Skip to content

Skip to table of contents

ਆਰਮੀਨੀਆ ਵਿਚ ਸੱਚੀ ਉਪਾਸਨਾ ਦੀ ਜਿੱਤ

ਆਰਮੀਨੀਆ ਵਿਚ ਸੱਚੀ ਉਪਾਸਨਾ ਦੀ ਜਿੱਤ

ਆਰਮੀਨੀਆ ਵਿਚ ਸੱਚੀ ਉਪਾਸਨਾ ਦੀ ਜਿੱਤ

ਧੌਲ਼ਿਆਂ ਵਾਲਾ ਲੋਵਾ ਮਾਰਗਾਰਿਯਨ ਇਕ ਆਮ ਬੰਦਾ ਨਜ਼ਰ ਆਉਂਦਾ ਹੈ। ਉਹ ਆਰਮੀਨੀਆ ਵਿਚ ਰਹਿੰਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਇਕ ਦਿਨ ਉਹ ਸੁਪਰੀਮ ਕੋਰਟ ਦੇ ਸਾਮ੍ਹਣੇ ਖੜ੍ਹਾ ਹੋਣ ਲਈ ਬੁਲਾਇਆ ਗਿਆ। ਉਸ ਦੀ ਅਤੇ ਉਸ ਦੇ ਸੰਗੀ ਉਪਾਸਕਾਂ ਦੀ ਆਜ਼ਾਦੀ ਦਾ ਫ਼ੈਸਲਾ ਹੋਣ ਵਾਲਾ ਸੀ। ਬਾਈਬਲ ਖੋਲ੍ਹ ਕੇ ਉਸ ਨੇ ਗਵਾਹੀ ਦਿੱਤੀ। ਅਦਾਲਤ ਵਿਚ ਇਸ ਸੁਣਵਾਈ ਤੇ ਸੱਚੀ ਉਪਾਸਨਾ ਦੀ ਜਿੱਤ ਕਿਸ ਤਰ੍ਹਾਂ ਹੋਈ? ਇਹ ਗੱਲ ਸਮਝਣ ਲਈ, ਆਓ ਆਪਾਂ ਦੇਖੀਏ ਕਿ ਇਹ ਮਾਮਲਾ ਅਦਾਲਤ ਵਿਚ ਕਿਉਂ ਪਹੁੰਚਿਆ ਸੀ।

ਆਰਮੀਨੀਆ ਤੁਰਕੀ ਦੇ ਪੂਰਬੀ ਪਾਸੇ ਅਤੇ ਕੌਕੇਸਸ ਪਹਾੜਾਂ ਦੇ ਦੱਖਣੀ ਪਾਸੇ ਸਥਿਤ ਹੈ। ਇੱਥੇ ਦੀ ਆਬਾਦੀ 30 ਲੱਖ ਤੋਂ ਜ਼ਿਆਦਾ ਹੈ। ਦੇਸ਼ ਦੀ ਰਾਜਧਾਨੀ, ਯੇਰੇਵਾਨ ਤੋਂ ਅਰਾਰਾਤ ਪਹਾੜਾਂ ਦੀਆਂ ਦੋ ਸ਼ਾਨਦਾਰ ਟੀਸੀਆਂ ਨਜ਼ਰ ਆਉਂਦੀਆਂ ਹਨ, ਜਿੱਥੇ ਮੰਨਿਆ ਜਾਂਦਾ ਹੈ ਕਿ ਜਲ-ਪਰਲੋ ਤੋਂ ਬਾਅਦ ਨੂਹ ਦੀ ਕਿਸ਼ਤੀ ਠਹਿਰੀ ਸੀ।—ਉਤਪਤ 8:4. *

ਯਹੋਵਾਹ ਦੇ ਗਵਾਹ 1975 ਤੋਂ ਆਰਮੀਨੀਆ ਵਿਚ ਆਪਣਾ ਪ੍ਰਚਾਰ ਦਾ ਕੰਮ ਕਰਦੇ ਆਏ ਹਨ। ਸਾਲ 1991 ਵਿਚ ਸਾਬਕਾ ਸੋਵੀਅਤ ਰੂਸ ਤੋਂ ਆਜ਼ਾਦ ਹੋਣ ਮਗਰੋਂ, ਆਰਮੀਨੀਆ ਨੇ ਧਾਰਮਿਕ ਸੰਸਥਾਵਾਂ ਦੀ ਰਜਿਸਟਰੀ ਵਾਸਤੇ ਇਕ ਸਰਕਾਰੀ ਕੌਂਸਲ ਸਥਾਪਿਤ ਕੀਤੀ। ਪਰ ਇਸ ਕੌਂਸਲ ਨੇ ਯਹੋਵਾਹ ਦੇ ਗਵਾਹਾਂ ਨੂੰ ਮਾਨਤਾ ਦੇਣ ਤੋਂ ਵਾਰ-ਵਾਰ ਇਨਕਾਰ ਕੀਤਾ, ਖ਼ਾਸਕਰ ਕਿਉਂਕਿ ਗਵਾਹ ਸਿਆਸੀ ਮਾਮਲਿਆਂ ਵਿਚ ਹਿੱਸਾ ਨਹੀਂ ਲੈਂਦੇ ਹਨ। ਨਤੀਜੇ ਵਜੋਂ, 1991 ਤੋਂ ਲੈ ਕੇ ਹੁਣ ਤਕ ਯਹੋਵਾਹ ਦੇ 100 ਤੋਂ ਜ਼ਿਆਦਾ ਨੌਜਵਾਨ ਗਵਾਹਾਂ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਇਸ ਲਈ ਕੈਦ ਕੀਤੇ ਗਏ ਕਿਉਂਕਿ ਉਨ੍ਹਾਂ ਨੇ ਬਾਈਬਲ ਦੀ ਸਿੱਖਿਆ ਉੱਤੇ ਚੱਲਦੇ ਹੋਏ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕੀਤਾ ਸੀ।

ਕੌਂਸਲ ਨੇ ਸਰਕਾਰੀ ਵਕੀਲ ਨੂੰ ਲੋਵਾ ਮਾਰਗਾਰਿਯਨ ਦੀਆਂ ਧਾਰਮਿਕ ਸਰਗਰਮੀਆਂ ਦੀ ਛਾਣ-ਬੀਣ ਕਰਨ ਲਈ ਕਿਹਾ। ਭਰਾ ਮਾਰਗਾਰਿਯਨ ਮਸੀਹੀ ਕਲੀਸਿਯਾ ਵਿਚ ਇਕ ਬਜ਼ੁਰਗ ਹੈ। ਉਹ ਇਕ ਬਹੁਤ ਹੀ ਮਿਹਨਤੀ ਵਕੀਲ ਹੈ ਜੋ ਐਟੋਮਿਕ ਪਾਵਰ ਪਲਾਂਟ ਲਈ ਕੰਮ ਕਰਦਾ ਹੈ। ਭਰਾ ਮਾਰਗਾਰਿਯਨ ਨੂੰ ਧਾਰਾ 244 ਅਧੀਨ ਦੋਸ਼ੀ ਠਹਿਰਾਇਆ ਗਿਆ ਸੀ। ਇਹ ਧਾਰਾ ਸਾਬਕਾ ਸੋਵੀਅਤ ਰੂਸ ਦੇ ਪ੍ਰਧਾਨ ਮੰਤਰੀ ਨਕੀਟਾ ਖ਼ਰੁਸ਼ੋਫ਼ ਦੇ ਰਾਜ ਅਧੀਨ ਬਣਾਈ ਗਈ ਸੀ, ਜਿਸ ਦਾ ਮੁੱਖ ਉਦੇਸ਼ ਸੀ ਯਹੋਵਾਹ ਦੇ ਗਵਾਹਾਂ ਤੇ ਹੋਰਨਾਂ ਧਰਮਾਂ ਦੇ ਰਾਹ ਦਾ ਰੋੜਾ ਬਣਨਾ ਅਤੇ ਅੰਤ ਵਿਚ ਇਨ੍ਹਾਂ ਸਮੂਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ।

ਇਸ ਕਾਨੂੰਨ ਮੁਤਾਬਕ ਅਜਿਹੇ ਮਜ਼ਹਬੀ ਸਮੂਹ ਨੂੰ ਸੰਗਠਿਤ ਕਰਨਾ ਜਾਂ ਉਸ ਦੀ ਅਗਵਾਈ ਕਰਨੀ ਜੋ ‘ਨੌਜਵਾਨਾਂ ਨੂੰ ਗ਼ੈਰ-ਸਰਕਾਰੀ ਮਜ਼ਹਬ ਦੀਆਂ ਧਾਰਮਿਕ ਮੀਟਿੰਗਾਂ ਵਿਚ ਆਉਣ ਲਈ ਵਰਗਲਾਉਂਦਾ ਹੈ’ ਅਤੇ ‘ਆਪਣੇ ਮੈਂਬਰਾਂ ਨੂੰ ਦੇਸ਼ ਦੀ ਸੇਵਾ ਕਰਨ ਤੋਂ ਰੋਕਦਾ ਹੈ’ ਇਕ ਜੁਰਮ ਹੈ। ਮੁਕੱਦਮੇ ਦੌਰਾਨ ਇਸ ਦੋਸ਼ ਨੂੰ ਸਾਬਤ ਕਰਨ ਲਈ ਸਰਕਾਰੀ ਵਕੀਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੈਟਸਾਮੋਰ ਨਗਰ ਵਿਚ ਜਿਨ੍ਹਾਂ ਮੀਟਿੰਗਾਂ ਦੀ ਅਗਵਾਈ ਲੋਵਾ ਮਾਰਗਾਰਿਯਨ ਕਰ ਰਿਹਾ ਸੀ, ਉਨ੍ਹਾਂ ਵਿਚ ਛੋਟੇ ਬੱਚੇ ਵੀ ਹਾਜ਼ਰ ਹੁੰਦੇ ਹਨ। ਉਸ ਵਕੀਲ ਨੇ ਇਹ ਵੀ ਕਿਹਾ ਕਿ ਲੋਵਾ ਮਾਰਗਾਰਿਯਨ ਨੇ ਕਲੀਸਿਯਾ ਦੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਨਾ ਹੋਣ ਲਈ ਮਜਬੂਰ ਕੀਤਾ ਸੀ।

ਮੁਕੱਦਮੇ ਦੀ ਸ਼ੁਰੂਆਤ

ਮੁਕੱਦਮਾ ਡਿਸਟ੍ਰਿਕਟ ਕੋਰਟ ਵਿਚ 20 ਜੁਲਾਈ 2001 ਨੂੰ ਸ਼ੁਰੂ ਹੋਇਆ ਅਤੇ ਇਹ ਅਗਸਤ ਮਹੀਨੇ ਦੌਰਾਨ ਜਾਰੀ ਰਿਹਾ। ਇਸ ਮੁਕੱਦਮੇ ਦੀ ਸੁਣਵਾਈ ਜਸਟਿਸ ਮੈਨਵਲ ਸੀਮੋਂਯਾਨ ਨੇ ਕੀਤੀ। ਮੁਕੱਦਮੇ ਦੌਰਾਨ ਪੁੱਛ-ਗਿੱਛ ਕਰਨ ਤੇ ਸਰਕਾਰੀ ਗਵਾਹਾਂ ਨੇ ਆਖ਼ਰਕਾਰ ਇਸ ਗੱਲ ਦਾ ਇਕਬਾਲ ਕੀਤਾ ਕਿ ਕੌਮੀ ਸੁਰੱਖਿਆ ਮਿਨਿਸਟਰੀ (ਸਾਬਕਾ ਸੋਵੀਅਤ ਰੂਸ ਦੀ ਖੁਫੀਆ ਪੁਲਸ ਯਾਨੀ ਕੇ. ਜੀ. ਬੀ.) ਦੇ ਏਜੰਟਾਂ ਨੇ ਉਨ੍ਹਾਂ ਤੋਂ ਲੋਵਾ ਮਾਰਗਾਰਿਯਨ ਦੇ ਖ਼ਿਲਾਫ਼ ਬਿਆਨ ਲਿਖਵਾਏ ਸਨ ਅਤੇ ਫਿਰ ਉਨ੍ਹਾਂ ਨੂੰ ਦਸਤਖਤ ਕਰਨ ਤੇ ਮਜਬੂਰ ਕੀਤਾ ਸੀ। ਇਕ ਔਰਤ ਨੇ ਇਕਬਾਲ ਕੀਤਾ ਕਿ ਮਿਨਿਸਟਰੀ ਦੇ ਇਕ ਅਧਿਕਾਰੀ ਨੇ ਉਸ ਨੂੰ ਅਦਾਲਤ ਵਿਚ ਇਹ ਬਿਆਨ ਦੇਣ ਲਈ ਕਿਹਾ ਸੀ ਕਿ “ਯਹੋਵਾਹ ਦੇ ਗਵਾਹ ਸਾਡੀ ਸਰਕਾਰ ਤੇ ਸਾਡੇ ਧਰਮ ਦੇ ਖ਼ਿਲਾਫ਼ ਹਨ।” ਉਸ ਔਰਤ ਨੇ ਫਿਰ ਕਿਹਾ ਕਿ ਉਹ ਯਹੋਵਾਹ ਦੇ ਕਿਸੇ ਵੀ ਗਵਾਹ ਨੂੰ ਨਹੀਂ ਜਾਣਦੀ ਸੀ, ਪਰ ਉਸ ਨੇ ਸਿਰਫ਼ ਸਰਕਾਰੀ ਟੈਲੀਵਿਯਨ ਤੇ ਉਨ੍ਹਾਂ ਦੇ ਖ਼ਿਲਾਫ਼ ਗੱਲਾਂ ਹੀ ਸੁਣੀਆਂ ਸਨ।

ਜਦੋਂ ਭਰਾ ਮਾਰਗਾਰਿਯਨ ਦੀ ਵਾਰੀ ਆਈ, ਤਾਂ ਉਸ ਨੇ ਦੱਸਿਆ ਕਿ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਜੋ ਬੱਚੇ ਆਉਂਦੇ ਹਨ, ਉਹ ਆਪਣੇ ਮਾਂ-ਬਾਪ ਦੀ ਇਜਾਜ਼ਤ ਨਾਲ ਆਉਂਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਫ਼ੌਜ ਵਿਚ ਭਰਤੀ ਹੋਣਾ ਹਰੇਕ ਦਾ ਆਪਣਾ ਨਿੱਜੀ ਫ਼ੈਸਲਾ ਹੈ। ਸਰਕਾਰੀ ਵਕੀਲ ਨੇ ਕਈ ਦਿਨਾਂ ਤਕ ਪੁੱਛ-ਗਿੱਛ ਜਾਰੀ ਰੱਖੀ। ਭਰਾ ਮਾਰਗਾਰਿਯਨ ਨੇ ਬੜੇ ਸ਼ਾਂਤ ਲਹਿਜੇ ਨਾਲ ਬਾਈਬਲ ਖੋਲ੍ਹ ਕੇ ਵਕੀਲ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਸ ਨੇ ਵੀ ਆਪਣੀ ਬਾਈਬਲ ਖੋਲ੍ਹ ਕੇ ਨਾਲ-ਨਾਲ ਹਵਾਲੇ ਪੜ੍ਹੇ।

ਜੱਜ ਨੇ 18 ਸਤੰਬਰ 2001 ਦੇ ਦਿਨ ਭਰਾ ਮਾਰਗਾਰਿਯਨ ਨੂੰ “ਬੇਕਸੂਰ” ਕਰਾਰ ਦਿੱਤਾ। ਉਸ ਨੇ ਕਿਹਾ ਕਿ ਲੋਵਾ ਮਾਰਗਾਰਿਯਨ ਨੇ “ਕੋਈ ਕਾਨੂੰਨ ਨਹੀਂ ਤੋੜਿਆ ਸੀ।” ਇਕ ਅਖ਼ਬਾਰ ਵਿਚ ਇਸ ਕੇਸ ਬਾਰੇ ਇਹ ਦਿਲਚਸਪ ਰਿਪੋਰਟ ਛਾਪੀ ਗਈ ਸੀ: “ਆਰਮੀਨੀਆ ਵਿਚ ਯਹੋਵਾਹ ਦੇ ਗਵਾਹਾਂ ਦਾ ਇਕ ਲੀਡਰ ਅੱਜ ਬਰੀ ਕੀਤਾ ਗਿਆ। ਉਸ ਉੱਤੇ ਇਲਜ਼ਾਮ ਲਾਇਆ ਗਿਆ ਸੀ ਕਿ ਉਹ ਲੋਕਾਂ ਦਾ ਧਰਮ ਬਦਲ ਰਿਹਾ ਹੈ ਅਤੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਤੋਂ ਰੋਕ ਰਿਹਾ ਹੈ। ਦੋ ਮਹੀਨਿਆਂ ਦੇ ਮੁਕੱਦਮੇ ਤੋਂ ਬਾਅਦ, ਅਦਾਲਤ ਨੇ ਕਿਹਾ ਕਿ ਲੋਵਾ ਮਾਰਗਾਰਿਯਨ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਸੀ। ਜੇ ਉਹ ਦੋਸ਼ੀ ਸਾਬਤ ਹੋ ਜਾਂਦਾ, ਤਾਂ ਉਸ ਨੂੰ ਪੰਜ ਸਾਲ ਦੀ ਸਜ਼ਾ ਮਿਲ ਸਕਦੀ ਸੀ। . . . ਭਾਵੇਂ ਕਿ ਆਰਮੀਨੀਆ ਦੇ ਕਾਨੂੰਨਾਂ ਵਿਚ ਲੋਕਾਂ ਨੂੰ ਧਾਰਮਿਕ ਆਜ਼ਾਦੀ ਦੇਣ ਦਾ ਦਾਅਵਾ ਹੈ, ਪਰ ਨਵੇਂ ਧਰਮਾਂ ਲਈ ਕਾਨੂੰਨੀ ਮਾਨਤਾ ਹਾਸਲ ਕਰਨੀ ਬਹੁਤ ਮੁਸ਼ਕਲ ਹੈ ਅਤੇ ਸਾਰੇ ਕਾਨੂੰਨ ਆਰਮੀਨੀ ਅਪਾਸਟੋਲਿਕ ਚਰਚ ਦੀ ਤਰਫ਼ਦਾਰੀ ਕਰਦੇ ਹਨ।” ਇਕ ਯੂਰਪੀ ਸੁਰੱਖਿਆ ਸੰਗਠਨ ਨੇ 18 ਸਤੰਬਰ 2001 ਦੀ ਆਪਣੀ ਪ੍ਰੈੱਸ ਰਿਲੀਸ ਵਿਚ ਕਿਹਾ: “ਸਾਨੂੰ ਅਦਾਲਤ ਦਾ ਫ਼ੈਸਲਾ ਸੁਣ ਕੇ ਬਹੁਤ ਖ਼ੁਸ਼ੀ ਹੋਈ ਹੈ, ਪਰ ਸਾਨੂੰ ਅਫ਼ਸੋਸ ਹੈ ਕਿ ਯਹੋਵਾਹ ਦੇ ਗਵਾਹਾਂ ਉੱਤੇ ਇਹ ਮੁਕੱਦਮਾ ਕੀਤਾ ਗਿਆ।”

ਮੁਕੱਦਮਾ ਜਾਰੀ ਰਿਹਾ

ਸਰਕਾਰੀ ਵਕੀਲਾਂ ਨੇ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰ ਦਿੱਤੀ ਅਤੇ ਕੇਸ ਦੀ ਦੂਜੀ ਸੁਣਵਾਈ ਲਈ ਤਿੰਨ ਜੱਜਾਂ ਨੂੰ ਚਾਰ ਹੋਰ ਮਹੀਨੇ ਲੱਗੇ। ਮੁਕੱਦਮੇ ਦੇ ਸ਼ੁਰੂ ਵਿਚ ਜਦੋਂ ਗਵਾਹੀ ਦੇਣ ਲਈ ਲੋਵਾ ਮਾਰਗਾਰਿਯਨ ਦੀ ਵਾਰੀ ਆਈ, ਤਾਂ ਇਕ ਜੱਜ ਨੇ ਉਸ ਨੂੰ ਪਹਿਲਾ ਸਵਾਲ ਪੁੱਛਿਆ। ਜਦੋਂ ਭਰਾ ਮਾਰਗਾਰਿਯਨ ਜਵਾਬ ਦੇਣ ਲੱਗਾ, ਤਾਂ ਮੁਕੱਦਮੇ ਦੀ ਸਭਾਪਤੀ ਨੇ ਉਸ ਨੂੰ ਵਿੱਚੋਂ ਟੋਕ ਕੇ ਉਸ ਨੂੰ ਹੋਰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਸ ਨੇ ਭਰਾ ਮਾਰਗਾਰਿਯਨ ਨੂੰ ਇਕ ਵੀ ਸਵਾਲ ਦਾ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ। ਉਸ ਨੇ ਬਿਨਾਂ ਕੋਈ ਕਾਰਨ ਦਿੱਤੇ, ਸਫ਼ਾਈ ਵਕੀਲ ਦੇ ਤਕਰੀਬਨ ਸਾਰੇ ਸਵਾਲਾਂ ਨੂੰ ਅਦਾਲਤੀ ਰਿਕਾਰਡ ਵਿਚ ਦਰਜ ਨਹੀਂ ਕੀਤਾ। ਮੁਕੱਦਮੇ ਦੌਰਾਨ ਕਚਹਿਰੀ ਉਨ੍ਹਾਂ ਹਠਧਰਮੀ ਲੋਕਾਂ ਨਾਲ ਭਰੀ ਹੋਈ ਸੀ ਜੋ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕਰਦੇ ਸਨ। ਇਨ੍ਹਾਂ ਲੋਕਾਂ ਨੇ ਲੋਵਾ ਮਾਰਗਾਰਿਯਨ ਨੂੰ ਵਾਰ-ਵਾਰ ਉੱਚੀ-ਉੱਚੀ ਗਾਲ੍ਹਾਂ ਕੱਢੀਆਂ। ਮੁਕੱਦਮੇ ਦੇ ਪਹਿਲੇ ਸੈਸ਼ਨ ਤੋਂ ਬਾਅਦ ਟੈਲੀਵਿਯਨ ਤੇ ਕਈ ਗ਼ਲਤ-ਮਲਤ ਰਿਪੋਰਟਾਂ ਦਿੱਤੀਆਂ ਗਈਆਂ। ਮਿਸਾਲ ਲਈ, ਰਿਪੋਰਟ ਵਿਚ ਇਹ ਕਿਹਾ ਗਿਆ ਸੀ ਕਿ ਲੋਵਾ ਮਾਰਗਾਰਿਯਨ ਨੇ ਆਪਣਾ ਕਸੂਰ ਸਵੀਕਾਰ ਕਰ ਲਿਆ ਹੈ।

ਮੁਕੱਦਮੇ ਦੇ ਅੱਧ ਵਿਚ, ਤਿੰਨ ਜੱਜਾਂ ਦੀ ਸਭਾਪਤੀ ਨੇ ਮਜ਼ਹਬੀ ਮਾਮਲਿਆਂ ਦੀ ਸਰਕਾਰੀ ਕੌਂਸਲ ਵੱਲੋਂ ਲਿਖੀ ਇਕ ਚਿੱਠੀ ਪੜ੍ਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਵਿਚ ਮੰਗ ਕੀਤੀ ਗਈ ਸੀ ਕਿ ਸਰਕਾਰੀ ਵਕੀਲ ਨੂੰ ਲੋਵਾ ਮਾਰਗਾਰਿਯਨ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਅਦਾਲਤ ਵਿਚ ਹਾਜ਼ਰ ਦੂਸਰੇ ਮੁਲਕਾਂ ਤੋਂ ਆਏ ਲੋਕ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਕਿਉਂਕਿ ਆਰਮੀਨੀਆ ਨੇ ਯੂਰਪੀ ਕੌਂਸਲ ਦਾ ਮੈਂਬਰ ਬਣਨ ਲਈ ਅਰਜ਼ੀ ਭਰਨ ਵੇਲੇ ਇਹ ਕਿਹਾ ਸੀ ਕਿ “ਸਾਰੇ ਚਰਚਾਂ ਜਾਂ ਧਾਰਮਿਕ ਸਮੂਹਾਂ, ਖ਼ਾਸਕਰ ‘ਗ਼ੈਰ-ਰਵਾਇਤੀ ਧਰਮਾਂ’ ਨੂੰ ਬਿਨਾਂ ਪੱਖਪਾਤ ਆਪਣੇ ਧਰਮ ਅਨੁਸਾਰ ਚੱਲਣ ਦੀ ਆਜ਼ਾਦੀ ਦਿੱਤੀ ਜਾਵੇਗੀ।”

ਮੁਕੱਦਮੇ ਦੇ ਅਗਲਿਆਂ ਹਫ਼ਤਿਆਂ ਦੌਰਾਨ ਮਾਹੌਲ ਹੋਰ ਵੀ ਵਿਗੜਦਾ ਗਿਆ। ਵਿਰੋਧੀਆਂ ਨੇ ਕਚਹਿਰੀ ਦੇ ਅੰਦਰ ਤੇ ਬਾਹਰ ਯਹੋਵਾਹ ਦੇ ਗਵਾਹਾਂ ਤੇ ਹਮਲੇ ਕੀਤੇ। ਔਰਤਾਂ ਦੀਆਂ ਲੱਤਾਂ ਤੇ ਠੁੱਡੇ ਮਾਰੇ ਗਏ। ਜਦੋਂ ਇਕ ਭਰਾ ਉੱਤੇ ਹਮਲਾ ਕੀਤਾ ਗਿਆ, ਪਰ ਉਸ ਨੇ ਅੱਗੋਂ ਕੁਝ ਨਹੀਂ ਕੀਤਾ, ਤਾਂ ਉਸ ਨੂੰ ਪਿੱਠ ਵਿਚ ਇੰਨੇ ਜ਼ੋਰ ਨਾਲ ਮਾਰਿਆ ਕਿ ਭਰਾ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ।

ਇਸ ਸਮੇਂ ਦੌਰਾਨ ਕੇਸ ਦੀ ਸੁਣਵਾਈ ਲਈ ਇਕ ਨਵਾਂ ਸਭਾਪਤੀ ਚੁਣਿਆ ਗਿਆ ਸੀ। ਭਾਵੇਂ ਹਾਜ਼ਰੀਨ ਵਿੱਚੋਂ ਕੁਝ ਲੋਕਾਂ ਨੇ ਸਫ਼ਾਈ ਵਕੀਲ ਨੂੰ ਦਬਕਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਨਵੇਂ ਜੱਜ ਨੇ ਅਦਾਲਤ ਵਿਚ ਰੌਲਾ-ਰੱਪਾ ਨਹੀਂ ਪੈਣ ਦਿੱਤਾ। ਉਸ ਨੇ ਪੁਲਸ ਸੱਦ ਕੇ ਇਕ ਔਰਤ ਨੂੰ ਬਾਹਰ ਕਢਵਾ ਦਿੱਤਾ ਜੋ ਸਫ਼ਾਈ ਵਕੀਲ ਨੂੰ ਉੱਚੀ ਆਵਾਜ਼ ਵਿਚ ਧਮਕੀਆਂ ਦੇ ਰਹੀ ਸੀ।

ਮੁਕੱਦਮਾ ਸੁਪਰੀਮ ਕੋਰਟ ਵਿਚ ਪਹੁੰਚਿਆ

ਅਖ਼ੀਰ ਵਿਚ 7 ਮਾਰਚ 2002 ਦੇ ਦਿਨ ਅਪੀਲ ਕੋਰਟ ਨੇ ਵੀ ਡਿਸਟ੍ਰਿਕਟ ਕੋਰਟ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ। ਹੈਰਾਨੀ ਦੀ ਗੱਲ ਇਹ ਸੀ ਕਿ ਫ਼ੈਸਲੇ ਤੋਂ ਇਕ ਦਿਨ ਪਹਿਲਾਂ ਹੀ ਮਜ਼ਹਬੀ ਮਾਮਲਿਆਂ ਦੀ ਸਰਕਾਰੀ ਕੌਂਸਲ ਖ਼ਤਮ ਕਰ ਦਿੱਤੀ ਗਈ ਸੀ। ਸਰਕਾਰੀ ਵਕੀਲ ਨੇ ਫਿਰ ਤੋਂ ਕੇਸ ਦੀ ਅਪੀਲ ਕੀਤੀ ਅਤੇ ਇਸ ਵਾਰ ਸੁਣਵਾਈ ਆਰਮੀਨੀਆ ਦੇ ਸੁਪਰੀਮ ਕੋਰਟ ਵਿਚ ਹੋਣੀ ਸੀ। ਸਰਕਾਰੀ ਵਕੀਲਾਂ ਨੇ ਮੰਗ ਕੀਤੀ ਕਿ ਲੋਵਾ ਮਾਰਗਾਰਿਯਨ ਨੂੰ “ਦੋਸ਼ੀ ਕਰਾਰ ਦੇਣ” ਲਈ ਕੇਸ ਦੀ ਫਿਰ ਤੋਂ ਸੁਣਵਾਈ ਕੀਤੀ ਜਾਵੇ।

ਸੁਪਰੀਮ ਕੋਰਟ ਦੇ ਛੇ ਜੱਜ ਸਨ। ਸਭਾਪਤੀ ਜਸਟਿਸ ਮਹੇਰ ਖਾਚਾਟ੍ਰਯਾਨ ਸੀ ਅਤੇ ਮੁਕੱਦਮੇ ਦੀ ਸੁਣਵਾਈ 19 ਅਪ੍ਰੈਲ 2002 ਨੂੰ ਸਵੇਰੇ 11 ਵਜੇ ਸ਼ੁਰੂ ਹੋਈ ਸੀ। ਇਕ ਸਰਕਾਰੀ ਵਕੀਲ ਨੇ ਆਪਣੀ ਗੱਲ ਸ਼ੁਰੂ ਕਰਦੇ ਹੋਏ ਇਸ ਗੱਲ ਤੇ ਗਹਿਰੀ ਨਾਰਾਜ਼ਗੀ ਪ੍ਰਗਟ ਕੀਤੀ ਕਿ ਪਹਿਲੀਆਂ ਦੋ ਅਦਾਲਤਾਂ ਨੇ ਲੋਵਾ ਮਾਰਗਾਰਿਯਨ ਨੂੰ ਬੇਕਸੂਰ ਕਰਾਰ ਦਿੱਤਾ ਸੀ। ਪਰ ਇਸ ਵਾਰ ਚਾਰ ਜੱਜਾਂ ਨੇ ਉਸ ਨੂੰ ਟੋਕਿਆ ਅਤੇ ਵਾਰ-ਵਾਰ ਉਸ ਨੂੰ ਸਵਾਲ ਪੁੱਛੇ। ਇਕ ਜੱਜ ਨੇ ਸਰਕਾਰੀ ਵਕੀਲ ਨੂੰ ਤਾੜਿਆ ਕਿਉਂਕਿ ਉਸ ਨੇ ਲੋਵਾ ਮਾਰਗਾਰਿਯਨ ਖ਼ਿਲਾਫ਼ ਮੁਕੱਦਮੇ ਵਿਚ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਅਤੇ ਉਨ੍ਹਾਂ ਦੇ ਮਾਨਤਾ-ਪ੍ਰਾਪਤ ਨਾ ਹੋਣ ਦੀ ਗੱਲ ਕਰ ਕੇ ਅਦਾਲਤ ਨੂੰ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ਼ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਦੋ ਗੱਲਾਂ ਧਾਰਾ 244 ਅਧੀਨ ਅਪਰਾਧ ਨਹੀਂ ਸਨ। ਉਸ ਜੱਜ ਨੇ ਫਿਰ ਸਰਕਾਰੀ ਵਕੀਲ ਦੀ ਕਾਰਵਾਈ ਬਾਰੇ ਕਿਹਾ ਕਿ ਉਹ ਲੋਵਾ ਮਾਰਗਾਰਿਯਨ ਤੇ “ਮੁਕੱਦਮਾ ਕਰ ਕੇ ਉਸ ਨੂੰ ਤੰਗ ਕਰ ਰਿਹਾ ਸੀ।” ਇਕ ਹੋਰ ਜੱਜ ਨੇ ਯੂਰਪੀਅਨ ਕੋਰਟ ਵਿਚ ਹੋਏ ਕਈ ਮੁਕੱਦਮਿਆਂ ਦੀ ਮਿਸਾਲ ਦਿੱਤੀ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਯਹੋਵਾਹ ਦੇ ਗਵਾਹਾਂ ਦਾ ਮਜ਼ਹਬ ਇਕ “ਜਾਣਿਆ-ਪਛਾਣਿਆ ਧਰਮ” ਹੈ ਅਤੇ ਇਹ ਮਨੁੱਖੀ ਅਧਿਕਾਰਾਂ ਸੰਬੰਧੀ ਯੂਰਪੀ ਸਮਝੌਤੇ ਤੋਂ ਸੁਰੱਖਿਆ ਹਾਸਲ ਕਰਨ ਦਾ ਹੱਕਦਾਰ ਹੈ। ਇਸ ਸਮੇਂ ਦੌਰਾਨ ਇਕ ਪਾਦਰੀ ਨੇ ਅਦਾਲਤ ਵਿਚ ਚਿਲਾਉਣਾ ਸ਼ੁਰੂ ਕਰ ਦਿੱਤਾ ਕਿ ਯਹੋਵਾਹ ਦੇ ਗਵਾਹ ਮੁਲਕ ਨੂੰ ਦੁਫਾੜ ਕਰ ਰਹੇ ਹਨ। ਅਦਾਲਤ ਨੇ ਉਸ ਨੂੰ ਚੁੱਪ ਰਹਿਣ ਦਾ ਹੁਕਮ ਦਿੱਤਾ।

ਇਸ ਮਗਰੋਂ ਜੱਜਾਂ ਨੇ ਇਕ ਅਜਿਹਾ ਕੰਮ ਕੀਤਾ ਜੋ ਸੁਪਰੀਮ ਕੋਰਟ ਵਿਚ ਪਹਿਲਾਂ ਕਦੇ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਲੋਵਾ ਮਾਰਗਾਰਿਯਨ ਨੂੰ ਹਾਜ਼ਰੀਨ ਵਿੱਚੋਂ ਅਦਾਲਤ ਸਾਮ੍ਹਣੇ ਬੁਲਾਇਆ। ਭਰਾ ਮਾਰਗਾਰਿਯਨ ਨੇ ਬੜੀ ਸੋਹਣੀ ਤਰ੍ਹਾਂ ਗਵਾਹੀ ਪੇਸ਼ ਕੀਤੀ ਕਿ ਯਹੋਵਾਹ ਦੇ ਗਵਾਹ ਵੱਖਰੇ-ਵੱਖਰੇ ਮਾਮਲਿਆਂ ਬਾਰੇ ਕੀ ਮੰਨਦੇ ਹਨ। (ਮਰਕੁਸ 13:9) ਫਿਰ ਆਪਸ ਵਿਚ ਕੁਝ ਸਮੇਂ ਤਕ ਸਲਾਹ-ਮਸ਼ਵਰਾ ਕਰਨ ਮਗਰੋਂ ਅਦਾਲਤ ਦੇ ਸਾਰੇ ਜੱਜਾਂ ਨੇ ਲੋਵਾ ਮਾਰਗਾਰਿਯਨ ਨੂੰ “ਬੇਕਸੂਰ” ਕਰਾਰ ਦਿੱਤਾ। ਭਰਾ ਮਾਰਗਾਰਿਯਨ ਦੀ ਖ਼ੁਸ਼ੀ ਸਾਫ਼ ਜ਼ਾਹਰ ਸੀ। ਅਦਾਲਤ ਨੇ ਆਪਣੇ ਲਿਖਤੀ ਬਿਆਨ ਵਿਚ ਕਿਹਾ: “ਸਾਡੇ ਮੌਜੂਦਾ ਕਾਨੂੰਨ ਮੁਤਾਬਕ ਲੋਵਾ ਮਾਰਗਾਰਿਯਨ ਦੀਆਂ ਸਰਗਰਮੀਆਂ ਨੂੰ ਅਪਰਾਧ ਨਹੀਂ ਸੱਦਿਆ ਜਾ ਸਕਦਾ ਹੈ। ਇਸ ਨੂੰ ਅਪਰਾਧ ਸੱਦਣਾ ਆਰਮੀਨੀ ਕਾਨੂੰਨ ਦੀ ਧਾਰਾ 23 ਅਤੇ ਯੂਰਪੀ ਸਮਝੌਤੇ ਦੀ ਧਾਰਾ 9 ਦੇ ਉਲਟ ਹੈ।”

ਫ਼ੈਸਲੇ ਦੇ ਸਿੱਟੇ

ਜੇ ਸਰਕਾਰੀ ਵਕੀਲ ਕਾਮਯਾਬ ਹੋ ਜਾਂਦੇ, ਤਾਂ ਆਰਮੀਨੀਆ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਕਲੀਸਿਯਾਵਾਂ ਦੇ ਬਜ਼ੁਰਗਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਖ਼ਤਰਾ ਹੋਣਾ ਸੀ। ਸਾਡੀ ਉਮੀਦ ਹੈ ਕਿ ਸੁਪਰੀਮ ਕੋਰਟ ਦੇ ਸਪੱਸ਼ਟ ਫ਼ੈਸਲੇ ਤੋਂ ਬਾਅਦ ਗਵਾਹਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਸਹਿਣੀ ਪਵੇਗੀ। ਜੇ ਫ਼ੈਸਲਾ ਯਹੋਵਾਹ ਦੇ ਗਵਾਹਾਂ ਦੇ ਖ਼ਿਲਾਫ਼ ਹੋ ਜਾਂਦਾ, ਤਾਂ ਸਰਕਾਰ ਨੂੰ ਉਨ੍ਹਾਂ ਨੂੰ ਕਦੇ ਵੀ ਕਾਨੂੰਨੀ ਮਾਨਤਾ ਨਾ ਦੇਣ ਦਾ ਬਹਾਨਾ ਮਿਲ ਜਾਣਾ ਸੀ। ਪਰ ਯਹੋਵਾਹ ਦਾ ਸ਼ੁਕਰ ਹੈ ਕਿ ਅਦਾਲਤ ਨੇ ਇਸ ਬਹਾਨੇ ਨੂੰ ਹਟਾ ਦਿੱਤਾ ਹੈ।

ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਦੇਸ਼ ਵਿਚ ਯਹੋਵਾਹ ਦੇ 7,000 ਤੋਂ ਜ਼ਿਆਦਾ ਗਵਾਹਾਂ ਦੀ ਸੰਸਥਾ ਰਜਿਸਟਰ ਕੀਤੀ ਜਾਵੇਗੀ ਕਿ ਨਹੀਂ। ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ “ਅਰਾਰਾਤ ਦੇ ਦੇਸ” ਵਿਚ ਸੱਚੀ ਉਪਾਸਨਾ ਰਾਹੀਂ ਅਜੇ ਵੀ ਯਹੋਵਾਹ ਦੀ ਵਡਿਆਈ ਕੀਤੀ ਜਾ ਰਹੀ ਹੈ।

[ਸਫ਼ੇ 12 ਉੱਤੇ ਤਸਵੀਰ]

ਆਪਣੇ ਮੁਕੱਦਮੇ ਦੌਰਾਨ ਲੋਵਾ ਮਾਰਗਾਰਿਯਨ

[ਸਫ਼ੇ 13 ਉੱਤੇ ਤਸਵੀਰ]

ਭਰਾ ਮਾਰਗਾਰਿਯਨ ਅਤੇ ਉਸ ਦਾ ਪਰਿਵਾਰ

[ਫੁਟਨੋਟ]

^ ਪੈਰਾ 3 ਇਹ ਇਕ ਕਾਰਨ ਹੈ ਜਿਸ ਕਰਕੇ ਆਰਮੀਨੀ ਲੋਕ ਆਪਣੇ ਦੇਸ਼ ਦਾ ਨਾਂ ਅਰਾਰਾਤ ਪਹਾੜ ਨਾਲ ਜੋੜਦੇ ਹਨ। ਇਹ ਪਹਾੜ ਪੁਰਾਣੇ ਜ਼ਮਾਨੇ ਵਿਚ ਆਰਮੀਨੀਆ ਸਾਮਰਾਜ ਦੇ ਇਲਾਕੇ ਵਿਚ ਹੁੰਦੇ ਸਨ। ਇਸੇ ਕਰਕੇ ਬਾਈਬਲ ਦੇ ਯੂਨਾਨੀ ਸੈਪਟੁਜਿੰਟ ਤਰਜਮੇ ਵਿਚ ਯਸਾਯਾਹ 37:38 ਵਿਚ “ਅਰਾਰਾਤ ਦੇ ਦੇਸ” ਦਾ ਅਨੁਵਾਦ “ਆਰਮੀਨੀਆ” ਕੀਤਾ ਗਿਆ ਹੈ। ਅੱਜ-ਕੱਲ੍ਹ ਅਰਾਰਾਤ ਪਹਾੜ ਤੁਰਕੀ ਦੀ ਪੂਰਬੀ ਸੀਮਾ ਲਾਗੇ ਹੈ।