ਜਦੋਂ ਪ੍ਰਚਾਰ ਕਰਨ ਦਾ ਆਪਣਾ ਹੀ ਅਲੱਗ ਮਜ਼ਾ ਆਉਂਦਾ ਹੈ
ਜਦੋਂ ਪ੍ਰਚਾਰ ਕਰਨ ਦਾ ਆਪਣਾ ਹੀ ਅਲੱਗ ਮਜ਼ਾ ਆਉਂਦਾ ਹੈ
“ਸੂਰਜ ਪੂਰੇ ਜ਼ੋਰਾਂ ਨਾਲ ਚਮਕ ਰਿਹਾ ਸੀ। ਪਹਾੜੀ ਰਸਤਾ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਕਈ ਰੁਕਾਵਟਾਂ ਪਾਰ ਕਰਨ ਤੋਂ ਬਾਅਦ ਅਖ਼ੀਰ ਅਸੀਂ ਆਪਣੀ ਮੰਜ਼ਲ—ਇਕ ਬਹੁਤ ਹੀ ਦੂਰ-ਦੁਰਾਡੇ ਪਿੰਡ—ਵਿਚ ਪਹੁੰਚ ਗਏ। ਜਦੋਂ ਅਸੀਂ ਪਹਿਲੇ ਘਰ ਦਾ ਦਰਵਾਜ਼ਾ ਖੜਕਾਇਆ, ਤਾਂ ਸਾਡਾ ਨਿੱਘਾ ਸੁਆਗਤ ਕੀਤਾ ਗਿਆ ਜਿਸ ਨਾਲ ਸਾਡੀ ਸਾਰੀ ਥਕਾਵਟ ਲੱਥ ਗਈ। ਪ੍ਰਚਾਰ ਖ਼ਤਮ ਕਰਨ ਤਕ ਅਸੀਂ ਆਪਣਾ ਸਾਰਾ ਸਾਹਿੱਤ ਵੰਡ ਚੁੱਕੇ ਸੀ। ਅਸੀਂ ਕਈ ਬਾਈਬਲ ਸਟੱਡੀਆਂ ਵੀ ਸ਼ੁਰੂ ਕੀਤੀਆਂ। ਲੋਕ ਬਾਈਬਲ ਦਾ ਗਿਆਨ ਲੈਣਾ ਚਾਹੁੰਦੇ ਸਨ। ਜਾਣ ਤੋਂ ਪਹਿਲਾਂ, ਅਸੀਂ ਉਨ੍ਹਾਂ ਕੋਲ ਦੁਬਾਰਾ ਆਉਣ ਦਾ ਵਾਅਦਾ ਕੀਤਾ।”
ਮੈਕਸੀਕੋ ਵਿਚ ਪਾਇਨੀਅਰਾਂ ਦੇ ਇਕ ਗਰੁੱਪ ਲਈ ਅਜਿਹੇ ਤਜਰਬੇ ਆਮ ਹਨ। ਉਨ੍ਹਾਂ ਨੇ ਯਿਸੂ ਮਸੀਹ ਦੇ ਹੁਕਮ ਨੂੰ ਮੰਨਣ ਦਾ ਪੱਕਾ ਇਰਾਦਾ ਕੀਤਾ ਹੈ ਜੋ ਉਸ ਨੇ ਆਪਣੇ ਚੇਲਿਆਂ ਨੂੰ ਦਿੱਤਾ ਸੀ: ‘ਤੁਸੀਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’ (ਰਸੂਲਾਂ ਦੇ ਕਰਤੱਬ 1:8) ਮੈਕਸੀਕੋ ਵਿਚ ਪ੍ਰਚਾਰ ਦੀਆਂ ਖ਼ਾਸ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪਾਇਨੀਅਰ ਰੂਟ ਕਿਹਾ ਜਾਂਦਾ ਹੈ। ਇਹ ਮੁਹਿੰਮਾਂ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਚਲਾਈਆਂ ਜਾਂਦੀਆਂ ਹਨ ਜਿੱਥੇ ਕੋਈ ਕਲੀਸਿਯਾ ਨਾ ਹੋਣ ਕਰਕੇ ਲੋਕਾਂ ਨੂੰ ਬਾਕਾਇਦਾ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨਹੀਂ ਸੁਣਾਈ ਜਾਂਦੀ। ਆਮ ਤੌਰ ਤੇ ਇਹ ਇਲਾਕੇ ਬਹੁਤ ਦੂਰ ਹੁੰਦੇ ਹਨ ਜਾਂ ਉਨ੍ਹਾਂ ਤਕ ਪਹੁੰਚਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਕਦੇ-ਕਦੇ ਦੂਰ-ਦੁਰੇਡੀਆਂ ਕਲੀਸਿਯਾਵਾਂ ਦੀ ਵੀ ਮਦਦ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਪ੍ਰਚਾਰ ਦਾ ਖੇਤਰ ਬਹੁਤ ਵੱਡਾ ਹੁੰਦਾ ਹੈ।
ਪਾਇਨੀਅਰ ਰੂਟ ਵਿਚ ਦੇਸ਼ ਦੇ ਕਿਹੜੇ ਇਲਾਕੇ ਸ਼ਾਮਲ ਕੀਤੇ ਜਾਣਗੇ, ਇਸ ਦਾ ਫ਼ੈਸਲਾ ਕਰਨ ਲਈ ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫਿਸ ਵੱਖ-ਵੱਖ ਇਲਾਕਿਆਂ ਦੀਆਂ ਲੋੜਾਂ ਬਾਰੇ ਜਾਣਕਾਰੀ ਲੈਂਦਾ ਹੈ। * ਇਸ ਤੋਂ ਬਾਅਦ ਵਿਸ਼ੇਸ਼ ਪਾਇਨੀਅਰਾਂ ਦੇ ਗਰੁੱਪ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਘੱਲੇ ਜਾਂਦੇ ਹਨ। ਉਨ੍ਹਾਂ ਨੂੰ ਗੱਡੀਆਂ ਦਿੱਤੀਆਂ ਜਾਂਦੀਆਂ ਹਨ ਜੋ ਉੱਚੇ-ਨੀਵੇਂ ਤੇ ਕੱਚੇ ਰਾਹਾਂ ਤੇ ਆਸਾਨੀ ਨਾਲ ਚਲਾਈਆਂ ਜਾ ਸਕਦੀਆਂ ਹਨ। ਇਨ੍ਹਾਂ ਗੱਡੀਆਂ ਵਿਚ ਸਾਹਿੱਤ ਵੀ ਰੱਖਿਆ ਜਾਂਦਾ ਹੈ ਤੇ ਲੋੜ ਪੈਣ ਤੇ ਪਾਇਨੀਅਰ ਇਨ੍ਹਾਂ ਵਿਚ ਸੌਂਦੇ ਵੀ ਹਨ।
ਕਈਆਂ ਨੇ ਮੁਹਿੰਮ ਵਿਚ ਹਿੱਸਾ ਲਿਆ
ਅਕਤੂਬਰ 1996 ਤੋਂ ਇਨ੍ਹਾਂ ਵਿਸ਼ੇਸ਼ ਪਾਇਨੀਅਰਾਂ ਨਾਲ ਇਸ ਮੁਹਿੰਮ ਵਿਚ ਹਿੱਸਾ ਲੈਣ ਲਈ ਰਾਜ ਦੇ ਦੂਸਰੇ ਪ੍ਰਚਾਰਕਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਜਿਹੜੇ ਪ੍ਰਕਾਸ਼ਕ ਅਤੇ ਨਿਯਮਿਤ ਪਾਇਨੀਅਰ ਉਸ ਜਗ੍ਹਾ ਜਾ ਕੇ ਪ੍ਰਚਾਰ ਕਰਨਾ ਚਾਹੁੰਦੇ ਸਨ ਜਿੱਥੇ ਜ਼ਿਆਦਾ ਲੋੜ ਹੈ, ਉਨ੍ਹਾਂ ਨੇ ਵੱਖਰੇ-ਵੱਖਰੇ ਤਰੀਕਿਆਂ ਨਾਲ ਇਸ ਮੁਹਿੰਮ ਵਿਚ ਹਿੱਸਾ ਲਿਆ। ਕੁਝ ਪ੍ਰਚਾਰਕਾਂ ਨੂੰ ਰਾਹ ਵਿਚ ਪੈਂਦੀਆਂ ਕਲੀਸਿਯਾਵਾਂ ਵਿਚ ਘੱਲਿਆ ਗਿਆ, ਤਾਂਕਿ ਉਹ ਉਨ੍ਹਾਂ ਕਲੀਸਿਯਾਵਾਂ ਦੇ ਇਲਾਕਿਆਂ ਵਿਚ ਪ੍ਰਚਾਰ ਕਰਨ ਅਤੇ ਬਾਈਬਲ ਦਾ ਗਿਆਨ ਲੈਣ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਮਦਦ ਕਰਨ। ਬਹੁਤ ਸਾਰੇ ਨੌਜਵਾਨ ਪ੍ਰਚਾਰਕਾਂ ਅਤੇ ਪਾਇਨੀਅਰਾਂ ਨੇ ਇਸ ਸੱਦੇ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਨੇ ਕਈ ਚੰਗੇ-ਚੰਗੇ ਤਜਰਬਿਆਂ ਦਾ ਆਨੰਦ ਮਾਣਿਆ ਹੈ।
ਉਦਾਹਰਣ ਲਈ, ਨੌਜਵਾਨ ਮਸੀਹੀ ਆਬੀਮੇਅਲ ਇਕ ਮੋਬਾਇਲ ਫ਼ੋਨ ਦੀ ਕੰਪਨੀ ਵਿਚ ਨੌਕਰੀ ਕਰਦਾ ਸੀ। ਉਸ ਦੀ ਤਨਖ਼ਾਹ ਚੰਗੀ-ਖ਼ਾਸੀ ਸੀ। ਉਸ ਨੇ ਦੂਰ-ਦੁਰੇਡੇ ਇਲਾਕਿਆਂ ਵਿਚ ਪ੍ਰਚਾਰ ਕਰਨ ਦੀ ਮੁਹਿੰਮ ਵਿਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ। ਜਦੋਂ ਉਸ ਦੇ ਮਾਲਕਾਂ ਨੂੰ ਪਤਾ ਲੱਗਿਆ ਕਿ ਉਹ ਨੌਕਰੀ ਛੱਡਣ ਵਾਲਾ ਸੀ, ਤਾਂ ਉਨ੍ਹਾਂ ਨੇ ਉਸ ਨੂੰ ਤਰੱਕੀ ਦੇਣ ਅਤੇ ਤਨਖ਼ਾਹ ਵਧਾਉਣ ਦੀ ਪੇਸ਼ਕਸ਼ ਕੀਤੀ। ਉਸ ਦੇ ਨਾਲ ਕੰਮ ਕਰਨ ਵਾਲਿਆਂ ਨੇ ਉਸ ਉੱਤੇ ਦਬਾਅ ਪਾਉਂਦੇ ਹੋਏ ਕਿਹਾ ਕਿ ਇਹ ਇਕ ਸੁਨਹਿਰਾ ਮੌਕਾ ਸੀ ਤੇ ਇਸ ਨੂੰ ਹੱਥੋਂ ਜਾਣ ਦੇਣਾ ਬੇਵਕੂਫ਼ੀ ਹੋਵੇਗੀ। ਪਰ ਆਬੀਮੇਅਲ ਨੇ ਤਿੰਨ ਮਹੀਨਿਆਂ ਲਈ ਪ੍ਰਚਾਰ ਦੀ ਇਸ ਖ਼ਾਸ ਮੁਹਿੰਮ ਵਿਚ ਹਿੱਸਾ ਲੈਣ ਦਾ ਇਰਾਦਾ ਕਰ ਲਿਆ ਸੀ। ਇਸ ਮੁਹਿੰਮ ਦਾ ਮਜ਼ਾ ਲੈਣ ਤੋਂ ਬਾਅਦ ਆਬੀਮੇਅਲ ਨੇ ਉਸ ਇਲਾਕੇ ਦੀ ਇਕ ਕਲੀਸਿਯਾ ਵਿਚ ਹੀ ਅਣਮਿੱਥੇ ਸਮੇਂ ਤਕ ਰਹਿਣ ਦਾ
ਫ਼ੈਸਲਾ ਕੀਤਾ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਬਹੁਤ ਲੋੜ ਹੈ। ਉਹ ਹੁਣ ਛੋਟੀ ਜਿਹੀ ਨੌਕਰੀ ਕਰਦਾ ਹੈ ਤੇ ਸਾਦੀ ਜ਼ਿੰਦਗੀ ਜੀ ਰਿਹਾ ਹੈ।ਖ਼ੂਲੀਸਾ ਨੂੰ ਜਿਹੜੀ ਕਲੀਸਿਯਾ ਵਿਚ ਸੇਵਾ ਕਰਨ ਲਈ ਕਿਹਾ ਗਿਆ ਸੀ, ਉੱਥੇ ਪਹੁੰਚਣ ਲਈ ਉਸ ਨੂੰ ਬੱਸ ਵਿਚ 22 ਘੰਟੇ ਸਫ਼ਰ ਕਰਨਾ ਪਿਆ। ਜਦੋਂ ਉਹ ਆਪਣੇ ਸਫ਼ਰ ਦੇ ਆਖ਼ਰੀ ਪੜਾਅ ਤੇ ਪਹੁੰਚੀ, ਤਾਂ ਆਖ਼ਰੀ ਬੱਸ ਜਾ ਚੁੱਕੀ ਸੀ। ਪਰ ਉੱਥੇ ਇਕ ਪਿਕ-ਅੱਪ ਟਰੱਕ ਖੜ੍ਹਾ ਸੀ ਜੋ ਮਜ਼ਦੂਰਾਂ ਨੂੰ ਲੈ ਜਾ ਰਿਹਾ ਸੀ। ਖ਼ੂਲੀਸਾ ਨੇ ਹੌਸਲਾ ਕਰ ਕੇ ਟਰੱਕ ਵਾਲੇ ਨੂੰ ਉਸ ਨੂੰ ਆਪਣੀ ਮੰਜ਼ਲ ਤਕ ਲੈ ਜਾਣ ਦੀ ਫ਼ਰਮਾਇਸ਼ ਕੀਤੀ। ਕਾਫ਼ੀ ਬੰਦਿਆਂ ਵਿਚ ਇਕੱਲੀ ਤੀਵੀਂ ਹੋਣ ਕਰਕੇ ਉਸ ਦਾ ਡਰਨਾ ਸੁਭਾਵਕ ਸੀ। ਫਿਰ ਉਸ ਨੇ ਇਕ ਨੌਜਵਾਨ ਨੂੰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਭੈਣ ਨੂੰ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹ ਨੌਜਵਾਨ ਵੀ ਯਹੋਵਾਹ ਦਾ ਗਵਾਹ ਸੀ। ਖ਼ੂਲੀਸਾ ਦੱਸਦੀ ਹੈ: “ਇਸ ਤੋਂ ਇਲਾਵਾ, ਉਸ ਟਰੱਕ ਦਾ ਡਰਾਈਵਰ ਉਸੇ ਕਲੀਸਿਯਾ ਵਿਚ ਬਜ਼ੁਰਗ ਸੀ ਜਿੱਥੇ ਮੈਨੂੰ ਘੱਲਿਆ ਗਿਆ ਸੀ!”
ਵੱਡੀ ਉਮਰ ਦੇ ਪ੍ਰਚਾਰਕਾਂ ਨੇ ਵੀ ਹਿੱਸਾ ਲਿਆ
ਪਰ ਇਸ ਮੁਹਿੰਮ ਵਿਚ ਜਵਾਨ ਪ੍ਰਚਾਰਕਾਂ ਨੇ ਹੀ ਹਿੱਸਾ ਨਹੀਂ ਲਿਆ। ਆਦੇਲਾ ਨਾਂ ਦੀ ਇਕ ਬਜ਼ੁਰਗ ਭੈਣ ਹਮੇਸ਼ਾ ਚਾਹੁੰਦੀ ਸੀ ਕਿ ਉਹ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਗਾਵੇ। ਉਸ ਨੂੰ ਇਹ ਮੌਕਾ ਮਿਲ ਗਿਆ ਜਦੋਂ ਉਸ ਨੂੰ ਇਸ ਖ਼ਾਸ ਮੁਹਿੰਮ ਵਿਚ ਹਿੱਸਾ ਲੈਣ ਦਾ ਸੱਦਾ ਮਿਲਿਆ। ਉਹ ਦੱਸਦੀ ਹੈ: “ਮੈਂ ਉੱਥੇ ਪ੍ਰਚਾਰ ਦਾ ਇੰਨਾ ਆਨੰਦ ਮਾਣਿਆ ਕਿ ਮੈਂ ਉਸ ਕਲੀਸਿਯਾ ਦੇ ਬਜ਼ੁਰਗਾਂ ਨੂੰ ਕਿਹਾ ਕਿ ਉਹ ਮੈਨੂੰ ਹੋਰ ਜ਼ਿਆਦਾ ਸਮੇਂ ਤਕ ਰਹਿਣ ਦੀ ਇਜਾਜ਼ਤ ਦੇਣ। ਮੈਂ ਬਹੁਤ ਖ਼ੁਸ਼ ਹਾਂ ਕਿ ਬੁੱਢੀ ਹੋਣ ਦੇ ਬਾਵਜੂਦ ਵੀ ਮੈਂ ਯਹੋਵਾਹ ਦੀ ਸੇਵਾ ਕਰ ਸਕਦੀ ਹਾਂ।”
ਇਸੇ ਤਰ੍ਹਾਂ 60 ਸਾਲਾਂ ਦੀ ਮਾਰਤਾ ਨੇ ਵੀ ਇਸ ਮੁਹਿੰਮ ਵਿਚ ਹਿੱਸਾ ਲੈ ਕੇ ਯਹੋਵਾਹ ਲਈ ਅਤੇ ਆਪਣੇ ਗੁਆਂਢੀਆਂ ਲਈ ਪਿਆਰ ਜ਼ਾਹਰ ਕੀਤਾ। ਜਦੋਂ ਉਸ ਨੇ ਦੇਖਿਆ ਕਿ ਉਸ ਦੇ ਗਰੁੱਪ ਦਾ ਪ੍ਰਚਾਰ ਦਾ ਇਲਾਕਾ ਬਹੁਤ ਦੂਰ ਸੀ ਤੇ ਉੱਥੇ ਜਾਣਾ ਬਹੁਤ ਮੁਸ਼ਕਲ ਸੀ, ਤਾਂ ਉਸ ਨੇ ਪਾਇਨੀਅਰਾਂ ਵਾਸਤੇ ਇਕ ਕਾਰ ਖ਼ਰੀਦ ਲਈ। ਕਾਰ ਵਿਚ ਜਾਣ ਕਰਕੇ ਪਾਇਨੀਅਰਾਂ ਨੂੰ ਉਸ ਇਲਾਕੇ ਦੇ ਜ਼ਿਆਦਾ ਲੋਕਾਂ ਨੂੰ ਬਾਈਬਲ ਦੀ ਸੱਚਾਈ ਦੱਸਣ ਦਾ ਮੌਕਾ ਮਿਲਿਆ।
ਭਰਵਾਂ ਹੁੰਗਾਰਾ
ਇਸ ਮੁਹਿੰਮ ਵਿਚ ਹਿੱਸਾ ਲੈਣ ਵਾਲੇ ਪ੍ਰਚਾਰਕਾਂ ਦਾ ਮਕਸਦ ਸੀ ‘ਚੇਲੇ ਬਣਾਉਣੇ।’ ਇਸ ਮੁਹਿੰਮ ਦੇ ਕਾਫ਼ੀ ਚੰਗੇ ਨਤੀਜੇ ਨਿਕਲੇ। ਦੂਰ-ਦੁਰਾਡੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੇ ਜ਼ਿੰਦਗੀ ਬਚਾਉਣ ਵਾਲੀਆਂ ਬਾਈਬਲ ਸੱਚਾਈਆਂ ਸਿੱਖੀਆਂ। (ਮੱਤੀ 28:19, 20) ਬਹੁਤ ਸਾਰੀਆਂ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਗਈਆਂ। ਇਹ ਸਟੱਡੀਆਂ ਹੁਣ ਉਸ ਇਲਾਕੇ ਦੇ ਪ੍ਰਕਾਸ਼ਕ ਕਰਾ ਰਹੇ ਹਨ ਜਾਂ ਉਹ ਭੈਣ-ਭਰਾ ਕਰਾ ਰਹੇ ਹਨ ਜਿਨ੍ਹਾਂ ਨੇ ਮੁਹਿੰਮ ਖ਼ਤਮ ਹੋਣ ਮਗਰੋਂ ਉੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ ਹੈ। ਕਈ ਥਾਵਾਂ ਤੇ ਨਵੇਂ ਪ੍ਰਕਾਸ਼ਕਾਂ ਦੇ ਗਰੁੱਪ ਬਣ ਗਏ ਹਨ ਅਤੇ ਕਈ ਹੋਰ ਇਲਾਕਿਆਂ ਵਿਚ ਛੋਟੀਆਂ-ਛੋਟੀਆਂ ਕਲੀਸਿਯਾਵਾਂ ਵੀ ਬਣਾਈਆਂ ਗਈਆਂ ਹਨ।
ਮਾਗਡਾਲੇਨੋ ਅਤੇ ਉਸ ਦੇ ਸਾਥੀ ਬੱਸਾਂ ਵਗੈਰਾ ਵਿਚ ਬੈਠ ਕੇ ਆਪਣੇ ਇਲਾਕੇ ਵਿਚ ਗਏ। ਰਾਹ ਵਿਚ ਉਨ੍ਹਾਂ ਨੂੰ ਇਕ ਡਰਾਈਵਰ
ਨੂੰ ਪ੍ਰਚਾਰ ਕਰਨ ਦਾ ਮੌਕਾ ਮਿਲਿਆ। “ਉਸ ਆਦਮੀ ਨੇ ਸਾਨੂੰ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਕੁਝ ਗਵਾਹ ਉਸ ਦੇ ਘਰ ਆਏ ਸਨ, ਪਰ ਉਹ ਉਸ ਵੇਲੇ ਘਰ ਨਹੀਂ ਸੀ। ਜਦੋਂ ਉਹ ਘਰ ਆਇਆ, ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਸਾਰੀਆਂ ਗੱਲਾਂ ਦੱਸੀਆਂ। ਅਸੀਂ ਉਸ ਨੂੰ ਦੱਸਿਆ ਕਿ ਅਸੀਂ ਇਸ ਇਲਾਕੇ ਦੇ ਰਹਿਣ ਵਾਲੇ ਨਹੀਂ ਹਾਂ, ਸਗੋਂ ਪ੍ਰਚਾਰ ਦੀ ਇਸ ਮੁਹਿੰਮ ਵਿਚ ਹਿੱਸਾ ਲੈਣ ਲਈ ਦੇਸ਼ ਦੇ ਵੱਖਰੇ-ਵੱਖਰੇ ਹਿੱਸਿਆਂ ਤੋਂ ਆਪਣੇ ਖ਼ਰਚੇ ਤੇ ਆਏ ਹਾਂ। ਡਰਾਈਵਰ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਉਸੇ ਹਫ਼ਤੇ ਬਾਈਬਲ ਸਟੱਡੀ ਸ਼ੁਰੂ ਕਰਨੀ ਚਾਹੁੰਦਾ ਸੀ। ਉਸ ਨੇ ਸਾਡੇ ਤੋਂ ਕਿਰਾਇਆ ਨਾ ਲੈ ਕੇ ਇਸ ਕੰਮ ਵਿਚ ਸਾਡੀ ਮਦਦ ਵੀ ਕੀਤੀ।”ਚੀਆਪਾਸ ਦੇ ਪਹਾੜੀ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਦੇ ਰਵੱਈਏ ਤੋਂ ਵੀ ਮਾਗਡਾਲੇਨੋ ਬਹੁਤ ਪ੍ਰਭਾਵਿਤ ਹੋਇਆ। “ਮੈਨੂੰ ਤੇ ਮੇਰੀ ਪਤਨੀ ਨੂੰ 26 ਨੌਜਵਾਨਾਂ ਦੇ ਇਕ ਗਰੁੱਪ ਨਾਲ ਰਾਜ ਦਾ ਸੰਦੇਸ਼ ਸਾਂਝਾ ਕਰਨ ਦਾ ਮੌਕਾ ਮਿਲਿਆ। ਇਹ ਸਾਰੇ ਜਣੇ ਪ੍ਰੈਸਬੀਟੀਰੀਅਨ ਚਰਚ ਜਾਂਦੇ ਸਨ। ਸਾਰਿਆਂ ਨੇ ਧਿਆਨ ਨਾਲ ਅੱਧੇ ਘੰਟੇ ਤਕ ਸਾਡੀ ਗੱਲ ਸੁਣੀ। ਉਨ੍ਹਾਂ ਨੇ ਆਪਣੀਆਂ ਬਾਈਬਲਾਂ ਵਿੱਚੋਂ ਆਇਤਾਂ ਵੀ ਪੜ੍ਹੀਆਂ। ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਮਕਸਦਾਂ ਬਾਰੇ ਚੰਗੀ ਤਰ੍ਹਾਂ ਦੱਸ ਸਕੇ। ਉੱਥੇ ਦੇ ਜ਼ਿਆਦਾਤਰ ਲੋਕਾਂ ਕੋਲ ਤਜ਼ੈਲਤਾਲ ਭਾਸ਼ਾ ਵਿਚ ਬਾਈਬਲਾਂ ਹਨ।” ਉੱਥੇ ਕਾਫ਼ੀ ਬਾਈਬਲ ਸਟੱਡੀਆਂ ਸ਼ੁਰੂ ਹੋਈਆਂ।
ਵਿਰੋਧ ਘਟਿਆ
ਚੀਆਪਾਸ ਦੇ ਇਕ ਇਲਾਕੇ ਵਿਚ ਕੁਝ ਲੋਕ ਸਾਡੇ ਪ੍ਰਚਾਰ ਦਾ ਵਿਰੋਧ ਕਰਦੇ ਸਨ, ਇਸ ਲਈ ਦੋ ਸਾਲ ਤੋਂ ਜ਼ਿਆਦਾ ਸਮੇਂ ਤਕ ਉੱਥੇ ਬਾਈਬਲ ਦਾ ਸੰਦੇਸ਼ ਨਹੀਂ ਸੁਣਾਇਆ ਗਿਆ ਸੀ। ਇਕ ਪੂਰੇ ਸਮੇਂ ਦੀ ਪ੍ਰਚਾਰਕ, ਟੇਰੇਸਾ ਨੇ ਦੇਖਿਆ ਕਿ ਕੁਝ ਭੈਣ-ਭਰਾ ਉਸ ਪਿੰਡ ਵਿਚ ਪ੍ਰਚਾਰ ਕਰਨ ਤੋਂ ਡਰਦੇ ਸਨ। “ਸਾਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਲੋਕਾਂ ਨੇ ਸਾਡੀ ਗੱਲ ਸੁਣੀ। ਜਦੋਂ ਅਸੀਂ ਪ੍ਰਚਾਰ ਕਰਨਾ ਖ਼ਤਮ ਕੀਤਾ, ਤਾਂ ਉਸੇ ਵੇਲੇ ਜ਼ੋਰ ਨਾਲ ਮੀਂਹ ਪੈਣ ਲੱਗ ਪਿਆ। ਮੀਂਹ ਤੋਂ ਬਚਣ ਲਈ ਥਾਂ ਲੱਭਦੇ-ਲੱਭਦੇ ਅਸੀਂ ਇਕ ਆਦਮੀ ਦੇ ਘਰ ਪਹੁੰਚੇ ਜਿਸ ਦਾ ਨਾਂ ਸਬੈਸਟੀਆਨ ਸੀ। ਉਸ ਨੇ ਸਾਨੂੰ ਆਪਣੇ ਘਰ ਵਿਚ ਪਨਾਹ ਦਿੱਤੀ। ਅੰਦਰ ਜਾਣ ਤੋਂ ਬਾਅਦ ਅਸੀਂ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਕੋਈ ਗਵਾਹ ਮਿਲਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਕੋਈ ਗਵਾਹ ਨਹੀਂ ਮਿਲਿਆ। ਇਸ ਲਈ ਮੈਂ ਉਸ ਨੂੰ ਗਵਾਹੀ ਦਿੱਤੀ ਅਤੇ ਮੈਂ ਉਸ ਨਾਲ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ * ਕਿਤਾਬ ਵਿੱਚੋਂ ਬਾਈਬਲ ਸਟੱਡੀ ਸ਼ੁਰੂ ਕੀਤੀ। ਜਦੋਂ ਅਸੀਂ ਸਟੱਡੀ ਖ਼ਤਮ ਕੀਤੀ, ਤਾਂ ਉਸ ਨੇ ਰੋਂਦੇ ਹੋਏ ਸਾਨੂੰ ਬੇਨਤੀ ਕੀਤੀ ਕਿ ਅਸੀਂ ਉਸ ਨੂੰ ਸਟੱਡੀ ਕਰਾਉਣ ਲਈ ਵਾਪਸ ਆਈਏ।”
ਚੀਆਪਾਸ ਦੇ ਇਲਾਕੇ ਵਿਚ ਗਏ ਪਾਇਨੀਅਰਾਂ ਦੇ ਇਕ ਹੋਰ ਗਰੁੱਪ ਨੇ ਦੱਸਿਆ: “ਅਸੀਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ ਕਿ ਉਸ ਨੇ ਸਾਡੀ ਮਦਦ ਕੀਤੀ। ਪਹਿਲੇ ਹਫ਼ਤੇ ਅਸੀਂ 27 ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ; ਦੂਸਰੇ ਹਫ਼ਤੇ ਅਸੀਂ ਲੋਕਾਂ ਨੂੰ ਵਿਡਿਓ ਬਾਈਬਲ—ਇਸ ਦਾ ਤੁਹਾਡੇ ਜੀਵਨ ਉੱਤੇ ਪ੍ਰਭਾਵ ਦੇਖਣ ਦਾ ਸੱਦਾ ਦਿੱਤਾ। ਸੱਠ ਲੋਕ ਇਸ ਨੂੰ ਦੇਖਣ ਆਏ। ਇਹ ਵਿਡਿਓ ਸਾਰਿਆਂ ਨੂੰ ਪਸੰਦ ਆਇਆ। ਵਿਡਿਓ ਖ਼ਤਮ ਹੋਣ ਤੇ ਅਸੀਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਬਾਈਬਲ ਸਟੱਡੀ ਕਰਨ ਲਈ ਇਕ ਗਰੁੱਪ ਬਣਾਉਣ। ਪਰ ਸਾਨੂੰ ਇਹ ਦੇਖ ਕੇ ਬੜੀ ਹੈਰਾਨੀ ਤੇ ਖ਼ੁਸ਼ੀ ਹੋਈ ਕਿ ਉਸ ਪਿੰਡ ਵਿਚ ਬਾਈਬਲ ਸਟੱਡੀ ਦੇ ਦੋ ਗਰੁੱਪ ਬਣੇ।
“ਆਪਣੇ ਨਿਯੁਕਤ ਇਲਾਕੇ ਵਿਚ ਪ੍ਰਚਾਰ ਕਰਨ ਤੋਂ ਬਾਅਦ, ਅਸੀਂ ਬਾਈਬਲ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਦਾ ਹੌਸਲਾ
ਵਧਾਉਣ ਅਤੇ ਇਹ ਦੇਖਣ ਲਈ ਉਸ ਪਿੰਡ ਵਿਚ ਵਾਪਸ ਗਏ ਕਿ ਦੋਵੇਂ ਬਾਈਬਲ ਸਟੱਡੀ ਗਰੁੱਪ ਕਿਵੇਂ ਚੱਲ ਰਹੇ ਸਨ। ਅਸੀਂ ਉਨ੍ਹਾਂ ਨੂੰ ਪਬਲਿਕ ਭਾਸ਼ਣ ਅਤੇ ਪਹਿਰਾਬੁਰਜ ਅਧਿਐਨ ਲਈ ਆਉਣ ਦਾ ਸੱਦਾ ਦਿੱਤਾ। ਪਰ ਸਭਾਵਾਂ ਕਰਨ ਲਈ ਸਾਨੂੰ ਇਕ ਵੱਡੀ ਜਗ੍ਹਾ ਦੀ ਲੋੜ ਸੀ। ਜਿਸ ਵਿਅਕਤੀ ਦੇ ਘਰ ਵਿਚ ਗਰੁੱਪ ਸਟੱਡੀ ਹੁੰਦੀ ਸੀ, ਉਸ ਨੇ ਆਪਣੇ ਘਰ ਦੇ ਪਿੱਛੇ ਵਿਹੜੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ: ‘ਸਭਾਵਾਂ ਵਿਹੜੇ ਵਿਚ ਕੀਤੀਆਂ ਜਾ ਸਕਦੀਆਂ ਹਨ।’”ਪ੍ਰਚਾਰ ਕਰਨ ਆਏ ਪਾਇਨੀਅਰਾਂ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੇ ਜੋਸ਼ ਨਾਲ ਉਸ ਵਿਹੜੇ ਦੀ ਸਾਫ਼-ਸਫ਼ਾਈ ਕੀਤੀ ਤਾਂਕਿ ਉੱਥੇ ਸਭਾ ਹੋ ਸਕੇ। ਪਹਿਲੀ ਸਭਾ ਵਿਚ 103 ਲੋਕ ਹਾਜ਼ਰ ਹੋਏ। ਹੁਣ ਉਸ ਪਿੰਡ ਵਿਚ 40 ਬਾਈਬਲ ਸਟੱਡੀਆਂ ਕਰਾਈਆਂ ਜਾ ਰਹੀਆਂ ਹਨ।
“ਬਹੁਤ ਹੀ ਵਧੀਆ ਤਜਰਬਾ”
ਪ੍ਰਚਾਰ ਦੇ ਕੰਮ ਵਿਚ ਚੰਗੇ ਨਤੀਜੇ ਮਿਲਣ ਤੋਂ ਇਲਾਵਾ, ਇਸ ਮੁਹਿੰਮ ਵਿਚ ਹਿੱਸਾ ਲੈਣ ਵਾਲਿਆਂ ਨੂੰ ਵੀ ਨਿੱਜੀ ਤੌਰ ਤੇ ਫ਼ਾਇਦੇ ਹੋਏ ਹਨ। ਮੁਹਿੰਮ ਵਿਚ ਹਿੱਸਾ ਲੈਣ ਵਾਲੀ ਇਕ ਨੌਜਵਾਨ ਪਾਇਨੀਅਰ ਮਾਰੀਆ ਆਪਣੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਜ਼ਾਹਰ ਕਰਦੀ ਹੈ: “ਦੋ ਕਾਰਨਾਂ ਕਰਕੇ ਮੇਰੇ ਲਈ ਇਹ ਬਹੁਤ ਹੀ ਵਧੀਆ ਤਜਰਬਾ ਸੀ। ਪ੍ਰਚਾਰ ਦਾ ਕੰਮ ਕਰਨ ਵਿਚ ਮੈਨੂੰ ਹੁਣ ਜ਼ਿਆਦਾ ਖ਼ੁਸ਼ੀ ਹੁੰਦੀ ਹੈ ਅਤੇ ਯਹੋਵਾਹ ਨਾਲ ਮੇਰਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਗਿਆ ਹੈ। ਇਕ ਵਾਰ ਪਹਾੜ ਚੜ੍ਹਦੇ ਹੋਏ ਅਸੀਂ ਸਾਰੇ ਬਹੁਤ ਥੱਕ ਗਏ ਸੀ। ਯਹੋਵਾਹ ਤੋਂ ਮਦਦ ਮੰਗਣ ਤੋਂ ਬਾਅਦ ਅਸੀਂ ਯਸਾਯਾਹ 40:29-31 ਦੇ ਸ਼ਬਦਾਂ ਦੀ ਸੱਚਾਈ ਦੇਖੀ: ‘ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ।’ ਇਸ ਤਰ੍ਹਾਂ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਸਕੇ। ਉੱਥੇ ਲੋਕਾਂ ਨੇ ਸਾਡਾ ਖੁੱਲ੍ਹੇ ਦਿਲ ਨਾਲ ਸੁਆਗਤ ਕੀਤਾ ਅਤੇ ਅਸੀਂ ਕਈ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ।”
ਸਤਾਰਾਂ ਸਾਲਾਂ ਦੀ ਇਕ ਹੋਰ ਜਵਾਨ ਪਾਇਨੀਅਰ ਕਲਾਉਡੀਆ ਸਾਨੂੰ ਦੱਸਦੀ ਹੈ: “ਮੈਨੂੰ ਬਹੁਤ ਫ਼ਾਇਦਾ ਹੋਇਆ ਹੈ। ਮੈਂ ਹੋਰ ਚੰਗੇ ਤਰੀਕੇ ਨਾਲ ਪ੍ਰਚਾਰ ਕਰਨਾ ਸਿੱਖਿਆ ਹੈ ਜਿਸ ਕਰਕੇ ਮੈਂ ਬਹੁਤ ਖ਼ੁਸ਼ ਹਾਂ। ਹੁਣ ਮੈਂ ਸੱਚਾਈ ਵਿਚ ਹੋਰ ਵੀ ਤਰੱਕੀ ਕਰਨੀ ਚਾਹੁੰਦੀ ਹਾਂ। ਮੈਂ ਅਧਿਆਤਮਿਕ ਤੌਰ ਤੇ ਵੀ ਮਜ਼ਬੂਤ ਹੋਈ ਹਾਂ। ਘਰ ਵਿਚ ਮੇਰੇ ਮੰਮੀ ਮੇਰੇ ਸਾਰੇ ਕੰਮ ਕਰਦੇ ਸਨ। ਹੁਣ ਜ਼ਿਆਦਾ ਤਜਰਬਾ ਹੋਣ ਕਰਕੇ ਮੈਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਸਿੱਖੀਆਂ ਹਨ। ਜਿੱਦਾਂ ਕਿ, ਪਹਿਲਾਂ ਮੈਂ ਖਾਣ-ਪੀਣ ਵਿਚ ਬੜੇ ਨਖ਼ਰੇ ਕਰਦੀ ਹੁੰਦੀ ਸੀ। ਪਰ ਹੁਣ ਮੈਨੂੰ ਆਪਣੇ ਆਪ ਨੂੰ ਵੱਖਰੇ-ਵੱਖਰੇ ਹਾਲਾਤਾਂ ਅਨੁਸਾਰ ਬਦਲਣਾ ਪਿਆ ਹੈ, ਇਸ ਲਈ ਹੁਣ ਮੈਨੂੰ ਜੋ ਵੀ ਮਿਲਦਾ ਹੈ, ਮੈਂ ਖਾ ਲੈਂਦੀ ਹਾਂ। ਇਸ ਮੁਹਿੰਮ ਵਿਚ ਹਿੱਸਾ ਲੈ ਕੇ ਮੈਂ ਕਈ ਚੰਗੇ ਦੋਸਤ ਬਣਾਏ ਹਨ। ਅਸੀਂ ਸਾਰੇ ਇਕ ਦੂਸਰੇ ਨਾਲ ਆਪਣੀਆਂ ਚੀਜ਼ਾਂ ਵੰਡਦੇ ਹਾਂ ਤੇ ਇਕ-ਦੂਜੇ ਦੀ ਮਦਦ ਕਰਦੇ ਹਾਂ।”
ਚੰਗਾ ਫਲ
ਇਨ੍ਹਾਂ ਖ਼ਾਸ ਜਤਨਾਂ ਦੇ ਕੀ ਨਤੀਜੇ ਨਿਕਲੇ ਹਨ? ਸਾਲ 2002 ਦੇ ਸ਼ੁਰੂ ਹੋਣ ਤਕ, ਤਕਰੀਬਨ 28,300 ਪਾਇਨੀਅਰ ਇਨ੍ਹਾਂ ਪਾਇਨੀਅਰ ਰੂਟ ਮੁਹਿੰਮਾਂ ਵਿਚ ਹਿੱਸਾ ਲੈ ਚੁੱਕੇ ਸਨ। ਉਨ੍ਹਾਂ ਨੇ 1,40,000 ਤੋਂ ਜ਼ਿਆਦਾ ਬਾਈਬਲ ਸਟੱਡੀਆਂ ਕਰਾਈਆਂ ਅਤੇ ਪ੍ਰਚਾਰ ਕਰਨ ਵਿਚ 20 ਲੱਖ ਤੋਂ ਜ਼ਿਆਦਾ ਘੰਟੇ ਲਾਏ। ਬਾਈਬਲ ਸੱਚਾਈ ਸਿੱਖਣ ਵਿਚ ਲੋਕਾਂ ਦੀ ਮਦਦ ਕਰਨ ਲਈ ਉਨ੍ਹਾਂ ਨੇ ਤਕਰੀਬਨ 1,21,000 ਕਿਤਾਬਾਂ ਅਤੇ ਲਗਭਗ 7,30,000 ਰਸਾਲੇ ਵੰਡੇ। ਕੁਝ ਪਾਇਨੀਅਰਾਂ ਕੋਲ 20 ਜਾਂ ਜ਼ਿਆਦਾ ਬਾਈਬਲ ਸਟੱਡੀਆਂ ਹਨ।
ਲੋਕ ਵੀ ਯਹੋਵਾਹ ਦੇ ਗਵਾਹਾਂ ਦੇ ਸ਼ੁਕਰਗੁਜ਼ਾਰ ਹਨ ਕਿ ਗਵਾਹਾਂ ਨੇ ਉਨ੍ਹਾਂ ਨੂੰ ਬਾਈਬਲ ਦਾ ਸੰਦੇਸ਼ ਦੱਸਣ ਲਈ ਇੰਨੇ ਜਤਨ ਕੀਤੇ। ਗ਼ਰੀਬ ਹੋਣ ਦੇ ਬਾਵਜੂਦ ਕਈਆਂ ਨੇ ਗਵਾਹਾਂ ਦੇ ਕੰਮ ਲਈ ਦਾਨ ਦਿੱਤੇ। ਸੱਤਰ ਸਾਲਾਂ ਦੀ ਇਕ ਗ਼ਰੀਬ ਤੀਵੀਂ ਨੂੰ ਜਦੋਂ ਵੀ ਪਾਇਨੀਅਰ ਮਿਲਣ ਜਾਂਦੇ ਹਨ, ਤਾਂ ਉਹ ਉਨ੍ਹਾਂ ਨੂੰ ਕੁਝ-ਨਾ-ਕੁਝ ਦਿੰਦੀ ਹੈ। ਜੇ ਉਹ ਲੈਣ ਤੋਂ ਇਨਕਾਰ ਕਰ ਦਿੰਦੇ ਹਨ, ਤਾਂ ਉਹ ਰੋਣ ਲੱਗ ਪੈਂਦੀ ਹੈ। ਇਕ ਗ਼ਰੀਬ ਪਰਿਵਾਰ ਪੂਰੇ ਸਮੇਂ ਦੇ ਪ੍ਰਚਾਰਕਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਦੀ ਕੁੱਕੜੀ ਨੇ ਉਨ੍ਹਾਂ ਲਈ ਕੁਝ ਆਂਡੇ ਦਿੱਤੇ ਹਨ ਤੇ ਆਂਡੇ ਲੈਣ ਲਈ ਉਨ੍ਹਾਂ ਉੱਤੇ ਜ਼ੋਰ ਪਾਉਂਦਾ ਹੈ।
ਇਸ ਤੋਂ ਚੰਗੀ ਗੱਲ ਇਹ ਹੈ ਕਿ ਇਹ ਨੇਕਦਿਲ ਲੋਕ ਅਧਿਆਤਮਿਕ ਸਿੱਖਿਆ ਦੀ ਸੱਚੇ ਦਿਲੋਂ ਕਦਰ ਕਰਦੇ ਹਨ। ਉਦਾਹਰਣ ਲਈ ਇਕ ਕੁੜੀ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਲਈ ਸਾਢੇ ਤਿੰਨ ਘੰਟੇ ਤੁਰ ਕੇ ਆਉਂਦੀ ਹੈ ਤੇ ਉਹ ਇਕ ਵੀ ਸਭਾ ਨਹੀਂ ਛੱਡਦੀ। ਇਕ ਬਜ਼ੁਰਗ ਤੀਵੀਂ ਦੇ ਗੋਡੇ ਠੀਕ ਨਹੀਂ ਹਨ, ਫਿਰ ਵੀ ਉਹ ਸਫ਼ਰੀ ਨਿਗਾਹਬਾਨ ਦੇ ਦੌਰੇ ਦੌਰਾਨ ਬਾਈਬਲ ਦੀ ਸਿੱਖਿਆ ਲੈਣ ਲਈ ਦੋ ਘੰਟੇ ਸਫ਼ਰ ਕਰ ਕੇ ਸਭਾਵਾਂ ਵਿਚ ਆਈ। ਜੋ ਲੋਕ ਅਨਪੜ੍ਹ ਸਨ, ਉਹ ਪੜ੍ਹਨਾ-ਲਿਖਣਾ ਚਾਹੁੰਦੇ ਸਨ ਤਾਂਕਿ ਉਹ ਬਾਈਬਲ ਦੀ ਸਿੱਖਿਆ ਦਾ ਜ਼ਿਆਦਾ ਫ਼ਾਇਦਾ ਲੈ ਸਕਣ। ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ ਹੈ।
ਰਸੂਲਾਂ ਦੇ ਕਰਤੱਬ ਵਿਚ ਲੂਕਾ ਇਕ ਦਰਸ਼ਣ ਦਾ ਜ਼ਿਕਰ ਕਰਦਾ ਹੈ ਜੋ ਪੌਲੁਸ ਰਸੂਲ ਨੇ ਦੇਖਿਆ ਸੀ: “ਇੱਕ ਮਕਦੂਨੀ ਮਨੁੱਖ ਖੜਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ ਜੋ ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ।” ਪੌਲੁਸ ਨੇ ਉਸ ਸੱਦੇ ਨੂੰ ਸਵੀਕਾਰ ਕੀਤਾ। ਅੱਜ ਮੈਕਸੀਕੋ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਬਹੁਤ ਸਾਰੇ ਪ੍ਰਚਾਰਕਾਂ ਨੇ ਇਸੇ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹੋਏ “ਧਰਤੀ ਦੇ ਬੰਨੇ ਤੀਕੁਰ” ਗਵਾਹੀ ਦੇਣ ਲਈ ਆਪਣੇ ਆਪ ਨੂੰ ਪੇਸ਼ ਕੀਤਾ ਹੈ।—ਰਸੂਲਾਂ ਦੇ ਕਰਤੱਬ 1:8; 16:9, 10.
[ਸਫ਼ੇ 9 ਉੱਤੇ ਤਸਵੀਰ]
ਮੈਕਸੀਕੋ ਦੇ ਬਹੁਤ ਸਾਰੇ ਗਵਾਹਾਂ ਨੇ ਪ੍ਰਚਾਰ ਦੀਆਂ ਖ਼ਾਸ ਮੁਹਿੰਮਾਂ ਵਿਚ ਹਿੱਸਾ ਲਿਆ ਹੈ
[ਫੁਟਨੋਟ]
^ ਪੈਰਾ 4 ਹਾਲ ਹੀ ਦੇ ਇਕ ਸਾਲ ਦੌਰਾਨ, ਮੈਕਸੀਕੋ ਵਿਚ ਅੱਠ ਪ੍ਰਤਿਸ਼ਤ ਤੋਂ ਜ਼ਿਆਦਾ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਬਾਕਾਇਦਾ ਪ੍ਰਚਾਰ ਨਹੀਂ ਕਰ ਰਹੀਆਂ ਸਨ। ਇਸ ਦਾ ਮਤਲਬ ਹੈ ਕਿ 82,00,000 ਤੋਂ ਜ਼ਿਆਦਾ ਲੋਕ ਦੂਰ-ਦੁਰੇਡੇ ਇਲਾਕਿਆਂ ਵਿਚ ਰਹਿੰਦੇ ਹਨ ਜਿੱਥੇ ਬਹੁਤ ਘੱਟ ਪ੍ਰਚਾਰ ਕੀਤਾ ਜਾਂਦਾ ਹੈ।
^ ਪੈਰਾ 17 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।