਆਪਣੇ ਅਧਿਆਤਮਿਕ ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ਵੱਲ ਜ਼ਿਆਦਾ ਧਿਆਨ ਦੇਈਏ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨਾਲ ਸਾਡਾ ਰਿਸ਼ਤਾ ਹੋਰ ਚੰਗਾ ਹੋ ਜਾਵੇਗਾ। ਇਹ ਕਰਨਾ ਕਿਉਂ ਜ਼ਰੂਰੀ ਹੈ?

ਅੱਜ ਭੈਣਾਂ-ਭਰਾਵਾਂ ਪ੍ਰਤੀ ਸਾਡਾ ਨਜ਼ਰੀਆ

17, 18. (ੳ) ਮਸੀਹੀਆਂ ਵਿਚ ਫੁੱਟ ਕਿਉਂ ਪੈ ਸਕਦੀ ਹੈ? (ਅ) ਬਾਈਬਲ ਦੀ ਕਿਹੜੀ ਸਲਾਹ ਆਪਣੇ ਭੈਣਾਂ-ਭਰਾਵਾਂ ਨਾਲ ਸੁਲ੍ਹਾ-ਸਫ਼ਾਈ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ?

17 ਅੱਜ ਹਰ ਜਾਤ ਵਿੱਚੋਂ ਅਮੀਰ-ਗ਼ਰੀਬ, ਪੜ੍ਹੇ-ਲਿਖੇ ਤੇ ਅਨਪੜ੍ਹ ਆਦਮੀ, ਤੀਵੀਆਂ ਤੇ ਬੱਚੇ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਨ। (ਪਰਕਾਸ਼ ਦੀ ਪੋਥੀ 7:9, 10) ਮਸੀਹੀ ਕਲੀਸਿਯਾ ਵਿਚ ਸਾਰੇ ਲੋਕਾਂ ਦੀ ਸ਼ਖ਼ਸੀਅਤ ਵੱਖੋ-ਵੱਖਰੀ ਹੈ। ਕਿਉਂਕਿ ਅਸੀਂ ਇਕ-ਦੂਜੇ ਨੂੰ ਅਕਸਰ ਮਿਲਦੇ ਰਹਿੰਦੇ ਹਾਂ, ਇਸ ਲਈ ਕਦੇ-ਨ-ਕਦੇ ਆਪਸੀ ਮਤਭੇਦ ਜ਼ਰੂਰ ਪੈਦਾ ਹੋਣਗੇ।—ਰੋਮੀਆਂ 12:10; ਫ਼ਿਲਿੱਪੀਆਂ 2:3.

18 ਭਾਵੇਂ ਅਸੀਂ ਆਪਣੇ ਭਰਾਵਾਂ ਦੀਆਂ ਕਮੀਆਂ ਜਾਣਦੇ ਹਾਂ, ਪਰ ਅਸੀਂ ਸਿਰਫ਼ ਇਨ੍ਹਾਂ ਉੱਤੇ ਹੀ ਧਿਆਨ ਨਹੀਂ ਲਾਈ ਰੱਖਦੇ। ਅਸੀਂ ਯਹੋਵਾਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰਾਂ ਦੀ ਪੋਥੀ 130:3) ਦੂਸਰਿਆਂ ਦੀਆਂ ਕਮੀਆਂ ਬਾਰੇ ਸੋਚਦੇ ਰਹਿਣ ਨਾਲ ਮਸੀਹੀਆਂ ਵਿਚ ਫੁੱਟ ਪੈ ਸਕਦੀ ਹੈ, ਇਸ ਲਈ ਆਓ ਆਪਾਂ “ਓਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਏ ਦੀ ਤਰੱਕੀ ਹੋਵੇ।” (ਰੋਮੀਆਂ 14:19) ਅਸੀਂ ਦੂਸਰਿਆਂ ਦੀਆਂ ਕਮਜ਼ੋਰੀਆਂ ਦੀ ਬਜਾਇ ਉਨ੍ਹਾਂ ਦੇ ਚੰਗੇ ਗੁਣਾਂ ਵੱਲ ਧਿਆਨ ਦੇ ਕੇ ਉਨ੍ਹਾਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਸਾਨੂੰ ‘ਇੱਕ ਦੂਏ ਦੀ ਸਹਿ ਲੈਣ’ ਵਿਚ ਮਦਦ ਮਿਲਦੀ ਹੈ।—ਕੁਲੁੱਸੀਆਂ 3:13.

19. ਅਣਬਣ ਦੂਰ ਕਰਨ ਲਈ ਮਸੀਹੀ ਕੀ-ਕੀ ਕਰ ਸਕਦਾ ਹੈ, ਇਸ ਬਾਰੇ ਦੱਸੋ।

19 ਜੇ ਕੋਈ ਗ਼ਲਤਫ਼ਹਿਮੀ ਹੋ ਜਾਂਦੀ ਹੈ ਤੇ ਅਸੀਂ ਉਸ ਨੂੰ ਆਪਣੇ ਦਿਲੋਂ ਕੱਢ ਨਹੀਂ ਸਕਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਜ਼ਬੂਰਾਂ ਦੀ ਪੋਥੀ 4:4) ਕੀ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਹੋਇਆ ਹੈ? ਕਿਉਂ ਨਾ ਇਸ ਗ਼ਲਤਫ਼ਹਿਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ? (ਉਤਪਤ 32:13-15) ਪਹਿਲਾਂ, ਸਮਝ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ਫਿਰ ਉਸ ਮਸੀਹੀ ਦੇ ਚੰਗੇ ਗੁਣਾਂ ਨੂੰ ਧਿਆਨ ਵਿਚ ਰੱਖਦੇ ਹੋਏ, ਉਸ ਨਾਲ “ਬੁੱਧ ਦੀ ਨਰਮਾਈ” ਨਾਲ ਗੱਲ ਕਰੋ। (ਯਾਕੂਬ 3:13) ਉਸ ਨੂੰ ਦੱਸੋ ਕਿ ਤੁਸੀਂ ਸੁਲ੍ਹਾ ਕਰਨੀ ਚਾਹੁੰਦੇ ਹੋ। ਪਰਮੇਸ਼ੁਰ ਦੀ ਇਹ ਸਲਾਹ ਯਾਦ ਰੱਖੋ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।” (ਯਾਕੂਬ 1:19) ‘ਕ੍ਰੋਧ ਵਿੱਚ ਧੀਰੇ’ ਹੋਣ ਦੀ ਸਲਾਹ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੂਸਰਾ ਵਿਅਕਤੀ ਕੁਝ ਅਜਿਹਾ ਕਰ ਜਾਂ ਕਹਿ ਸਕਦਾ ਹੈ ਜਿਸ ਤੋਂ ਤੁਹਾਨੂੰ ਗੁੱਸਾ ਆਵੇ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਸੰਜਮ ਜਾਂ ਆਪਣੇ ਤੇ ਕਾਬੂ ਰੱਖਣ ਲਈ ਯਹੋਵਾਹ ਤੋਂ ਮਦਦ ਮੰਗੋ। (ਗਲਾਤੀਆਂ 5:22, 23) ਆਪਣੇ ਭਰਾ ਨੂੰ ਆਪਣੇ ਮਨ ਦਾ ਗੁਬਾਰ ਕੱਢਣ ਦਾ ਮੌਕਾ ਦਿਓ ਤੇ ਉਸ ਦੀ ਗੱਲ ਧਿਆਨ ਨਾਲ ਸੁਣੋ। ਉਸ ਨੂੰ ਟੋਕੋ ਨਾ, ਭਾਵੇਂ ਤੁਸੀਂ ਉਸ ਦੀ ਹਰ ਗੱਲ ਨਾਲ ਸਹਿਮਤ ਨਹੀਂ ਹੋ। ਉਸ ਦਾ ਨਜ਼ਰੀਆ ਗ਼ਲਤ ਹੋ ਸਕਦਾ ਹੈ, ਪਰ ਇਹ ਤਾਂ ਉਸ ਦਾ ਨਜ਼ਰੀਆ ਹੈ। ਸਮੱਸਿਆ ਨੂੰ ਉਸ ਦੀ ਨਜ਼ਰ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਆਪਣੇ ਭਰਾ ਦੀ ਨਜ਼ਰ ਤੋਂ ਦੇਖ ਸਕੋਗੇ।—ਕਹਾਉਤਾਂ 18:17, ਪਵਿੱਤਰ ਬਾਈਬਲ ਨਵਾਂ ਅਨੁਵਾਦ।

20. ਗ਼ਲਤਫ਼ਹਿਮੀਆਂ ਦੂਰ ਕਰਨ ਵੇਲੇ ਤੁਸੀਂ ਸੁਲ੍ਹਾ ਕਰਨ ਲਈ ਹੋਰ ਕੀ ਕਰ ਸਕਦੇ ਹੋ?

20 ਜਦੋਂ ਤੁਹਾਡੀ ਵਾਰੀ ਆਉਂਦੀ ਹੈ ਬੋਲਣ ਦੀ, ਤਾਂ ਪਿਆਰ ਨਾਲ ਗੱਲ ਕਰੋ। (ਕੁਲੁੱਸੀਆਂ 4:6) ਆਪਣੇ ਭਰਾ ਨੂੰ ਦੱਸੋ ਕਿ ਤੁਹਾਨੂੰ ਉਸ ਵਿਚ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਜੇ ਤੁਹਾਡੇ ਕਰਕੇ ਕੋਈ ਗ਼ਲਤਫ਼ਹਿਮੀ ਹੋਈ ਹੈ, ਤਾਂ ਉਸ ਤੋਂ ਮਾਫ਼ੀ ਮੰਗੋ। ਜੇ ਤੁਹਾਡੀ ਕੋਸ਼ਿਸ਼ ਕਰਕੇ ਸੁਲ੍ਹਾ ਹੋ ਜਾਂਦੀ ਹੈ, ਤਾਂ ਯਹੋਵਾਹ ਦਾ ਧੰਨਵਾਦ ਕਰੋ। ਜੇ ਨਹੀਂ, ਤਾਂ ਸੁਲ੍ਹਾ ਕਰਨ ਲਈ ਹੋਰ ਕੋਸ਼ਿਸ਼ ਕਰਦੇ ਹੋਏ ਸਮਝ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੋ।—ਰੋਮੀਆਂ 12:18.

21. ਇਸ ਲੇਖ ਦੀ ਚਰਚਾ ਕਰਨ ਤੋਂ ਬਾਅਦ ਤੁਹਾਨੂੰ ਯਹੋਵਾਹ ਦੀ ਨਜ਼ਰ ਤੋਂ ਦੂਸਰਿਆਂ ਨੂੰ ਦੇਖਣ ਵਿਚ ਕਿੱਦਾਂ ਮਦਦ ਮਿਲੀ ਹੈ?

21 ਯਹੋਵਾਹ ਆਪਣੇ ਸਾਰੇ ਸੇਵਕਾਂ ਨਾਲ ਪਿਆਰ ਕਰਦਾ ਹੈ। ਭਾਵੇਂ ਸਾਡੇ ਵਿਚ ਕਮੀਆਂ ਹਨ, ਫਿਰ ਵੀ ਉਹ ਸਾਨੂੰ ਸਾਰਿਆਂ ਨੂੰ ਆਪਣੀ ਸੇਵਾ ਵਿਚ ਵਰਤ ਕੇ ਖ਼ੁਸ਼ ਹੁੰਦਾ ਹੈ। ਜਿਉਂ-ਜਿਉਂ ਅਸੀਂ ਦੂਸਰਿਆਂ ਬਾਰੇ ਉਸ ਦੇ ਵਿਚਾਰ ਜਾਣਦੇ ਰਹਾਂਗੇ, ਤਿਉਂ-ਤਿਉਂ ਆਪਣੇ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਵਧਦਾ ਰਹੇਗਾ। ਜੇ ਕਿਸੇ ਮਸੀਹੀ ਲਈ ਸਾਡੇ ਦਿਲ ਵਿਚ ਪਿਆਰ ਠੰਢਾ ਪੈ ਗਿਆ ਹੈ, ਤਾਂ ਅਸੀਂ ਮੁੜ ਇਸ ਨੂੰ ਜਗਾ ਸਕਦੇ ਹਾਂ। ਸਾਡੇ ਲਈ ਇਹ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਜੇ ਅਸੀਂ ਦੂਸਰਿਆਂ ਦੇ ਚੰਗੇ ਗੁਣਾਂ ਵੱਲ ਧਿਆਨ ਦੇਣ ਦਾ ਪੱਕਾ ਇਰਾਦਾ ਕਰੀਏ ਅਤੇ ਉਨ੍ਹਾਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਣ ਦੀ ਕੋਸ਼ਿਸ਼ ਕਰੀਏ!

[ਫੁਟਨੋਟ]

^ ਪੈਰਾ 1 ਬਾਅਦ ਵਿਚ ਇਹ ਗੱਲ ਸਾਬਤ ਹੋ ਗਈ ਕਿ ਗੱਭਰੂ ਅਲੀਆਬ ਵਿਚ ਇਸਰਾਏਲ ਦਾ ਰਾਜਾ ਬਣਨ ਦੇ ਗੁਣ ਨਹੀਂ ਸਨ। ਜਦੋਂ ਫਲਿਸਤੀਆਂ ਦੇ ਦੈਂਤ ਗੋਲਿਅਥ ਨੇ ਲੜਾਈ ਵਿਚ ਇਸਰਾਏਲੀਆਂ ਨੂੰ ਲਲਕਾਰਿਆ ਸੀ, ਤਾਂ ਅਲੀਆਬ ਤੇ ਇਸਰਾਏਲ ਦੇ ਦੂਸਰੇ ਆਦਮੀ ਡਰ ਕੇ ਪਿੱਛੇ ਹਟ ਗਏ ਸਨ।—1 ਸਮੂਏਲ 17:11, 28-30.

^ ਪੈਰਾ 7 ਯਾਰਾਬੁਆਮ ਦੂਜੇ ਨੇ ਕਈ ਮਹੱਤਵਪੂਰਣ ਲੜਾਈਆਂ ਜਿੱਤੀਆਂ ਅਤੇ ਪੁਰਾਣੇ ਇਲਾਕਿਆਂ ਨੂੰ ਵਾਪਸ ਲੈ ਲਿਆ। ਨਤੀਜੇ ਵਜੋਂ, ਉਸ ਨੂੰ ਬਹੁਤ ਸਾਰਾ ਧਨ ਨਜ਼ਰਾਨੇ ਦੇ ਰੂਪ ਵਿਚ ਮਿਲਿਆ ਜਿਸ ਕਰਕੇ ਉੱਤਰੀ ਰਾਜ ਦੇ ਲੋਕ ਬਹੁਤ ਅਮੀਰ ਹੋ ਗਏ।—2 ਸਮੂਏਲ 8:6; 2 ਰਾਜਿਆਂ 14:23-28; 2 ਇਤਹਾਸ 8:3, 4; ਆਮੋਸ 6:2.

ਤੁਸੀਂ ਕੀ ਜਵਾਬ ਦਿਓਗੇ?

• ਆਪਣੇ ਵਫ਼ਾਦਾਰ ਸੇਵਕਾਂ ਦੀਆਂ ਕਮਜ਼ੋਰੀਆਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?

• ਤੁਸੀਂ ਯੂਨਾਹ ਅਤੇ ਪਤਰਸ ਦੇ ਕਿਹੜੇ ਚੰਗੇ ਗੁਣ ਦੱਸ ਸਕਦੇ ਹੋ?

• ਤੁਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਬਾਰੇ ਕਿਹੜਾ ਨਜ਼ਰੀਆ ਰੱਖਣ ਦਾ ਫ਼ੈਸਲਾ ਕੀਤਾ ਹੈ?

[ਸਵਾਲ]

[ਸਫ਼ੇ 18 ਉੱਤੇ ਡੱਬੀ]

ਦੂਸਰਿਆਂ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਉੱਤੇ ਗੌਰ ਕਰੋ

ਬਾਈਬਲ ਵਿਚ ਯੂਨਾਹ ਦੇ ਬਿਰਤਾਂਤ ਉੱਤੇ ਮਨਨ ਕਰਨ ਤੋਂ ਬਾਅਦ, ਕੀ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਤੁਹਾਨੂੰ ਉਨ੍ਹਾਂ ਲੋਕਾਂ ਬਾਰੇ ਦੁਬਾਰਾ ਸੋਚਣ ਦੀ ਲੋੜ ਹੈ ਜਿਨ੍ਹਾਂ ਨੂੰ ਤੁਸੀਂ ਬਾਕਾਇਦਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋ? ਸਾਨੂੰ ਸ਼ਾਇਦ ਲੱਗੇ ਕਿ ਉਹ ਵੀ ਇਸਰਾਏਲੀਆਂ ਵਾਂਗ ਆਪਣੀ ਜ਼ਿੰਦਗੀ ਵਿਚ ਮਸਤ ਹਨ ਜਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੰਦੇਸ਼ ਦੀ ਕੋਈ ਪਰਵਾਹ ਨਹੀਂ ਜਾਂ ਉਹ ਇਸ ਦਾ ਵਿਰੋਧ ਕਰਦੇ ਹਨ। ਪਰ ਉਨ੍ਹਾਂ ਬਾਰੇ ਯਹੋਵਾਹ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ? ਹੋ ਸਕਦਾ ਹੈ ਕਿ ਇਸ ਦੁਨੀਆਂ ਵਿਚ ਕਈ ਮੰਨੇ-ਪ੍ਰਮੰਨੇ ਲੋਕ ਵੀ ਇਕ ਦਿਨ ਯਹੋਵਾਹ ਵੱਲ ਆ ਜਾਣ, ਜਿਵੇਂ ਯੂਨਾਹ ਦੇ ਪ੍ਰਚਾਰ ਕਰਕੇ ਨੀਨਵਾਹ ਦੇ ਰਾਜੇ ਨੇ ਤੋਬਾ ਕੀਤੀ ਸੀ।—ਯੂਨਾਹ 3:6, 7.

[ਸਫ਼ੇ 15 ਉੱਤੇ ਤਸਵੀਰ]

ਕੀ ਤੁਸੀਂ ਯਹੋਵਾਹ ਦੀ ਨਜ਼ਰ ਤੋਂ ਦੂਸਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹੋ?

[ਸਫ਼ੇ 16, 17 ਉੱਤੇ ਤਸਵੀਰ]

ਯਿਸੂ ਨੇ ਯੂਨਾਹ ਦੇ ਤਜਰਬੇ ਵਿਚ ਕੁਝ ਚੰਗੀਆਂ ਗੱਲਾਂ ਦੇਖੀਆਂ