ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਲੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਸ਼ਾਫਾਨ ਦੇ ਖ਼ਾਨਦਾਨ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਸ਼ਾਫਾਨ ਯਹੂਦਾਹ ਦੇ ਰਾਜਾ ਯੋਸੀਯਾਹ ਦਾ ਸੈਕਟਰੀ ਤੇ ਨਕਲਨਵੀਸ ਸੀ। ਅਸਰ-ਰਸੂਖ ਵਾਲਾ ਵਿਅਕਤੀ ਹੋਣ ਕਰਕੇ ਸ਼ਾਫਾਨ ਨੇ ਸੱਚੀ ਉਪਾਸਨਾ ਨੂੰ ਅੱਗੇ ਵਧਾਉਣ ਵਿਚ ਰਾਜੇ ਦੀ ਮਦਦ ਕੀਤੀ। ਸ਼ਾਫਾਨ ਦੇ ਦੋ ਪੁੱਤਰਾਂ ਨੇ ਯਿਰਮਿਯਾਹ ਨਬੀ ਦਾ ਸਾਥ ਦਿੱਤਾ। ਸ਼ਾਫਾਨ ਦੇ ਇਕ ਹੋਰ ਪੁੱਤਰ ਅਤੇ ਦੋ ਪੋਤਿਆਂ ਨੇ ਵੀ ਸੱਚੀ ਉਪਾਸਨਾ ਨੂੰ ਅੱਗੇ ਵਧਾਉਣ ਲਈ ਆਪਣੇ ਉੱਚੇ ਅਧਿਕਾਰ ਨੂੰ ਵਰਤਿਆ ਸੀ। ਅਸੀਂ ਵੀ ਆਪਣਾ ਪੈਸਾ-ਧੇਲਾ ਜਾਂ ਆਪਣੀ ਪਦਵੀ ਨੂੰ ਯਹੋਵਾਹ ਦੀ ਸੰਸਥਾ ਅਤੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਵਰਤ ਸਕਦੇ ਹਾਂ।—12/15, ਸਫ਼ੇ 19-22.
• ਈਰੀਨ ਹੁਖਸਟੈਨਬਾਖ ਆਪਣੀ ਇਕ ਅਪਾਹਜਤਾ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਨ ਵਿਚ ਕਿਵੇਂ ਸਫ਼ਲ ਹੋਈ?
ਈਰੀਨ ਸੱਤ ਸਾਲ ਦੀ ਉਮਰ ਵਿਚ ਹੀ ਬੋਲ਼ੀ ਹੋ ਗਈ ਸੀ। ਇਸ ਦੇ ਬਾਵਜੂਦ, ਉਸ ਨੇ ਦੂਸਰਿਆਂ ਨਾਲ ਗੱਲ ਕਰਨੀ ਸਿੱਖੀ ਅਤੇ ਹੁਣ ਉਹ ਨੀਦਰਲੈਂਡਜ਼ ਵਿਚ ਆਪਣੇ ਪਤੀ (ਜੋ ਸਫ਼ਰੀ ਨਿਗਾਹਬਾਨ ਹੈ) ਨਾਲ ਵੱਖੋ-ਵੱਖਰੀਆਂ ਕਲੀਸਿਯਾਵਾਂ ਨੂੰ ਜਾਂਦੀ ਹੈ।—1/1, ਸਫ਼ੇ 23-6.
• “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਵਿਚ ਕਿਹੜੀਆਂ ਦੋ ਨਵੀਆਂ ਕਿਤਾਬਾਂ ਰਿਲੀਸ ਕੀਤੀਆਂ ਗਈਆਂ ਸਨ?
ਇੱਕੋ ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰੋ (ਅੰਗ੍ਰੇਜ਼ੀ) ਨਾਮਕ ਨਵੀਂ ਕਿਤਾਬ ਹਾਸਲ ਕਰ ਕੇ ਦੁਨੀਆਂ ਭਰ ਦੇ ਮਸੀਹੀ ਬਹੁਤ ਖ਼ੁਸ਼ ਹੋਏ ਸਨ। ਇਹ ਕਿਤਾਬ ਉਨ੍ਹਾਂ ਵਿਅਕਤੀਆਂ ਨਾਲ ਅਧਿਐਨ ਕਰਨ ਲਈ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦਾ ਅਧਿਐਨ ਕਰ ਲਿਆ ਹੈ। ਰਿਲੀਸ ਕੀਤੀ ਗਈ ਦੂਸਰੀ ਕਿਤਾਬ ਸੀ ਯਹੋਵਾਹ ਦੇ ਨੇੜੇ ਰਹੋ (ਅੰਗ੍ਰੇਜ਼ੀ), ਜੋ ਯਹੋਵਾਹ ਦੇ ਗੁਣਾਂ ਅਤੇ ਕੰਮਾਂ ਉੱਤੇ ਜ਼ੋਰ ਦਿੰਦੀ ਹੈ। ਇਸ ਕਿਤਾਬ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਯਹੋਵਾਹ ਦੇ ਗੁਣਾਂ ਦੀ ਕਿਵੇਂ ਰੀਸ ਕਰ ਸਕਦੇ ਹਾਂ।—1/15, ਸਫ਼ੇ 23, 24.
• ਕਹਾਉਤਾਂ 12:5 ਵਿਚ “ਧਰਮੀਆਂ ਦੀਆਂ ਚਿਤਮਣੀਆਂ ਤਾਂ ਨਿਆਉਂ ਵਾਲੀਆਂ ਹੁੰਦੀਆਂ ਹਨ” ਸ਼ਬਦਾਂ ਦਾ ਕੀ ਮਤਲਬ ਹੈ?
ਧਰਮੀ ਲੋਕਾਂ ਦੇ ਖ਼ਿਆਲ ਹੇਰਾ-ਫੇਰੀ ਕਰਨ ਬਾਰੇ ਹੋਣ ਦੀ ਬਜਾਇ ਨੇਕ ਹੁੰਦੇ ਹਨ। ਅਜਿਹੇ ਲੋਕ ਪਰਮੇਸ਼ੁਰ ਅਤੇ ਲੋਕਾਂ ਨਾਲ ਪਿਆਰ ਕਰਦੇ ਹਨ ਤੇ ਉਨ੍ਹਾਂ ਦੀ ਨੀਅਤ ਚੰਗੀ ਹੁੰਦੀ ਹੈ।—1/15, ਸਫ਼ਾ 30.
• ਅਸੀਂ ਕੰਮ ਬਾਰੇ ਸਹੀ ਨਜ਼ਰੀਆ ਕਿਵੇਂ ਪੈਦਾ ਕਰ ਸਕਦੇ ਹਾਂ?
ਬਚਪਨ ਤੋਂ ਹੀ ਕੰਮ ਕਰਨ ਦੀ ਆਦਤ ਪਾਉਣੀ ਅਤੇ ਇਸ ਨੂੰ ਮਹੱਤਵਪੂਰਣ ਸਮਝਣਾ ਚੰਗੀ ਗੱਲ ਹੈ। ਬਾਈਬਲ ਸਾਨੂੰ ਕੰਮ ਬਾਰੇ ਸਹੀ ਨਜ਼ਰੀਆ ਪੈਦਾ ਕਰਨ ਅਤੇ ਆਲਸੀ ਨਾ ਹੋਣ ਦੀ ਸਲਾਹ ਦਿੰਦੀ ਹੈ। (ਕਹਾਉਤਾਂ 20:4) ਬਾਈਬਲ ਮਸੀਹੀਆਂ ਨੂੰ ਕੰਮ ਵਿਚ ਹੀ ਰੁੱਝੇ ਨਾ ਰਹਿਣ ਦੀ ਤਾਕੀਦ ਵੀ ਕਰਦੀ ਹੈ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਸੇਵਾ ਦੀ ਸਾਡੀ ਜ਼ਿੰਦਗੀ ਵਿਚ ਪਹਿਲੀ ਥਾਂ ਹੋਣੀ ਚਾਹੀਦੀ ਹੈ। (1 ਕੁਰਿੰਥੀਆਂ 7:29-31) ਇਸ ਤੋਂ ਇਲਾਵਾ, ਸੱਚੇ ਮਸੀਹੀਆਂ ਨੂੰ ਪੱਕਾ ਭਰੋਸਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਕਦੇ ਨਹੀਂ ਤਿਆਗੇਗਾ।—2/1, ਸਫ਼ੇ 4-6.
• ਜਗਵੇਦੀ ਦਾ ਜ਼ਿਕਰ ਪਹਿਲੀ ਵਾਰ ਬਾਈਬਲ ਵਿਚ ਕਿੱਥੇ ਕੀਤਾ ਗਿਆ ਹੈ?
ਜਗਵੇਦੀ ਦਾ ਜ਼ਿਕਰ ਪਹਿਲੀ ਵਾਰ ਉਤਪਤ 8:20 ਵਿਚ ਕੀਤਾ ਗਿਆ ਹੈ। ਜਦੋਂ ਨੂੰਹ ਜਲ-ਪਰਲੋ ਮਗਰੋਂ ਕਿਸ਼ਤੀ ਵਿੱਚੋਂ ਨਿਕਲਿਆ, ਤਾਂ ਉਸ ਨੇ ਇਕ ਜਗਵੇਦੀ ਬਣਾਈ ਸੀ। ਪਰ ਹੋ ਸਕਦਾ ਹੈ ਕਿ ਕਇਨ ਅਤੇ ਹਾਬਲ ਨੇ ਵੀ ਭੇਟਾਂ ਚੜ੍ਹਾਉਣ ਲਈ ਜਗਵੇਦੀਆਂ ਬਣਾਈਆਂ ਹੋਣ। (ਉਤਪਤ 4:3, 4)—2/15, ਸਫ਼ਾ 28.
• ਕੁਝ ਮਸੀਹੀ ਆਪਣੀ ਜ਼ਿੰਦਗੀ ਦੇ ਬਦਲਦੇ ਹਾਲਾਤਾਂ ਦਾ ਕਿਵੇਂ ਫ਼ਾਇਦਾ ਉਠਾ ਸਕਦੇ ਹਨ?
ਕਈਆਂ ਨੇ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਲਗਾਉਣ ਲਈ ਆਪਣੇ ਕੰਮ ਦੀ ਥਾਂ ਤੇ ਪੈਦਾ ਹੋਏ ਨਵੇਂ ਹਾਲਾਤਾਂ ਦਾ ਫ਼ਾਇਦਾ ਉਠਾਇਆ ਜਾਂ ਉਨ੍ਹਾਂ ਨੇ ਆਪਣੇ ਹਾਲਾਤਾਂ ਨੂੰ ਬਦਲਣ ਵਿਚ ਪਹਿਲ ਕੀਤੀ। ਦੂਸਰੇ ਭੈਣ-ਭਰਾਵਾਂ ਦੀਆਂ ਘਰੇਲੂ ਜ਼ਿੰਮੇਵਾਰੀਆਂ ਘੱਟ ਗਈਆਂ ਜਦੋਂ ਉਨ੍ਹਾਂ ਦੇ ਬੱਚਿਆਂ ਨੇ ਵਿਆਹ ਕਰਾ ਕੇ ਆਪਣਾ-ਆਪਣਾ ਘਰ ਵਸਾ ਲਿਆ। ਇਨ੍ਹਾਂ ਨਵੇਂ ਹਾਲਾਤਾਂ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਵੱਖ-ਵੱਖ ਹੈਸੀਅਤ ਵਿਚ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ।—3/1, ਸਫ਼ੇ 19-22.
• ਯੂਨਾਹ ਅਤੇ ਪਤਰਸ ਰਸੂਲ ਦੀਆਂ ਮਿਸਾਲਾਂ ਦੂਸਰਿਆਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ?
ਯੂਨਾਹ ਅਤੇ ਪਤਰਸ ਦੋਨਾਂ ਦੀ ਸੋਚ ਗ਼ਲਤ ਸੀ ਅਤੇ ਉਨ੍ਹਾਂ ਨੇ ਨਿਹਚਾ ਤੇ ਆਗਿਆਕਾਰੀ ਦੀਆਂ ਪਰੀਖਿਆਵਾਂ ਦਾ ਸਹੀ ਤਰੀਕੇ ਨਾਲ ਸਾਮ੍ਹਣਾ ਨਹੀਂ ਕੀਤਾ। ਪਰ ਫਿਰ ਵੀ ਯਹੋਵਾਹ ਨੇ ਉਨ੍ਹਾਂ ਵਿਚ ਚੰਗੇ ਗੁਣ ਦੇਖੇ ਅਤੇ ਉਨ੍ਹਾਂ ਨੂੰ ਆਪਣੀ ਸੇਵਾ ਵਿਚ ਇਸਤੇਮਾਲ ਕੀਤਾ। ਇਸੇ ਤਰ੍ਹਾਂ, ਜਦੋਂ ਦੂਸਰੇ ਸਾਨੂੰ ਗੁੱਸਾ ਦਿਲਾਉਂਦੇ ਹਨ ਜਾਂ ਸਾਨੂੰ ਨਿਰਾਸ਼ ਕਰਦੇ ਹਨ, ਉਦੋਂ ਸਾਨੂੰ ਉਨ੍ਹਾਂ ਦੇ ਚੰਗੇ ਗੁਣਾਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਕਰਕੇ ਅਸੀਂ ਉਨ੍ਹਾਂ ਵੱਲ ਖਿੱਚੇ ਗਏ ਸੀ। ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਵਿਚ ਕਿਹੜੇ-ਕਿਹੜੇ ਚੰਗੇ ਗੁਣ ਦੇਖਦਾ ਹੈ।—3/15, ਸਫ਼ੇ 16-19.
• ਬਾਈਬਲ ਦੇ ਵੱਖ-ਵੱਖ ਅਨੁਵਾਦਾਂ ਵਿਚ ਜ਼ਬੂਰਾਂ ਦੀ ਪੋਥੀ ਦੇ ਅਧਿਆਵਾਂ ਦੇ ਨੰਬਰਾਂ ਵਿਚ ਕਿਉਂ ਫ਼ਰਕ ਹੈ?
ਮੂਲ ਇਬਰਾਨੀ ਭਾਸ਼ਾ ਵਿਚ ਲਿਖੀ ਬਾਈਬਲ ਅਤੇ ਇਸ ਦੇ ਯੂਨਾਨੀ ਅਨੁਵਾਦ ਸੈਪਟੁਜਿੰਟ ਵਿਚ ਜ਼ਬੂਰਾਂ ਦੀ ਪੋਥੀ ਦੇ ਅਧਿਆਵਾਂ ਦੇ ਨੰਬਰ ਮਿਲਦੇ-ਜੁਲਦੇ ਨਹੀਂ ਹਨ। ਇਸੇ ਲਈ ਹਾਲ ਹੀ ਵਿਚ ਕੀਤੇ ਗਏ ਅਨੁਵਾਦਾਂ ਵਿਚ ਫ਼ਰਕ ਹੋ ਸਕਦਾ ਹੈ ਕਿਉਂਕਿ ਕੁਝ ਅਨੁਵਾਦ ਇਬਰਾਨੀ ਭਾਸ਼ਾ ਦੀ ਬਾਈਬਲ ਉੱਤੇ ਆਧਾਰਿਤ ਹਨ ਅਤੇ ਦੂਸਰੇ ਸੈਪਟੁਜਿੰਟ ਉੱਤੇ।—4/1, ਸਫ਼ਾ 31.