Skip to content

Skip to table of contents

ਨਰਮਾਈ ਮਸੀਹੀਆਂ ਲਈ ਜ਼ਰੂਰੀ ਹੈ

ਨਰਮਾਈ ਮਸੀਹੀਆਂ ਲਈ ਜ਼ਰੂਰੀ ਹੈ

ਨਰਮਾਈ ਮਸੀਹੀਆਂ ਲਈ ਜ਼ਰੂਰੀ ਹੈ

‘ਤੁਸੀਂ ਨਰਮਾਈ ਨੂੰ ਪਹਿਨ ਲਓ।’—ਕੁਲੁੱਸੀਆਂ 3:12.

1. ਨਰਮਾਈ ਕਿਹੋ ਜਿਹਾ ਗੁਣ ਹੈ?

ਨਰਮ ਤੇ ਕੋਮਲ ਸੁਭਾਅ ਵਾਲੇ ਇਨਸਾਨ ਨੂੰ ਸਾਰੇ ਪਸੰਦ ਕਰਦੇ ਹਨ। ਪਰ ਸੁਲੇਮਾਨ ਬਾਦਸ਼ਾਹ ਨੇ ਕਿਹਾ: “ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ।” (ਕਹਾਉਤਾਂ 25:15) ਨਰਮਾਈ ਅਜਿਹਾ ਸਦਗੁਣ ਹੈ ਜਿਸ ਵਿਚ ਕੋਮਲਤਾ ਵੀ ਹੈ ਤੇ ਤਾਕਤ ਵੀ।

2, 3. ਪਵਿੱਤਰ ਆਤਮਾ ਦਾ ਨਰਮਾਈ ਨਾਲ ਕੀ ਸੰਬੰਧ ਹੈ ਅਤੇ ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?

2 ਪੌਲੁਸ ਰਸੂਲ ਨੇ ‘ਆਤਮਾ ਦੇ ਫਲ’ ਵਿਚ ਨਰਮਾਈ ਦਾ ਵੀ ਜ਼ਿਕਰ ਕੀਤਾ ਸੀ। (ਗਲਾਤੀਆਂ 5:22, 23) ਤੇਈਵੀਂ ਆਇਤ ਵਿਚ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਨਰਮਾਈ ਕੀਤਾ ਗਿਆ ਹੈ, ਹੋਰਨਾਂ ਤਰਜਮਿਆਂ ਵਿਚ ਉਸ ਦਾ ਅਨੁਵਾਦ “ਨਮ੍ਰਤਾ” ਜਾਂ “ਕੋਮਲਤਾ” ਕੀਤਾ ਗਿਆ ਹੈ। ਦਰਅਸਲ ਜ਼ਿਆਦਾਤਰ ਭਾਸ਼ਾਵਾਂ ਵਿਚ ਇਸ ਯੂਨਾਨੀ ਸ਼ਬਦ ਦੇ ਬਰਾਬਰ ਦਾ ਕੋਈ ਸ਼ਬਦ ਨਹੀਂ ਹੈ ਕਿਉਂਕਿ ਇਹ ਸ਼ਬਦ ਕਿਸੇ ਇਨਸਾਨ ਦੇ ਉਪਰੋਂ-ਉਪਰੋਂ ਨਰਮ ਨਜ਼ਰ ਆਉਣ ਬਾਰੇ ਨਹੀਂ ਦੱਸਦਾ ਹੈ, ਪਰ ਇਹ ਉਸ ਦੇ ਅੰਦਰਲੇ ਸਾਊ ਸੁਭਾਅ ਬਾਰੇ ਦੱਸਦਾ ਹੈ। ਇਸ ਦਾ ਮਤਲਬ ਸਿਰਫ਼ ਇਹ ਨਹੀਂ ਕਿ ਕੋਈ ਕਿਸੇ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹੈ, ਪਰ ਇਹ ਕਿ ਉਹ ਦਿੱਲੋਂ ਚੰਗਾ ਹੈ।

3 ਨਰਮਾਈ ਦੇ ਸਦਗੁਣ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਬਾਈਬਲ ਵਿੱਚੋਂ ਚਾਰ ਉਦਾਹਰਣਾਂ ਉੱਤੇ ਗੌਰ ਕਰੀਏ। (ਰੋਮੀਆਂ 15:4) ਅਸੀਂ ਸਿੱਖਾਂਗੇ ਕਿ ਇਹ ਗੁਣ ਕੀ ਹੈ ਅਤੇ ਅਸੀਂ ਇਸ ਨੂੰ ਆਪਣੇ ਵਿਚ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਾਂ ਅਤੇ ਦੂਸਰਿਆਂ ਨਾਲ ਪੇਸ਼ ਆਉਂਦੇ ਹੋਏ ਇਸ ਨੂੰ ਕਿਵੇਂ ਵਰਤ ਸਕਦੇ ਹਾਂ।

ਨਰਮਾਈ ‘ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦੀ ਹੈ’

4. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਨਰਮਾਈ ਨੂੰ ਮਹੱਤਵਪੂਰਣ ਸਮਝਦਾ ਹੈ?

4 ਅਸੀਂ ਸਿੱਖਿਆ ਹੈ ਕਿ ਨਰਮਾਈ ਪਰਮੇਸ਼ੁਰ ਦੀ ਆਤਮਾ ਦਾ ਫਲ ਹੈ, ਇਸ ਲਈ ਅਸੀਂ ਮੰਨ ਸਕਦੇ ਹਾਂ ਕਿ ਇਹ ਗੁਣ ਪਰਮੇਸ਼ੁਰ ਵਿਚ ਵੀ ਹੈ। ਪਤਰਸ ਰਸੂਲ ਨੇ ਲਿਖਿਆ ਸੀ ਕਿ ‘ਕੋਮਲ ਅਤੇ ਗੰਭੀਰ ਆਤਮਾ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦੀ ਹੈ।’ (1 ਪਤਰਸ 3:4) ਜੀ ਹਾਂ, ਯਹੋਵਾਹ ਨਰਮਾਈ ਨੂੰ ਮਹੱਤਵਪੂਰਣ ਸਮਝਦਾ ਹੈ। ਇਸ ਕਰਕੇ ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਨਰਮਾਈ ਪੈਦਾ ਕਰਨੀ ਚਾਹੀਦੀ ਹੈ। ਪਰ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਨਰਮਾਈ ਦਾ ਸਬੂਤ ਕਿਸ ਤਰ੍ਹਾਂ ਦਿੱਤਾ ਹੈ?

5. ਯਹੋਵਾਹ ਦੀ ਨਰਮਾਈ ਦੇ ਕਾਰਨ ਅਸੀਂ ਕੀ ਉਮੀਦ ਰੱਖ ਸਕਦੇ ਹਾਂ?

5 ਪਹਿਲੇ ਮਨੁੱਖੀ ਜੋੜੇ, ਆਦਮ ਤੇ ਹੱਵਾਹ ਨੇ ਭਲੇ-ਬੁਰੇ ਦੇ ਗਿਆਨ ਦੇ ਦਰਖ਼ਤ ਤੋਂ ਫਲ ਖਾਧਾ ਅਤੇ ਜਾਣ-ਬੁੱਝ ਕੇ ਪਰਮੇਸ਼ੁਰ ਦੇ ਹੁਕਮ ਦੀ ਨਾਫ਼ਰਮਾਨੀ ਕੀਤੀ ਸੀ। (ਉਤਪਤ 2:16, 17) ਇਸ ਪਾਪ ਦੇ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਔਲਾਦ ਨੂੰ ਮੌਤ ਦੀ ਸਜ਼ਾ ਮਿਲੀ ਅਤੇ ਉਹ ਪਰਮੇਸ਼ੁਰ ਤੋਂ ਜੁਦਾ ਹੋ ਗਏ। (ਰੋਮੀਆਂ 5:12) ਭਾਵੇਂ ਯਹੋਵਾਹ ਕੋਲ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਪੂਰਾ ਹੱਕ ਸੀ, ਪਰ ਉਸ ਨੇ ਪੂਰੇ ਮਨੁੱਖੀ ਪਰਿਵਾਰ ਨੂੰ ਹਮੇਸ਼ਾ ਲਈ ਨਹੀਂ ਤਿਆਗਿਆ। ਉਸ ਨੇ ਇਹ ਨਹੀਂ ਸੋਚਿਆ ਕਿ ਉਹ ਬਚਾਏ ਨਹੀਂ ਜਾ ਸਕਦੇ ਸਨ। (ਜ਼ਬੂਰਾਂ ਦੀ ਪੋਥੀ 130:3) ਇਸ ਦੀ ਬਜਾਇ ਉਸ ਨੇ ਦਿਆਲਤਾ ਅਤੇ ਨਰਮਾਈ ਨਾਲ ਪਾਪੀ ਇਨਸਾਨਜਾਤ ਵਾਸਤੇ ਬੰਦੋਬਸਤ ਕੀਤਾ ਜਿਸ ਦੇ ਜ਼ਰੀਏ ਉਹ ਉਸ ਦੀ ਕਿਰਪਾ ਹਾਸਲ ਕਰਦੇ ਸਨ। ਜੀ ਹਾਂ, ਪਰਮੇਸ਼ੁਰ ਨੇ ਆਪਣੇ ਪੁੱਤਰ, ਯਿਸੂ ਮਸੀਹ ਦੀ ਕੁਰਬਾਨੀ ਦੇ ਕੇ ਇਨਸਾਨਾਂ ਲਈ ਰਾਹ ਖੋਲ੍ਹਿਆ ਕਿ ਉਹ ਡਰੇ ਬਿਨਾਂ ਉਸ ਦੇ ਸਿੰਘਾਸਣ ਅੱਗੇ ਆ ਸਕਣ।—ਰੋਮੀਆਂ 6:23; ਇਬਰਾਨੀਆਂ 4:14-16; 1 ਯੂਹੰਨਾ 4:9, 10, 18.

6. ਕਇਨ ਨਾਲ ਯਹੋਵਾਹ ਦੀ ਗੱਲਬਾਤ ਤੋਂ ਸਾਨੂੰ ਉਸ ਦੀ ਨਰਮਾਈ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ?

6 ਯਿਸੂ ਦੇ ਧਰਤੀ ਤੇ ਆਉਣ ਤੋਂ ਕਈ ਸਦੀਆਂ ਪਹਿਲਾਂ ਯਹੋਵਾਹ ਨੇ ਆਪਣੀ ਨਰਮਾਈ ਦਾ ਸਬੂਤ ਦਿੱਤਾ ਸੀ ਜਦੋਂ ਆਦਮ ਦੇ ਪੁੱਤਰਾਂ, ਕਇਨ ਤੇ ਹਾਬਲ ਨੇ ਉਸ ਸਾਮ੍ਹਣੇ ਭੇਟਾਂ ਚੜ੍ਹਾਈਆਂ ਸਨ। ਯਹੋਵਾਹ ਉਨ੍ਹਾਂ ਦੋਹਾਂ ਦੇ ਦਿਲਾਂ ਨੂੰ ਜਾਣਦਾ ਸੀ, ਇਸ ਲਈ ਉਸ ਨੇ ਕਇਨ ਦੀ ਭੇਟ ਸਵੀਕਾਰ ਨਹੀਂ ਕੀਤੀ ਪਰ ਵਫ਼ਾਦਾਰ ਹਾਬਲ ਦੀ “ਭੇਟ ਨੂੰ ਪਸੰਦ” ਕੀਤਾ ਸੀ। ਇਹ ਗੱਲ ਕਇਨ ਨੂੰ ਬਹੁਤ ਬੁਰੀ ਲੱਗੀ। ਬਾਈਬਲ ਦੱਸਦੀ ਹੈ ਕਿ “ਕਇਨ ਬਹੁਤ ਕਰੋਧਵਾਨ ਹੋਇਆ ਅਰ ਉਹ ਦਾ ਮੂੰਹ ਉੱਤਰ ਗਿਆ।” ਇਸ ਬਾਰੇ ਯਹੋਵਾਹ ਨੇ ਕੀ ਕੀਤਾ ਸੀ? ਕੀ ਉਹ ਉਸ ਨਾਲ ਨਾਰਾਜ਼ ਹੋਇਆ ਸੀ? ਨਹੀਂ। ਬੜੀ ਨਰਮਾਈ ਨਾਲ ਉਸ ਨੇ ਕਇਨ ਨੂੰ ਪੁੱਛਿਆ ਕਿ ਉਸ ਨੂੰ ਗੁੱਸਾ ਕਿਉਂ ਚੜ੍ਹਿਆ ਸੀ। ਯਹੋਵਾਹ ਨੇ ਕਇਨ ਨੂੰ ਇਹ ਵੀ ਦੱਸਿਆ ਕਿ “ਉਤਾਹਾਂ” ਹੋਣ ਯਾਨੀ ਵਡਿਆਈ ਪਾਉਣ ਲਈ ਉਸ ਨੂੰ ਕੀ ਕਰਨਾ ਚਾਹੀਦਾ ਸੀ। (ਉਤਪਤ 4:3-7) ਜੀ ਹਾਂ, ਯਹੋਵਾਹ ਵਿਚ ਨਰਮਾਈ ਸਮਾਈ ਹੋਈ ਹੈ।—ਕੂਚ 34:6.

ਨਰਮਾਈ ਦੀ ਤਾਕਤ

7, 8. (ੳ) ਯਹੋਵਾਹ ਦੀ ਨਰਮਾਈ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? (ਅ) ਮੱਤੀ 11:27-29 ਦੇ ਸ਼ਬਦ ਯਹੋਵਾਹ ਅਤੇ ਯਿਸੂ ਬਾਰੇ ਕੀ ਜ਼ਾਹਰ ਕਰਦੇ ਹਨ?

7 ਯਹੋਵਾਹ ਦੇ ਸਦਗੁਣਾਂ ਨੂੰ ਚੰਗੀ ਤਰ੍ਹਾਂ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਹੈ ਯਿਸੂ ਮਸੀਹ ਦੀ ਜ਼ਿੰਦਗੀ ਤੇ ਸੇਵਕਾਈ ਉੱਤੇ ਗੌਰ ਕਰਨਾ। (ਯੂਹੰਨਾ 1:18; 14:6-9) ਆਪਣੀ ਸੇਵਕਾਈ ਦੇ ਦੂਜੇ ਸਾਲ ਦੌਰਾਨ ਯਿਸੂ ਨੇ ਗਲੀਲ ਵਿਚ ਪ੍ਰਚਾਰ ਕਰਦੇ ਹੋਏ ਖ਼ੁਰਾਜ਼ੀਨ, ਬੈਤਸੈਦਾ, ਕਫ਼ਰਨਾਹੂਮ ਅਤੇ ਲਾਗੇ ਦੇ ਇਲਾਕਿਆਂ ਵਿਚ ਕਈ ਕਰਾਮਾਤਾਂ ਕੀਤੀਆਂ ਸਨ। ਪਰ ਜ਼ਿਆਦਾਤਰ ਲੋਕਾਂ ਨੇ ਮਗਰੂਰ ਹੋ ਕੇ ਨਾ ਤਾਂ ਉਸ ਦੀ ਗੱਲ ਸੁਣੀ ਅਤੇ ਨਾ ਹੀ ਉਸ ਉੱਤੇ ਵਿਸ਼ਵਾਸ ਕੀਤਾ। ਇਸ ਦਾ ਯਿਸੂ ਤੇ ਕੀ ਪ੍ਰਭਾਵ ਪਿਆ ਸੀ? ਉਸ ਨੇ ਉਨ੍ਹਾਂ ਨੂੰ ਵਿਸ਼ਵਾਸ ਨਾ ਕਰਨ ਦੇ ਨਤੀਜਿਆਂ ਬਾਰੇ ਖ਼ਬਰਦਾਰ ਕਰਨ ਦੇ ਨਾਲ-ਨਾਲ ਉਨ੍ਹਾਂ ਤੇ ਤਰਸ ਵੀ ਖਾਧਾ ਕਿਉਂਕਿ ਉਨ੍ਹਾਂ ਦੀ ਰੂਹਾਨੀ ਹਾਲਤ ਬੜੀ ਮਾੜੀ ਸੀ।—ਮੱਤੀ 9:35, 36; 11:20-24.

8 ਯਿਸੂ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਹ ‘ਪਿਤਾ ਨੂੰ ਚੰਗੀ ਤਰ੍ਹਾਂ ਜਾਣਦਾ’ ਸੀ ਅਤੇ ਉਸ ਦੀ ਨਕਲ ਕਰਦਾ ਸੀ। ਯਿਸੂ ਨੇ ਲੋਕਾਂ ਨੂੰ ਇਹ ਸੱਦਾ ਦਿੱਤਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।” ਇਹ ਗੱਲ ਸੁਣ ਕੇ ਕੁਚਲੇ ਹੋਏ ਲੋਕਾਂ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ! ਇਸ ਤੋਂ ਅੱਜ ਸਾਨੂੰ ਵੀ ਦਿਲਾਸਾ ਮਿਲਦਾ ਹੈ। ਜੇ ਅਸੀਂ ਨਰਮਾਈ ਨੂੰ ਪਹਿਨ ਲਈਏ, ਤਾਂ ਯਿਸੂ ਸਾਡੇ ਉੱਤੇ ਆਪਣੇ ਪਿਤਾ ਨੂੰ ਪ੍ਰਗਟ ਕਰੇਗਾ।—ਮੱਤੀ 11:27-29.

9. ਨਰਮਾਈ ਵਰਗਾ ਇਕ ਹੋਰ ਕਿਹੜਾ ਗੁਣ ਹੈ ਅਤੇ ਯਿਸੂ ਇਸ ਦੀ ਵਧੀਆ ਮਿਸਾਲ ਕਿਸ ਤਰ੍ਹਾਂ ਹੈ?

9 ਨਰਮਾਈ ਦੇ ਗੁਣ ਵਰਗਾ ਇਕ ਹੋਰ ਗੁਣ “ਮਨ ਦਾ ਗ਼ਰੀਬ” ਯਾਨੀ ਨਿਮਰ ਹੋਣਾ ਹੈ। ਪਰ ਹੰਕਾਰ ਅਜਿਹਾ ਔਗੁਣ ਹੈ ਜੋ ਇਨਸਾਨ ਨੂੰ ਬੇਦਰਦ ਤੇ ਕਠੋਰ ਬਣਾ ਸਕਦਾ ਹੈ। (ਕਹਾਉਤਾਂ 16:18, 19) ਯਿਸੂ ਆਪਣੀ ਸੇਵਕਾਈ ਦੌਰਾਨ ਹਮੇਸ਼ਾ ਨਿਮਰ ਰਿਹਾ। ਆਪਣੀ ਮੌਤ ਤੋਂ ਛੇ ਦਿਨ ਪਹਿਲਾਂ ਜਦ ਉਹ ਯਰੂਸ਼ਲਮ ਨੂੰ ਆਇਆ ਸੀ, ਤਾਂ ਲੋਕਾਂ ਨੇ ਉਸ ਦਾ ਯਹੂਦੀਆਂ ਦੇ ਪਾਤਸ਼ਾਹ ਵਜੋਂ ਸਵਾਗਤ ਕੀਤਾ ਸੀ। ਉਸ ਸਮੇਂ ਵੀ ਉਹ ਦੁਨਿਆਵੀ ਰਾਜਿਆਂ ਨਾਲੋਂ ਬਹੁਤ ਵੱਖਰਾ ਸੀ। ਉਸ ਨੇ ਮਸੀਹਾ ਬਾਰੇ ਜ਼ਕਰਯਾਹ ਦੀ ਭਵਿੱਖਬਾਣੀ ਪੂਰੀ ਕੀਤੀ ਸੀ: “ਵੇਖ ਤੇਰਾ ਪਾਤਸ਼ਾਹ ਅਧੀਨਗੀ ਨਾਲ, ਗਧੀ ਉੱਤੇ ਸਗੋਂ ਗਧੀ ਦੇ ਬੱਚੇ ਉੱਤੇ, ਸਵਾਰ ਹੋਕੇ ਤੇਰੇ ਕੋਲ ਆਉਂਦਾ ਹੈ।” (ਮੱਤੀ 21:5; ਜ਼ਕਰਯਾਹ 9:9) ਵਫ਼ਾਦਾਰ ਨਬੀ ਦਾਨੀਏਲ ਨੇ ਦਰਸ਼ਣ ਵਿਚ ਯਹੋਵਾਹ ਨੂੰ ਆਪਣੇ ਪੁੱਤਰ ਨੂੰ ਰਾਜ ਕਰਨ ਦਾ ਅਧਿਕਾਰ ਸੌਂਪਦੇ ਦੇਖਿਆ ਸੀ। ਇਕ ਹੋਰ ਭਵਿੱਖਬਾਣੀ ਵਿਚ ਯਿਸੂ ਨੂੰ ‘ਸਭਨਾਂ ਤੋਂ ਨੀਵਾਂ ਆਦਮੀ’ ਸੱਦਿਆ ਗਿਆ ਸੀ। ਜੀ ਹਾਂ, ਨਰਮਾਈ ਤੇ ਨਿਮਰਤਾ ਇੱਕੋ-ਜਿੱਕੇ ਗੁਣ ਹਨ।—ਦਾਨੀਏਲ 4:17; 7:13, 14.

10. ਨਰਮਾਈ ਦੇ ਗੁਣ ਦਾ ਮਤਲਬ ਕਮਜ਼ੋਰੀ ਕਿਉਂ ਨਹੀਂ ਹੈ?

10 ਯਹੋਵਾਹ ਤੇ ਯਿਸੂ ਦੀ ਨਰਮਾਈ ਸਾਨੂੰ ਉਨ੍ਹਾਂ ਵੱਲ ਖਿੱਚਦੀ ਹੈ। (ਯਾਕੂਬ 4:8) ਪਰ ਨਰਮਾਈ ਦਾ ਗੁਣ ਕੋਈ ਕਮਜ਼ੋਰੀ ਨਹੀਂ ਹੈ। ਯਹੋਵਾਹ ਪਰਮੇਸ਼ੁਰ ਕੋਲ ਸ਼ਕਤੀ ਤੇ ਡਾਢਾ ਬਲ ਹੈ। ਅਧਰਮੀਆਂ ਖ਼ਿਲਾਫ਼ ਉਸ ਦਾ ਕ੍ਰੋਧ ਭੜਕ ਉੱਠਦਾ ਹੈ। (ਯਸਾਯਾਹ 30:27; 40:26) ਇਸੇ ਤਰ੍ਹਾਂ ਯਿਸੂ ਨੇ ਵੀ ਕਦੇ ਸਮਝੌਤਾ ਨਹੀਂ ਕੀਤਾ, ਉਦੋਂ ਵੀ ਨਹੀਂ ਜਦੋਂ ਸ਼ਤਾਨ ਨੇ ਉਸ ਨੂੰ ਪਰਤਾਇਆ ਸੀ। ਉਸ ਨੂੰ ਆਪਣੇ ਸਮੇਂ ਦੇ ਧਾਰਮਿਕ ਆਗੂਆਂ ਦਾ ਹੈਕਲ ਵਿਚ ਕਾਰੋਬਾਰ ਕਰਨਾ ਬਿਲਕੁਲ ਪਸੰਦ ਨਹੀਂ ਸੀ। (ਮੱਤੀ 4:1-11; 21:12, 13; ਯੂਹੰਨਾ 2:13-17) ਪਰ ਉਸ ਨੇ ਆਪਣੇ ਚੇਲਿਆਂ ਨਾਲ ਪੇਸ਼ ਆਉਂਦੇ ਹੋਏ ਹਮੇਸ਼ਾ ਨਰਮਾਈ ਵਰਤੀ ਸੀ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਸਹਿ ਲਿਆ ਸੀ। (ਮੱਤੀ 20:20-28) ਬਾਈਬਲ ਦੇ ਇਕ ਵਿਦਵਾਨ ਨੇ ਨਰਮਾਈ ਦੇ ਗੁਣ ਬਾਰੇ ਕਿਹਾ: “ਇਸ ਦੀ ਕੋਮਲਤਾ ਦੇ ਪਿੱਛੇ ਸਟੀਲ ਵਰਗੀ ਤਾਕਤ ਹੈ।” ਸਾਨੂੰ ਵੀ ਯਿਸੂ ਵਾਂਗ ਨਰਮ ਸੁਭਾਅ ਵਾਲੇ ਹੋਣਾ ਚਾਹੀਦਾ ਹੈ।

ਆਪਣੇ ਜ਼ਮਾਨੇ ਦਾ ਸਭ ਤੋਂ ਅਧੀਨ ਇਨਸਾਨ

11, 12. ਮੂਸਾ ਦੀ ਪਰਵਰਿਸ਼ ਦੇ ਬਾਵਜੂਦ ਉਸ ਦੇ ਸੁਭਾਅ ਬਾਰੇ ਕੀ ਲਿਖਿਆ ਗਿਆ ਸੀ?

11 ਤੀਜੀ ਉਦਾਹਰਣ ਮੂਸਾ ਦੀ ਹੈ। ਬਾਈਬਲ ਵਿਚ ਉਸ ਨੂੰ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ” ਸੱਦਿਆ ਗਿਆ ਹੈ। (ਗਿਣਤੀ 12:3) ਇਹ ਗੱਲ ਪਰਮੇਸ਼ੁਰ ਨੇ ਆਪਣੀ ਆਤਮਾ ਦੇ ਜ਼ਰੀਏ ਲਿਖਵਾਈ ਸੀ। ਮੂਸਾ ਆਪਣੇ ਨਰਮ ਸੁਭਾਅ ਕਰਕੇ ਯਹੋਵਾਹ ਦੀ ਗੱਲ ਸੁਣਨ ਲਈ ਤਿਆਰ ਰਹਿੰਦਾ ਸੀ।

12 ਮੂਸਾ ਦੀ ਪਰਵਰਿਸ਼ ਅਜੀਬ ਸੀ। ਉਸ ਦਾ ਜਨਮ ਉਸ ਸਮੇਂ ਹੋਇਆ ਸੀ ਜਦੋਂ ਇਸਰਾਏਲੀ ਲੋਕ ਮਿਸਰ ਵਿਚ ਗ਼ੁਲਾਮ ਸਨ ਅਤੇ ਉਨ੍ਹਾਂ ਦੇ ਸਾਰੇ ਨਵ-ਜੰਮੇ ਮੁੰਡਿਆਂ ਦਾ ਕਤਲ ਕੀਤਾ ਜਾ ਰਿਹਾ ਸੀ। ਯਹੋਵਾਹ ਨੇ ਇਕ ਵਫ਼ਾਦਾਰ ਇਬਰਾਨੀ ਜੋੜੇ ਦੇ ਇਸ ਪੁੱਤਰ ਨੂੰ ਬਚਾ ਕੇ ਰੱਖਿਆ ਸੀ। ਮੂਸਾ ਨੇ ਆਪਣੇ ਪਹਿਲੇ ਕੁਝ ਸਾਲ ਆਪਣੀ ਮਾਂ ਨਾਲ ਗੁਜ਼ਾਰੇ ਜਿਸ ਨੇ ਉਸ ਨੂੰ ਸੱਚੇ ਪਰਮੇਸ਼ੁਰ, ਯਹੋਵਾਹ ਬਾਰੇ ਚੰਗੀ ਤਰ੍ਹਾਂ ਸਿਖਾਇਆ ਸੀ। ਪਰ ਬਾਅਦ ਵਿਚ ਮੂਸਾ ਨੂੰ ਇਕ ਮਹਿਲ ਵਿਚ ਰਹਿਣ ਲਈ ਲਿਜਾਇਆ ਗਿਆ ਸੀ। ਬਾਈਬਲ ਦੱਸਦੀ ਹੈ ਕਿ “ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ [ਉਹ] ਆਪਣਿਆਂ ਬਚਨਾਂ ਅਤੇ ਕਰਨੀਆਂ ਵਿੱਚ ਸਮਰਥ ਸੀ।” (ਰਸੂਲਾਂ ਦੇ ਕਰਤੱਬ 7:22) ਜਦੋਂ ਉਸ ਨੇ ਦੇਖਿਆ ਕਿ ਫ਼ਿਰਊਨ ਦੇ ਬੰਦੇ ਉਸ ਦੇ ਇਸਰਾਏਲੀ ਭਰਾਵਾਂ ਉੱਤੇ ਜ਼ੁਲਮ ਕਰ ਰਹੇ ਸਨ, ਤਾਂ ਉਸ ਦੀ ਨਿਹਚਾ ਨੇ ਉਸ ਨੂੰ ਕੁਝ ਕਰਨ ਲਈ ਪ੍ਰੇਰਿਆ। ਇਕ ਦਿਨ ਜਦ ਉਸ ਨੇ ਫ਼ਿਰਊਨ ਦੇ ਬੰਦੇ ਨੂੰ ਇਕ ਇਬਰਾਨੀ ਨੂੰ ਕੁੱਟਦੇ-ਮਾਰਦੇ ਦੇਖਿਆ, ਤਾਂ ਉਸ ਨੇ ਉਸ ਮਿਸਰੀ ਨੂੰ ਮਾਰ ਸੁੱਟਿਆ। ਮਿਸਰੀ ਬੰਦੇ ਦੀ ਜਾਨ ਲੈਣ ਕਰਕੇ ਮੂਸਾ ਨੂੰ ਮਿਸਰ ਤੋਂ ਭੱਜ ਕੇ ਮਿਦਯਾਨ ਜਾਣਾ ਪਿਆ।—ਕੂਚ 1:15, 16; 2:1-15; ਇਬਰਾਨੀਆਂ 11:24, 25.

13. ਮਿਦਯਾਨ ਵਿਚ 40 ਸਾਲ ਰਹਿਣ ਦਾ ਮੂਸਾ ਉੱਤੇ ਕੀ ਪ੍ਰਭਾਵ ਪਿਆ ਸੀ?

13 ਮੂਸਾ ਨੂੰ 40 ਸਾਲ ਦੀ ਉਮਰ ਤੇ ਉਜਾੜ ਵਿਚ ਜਾ ਕੇ ਰਹਿਣਾ ਪਿਆ। ਮਿਦਯਾਨ ਵਿਚ ਉਸ ਨੂੰ ਰਊਏਲ ਦੀਆਂ ਸੱਤ ਧੀਆਂ ਮਿਲੀਆਂ ਅਤੇ ਉਸ ਨੇ ਖੂਹ ਵਿੱਚੋਂ ਪਾਣੀ ਕੱਢ-ਕੱਢ ਕੇ ਉਨ੍ਹਾਂ ਦੀ ਮਦਦ ਕੀਤੀ ਜਦ ਉਹ ਆਪਣੇ ਪਿਤਾ ਦੇ ਇੱਜੜ ਨੂੰ ਪਾਣੀ ਪਿਲਾ ਰਹੀਆਂ ਸਨ। ਘਰ ਆਣ ਕੇ ਉਨ੍ਹਾਂ ਕੁੜੀਆਂ ਨੇ ਆਪਣੇ ਪਿਤਾ ਨੂੰ ਦੱਸਿਆ ਕਿ “ਇੱਕ ਮਿਸਰੀ” ਨੇ ਉਨ੍ਹਾਂ ਨੂੰ ਅਯਾਲੀਆਂ ਦੇ ਹੱਥੋਂ ਛੁਡਾਇਆ ਸੀ ਜੋ ਉਨ੍ਹਾਂ ਨੂੰ ਤੰਗ ਕਰ ਰਹੇ ਸਨ। ਰਊਏਲ ਨੇ ਮੂਸਾ ਨੂੰ ਆਪਣੇ ਘਰ ਰਹਿਣ ਲਈ ਰਾਜ਼ੀ ਕਰ ਲਿਆ। ਮੂਸਾ ਨੇ ਆਪਣੀ ਮੰਦਹਾਲੀ ਕਰਕੇ ਨਾਰਾਜ਼ ਹੋਣ ਦੀ ਬਜਾਇ ਹਾਲਾਤ ਮੁਤਾਬਕ ਆਪਣੇ ਆਪ ਨੂੰ ਢਾਲ ਲਿਆ। ਉਹ ਯਹੋਵਾਹ ਦੀ ਮਰਜ਼ੀ ਕਰਨੋਂ ਕਦੇ ਪਿੱਛੇ ਨਹੀਂ ਹਟਿਆ। ਉਸ ਨੇ ਰਊਏਲ ਦੇ ਘਰ ਰਹਿ ਕੇ ਉਸ ਦੇ ਇੱਜੜ ਦੀ ਦੇਖ-ਭਾਲ ਕੀਤੀ। ਉਸ ਦੀ ਲੜਕੀ ਸਿੱਪੋਰਾ ਨਾਲ ਸ਼ਾਦੀ ਕਰਨ ਮਗਰੋਂ ਉੱਥੇ ਉਸ ਨੇ ਆਪਣੇ ਲੜਕਿਆਂ ਦੀ ਪਰਵਰਿਸ਼ ਕੀਤੀ। ਆਪਣੀ ਜ਼ਿੰਦਗੀ ਦੇ ਅਗਲੇ 40 ਸਾਲਾਂ ਦੌਰਾਨ ਉਸ ਨੇ ਆਪਣੇ ਸੁਭਾਅ ਨੂੰ ਨਰਮ ਬਣਾਉਣਾ ਸਿੱਖਿਆ। ਜੀ ਹਾਂ, ਮੰਦਹਾਲੀ ਦੇ ਸਮੇਂ ਦੌਰਾਨ ਮੂਸਾ ਨੇ ਨਰਮਾਈ ਸਿੱਖੀ।—ਕੂਚ 2:16-22; ਰਸੂਲਾਂ ਦੇ ਕਰਤੱਬ 7:29, 30.

14. ਇਸਰਾਏਲ ਦੀ ਅਗਵਾਈ ਕਰਦੇ ਸਮੇਂ ਮੂਸਾ ਦੀ ਜ਼ਿੰਦਗੀ ਦੀ ਇਕ ਘਟਨਾ ਬਾਰੇ ਦੱਸੋ ਜਦ ਉਸ ਦਾ ਨਰਮ ਸੁਭਾਅ ਨਜ਼ਰ ਆਇਆ ਸੀ।

14 ਯਹੋਵਾਹ ਨੇ ਮੂਸਾ ਨੂੰ ਇਸਰਾਏਲ ਕੌਮ ਦਾ ਲੀਡਰ ਬਣਾ ਦਿੱਤਾ ਪਰ ਮੂਸਾ ਦਾ ਸੁਭਾਅ ਫਿਰ ਵੀ ਨਰਮ ਰਿਹਾ। ਇਕ ਵਾਰ ਇਕ ਨੌਜਵਾਨ ਨੇ ਮੂਸਾ ਕੋਲ ਆਣ ਕੇ ਦੱਸਿਆ ਕਿ ਅਲਦਾਦ ਅਤੇ ਮੇਦਾਦ ਭਵਿੱਖਬਾਣੀ ਕਰ ਰਹੇ ਸਨ, ਭਾਵੇਂ ਉਹ ਉਨ੍ਹਾਂ 70 ਬਜ਼ੁਰਗਾਂ ਵਿੱਚੋਂ ਨਹੀਂ ਸਨ ਜਿਨ੍ਹਾਂ ਉੱਤੇ ਯਹੋਵਾਹ ਨੇ ਮੂਸਾ ਦੀ ਮਦਦ ਕਰਨ ਲਈ ਆਪਣੀ ਆਤਮਾ ਪਾਈ ਸੀ। ਯਹੋਸ਼ੁਆ ਨੇ ਕਿਹਾ: “ਮੂਸਾ ਮੇਰੇ ਸੁਆਮੀ ਜੀ, ਉਨ੍ਹਾਂ ਨੂੰ ਵਰਜ ਦਿਓ!” ਪਰ ਮੂਸਾ ਨੇ ਨਰਮਾਈ ਨਾਲ ਆਖਿਆ: “ਕੀ ਤੂੰ ਮੇਰੇ ਲਈ ਖਿਝਦਾ ਹੈਂ? ਕਾਸ਼ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾਹ ਆਪਣਾ ਆਤਮਾ ਉਨ੍ਹਾਂ ਉੱਤੇ ਪਾਉਂਦਾ!” (ਗਿਣਤੀ 11:26-29) ਮੂਸਾ ਨੇ ਬਲ਼ਦੀ ਤੇ ਪਾਣੀ ਪਾ ਦਿੱਤਾ।

15. ਭਾਵੇਂ ਮੂਸਾ ਅਪੂਰਣ ਸੀ, ਪਰ ਸਾਨੂੰ ਉਸ ਦੀ ਨਕਲ ਕਿਉਂ ਕਰਨੀ ਚਾਹੀਦੀ ਹੈ?

15 ਫਿਰ ਅਜਿਹਾ ਸਮਾਂ ਵੀ ਆਇਆ ਜਦੋਂ ਮੂਸਾ ਨੇ ਨਰਮਾਈ ਤੋਂ ਕੰਮ ਨਹੀਂ ਲਿਆ। ਕਾਦੇਸ਼ ਦੇ ਲਾਗੇ ਮਰੀਬਾਹ ਵਿਚ ਉਸ ਨੇ ਇਕ ਕਰਾਮਾਤ ਲਈ ਯਹੋਵਾਹ ਦੀ ਵਡਿਆਈ ਨਹੀਂ ਕੀਤੀ। (ਗਿਣਤੀ 20:1, 9-13) ਪਰ ਪਾਪੀ ਤੇ ਅਪੂਰਣ ਹੋਣ ਦੇ ਬਾਵਜੂਦ ਮੂਸਾ ਦੀ ਨਿਹਚਾ ਜ਼ਿੰਦਗੀ ਭਰ ਪੱਕੀ ਰਹੀ। ਉਸ ਦੀ ਨਰਮਾਈ ਸਾਡੇ ਲਈ ਇਕ ਵਧੀਆ ਮਿਸਾਲ ਹੈ।—ਇਬਰਾਨੀਆਂ 11:23-28.

ਸਖ਼ਤੀ ਦੇ ਮੁਕਾਬਲੇ ਵਿਚ ਨਰਮਾਈ

16, 17. ਨਾਬਾਲ ਤੇ ਅਬੀਗੈਲ ਦੀ ਕਹਾਣੀ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ?

16 ਅਗਲੀ ਉਦਾਹਰਣ ਦਾਊਦ ਦੇ ਜ਼ਮਾਨੇ ਤੋਂ ਹੈ। ਇਕ ਆਦਮੀ ਨਾਬਾਲ ਅਤੇ ਉਸ ਦੀ ਤੀਵੀਂ ਅਬੀਗੈਲ ਦੀ ਇਹ ਉਦਾਹਰਣ ਸਾਨੂੰ ਖ਼ਬਰਦਾਰ ਕਰਦੀ ਹੈ। ਇਨ੍ਹਾਂ ਦੋਹਾਂ ਦਾ ਸੁਭਾਅ ਇਕ-ਦੂਜੇ ਤੋਂ ਬਹੁਤ ਹੀ ਵੱਖਰਾ ਸੀ। ਅਬੀਗੈਲ “ਵੱਡੀ ਸਿਆਣੀ” ਸੀ ਪਰ ਉਸ ਦਾ ਪਤੀ “ਵੱਡਾ ਬੋਲ ਵਿਗਾੜ ਅਤੇ ਖੋਟਾ” ਸੀ। ਦਾਊਦ ਦੇ ਬੰਦਿਆਂ ਨੇ ਨਾਬਾਲ ਦੇ ਵੱਡੇ ਇੱਜੜ ਨੂੰ ਚੋਰਾਂ ਤੋਂ ਬਚਾਇਆ ਸੀ। ਇਸ ਲਈ ਦਾਊਦ ਨੇ ਆਪਣੇ ਬੰਦਿਆਂ ਲਈ ਨਾਬਾਲ ਤੋਂ ਕੁਝ ਖਾਣ-ਪੀਣ ਲਈ ਮੰਗਿਆ, ਪਰ ਨਾਬਾਲ ਨੇ ਬਦਤਮੀਜ਼ੀ ਨਾਲ ਨਾ ਕਰ ਦਿੱਤੀ। ਇਸ ਤੋਂ ਦਾਊਦ ਨੂੰ ਗੁੱਸਾ ਚੜ੍ਹਿਆ ਤੇ ਉਹ ਤੇ ਉਸ ਦੇ ਕੁਝ ਬੰਦੇ ਤਲਵਾਰਾਂ ਲੈ ਕੇ ਨਾਬਾਲ ਤੇ ਹਮਲਾ ਕਰਨ ਤੁਰ ਪਏ।—1 ਸਮੂਏਲ 25:2-13.

17 ਜਦੋਂ ਅਬੀਗੈਲ ਨੂੰ ਪਤਾ ਚਲਿਆ ਕਿ ਕੀ ਹੋ ਰਿਹਾ ਸੀ, ਤਾਂ ਉਹ ਫ਼ੌਰਨ ਰੋਟੀਆਂ, ਮੈ ਦੀਆਂ ਮਸ਼ਕਾਂ, ਗੋਸ਼ਤ ਅਤੇ ਸੌਗੀ ਤੇ ਹਜੀਰਾਂ ਦੀਆਂ ਪਿੰਨੀਆਂ ਲੈ ਕੇ ਦਾਊਦ ਨੂੰ ਮਿਲਣ ਨਿਕਲ ਗਈ। ਉਸ ਨੇ ਤਰਲੇ ਕੀਤੇ: “ਮੇਰੇ ਉੱਤੇ, ਹੇ ਮੇਰੇ ਮਹਾਰਾਜ, ਇਹ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਟਹਿਲਣ ਨੂੰ ਤੁਹਾਡੇ ਕੰਨ ਵਿੱਚ ਇੱਕ ਗੱਲ ਆਖਣ ਦੀ ਪਰਵਾਨਗੀ ਦਿਓ ਅਤੇ ਆਪਣੀ ਟਹਿਲਣ ਦੀ ਬੇਨਤੀ ਸੁਣ ਲਓ।” ਅਬੀਗੈਲ ਦੀ ਬੇਨਤੀ ਸੁਣ ਕੇ ਦਾਊਦ ਦਾ ਦਿਲ ਪਿਘਲ ਗਿਆ। ਉਸ ਨੇ ਅਬੀਗੈਲ ਨੂੰ ਆਖਿਆ: “ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਘੱਲਿਆ ਹੈ। ਅਤੇ ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ . . . ਹਟਾਇਆ।” (1 ਸਮੂਏਲ 25:18, 24, 32, 33) ਆਖ਼ਰਕਾਰ ਨਾਬਾਲ ਦੀ ਸਖ਼ਤੀ ਕਰਕੇ ਉਸ ਦੀ ਮੌਤ ਹੋ ਗਈ। ਅਬੀਗੈਲ ਦੇ ਸਦਗੁਣ ਦੇਖ ਕੇ ਦਾਊਦ ਨੇ ਉਸ ਨੂੰ ਆਪਣੀ ਪਤਨੀ ਬਣਾ ਲਿਆ। ਉਸ ਦੀ ਨਰਮਾਈ ਯਹੋਵਾਹ ਦੇ ਸਾਰੇ ਸੇਵਕਾਂ ਲਈ ਅੱਜ ਇਕ ਵਧੀਆ ਮਿਸਾਲ ਹੈ।—1 ਸਮੂਏਲ 25:36-42.

ਨਰਮਾਈ ਦੇ ਮਗਰ ਲੱਗੋ

18, 19. (ੳ) ਨਰਮਾਈ ਪਹਿਨਣ ਤੋਂ ਬਾਅਦ ਸਾਡੇ ਵਿਚ ਕਿਹੋ ਜਿਹੀਆਂ ਤਬਦੀਲੀਆਂ ਨਜ਼ਰ ਆਉਣਗੀਆਂ? (ਅ) ਅਸੀਂ ਚੰਗੀ ਤਰ੍ਹਾਂ ਆਪਣੀ ਜਾਂਚ ਕਿਸ ਤਰ੍ਹਾਂ ਕਰ ਸਕਦੇ ਹਾਂ?

18 ਤਾਂ ਫਿਰ, ਨਰਮਾਈ ਬਹੁਤ ਹੀ ਜ਼ਰੂਰੀ ਹੈ। ਇਸ ਨਾਲ ਅਸੀਂ ਅਜਿਹੇ ਤਮੀਜ਼ ਵਾਲੇ ਅਤੇ ਸਾਊ ਇਨਸਾਨ ਬਣ ਜਾਂਦੇ ਹਾਂ ਕਿ ਦੂਸਰੇ ਲੋਕ ਸਾਨੂੰ ਪਸੰਦ ਕਰਦੇ ਹਨ। ਮਸੀਹੀ ਬਣਨ ਤੋਂ ਪਹਿਲਾਂ ਅਸੀਂ ਸ਼ਾਇਦ ਦੂਸਰਿਆਂ ਨਾਲ ਰੁੱਖਾ ਬੋਲਦੇ ਸੀ ਅਤੇ ਉਨ੍ਹਾਂ ਨਾਲ ਬੇਰਹਿਮੀ ਨਾਲ ਪੇਸ਼ ਆਉਂਦੇ ਸੀ। ਪਰ ਬਾਈਬਲ ਤੋਂ ਸੱਚਾਈ ਸਿੱਖ ਕੇ ਅਸੀਂ ਆਪਣੇ ਆਪ ਨੂੰ ਬਦਲਿਆ ਅਤੇ ਚੰਗੇ ਤੇ ਖ਼ੁਸ਼-ਮਿਜ਼ਾਜ ਇਨਸਾਨ ਬਣ ਗਏ। ਪੌਲੁਸ ਨੇ ਮਸੀਹੀਆਂ ਨੂੰ ਇਸ ਤਬਦੀਲੀ ਬਾਰੇ ਲਿਖਿਆ ਸੀ: ‘ਤੁਸੀਂ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।’ (ਕੁਲੁੱਸੀਆਂ 3:12) ਬਾਈਬਲ ਵਿਚ ਇਸ ਤਬਦੀਲੀ ਦੀ ਤੁਲਨਾ ਬਘਿਆੜ, ਸ਼ੇਰ, ਰਿੱਛ ਅਤੇ ਸੱਪ ਵਰਗੇ ਜੰਗਲੀ ਜਾਨਵਰਾਂ ਨਾਲ ਕੀਤੀ ਗਈ ਜੋ ਮੇਮਣੇ, ਵੱਛੇ ਅਤੇ ਗਾਂ ਵਰਗੇ ਬਣ ਜਾਣਗੇ। (ਯਸਾਯਾਹ 11:6-9; 65:25) ਇਹ ਤਬਦੀਲੀਆਂ ਇੰਨੀਆਂ ਅਨੋਖੀਆਂ ਹਨ ਕਿ ਦੇਖਣ ਵਾਲੇ ਹੈਰਾਨ ਹੋ ਜਾਂਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਇਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਨਰਮਾਈ ਆਤਮਾ ਦਾ ਫਲ ਹੈ।

19 ਕੀ ਇਸ ਦਾ ਇਹ ਮਤਲਬ ਹੈ ਕਿ ਇਕ ਵਾਰ ਜਦ ਅਸੀਂ ਜ਼ਰੂਰੀ ਤਬਦੀਲੀਆਂ ਕਰਨ ਤੋਂ ਬਾਅਦ ਬਪਤਿਸਮਾ ਲੈ ਲੈਂਦੇ ਹਾਂ, ਤਾਂ ਸਾਨੂੰ ਆਪਣੇ ਸੁਭਾਅ ਨੂੰ ਨਰਮ ਰੱਖਣ ਦੀ ਲੋੜ ਨਹੀਂ ਰਹਿੰਦੀ? ਨਹੀਂ, ਇਸ ਦਾ ਇਹ ਮਤਲਬ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਨਵੇਂ ਕੱਪੜਿਆਂ ਨੂੰ ਸਾਫ਼-ਸੁਥਰੇ ਰੱਖਣ ਲਈ ਸਾਨੂੰ ਉਨ੍ਹਾਂ ਦੀ ਲਗਾਤਾਰ ਦੇਖ-ਭਾਲ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਬਾਈਬਲ ਦੀਆਂ ਮਿਸਾਲਾਂ ਉੱਤੇ ਗੌਰ ਕਰਨ ਨਾਲ ਅਸੀਂ ਚੰਗੀ ਤਰ੍ਹਾਂ ਆਪਣੀ ਜਾਂਚ ਕਰ ਸਕਦੇ ਹਾਂ। ਜਦ ਅਸੀਂ ਪਰਮੇਸ਼ੁਰ ਦੇ ਬਚਨ ਦੇ ਸ਼ੀਸ਼ੇ ਵਿਚ ਦੇਖਦੇ ਹਾਂ, ਤਾਂ ਸਾਨੂੰ ਕੀ ਨਜ਼ਰ ਆਉਂਦਾ ਹੈ?—ਯਾਕੂਬ 1:23-25.

20. ਅਸੀਂ ਨਰਮ ਸੁਭਾਅ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ?

20 ਕੁਦਰਤੀ ਤੌਰ ਤੇ ਸਾਰਿਆਂ ਦੇ ਸੁਭਾਅ ਵੱਖਰੇ ਹੁੰਦੇ ਹਨ। ਯਹੋਵਾਹ ਦੇ ਕੁਝ ਭਗਤਾਂ ਦਾ ਸੁਭਾਅ ਨਰਮ ਹੁੰਦਾ ਹੈ, ਪਰ ਹੋਰਨਾਂ ਲਈ ਨਰਮਾਈ ਨਾਲ ਪੇਸ਼ ਆਉਣਾ ਮੁਸ਼ਕਲ ਹੁੰਦਾ ਹੈ। ਫਿਰ ਵੀ ਸਾਰਿਆਂ ਨੂੰ ਨਰਮਾਈ ਅਤੇ ਪਰਮੇਸ਼ੁਰ ਦੀ ਆਤਮਾ ਦੇ ਬਾਕੀ ਦੇ ਫਲ ਪੈਦਾ ਕਰਨ ਦੀ ਲੋੜ ਹੈ। ਪੌਲੁਸ ਨੇ ਪਿਆਰ ਨਾਲ ਤਿਮੋਥਿਉਸ ਨੂੰ ਕਿਹਾ ਸੀ: “ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲੱਗਾ ਰਹੁ।” (1 ਤਿਮੋਥਿਉਸ 6:11) ‘ਮਗਰ ਲੱਗਣ’ ਦਾ ਮਤਲਬ ਹੈ ਕਿ ਇਨ੍ਹਾਂ ਗੁਣਾਂ ਨੂੰ ਪੈਦਾ ਕਰਨ ਲਈ ਕੋਸ਼ਿਸ਼ ਕਰਨੀ। ਬਾਈਬਲ ਦਾ ਇਕ ਤਰਜਮਾ ਕਹਿੰਦਾ ਹੈ ‘ਧਿਆਨ ਲਾਈ ਰੱਖ।’ (ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਤੁਸੀਂ ਬਾਈਬਲ ਦੀਆਂ ਮਿਸਾਲਾਂ ਉੱਤੇ ਧਿਆਨ ਲਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਇਹ ਗੁਣ ਤੁਹਾਡੇ ਅੰਦਰ ਜੜ੍ਹ ਫੜਨਗੇ। ਉਹ ਤੁਹਾਡੀ ਅਗਵਾਈ ਕਰਨਗੇ ਅਤੇ ਸੁਭਾਅ ਬਦਲਣ ਵਿਚ ਤੁਹਾਡੀ ਮਦਦ ਕਰਨਗੇ।—ਯਾਕੂਬ 1:21.

21. (ੳ) ਸਾਨੂੰ ਨਰਮਾਈ ਦੇ ਮਗਰ ਕਿਉਂ ਲੱਗਣਾ ਚਾਹੀਦਾ ਹੈ? (ਅ) ਅਗਲੇ ਲੇਖ ਵਿਚ ਕਿਸ ਬਾਰੇ ਚਰਚਾ ਕੀਤੀ ਜਾਵੇਗੀ?

21 ਇਹ ਜਾਣਨ ਲਈ ਕਿ ਅਸੀਂ ਕਿਸ ਹੱਦ ਤਕ ਇਸ ਗੱਲ ਵਿਚ ਤਰੱਕੀ ਕੀਤੀ ਹੈ, ਸਾਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਦੂਸਰਿਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹਾਂ। ਯਿਸੂ ਦੇ ਚੇਲੇ ਯਾਕੂਬ ਨੇ ਪੁੱਛਿਆ: “ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ।” (ਯਾਕੂਬ 3:13) ਅਸੀਂ ਆਪਣੇ ਪਰਿਵਾਰਾਂ ਵਿਚ, ਪ੍ਰਚਾਰ ਦੇ ਕੰਮ ਵਿਚ ਅਤੇ ਕਲੀਸਿਯਾ ਵਿਚ ਨਰਮਾਈ ਦਾ ਸਬੂਤ ਕਿਸ ਤਰ੍ਹਾਂ ਦੇ ਸਕਦੇ ਹਾਂ? ਅਗਲੇ ਲੇਖ ਵਿਚ ਇਸ ਬਾਰੇ ਚਰਚਾ ਕੀਤੀ ਗਈ ਹੈ।

ਪਿੱਛਲ ਝਾਤ

• ਅਸੀਂ ਹੇਠਲੀਆਂ ਮਿਸਾਲਾਂ ਤੋਂ ਨਰਮਾਈ ਦੇ ਸਦਗੁਣ ਬਾਰੇ ਕੀ ਸਿੱਖਦੇ ਹਾਂ?

• ਯਹੋਵਾਹ

• ਯਿਸੂ

• ਮੂਸਾ

• ਅਬੀਗੈਲ

• ਸਾਨੂੰ ਨਰਮਾਈ ਦੇ ਮਗਰ ਕਿਉਂ ਲੱਗਣਾ ਚਾਹੀਦਾ ਹੈ?

[ਸਵਾਲ]

[ਸਫ਼ੇ 16 ਉੱਤੇ ਤਸਵੀਰ]

ਯਹੋਵਾਹ ਨੇ ਹਾਬਲ ਦੀ ਭੇਟ ਕਿਉਂ ਪਸੰਦ ਕੀਤੀ ਸੀ?

[ਸਫ਼ੇ 17 ਉੱਤੇ ਤਸਵੀਰ]

ਯਿਸੂ ਨੇ ਦਿਖਾਇਆ ਸੀ ਕਿ ਨਰਮਾਈ ਤੇ ਨਿਮਰਤਾ ਇੱਕੋ-ਜਿੱਕੇ ਗੁਣ ਹਨ

[ਸਫ਼ੇ 18 ਉੱਤੇ ਤਸਵੀਰ]

ਮੂਸਾ ਨੇ ਨਰਮਾਈ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ