Skip to content

Skip to table of contents

“ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ” ਰੱਖੋ

“ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ” ਰੱਖੋ

“ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ” ਰੱਖੋ

‘ਉਨ੍ਹਾਂ ਨੂੰ ਚੇਤੇ ਕਰਾ ਭਈ ਉਹ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।’—ਤੀਤੁਸ 3:1, 2.

1. ਨਰਮਾਈ ਰੱਖਣੀ ਹਮੇਸ਼ਾ ਆਸਾਨ ਕਿਉਂ ਨਹੀਂ ਹੁੰਦੀ?

ਪੌਲੁਸ ਰਸੂਲ ਨੇ ਲਿਖਿਆ ਸੀ: “ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰਥੀਆਂ 10:33) ਪਰਮੇਸ਼ੁਰ ਦੇ ਸਾਰੇ ਭਗਤ ਮਸੀਹ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਤਰ੍ਹਾਂ ਕਰਨਾ ਆਸਾਨ ਨਹੀਂ ਹੈ ਕਿਉਂਕਿ ਅਸੀਂ ਆਪਣੇ ਪਹਿਲੇ ਮਾਪਿਆਂ ਤੋਂ ਵਿਰਸੇ ਵਿਚ ਸੁਆਰਥੀ ਮਿਜ਼ਾਜ ਪਾਇਆ ਹੈ। (ਰੋਮੀਆਂ 3:23; 7:21-25) ਪਰ ਜਿੱਥੋਂ ਤਕ ਨਰਮਾਈ ਰੱਖਣ ਦੀ ਗੱਲ ਹੈ, ਅਸੀਂ ਸਾਰੇ ਕੋਸ਼ਿਸ਼ ਕਰ ਕੇ ਕਾਮਯਾਬ ਹੋ ਸਕਦੇ ਹਾਂ। ਪਰ ਇਸ ਵਿਚ ਕਾਮਯਾਬ ਹੋਣ ਲਈ ਸਿਰਫ਼ ਆਪਣਾ ਮਨ ਬਣਾਉਣਾ ਕਾਫ਼ੀ ਨਹੀਂ ਹੈ। ਇਸ ਤੋਂ ਇਲਾਵਾ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ?

2. ਅਸੀਂ ਸਾਰਿਆਂ ਨਾਲ “ਪੂਰੀ ਨਰਮਾਈ” ਕਿਸ ਤਰ੍ਹਾਂ ਰੱਖ ਸਕਦੇ ਹਾਂ?

2 ਨਰਮਾਈ ਪਰਮੇਸ਼ੁਰ ਦੀ ਪਵਿੱਤਰ ਆਤਮਾ ਦਾ ਇਕ ਫਲ ਹੈ। ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੀ ਆਤਮਾ ਦੀ ਸੇਧ ਕਬੂਲ ਕਰਾਂਗੇ, ਉੱਨਾ ਹੀ ਜ਼ਿਆਦਾ ਅਸੀਂ ਉਸ ਦਾ ਫਲ ਉਤਪੰਨ ਕਰ ਸਕਾਂਗੇ। ਸਿਰਫ਼ ਤਦ ਹੀ ਅਸੀਂ ਸਾਰਿਆਂ ਨਾਲ “ਪੂਰੀ ਨਰਮਾਈ” ਰੱਖ ਸਕਾਂਗੇ। (ਟੇਢੇ ਟਾਈਪ ਸਾਡੇ) (ਤੀਤੁਸ 3:2) ਆਓ ਆਪਾਂ ਹੁਣ ਧਿਆਨ ਦੇਈਏ ਕਿ ਅਸੀਂ ਯਿਸੂ ਦੀ ਉਦਾਹਰਣ ਦੀ ਨਕਲ ਕਿਵੇਂ ਕਰ ਸਕਦੇ ਹਾਂ ਤਾਂਕਿ ਦੂਸਰਿਆਂ ਨੂੰ ਸਾਡੇ ਤੋਂ “ਅਰਾਮ” ਮਿਲੇ ਅਤੇ ਉਹ ਖ਼ੁਸ਼ ਹੋਣ।—ਮੱਤੀ 11:29; ਗਲਾਤੀਆਂ 5:22, 23.

ਪਰਿਵਾਰ ਵਿਚ

3. ਘਰਾਂ ਵਿਚ ਕਿਹੜੇ ਵਤੀਰੇ ਤੋਂ ਜਗਤ ਦੀ ਆਤਮਾ ਜ਼ਾਹਰ ਹੁੰਦੀ ਹੈ?

3 ਘਰ ਦੇ ਜੀਆਂ ਨਾਲ ਨਰਮ ਸੁਭਾਅ ਨਾਲ ਪੇਸ਼ ਆਉਣਾ ਬਹੁਤ ਜ਼ਰੂਰੀ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਕ ਔਰਤ ਦੀ ਸਿਹਤ ਨੂੰ ਕਿਸੇ ਹਾਦਸੇ ਅਤੇ ਮਲੇਰੀਏ ਦੋਹਾਂ ਨਾਲੋਂ ਘਰ ਵਿਚ ਕੁੱਟ-ਮਾਰ ਤੋਂ ਜ਼ਿਆਦਾ ਖ਼ਤਰਾ ਹੈ। ਮਿਸਾਲ ਲਈ ਲੰਡਨ, ਇੰਗਲੈਂਡ ਵਿਚ ਸਾਰਿਆਂ ਹਿੰਸਕ ਅਪਰਾਧਾਂ ਵਿੱਚੋਂ ਇਕ ਚੌਥਾਈ ਅਪਰਾਧ ਘਰੇਲੂ ਹੁੰਦੇ ਹਨ। ਪੁਲਸ ਨੂੰ ਅਕਸਰ ਅਜਿਹੇ ਲੋਕਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜੋ ਗੁੱਸੇ ਵਿਚ ਆ ਕੇ ਰੌਲਾ ਪਾਉਂਦੇ ਅਤੇ ਗਾਲ਼ਾਂ ਕੱਢਦੇ ਹਨ। ਇਸ ਤੋਂ ਬੁਰੀ ਗੱਲ ਹੈ ਕਿ ਕੁਝ ਪਤੀ-ਪਤਨੀਆਂ ਨੇ ਆਪਣੇ ਰਿਸ਼ਤਿਆਂ ਵਿਚ “ਕੁੜੱਤਣ” ਪੈਦਾ ਕਰ ਕੇ ਆਪਣੇ ਘਰ ਦੀ ਸ਼ਾਂਤੀ ਭੰਗ ਕਰ ਲਈ ਹੈ। ਇਸ ਤਰ੍ਹਾਂ ਦਾ ਵਤੀਰਾ ‘ਜਗਤ ਦੀ ਆਤਮਾ’ ਜ਼ਾਹਰ ਕਰਦਾ ਹੈ ਅਤੇ ਇਹ ਮਸੀਹੀ ਪਰਿਵਾਰਾਂ ਵਿਚ ਨਹੀਂ ਹੋਣਾ ਚਾਹੀਦਾ।—ਅਫ਼ਸੀਆਂ 4:31; 1 ਕੁਰਿੰਥੀਆਂ 2:12.

4. ਨਰਮ ਸੁਭਾਅ ਦਾ ਪਰਿਵਾਰ ਦੀ ਸ਼ਾਂਤੀ ਤੇ ਕੀ ਪ੍ਰਭਾਵ ਪੈ ਸਕਦਾ ਹੈ?

4 ਜੇ ਅਸੀਂ ਦੁਨੀਆਂ ਵਰਗੇ ਨਹੀਂ ਬਣਨਾ ਚਾਹੁੰਦੇ, ਤਾਂ ਸਾਨੂੰ ਪਰਮੇਸ਼ੁਰ ਦੀ ਆਤਮਾ ਦੀ ਲੋੜ ਹੈ। “ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।” (2 ਕੁਰਿੰਥੀਆਂ 3:17) ਪਿਆਰ-ਮੁਹੱਬਤ, ਦਿਆਲਗੀ, ਸੰਜਮ ਅਤੇ ਧੀਰਜ ਰੱਖਣ ਨਾਲ ਆਦਮੀ-ਤੀਵੀਂ ਦਾ ਆਪਸੀ ਰਿਸ਼ਤਾ ਮਜ਼ਬੂਤ ਬਣੇਗਾ। (ਅਫ਼ਸੀਆਂ 5:33) ਅੱਜ ਕਈ ਪਰਿਵਾਰ ਸੁਖੀ ਨਹੀਂ ਹਨ, ਪਰ ਨਰਮ ਸੁਭਾਅ ਕਰਕੇ ਘਰ ਵਿਚ ਖਿੱਚੋ-ਤਾਣ ਹੋਣ ਦੀ ਬਜਾਇ ਖ਼ੁਸ਼ੀ ਤੇ ਹਾਸਾ ਹੋਵੇਗਾ। ਭਾਵੇਂ ਕੋਈ ਗੱਲ ਕਿੰਨੀ ਵੀ ਜ਼ਰੂਰੀ ਕਿਉਂ ਨਾ ਹੋਵੇ, ਪਰ ਜ਼ਿਆਦਾ ਜ਼ਰੂਰੀ ਹੈ ਕਿ ਉਹ ਕਿਸ ਤਰ੍ਹਾਂ ਕਹੀ ਜਾਂਦੀ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਹਿਣ ਵਾਲੇ ਦੇ ਦਿਲ ਵਿਚ ਕੀ ਹੈ। ਨਰਮਾਈ ਨਾਲ ਆਪਣੇ ਖ਼ਿਆਲ ਪ੍ਰਗਟ ਕਰੋ ਅਤੇ ਦੱਸੋ ਕਿ ਤੁਹਾਨੂੰ ਕਿਸ ਗੱਲ ਦਾ ਫ਼ਿਕਰ ਹੈ। ਇਸ ਤਰ੍ਹਾਂ ਕਰਨ ਨਾਲ ਲੜਾਈ ਅੱਗੇ ਨਹੀਂ ਵਧੇਗੀ। ਬੁੱਧੀਮਾਨ ਬਾਦਸ਼ਾਹ ਸੁਲੇਮਾਨ ਨੇ ਲਿਖਿਆ ਸੀ: “ਨਰਮ ਜਵਾਬ ਗੁੱਸੇ ਨੂੰ ਠੰਢਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।”—ਕਹਾਉਤਾਂ 15:1.

5. ਨਰਮਾਈ ਉਨ੍ਹਾਂ ਪਰਿਵਾਰਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੀ ਹੈ ਜਿਨ੍ਹਾਂ ਦੇ ਸਾਰੇ ਜੀਅ ਸੱਚਾਈ ਵਿਚ ਨਹੀਂ ਹਨ?

5 ਨਰਮਾਈ ਖ਼ਾਸ ਕਰਕੇ ਉਨ੍ਹਾਂ ਪਰਿਵਾਰਾਂ ਵਿਚ ਜ਼ਰੂਰੀ ਹੈ ਜਿਨ੍ਹਾਂ ਦੇ ਸਾਰੇ ਜੀਅ ਸੱਚਾਈ ਵਿਚ ਨਹੀਂ ਹਨ। ਨਰਮ ਸੁਭਾਅ ਰੱਖਣ ਅਤੇ ਦੂਸਰਿਆਂ ਦਾ ਭਲਾ ਕਰਨ ਨਾਲ ਸੱਚਾਈ ਨੂੰ ਪਸੰਦ ਨਾ ਕਰਨ ਵਾਲੇ ਜੀਅ ਯਹੋਵਾਹ ਵੱਲ ਖਿੱਚੇ ਜਾ ਸਕਦੇ ਹਨ। ਪਤਰਸ ਰਸੂਲ ਨੇ ਮਸੀਹੀ ਪਤਨੀਆਂ ਨੂੰ ਇਹ ਸਲਾਹ ਦਿੱਤੀ: “ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ। ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ। ਅਤੇ ਤੁਹਾਡਾ ਸਿੰਗਾਰ ਸਿਰ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ। ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ।”—1 ਪਤਰਸ 3:1-4.

6. ਨਰਮ ਸੁਭਾਅ ਰੱਖਣ ਨਾਲ ਬੱਚਿਆਂ ਤੇ ਮਾਪਿਆਂ ਦਾ ਰਿਸ਼ਤਾ ਪੱਕਾ ਕਿਸ ਤਰ੍ਹਾਂ ਹੁੰਦਾ ਹੈ?

6 ਕਦੀ-ਕਦੀ ਮਾਪਿਆਂ ਅਤੇ ਬੱਚਿਆਂ ਦੀ ਵੀ ਨਹੀਂ ਬਣਦੀ, ਖ਼ਾਸ ਕਰਕੇ ਜਦੋਂ ਉਹ ਯਹੋਵਾਹ ਨਾਲ ਪਿਆਰ ਨਹੀਂ ਕਰਦੇ। ਪਰ ਸਾਰੇ ਮਸੀਹੀ ਪਰਿਵਾਰਾਂ ਨੂੰ ਨਰਮਾਈ ਰੱਖਣ ਦੀ ਲੋੜ ਹੈ। ਪੌਲੁਸ ਰਸੂਲ ਨੇ ਪਿਤਾਵਾਂ ਨੂੰ ਸਲਾਹ ਦਿੱਤੀ: “ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਜਦੋਂ ਘਰ ਦੇ ਸਾਰੇ ਜੀਅ ਨਰਮ ਸੁਭਾਅ ਰੱਖਦੇ ਹਨ, ਤਾਂ ਮਾਪਿਆਂ ਤੇ ਬੱਚਿਆਂ ਦਾ ਰਿਸ਼ਤਾ ਮਜ਼ਬੂਤ ਬਣਦਾ ਹੈ। ਮਿਸਾਲ ਲਈ ਡੀਨ ਦੀ ਗੱਲ ਵੱਲ ਧਿਆਨ ਦਿਓ, ਜਿਸ ਦੇ ਚਾਰ ਭਰਾ ਹਨ। ਉਹ ਆਪਣੇ ਪਿਤਾ ਬਾਰੇ ਕਹਿੰਦਾ ਹੈ: “ਪਿਤਾ ਜੀ ਬੜੇ ਨਰਮ ਸੁਭਾਅ ਦੇ ਸਨ। ਸਾਡੀ ਇਕ ਵਾਰ ਵੀ ਲੜਾਈ ਨਹੀਂ ਹੋਈ। ਜਦੋਂ ਮੈਂ ਅੱਲੜ੍ਹ ਉਮਰ ਦਾ ਸੀ ਉਦੋਂ ਵੀ ਸਾਡੀ ਲੜਾਈ ਨਹੀਂ ਹੋਈ ਸੀ। ਉਹ ਹਮੇਸ਼ਾ ਸ਼ਾਂਤ ਰਹਿੰਦੇ ਸਨ, ਉਦੋਂ ਵੀ ਜਦੋਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਹੁੰਦੀ ਸੀ। ਕਦੇ-ਕਦੇ ਉਹ ਮੈਨੂੰ ਮੇਰੇ ਕਮਰੇ ਵਿਚ ਡੱਕ ਦਿੰਦੇ ਸਨ ਜਾਂ ਮੈਨੂੰ ਉਹ ਨਹੀਂ ਕਰਨ ਦਿੰਦੇ ਸਨ ਜੋ ਮੈਂ ਬਹੁਤ ਹੀ ਕਰਨਾ ਚਾਹੁੰਦਾ ਸੀ, ਪਰ ਅਸੀਂ ਕਦੇ ਵੀ ਲੜੇ ਨਹੀਂ। ਉਹ ਸਿਰਫ਼ ਸਾਡੇ ਪਿਤਾ ਹੀ ਨਹੀਂ ਸਨ। ਉਹ ਸਾਡੇ ਦੋਸਤ ਵੀ ਸਨ ਅਤੇ ਅਸੀਂ ਕਦੇ ਵੀ ਉਨ੍ਹਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸੀ।” ਨਰਮਾਈ ਸੱਚ-ਮੁੱਚ ਬੱਚਿਆਂ ਤੇ ਮਾਪਿਆਂ ਦੇ ਰਿਸ਼ਤੇ ਨੂੰ ਪੱਕਾ ਕਰਦੀ ਹੈ।

ਪ੍ਰਚਾਰ ਕਰਦੇ ਹੋਏ

7, 8. ਪ੍ਰਚਾਰ ਕਰਦੇ ਹੋਏ ਨਰਮਾਈ ਵਰਤਣੀ ਜ਼ਰੂਰੀ ਕਿਉਂ ਹੈ?

7 ਪ੍ਰਚਾਰ ਕਰਦੇ ਹੋਏ ਵੀ ਨਰਮ ਸੁਭਾਅ ਰੱਖਣਾ ਬਹੁਤ ਜ਼ਰੂਰੀ ਹੈ। ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਅਸੀਂ ਤਰ੍ਹਾਂ-ਤਰ੍ਹਾਂ ਦੇ ਮਿਜ਼ਾਜ ਦੇ ਲੋਕਾਂ ਨੂੰ ਮਿਲਦੇ ਹਨ। ਕੁਝ ਤਾਂ ਸਾਡੀ ਗੱਲ ਖਿੜੇ ਮੱਥੇ ਸੁਣਦੇ ਹਨ, ਪਰ ਦੂਸਰੇ ਕਿਸੇ-ਨ-ਕਿਸੇ ਕਾਰਨ ਕਰਕੇ ਸਾਡਾ ਸੰਦੇਸ਼ ਸੁਣਨ ਲਈ ਤਿਆਰ ਨਹੀਂ ਹਨ। ਜਦ ਸਾਨੂੰ ਰੁੱਖੇ ਲੋਕ ਮਿਲਦੇ ਹਨ, ਤਾਂ ਅਸੀਂ ਨਰਮਾਈ ਵਰਤ ਕੇ ਪ੍ਰਚਾਰ ਕਰ ਸਕਦੇ ਹਾਂ ਜੋ ਦੁਨੀਆਂ ਭਰ ਵਿਚ ਕੀਤਾ ਜਾ ਰਿਹਾ ਹੈ।—ਰਸੂਲਾਂ ਦੇ ਕਰਤੱਬ 1:8; 2 ਤਿਮੋਥਿਉਸ 4:5.

8 ਪਤਰਸ ਰਸੂਲ ਨੇ ਲਿਖਿਆ: “ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤਰਸ 3:15) ਯਿਸੂ ਦੀ ਨਕਲ ਕਰਦੇ ਹੋਏ, ਅਸੀਂ ਗਵਾਹੀ ਦਿੰਦੇ ਸਮੇਂ ਹਮੇਸ਼ਾ ਰੁੱਖੇ ਲੋਕਾਂ ਨਾਲ ਅਦਬ ਤੇ ਨਰਮਾਈ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਕਰਨ ਦੇ ਅਕਸਰ ਚੰਗੇ ਨਤੀਜੇ ਨਿਕਲਦੇ ਹਨ।

9, 10. ਇਕ ਉਦਾਹਰਣ ਦਿਓ ਕਿ ਗਵਾਹੀ ਦਿੰਦੇ ਹੋਏ ਨਰਮ ਸੁਭਾਅ ਰੱਖਣ ਦੇ ਫ਼ਾਇਦੇ ਹੁੰਦੇ ਹਨ।

9 ਇਕ ਦਿਨ ਕੀਥ ਦੇ ਘਰ ਕੋਈ ਆਇਆ। ਉਸ ਦੀ ਪਤਨੀ ਨੇ ਜਾ ਕੇ ਗੱਲ ਕੀਤੀ ਅਤੇ ਉਹ ਪਿੱਛੇ ਖੜ੍ਹਾ ਗੱਲ ਸੁਣਦਾ ਰਿਹਾ। ਜਦ ਉਸ ਦੀ ਪਤਨੀ ਨੂੰ ਪਤਾ ਚਲਿਆ ਕਿ ਉਹ ਬੰਦਾ ਤਾਂ ਯਹੋਵਾਹ ਦਾ ਗਵਾਹ ਹੈ, ਤਾਂ ਉਸ ਨੇ ਗੁੱਸੇ ਵਿਚ ਆ ਕੇ ਗਵਾਹਾਂ ਤੇ ਦੋਸ਼ ਲਾਇਆ ਕਿ ਉਹ ਬੱਚਿਆਂ ਉੱਤੇ ਅਤਿਆਚਾਰ ਕਰਦੇ ਹਨ। ਪਰ ਭਰਾ ਸ਼ਾਂਤ ਰਿਹਾ ਅਤੇ ਉਸ ਨੇ ਨਰਮਾਈ ਨਾਲ ਕਿਹਾ: “ਮੈਨੂੰ ਦੁੱਖ ਹੈ ਕਿ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ। ਕੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਯਹੋਵਾਹ ਦੇ ਗਵਾਹਾਂ ਦੇ ਕੀ ਵਿਸ਼ਵਾਸ ਹਨ?” ਕੀਥ ਪਿੱਛੇ ਖੜ੍ਹਾ ਸਭ ਕੁਝ ਸੁਣ ਰਿਹਾ ਸੀ ਫਿਰ ਉਸ ਨੇ ਸਾਮ੍ਹਣੇ ਆ ਕੇ ਦਰਵਾਜ਼ਾ ਬੰਦ ਕਰ ਦਿੱਤਾ।

10 ਬਾਅਦ ਵਿਚ ਕੀਥ ਤੇ ਉਸ ਦੀ ਪਤਨੀ ਨੂੰ ਅਫ਼ਸੋਸ ਹੋਇਆ ਕਿ ਉਨ੍ਹਾਂ ਨੇ ਆਪਣੇ ਘਰ ਆਏ ਬੰਦੇ ਨਾਲ ਇੰਨੀ ਬੇਰੁੱਖੀ ਵਰਤੀ ਸੀ। ਉਸ ਭਰਾ ਦੀ ਨਰਮਾਈ ਨੇ ਉਨ੍ਹਾਂ ਉੱਤੇ ਚੰਗਾ ਅਸਰ ਪਾਇਆ। ਇਕ ਹਫ਼ਤੇ ਬਾਅਦ ਉਹ ਉਸੇ ਭਰਾ ਨੂੰ ਉਨ੍ਹਾਂ ਦੇ ਦਰਵਾਜ਼ੇ ਤੇ ਫਿਰ ਤੋਂ ਆਇਆ ਦੇਖ ਕੇ ਹੈਰਾਨ ਹੋ ਗਏ। ਉਨ੍ਹਾਂ ਨੇ ਉਸ ਨੂੰ ਬਾਈਬਲ ਤੋਂ ਆਪਣੀ ਗੱਲ ਸਮਝਾਉਣ ਦਾ ਮੌਕਾ ਦਿੱਤਾ। ਕੀਥ ਤੇ ਉਸ ਦੀ ਪਤਨੀ ਦੱਸਦੇ ਹਨ: “ਅਗਲੇ ਦੋ ਸਾਲਾਂ ਦੌਰਾਨ ਅਸੀਂ ਕਈਆਂ ਗਵਾਹਾਂ ਦੀ ਗੱਲ ਸੁਣੀ।” ਉਨ੍ਹਾਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਦੋਹਾਂ ਨੇ ਬਪਤਿਸਮਾ ਲੈ ਲਿਆ। ਉਹ ਭਰਾ ਜੋ ਪਹਿਲੀ ਵਾਰ ਕੀਥ ਦੇ ਘਰ ਆਇਆ ਸੀ, ਉਨ੍ਹਾਂ ਨੂੰ ਕੁਝ ਸਾਲ ਬਾਅਦ ਫਿਰ ਤੋਂ ਮਿਲਿਆ। ਉਸ ਨੂੰ ਇਹ ਜਾਣ ਕੇ ਬਹੁਤ ਹੀ ਖ਼ੁਸ਼ੀ ਹੋਈ ਕਿ ਉਹ ਹੁਣ ਉਸ ਦੇ ਭੈਣ-ਭਰਾ ਸਨ! ਇਸ ਤਰ੍ਹਾਂ ਨਰਮਾਈ ਦੀ ਜਿੱਤ ਹੋਈ!

11. ਸੱਚਾਈ ਸਿੱਖਣ ਵਿਚ ਨਰਮ ਸੁਭਾਅ ਕਿਸੇ ਦੀ ਮਦਦ ਕਿਸ ਤਰ੍ਹਾਂ ਕਰ ਸਕਦਾ ਹੈ?

11 ਹੈਰਲਡ ਇਕ ਫ਼ੌਜੀ ਹੁੰਦਾ ਸੀ। ਉਸ ਨੇ ਜ਼ਿੰਦਗੀ ਵਿਚ ਜੋ-ਜੋ ਦੇਖਿਆ, ਉਸ ਤੋਂ ਉਹ ਗੁੱਸੇਖ਼ੋਰ ਬਣ ਗਿਆ ਅਤੇ ਪਰਮੇਸ਼ੁਰ ਤੋਂ ਉਸ ਦਾ ਵਿਸ਼ਵਾਸ ਉੱਠ ਗਿਆ। ਮਾਮਲਾ ਹੋਰ ਵੀ ਵਿਗੜ ਗਿਆ ਜਦੋਂ ਹਾਦਸੇ ਵਿਚ ਇਕ ਸ਼ਰਾਬੀ ਡਰਾਈਵਰ ਨੇ ਉਸ ਨੂੰ ਹਮੇਸ਼ਾ ਲਈ ਅਪਾਹਜ ਕਰ ਦਿੱਤਾ। ਜਦੋਂ ਯਹੋਵਾਹ ਦੇ ਗਵਾਹ ਉਸ ਦੇ ਘਰ ਪਹੁੰਚੇ, ਤਾਂ ਉਸ ਨੇ ਉਨ੍ਹਾਂ ਨੂੰ ਮੁੜ ਕੇ ਆਉਣ ਤੋਂ ਵਰਜ ਦਿੱਤਾ। ਪਰ ਇਕ ਦਿਨ ਬਿੱਲ ਨਾਂ ਦਾ ਭਰਾ ਹੈਰਲਡ ਦੇ ਘਰ ਤੋਂ ਦੋ ਕੁ ਘਰ ਛੱਡ ਕੇ ਕਿਸੇ ਨੂੰ ਮਿਲਣ ਜਾ ਰਿਹਾ ਸੀ। ਭੁਲੇਖੇ ਨਾਲ ਉਸ ਨੇ ਹੈਰਲਡ ਦੇ ਦਰਵਾਜ਼ੇ ਤੇ ਦਸਤਕ ਦੇ ਦਿੱਤੀ। ਜਦ ਬਿੱਲ ਨੇ ਹੈਰਲਡ ਨੂੰ ਦੋ ਸੋਟੀਆਂ ਦੇ ਸਹਾਰੇ ਦਰਵਾਜ਼ੇ ਤੇ ਖੜ੍ਹਾ ਦੇਖਿਆ, ਤਾਂ ਬਿੱਲ ਨੇ ਉਸ ਤੋਂ ਇਕਦਮ ਮਾਫ਼ੀ ਮੰਗੀ। ਉਸ ਨੇ ਦੱਸਿਆ ਕਿ ਉਹ ਲਾਗੇ ਦੇ ਘਰ ਜਾ ਰਿਹਾ ਸੀ, ਪਰ ਉਸ ਤੋਂ ਗ਼ਲਤੀ ਹੋ ਗਈ ਸੀ। ਬਿੱਲ ਨੂੰ ਦੇਖ ਕੇ ਕੀ ਹੈਰਲਡ ਦਾ ਗੁੱਸਾ ਭੜਕ ਉੱਠਿਆ? ਨਹੀਂ, ਉਸ ਨੇ ਟੈਲੀਵਿਯਨ ਤੇ ਯਹੋਵਾਹ ਦੇ ਗਵਾਹਾਂ ਬਾਰੇ ਇਕ ਪ੍ਰੋਗ੍ਰਾਮ ਦੇਖਿਆ ਸੀ ਜਿਸ ਵਿਚ ਉਨ੍ਹਾਂ ਨੇ ਇਕੱਠੇ ਕੰਮ ਕਰ ਕੇ ਥੋੜ੍ਹੇ ਜਿਹੇ ਸਮੇਂ ਵਿਚ ਇਕ ਨਵਾਂ ਕਿੰਗਡਮ ਹਾਲ ਬਣਾਇਆ ਸੀ। ਇੰਨੇ ਸਾਰੇ ਲੋਕਾਂ ਨੂੰ ਇਕੱਠੇ ਕੰਮ ਕਰਦੇ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਉਸ ਨੇ ਯਹੋਵਾਹ ਦੇ ਗਵਾਹਾਂ ਬਾਰੇ ਆਪਣੀ ਰਾਇ ਬਦਲ ਲਈ ਸੀ। ਪਰ ਬਿੱਲ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਤੇ ਉਹ ਵਾਰ-ਵਾਰ ਮਾਫ਼ੀ ਮੰਗਦਾ ਰਿਹਾ। ਉਸ ਦੇ ਨਰਮ ਸੁਭਾਅ ਨੇ ਹੈਰਲਡ ਨੂੰ ਲੁਭਾ ਲਿਆ ਅਤੇ ਉਹ ਗਵਾਹਾਂ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋ ਗਿਆ। ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਪਤਿਸਮਾ ਲੈ ਕੇ ਯਹੋਵਾਹ ਦਾ ਸੇਵਕ ਬਣ ਗਿਆ।

ਕਲੀਸਿਯਾ ਵਿਚ

12. ਮਸੀਹੀ ਕਲੀਸਿਯਾ ਵਿਚ ਕਿਹੜੀਆਂ ਦੁਨਿਆਵੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ?

12 ਕਲੀਸਿਯਾ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦੇ ਹੋਏ ਵੀ ਨਰਮ ਸੁਭਾਅ ਦੀ ਜ਼ਰੂਰਤ ਹੈ। ਅੱਜ-ਕੱਲ੍ਹ ਦੁਨਿਆਵੀ ਲੋਕਾਂ ਦਰਮਿਆਨ ਮੁਕਾਬਲੇ, ਲੜਾਈ-ਝਗੜੇ ਤੇ ਬਹਿਸਾਂ ਆਮ ਗੱਲ ਹਨ। ਕਦੇ-ਕਦੇ ਮਸੀਹੀ ਕਲੀਸਿਯਾ ਵਿਚ ਵੀ ਅਜਿਹੀਆਂ ਗੱਲਾਂ ਹੋਣ ਲੱਗ ਪੈਂਦੀਆਂ ਹਨ। ਜ਼ਿੰਮੇਵਾਰ ਭਰਾਵਾਂ ਨੂੰ ਇਸ ਤੋਂ ਬਹੁਤ ਦੁੱਖ ਹੁੰਦਾ ਹੈ। ਉਹ ਯਹੋਵਾਹ ਅਤੇ ਆਪਣੇ ਭੈਣਾਂ-ਭਾਈਆਂ ਨਾਲ ਪਿਆਰ ਕਰਦੇ ਹਨ, ਇਸ ਲਈ ਉਹ ਗ਼ਲਤੀ ਕਰਨ ਵਾਲਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ।—ਗਲਾਤੀਆਂ 5:25, 26.

13, 14. “ਜਿਹੜੇ ਸਾਹਮਣਾ ਕਰਦੇ ਹਨ ਓਹਨਾਂ ਨੂੰ ਨਰਮਾਈ ਨਾਲ ਤਾੜਨਾ” ਦੇਣ ਦਾ ਕੀ ਨਤੀਜਾ ਨਿਕਲ ਸਕਦਾ ਹੈ?

13 ਪਹਿਲੀ ਸਦੀ ਵਿਚ ਪੌਲੁਸ ਤੇ ਉਸ ਦੇ ਸਾਥੀ ਤਿਮੋਥਿਉਸ ਨੂੰ ਕਲੀਸਿਯਾ ਵਿਚ ਕੁਝ ਅਜਿਹੇ ਭਰਾਵਾਂ ਦਾ ਸਾਮ੍ਹਣਾ ਕਰਨਾ ਪਿਆ ਸੀ ਜੋ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਸਨ। ਪੌਲੁਸ ਨੇ ਤਿਮੋਥਿਉਸ ਨੂੰ ਅਜਿਹੇ ਭਰਾਵਾਂ ਤੋਂ ਖ਼ਬਰਦਾਰ ਕੀਤਾ ਸੀ ਜੋ “ਨਿਰਾਦਰ ਦੇ ਕੰਮ” ਲਈ ਵਰਤੇ ਜਾਣ ਵਾਲਿਆਂ ਭਾਂਡਿਆਂ ਵਰਗੇ ਸਨ। ਪੌਲੁਸ ਨੇ ਸਮਝਾਇਆ ਕਿ “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਅਤੇ ਸਿੱਖਿਆ ਦੇਣ ਜੋਗ ਅਤੇ ਸਬਰ ਕਰਨ ਵਾਲਾ ਹੋਵੇ। ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ।” ਜਦ ਕੋਈ ਸਾਡਾ ਗੁੱਸਾ ਭੜਕਾਉਂਦਾ ਵੀ ਹੈ, ਤਾਂ ਅਸੀਂ ਸ਼ਾਂਤ ਰਹਿ ਕੇ ਉਸ ਦਾ ਮੂੰਹ ਬੰਦ ਕਰ ਸਕਦੇ ਹਾਂ ਤੇ ਉਹ ਆਪਣੀ ਨੁਕਤਾਚੀਨੀ ਬਾਰੇ ਦੁਬਾਰਾ ਸੋਚਣ ਲਈ ਅਕਸਰ ਮਜਬੂਰ ਹੋ ਜਾਂਦਾ ਹੈ। ਪੌਲੁਸ ਅੱਗੇ ਲਿਖਦਾ ਹੈ ਕਿ ਵੱਟੇ ਵਿਚ ਯਹੋਵਾਹ ਸ਼ਾਇਦ ‘ਓਹਨਾਂ ਨੂੰ ਤੋਬਾ ਕਰਨੀ ਬਖ਼ਸ਼ੇ ਭਈ ਉਹ ਸਤ ਦੇ ਗਿਆਨ ਨੂੰ ਪਰਾਪਤ ਕਰਨ।’ (2 ਤਿਮੋਥਿਉਸ 2:20, 21, 24, 25) ਨੋਟ ਕਰੋ ਕਿ ਪੌਲੁਸ ਨੇ ਅਸੀਲ ਸੁਭਾਅ ਤੇ ਸਬਰ ਕਰਨ ਦਾ ਸੰਬੰਧ ਨਰਮਾਈ ਨਾਲ ਜੋੜਿਆ ਸੀ।

14 ਪੌਲੁਸ ਜੋ ਸਿੱਖਿਆਵਾਂ ਦਿੰਦਾ ਸੀ, ਉਹ ਉਨ੍ਹਾਂ ਉੱਤੇ ਆਪ ਵੀ ਅਮਲ ਕਰਦਾ ਸੀ। ਉਸ ਨੇ ਕੁਰਿੰਥੁਸ ਦੀ ਕਲੀਸਿਯਾ ਦੇ “ਮਹਾਨ ਰਸੂਲਾਂ” ਨਾਲ ਪੇਸ਼ ਆਉਂਦੇ ਹੋਏ ਭਰਾਵਾਂ ਨੂੰ ਲਿਖਿਆ: “ਹੁਣ ਮੈਂ ਪੌਲੁਸ ਜੋ ਤੁਹਾਡੇ ਵਿੱਚ ਤੁਹਾਡੇ ਸਨਮੁਖ ਹੋ ਕੇ ਥੋੜ ਦਿਲਾ ਹਾਂ ਪਰ ਤੁਹਾਥੋਂ ਪਰੋਖੇ ਹੋ ਕੇ ਤੁਹਾਡੇ ਉੱਤੇ ਦਿਲੇਰ ਹਾਂ ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ ਆਪ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ।” (2 ਕੁਰਿੰਥੀਆਂ 10:1; 11:5) ਪੌਲੁਸ ਨੇ ਸੱਚ-ਮੁੱਚ ਯਿਸੂ ਦੀ ਨਕਲ ਕੀਤੀ ਸੀ। ਨੋਟ ਕਰੋ ਕਿ ਉਸ ਨੇ ਇਨ੍ਹਾਂ ਭਰਾਵਾਂ ਅੱਗੇ ਮਸੀਹ ਦੀ “ਨਰਮਾਈ” ਨਾਲ ਬੇਨਤੀ ਕੀਤੀ ਸੀ। ਉਸ ਨੇ ਉਨ੍ਹਾਂ ਤੇ ਰੋਅਬ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਕਲੀਸਿਯਾ ਵਿਚ ਨਰਮ ਦਿਲ ਵਾਲਿਆਂ ਉੱਤੇ ਉਸ ਦੀ ਇਸ ਤਾਕੀਦ ਦਾ ਚੰਗਾ ਪ੍ਰਭਾਵ ਪਿਆ। ਉਸ ਨੇ ਭੈਣਾਂ-ਭਰਾਵਾਂ ਵਿਚ ਸੁਲ੍ਹਾ ਕਰਾਈ ਅਤੇ ਕਲੀਸਿਯਾ ਵਿਚ ਮੇਲ-ਮਿਲਾਪ ਤੇ ਸ਼ਾਂਤੀ ਦੀ ਨੀਂਹ ਧਰੀ। ਅਸੀਂ ਸਾਰੇ ਉਸ ਦੀ ਨਕਲ ਕਰ ਸਕਦੇ ਹਾਂ। ਖ਼ਾਸ ਕਰਕੇ ਬਜ਼ੁਰਗਾਂ ਨੂੰ ਯਿਸੂ ਤੇ ਪੌਲੁਸ ਦੀ ਪੈੜ ਤੇ ਤੁਰਨਾ ਚਾਹੀਦਾ ਹੈ।

15. ਸਲਾਹ-ਮਸ਼ਵਰਾ ਦਿੰਦੇ ਹੋਏ ਨਰਮ ਸੁਭਾਅ ਰੱਖਣਾ ਕਿਉਂ ਜ਼ਰੂਰੀ ਹੈ?

15 ਦੂਸਰਿਆਂ ਦੀ ਮਦਦ ਕਰਨ ਦੀ ਲੋੜ ਸਿਰਫ਼ ਉਸ ਸਮੇਂ ਹੀ ਨਹੀਂ ਹੁੰਦੀ ਜਦੋਂ ਕਲੀਸਿਯਾ ਦੀ ਸ਼ਾਂਤੀ ਤੇ ਏਕਤਾ ਨੂੰ ਖ਼ਤਰਾ ਹੁੰਦਾ ਹੈ। ਭੈਣਾਂ-ਭਰਾਵਾਂ ਵਿਚ ਅਣਬਣ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਪਿਆਰ ਅਤੇ ਅਗਵਾਈ ਦੀ ਜ਼ਰੂਰਤ ਹੁੰਦੀ ਹੈ। ਪੌਲੁਸ ਨੇ ਕਿਹਾ ਸੀ: ‘ਹੇ ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਬੇਖ਼ਬਰੇ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰੋ।’ ਕੀ ਤੁਸੀਂ ਨੋਟ ਕੀਤਾ ਕਿ ਇਹ ਸੁਧਾਰ ਕਿਸ ਤਰ੍ਹਾਂ ਕੀਤਾ ਜਾਣਾ ਸੀ? “ਨਰਮਾਈ ਦੇ ਸੁਭਾਉ ਨਾਲ ਸੁਧਾਰੋ ਅਤੇ ਤੂੰ ਆਪਣੇ ਆਪ ਵੱਲ ਧਿਆਨ ਰੱਖ ਮਤੇ ਤੂੰ ਵੀ ਪਰਤਾਵੇ ਵਿੱਚ ਪਵੇਂ।” (ਗਲਾਤੀਆਂ 6:1) ‘ਨਰਮਾਈ ਦਾ ਸੁਭਾਅ’ ਰੱਖਣਾ ਹਮੇਸ਼ਾ ਆਸਾਨ ਨਹੀਂ ਹੁੰਦਾ ਕਿਉਂਕਿ ਅਸੀਂ ਸਾਰੇ, ਨਿਯੁਕਤ ਕੀਤੇ ਹੋਏ ਬਜ਼ੁਰਗ ਵੀ, ਪਾਪੀ ਪੈਦਾ ਹੋਏ ਹਾਂ। ਫਿਰ ਵੀ ਨਰਮਾਈ ਨਾਲ ਦਿੱਤੀ ਗਈ ਸਲਾਹ ਗ਼ਲਤੀ ਕਰਨ ਵਾਲੇ ਦੀ ਸੁਧਰਨ ਵਿਚ ਮਦਦ ਕਰੇਗੀ।

16, 17. ਜੇ ਕੋਈ ਸਲਾਹ ਕਬੂਲ ਕਰਨ ਲਈ ਰਾਜ਼ੀ ਨਾ ਹੋਵੇ, ਤਾਂ ਉਸ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?

16 ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਸੁਧਾਰ” ਕੀਤਾ ਗਿਆ ਹੈ, ਉਹ ਸ਼ਬਦ ਟੁੱਟੀਆਂ ਹੱਡੀਆਂ ਨੂੰ ਦੁਬਾਰਾ ਜੋੜਨ ਲਈ ਵੀ ਵਰਤਿਆ ਜਾ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਟੁੱਟੀ ਹੱਡੀ ਨੂੰ ਸਿੱਧਾ ਕਰ ਕੇ ਜੋੜਨ ਨਾਲ ਕਾਫ਼ੀ ਦਰਦ ਹੁੰਦਾ ਹੈ। ਪਰ ਡਾਕਟਰ ਨਰਮ ਆਵਾਜ਼ ਨਾਲ ਸਮਝਾਉਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਬਹੁਤ ਫ਼ਾਇਦੇ ਹਨ। ਉਸ ਦੇ ਬੋਲਣ ਦੇ ਤਰੀਕੇ ਤੋਂ ਹੌਸਲਾ ਮਿਲਦਾ ਹੈ। ਹੱਡੀ ਸਿੱਧੀ ਕਰਨ ਤੋਂ ਪਹਿਲਾਂ ਪਿਆਰ ਨਾਲ ਕਹੇ ਦੋ ਸ਼ਬਦ ਮਰੀਜ਼ ਦੀ ਮਦਦ ਕਰਦੇ ਹਨ। ਇਸੇ ਤਰ੍ਹਾਂ ਰੂਹਾਨੀ ਤੌਰ ਤੇ ਸੁਧਾਰੇ ਜਾਣ ਤੇ ਵੀ ਦਰਦ ਪਹੁੰਚ ਸਕਦਾ ਹੈ। ਪਰ ਜੇ ਇਹ ਸੁਧਾਰ ਨਰਮਾਈ ਨਾਲ ਕੀਤਾ ਜਾਵੇ, ਤਾਂ ਇਸ ਨੂੰ ਕਬੂਲ ਕਰਨਾ ਇੰਨਾ ਔਖਾ ਨਹੀਂ ਹੋਵੇਗਾ। ਭਾਵੇਂ ਗ਼ਲਤੀ ਕਰਨ ਵਾਲਾ ਭੈਣ-ਭਾਈ ਪਹਿਲਾਂ ਗੱਲ ਨਾ ਵੀ ਸੁਣੇ, ਪਰ ਜੇ ਸਲਾਹ ਦੇਣ ਵੇਲੇ ਨਰਮਾਈ ਵਰਤੀ ਜਾਵੇ, ਤਾਂ ਉਹ ਉਸ ਸਲਾਹ ਨੂੰ ਕਬੂਲ ਕਰਨ ਲਈ ਰਾਜ਼ੀ ਹੋ ਜਾਵੇਗਾ। ਇਸ ਤਰ੍ਹਾਂ ਗ਼ਲਤੀ ਕਰਨ ਵਾਲਾ ਭੈਣ-ਭਾਈ ਨਰਮ ਤੇ ਕੋਮਲ ਸ਼ਬਦ ਸੁਣ ਕੇ ਨਾਰਾਜ਼ ਹੋਣ ਦੀ ਬਜਾਇ ਸਹੀ ਰਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰੇਗਾ।—ਕਹਾਉਤਾਂ 25:15.

17 ਦੂਸਰਿਆਂ ਨੂੰ ਸਲਾਹ-ਮਸ਼ਵਰਾ ਦਿੰਦੇ ਹੋਏ ਸਭ ਤੋਂ ਵੱਡਾ ਖ਼ਤਰਾ ਹੈ ਕਿ ਉਹ ਸਮਝੇਗਾ ਕਿ ਉਸ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਇਕ ਲੇਖਕ ਨੇ ਟਿੱਪਣੀ ਕੀਤੀ: ‘ਜਦ ਅਸੀਂ ਕਿਸੇ ਨੂੰ ਤਾੜ ਰਹੇ ਹੁੰਦੇ ਹਾਂ, ਤਾਂ ਉਸ ਸਮੇਂ ਸਾਨੂੰ ਵੱਡਾ ਖ਼ਤਰਾ ਹੈ ਕਿ ਅਸੀਂ ਉਸ ਉੱਤੇ ਬਿਨਾਂ ਵਜ੍ਹਾ ਰੋਹਬ ਪਾਉਣ ਲੱਗ ਪੈਂਦੇ ਹਾਂ। ਇਸ ਲਈ ਨਰਮਾਈ ਨਾਲ ਪੇਸ਼ ਆਉਣ ਦੀ ਜ਼ਿਆਦਾ ਜ਼ਰੂਰਤ ਹੈ।’ ਆਪਣੇ ਆਪ ਨੂੰ ਅਧੀਨ ਰੱਖ ਕੇ ਨਰਮਾਈ ਨਾਲ ਸਲਾਹ ਦੇਣ ਨਾਲ ਮਸੀਹੀ ਬਜ਼ੁਰਗ ਇਸ ਖ਼ਤਰੇ ਤੋਂ ਬਚ ਸਕਦੇ ਹਨ।

“ਸੱਭੇ ਮਨੁੱਖਾਂ ਨਾਲ”

18, 19. (ੳ) ਮਸੀਹੀਆਂ ਲਈ ਅਧਿਕਾਰੀਆਂ ਨਾਲ ਪੇਸ਼ ਆਉਂਦੇ ਹੋਏ ਨਰਮ ਸੁਭਾਅ ਰੱਖਣਾ ਮੁਸ਼ਕਲ ਕਿਉਂ ਹੋ ਸਕਦਾ ਹੈ? (ਅ) ਇਖ਼ਤਿਆਰ ਰੱਖਣ ਵਾਲਿਆਂ ਨਾਲ ਨਰਮਾਈ ਰੱਖਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ ਅਤੇ ਇਸ ਦੇ ਕੀ ਨਤੀਜੇ ਨਿਕਲ ਸਕਦੇ ਹਨ?

18 ਅਧਿਕਾਰੀਆਂ ਨਾਲ ਪੇਸ਼ ਆਉਂਦੇ ਹੋਏ ਕਈਆਂ ਲਈ ਨਰਮ ਸੁਭਾਅ ਰੱਖਣਾ ਮੁਸ਼ਕਲ ਹੈ। ਇਹ ਸੱਚ ਹੈ ਕਿ ਇਖ਼ਤਿਆਰ ਰੱਖਣ ਵਾਲੇ ਕਈ ਲੋਕ ਕਠੋਰ ਤੇ ਬੇਰਹਿਮ ਹੁੰਦੇ ਹਨ। (ਉਪਦੇਸ਼ਕ ਦੀ ਪੋਥੀ 4:1; 8:9) ਪਰ ਕਿਉਂਜੋ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ ਅਤੇ ਉਸ ਦੇ ਸਰਬੋਤਮ ਇਖ਼ਤਿਆਰ ਨੂੰ ਕਬੂਲ ਕਰਦੇ ਹਾਂ, ਇਸ ਲਈ ਅਸੀਂ ਇਕ ਹੱਦ ਤਕ ਦੇਸ਼ ਦੀਆਂ ਸਰਕਾਰਾਂ ਦੇ ਵੀ ਅਧੀਨ ਰਹਾਂਗੇ। (ਰੋਮੀਆਂ 13:1, 4; 1 ਤਿਮੋਥਿਉਸ 2:1, 2) ਭਾਵੇਂ ਇਖ਼ਤਿਆਰ ਰੱਖਣ ਵਾਲੇ ਲੋਕ ਸਾਨੂੰ ਯਹੋਵਾਹ ਬਾਰੇ ਪ੍ਰਚਾਰ ਕਰਨ ਤੋਂ ਰੋਕਦੇ ਹਨ, ਪਰ ਅਸੀਂ ਉਸਤਤ ਦੇ ਬਲੀਦਾਨ ਚੜ੍ਹਾਉਂਦੇ ਰਹਿਣ ਦੇ ਹੋਰ ਨਵੇਂ ਤਰੀਕੇ ਭਾਲਾਂਗੇ।—ਇਬਰਾਨੀਆਂ 13:15.

19 ਅਸੀਂ ਕਦੇ ਵੀ ਫ਼ਸਾਦੀ ਨਹੀਂ ਬਣਾਂਗੇ। ਅਸੀਂ ਅਕਲਮੰਦੀ ਨਾਲ ਆਪਣੇ ਮਿਆਰਾਂ ਦਾ ਸਮਝੌਤਾ ਕੀਤੇ ਬਿਨਾਂ ਆਪਣੀ ਭਗਤੀ ਵਿਚ ਲੱਗੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਸਾਡੇ ਭੈਣ-ਭਾਈ 234 ਦੇਸ਼ਾਂ ਵਿਚ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਹੋਏ ਹਨ। ਅਸੀਂ ਪੌਲੁਸ ਦੀ ਸਲਾਹ ਦੀ ਹਾਮੀ ਭਰਦੇ ਹਾਂ ਕਿ ‘ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ ਅਧੀਨ ਹੋਵੋ ਅਤੇ ਆਗਿਆਕਾਰ ਬਣੇ ਰਹੋ। ਨਾਲੇ ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖੋ। ਕਿਸੇ ਦੀ ਬਦਨਾਮੀ ਨਾ ਕਰੋ। ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਵੋ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖੋ।’—ਤੀਤੁਸ 3:1, 2.

20. ਨਰਮਾਈ ਰੱਖਣ ਵਾਲਿਆਂ ਸਾਮ੍ਹਣੇ ਕਿਹੋ ਜਿਹਾ ਭਵਿੱਖ ਹੈ?

20 ਨਰਮਾਈ ਰੱਖਣ ਵਾਲਿਆਂ ਸਾਮ੍ਹਣੇ ਬਹੁਤ ਹੀ ਸੋਹਣਾ ਭਵਿੱਖ ਹੈ। ਯਿਸੂ ਨੇ ਕਿਹਾ ਸੀ: “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਯਿਸੂ ਦੇ ਮਸਹ ਕੀਤੇ ਹੋਏ ਭਰਾਵਾਂ ਵਾਸਤੇ ਨਰਮਾਈ ਰੱਖਣ ਦਾ ਨਤੀਜਾ ਹੈ ਕਿ ਉਨ੍ਹਾਂ ਦੀ ਖ਼ੁਸ਼ੀ ਬਰਕਰਾਰ ਰਹੇਗੀ ਅਤੇ ਉਹ ਸਵਰਗੋਂ ਧਰਤੀ ਉੱਤੇ ਰਾਜ ਕਰਨਗੇ। ‘ਹੋਰ ਭੇਡਾਂ’ ਦੀ “ਵੱਡੀ ਭੀੜ” ਵੀ ਨਰਮਾਈ ਰੱਖ ਰਹੀ ਹੈ ਅਤੇ ਉਸ ਸਮੇਂ ਦੀ ਉਡੀਕ ਕਰ ਰਹੀ ਹੈ ਜਦੋਂ ਸਾਰੀ ਧਰਤੀ ਇਕ ਫਿਰਦੌਸ ਬਣ ਜਾਵੇਗੀ। (ਪਰਕਾਸ਼ ਦੀ ਪੋਥੀ 7:9; ਯੂਹੰਨਾ 10:16; ਜ਼ਬੂਰਾਂ ਦੀ ਪੋਥੀ 37:11) ਸਾਡੇ ਸਾਮ੍ਹਣੇ ਸੱਚ-ਮੁੱਚ ਕਿੰਨਾ ਸੁਨਹਿਰਾ ਭਵਿੱਖ ਹੈ! ਆਓ ਫਿਰ ਆਪਾਂ ਪੌਲੁਸ ਦੀ ਇਹ ਗੱਲ ਕਦੇ ਨਾ ਭੁੱਲੀਏ ਜੋ ਉਸ ਨੇ ਅਫ਼ਸੀਆਂ ਨੂੰ ਲਿਖੀ ਸੀ: “ਉਪਰੰਤ ਮੈਂ ਜੋ ਪ੍ਰਭੁ ਦੇ ਨਮਿੱਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਹ ਦੇ ਜੋਗ ਚਾਲ ਚੱਲੋ। ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ।” (ਟੇਢੇ ਟਾਈਪ ਸਾਡੇ।)—ਅਫ਼ਸੀਆਂ 4:1, 2.

ਪਿੱਛਲ ਝਾਤ

• ਨਰਮਾਈ ਰੱਖ ਕੇ ਸਾਨੂੰ ਹੇਠਲੀਆਂ ਸਥਿਤੀਆਂ ਵਿਚ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

• ਪਰਿਵਾਰ ਵਿਚ

• ਪ੍ਰਚਾਰ ਦੇ ਕੰਮ ਵਿਚ

• ਕਲੀਸਿਯਾ ਵਿਚ

• ਨਰਮ ਸੁਭਾਅ ਰੱਖਣ ਵਾਲਿਆਂ ਨਾਲ ਕਿਹੜੇ ਵਾਅਦੇ ਕੀਤੇ ਗਏ ਹਨ?

[ਸਵਾਲ]

[ਸਫ਼ੇ 21 ਉੱਤੇ ਤਸਵੀਰ]

ਨਰਮਾਈ ਖ਼ਾਸ ਕਰਕੇ ਉਨ੍ਹਾਂ ਪਰਿਵਾਰਾਂ ਵਿਚ ਜ਼ਰੂਰੀ ਹੈ ਜਿਨ੍ਹਾਂ ਦੇ ਸਾਰੇ ਜੀਅ ਸੱਚਾਈ ਵਿਚ ਨਹੀਂ ਹਨ

[ਸਫ਼ੇ 21 ਉੱਤੇ ਤਸਵੀਰ]

ਨਰਮਾਈ ਪਰਿਵਾਰਾਂ ਨੂੰ ਮਜ਼ਬੂਤ ਬਣਾਉਂਦੀ ਹੈ

[ਸਫ਼ੇ 23 ਉੱਤੇ ਤਸਵੀਰ]

ਨਰਮਾਈ ਅਤੇ ਅਦਬ ਨਾਲ ਉੱਤਰ ਦਿਓ

[ਸਫ਼ੇ 24 ਉੱਤੇ ਤਸਵੀਰ]

ਨਰਮਾਈ ਨਾਲ ਸਲਾਹ ਦੇ ਕੇ ਗ਼ਲਤੀ ਕਰਨ ਵਾਲੇ ਦੀ ਮਦਦ ਕੀਤੀ ਜਾ ਸਕਦੀ ਹੈ