Skip to content

Skip to table of contents

ਸੰਸਾਰ ਭਰ ਵਿਚ ਬਾਈਬਲ ਦੀ ਸਿੱਖਿਆ ਦੇਣ ਵਿਚ ਮੇਰਾ ਹਿੱਸਾ

ਸੰਸਾਰ ਭਰ ਵਿਚ ਬਾਈਬਲ ਦੀ ਸਿੱਖਿਆ ਦੇਣ ਵਿਚ ਮੇਰਾ ਹਿੱਸਾ

ਜੀਵਨੀ

ਸੰਸਾਰ ਭਰ ਵਿਚ ਬਾਈਬਲ ਦੀ ਸਿੱਖਿਆ ਦੇਣ ਵਿਚ ਮੇਰਾ ਹਿੱਸਾ

ਰੌਬਰਟ ਨਿਜ਼ਬੱਟ ਦੀ ਜ਼ਬਾਨੀ

ਉਹ 1936 ਦਾ ਸਾਲ ਸੀ। ਸਵਾਜ਼ੀਲੈਂਡ ਦੇ ਰਾਜਾ ਸੋਬੁਜ਼ਾ ਦੂਜੇ ਨੇ ਮੈਨੂੰ ਅਤੇ ਮੇਰੇ ਭਰਾ ਜੋਰਜ ਨੂੰ ਆਪਣੇ ਮਹਿਲ ਵਿਚ ਬੁਲਾਇਆ। ਭਾਵੇਂ ਇੰਨੇ ਸਾਲ ਬੀਤ ਗਏ ਹਨ, ਪਰ ਮੈਨੂੰ ਅੱਜ ਵੀ ਉਨ੍ਹਾਂ ਨਾਲ ਹੋਈ ਗੱਲਬਾਤ ਚੰਗੀ ਤਰ੍ਹਾਂ ਯਾਦ ਹੈ। ਇਸ ਰਾਜੇ ਨਾਲ ਇਹ ਲੰਬੀ ਗੱਲ-ਬਾਤ ਇਸ ਲਈ ਹੋ ਸਕੀ ਕਿਉਂਕਿ ਮੈਂ ਬਾਈਬਲ ਦੀ ਸਿੱਖਿਆ ਦੇਣ ਦੇ ਇਕ ਵੱਡੇ ਕੰਮ ਵਿਚ ਸ਼ਾਮਲ ਸੀ। ਮੇਰੀ ਉਮਰ ਹੁਣ 95 ਸਾਲਾਂ ਦੀ ਹੈ ਅਤੇ ਮੇਰੇ ਕੋਲ ਇਸ ਕੰਮ ਦੀਆਂ ਮਿੱਠੀਆਂ ਯਾਦਾਂ ਹਨ ਜਿਸ ਕੰਮ ਨੂੰ ਕਰਨ ਲਈ ਮੈਂ ਪੰਜ ਵੱਖੋ-ਵੱਖਰੇ ਮਹਾਂਦੀਪਾਂ ਨੂੰ ਗਿਆ।

ਮੈਂ ਆਪਣੀ ਕਹਾਣੀ 1925 ਤੋਂ ਸ਼ੁਰੂ ਕਰਦਾ ਹਾਂ, ਜਦੋਂ ਸਕਾਟਲੈਂਡ ਦੇ ਐਡਿਨਬਰਾ ਸ਼ਹਿਰ ਵਿਚ ਚਾਹ-ਪੱਤੀ ਵੇਚਣ ਵਾਲੇ ਸ਼੍ਰੀ ਡੌਬਸਨ ਸਾਡੇ ਘਰ ਆਉਣ ਲੱਗ ਪਏ। ਉਸ ਵਕਤ ਮੇਰੀ ਉਮਰ 18 ਕੁ ਸਾਲਾਂ ਦੀ ਸੀ ਅਤੇ ਮੈਂ ਇਕ ਦਵਾਖ਼ਾਨੇ ਵਿਚ ਸਿੱਖਿਆਰਥੀ ਵਜੋਂ ਕੰਮ ਕਰ ਰਿਹਾ ਸੀ। ਭਾਵੇਂ ਮੈਂ ਉਦੋਂ ਅੱਲ੍ਹੜ ਉਮਰ ਦਾ ਸੀ, ਫਿਰ ਵੀ ਮੈਨੂੰ ਇਸ ਗੱਲ ਬਾਰੇ ਚਿੰਤਾ ਸੀ ਕਿ 1914-18 ਦੀ ਵਿਸ਼ਵ ਜੰਗ ਤੋਂ ਬਾਅਦ ਪਰਿਵਾਰ ਅਤੇ ਲੋਕਾਂ ਦੇ ਧਾਰਮਿਕ ਵਿਸ਼ਵਾਸ ਕਿੰਨੇ ਬਦਲ ਗਏ ਸਨ। ਇਕ ਵਾਰ ਜਦੋਂ ਸ਼੍ਰੀ ਡੌਬਸਨ ਸਾਨੂੰ ਮਿਲਣ ਆਏ, ਤਾਂ ਉਨ੍ਹਾਂ ਨੇ ਸਾਨੂੰ ਦ ਡਿਵਾਇਨ ਪਲੈਨ ਆਫ ਦ ਏਜਿਜ਼ ਨਾਂ ਦੀ ਪੁਸਤਕ ਦਿੱਤੀ। ਇਸ ਤੋਂ ਮੈਨੂੰ ਪਤਾ ਲੱਗਾ ਕਿ ਸਾਡੇ ਬੁੱਧੀਮਾਨ ਕਰਤਾਰ ਦਾ ਇਨਸਾਨਾਂ ਲਈ ਇਕ “ਪਲੈਨ” ਜਾਂ ਮਕਸਦ ਸੀ ਅਤੇ ਇਹ ਜਾਣ ਕੇ ਮੇਰੇ ਮਨ ਨੂੰ ਬੜੀ ਤਸੱਲੀ ਮਿਲੀ ਅਤੇ ਮੈਂ ਇਸੇ ਰੱਬ ਦੀ ਪੂਜਾ ਕਰਨੀ ਚਾਹੁੰਦਾ ਸੀ।

ਮੈਂ ਆਪਣੀ ਮਾਂ ਦੇ ਨਾਲ ਬਾਈਬਲ ਸਟੂਡੈਂਟਸ ਦੀਆਂ ਸਭਾਵਾਂ ਵਿਚ ਜਾਣ ਲੱਗ ਪਿਆ। ਉਸ ਸਮੇਂ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ। ਸਤੰਬਰ 1926 ਵਿਚ ਗਲਾਸਗੋ ਵਿਖੇ ਹੋਏ ਇਕ ਵੱਡੇ ਸੰਮੇਲਨ ਵਿਚ ਮੈਂ ਅਤੇ ਮੇਰੀ ਮਾਂ ਦੋਹਾਂ ਨੇ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰ ਕੇ ਪਾਣੀ ਵਿਚ ਬਪਤਿਸਮਾ ਲਿਆ। ਬਪਤਿਸਮਾ ਲੈਣ ਵਾਲੇ ਹਰ ਵਿਅਕਤੀ ਨੂੰ ਆਪਣੇ ਤਰਨ-ਬਸਤਰ ਦੇ ਉੱਤੋਂ ਦੀ ਪਹਿਨਣ ਲਈ ਇਕ ਲੰਬਾ ਚੋਗਾ ਦਿੱਤਾ ਗਿਆ ਸੀ ਜੋ ਗਿੱਟਿਆਂ ਤੇ ਬੰਨ੍ਹਿਆ ਜਾ ਸਕਦਾ ਸੀ। ਉਨ੍ਹੀਂ ਦਿਨੀਂ ਅਜਿਹੇ ਅਹਿਮ ਮੌਕੇ ਤੇ ਇਹ ਪਹਿਰਾਵਾ ਢੁਕਵਾਂ ਸਮਝਿਆ ਜਾਂਦਾ ਸੀ।

ਉਸ ਸਮੇਂ ਸਾਨੂੰ ਕਈ ਗੱਲਾਂ ਬਾਰੇ ਪੂਰੀ ਸਮਝ ਨਹੀਂ ਸੀ। ਕਲੀਸਿਯਾ ਵਿਚ ਲਗਭਗ ਸਾਰੇ ਭੈਣ-ਭਰਾ ਕ੍ਰਿਸਮਸ ਮਨਾਉਂਦੇ ਸਨ। ਬਹੁਤ ਘੱਟ ਭੈਣ-ਭਰਾ ਪ੍ਰਚਾਰ ਕਰਦੇ ਸਨ। ਕਈ ਬਜ਼ੁਰਗ ਐਤਵਾਰ ਨੂੰ ਲੋਕਾਂ ਨੂੰ ਕਿਤਾਬਾਂ ਦੇਣ ਤੇ ਵੀ ਇਤਰਾਜ਼ ਕਰਦੇ ਸਨ ਕਿਉਂਕਿ ਉਨ੍ਹਾਂ ਦੇ ਖ਼ਿਆਲ ਵਿਚ ਇਸ ਤਰ੍ਹਾਂ ਕਰਨ ਨਾਲ ਸਬਤ ਦਾ ਨਿਯਮ ਟੁੱਟਦਾ ਸੀ। ਪਰ 1925 ਵਿਚ ਵਾਚ ਟਾਵਰ ਰਸਾਲੇ ਦੇ ਲੇਖ ਪ੍ਰਚਾਰ ਦੇ ਸੰਬੰਧ ਵਿਚ ਮਰਕੁਸ 13:10 ਵਰਗੇ ਹਵਾਲਿਆਂ ਉੱਤੇ ਵਾਰ-ਵਾਰ ਜ਼ੋਰ ਦੇਣ ਲੱਗੇ, ਜਿੱਥੇ ਲਿਖਿਆ ਹੈ: “ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ।”

ਸਾਰੀ ਦੁਨੀਆਂ ਵਿਚ ਪ੍ਰਚਾਰ ਦਾ ਕੰਮ ਕਿਸ ਤਰ੍ਹਾਂ ਪੂਰਾ ਹੋਣਾ ਸੀ? ਜਦੋਂ ਮੈਂ ਪਹਿਲੀ ਵਾਰ ਘਰ-ਘਰ ਪ੍ਰਚਾਰ ਕਰਨ ਗਿਆ ਸੀ, ਤਾਂ ਮੈਂ ਘਰ-ਸੁਆਮੀ ਨੂੰ ਕਿਹਾ ਕਿ ਮੈਂ ਸੋਹਣੀਆਂ ਧਾਰਮਿਕ ਪੁਸਤਕਾਂ ਵੇਚ ਰਿਹਾ ਹਾਂ। ਫਿਰ ਮੈਂ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਪੇਸ਼ ਕਰ ਕੇ ਸਮਝਾਇਆ ਕਿ ਇਸ ਵਿਚ ਬਾਈਬਲ ਦੀਆਂ ਦਸ ਮਹੱਤਵਪੂਰਣ ਸਿੱਖਿਆਵਾਂ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਨੂੰ ਬਰਬਤ ਦੀਆਂ ਦਸ ਤਾਰਾਂ ਨਾਲ ਦਰਸਾਇਆ ਗਿਆ ਹੈ। ਬਾਅਦ ਵਿਚ ਸਾਨੂੰ ਇਕ ਸਾਖੀ ਕਾਰਡ ਦਿੱਤਾ ਗਿਆ ਜਿਸ ਤੋਂ ਘਰ-ਸੁਆਮੀ ਇਕ ਛੋਟਾ ਸੰਦੇਸ਼ ਪੜ੍ਹ ਸਕਦੇ ਸਨ। ਅਸੀਂ ਫੋਨੋਗ੍ਰਾਫ ਵਰਤ ਕੇ ਰਿਕਾਰਡ ਕੀਤੇ ਗਏ ਸਾਢੇ ਚਾਰ ਮਿੰਟਾਂ ਦੇ ਭਾਸ਼ਣ ਵੀ ਸੁਣਾਉਂਦੇ ਸਨ। ਪਹਿਲੇ ਫੋਨੋਗ੍ਰਾਫ ਕਾਫ਼ੀ ਭਾਰੇ ਹੁੰਦੇ ਸਨ, ਪਰ ਬਾਅਦ ਵਿਚ ਹਲਕੇ ਫੋਨੋਗ੍ਰਾਫ ਵੀ ਬਣਾਏ ਗਏ ਅਤੇ ਕਈਆਂ ਨੂੰ ਤਾਂ ਖੜ੍ਹੇ ਦਾਅ ਵੀ ਚਲਾਇਆ ਜਾ ਸਕਦਾ ਸੀ।

ਅਸੀਂ ਸਾਲ 1925 ਤੋਂ ਲੈ ਕੇ 1930 ਦੇ ਦਹਾਕੇ ਤਕ ਉਸ ਤਰ੍ਹਾਂ ਪ੍ਰਚਾਰ ਕਰਦੇ ਰਹੇ ਜਿਸ ਤਰ੍ਹਾਂ ਸਾਨੂੰ ਸਹੀ ਲੱਗਦਾ ਸੀ। ਫਿਰ 1940 ਦੇ ਦਹਾਕੇ ਦੌਰਾਨ ਸਾਰੀਆਂ ਕਲੀਸਿਯਾਵਾਂ ਵਿਚ ਥੀਓਕ੍ਰੈਟਿਕ ਮਿਨਿਸਟਰੀ ਸਕੂਲ ਸ਼ੁਰੂ ਹੋਇਆ। ਇਸ ਵਿਚ ਸਾਨੂੰ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਪੇਸ਼ ਕਰਨ ਲਈ ਉਨ੍ਹਾਂ ਘਰ-ਸੁਆਮੀਆਂ ਨਾਲ ਸਿੱਧੇ ਤੌਰ ਤੇ ਗੱਲ ਕਰਨੀ ਸਿਖਾਈ ਗਈ ਜੋ ਸੁਣਨ ਲਈ ਤਿਆਰ ਸਨ। ਅਸੀਂ ਇਹ ਵੀ ਸਿੱਖਿਆ ਕਿ ਜਿਹੜੇ ਲੋਕ ਇਸ ਸੰਦੇਸ਼ ਵਿਚ ਦਿਲਚਸਪੀ ਲੈਂਦੇ ਸਨ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਨੀ ਚਾਹੀਦੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇਹ ਸੰਸਾਰ ਭਰ ਵਿਚ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਦੀ ਸ਼ੁਰੂਆਤ ਸੀ।

ਭਰਾ ਰਦਰਫ਼ਰਡ ਵੱਲੋਂ ਪ੍ਰੇਰਣਾ

ਮੈਂ ਸਿੱਖਿਆ ਦੇਣ ਦੇ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣਾ ਚਾਹੁੰਦਾ ਸੀ, ਇਸ ਲਈ ਮੈਂ 1931 ਵਿਚ ਪਾਇਨੀਅਰ ਬਣਨ ਲਈ ਅਰਜ਼ੀ ਭਰ ਦਿੱਤੀ। ਲੰਡਨ ਦੇ ਵੱਡੇ ਸੰਮੇਲਨ ਤੋਂ ਤੁਰੰਤ ਬਾਅਦ ਮੈਂ ਪਾਇਨੀਅਰੀ ਸ਼ੁਰੂ ਕਰਨੀ ਸੀ। ਪਰ ਇਸ ਸੰਮੇਲਨ ਦੌਰਾਨ ਇਕ ਦਿਨ ਸਵੇਰ ਦੇ ਸੈਸ਼ਨ ਤੋਂ ਬਾਅਦ ਭਰਾ ਰਦਰਫ਼ਰਡ ਨੇ ਮੇਰੇ ਨਾਲ ਗੱਲ ਕਰਨ ਦੀ ਇੱਛਾ ਜ਼ਾਹਰ ਕੀਤੀ। ਉਸ ਸਮੇਂ ਉਹ ਪੂਰੀ ਦੁਨੀਆਂ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਹੇ ਸਨ ਅਤੇ ਉਹ ਚਾਹੁੰਦੇ ਸਨ ਕਿ ਇਕ ਪਾਇਨੀਅਰ ਅਫ਼ਰੀਕਾ ਜਾਵੇ। ਉਨ੍ਹਾਂ ਨੇ ਮੈਨੂੰ ਪੁੱਛਿਆ: “ਕੀ ਤੂੰ ਜਾਣਾ ਚਾਹੁੰਦਾ ਹੈਂ?” ਭਾਵੇਂ ਮੈਂ ਹੈਰਾਨ ਹੋਇਆ, ਪਰ ਮੈਂ ਦ੍ਰਿੜ੍ਹ ਹੋ ਕੇ ਜਵਾਬ ਦਿੱਤਾ: “ਹਾਂ, ਜ਼ਰੂਰ।”

ਉਨ੍ਹੀਂ ਦਿਨੀਂ ਸਾਡਾ ਮਕਸਦ ਇਹੀ ਹੁੰਦਾ ਸੀ ਕਿ ਅਸੀਂ ਹਰ ਜਗ੍ਹਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਪ੍ਰਕਾਸ਼ਨ ਵੰਡੀਏ। ਇਸ ਲਈ ਅਸੀਂ ਕਿਸੇ ਇਕ ਥਾਂ ਤੇ ਜ਼ਿਆਦਾ ਦੇਰ ਨਹੀਂ ਟਿਕਦੇ ਸੀ। ਮੈਨੂੰ ਵੀ ਬਾਕੀ ਜ਼ਿੰਮੇਵਾਰ ਭਰਾਵਾਂ ਦੀ ਤਰ੍ਹਾਂ ਵਿਆਹ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ। ਅਫ਼ਰੀਕਾ ਵਿਚ ਜਿਸ ਇਲਾਕੇ ਵਿਚ ਮੈਨੂੰ ਪ੍ਰਚਾਰ ਕਰਨ ਲਈ ਭੇਜਿਆ ਗਿਆ ਸੀ ਉਸ ਵਿਚ ਦੱਖਣੀ ਸਿਰੇ ਤੇ ਸਥਿਤ ਕੇਪ ਟਾਊਨ ਤੋਂ ਲੈ ਕੇ ਪੂਰਬੀ ਤਟ ਦੇ ਸਾਰੇ ਕਸਬੇ ਸ਼ਾਮਲ ਸਨ ਅਤੇ ਇਸ ਵਿਚ ਹਿੰਦ ਮਹਾਂਸਾਗਰ ਦੇ ਕਿਨਾਰੇ ਨੇੜਲੇ ਟਾਪੂ ਵੀ ਸ਼ਾਮਲ ਸਨ। ਪੱਛਮੀ ਪਾਸੇ ਮੇਰਾ ਪ੍ਰਚਾਰ-ਖੇਤਰ ਕਾਲਾਹਾਰੀ ਮਾਰੂਥਲ ਤੋਂ ਲੈ ਕੇ ਨੀਲ ਦਰਿਆ ਦੇ ਸ੍ਰੋਤ ਯਾਨੀ ਵਿਕਟੋਰੀਆ ਝੀਲ ਤਕ ਫੈਲਿਆ ਹੋਇਆ ਸੀ। ਮੈਂ ਤੇ ਇਕ ਹੋਰ ਭਰਾ ਛੇ-ਛੇ ਮਹੀਨਿਆਂ ਲਈ ਇਸ ਵਿਸ਼ਾਲ ਇਲਾਕੇ ਦੇ ਵੱਖੋ-ਵੱਖਰੇ ਦੇਸ਼ਾਂ ਵਿਚ ਰਹਿੰਦੇ ਸੀ।

ਰੂਹਾਨੀ ਖ਼ਜ਼ਾਨੇ ਨਾਲ ਭਰੇ ਦੋ ਸੌ ਡੱਬੇ

ਜਦੋਂ ਮੈਂ ਕੇਪ ਟਾਊਨ ਪਹੁੰਚਿਆ, ਤਾਂ ਮੈਨੂੰ 200 ਡੱਬੇ ਦਿਖਾਏ ਗਏ ਜਿਨ੍ਹਾਂ ਵਿਚ ਪੂਰਬੀ ਅਫ਼ਰੀਕਾ ਲਈ ਪ੍ਰਕਾਸ਼ਨ ਸਨ। ਇਹ ਪ੍ਰਕਾਸ਼ਨ ਚਾਰ ਯੂਰਪੀ ਅਤੇ ਚਾਰ ਏਸ਼ੀਆਈ ਭਾਸ਼ਾਵਾਂ ਵਿਚ ਸਨ, ਪਰ ਇਸ ਵਿਚ ਇਕ ਵੀ ਅਫ਼ਰੀਕੀ ਭਾਸ਼ਾ ਦੀ ਕਿਤਾਬ ਨਹੀਂ ਸੀ। ਜਦੋਂ ਮੈਂ ਪੁੱਛਿਆ ਕਿ ਇਹ ਸਾਰੇ ਪ੍ਰਕਾਸ਼ਨ ਮੇਰੇ ਆਉਣ ਤੋਂ ਪਹਿਲਾਂ ਇੱਥੇ ਕਿਸ ਤਰ੍ਹਾਂ ਪਹੁੰਚੇ, ਤਾਂ ਮੈਨੂੰ ਦੱਸਿਆ ਗਿਆ ਕਿ ਇਹ ਫ਼ਰੈਂਕ ਅਤੇ ਗ੍ਰੇ ਸਮਿਥ ਨਾਂ ਦੇ ਦੋ ਪਾਇਨੀਅਰਾਂ ਲਈ ਸਨ ਜੋ ਹਾਲ ਹੀ ਵਿਚ ਕੀਨੀਆ ਵਿਚ ਪ੍ਰਚਾਰ ਕਰਨ ਗਏ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਕੀਨੀਆ ਅੱਪੜਦੇ ਹੀ ਇਨ੍ਹਾਂ ਦੋਨਾਂ ਨੂੰ ਮਲੇਰੀਆ ਹੋ ਗਿਆ ਅਤੇ ਡਾਕਟਰ ਫ਼ਰੈਂਕ ਨੂੰ ਬਚਾ ਨਾ ਸਕੇ।

ਭਾਵੇਂ ਕਿ ਮੈਂ ਜਾਣਦਾ ਸੀ ਕਿ ਮੇਰੇ ਨਾਲ ਵੀ ਅਜਿਹਾ ਕੁਝ ਹੋ ਸਕਦਾ ਸੀ, ਪਰ ਅਫ਼ਰੀਕਾ ਵਿਚ ਪ੍ਰਚਾਰ ਕਰਨ ਦਾ ਮੇਰਾ ਇਰਾਦਾ ਪੱਕਾ ਸੀ। ਮੇਰੇ ਨਾਲ ਡੇਵਿਡ ਨੋਰਮਨ ਸੀ। ਅਸੀਂ ਕੇਪ ਟਾਊਨ ਤੋਂ ਸਮੁੰਦਰੀ ਜਹਾਜ਼ ਵਿਚ ਬੈਠ ਕੇ 5,000 ਕਿਲੋਮੀਟਰ ਦੂਰ ਤਨਜ਼ਾਨੀਆ ਨੂੰ ਗਏ। ਮੋਂਬਾਸਾ, ਕੀਨੀਆ ਵਿਚ ਇਕ ਟ੍ਰੈਵਲ ਏਜੰਟ ਨੇ ਸਾਡੇ ਪ੍ਰਕਾਸ਼ਨਾਂ ਦੀ ਦੇਖ-ਭਾਲ ਕੀਤੀ ਅਤੇ ਜ਼ਰੂਰਤ ਪੈਣ ਤੇ ਜਿੱਥੇ ਵੀ ਅਸੀਂ ਸੀ ਉੱਥੇ ਉਹ ਪ੍ਰਕਾਸ਼ਨ ਭੇਜ ਦਿੰਦਾ ਸੀ। ਪਹਿਲਾਂ-ਪਹਿਲ ਅਸੀਂ ਹਰ ਸ਼ਹਿਰ ਦੀਆਂ ਦੁਕਾਨਾਂ ਅਤੇ ਦਫ਼ਤਰਾਂ ਵਿਚ ਪ੍ਰਚਾਰ ਕਰਨ ਜਾਂਦੇ ਸੀ। ਸਾਡੇ ਕੋਲ 9 ਪੁਸਤਕਾਂ ਅਤੇ 11 ਪੁਸਤਿਕਾਵਾਂ ਦੇ ਸੈੱਟ ਸਨ ਜਿਹੜੇ ਇੰਨੇ ਰੰਗ-ਬਰੰਗੇ ਦਿੱਸਦੇ ਸਨ ਕਿ ਲੋਕ ਇਨ੍ਹਾਂ ਨੂੰ ਸਤਰੰਗੀ ਸੈੱਟ ਕਹਿੰਦੇ ਸਨ।

ਫਿਰ ਅਸੀਂ ਜ਼ੈਂਜ਼ੀਬਾਰ ਟਾਪੂ ਨੂੰ ਗਏ, ਜੋ ਪੂਰਬੀ ਕਿਨਾਰੇ ਤੋਂ ਤਕਰੀਬਨ 30 ਕਿਲੋਮੀਟਰ ਦੂਰ ਹੈ। ਸਦੀਆਂ ਤੋਂ ਜ਼ੈਂਜ਼ੀਬਾਰ ਗ਼ੁਲਾਮਾਂ ਦੇ ਵਪਾਰ ਦਾ ਕੇਂਦਰ ਰਿਹਾ ਸੀ, ਪਰ ਇਹ ਲੌਂਗ ਮਸਾਲੇ ਲਈ ਵੀ ਮਸ਼ਹੂਰ ਸੀ ਜਿਸ ਦੀ ਪੂਰੇ ਸ਼ਹਿਰ ਵਿਚ ਮਹਿਕ ਆਉਂਦੀ ਸੀ। ਇੱਥੇ ਕਿਸੇ ਜਗ੍ਹਾ ਨੂੰ ਲੱਭਣਾ ਔਖਾ ਸੀ ਕਿਉਂਕਿ ਸ਼ਹਿਰ ਯੋਜਨਾਬੱਧ ਤਰੀਕੇ ਨਾਲ ਨਹੀਂ ਬਣਾਇਆ ਗਿਆ ਸੀ। ਸੜਕਾਂ ਦਾ ਕੁਝ ਪਤਾ ਨਹੀਂ ਲੱਗਦਾ ਸੀ ਕਿ ਇਹ ਕਿੱਧਰ ਨੂੰ ਜਾਂਦੀਆਂ ਸਨ ਅਤੇ ਅਸੀਂ ਅਕਸਰ ਗੁਆਚ ਜਾਂਦੇ ਸੀ। ਸਾਡਾ ਹੋਟਲ ਆਰਾਮਦਾਇਕ ਸੀ, ਪਰ ਇਸ ਦੇ ਕਿੱਲਾਂ ਨਾਲ ਜੜੇ ਦਰਵਾਜ਼ੇ ਅਤੇ ਮੋਟੀਆਂ ਕੰਧਾਂ ਕਰਕੇ ਇਹ ਹੋਟਲ ਘੱਟ ਤੇ ਕੈਦਖ਼ਾਨਾ ਜ਼ਿਆਦਾ ਲੱਗਦਾ ਸੀ। ਫਿਰ ਵੀ, ਜ਼ੈਂਜ਼ੀਬਾਰ ਵਿਚ ਪ੍ਰਚਾਰ ਕਰਨ ਦਾ ਚੰਗਾ ਫਲ ਮਿਲਿਆ ਅਤੇ ਅਸੀਂ ਖ਼ੁਸ਼ ਸੀ ਕਿ ਅਰਬੀ, ਭਾਰਤੀ ਤੇ ਹੋਰਨਾਂ ਲੋਕਾਂ ਨੇ ਖ਼ੁਸ਼ੀ ਨਾਲ ਸਾਡੇ ਪ੍ਰਕਾਸ਼ਨ ਸਵੀਕਾਰ ਕੀਤੇ।

ਰੇਲ-ਗੱਡੀਆਂ, ਕਿਸ਼ਤੀਆਂ ਤੇ ਕਾਰਾਂ

ਉਨ੍ਹੀਂ ਦਿਨੀਂ ਪੂਰਬੀ ਅਫ਼ਰੀਕਾ ਵਿਚ ਸਫ਼ਰ ਕਰਨਾ ਸੌਖਾ ਨਹੀਂ ਸੀ। ਉਦਾਹਰਣ ਲਈ ਜਦੋਂ ਅਸੀਂ ਮੋਂਬਾਸਾ ਤੋਂ ਕੀਨੀਆ ਦੇ ਪਹਾੜੀ ਇਲਾਕੇ ਤਕ ਜਾ ਰਹੇ ਸੀ, ਤਾਂ ਸਾਡੀ ਰੇਲ-ਗੱਡੀ ਨੂੰ ਟਿੱਡੀਆਂ ਦੇ ਦਲ ਕਰਕੇ ਰੁਕਣਾ ਪਿਆ। ਲੱਖਾਂ ਹੀ ਟਿੱਡੀਆਂ ਨੇ ਜ਼ਮੀਨ ਅਤੇ ਪਟੜੀ ਨੂੰ ਢੱਕਿਆ ਹੋਇਆ ਸੀ। ਪਟੜੀ ਇੰਨੀ ਤਿਲਕਵੀਂ ਹੋ ਗਈ ਸੀ ਕਿ ਗੱਡੀ ਦੇ ਪਹੀਏ ਅੱਗੇ ਨਹੀਂ ਜਾ ਸਕਦੇ ਸਨ। ਇੱਕੋ ਚਾਰਾ ਸੀ ਕਿ ਰੇਲ-ਗੱਡੀ ਦੇ ਮੋਹਰੇ-ਮੋਹਰੇ ਪਟੜੀ ਉੱਤੇ ਤੱਤਾ ਪਾਣੀ ਪਾ ਕੇ ਟਿੱਡੀਆਂ ਨੂੰ ਹਟਾਇਆ ਜਾਵੇ। ਇਸ ਤਰ੍ਹਾਂ ਅਸੀਂ ਹੌਲੀ-ਹੌਲੀ ਟਿੱਡੀਆਂ ਦੇ ਦਲ ਵਿੱਚੋਂ ਦੀ ਲੰਘ ਸਕੇ। ਅਸੀਂ ਸੁੱਖ ਦਾ ਸਾਹ ਲਿਆ ਜਦੋਂ ਰੇਲ-ਗੱਡੀ ਉਚਾਈ ਤੇ ਚੜ੍ਹੀ ਅਤੇ ਅਸੀਂ ਪਹਾੜਾਂ ਦੀ ਠੰਢੀ-ਠੰਢੀ ਹਵਾ ਦਾ ਆਨੰਦ ਮਾਣਿਆ!

ਜਦ ਕਿ ਤਟਵਰਤੀ ਨਗਰਾਂ ਤਕ ਪਹੁੰਚਣ ਲਈ ਰੇਲ-ਗੱਡੀਆਂ ਅਤੇ ਕਿਸ਼ਤੀਆਂ ਸਨ, ਪਰ ਅੰਦਰੂਨੀ ਪਿੰਡਾਂ ਤਕ ਕਾਰ ਵਿਚ ਜਾਣਾ ਜ਼ਿਆਦਾ ਸੌਖਾ ਸੀ। ਮੈਂ ਬਹੁਤ ਖ਼ੁਸ਼ ਹੋਇਆ ਜਦੋਂ ਮੇਰਾ ਭਰਾ ਜੋਰਜ ਮੇਰਾ ਪਾਇਨੀਅਰ ਸਾਥੀ ਬਣ ਗਿਆ, ਕਿਉਂਕਿ ਫਿਰ ਅਸੀਂ ਦੋਨਾਂ ਨੇ ਮਿਲ ਕੇ ਇਕ ਵੱਡੀ ਵੈਨ ਖ਼ਰੀਦੀ। ਉਸ ਵਿਚ ਅਸੀਂ ਸੌਣ ਦੀ ਥਾਂ, ਰਸੋਈ ਤੇ ਸਮਾਨ ਰੱਖਣ ਦੀ ਜਗ੍ਹਾ ਬਣਾਈ ਤੇ ਮੱਛਰਾਂ ਤੋਂ ਬਚਣ ਲਈ ਵੈਨ ਦੀਆਂ ਬਾਰੀਆਂ ਉੱਤੇ ਜਾਲੀ ਲਗਵਾਈ। ਅਸੀਂ ਛੱਤ ਉੱਤੇ ਲਾਊਡ ਸਪੀਕਰ ਵੀ ਲਾਏ। ਇਸ ਤਰ੍ਹਾਂ ਅਸੀਂ ਦਿਨ ਨੂੰ ਘਰ-ਘਰ ਪ੍ਰਚਾਰ ਕਰ ਸਕਦੇ ਸੀ ਅਤੇ ਲੋਕਾਂ ਨੂੰ ਸ਼ਾਮ ਨੂੰ ਚੌਂਕ ਵਿਚ ਭਾਸ਼ਣ ਸੁਣਨ ਲਈ ਬੁਲਾ ਸਕਦੇ ਸੀ। ਇਕ ਭਾਸ਼ਣ ਜਿਸ ਦੀ ਰਿਕਾਰਡਿੰਗ ਅਸੀਂ ਅਕਸਰ ਸੁਣਾਉਂਦੇ ਸੀ, ਦਾ ਵਿਸ਼ਾ ਸੀ “ਕੀ ਨਰਕ ਗਰਮ ਹੈ?”। ਇਕ ਵਾਰ ਅਸੀਂ ਆਪਣੇ ਘਰਨੁਮਾ ਵੈਨ ਵਿਚ ਦੱਖਣੀ ਅਫ਼ਰੀਕਾ ਤੋਂ ਕੀਨੀਆ ਤਕ 3,000 ਕਿਲੋਮੀਟਰ ਲੰਬਾ ਸਫ਼ਰ ਤੈ ਕੀਤਾ ਅਤੇ ਉਸ ਵੇਲੇ ਸਾਡੇ ਕੋਲ ਕਈ ਅਫ਼ਰੀਕੀ ਭਾਸ਼ਾਵਾਂ ਵਿਚ ਪੁਸਤਿਕਾਵਾਂ ਸਨ ਜੋ ਲੋਕ ਖ਼ੁਸ਼ੀ ਨਾਲ ਲੈਣ ਲਈ ਤਿਆਰ ਸਨ।

ਅਜਿਹੇ ਦੌਰਿਆਂ ਦੌਰਾਨ ਅਸੀਂ ਅਫ਼ਰੀਕਾ ਦੇ ਬਹੁਤ ਸਾਰੇ ਜੰਗਲੀ ਜਾਨਵਰਾਂ ਨੂੰ ਦੇਖ ਸਕੇ। ਆਪਣੀ ਹਿਫਾਜ਼ਤ ਲਈ ਰਾਤ ਪੈਣ ਤੇ ਅਸੀਂ ਵੈਨ ਦੇ ਅੰਦਰ ਹੀ ਰਹਿੰਦੇ ਸੀ, ਪਰ ਇਸ ਤਰ੍ਹਾਂ ਯਹੋਵਾਹ ਦੇ ਬਣਾਏ ਹੋਏ ਵੱਖੋ-ਵੱਖਰੇ ਜਾਨਵਰ ਦੇਖ ਕੇ ਸਾਡੀ ਨਿਹਚਾ ਹੋਰ ਜ਼ਿਆਦਾ ਮਜ਼ਬੂਤ ਹੋ ਗਈ ਸੀ।

ਵਿਰੋਧਤਾ ਦੀ ਸ਼ੁਰੂਆਤ

ਸਾਨੂੰ ਜੰਗਲੀ ਜਾਨਵਰਾਂ ਤੋਂ ਸਾਵਧਾਨ ਤਾਂ ਰਹਿਣਾ ਪੈਂਦਾ ਸੀ, ਪਰ ਇਹ ਦੂਸਰੇ ਖ਼ਤਰਿਆਂ ਦੀ ਤੁਲਨਾ ਵਿਚ ਕੁਝ ਵੀ ਨਹੀਂ ਸੀ। ਸਾਨੂੰ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਸਰਕਾਰੀ ਅਧਿਕਾਰੀ ਅਤੇ ਗੁੱਸੇ ਨਾਲ ਭਰੇ ਧਾਰਮਿਕ ਆਗੂ ਸਾਡੇ ਪ੍ਰਚਾਰ ਦੀ ਖੁੱਲ੍ਹੇ-ਆਮ ਵਿਰੋਧਤਾ ਕਰਨ ਲੱਗ ਪਏ ਸਨ। ਸਾਡੀ ਇਕ ਵੱਡੀ ਸਮੱਸਿਆ ਉਹ ਮਨੁੱਖ ਸੀ ਜੋ ਆਪਣੇ ਆਪ ਨੂੰ “ਪਰਮੇਸ਼ੁਰ ਦਾ ਪੁੱਤਰ” ਬੁਲਾਉਂਦਾ ਸੀ। ਉਸ ਦੇ ਪੰਥ ਦਾ ਨਾਂ ਸੀ “ਵਾਚ ਟਾਵਰ।” ਸਾਡੇ ਆਉਣ ਤੋਂ ਪਹਿਲਾਂ, ਇਸ ਮਨੁੱਖ ਨੇ ਬਪਤਿਸਮਾ ਦੇਣ ਦੇ ਬਹਾਨੇ ਬਹੁਤ ਸਾਰੇ ਅਫ਼ਰੀਕੀ ਲੋਕਾਂ ਨੂੰ ਡੋਬ ਕੇ ਮਾਰ ਦਿੱਤਾ ਸੀ। ਅਖ਼ੀਰ ਵਿਚ ਉਸ ਨੂੰ ਗਿਰਫ਼ਤਾਰ ਕਰ ਕੇ ਫਾਂਸੀ ਦਿੱਤੀ ਗਈ। ਬਾਅਦ ਵਿਚ ਮੈਨੂੰ ਉਸ ਆਦਮੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜਿਸ ਨੇ ਉਸ ਨੂੰ ਫਾਂਸੀ ਦਿੱਤੀ ਸੀ ਤੇ ਮੈਂ ਉਸ ਨੂੰ ਸਮਝਾ ਸਕਿਆ ਕਿ ਇਸ ਮਨੁੱਖ ਦਾ ਵਾਚ ਟਾਵਰ ਸੋਸਾਇਟੀ ਨਾਲ ਕੋਈ ਤਅੱਲਕ ਨਹੀਂ ਸੀ।

ਸਾਨੂੰ ਕਈ ਯੂਰਪੀ ਲੋਕਾਂ ਤੋਂ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਉਹ ਸਾਡੇ ਸਿੱਖਿਆ ਦੇਣ ਦੇ ਕੰਮ ਨਾਲ ਖ਼ੁਸ਼ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ ਆਪਣੇ ਘਾਟੇ ਦਾ ਫ਼ਿਕਰ ਸੀ। ਇਕ ਵਪਾਰੀ ਨੇ ਸ਼ਿਕਾਇਤ ਕੀਤੀ: “ਜੇ ਗੋਰਿਆਂ ਨੇ ਇਸ ਮੁਲਕ ਵਿਚ ਰਹਿਣਾ ਹੈ, ਤਾਂ ਅਫ਼ਰੀਕੀ ਲੋਕਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਉਨ੍ਹਾਂ ਦੀ ਮਜ਼ਦੂਰੀ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਹਾਂ।” ਇਸੇ ਕਾਰਨ ਸੋਨੇ ਦੀ ਇਕ ਖਾਣ ਦੇ ਮਾਲਕ ਨੇ ਮੈਨੂੰ ਆਪਣੇ ਦਫ਼ਤਰ ਤੋਂ ਨਿਕਲ ਜਾਣ ਲਈ ਕਿਹਾ। ਉਹ ਇੰਨੇ ਗੁੱਸੇ ਵਿਚ ਸੀ ਕਿ ਉਹ ਮੈਨੂੰ ਬਾਹਰ ਕੱਢਣ ਲਈ ਮੇਰੇ ਪਿੱਛੇ-ਪਿੱਛੇ ਸੜਕ ਤਕ ਆਇਆ।

ਸ਼ਾਇਦ ਅਜਿਹੇ ਧਾਰਮਿਕ ਅਤੇ ਵਪਾਰਕ ਵਿਰੋਧੀਆਂ ਦੇ ਪ੍ਰਭਾਵ ਕਰਕੇ ਰੋਡੇਸ਼ੀਆ (ਹੁਣ ਜ਼ਿਮਬਾਬਵੇ) ਦੀ ਸਰਕਾਰ ਨੇ ਸਾਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ। ਅਸੀਂ ਇਸ ਫ਼ੈਸਲੇ ਦੀ ਅਪੀਲ ਕੀਤੀ ਜਿਸ ਦੇ ਨਤੀਜੇ ਵਜੋਂ ਸਾਨੂੰ ਉੱਥੇ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਗਈ, ਪਰ ਸਿਰਫ਼ ਇਸ ਸ਼ਰਤ ਤੇ ਕਿ ਅਸੀਂ ਅਫ਼ਰੀਕੀ ਲੋਕਾਂ ਨੂੰ ਪ੍ਰਚਾਰ ਨਾ ਕਰੀਏ। ਇਕ ਅਧਿਕਾਰੀ ਨੇ ਇਸ ਦਾ ਕਾਰਨ ਇਹ ਦਿੱਤਾ ਕਿ ਸਾਡੇ ਪ੍ਰਕਾਸ਼ਨ “ਅਫ਼ਰੀਕੀ ਲੋਕਾਂ ਦੇ ਮਨਾਂ ਲਈ ਜ਼ਹਿਰ ਸਨ।” ਪਰ ਹੋਰਨਾਂ ਅਫ਼ਰੀਕੀ ਦੇਸ਼ਾਂ ਵਿਚ ਸਿੱਖਿਆ ਦੇਣ ਦਾ ਸਾਡਾ ਕੰਮ ਬਿਨਾਂ ਰੋਕ-ਟੋਕ ਦੇ ਚੱਲਦਾ ਰਿਹਾ, ਸਗੋਂ ਇਸ ਨੂੰ ਚੰਗਾ ਵੀ ਸਮਝਿਆ ਗਿਆ। ਅਜਿਹਾ ਇਕ ਦੇਸ਼ ਸਵਾਜ਼ੀਲੈਂਡ ਸੀ।

ਸਵਾਜ਼ੀਲੈਂਡ ਵਿਚ ਰਾਜੇ ਨੇ ਸਾਡਾ ਸੁਆਗਤ ਕੀਤਾ

ਸਵਾਜ਼ੀਲੈਂਡ ਦੱਖਣੀ ਅਫ਼ਰੀਕਾ ਦਾ ਇਕ ਛੋਟਾ ਜਿਹਾ ਆਜ਼ਾਦ ਮੁਲਕ ਹੈ ਜਿਸ ਦਾ ਖੇਤਰ ਫਲ 17,364 ਵਰਗ ਕਿਲੋਮੀਟਰ ਹੈ। ਇੱਥੇ ਅਸੀਂ ਰਾਜਾ ਸੋਬੁਜ਼ਾ ਦੂਜੇ ਨੂੰ ਮਿਲੇ ਜਿਸ ਬਾਰੇ ਮੈਂ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਸੀ। ਉਹ ਬਹੁਤ ਅੱਛੀ ਤਰ੍ਹਾਂ ਅੰਗ੍ਰੇਜ਼ੀ ਬੋਲਣੀ ਜਾਣਦੇ ਸਨ ਕਿਉਂਕਿ ਉਹ ਇਕ ਬਰਤਾਨਵੀ ਯੂਨੀਵਰਸਿਟੀ ਵਿਚ ਪੜ੍ਹੇ ਸਨ। ਉਨ੍ਹਾਂ ਨੇ ਸਾਦੇ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਨੇ ਸਾਡਾ ਨਿੱਘਾ ਸੁਆਗਤ ਕੀਤਾ।

ਅਸੀਂ ਉਨ੍ਹਾਂ ਨਾਲ ਪਰਮੇਸ਼ੁਰ ਦੇ ਮਕਸਦਾਂ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਅਜਿਹਾ ਸਮਾਂ ਆਵੇਗਾ ਜਦੋਂ ਇਕ ਸੁੰਦਰ ਧਰਤੀ ਉੱਤੇ ਧਰਮੀ ਲੋਕ ਵੱਸਣਗੇ। ਉਨ੍ਹਾਂ ਨੂੰ ਇਸ ਸੰਦੇਸ਼ ਵਿਚ ਜ਼ਿਆਦਾ ਦਿਲਚਸਪੀ ਤਾਂ ਨਹੀਂ ਸੀ, ਪਰ ਉਨ੍ਹਾਂ ਨੇ ਕਿਹਾ ਕਿ ਇਕ ਹੋਰ ਗੱਲ ਦੀ ਚਿੰਤਾ ਉਨ੍ਹਾਂ ਨੂੰ ਖਾਈ ਜਾ ਰਹੀ ਸੀ। ਰਾਜਾ ਗ਼ਰੀਬ ਅਤੇ ਅਨਪੜ੍ਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰਨਾ ਚਾਹੁੰਦਾ ਸੀ। ਉਨ੍ਹਾਂ ਨੂੰ ਈਸਾਈ-ਜਗਤ ਦੇ ਕਈ ਮਿਸ਼ਨਰੀਆਂ ਦੇ ਕੰਮ ਬਿਲਕੁਲ ਪਸੰਦ ਨਹੀਂ ਸਨ ਕਿਉਂਕਿ ਉਹ ਸਿੱਖਿਆ ਦੇਣ ਦੀ ਬਜਾਇ ਸਿਰਫ਼ ਇਹੀ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਦੇ ਚਰਚ ਦੇ ਮੈਂਬਰ ਬਣਨ। ਪਰ ਇਹ ਰਾਜਾ ਸਾਡੇ ਕਈ ਪਾਇਨੀਅਰ ਭੈਣ-ਭਰਾਵਾਂ ਨੂੰ ਵੀ ਜਾਣਦਾ ਸੀ ਤੇ ਉਨ੍ਹਾਂ ਨੇ ਬਾਈਬਲ ਦੀ ਸਿੱਖਿਆ ਦੇਣ ਦੇ ਸਾਡੇ ਕੰਮ ਦੀ ਪ੍ਰਸ਼ੰਸਾ ਕੀਤੀ। ਉਹ ਖ਼ਾਸ ਕਰਕੇ ਇਸ ਗੱਲ ਦੀ ਕਦਰ ਕਰਦੇ ਸਨ ਕਿ ਅਸੀਂ ਪੈਸੇ ਜਾਂ ਹੋਰ ਚੀਜ਼ਾਂ ਮੰਗੇ ਬਿਨਾਂ ਇਹ ਸਿੱਖਿਆ ਦਿੰਦੇ ਸੀ।

ਬਾਈਬਲ ਦੀ ਸਿੱਖਿਆ ਦੇਣ ਵਿਚ ਤਰੱਕੀ

ਸਾਲ 1943 ਵਿਚ ਮਿਸ਼ਨਰੀਆਂ ਨੂੰ ਸਿਖਲਾਈ ਦੇਣ ਵਾਸਤੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਸਥਾਪਿਤ ਕੀਤਾ ਗਿਆ। ਗਿਲਿਅਡ ਸਕੂਲ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਜਿਹੜੇ ਵੀ ਲੋਕ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਲੈਂਦੇ ਸਨ ਉਨ੍ਹਾਂ ਨੂੰ ਸਿਰਫ਼ ਪ੍ਰਕਾਸ਼ਨ ਹੀ ਨਹੀਂ ਦੇਣੇ ਚਾਹੀਦੇ, ਸਗੋਂ ਉਨ੍ਹਾਂ ਦੀ ਹੋਰ ਗਿਆਨ ਲੈਣ ਵਿਚ ਵੀ ਮਦਦ ਕਰਨੀ ਚਾਹੀਦੀ ਹੈ। ਸਾਲ 1950 ਵਿਚ ਮੈਨੂੰ ਅਤੇ ਜੋਰਜ ਨੂੰ ਗਿਲਿਅਡ ਦੀ 16ਵੀਂ ਕਲਾਸ ਵਿਚ ਸਿਖਲਾਈ ਲੈਣ ਦਾ ਸੱਦਾ ਦਿੱਤਾ ਗਿਆ। ਇੱਥੇ ਮੈਂ ਪਹਿਲੀ ਵਾਰ ਜੀਨ ਹਾਈਡ ਨੂੰ ਮਿਲਿਆ। ਇਹ ਭੈਣ ਆਸਟ੍ਰੇਲੀਆ ਤੋਂ ਸੀ ਅਤੇ ਸਾਡੀ ਕਲਾਸ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਮਿਸ਼ਨਰੀ ਦੇ ਤੌਰ ਤੇ ਜਪਾਨ ਭੇਜਿਆ ਗਿਆ। ਉਸ ਸਮੇਂ ਵਿਆਹ ਕਰਾਉਣ ਨਾਲੋਂ ਕੁਆਰੇ ਰਹਿਣ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ, ਇਸ ਲਈ ਸਾਡੀ ਦੋਸਤੀ ਪਿਆਰ ਵਿਚ ਨਹੀਂ ਬਦਲੀ।

ਗਿਲਿਅਡ ਤੋਂ ਸਿਖਲਾਈ ਲੈਣ ਤੋਂ ਬਾਅਦ ਮੈਂ ਤੇ ਜੋਰਜ ਮਿਸ਼ਨਰੀਆਂ ਦੇ ਤੌਰ ਤੇ ਹਿੰਦ ਮਹਾਂਸਾਗਰ ਦੇ ਮਾੱਰਿਸ਼ੱਸ ਟਾਪੂ ਨੂੰ ਗਏ। ਅਸੀਂ ਲੋਕਾਂ ਨਾਲ ਦੋਸਤੀ ਕੀਤੀ, ਉਨ੍ਹਾਂ ਦੀ ਭਾਸ਼ਾ ਸਿੱਖੀ ਅਤੇ ਉਨ੍ਹਾਂ ਨਾਲ ਬਾਈਬਲ ਦਾ ਅਧਿਐਨ ਕੀਤਾ। ਬਾਅਦ ਵਿਚ, ਮੇਰਾ ਛੋਟਾ ਭਰਾ ਵਿਲਿਅਮ ਅਤੇ ਉਸ ਦੀ ਪਤਨੀ ਮਯੁਰੀਅਲ ਵੀ ਗਿਲਿਅਡ ਤੋਂ ਗ੍ਰੈਜੂਏਟ ਹੋਏ। ਉਨ੍ਹਾਂ ਨੂੰ ਕੀਨੀਆ ਭੇਜਿਆ ਗਿਆ ਜਿੱਥੇ ਮੈਂ ਪਹਿਲਾਂ ਪ੍ਰਚਾਰ ਕਰਦਾ ਹੁੰਦਾ ਸੀ।

ਅੱਠ ਸਾਲ ਜਲਦੀ ਬੀਤ ਗਏ, ਫਿਰ 1958 ਵਿਚ ਨਿਊਯਾਰਕ ਦੇ ਅੰਤਰਰਾਸ਼ਟਰੀ ਮਹਾਂ-ਸੰਮੇਲਨ ਤੇ ਮੈਂ ਜੀਨ ਹਾਈਡ ਨੂੰ ਦੁਬਾਰਾ ਮਿਲਿਆ। ਇਸ ਵਾਰ ਸਾਡੀ ਦੋਸਤੀ ਰੰਗ ਲਿਆਈ ਅਤੇ ਸਾਡੀ ਮੰਗਣੀ ਹੋ ਗਈ। ਮਿਸ਼ਨਰੀ ਦੇ ਤੌਰ ਤੇ ਮੈਨੂੰ ਜਪਾਨ ਭੇਜਿਆ ਗਿਆ ਅਤੇ ਉੱਥੇ 1959 ਵਿਚ ਸਾਡੀ ਸ਼ਾਦੀ ਹੋਈ। ਅਸੀਂ ਬੜੀ ਖ਼ੁਸ਼ੀ ਨਾਲ ਮਿਲ ਕੇ ਹੀਰੋਸ਼ੀਮਾ ਵਿਚ ਮਿਸ਼ਨਰੀ ਸੇਵਾ ਸ਼ੁਰੂ ਕੀਤੀ ਜਿੱਥੇ ਸਿਰਫ਼ ਇਕ ਛੋਟੀ ਕਲੀਸਿਯਾ ਸੀ। ਅੱਜ ਉਸ ਸ਼ਹਿਰ ਵਿਚ 36 ਕਲੀਸਿਯਾਵਾਂ ਹਨ।

ਜਪਾਨ ਨੂੰ ਸਾਯੋਨਾਰਾ

ਵਕਤ ਬੀਤਦਾ ਗਿਆ ਅਤੇ ਇਸ ਦੇ ਨਾਲ-ਨਾਲ ਸਾਡੀ ਸਿਹਤ ਵੀ ਖ਼ਰਾਬ ਹੋਣ ਲੱਗੀ। ਸਾਡੇ ਲਈ ਮਿਸ਼ਨਰੀਆਂ ਦੇ ਤੌਰ ਤੇ ਸੇਵਾ ਕਰਨੀ ਮੁਸ਼ਕਲ ਹੁੰਦੀ ਗਈ ਤੇ ਅਖ਼ੀਰ ਵਿਚ ਅਸੀਂ ਜਪਾਨ ਛੱਡ ਕੇ ਜੀਨ ਦੇ ਜੱਦੀ ਦੇਸ਼ ਆਸਟ੍ਰੇਲੀਆ ਵਿਚ ਰਹਿਣ ਦਾ ਫ਼ੈਸਲਾ ਕੀਤਾ। ਅਸੀਂ ਹੀਰੋਸ਼ੀਮਾ ਛੱਡ ਕੇ ਬਹੁਤ ਉਦਾਸ ਹੋਏ। ਰੇਲਵੇ ਪਲੇਟਫਾਰਮ ਤੇ ਅਸੀਂ ਆਪਣੇ ਪਿਆਰੇ ਦੋਸਤਾਂ ਨੂੰ ਸਾਯੋਨਾਰਾ ਯਾਨੀ ਅਲਵਿਦਾ ਕਿਹਾ।

ਹੁਣ ਅਸੀਂ ਆਸਟ੍ਰੇਲੀਆ ਵਿਚ ਰਹਿੰਦੇ ਹਾਂ ਅਤੇ ਅਸੀਂ ਨਿਊ ਸਾਉਥ ਵੇਲਜ਼ ਵਿਚ ਅਰਮੀਡੇਲ ਕਲੀਸਿਯਾ ਵਿਚ ਯਹੋਵਾਹ ਦੀ ਸੇਵਾ ਕਰ ਰਹੇ ਹਾਂ। ਸਾਡੇ ਵਿਚ ਹੁਣ ਪਹਿਲਾਂ ਵਰਗੀ ਤਾਕਤ ਨਹੀਂ ਰਹੀ, ਪਰ ਲਗਭਗ 80 ਸਾਲਾਂ ਲਈ ਲੋਕਾਂ ਨੂੰ ਬਾਈਬਲ ਦੀ ਸੱਚਾਈ ਸਿਖਾਉਣ ਤੋਂ ਸਾਨੂੰ ਬਹੁਤ ਖ਼ੁਸ਼ੀ ਮਿਲੀ ਹੈ। ਮੈਂ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਵਿਚ ਬਹੁਤ ਤਰੱਕੀ ਦੇਖੀ ਹੈ ਅਤੇ ਆਪਣੀ ਅੱਖੀਂ ਵੱਡੀਆਂ-ਵੱਡੀਆਂ ਰੂਹਾਨੀ ਘਟਨਾਵਾਂ ਦੇਖੀਆਂ ਹਨ। ਕੋਈ ਵੀ ਇਨਸਾਨ ਜਾਂ ਸਮੂਹ ਇਸ ਦਾ ਸਿਹਰਾ ਆਪਣੇ ਸਿਰ ਨਹੀਂ ਲੈ ਸਕਦਾ। ਦਰਅਸਲ ਜਿਸ ਤਰ੍ਹਾਂ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ “ਏਹ ਯਹੋਵਾਹ ਦੀ ਵੱਲੋਂ ਹੈ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ।”—ਜ਼ਬੂਰਾਂ ਦੀ ਪੋਥੀ 118:23.

[ਸਫ਼ੇ 28 ਉੱਤੇ ਤਸਵੀਰ]

ਸਾਡੇ ਘਰਨੁਮਾ ਵੈਨ ਕੋਲ ਖਲੋਤਾ ਮੇਰਾ ਭਰਾ ਜੋਰਜ

[ਸਫ਼ੇ 28 ਉੱਤੇ ਤਸਵੀਰ]

ਵਿਕਟੋਰੀਆ ਝੀਲ ਦੇ ਨੇੜੇ ਮੈਂ

[ਸਫ਼ੇ 29 ਉੱਤੇ ਤਸਵੀਰ]

ਸਾਲ 1938 ਵਿਚ ਸਵਾਜ਼ੀਲੈਂਡ ਵਿਚ ਕੁਝ ਹਾਈ ਸਕੂਲ ਵਿਦਿਆਰਥੀ ਜੋ ਇਕ ਪਬਲਿਕ ਭਾਸ਼ਣ ਸੁਣਨ ਆਏ ਸਨ

[ਸਫ਼ੇ 30 ਉੱਤੇ ਤਸਵੀਰਾਂ]

ਜੀਨ ਤੇ ਮੈਂ 1959 ਵਿਚ ਆਪਣੇ ਵਿਆਹ ਦੇ ਦਿਨ ਤੇ ਅਤੇ ਅੱਜ