Skip to content

Skip to table of contents

ਨੌਜਵਾਨੋ—ਯਹੋਵਾਹ ਤੁਹਾਡੇ ਕੰਮ ਨੂੰ ਨਹੀਂ ਭੁੱਲੇਗਾ!

ਨੌਜਵਾਨੋ—ਯਹੋਵਾਹ ਤੁਹਾਡੇ ਕੰਮ ਨੂੰ ਨਹੀਂ ਭੁੱਲੇਗਾ!

ਨੌਜਵਾਨੋ—ਯਹੋਵਾਹ ਤੁਹਾਡੇ ਕੰਮ ਨੂੰ ਨਹੀਂ ਭੁੱਲੇਗਾ!

“ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.

1. ਬਾਈਬਲ ਵਿਚ ਇਬਰਾਨੀਆਂ ਅਤੇ ਮਲਾਕੀ ਨਾਂ ਦੀਆਂ ਕਿਤਾਬਾਂ ਕਿਵੇਂ ਦਿਖਾਉਂਦੀਆਂ ਹਨ ਕਿ ਯਹੋਵਾਹ ਤੁਹਾਡੀ ਸੇਵਾ ਦੀ ਕਦਰ ਕਰਦਾ ਹੈ?

ਕੀ ਤੁਸੀਂ ਕਦੇ ਆਪਣੇ ਦੋਸਤ ਲਈ ਕੋਈ ਚੰਗਾ ਕੰਮ ਕੀਤਾ ਹੈ ਜਿਸ ਦੇ ਬਦਲੇ ਉਸ ਨੇ ਤੁਹਾਡਾ ਸ਼ੁਕਰੀਆ ਅਦਾ ਵੀ ਨਹੀਂ ਕੀਤਾ? ਜਦੋਂ ਕੋਈ ਚੰਗੇ ਕੰਮ ਦੀ ਕਦਰ ਨਹੀਂ ਕਰਦਾ ਜਾਂ ਉਸ ਕੰਮ ਨੂੰ ਪੂਰੀ ਤਰ੍ਹਾਂ ਭੁਲਾ ਦਿੰਦਾ ਹੈ, ਤਾਂ ਦਿਲ ਨੂੰ ਉਦੋਂ ਗਹਿਰੀ ਸੱਟ ਲੱਗਦੀ ਹੈ। ਪਰ ਯਹੋਵਾਹ ਇਸ ਤਰ੍ਹਾਂ ਨਹੀਂ ਕਰਦਾ ਜਦੋਂ ਅਸੀਂ ਉਸ ਦੀ ਦਿਲੋਂ ਸੇਵਾ ਕਰਦੇ ਹਾਂ! ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।” (ਇਬਰਾਨੀਆਂ 6:10) ਇਸ ਗੱਲ ਦੀ ਅਹਿਮੀਅਤ ਉੱਤੇ ਜ਼ਰਾ ਗੌਰ ਕਰੋ। ਦਰਅਸਲ, ਯਹੋਵਾਹ ਇਸ ਗੱਲ ਨੂੰ ਅਨਿਆਂ ਯਾਨੀ ਪਾਪ ਸਮਝਦਾ ਹੈ ਜੇ ਉਹ ਭੁੱਲ ਜਾਵੇ ਕਿ ਤੁਸੀਂ ਉਸ ਦੀ ਸੇਵਾ ਵਿਚ ਕੀ ਕੀਤਾ ਹੈ ਜਾਂ ਕਰ ਰਹੇ ਹੋ। ਯਹੋਵਾਹ ਤੁਹਾਡੇ ਕੰਮ ਦੀ ਕਿੰਨੀ ਕਦਰ ਕਰਦਾ ਹੈ!—ਮਲਾਕੀ 3:10.

2. ਯਹੋਵਾਹ ਦੀ ਸੇਵਾ ਕਰਨੀ ਇਕ ਸਨਮਾਨ ਦੀ ਗੱਲ ਕਿਉਂ ਹੈ?

2 ਤੁਹਾਡੇ ਕੋਲ ਇਸ ਕਦਰਦਾਨ ਪਰਮੇਸ਼ੁਰ ਦੀ ਭਗਤੀ ਅਤੇ ਸੇਵਾ ਕਰਨ ਦਾ ਖ਼ਾਸ ਸਨਮਾਨ ਹੈ। ਦੁਨੀਆਂ ਦੀ 6 ਅਰਬ ਆਬਾਦੀ ਵਿੱਚੋਂ ਸਿਰਫ਼ 60 ਲੱਖ ਭੈਣ-ਭਰਾ ਹੀ ਯਹੋਵਾਹ ਦੀ ਸੇਵਾ ਕਰ ਰਹੇ ਹਨ। ਇਸ ਲਈ ਤੁਹਾਡਾ ਸਨਮਾਨ ਬਹੁਤ ਹੀ ਕੀਮਤੀ ਹੈ। ਇਸ ਤੋਂ ਇਲਾਵਾ, ਤੁਸੀਂ ਖ਼ੁਸ਼ ਖ਼ਬਰੀ ਦੇ ਸੰਦੇਸ਼ ਨੂੰ ਸੁਣ ਕੇ ਉਸ ਦੇ ਅਨੁਸਾਰ ਚੱਲ ਰਹੇ ਹੋ ਜੋ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਤੁਹਾਡੇ ਵਿਚ ਨਿੱਜੀ ਦਿਲਚਸਪੀ ਲੈਂਦਾ ਹੈ ਕਿਉਂਕਿ ਯਿਸੂ ਨੇ ਕਿਹਾ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਜੀ ਹਾਂ, ਮਸੀਹ ਦੇ ਬਲੀਦਾਨ ਤੋਂ ਲਾਭ ਹਾਸਲ ਕਰਨ ਵਿਚ ਯਹੋਵਾਹ ਹਰੇਕ ਇਨਸਾਨ ਦੀ ਮਦਦ ਕਰਦਾ ਹੈ।

ਆਪਣੇ ਖ਼ਾਸ ਸਨਮਾਨ ਦੀ ਕਦਰ ਕਰੋ

3. ਕੋਰਹ ਦੇ ਪੁੱਤਰਾਂ ਨੇ ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਸਨਮਾਨ ਦੀ ਕਦਰ ਕਿਵੇਂ ਕੀਤੀ ਸੀ?

3 ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ, ਤੁਹਾਡੇ ਕੋਲ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਨ ਦਾ ਖ਼ਾਸ ਸਨਮਾਨ ਹੈ। (ਕਹਾਉਤਾਂ 27:11) ਇਸ ਸਨਮਾਨ ਦੀ ਕਦੇ ਵੀ ਬੇਕਦਰੀ ਨਹੀਂ ਕੀਤੀ ਜਾਣੀ ਚਾਹੀਦੀ। ਕੋਰਹ ਦੇ ਪੁੱਤਰਾਂ ਨੇ ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਦੀ ਬਹੁਤ ਕਦਰ ਕੀਤੀ ਸੀ। ਪਰਮੇਸ਼ੁਰ ਦੀ ਪਵਿੱਤਰ ਆਤਮਾ ਦੁਆਰਾ ਲਿਖਵਾਏ ਇਕ ਭਜਨ ਵਿਚ ਉਨ੍ਹਾਂ ਨੇ ਕਿਹਾ: “ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ, ਮੈਂ ਪਰਮੇਸ਼ੁਰ ਦੇ ਭਵਨ ਦਾ ਰਾਖਾ ਬਣਨਾ ਦੁਸ਼ਟਾਂ ਦੇ ਤੰਬੂਆਂ ਵਿੱਚ ਵੱਸਣ ਨਾਲੋਂ ਪਸੰਦ ਕਰਦਾ ਹਾਂ।”—ਜ਼ਬੂਰਾਂ ਦੀ ਪੋਥੀ 84:10.

4. (ੳ) ਕੁਝ ਨੌਜਵਾਨ ਯਹੋਵਾਹ ਦੀ ਸੇਵਾ ਨੂੰ ਬੰਦਸ਼ ਕਿਉਂ ਸਮਝ ਸਕਦੇ ਹਨ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਦੇ ਜਤਨਾਂ ਨੂੰ ਦੇਖਦਾ ਹੈ ਅਤੇ ਉਨ੍ਹਾਂ ਨੂੰ ਬਰਕਤਾਂ ਦੇਣ ਲਈ ਉਤਸੁਕ ਰਹਿੰਦਾ ਹੈ?

4 ਕੀ ਤੁਸੀਂ ਆਪਣੇ ਸਵਰਗੀ ਪਿਤਾ ਦੀ ਸੇਵਾ ਕਰਨ ਦੇ ਆਪਣੇ ਸਨਮਾਨ ਦੀ ਕਦਰ ਕਰਦੇ ਹੋ? ਇਹ ਤਾਂ ਠੀਕ ਹੈ ਕਿ ਕਦੇ-ਕਦੇ ਸ਼ਾਇਦ ਤੁਹਾਨੂੰ ਲੱਗੇ ਕਿ ਯਹੋਵਾਹ ਦੀ ਭਗਤੀ ਕਰਨ ਨਾਲ ਤੁਹਾਡੇ ਉੱਤੇ ਕਈ ਬੰਦਸ਼ਾਂ ਲੱਗਦੀਆਂ ਹਨ। ਇਹ ਸੱਚ ਹੈ ਕਿ ਬਾਈਬਲ ਦੇ ਸਿਧਾਂਤਾਂ ਅਨੁਸਾਰ ਜੀਉਣ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਪਰ ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਜੋ ਕੁਝ ਵੀ ਕਰਨ ਨੂੰ ਕਹਿੰਦਾ ਹੈ, ਉਹ ਤੁਹਾਡੇ ਹੀ ਫ਼ਾਇਦੇ ਲਈ ਹੈ। (ਜ਼ਬੂਰਾਂ ਦੀ ਪੋਥੀ 1:1-3) ਇਸ ਤੋਂ ਇਲਾਵਾ, ਯਹੋਵਾਹ ਤੁਹਾਡੇ ਜਤਨਾਂ ਨੂੰ ਦੇਖਦਾ ਹੈ ਅਤੇ ਜ਼ਾਹਰ ਕਰਦਾ ਹੈ ਕਿ ਉਹ ਤੁਹਾਡੀ ਵਫ਼ਾਦਾਰੀ ਦੀ ਕਦਰ ਕਰਦਾ ਹੈ। ਅਸਲ ਵਿਚ ਪੌਲੁਸ ਨੇ ਲਿਖਿਆ ਕਿ ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਬਰਕਤਾਂ ਦੇਣ ਲਈ ਯਹੋਵਾਹ ਮੌਕਿਆਂ ਦੀ ਤਾਕ ਵਿਚ ਰਹਿੰਦਾ ਹੈ। ਪੁਰਾਣੇ ਜ਼ਮਾਨੇ ਵਿਚ ਇਸਰਾਏਲ ਦੇ ਇਕ ਧਰਮੀ ਨਬੀ ਨੇ ਕਿਹਾ ਸੀ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।”—2 ਇਤਹਾਸ 16:9.

5. (ੳ) ਯਹੋਵਾਹ ਉੱਤੇ ਆਪਣੀ ਪੂਰਣ ਨਿਹਚਾ ਦਾ ਸਬੂਤ ਦੇਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? (ਅ)  ਆਪਣੇ ਧਰਮ ਬਾਰੇ ਦੂਜਿਆਂ ਨੂੰ ਦੱਸਣਾ ਮੁਸ਼ਕਲ ਕਿਉਂ ਲੱਗ ਸਕਦਾ ਹੈ?

5 ਯਹੋਵਾਹ ਉੱਤੇ ਆਪਣੀ ਪੂਰਣ ਨਿਹਚਾ ਦਾ ਸਬੂਤ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਸ ਬਾਰੇ ਦੂਜਿਆਂ ਨੂੰ ਦੱਸਣਾ। ਕੀ ਤੁਹਾਨੂੰ ਕਦੇ ਆਪਣੀ ਨਿਹਚਾ ਬਾਰੇ ਆਪਣੇ ਸਕੂਲ ਦੇ ਕੁਝ ਮੁੰਡੇ-ਕੁੜੀਆਂ ਨੂੰ ਦੱਸਣ ਦਾ ਮੌਕਾ ਮਿਲਿਆ ਹੈ? ਪਹਿਲਾਂ-ਪਹਿਲ ਇਸ ਤਰ੍ਹਾਂ ਕਰਨਾ ਸ਼ਾਇਦ ਮੁਸ਼ਕਲ ਲੱਗੇ ਅਤੇ ਇਸ ਬਾਰੇ ਸੋਚ ਕੇ ਸ਼ਾਇਦ ਤੁਹਾਨੂੰ ਥੋੜ੍ਹਾ ਡਰ ਵੀ ਲੱਗੇ। ਤੁਸੀਂ ਸ਼ਾਇਦ ਸੋਚੋ: ‘ਕਿਤੇ ਉਹ ਮੇਰੇ ਧਰਮ ਨੂੰ ਅਜੀਬੋ-ਗ਼ਰੀਬ ਸਮਝ ਕੇ ਮੇਰਾ ਮਜ਼ਾਕ ਹੀ ਨਾ ਉਡਾਉਣ ਲੱਗ ਪੈਣ।’ ਯਿਸੂ ਨੇ ਕਿਹਾ ਸੀ ਕਿ ਸਾਰੇ ਲੋਕ ਰਾਜ ਦੇ ਸੰਦੇਸ਼ ਨੂੰ ਨਹੀਂ ਸੁਣਨਗੇ। (ਯੂਹੰਨਾ 15:20) ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕ ਹਮੇਸ਼ਾ ਹੀ ਤੁਹਾਡਾ ਮਜ਼ਾਕ ਉਡਾਉਣਗੇ ਅਤੇ ਕੋਈ ਤੁਹਾਡੀ ਗੱਲ ਨਹੀਂ ਸੁਣੇਗਾ। ਇਸ ਦੇ ਉਲਟ, ਬਹੁਤ ਸਾਰੇ ਨੌਜਵਾਨ ਗਵਾਹਾਂ ਨੂੰ ਅਜਿਹੇ ਲੋਕ ਮਿਲੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਗੱਲ ਸੁਣੀ ਹੈ। ਇਨ੍ਹਾਂ ਨੌਜਵਾਨਾਂ ਦੇ ਨਿਹਚਾ ਵਿਚ ਦ੍ਰਿੜ੍ਹ ਰਹਿਣ ਕਾਰਨ ਦੂਜੇ ਨੌਜਵਾਨਾਂ ਨੇ ਉਨ੍ਹਾਂ ਦਾ ਆਦਰ ਵੀ ਕੀਤਾ ਹੈ।

“ਯਹੋਵਾਹ ਤੁਹਾਡੀ ਮਦਦ ਕਰੇਗਾ”

6, 7. (ੳ) ਇਕ 17 ਸਾਲਾਂ ਦੀ ਕੁੜੀ ਆਪਣੀ ਕਲਾਸ ਦੀਆਂ ਕੁੜੀਆਂ ਨੂੰ ਗਵਾਹੀ ਕਿਵੇਂ ਦੇ ਸਕੀ? (ਅ) ਜੈਨੀਫ਼ਰ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ ਹੈ?

6 ਪਰ ਆਪਣੇ ਧਰਮ ਬਾਰੇ ਦੂਜਿਆਂ ਨੂੰ ਦੱਸਣ ਦੀ ਹਿੰਮਤ ਤੁਸੀਂ ਕਿੱਦਾਂ ਜੁਟਾ ਸਕਦੇ ਹੋ? ਜਦੋਂ ਕੋਈ ਤੁਹਾਨੂੰ ਤੁਹਾਡੇ ਧਰਮ ਬਾਰੇ ਪੁੱਛਦਾ ਹੈ, ਤਾਂ ਕਿਉਂ ਨਾ ਤੁਸੀਂ ਉਸ ਨੂੰ ਸਹੀ-ਸਹੀ ਦੱਸਣ ਦਾ ਪੱਕਾ ਇਰਾਦਾ ਕਰੋ? ਜੈਨੀਫ਼ਰ ਨਾਂ ਦੀ 17 ਸਾਲਾਂ ਦੀ ਕੁੜੀ ਦੇ ਤਜਰਬੇ ਉੱਤੇ ਗੌਰ ਕਰੋ। ਉਹ ਕਹਿੰਦੀ ਹੈ: “ਸਕੂਲ ਵਿਚ ਅੱਧੀ ਛੁੱਟੀ ਵੇਲੇ ਮੈਂ ਖਾਣਾ ਖਾ ਰਹੀ ਸੀ। ਜਿਸ ਮੇਜ਼ ਤੇ ਮੈਂ ਬੈਠੀ ਸੀ, ਉੱਥੇ ਕੁੜੀਆਂ ਧਰਮ ਬਾਰੇ ਗੱਲਬਾਤ ਕਰ ਰਹੀਆਂ ਸਨ ਅਤੇ ਉਨ੍ਹਾਂ ਵਿੱਚੋਂ ਇਕ ਕੁੜੀ ਨੇ ਮੈਨੂੰ ਪੁੱਛਿਆ ਕਿ ਮੈਂ ਕਿਹੜੇ ਧਰਮ ਨੂੰ ਮੰਨਦੀ ਹਾਂ।” ਕੀ ਜਵਾਬ ਦੇਣ ਵੇਲੇ ਜੈਨੀਫ਼ਰ ਘਬਰਾ ਗਈ ਸੀ? “ਹਾਂ,” ਉਹ ਮੰਨਦੀ ਹੈ, “ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਜਵਾਬ ਸੁਣ ਕੇ ਕੁੜੀਆਂ ਮੈਨੂੰ ਕੀ ਕਹਿਣਗੀਆਂ।” ਤਾਂ ਫਿਰ ਜੈਨੀਫ਼ਰ ਨੇ ਕੀ ਕੀਤਾ? ਉਹ ਅੱਗੇ ਕਹਿੰਦੀ ਹੈ: “ਮੈਂ ਕੁੜੀਆਂ ਨੂੰ ਦੱਸਿਆ ਕਿ ਮੈਂ ਯਹੋਵਾਹ ਦੀ ਗਵਾਹ ਹਾਂ। ਪਹਿਲਾਂ ਤਾਂ ਉਹ ਬੜੀਆਂ ਹੈਰਾਨ ਹੋਈਆਂ। ਉਨ੍ਹਾਂ ਦੇ ਖ਼ਿਆਲ ਵਿਚ ਯਹੋਵਾਹ ਦੇ ਗਵਾਹ ਬੜੇ ਅਜੀਬ ਕਿਸਮ ਦੇ ਲੋਕ ਸਨ। ਇਸ ਲਈ ਉਨ੍ਹਾਂ ਨੇ ਮੇਰੇ ਕੋਲੋਂ ਸਵਾਲ ਪੁੱਛੇ ਅਤੇ ਮੈਂ ਉਨ੍ਹਾਂ ਦੀਆਂ ਕੁਝ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਵਿਚ ਕਾਮਯਾਬ ਰਹੀ। ਉਸ ਤੋਂ ਬਾਅਦ ਵੀ ਕੁਝ ਕੁੜੀਆਂ ਮੈਨੂੰ ਕਦੇ-ਕਦੇ ਕੋਈ-ਨ-ਕੋਈ ਸਵਾਲ ਪੁੱਛਦੀਆਂ ਰਹੀਆਂ।”

7 ਕੀ ਜੈਨੀਫ਼ਰ ਆਪਣੇ ਵਿਸ਼ਵਾਸਾਂ ਬਾਰੇ ਦੱਸ ਕੇ ਪਛਤਾ ਰਹੀ ਹੈ? ਬਿਲਕੁਲ ਨਹੀਂ! ਉਹ ਕਹਿੰਦੀ ਹੈ: “ਗਵਾਹੀ ਦੇ ਕੇ ਮੈਨੂੰ ਬਹੁਤ ਹੀ ਚੰਗਾ ਲੱਗਾ। ਹੁਣ ਉਨ੍ਹਾਂ ਕੁੜੀਆਂ ਨੂੰ ਪਤਾ ਲੱਗ ਗਿਆ ਹੈ ਕਿ ਯਹੋਵਾਹ ਦੇ ਗਵਾਹ ਅਸਲ ਵਿਚ ਕਿਸ ਤਰ੍ਹਾਂ ਦੇ ਲੋਕ ਹਨ।” ਆਪਣੇ ਡਰ ਤੇ ਕਾਬੂ ਪਾਉਣ ਲਈ ਜੈਨੀਫ਼ਰ ਹੁਣ ਇਹ ਆਸਾਨ ਤਰੀਕਾ ਦੱਸਦੀ ਹੈ: “ਜਦੋਂ ਤੁਹਾਨੂੰ ਆਪਣੀ ਕਲਾਸ ਦੇ ਮੁੰਡੇ-ਕੁੜੀਆਂ ਜਾਂ ਅਧਿਆਪਕਾਂ ਨੂੰ ਗਵਾਹੀ ਦੇਣੀ ਮੁਸ਼ਕਲ ਲੱਗੇ, ਤਾਂ ਉਸੇ ਵੇਲੇ ਛੋਟੀ ਜਿਹੀ ਪ੍ਰਾਰਥਨਾ ਕਰੋ। ਯਹੋਵਾਹ ਤੁਹਾਡੀ ਮਦਦ ਕਰੇਗਾ। ਤੁਸੀਂ ਖ਼ੁਸ਼ ਹੋਵੋਗੇ ਕਿ ਤੁਸੀਂ ਗਵਾਹੀ ਦੇਣ ਦੇ ਮੌਕੇ ਦੀ ਚੰਗੀ ਵਰਤੋ ਕੀਤੀ।”—1 ਪਤਰਸ 3:15.

8. (ੳ) ਅਚਾਨਕ ਪੈਦਾ ਹੋਏ ਹਾਲਾਤ ਦਾ ਸਾਮ੍ਹਣਾ ਕਰਨ ਵਿਚ ਪ੍ਰਾਰਥਨਾ ਨੇ ਨਹਮਯਾਹ ਦੀ ਕਿਵੇਂ ਮਦਦ ਕੀਤੀ? (ਅ) ਸਕੂਲ ਵਿਚ ਕਿਹੜੇ ਕੁਝ ਹਾਲਾਤ ਪੈਦਾ ਹੋ ਸਕਦੇ ਹਨ ਜਿਨ੍ਹਾਂ ਵਿਚ ਤੁਹਾਨੂੰ ਯਹੋਵਾਹ ਅੱਗੇ ਦਿਲ ਵਿਚ ਛੋਟੀ ਜਿਹੀ ਪ੍ਰਾਰਥਨਾ ਕਰਨ ਦੀ ਲੋੜ ਪੈ ਸਕਦੀ ਹੈ?

8 ਧਿਆਨ ਦਿਓ ਕਿ ਜੈਨੀਫ਼ਰ ਯਹੋਵਾਹ ਅੱਗੇ ‘ਉਸੇ ਵੇਲੇ ਛੋਟੀ ਜਿਹੀ ਪ੍ਰਾਰਥਨਾ ਕਰਨ’ ਦੀ ਸਲਾਹ ਦਿੰਦੀ ਹੈ ਜਦੋਂ ਤੁਹਾਨੂੰ ਆਪਣੇ ਧਰਮ ਬਾਰੇ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ। ਜਦੋਂ ਨਹਮਯਾਹ ਨੇ ਇਕ ਨਾਜ਼ੁਕ ਹਾਲਾਤ ਦਾ ਸਾਮ੍ਹਣਾ ਕੀਤਾ ਸੀ, ਤਾਂ ਉਸ ਨੇ ਇਸੇ ਤਰ੍ਹਾਂ ਕੀਤਾ ਸੀ। ਉਹ ਫ਼ਾਰਸੀ ਰਾਜੇ ਅਰਤਹਸ਼ਸ਼ਤਾ ਦਾ ਸਾਕੀ ਸੀ। ਉਹ ਯਹੂਦੀਆਂ ਦੀ ਦੁਰਦਸ਼ਾ ਅਤੇ ਯਰੂਸ਼ਲਮ ਦੀ ਕੰਧ ਤੇ ਫਾਟਕ ਦੀ ਬੁਰੀ ਹਾਲਤ ਬਾਰੇ ਸੁਣ ਕੇ ਉਦਾਸ ਹੋ ਗਿਆ ਸੀ। ਰਾਜੇ ਨੇ ਦੇਖਿਆ ਕਿ ਨਹਮਯਾਹ ਕਿਸੇ ਚਿੰਤਾ ਵਿਚ ਡੁੱਬਿਆ ਹੋਇਆ ਸੀ, ਇਸ ਲਈ ਉਸ ਨੇ ਨਹਮਯਾਹ ਨੂੰ ਚਿੰਤਾ ਦਾ ਕਾਰਨ ਪੁੱਛਿਆ। ਜਵਾਬ ਦੇਣ ਤੋਂ ਪਹਿਲਾਂ ਨਹਮਯਾਹ ਨੇ ਸੇਧ ਲਈ ਪ੍ਰਾਰਥਨਾ ਕੀਤੀ। ਫਿਰ ਉਸ ਨੇ ਹਿੰਮਤ ਕਰ ਕੇ ਰਾਜੇ ਤੋਂ ਯਰੂਸ਼ਲਮ ਜਾਣ ਦੀ ਇਜਾਜ਼ਤ ਮੰਗੀ, ਤਾਂਕਿ ਉਹ ਉਜੜੇ ਸ਼ਹਿਰ ਨੂੰ ਦੁਬਾਰਾ ਉਸਾਰਨ ਵਿਚ ਮਦਦ ਕਰ ਸਕੇ। ਰਾਜਾ ਅਰਤਹਸ਼ਸ਼ਤਾ ਨੇ ਨਹਮਯਾਹ ਦੀ ਬੇਨਤੀ ਸੁਣ ਲਈ। (ਨਹਮਯਾਹ 2:1-8) ਤੁਸੀਂ ਇਸ ਤੋਂ ਕੀ ਸਬਕ ਸਿੱਖਦੇ ਹੋ? ਆਪਣੀ ਨਿਹਚਾ ਬਾਰੇ ਗਵਾਹੀ ਦੇਣ ਦਾ ਮੌਕਾ ਆਉਣ ਤੇ ਜੇ ਤੁਸੀਂ ਘਬਰਾ ਜਾਂਦੇ ਹੋ, ਤਾਂ ਦਿਲ ਵਿਚ ਪ੍ਰਾਰਥਨਾ ਕਰੋ। ਪਤਰਸ ਨੇ ਲਿਖਿਆ: “ਆਪਣੀ ਸਾਰੀ ਚਿੰਤਾ [ਯਹੋਵਾਹ] ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7; ਜ਼ਬੂਰਾਂ ਦੀ ਪੋਥੀ 55:22.

“ਉੱਤਰ ਦੇਣ ਨੂੰ ਸਦਾ ਤਿਆਰ ਰਹੋ”

9. ਤੇਰਾਂ ਸਾਲ ਦੀ ਲਿਆਹ ਨੂੰ ਨੌਜਵਾਨਾਂ ਦੇ ਸਵਾਲ ਕਿਤਾਬ ਦੀਆਂ 23 ਕਾਪੀਆਂ ਵੰਡਣ ਦਾ ਮੌਕਾ ਕਿਵੇਂ ਮਿਲਿਆ?

9 ਇਕ ਹੋਰ ਤਜਰਬੇ ਵੱਲ ਧਿਆਨ ਦਿਓ। ਸਕੂਲ ਵਿਚ ਅੱਧੀ ਛੁੱਟੀ ਵੇਲੇ 13 ਸਾਲਾਂ ਦੀ ਲਿਆਹ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ  * ਨਾਮਕ ਕਿਤਾਬ ਪੜ੍ਹ ਰਹੀ ਸੀ। ਉਹ ਕਹਿੰਦੀ ਹੈ: “ਦੂਸਰੇ ਮੈਨੂੰ ਦੇਖ ਰਹੇ ਸਨ ਅਤੇ ਜਲਦੀ ਹੀ ਮੇਰੇ ਆਲੇ-ਦੁਆਲੇ ਭੀੜ ਜਮ੍ਹਾ ਹੋ ਗਈ। ਉਨ੍ਹਾਂ ਨੇ ਮੇਰੇ ਕੋਲੋਂ ਪੁੱਛਿਆ ਕਿ ਇਸ ਕਿਤਾਬ ਵਿਚ ਕੀ ਦੱਸਿਆ ਹੈ।” ਉਸੇ ਦਿਨ ਚਾਰ ਕੁੜੀਆਂ ਨੇ ਆਪਣੇ ਲਈ ਲਿਆਹ ਤੋਂ ਨੌਜਵਾਨਾਂ ਦੇ ਸਵਾਲ ਕਿਤਾਬ ਮੰਗੀ। ਇਨ੍ਹਾਂ ਕੁੜੀਆਂ ਨੇ ਅੱਗੋਂ ਇਹ ਕਿਤਾਬ ਹੋਰਨਾਂ ਨੂੰ ਵੀ ਪੜ੍ਹਨ ਲਈ ਦਿੱਤੀ ਤੇ ਉਨ੍ਹਾਂ ਨੇ ਵੀ ਇਹ ਕਿਤਾਬ ਮੰਗੀ। ਅਗਲੇ ਕੁਝ ਹਫ਼ਤਿਆਂ ਵਿਚ ਲਿਆਹ ਨੇ ਆਪਣੇ ਸਕੂਲ ਦੇ ਮੁੰਡੇ-ਕੁੜੀਆਂ ਅਤੇ ਉਨ੍ਹਾਂ ਦੇ ਦੋਸਤਾਂ ਵਿਚ ਇਸ ਕਿਤਾਬ ਦੀਆਂ 23 ਕਾਪੀਆਂ ਵੰਡੀਆਂ। ਕੀ ਲਿਆਹ ਲਈ ਗੱਲ ਕਰਨੀ ਆਸਾਨ ਸੀ ਜਦੋਂ ਦੂਜਿਆਂ ਨੇ ਆ ਕੇ ਉਸ ਕੋਲੋਂ ਇਸ ਕਿਤਾਬ ਬਾਰੇ ਪੁੱਛਿਆ? ਬਿਲਕੁਲ ਨਹੀਂ! ਉਹ ਕਹਿੰਦੀ ਹੈ: “ਪਹਿਲਾਂ ਤਾਂ ਮੈਂ ਬੜੀ ਘਬਰਾ ਗਈ ਸੀ। ਪਰ ਮੈਂ ਪ੍ਰਾਰਥਨਾ ਕੀਤੀ। ਮੈਂ ਜਾਣਦੀ ਸੀ ਕਿ ਯਹੋਵਾਹ ਮੇਰੀ ਮਦਦ ਕਰੇਗਾ।”

10, 11. ਇਕ ਇਸਰਾਏਲੀ ਕੁੜੀ ਨੇ ਯਹੋਵਾਹ ਬਾਰੇ ਸਿੱਖਣ ਵਿਚ ਅਰਾਮੀ ਸੈਨਾਪਤੀ ਦੀ ਮਦਦ ਕਿਵੇਂ ਕੀਤੀ ਅਤੇ ਬਾਅਦ ਵਿਚ ਉਸ ਸੈਨਾਪਤੀ ਨੇ ਕੀ ਤਬਦੀਲੀਆਂ ਕੀਤੀਆਂ?

10 ਲਿਆਹ ਦਾ ਤਜਰਬਾ ਸ਼ਾਇਦ ਤੁਹਾਨੂੰ ਉਸ ਹਾਲਾਤ ਦੀ ਯਾਦ ਕਰਾਵੇ ਜਿਸ ਦਾ ਸਾਮ੍ਹਣਾ ਇਕ ਇਸਰਾਏਲੀ ਕੁੜੀ ਨੇ ਕੀਤਾ ਸੀ ਜੋ ਅਰਾਮ ਦੇਸ਼ ਵਿਚ ਗ਼ੁਲਾਮ ਸੀ। ਅਰਾਮ ਦੀ ਫ਼ੌਜ ਦੇ ਸੈਨਾਪਤੀ ਨਅਮਾਨ ਨੂੰ ਕੋੜ੍ਹ ਦੀ ਬੀਮਾਰੀ ਸੀ। ਸ਼ਾਇਦ ਉਸ ਦੀ ਪਤਨੀ ਨੇ ਇਸ ਬਾਰੇ ਗੱਲ ਕੀਤੀ ਹੋਣੀ ਜਿਸ ਕਰਕੇ ਇਹ ਕੁੜੀ ਆਪਣੀ ਨਿਹਚਾ ਬਾਰੇ ਦੱਸਣ ਲਈ ਪ੍ਰੇਰਿਤ ਹੋਈ। ਉਸ ਨੇ ਦੱਸਿਆ: “ਜੇ ਕਿਤੇ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ ਤਾਂ ਉਹ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆਂ ਕਰ ਦਿੰਦਾ।”—2 ਰਾਜਿਆਂ 5:1-3.

11 ਇਸ ਕੁੜੀ ਦੀ ਹਿੰਮਤ ਕਾਰਨ ਨਅਮਾਨ ਨੂੰ ਪਤਾ ਲੱਗਾ ਕਿ “ਇਸਰਾਏਲ” ਦੇ ਪਰਮੇਸ਼ੁਰ ਤੋਂ “ਬਿਨਾ ਸਾਰੀ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਹੈ।” ਉਸ ਨੇ ਇਹ ਵੀ ਪੱਕਾ ਇਰਾਦਾ ਕੀਤਾ ਕਿ ਉਹ “ਯਹੋਵਾਹ ਤੋਂ ਬਿਨਾ ਹੋਰ ਕਿਸੇ ਦਿਓਤੇ ਦੇ ਅੱਗੇ ਨਾ ਤਾਂ ਹੋਮ ਦੀ ਬਲੀ ਤੇ ਨਾ ਭੇਟ ਚੜ੍ਹਾਵੇਗਾ।” (2 ਰਾਜਿਆਂ 5:15, 17) ਯਹੋਵਾਹ ਦੀ ਬਰਕਤ ਨਾਲ ਉਸ ਕੁੜੀ ਦੀ ਹਿੰਮਤ ਦਾ ਕਿੰਨਾ ਵਧੀਆ ਨਤੀਜਾ ਨਿਕਲਿਆ! ਉਹ ਅੱਜ ਦੇ ਨੌਜਵਾਨਾਂ ਦੇ ਜਤਨਾਂ ਨੂੰ ਵੀ ਸਫ਼ਲ ਕਰ ਸਕਦਾ ਹੈ ਅਤੇ ਕਰੇਗਾ ਵੀ। ਲਿਆਹ ਨੂੰ ਇਹੀ ਤਜਰਬਾ ਹੋਇਆ ਸੀ। ਕੁਝ ਸਮੇਂ ਬਾਅਦ, ਉਸ ਦੇ ਸਕੂਲ ਦੇ ਕੁਝ ਮੁੰਡੇ-ਕੁੜੀਆਂ ਨੇ ਉਸ ਨੂੰ ਦੱਸਿਆ ਕਿ ਨੌਜਵਾਨਾਂ ਦੇ ਸਵਾਲ ਕਿਤਾਬ ਉਨ੍ਹਾਂ ਦਾ ਚਾਲ-ਚਲਣ ਬਦਲਣ ਵਿਚ ਉਨ੍ਹਾਂ ਦੀ ਮਦਦ ਕਰ ਰਹੀ ਸੀ। ਲਿਆਹ ਕਹਿੰਦੀ ਹੈ: “ਮੈਂ ਬਹੁਤ ਖ਼ੁਸ਼ ਸੀ ਕਿਉਂਕਿ ਮੈਂ ਦੂਜਿਆਂ ਦੀ ਯਹੋਵਾਹ ਬਾਰੇ ਹੋਰ ਜ਼ਿਆਦਾ ਸਿੱਖਣ ਅਤੇ ਉਨ੍ਹਾਂ ਦੀ ਜ਼ਿੰਦਗੀ ਬਦਲਣ ਵਿਚ ਮਦਦ ਕਰ ਰਹੀ ਸੀ।”

12. ਆਪਣੇ ਧਰਮ ਬਾਰੇ ਦੱਸਣ ਦੀ ਹਿੰਮਤ ਤੁਹਾਨੂੰ ਕਿੱਥੋਂ ਮਿਲ ਸਕਦੀ ਹੈ?

12 ਤੁਹਾਨੂੰ ਵੀ ਜੈਨੀਫ਼ਰ ਅਤੇ ਲਿਆਹ ਵਰਗੇ ਤਜਰਬੇ ਹੋ ਸਕਦੇ ਹਨ। ਪਤਰਸ ਦੀ ਸਲਾਹ ਉੱਤੇ ਚੱਲੋ ਜਿਸ ਨੇ ਲਿਖਿਆ ਕਿ ਮਸੀਹੀ ਹੋਣ ਦੇ ਨਾਤੇ “ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤਰਸ 3:15) ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ? ਪਹਿਲੀ ਸਦੀ ਦੇ ਮਸੀਹੀਆਂ ਦੀ ਨਕਲ ਕਰੋ ਜਿਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ “ਦਲੇਰੀ ਨਾਲ” ਪ੍ਰਚਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰੇ। (ਰਸੂਲਾਂ ਦੇ ਕਰਤੱਬ 4:29) ਫਿਰ ਹਿੰਮਤ ਕਰ ਕੇ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨਾਲ ਗੱਲ ਕਰੋ। ਇਸ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ। ਇਸ ਤੋਂ ਇਲਾਵਾ, ਤੁਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰੋਗੇ।

ਵਿਡਿਓ ਅਤੇ ਸਕੂਲ ਦੇ ਖ਼ਾਸ ਪ੍ਰਾਜੈਕਟ

13. ਗਵਾਹੀ ਦੇਣ ਲਈ ਕੁਝ ਨੌਜਵਾਨਾਂ ਨੇ ਕਿਹੜੇ ਮੌਕਿਆਂ ਦਾ ਫ਼ਾਇਦਾ ਉਠਾਇਆ ਹੈ? (ਸਫ਼ੇ 20 ਅਤੇ 21 ਤੇ ਡੱਬੀਆਂ ਦੇਖੋ।)

13 ਕਈ ਨੌਜਵਾਨਾਂ ਨੇ ਵਿਡਿਓ-ਕੈਸਟਾਂ ਦੀ ਮਦਦ ਨਾਲ ਆਪਣੇ ਸਕੂਲ ਦੇ ਮੁੰਡੇ-ਕੁੜੀਆਂ ਅਤੇ ਅਧਿਆਪਕਾਂ ਨੂੰ ਆਪਣੇ ਧਰਮ ਬਾਰੇ ਦੱਸਿਆ ਹੈ। ਕਈਆਂ ਨੇ ਯਹੋਵਾਹ ਦੀ ਮਹਿਮਾ ਕਰਨ ਵਾਸਤੇ ਆਪਣੇ ਸਕੂਲ ਦੇ ਪ੍ਰਾਜੈਕਟਾਂ ਨੂੰ ਵੀ ਵਰਤਿਆ ਹੈ। ਮਿਸਾਲ ਲਈ, ਦੋ 15 ਸਾਲਾਂ ਦੇ ਮੁੰਡਿਆਂ ਨੂੰ ਇਤਿਹਾਸ ਦੀ ਕਲਾਸ ਵਿਚ ਦੁਨੀਆਂ ਦੇ ਕਿਸੇ ਇਕ ਧਰਮ ਉੱਤੇ ਰਿਪੋਰਟ ਲਿਖਣ ਲਈ ਕਿਹਾ ਗਿਆ। ਇਹ ਦੋਵੇਂ ਮੁੰਡੇ ਯਹੋਵਾਹ ਦੇ ਗਵਾਹ ਹਨ। ਇਨ੍ਹਾਂ ਦੋਹਾਂ ਮੁੰਡਿਆਂ ਨੇ ਮਿਲ ਕੇ ਕਿਤਾਬ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਦੀ ਮਦਦ ਨਾਲ ਯਹੋਵਾਹ ਦੇ ਗਵਾਹਾਂ ਉੱਤੇ ਇਕ ਰਿਪੋਰਟ ਲਿਖੀ। * ਉਨ੍ਹਾਂ ਨੇ ਕਲਾਸ ਸਾਮ੍ਹਣੇ ਖੜ੍ਹੇ ਹੋ ਕੇ ਜ਼ਬਾਨੀ ਪੰਜ ਮਿੰਟ ਦੀ ਰਿਪੋਰਟ ਵੀ ਪੇਸ਼ ਕੀਤੀ ਸੀ। ਉਸ ਤੋਂ ਬਾਅਦ ਅਧਿਆਪਕ ਅਤੇ ਵਿਦਿਆਰਥੀਆਂ ਨੇ ਬਹੁਤ ਸਾਰੇ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਦੇਣ ਵਿਚ ਉਨ੍ਹਾਂ ਨੂੰ ਹੋਰ 20 ਮਿੰਟ ਲੱਗ ਗਏ। ਉਸ ਤੋਂ ਕਈ ਹਫ਼ਤਿਆਂ ਬਾਅਦ ਵੀ ਉਨ੍ਹਾਂ ਦੀ ਕਲਾਸ ਦੇ ਮੁੰਡੇ-ਕੁੜੀਆਂ ਉਨ੍ਹਾਂ ਤੋਂ ਯਹੋਵਾਹ ਦੇ ਗਵਾਹਾਂ ਬਾਰੇ ਸਵਾਲ ਪੁੱਛਦੇ ਰਹੇ!

14, 15. (ੳ) ਮਨੁੱਖ ਦਾ ਡਰ ਫਾਹੀ ਕਿਉਂ ਹੈ? (ਅ) ਤੁਹਾਨੂੰ ਦੂਜਿਆਂ ਨੂੰ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਕਿਉਂ ਦੱਸਣਾ ਚਾਹੀਦਾ ਹੈ?

14 ਉੱਪਰ ਦਿੱਤੇ ਤਜਰਬੇ ਦਿਖਾਉਂਦੇ ਹਨ ਕਿ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਜੇ ਤੁਸੀਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੇ ਹੋ, ਤਾਂ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲ ਸਕਦੀਆਂ ਹਨ। ਮਨੁੱਖਾਂ ਤੋਂ ਡਰ ਕੇ ਆਪਣੇ ਸਨਮਾਨ ਨੂੰ ਨਾ ਗੁਆਓ ਅਤੇ ਯਹੋਵਾਹ ਨੂੰ ਜਾਣਨ ਵਿਚ ਦੂਜਿਆਂ ਦੀ ਮਦਦ ਕਰਨ ਦੀ ਖ਼ੁਸ਼ੀ ਤੋਂ ਆਪਣੇ ਆਪ ਨੂੰ ਵਾਂਝਿਆ ਨਾ ਕਰੋ। ਬਾਈਬਲ ਕਹਿੰਦੀ ਹੈ: “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।”—ਕਹਾਉਤਾਂ 29:25.

15 ਇਹ ਗੱਲ ਚੇਤੇ ਰੱਖੋ ਕਿ ਮਸੀਹੀ ਨੌਜਵਾਨ ਹੋਣ ਦੇ ਨਾਤੇ ਤੁਹਾਡੇ ਕੋਲ ਅਜਿਹੀ ਚੀਜ਼ ਹੈ ਜਿਸ ਦੀ ਦੂਜੇ ਨੌਜਵਾਨਾਂ ਨੂੰ ਬਹੁਤ ਲੋੜ ਹੈ। ਉਹ ਹੈ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਅਤੇ ਭਵਿੱਖ ਵਿਚ ਸਦਾ ਦੀ ਜ਼ਿੰਦਗੀ ਪ੍ਰਾਪਤ ਕਰਨ ਦਾ ਵਾਅਦਾ। (1 ਤਿਮੋਥਿਉਸ 4:8) ਦਿਲਚਸਪੀ ਦੀ ਗੱਲ ਹੈ ਕਿ ਅਮਰੀਕਾ, ਜਿੱਥੋਂ ਦੇ ਲੋਕਾਂ ਬਾਰੇ ਆਮ ਤੌਰ ਤੇ ਸੋਚਿਆ ਜਾਂਦਾ ਹੈ ਕਿ ਉਹ ਧਰਮ ਵਿਚ ਰੁਚੀ ਨਹੀਂ ਲੈਂਦੇ, ਵਿਚ ਕੀਤੀ ਗਈ ਇਕ ਰਾਇਸ਼ੁਮਾਰੀ ਤੋਂ ਪਤਾ ਲੱਗਾ ਹੈ ਕਿ ਅੱਧੇ ਨੌਜਵਾਨ ਧਰਮ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਇਕ-ਤਿਹਾਈ ਨੌਜਵਾਨ ਕਹਿੰਦੇ ਹਨ ਕਿ ਧਰਮ ਉਨ੍ਹਾਂ ਦੀ ਜ਼ਿੰਦਗੀ ਵਿਚ “ਸਭ ਤੋਂ ਮਹੱਤਵਪੂਰਣ ਥਾਂ” ਰੱਖਦਾ ਹੈ। ਦੁਨੀਆਂ ਦੇ ਹੋਰ ਕਈ ਹਿੱਸਿਆਂ ਵਿਚ ਰਹਿੰਦੇ ਨੌਜਵਾਨਾਂ ਬਾਰੇ ਵੀ ਸ਼ਾਇਦ ਇਹੋ ਗੱਲ ਸੱਚ ਹੋਵੇ। ਤਾਂ ਫਿਰ ਹੋ ਸਕਦਾ ਹੈ ਕਿ ਸਕੂਲ ਵਿਚ ਤੁਹਾਡੇ ਨਾਲ ਦੇ ਮੁੰਡੇ-ਕੁੜੀਆਂ ਬਾਈਬਲ ਬਾਰੇ ਤੁਹਾਡੀ ਗੱਲ ਸੁਣਨਾ ਪਸੰਦ ਕਰਨਗੇ।

ਨੌਜਵਾਨੋ, ਯਹੋਵਾਹ ਦੇ ਨੇੜੇ ਜਾਓ

16. ਯਹੋਵਾਹ ਨੂੰ ਖ਼ੁਸ਼ ਕਰਨ ਲਈ ਉਸ ਬਾਰੇ ਦੂਜਿਆਂ ਨੂੰ ਦੱਸਣ ਤੋਂ ਇਲਾਵਾ ਹੋਰ ਕੀ ਕਰਨ ਦੀ ਲੋੜ ਹੈ?

16 ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਨ ਲਈ ਸਿਰਫ਼ ਉਸ ਬਾਰੇ ਦੂਜਿਆਂ ਨੂੰ ਦੱਸਣਾ ਹੀ ਕਾਫ਼ੀ ਨਹੀਂ ਹੈ। ਤੁਹਾਨੂੰ ਉਸ ਦੇ ਮਿਆਰਾਂ ਮੁਤਾਬਕ ਚੱਲਣ ਦੀ ਵੀ ਲੋੜ ਹੈ। ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਜੇ ਤੁਸੀਂ ਉਸ ਦੇ ਨੇੜੇ ਜਾਓਗੇ, ਤਾਂ ਉਸ ਦੇ ਹੁਕਮ ਤੁਹਾਨੂੰ ਔਖੇ ਨਹੀਂ ਲੱਗਣਗੇ। ਤੁਸੀਂ ਉਸ ਦੇ ਨੇੜੇ ਕਿਵੇਂ ਜਾ ਸਕਦੇ ਹੋ?

17. ਤੁਸੀਂ ਯਹੋਵਾਹ ਦੇ ਨੇੜੇ ਕਿਵੇਂ ਜਾ ਸਕਦੇ ਹੋ?

17 ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਨ ਲਈ ਸਮਾਂ ਕੱਢੋ। ਤੁਸੀਂ ਯਹੋਵਾਹ ਬਾਰੇ ਜਿੰਨਾ ਜ਼ਿਆਦਾ ਸਿੱਖੋਗੇ, ਉੱਨਾ ਹੀ ਜ਼ਿਆਦਾ ਤੁਹਾਡੇ ਲਈ ਉਸ ਦੀ ਆਗਿਆ ਮੰਨਣੀ ਅਤੇ ਉਸ ਬਾਰੇ ਦੂਜਿਆਂ ਨਾਲ ਗੱਲ ਕਰਨੀ ਆਸਾਨ ਹੋਵੇਗੀ। ਯਿਸੂ ਨੇ ਕਿਹਾ ਸੀ ਕਿ ‘ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।’ (ਲੂਕਾ 6:45) ਇਸ ਲਈ ਆਪਣੇ ਮਨ ਨੂੰ ਚੰਗੀਆਂ ਗੱਲਾਂ ਨਾਲ ਭਰੋ। ਇਸ ਤਰ੍ਹਾਂ ਕਰਨ ਲਈ ਕੁਝ ਟੀਚੇ ਰੱਖੋ। ਤੁਸੀਂ ਸ਼ਾਇਦ ਅਗਲੇ ਹਫ਼ਤੇ ਦੀਆਂ ਸਭਾਵਾਂ ਲਈ ਚੰਗੀ ਤਿਆਰੀ ਕਰ ਸਕਦੇ ਹੋ। ਤੁਹਾਡਾ ਅਗਲਾ ਟੀਚਾ ਸ਼ਾਇਦ ਇਹ ਹੋ ਸਕਦਾ ਹੈ ਕਿ ਤੁਸੀਂ ਸਭਾ ਵਿਚ ਇਕ ਛੋਟਾ ਜਿਹਾ ਪਰ ਦਿਲੋਂ ਜਵਾਬ ਦਿਓ। ਬੇਸ਼ੱਕ, ਤੁਹਾਡੇ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਜੋ ਕੁਝ ਸਿੱਖਦੇ ਹੋ, ਉਸ ਦੇ ਮੁਤਾਬਕ ਚੱਲੋ ਵੀ।—ਫ਼ਿਲਿੱਪੀਆਂ 4:9.

18. ਜਦੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਸਤਾਹਟ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਤੁਸੀਂ ਕਿਹੜੀ ਗੱਲ ਉੱਤੇ ਭਰੋਸਾ ਰੱਖ ਸਕਦੇ ਹੋ?

18 ਯਹੋਵਾਹ ਦੀ ਸੇਵਾ ਕਰਨ ਨਾਲ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ ਜਿਨ੍ਹਾਂ ਦਾ ਅਸੀਂ ਹਮੇਸ਼ਾ ਲਈ ਆਨੰਦ ਮਾਣ ਸਕਦੇ ਹਾਂ। ਇਹ ਸੱਚ ਹੈ ਕਿ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਤੁਹਾਨੂੰ ਕਦੇ-ਕਦੇ ਸਤਾਹਟ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਜਾਂ ਦੂਜੇ ਤੁਹਾਡਾ ਮਜ਼ਾਕ ਉਡਾ ਸਕਦੇ ਹਨ। ਪਰ ਮੂਸਾ ਨੂੰ ਯਾਦ ਰੱਖੋ। ਬਾਈਬਲ ਕਹਿੰਦੀ ਹੈ ਕਿ “ਉਸ ਦੀ ਨਜ਼ਰ ਉਸ ਫਲ ਤੇ ਲਗੀ ਸੀ, ਜੋ ਉਸ ਨੂੰ ਪਰਮੇਸ਼ਰ ਦੇਣ ਵਾਲਾ ਸੀ।” (ਇਬਰਾਨੀਆਂ 11:24-26; ਪਵਿੱਤਰ ਬਾਈਬਲ ਨਵਾਂ ਅਨੁਵਾਦ) ਜਦੋਂ ਤੁਸੀਂ ਯਹੋਵਾਹ ਬਾਰੇ ਸਿੱਖਣ ਅਤੇ ਉਸ ਬਾਰੇ ਦੂਜਿਆਂ ਨੂੰ ਦੱਸਣ ਲਈ ਜਤਨ ਕਰਦੇ ਹੋ, ਤਾਂ ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਜਤਨਾਂ ਉੱਤੇ ਬਰਕਤ ਪਾਵੇਗਾ। ਅਸਲ ਵਿਚ, ਉਹ ਕਦੇ ਵੀ ‘ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਨਹੀਂ ਭੁੱਲੇਗਾ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਹੈ।’—ਇਬਰਾਨੀਆਂ 6:10.

[ਫੁਟਨੋਟ]

^ ਪੈਰਾ 9 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

^ ਪੈਰਾ 13 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 22 ਉੱਤੇ ਸੁਰਖੀ]

ਕੀ ਤੁਹਾਨੂੰ ਯਾਦ ਹੈ?

• ਤੁਸੀਂ ਕਿਉਂ ਯਕੀਨ ਕਰ ਸਕਦੇ ਹੋ ਕਿ ਯਹੋਵਾਹ ਤੁਹਾਡੀ ਸੇਵਾ ਦੀ ਕਦਰ ਕਰਦਾ ਹੈ?

• ਸਕੂਲ ਵਿਚ ਕੁਝ ਨੌਜਵਾਨਾਂ ਨੇ ਕਿਹੜੇ ਅਸਰਦਾਰ ਤਰੀਕਿਆਂ ਨਾਲ ਗਵਾਹੀ ਦਿੱਤੀ ਹੈ?

• ਤੁਹਾਨੂੰ ਕਲਾਸ ਦੇ ਵਿਦਿਆਰਥੀਆਂ ਨੂੰ ਗਵਾਹੀ ਦੇਣ ਦੀ ਹਿੰਮਤ ਕਿੱਥੋਂ ਮਿਲ ਸਕਦੀ ਹੈ?

• ਤੁਸੀਂ ਯਹੋਵਾਹ ਦੇ ਨੇੜੇ ਕਿਵੇਂ ਜਾ ਸਕਦੇ ਹੋ?

[ਸਵਾਲ]

[ਸਫ਼ਾ 20 ਉੱਤੇ ਡੱਬੀ/ਤਸਵੀਰਾਂ]

ਬੱਚੇ ਵੀ ਯਹੋਵਾਹ ਦੀ ਵਡਿਆਈ ਕਰਦੇ ਹਨ!

ਬੱਚੇ ਵੀ ਸਕੂਲ ਵਿਚ ਅਸਰਦਾਰ ਗਵਾਹੀ ਦੇਣ ਵਿਚ ਕਾਮਯਾਬ ਹੋਏ ਹਨ। ਇਨ੍ਹਾਂ ਤਜਰਬਿਆਂ ਤੇ ਗੌਰ ਕਰੋ।

ਦਸ ਸਾਲਾਂ ਦੀ ਐਂਬਰ ਪੰਜਵੀਂ ਕਲਾਸ ਵਿਚ ਸੀ। ਉਸ ਦੀ ਕਲਾਸ ਵਿਚ ਇਕ ਕਿਤਾਬ ਪੜ੍ਹੀ ਜਾ ਰਹੀ ਸੀ ਜੋ ਦੂਜੇ ਵਿਸ਼ਵ ਯੁੱਧ ਦੌਰਾਨ ਯਹੂਦੀਆਂ ਉੱਤੇ ਹੋਏ ਨਾਜ਼ੀ ਹਮਲੇ ਬਾਰੇ ਸੀ। ਐਂਬਰ ਨੇ ਆਪਣੀ ਅਧਿਆਪਕਾ ਨੂੰ ਪਰਪਲ ਟ੍ਰਾਇਐਂਗਲਜ਼ ਵਿਡਿਓ ਦਿਖਾਉਣ ਦਾ ਫ਼ੈਸਲਾ ਕੀਤਾ। ਅਧਿਆਪਕਾ ਇਹ ਦੇਖ ਕੇ ਬੜੀ ਹੈਰਾਨ ਹੋਈ ਕਿ ਨਾਜ਼ੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਤੇ ਵੀ ਅਤਿਆਚਾਰ ਕੀਤੇ ਸਨ। ਉਸ ਨੇ ਸਾਰੀ ਕਲਾਸ ਨੂੰ ਇਹ ਵਿਡਿਓ ਦਿਖਾਇਆ।

ਅੱਠਾਂ ਸਾਲਾਂ ਦੀ ਅਲੈਕਸਾ ਨੇ ਆਪਣੀ ਕਲਾਸ ਨੂੰ ਇਕ ਚਿੱਠੀ ਲਿਖ ਕੇ ਸਮਝਾਇਆ ਕਿ ਉਹ ਕ੍ਰਿਸਮਸ ਦੇ ਤਿਉਹਾਰ ਵਿਚ ਕਿਉਂ ਹਿੱਸਾ ਨਹੀਂ ਲੈ ਸਕਦੀ ਸੀ। ਚਿੱਠੀ ਪੜ੍ਹ ਕੇ ਉਸ ਦੀ ਅਧਿਆਪਕਾ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਅਲੈਕਸਾ ਨੂੰ ਇਹ ਚਿੱਠੀ ਆਪਣੀ ਸਾਰੀ ਕਲਾਸ ਅਤੇ ਹੋਰ ਦੋ ਕਲਾਸਾਂ ਦੇ ਸਾਮ੍ਹਣੇ ਉੱਚੀ ਆਵਾਜ਼ ਵਿਚ ਪੜ੍ਹਨ ਲਈ ਕਿਹਾ! ਚਿੱਠੀ ਦੇ ਅਖ਼ੀਰ ਵਿਚ ਅਲੈਕਸਾ ਨੇ ਕਿਹਾ: “ਮੈਨੂੰ ਸਿਖਾਇਆ ਗਿਆ ਹੈ ਕਿ ਮੈਂ ਦੂਜਿਆਂ ਦੇ ਵਿਸ਼ਵਾਸਾਂ ਦਾ ਆਦਰ ਕਰਾਂ ਅਤੇ ਮੈਨੂੰ ਬਹੁਤ ਖ਼ੁਸ਼ੀ ਹੋਵੇਗੀ ਜੇ ਤੁਸੀਂ ਵੀ ਮੇਰੇ ਕ੍ਰਿਸਮਸ ਨਾ ਮਨਾਉਣ ਦੇ ਫ਼ੈਸਲੇ ਦਾ ਆਦਰ ਕਰੋ।”

ਐਰਿਕ ਪਹਿਲੀ ਕਲਾਸ ਵਿਚ ਪੜ੍ਹਦਾ ਸੀ। ਸਕੂਲ ਦਾ ਸਾਲ ਸ਼ੁਰੂ ਹੋਣ ਤੋਂ ਕੁਝ ਦਿਨਾਂ ਬਾਅਦ ਉਹ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਸਕੂਲ ਲੈ ਗਿਆ ਅਤੇ ਆਪਣੀ ਕਲਾਸ ਨੂੰ ਇਹ ਕਿਤਾਬ ਦਿਖਾਉਣ ਲਈ ਅਧਿਆਪਕਾ ਕੋਲੋਂ ਇਜਾਜ਼ਤ ਮੰਗੀ। ਉਸ ਦੀ ਅਧਿਆਪਕਾ ਨੇ ਕਿਹਾ: “ਇੱਦਾਂ ਕਰ, ਸਾਰੀ ਕਲਾਸ ਨੂੰ ਕਿਤਾਬ ਦਿਖਾਉਣ ਦੀ ਬਜਾਇ ਇਸ ਵਿੱਚੋਂ ਕੋਈ ਕਹਾਣੀ ਪੜ੍ਹ ਕੇ ਸੁਣਾ।” ਐਰਿਕ ਨੇ ਇਸੇ ਤਰ੍ਹਾਂ ਕੀਤਾ। ਬਾਅਦ ਵਿਚ ਉਸ ਨੇ ਪੁੱਛਿਆ ਕਿ ਜੋ ਕੋਈ ਇਹ ਕਿਤਾਬ ਲੈਣੀ ਚਾਹੁੰਦਾ ਹੈ, ਉਹ ਆਪਣਾ ਹੱਥ ਖੜ੍ਹਾ ਕਰੇ। ਅਧਿਆਪਕਾ ਸਮੇਤ 18 ਬੱਚਿਆਂ ਨੇ ਆਪਣੇ ਹੱਥ ਖੜ੍ਹੇ ਕੀਤੇ। ਐਰਿਕ ਕਹਿੰਦਾ ਹੈ ਕਿ ਗਵਾਹੀ ਦੇਣ ਲਈ ਉਸ ਕੋਲ ਹੁਣ ਆਪਣਾ ਖ਼ਾਸ ਖੇਤਰ ਹੈ।

ਨੌਂ ਸਾਲਾਂ ਦੀ ਵਿਟਨੀ ਯਹੋਵਾਹ ਦੇ ਗਵਾਹ ਅਤੇ ਸਿੱਖਿਆ * ਬਰੋਸ਼ਰ ਲਈ ਬਹੁਤ ਧੰਨਵਾਦੀ ਹੈ। ਉਹ ਕਹਿੰਦੀ ਹੈ: “ਮੇਰੇ ਮੰਮੀ ਜੀ ਹਰ ਸਾਲ ਇਹ ਬਰੋਸ਼ਰ ਮੇਰੇ ਅਧਿਆਪਕਾਂ ਨੂੰ ਦਿੰਦੇ ਸਨ। ਪਰ ਇਸ ਸਾਲ ਮੈਂ ਖ਼ੁਦ ਇਹ ਬਰੋਸ਼ਰ ਆਪਣੀ ਅਧਿਆਪਕਾ ਨੂੰ ਦਿੱਤਾ ਹੈ। ਇਸ ਬਰੋਸ਼ਰ ਕਰਕੇ ਮੇਰੀ ਅਧਿਆਪਕਾ ਨੇ ਮੈਨੂੰ ‘ਹਫ਼ਤੇ ਦਾ ਵਿਦਿਆਰਥੀ’ ਐਲਾਨਿਆ।”

[ਸਫ਼ਾ 21 ਉੱਤੇ ਡੱਬੀ/ਤਸਵੀਰਾਂ]

ਆਪਣੇ ਧਰਮ ਬਾਰੇ ਦੱਸਣ ਦੇ ਖ਼ਾਸ ਮੌਕੇ

ਸਕੂਲ ਵਿਚ ਕੋਈ ਰਿਪੋਰਟ ਜਾਂ ਪ੍ਰਾਜੈਕਟ ਪੇਸ਼ ਕਰਨ ਲਈ ਕਈਆਂ ਨੇ ਅਜਿਹਾ ਵਿਸ਼ਾ ਚੁਣਿਆ ਜਿਸ ਨਾਲ ਉਨ੍ਹਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲਿਆ ਹੈ

ਕਈ ਨੌਜਵਾਨਾਂ ਨੇ ਆਪਣੇ ਅਧਿਆਪਕ ਨੂੰ ਅਜਿਹਾ ਕੋਈ ਵਿਡਿਓ ਜਾਂ ਪ੍ਰਕਾਸ਼ਨ ਦਿੱਤਾ ਹੈ ਜਿਸ ਦਾ ਸੰਬੰਧ ਕਲਾਸ ਵਿਚ ਚਰਚਾ ਕੀਤੇ ਜਾਂਦੇ ਵਿਸ਼ੇ ਨਾਲ ਸੀ

ਜਦੋਂ ਅੱਧੀ ਛੁੱਟੀ ਦੌਰਾਨ ਕੁਝ ਨੌਜਵਾਨ ਬਾਈਬਲ ਜਾਂ ਬਾਈਬਲ ਬਾਰੇ ਕੋਈ ਕਿਤਾਬ ਪੜ੍ਹਦੇ ਹਨ, ਤਾਂ ਦੂਜੇ ਨੌਜਵਾਨ ਇਨ੍ਹਾਂ ਕਿਤਾਬਾਂ ਬਾਰੇ ਉਨ੍ਹਾਂ ਕੋਲੋਂ ਸਵਾਲ ਪੁੱਛਦੇ ਹਨ

[ਸਫ਼ੇ 18 ਉੱਤੇ ਤਸਵੀਰ]

ਤਜਰਬੇਕਾਰ ਭੈਣ-ਭਰਾ ਨੌਜਵਾਨਾਂ ਨੂੰ ਯਹੋਵਾਹ ਦੀ ਸੇਵਾ ਕਰਨੀ ਸਿਖਾ ਸਕਦੇ ਹਨ

[ਫੁਟਨੋਟ]

^ ਪੈਰਾ 57 ਜ਼ਿਕਰ ਕੀਤੇ ਗਏ ਸਾਰੇ ਪ੍ਰਕਾਸ਼ਨ ਤੇ ਵਿਡਿਓ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਹਨ।