ਨੌਜਵਾਨੋ—ਕੀ ਤੁਸੀਂ ਸੱਚਾਈ ਵਿਚ ਤਰੱਕੀ ਕਰ ਰਹੇ ਹੋ?
ਨੌਜਵਾਨੋ—ਕੀ ਤੁਸੀਂ ਸੱਚਾਈ ਵਿਚ ਤਰੱਕੀ ਕਰ ਰਹੇ ਹੋ?
“ਮੈਂ ਮੀਟਿੰਗਾਂ ਵਿਚ ਤਾਂ ਜਾਂਦਾ ਸੀ, ਪਰ ਯਹੋਵਾਹ ਦੀ ਸੇਵਾ ਕਰਨ ਦੀ ਮੇਰੀ ਕੋਈ ਇੱਛਾ ਨਹੀਂ ਸੀ। ਮੈਂ ਆਪਣੇ ਹਾਣੀਆਂ ਵਿਚ ਮਸ਼ਹੂਰ ਹੋਣਾ ਚਾਹੁੰਦਾ ਸੀ ਤੇ ਕਈ ਵਾਰ ਕਿਸੇ ਗਰਲ-ਫ੍ਰੈਂਡ ਨਾਲ ਹੀਰੋ ਵਾਂਗ ਘੁੰਮਣ-ਫਿਰਨ ਦੇ ਸੁਪਨੇ ਲੈਂਦਾ ਸੀ। ਮੇਰੀ ਜ਼ਿੰਦਗੀ ਵਿਚ ਕੋਈ ਖ਼ਾਸ ਟੀਚਾ ਨਹੀਂ ਸੀ ਅਤੇ ਨਾ ਹੀ ਮੈਂ ਸੱਚਾਈ ਵਿਚ ਤਰੱਕੀ ਕਰਨ ਬਾਰੇ ਕਦੇ ਸੋਚਿਆ ਸੀ।” ਆਪਣੇ ਸਕੂਲ ਦੇ ਦਿਨਾਂ ਬਾਰੇ ਸੋਚਦੇ ਹੋਏ ਹੀਡੇਓ ਨਾਂ ਦਾ ਨੌਜਵਾਨ ਇਵੇਂ ਦੱਸਦਾ ਹੈ। ਹੀਡੇਓ ਵਾਂਗ ਕਈ ਨੌਜਵਾਨਾਂ ਦਾ ਸੱਚਾਈ ਵਿਚ ਤਰੱਕੀ ਕਰਨ ਦਾ ਕੋਈ ਖ਼ਾਸ ਰੂਹਾਨੀ ਟੀਚਾ ਨਹੀਂ ਹੁੰਦਾ ਹੈ।
ਜੇ ਤੁਸੀਂ ਨੌਜਵਾਨ ਹੋ, ਤਾਂ ਕੀ ਤੁਸੀਂ ਮਨੋਰੰਜਨ ਜਾਂ ਖੇਡਾਂ ਖੇਡ ਕੇ ਖ਼ੁਸ਼ ਨਹੀਂ ਹੁੰਦੇ ਹੋ? ਪਰ ਜਦੋਂ ਕਿਸੇ ਰੂਹਾਨੀ ਚੀਜ਼ ਬਾਰੇ ਗੱਲ ਕੀਤੀ ਜਾਂਦੀ ਹੈ, ਤਾਂ ਸ਼ਾਇਦ ਤੁਸੀਂ ਅਜਿਹੀ ਖ਼ੁਸ਼ੀ ਨਾ ਮਹਿਸੂਸ ਕਰੋ। ਕੀ ਰੂਹਾਨੀ ਟੀਚਿਆਂ ਬਾਰੇ ਵੀ ਉਸੇ ਤਰ੍ਹਾਂ ਖ਼ੁਸ਼ ਹੋਣਾ ਮੁਮਕਿਨ ਹੈ? ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਵੱਲ ਧਿਆਨ ਦਿਓ: “ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। . . . ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 19:7, 8) ਪਰਮੇਸ਼ੁਰ ਦਾ ਬਚਨ “ਭੋਲੇ ਨੂੰ” ਬੁੱਧਵਾਨ ਬਣਾ ਸਕਦਾ ਹੈ ਤਾਂਕਿ ਉਸ ਦੀਆਂ “ਅੱਖੀਆਂ ਨੂੰ ਚਾਨਣ” ਮਿਲੇ। ਜੀ ਹਾਂ, ਤੁਸੀਂ ਵੀ ਰੂਹਾਨੀ ਚੀਜ਼ਾਂ ਬਾਰੇ ਖ਼ੁਸ਼ ਹੋ ਸਕਦੇ ਹੋ। ਪਰ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਕਰਨ ਲਈ ਕਿਸ ਚੀਜ਼ ਦੀ ਲੋੜ ਹੈ ਅਤੇ ਤੁਸੀਂ ਤਰੱਕੀ ਕਰਨੀ ਕਿੱਦਾਂ ਸ਼ੁਰੂ ਕਰ ਸਕਦੇ ਹੋ?
ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰੋ
ਸਭ ਤੋਂ ਪਹਿਲਾਂ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰਨੀ ਚਾਹੀਦੀ ਹੈ। ਜ਼ਰਾ ਯਹੂਦਾਹ ਦੇ ਜਵਾਨ ਰਾਜੇ ਯੋਸੀਯਾਹ ਬਾਰੇ ਸੋਚੋ। ਉਸ ਦੇ ਸਮੇਂ ਵਿਚ ਹੈਕਲ ਅੰਦਰੋਂ ਯਹੋਵਾਹ ਦੀ ਬਿਵਸਥਾ ਦੀ ਪੋਥੀ ਲੱਭੀ ਗਈ ਸੀ। ਇਸ ਵਿਚਲੀ ਗੱਲ ਦਾ ਯੋਸੀਯਾਹ ਉੱਤੇ ਬੜਾ ਅਸਰ ਪਿਆ। ਨਤੀਜੇ ਵਜੋਂ, “ਯੋਸੀਯਾਹ ਨੇ ਇਸਰਾਏਲੀਆਂ ਦੀ ਸਾਰੀ ਧਰਤੀ ਵਿੱਚੋਂ ਘਿਣਾਉਣੀਆਂ ਚੀਜ਼ਾਂ ਨੂੰ ਦੂਰ ਕੀਤਾ।” (2 ਇਤਿਹਾਸ 34:14-21, 33) ਪਰਮੇਸ਼ੁਰ ਦਾ ਬਚਨ ਪੜ੍ਹ ਕੇ ਯੋਸੀਯਾਹ ਦੇ ਦਿਲ ਵਿਚ ਸੱਚੀ ਉਪਾਸਨਾ ਨੂੰ ਅੱਗੇ ਵਧਾਉਣ ਦੀ ਇੱਛਾ ਪੈਦਾ ਹੋਈ ਸੀ।
ਤੁਸੀਂ ਵੀ ਬਾਕਾਇਦਾ ਬਾਈਬਲ ਪੜ੍ਹ ਕੇ ਅਤੇ ਉਸ ਤੇ ਮਨਨ ਕਰ ਕੇ ਪਰਮੇਸ਼ੁਰ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰ ਸਕਦੇ ਹੋ। ਹੀਡੇਓ ਦੇ ਨਾਲ ਇਸੇ ਤਰ੍ਹਾਂ ਹੋਇਆ ਸੀ। ਉਸ ਨੇ ਇਕ ਪਾਇਨੀਅਰ ਭਰਾ ਨਾਲ ਦੋਸਤੀ ਕੀਤੀ। ਉਹ ਭਰਾ ਬਾਈਬਲ ਦੀ ਅੱਛੀ ਖੋਜ ਕਰਦਾ ਹੁੰਦਾ ਸੀ ਅਤੇ ਬਾਈਬਲ ਦੀਆਂ ਸਿੱਖਿਆਵਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਦਾ ਸੀ। ਉਸ ਦੀ ਵਧੀਆ ਮਿਸਾਲ ਕਰਕੇ ਹੀਡੇਓ ਦਾ ਵੀ ਜੀ ਕੀਤਾ ਕਿ ਉਹ ਵੀ ਪਰਮੇਸ਼ੁਰ ਦੀ ਸੇਵਾ ਅਤੇ ਹੋਰਨਾਂ ਦੀ ਮਦਦ ਕਰੇ। ਉਸ ਦੀ ਰੂਹਾਨੀ ਤਰੱਕੀ ਦੇ ਨਤੀਜੇ ਵਜੋਂ ਹੁਣ ਉਸ ਦੀ ਜ਼ਿੰਦਗੀ ਵਿਚ ਮਕਸਦ ਹੈ।
ਹਰ ਰੋਜ਼ ਬਾਈਬਲ ਪੜ੍ਹਨ ਦੁਆਰਾ ਨੌਜਵਾਨਾਂ ਨੂੰ ਸੱਚਾਈ ਵਿਚ ਤਰੱਕੀ ਕਰਨ ਲਈ ਹੌਸਲਾ ਮਿਲ ਸਕਦਾ ਹੈ। ਟਾਕਾਹੀਰੋ ਕਹਿੰਦਾ
ਹੈ: “ਜੇ ਰਾਤ ਨੂੰ ਲੰਮੇ ਪਏ ਹੋਏ ਮੈਨੂੰ ਕਦੀ ਯਾਦ ਆਇਆ ਕਿ ਮੈਂ ਬਾਈਬਲ ਵਿੱਚੋਂ ਪੜ੍ਹਨਾ ਭੁੱਲ ਗਿਆ, ਤਾਂ ਮੈਂ ਉਸੇ ਵੇਲੇ ਉੱਠ ਕੇ ਪੜ੍ਹਦਾ ਹੁੰਦਾ ਸੀ। ਨਤੀਜੇ ਵਜੋਂ ਮੈਂ ਯਹੋਵਾਹ ਦੀ ਅਗਵਾਈ ਮਹਿਸੂਸ ਕਰਨ ਲੱਗਾ। ਹਰ ਰੋਜ਼ ਬਾਈਬਲ ਪੜ੍ਹਨ ਦੁਆਰਾ ਮੈਂ ਸੱਚਾਈ ਵਿਚ ਤਰੱਕੀ ਕੀਤੀ ਤੇ ਮੈਨੂੰ ਕਾਫ਼ੀ ਫ਼ਾਇਦੇ ਹੋਏ। ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਦੇ ਪੱਕੇ ਇਰਾਦੇ ਨਾਲ, ਮੈਂ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਹੁਣ ਮੈਨੂੰ ਬੜਾ ਮਜ਼ਾ ਆ ਰਿਹਾ ਹੈ।”ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਦੇ ਆਪਣੇ ਇਰਾਦੇ ਨੂੰ ਹੋਰ ਪੱਕਾ ਕਰਨ ਲਈ, ਅਸੀਂ ਬਾਈਬਲ ਪੜ੍ਹਨ ਦੇ ਨਾਲ-ਨਾਲ ਹੋਰ ਕਿਹੜੇ ਕਦਮ ਚੁੱਕ ਸਕਦੇ ਹਾਂ? ਟੋਮੋਹੀਰੋ ਦੀ ਮਾਤਾ ਨੇ ਉਸ ਨੂੰ ਛੋਟੀ ਉਮਰ ਵਿਚ ਬਾਈਬਲ ਤੋਂ ਸੱਚਾਈ ਸਿਖਾਈ ਸੀ। ਪਰ ਉਹ ਕਹਿੰਦਾ ਹੈ: ‘ਮੈਂ 19 ਸਾਲਾਂ ਦੀ ਉਮਰ ਤੇ ਆ ਕੇ ਜ਼ਿੰਦਗੀ ਦਾ ਇਕ ਮਕਸਦ ਹੈ ਨਾਮਕ ਕਿਤਾਬ ਆਪ ਪੜ੍ਹੀ ਸੀ। ਇਸ ਨੂੰ ਪੜ੍ਹਨ ਤੋਂ ਬਾਅਦ ਹੀ ਮੈਂ ਯਹੋਵਾਹ ਦਾ ਪਿਆਰ ਮਹਿਸੂਸ ਕੀਤਾ ਤੇ ਯਿਸੂ ਦੇ ਬਲੀਦਾਨ ਦੀ ਕਦਰ ਕਰਨੀ ਸ਼ੁਰੂ ਕੀਤੀ। ਯਹੋਵਾਹ ਦੇ ਪ੍ਰੇਮ ਨੇ ਮੈਨੂੰ ਉਸ ਦੀ ਸੇਵਾ ਵਿਚ ਜ਼ਿਆਦਾ ਮਿਹਨਤ ਕਰਨ ਲਈ ਮਜਬੂਰ ਕੀਤਾ।’ (2 ਕੁਰਿੰਥੀਆਂ 5:14, 15) ਟੋਮੋਹੀਰੋ ਵਾਂਗ, ਕਈ ਨੌਜਵਾਨਾਂ ਨੂੰ ਬਾਈਬਲ ਦੀ ਡੂੰਘੀ ਜਾਂਚ ਕਰਨ ਨਾਲ ਸੱਚਾਈ ਵਿਚ ਰੂਹਾਨੀ ਤਰੱਕੀ ਕਰਨ ਦਾ ਹੌਸਲਾ ਮਿਲਿਆ ਹੈ।
ਪਰ ਇਹ ਸਭ ਕੁਝ ਕਰਨ ਤੋਂ ਬਾਅਦ ਜੇ ਤੁਹਾਡਾ ਯਹੋਵਾਹ ਦੀ ਸੇਵਾ ਕਰਨ ਦਾ ਅਜੇ ਵੀ ਜੀ ਨਹੀਂ ਕਰਦਾ, ਤਾਂ ਫਿਰ ਕੀ? ਕੀ ਤੁਸੀਂ ਅਜਿਹੇ ਕਿਸੇ ਭੈਣ-ਭਰਾ ਨੂੰ ਜਾਣਦੇ ਹੋ ਜੋ ਤੁਹਾਡੀ ਮਦਦ ਕਰ ਸਕਦਾ ਹੈ? ਪੌਲੁਸ ਰਸੂਲ ਨੇ ਲਿਖਿਆ: ‘ਪਰਮੇਸ਼ੁਰ ਆਪ ਤੁਹਾਡੀ ਇੱਛਾ ਅਤੇ ਕੰਮਾਂ ਨੂੰ ਆਪਣੇ ਉਦੇਸ਼ ਅਨੁਸਾਰ ਪ੍ਰੇਰਣਾ ਦਿੰਦਾ ਹੈ।’ (ਫ਼ਿਲਿੱਪੀਆਂ 2:13, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਤੁਸੀਂ ਯਹੋਵਾਹ ਅੱਗੇ ਬੇਨਤੀ ਕਰੋ ਉਹ ਖ਼ੁਸ਼ੀ ਨਾਲ ਤੁਹਾਨੂੰ ਆਪਣੀ ਪਵਿੱਤਰ ਆਤਮਾ ਦੇਵੇਗਾ ਜਿਸ ਰਾਹੀਂ ਤੁਸੀਂ ਨਾ ਸਿਰਫ਼ ‘ਕੰਮ’ ਕਰੋਗੇ ਪਰ ‘ਇੱਛਾ’ ਵੀ ਪੈਦਾ ਕਰ ਸਕੋਗੇ। ਇਸ ਦਾ ਮਤਲਬ ਹੈ ਕੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਤੁਹਾਡੀ ਇੱਛਾ ਨੂੰ ਪੱਕਾ ਕਰੇਗੀ ਕਿ ਤੁਸੀਂ ਉਸ ਦੀ ਸੇਵਾ ਵਿਚ ਮਿਹਨਤ ਕਰ ਸਕੋ। ਇਹ ਤੁਹਾਨੂੰ ਰੂਹਾਨੀ ਤੌਰ ਤੇ ਮਜ਼ਬੂਤ ਬਣਾਵੇਗੀ। ਜੀ ਹਾਂ, ਯਹੋਵਾਹ ਦੀ ਸ਼ਕਤੀ ਉੱਤੇ ਭਰੋਸਾ ਰੱਖ ਕੇ ਕਿਉਂ ਨਾ ਆਪਣੇ ਇਰਾਦੇ ਨੂੰ ਪੱਕਾ ਬਣਾਓ।
ਆਪਣੇ ਆਪ ਲਈ ਟੀਚੇ ਸਥਾਪਿਤ ਕਰੋ
ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਮਗਰੋਂ, ਤੁਹਾਨੂੰ ਸੱਚਾਈ ਵਿਚ ਤਰੱਕੀ ਕਰਨ ਲਈ ਆਪਣੇ ਲਈ ਟੀਚੇ ਰੱਖਣੇ ਚਾਹੀਦੇ ਹਨ। ਮਾਨਾ ਨਾਂ ਦੀ ਇਕ ਕੁੜੀ ਨੇ ਕਿਹਾ: “ਟੀਚੇ ਰੱਖਣ ਰਾਹੀਂ ਮੇਰੀ ਬਹੁਤ ਮਦਦ ਹੋਈ। ਪਰਮੇਸ਼ੁਰ ਦੀ ਸੇਵਾ ਵਿਚ ਪਿੱਛੇ ਹਟਣ ਦੀ ਬਜਾਇ ਮੈਂ ਹਿੰਮਤ ਨਾਲ ਅੱਗੇ ਵਧ ਸਕੀ। ਆਪਣੇ ਟੀਚਿਆਂ ਨੂੰ ਮੰਨ ਵਿਚ ਰੱਖ ਕੇ ਮੈਂ ਯਹੋਵਾਹ ਤੋਂ ਅਗਵਾਈ ਲਈ ਮਦਦ ਮੰਗੀ ਅਤੇ ਇਸ ਤਰ੍ਹਾਂ ਗ਼ਲਤ ਪਾਸੇ ਲੱਗਣ ਤੋਂ ਬਗੈਰ ਤਰੱਕੀ ਕਰ ਸਕੀ।”
ਇਹੋ ਜਿਹੇ ਟੀਚੇ ਨਾ ਰੱਖੋ ਜਿਨ੍ਹਾਂ ਤਕ ਪਹੁੰਚਣਾ ਮੁਸ਼ਕਲ ਹੋਵੇ। ਹਰ ਰੋਜ਼ ਬਾਈਬਲ ਦਾ ਇਕ ਅਧਿਆਇ ਪੜ੍ਹਨਾ ਇਕ ਵਧੀਆ ਟੀਚਾ ਹੋ ਸਕਦਾ ਹੈ। ਜੇ ਚਾਹੋ ਤੁਸੀਂ ਕਿਸੇ ਵਿਸ਼ੇ ਬਾਰੇ ਰਿਸਰਚ ਕਰ ਸਕਦੇ ਹੋ। ਮਿਸਾਲ ਲਈ ਹਰੇਕ ਸਾਲ ਦੇ 15 ਦਸੰਬਰ ਦੇ ਪਹਿਰਾਬੁਰਜ ਰਸਾਲੇ ਵਿਚ ਸਾਨੂੰ ਵਿਸ਼ਾ ਇੰਡੈਕਸ ਮਿਲਦਾ ਹੈ। ਸ਼ਾਇਦ ਤੁਸੀਂ “ਯਹੋਵਾਹ” ਦੇ ਉਪ-ਸਿਰਲੇਖ ਹੇਠਾਂ ਯਹੋਵਾਹ ਦੇ ਗੁਣਾਂ ਬਾਰੇ ਖੋਜ ਕਰ ਸਕਦੇ ਹੋ। ਇਸ ਤਰ੍ਹਾਂ ਦੀ ਰਿਸਰਚ ਰਾਹੀਂ ਉਮੀਦ ਹੈ ਕੇ ਅਸੀਂ ਯਹੋਵਾਹ ਦੇ ਨਜ਼ਦੀਕ ਮਹਿਸੂਸ ਕਰਾਂਗੇ। ਇਨ੍ਹਾਂ ਕੁਝ ਟੀਚਿਆਂ ਬਾਰੇ ਵੀ ਸੋਚੋ: ਹਰੇਕ ਮਸੀਹੀ ਸਭਾ ਵਿਚ ਹਿੱਸਾ ਲੈਣਾ, ਕਿੰਗਡਮ ਹਾਲ ਵਿਚ ਵੱਖ-ਵੱਖ ਭੈਣਾਂ-ਭਰਾਵਾਂ ਨਾਲ ਗੱਲ ਕਰਨੀ ਤੇ ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਜਾਣਨਾ, ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਅਤੇ ਹੋਰਨਾਂ ਨਾਲ ਉਸ ਬਾਰੇ ਹਰ ਰੋਜ਼ ਗੱਲ ਕਰਨੀ। ਅਜਿਹੇ ਟੀਚੇ ਹਾਸਲ ਕਰਨੇ ਇੰਨੇ ਔਖੇ ਨਹੀਂ ਹਨ।
ਕੀ ਤੁਸੀਂ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ? ਇਹ ਤੁਹਾਡੇ ਲਈ ਇਕ ਵਧੀਆ ਟੀਚਾ ਹੋਵੇਗਾ। ਕੀ ਤੁਸੀਂ ਪ੍ਰਚਾਰ ਕਰਨ ਜਾਂਦੇ ਹੋ? ਜੇ ਨਹੀਂ, ਤਾਂ ਸ਼ਾਇਦ ਤੁਸੀਂ ਬਪਤਿਸਮਾ ਲੈਣ ਤੋਂ ਪਹਿਲਾਂ ਪ੍ਰਚਾਰ ਕਰਨ ਦਾ ਟੀਚਾ ਰੱਖ ਸਕਦੇ ਹੋ। ਉਮੀਦ ਹੈ ਕਿ ਇਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਮਰਜ਼ੀ ਕਰਨ ਦਾ ਉਸ ਨਾਲ ਵਾਅਦਾ ਕਰੋਗੇ ਅਤੇ ਬਪਤਿਸਮਾ ਲੈਣ ਬਾਰੇ ਗੰਭੀਰਤਾ ਨਾਲ ਸੋਚੋਗੇ। ਇਸ ਵਾਅਦੇ ਤੇ ਪੂਰਾ ਉਤਰਨ ਦੀ ਇੱਛਾ ਨਾਲ ਕਈ ਨੌਜਵਾਨ ਪਾਇਨੀਅਰੀ ਕਰਨ ਦਾ ਟੀਚਾ ਰੱਖਦੇ ਹਨ।
ਆਪਣੀ ਜ਼ਿੰਦਗੀ ਵਿਚ ਟੀਚੇ ਰੱਖਣੇ ਚੰਗੀ ਗੱਲ ਹੈ, ਲੇਕਿਨ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਦੂਸਰਿਆਂ ਨਾਲ ਗਲਾਤੀਆਂ 5:26; 6:4.
ਮੁਕਾਬਲਾ ਨਾ ਕਰਨ ਲੱਗ ਪਈਏ। ਦੂਸਰਿਆਂ ਨਾਲ ਆਪਣੀ ਤੁਲਨਾ ਨਾ ਕਰੋ। ਇਸ ਤਰ੍ਹਾਂ ਤੁਸੀਂ ਆਪਣੇ ਕੰਮਾਂ ਵਿਚ ਜ਼ਿਆਦਾ ਖ਼ੁਸ਼ੀ ਪਾਓਗੇ।—ਸ਼ਾਇਦ ਤੁਸੀਂ ਸੋਚਦੇ ਹੋ ਕਿ ਤੁਹਾਡੇ ਕੋਲ ਜ਼ਿੰਦਗੀ ਦਾ ਇੰਨਾ ਤਜਰਬਾ ਨਹੀਂ ਕਿ ਤੁਸੀਂ ਚੰਗੇ ਟੀਚੇ ਰੱਖ ਸਕੋ। ਫਿਰ, ਕਿਉਂ ਨਾ ਬਾਈਬਲ ਦੀ ਇਸ ਸਲਾਹ ਤੇ ਚਲੋ: ‘ਕੰਨ ਧਰ ਕੇ ਬੁੱਧਵਾਨਾਂ ਦੇ ਬਚਨ ਸੁਣੋ।’ (ਕਹਾਉਤਾਂ 22:17) ਆਪਣੇ ਮਾਪਿਆਂ ਜਾਂ ਕਿਸੇ ਹੋਰ ਤਜਰਬੇਕਾਰ ਮਸੀਹੀ ਦੀ ਮਦਦ ਲਓ। ਲੇਕਿਨ, ਜਦ ਮਾਪੇ ਜਾਂ ਦੂਸਰੇ ਭੈਣ-ਭਰਾ ਸਲਾਹਾਂ ਦਿੰਦੇ ਹਨ, ਤਾਂ ਉਨ੍ਹਾਂ ਨੂੰ ਬੱਚਿਆਂ ਅੱਗੇ ਸੋਚ-ਸਮਝ ਕੇ ਟੀਚੇ ਰੱਖਣੇ ਚਾਹੀਦੇ ਹਨ ਤਾਂਕਿ ਉਹ ਹੌਸਲਾ ਨਾ ਹਾਰ ਜਾਣ। ਜੇ ਬੱਚਾ ਮਹਿਸੂਸ ਕਰੇ ਕਿ ਉਹ ਆਪਣੀ ਮੰਜ਼ਲ ਨਹੀਂ ਪਹੁੰਚ ਸਕੇਗਾ, ਉਹ ਪਹਿਲਾਂ ਤੋਂ ਹੀ ਨਿਰਾਸ਼ ਹੋਵੇਗਾ ਅਤੇ ਟੀਚੇ ਰੱਖਣ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਇਕ ਕੁੜੀ ਦੱਸਦੀ ਹੈ ਕਿ ਉਸ ਨਾਲ ਇਸ ਤਰ੍ਹਾਂ ਹੀ ਹੋਇਆ: “ਮੇਰੇ ਮਾਪਿਆਂ ਨੇ ਮੇਰੇ ਲਈ ਇਕ ਟੀਚੇ ਤੋਂ ਬਾਅਦ ਦੂਸਰਾ ਟੀਚਾ ਰੱਖਿਆ ਸੀ। ਪਹਿਲਾ ਮੈਂ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਵਿਚ ਆਪਣਾ ਨਾਂ ਦਰਜ ਕਰਵਾਇਆ, ਫਿਰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ, ਬਪਤਿਸਮਾ ਲਿਆ ਅਤੇ ਪਾਈਨੀਅਰ ਵੀ ਬਣੀ। ਹਰੇਕ ਟੀਚੇ ਤੇ ਪਹੁੰਚਣ ਲਈ ਮੈਂ ਸਖ਼ਤ ਜਤਨ ਕੀਤਾ। ਜਦੋਂ ਮੈਂ ਪਹਿਲੀ ਮੰਜ਼ਲ ਤੇ ਪਹੁੰਚੀ, ਮੈਨੂੰ ਸ਼ਾਬਾਸ਼ ਦੇਣ ਦੀ ਬਜਾਇ ਮੇਰੇ ਮਾਪਿਆਂ ਨੇ ਮੇਰੇ ਲਈ ਹੋਰ ਨਵਾਂ ਟੀਚਾ ਬਣਾ ਦਿੱਤਾ। ਨਤੀਜੇ ਵਜੋਂ, ਮੈਂ ਮਹਿਸੂਸ ਕਰਨ ਲੱਗੀ ਕਿ ਇਨ੍ਹਾਂ ਟੀਚਿਆਂ ਤੇ ਪਹੁੰਚਣ ਲਈ ਮੈਨੂੰ ਮਜਬੂਰ ਕੀਤਾ ਜਾ ਰਿਹਾ ਸੀ। ਮੈਂ ਅੱਕੀ ਹੋਈ ਸੀ ਤਾਂ ਮੈਨੂੰ ਟੀਚੇ ਹਾਸਲ ਕਰਨ ਦੇ ਕੋਈ ਫ਼ਾਇਦੇ ਨਜ਼ਰ ਨਹੀਂ ਆ ਰਹੇ ਸਨ।” ਜੇ ਟੀਚੇ ਗ਼ਲਤ ਨਹੀਂ ਸਨ, ਤਾਂ ਫਿਰ ਮਸਲਾ ਕੀ ਸੀ? ਗ਼ਲਤੀ ਇਹ ਸੀ ਕਿ ਉਸ ਨੇ ਆਪਣੇ ਟੀਚੇ ਆਪ ਨਹੀਂ ਰੱਖੇ ਸਨ। ਸਫ਼ਲ ਹੋਣ ਵਾਸਤੇ ਤੁਹਾਨੂੰ ਟੀਚੇ ਰੱਖਣ ਵਾਸਤੇ ਆਪ ਪਹਿਲ ਕਰਨੀ ਚਾਹੀਦੀ ਹੈ!
ਯਿਸੂ ਬਾਰੇ ਜ਼ਰਾ ਸੋਚੋ। ਜਦ ਉਹ ਧਰਤੀ ਤੇ ਆਇਆ ਸੀ, ਤਾਂ ਉਸ ਨੂੰ ਪਤਾ ਸੀ ਕਿ ਉਸ ਦਾ ਪਿਤਾ ਯਹੋਵਾਹ ਉਸ ਤੋਂ ਕੀ ਚਾਹੁੰਦਾ ਸੀ। ਯਿਸੂ ਲਈ ਯਹੋਵਾਹ ਦੀ ਮਰਜ਼ੀ ਪੂਰੀ ਕਰਨੀ ਸਿਰਫ਼ ਇਕ ਟੀਚਾ ਹੀ ਨਹੀਂ ਸੀ, ਬਲਕਿ ਉਹ ਇਸ ਨੂੰ ਇਕ ਜ਼ਿੰਮੇਵਾਰੀ ਸਮਝਦਾ ਸੀ। ਉਸ ਦਾ ਇਸ ਬਾਰੇ ਕੀ ਖ਼ਿਆਲ ਸੀ? ਉਸ ਨੇ ਕਿਹਾ: “ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾ ਅਰ ਉਹ ਦਾ ਕੰਮ ਸੰਪੂਰਣ ਕਰਾਂ।” (ਯੂਹੰਨਾ 4:34) ਯਿਸੂ ਆਪਣੇ ਪਿਤਾ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਵਿਚ ਖ਼ੁਸ਼ ਸੀ ਅਤੇ ਉਹ ਆਪਣੇ ਪਿਤਾ ਦੀਆਂ ਆਸਾਂ ਤੇ ਹਮੇਸ਼ਾ ਪੂਰਾ ਉਤਰਿਆ। ਯਿਸੂ ਲਈ ਯਹੋਵਾਹ ਦਾ ਕੰਮ ਕਰਨਾ ਭੋਜਨ ਦੇ ਸਮਾਨ ਜ਼ਰੂਰੀ ਸੀ ਅਤੇ ਉਹ ਇਸ ਕੰਮ ਨੂੰ ਖ਼ਤਮ ਕਰ ਕੇ ਬੜਾ ਖ਼ੁਸ਼ ਹੋਇਆ ਸੀ। (ਇਬਰਾਨੀਆਂ 10:5-10) ਤੁਹਾਨੂੰ ਵੀ ਖ਼ੁਸ਼ੀ ਮਿਲ ਸਕਦੀ ਹੈ ਜਦ ਤੁਸੀਂ ਆਪਣੇ ਮਾਪਿਆਂ ਦੀ ਸਲਾਹ ਨੂੰ ਲਾਗੂ ਕਰਦੇ ਹੋਏ ਆਪਣੇ ਟੀਚੇ ਹਾਸਲ ਕਰਦੇ ਹੋ।
ਅੱਕ ਨਾ ਜਾਓ
ਜਦ ਤੁਸੀਂ ਮਨ ਵਿਚ ਆਪਣਾ ਟੀਚਾ ਧਾਰ ਲਿਆ ਹੈ, ਤਾਂ ਉਸ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰੋ। ਗਲਾਤੀਆਂ 6:9 ਵਿਚ ਦੱਸਿਆ ਗਿਆ ਹੈ: “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।” ਤੁਹਾਡੇ ਤੇ ਅਜ਼ਮਾਇਸ਼ਾਂ ਜ਼ਰੂਰ ਆਉਣਗੀਆਂ ਅਤੇ ਸ਼ਾਇਦ ਤੁਸੀਂ ਹਾਰ ਮੰਨਣ ਲਈ ਵੀ ਤਿਆਰ ਹੋ ਜਾਓ। ਇਸ ਵੇਲੇ ਆਪਣੀ ਹੀ ਤਾਕਤ ਅਤੇ ਬੁੱਧ ਤੇ ਭਰੋਸਾ ਨਾ ਰੱਖੋ। ਬਾਈਬਲ ਸਾਨੂੰ ਹੌਸਲਾ ਦਿੰਦੀ ਹੈ: “ਆਪਣੇ ਸਾਰਿਆਂ ਰਾਹਾਂ ਵਿੱਚ [ਪਰਮੇਸ਼ੁਰ] ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:6) ਜਿਉਂ-ਜਿਉਂ ਤੁਸੀਂ ਆਪਣੇ ਰੂਹਾਨੀ ਟੀਚੇ ਹਾਸਲ ਕਰਨ ਵਿਚ ਮਿਹਨਤ ਕਰਦੇ ਹੋ ਯਹੋਵਾਹ ਤੁਹਾਡੀ ਮਦਦ ਕਰੇਗਾ।
ਜੀ ਹਾਂ, ਜੇ ਤੁਸੀਂ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਪੈਦਾ ਕਰੋਗੇ ਅਤੇ ਰੂਹਾਨੀ ਟੀਚੇ ਹਾਸਲ ਕਰਨ ਵਿਚ ਮਿਹਨਤ ਕਰੋਗੇ, ਤਾਂ ਤੁਸੀਂ ਵੀ ਆਪਣੀ ‘ਤਰੱਕੀ ਸਭਨਾਂ ਉੱਤੇ ਪ੍ਰਗਟ’ ਕਰ ਸਕੋਗੇ। (1 ਤਿਮੋਥਿਉਸ 4:15) ਨਤੀਜੇ ਵਜੋਂ ਯਹੋਵਾਹ ਦੀ ਮਰਜ਼ੀ ਪੂਰੀ ਕਰਦੇ ਹੋਏ ਤੁਸੀਂ ਅਰਥਭਰਪੂਰ ਜ਼ਿੰਦਗੀ ਦਾ ਆਨੰਦ ਮਾਣੋਗੇ।
[ਸਫ਼ੇ 9 ਉੱਤੇ ਤਸਵੀਰ]
ਬਾਈਬਲ ਪੜ੍ਹਨ ਅਤੇ ਉਸ ਤੇ ਮਨਨ ਕਰਨ ਨਾਲ ਤੁਹਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੀ ਪ੍ਰੇਰਨਾ ਮਿਲੇਗੀ
[ਸਫ਼ੇ 10 ਉੱਤੇ ਤਸਵੀਰ]
ਯਿਸੂ ਆਪਣੇ ਪਿਤਾ ਦੀਆਂ ਆਸਾਂ ਤੇ ਹਮੇਸ਼ਾ ਪੂਰਾ ਉਤਰਿਆ