ਬੋਅਜ਼ ਤੇ ਰੂਥ ਦਾ ਅਨੋਖਾ ਵਿਆਹ
ਬੋਅਜ਼ ਤੇ ਰੂਥ ਦਾ ਅਨੋਖਾ ਵਿਆਹ
ਬਸੰਤ ਦੀ ਰੁੱਤ ਹੈ ਅਤੇ ਬੈਤਲਹਮ ਦੇ ਨੇੜੇ ਖੇਤਾਂ ਵਿਚ ਕਾਮੇ ਜੌਂ ਛੱਟ ਰਹੇ ਹਨ। ਸਾਰਿਆਂ ਨੇ ਦਿਨ ਭਰ ਸਖ਼ਤ ਮਿਹਨਤ ਕੀਤੀ ਹੈ ਜਿਸ ਕਰਕੇ ਉਹ ਕਾਫ਼ੀ ਥੱਕੇ ਹੋਏ ਹਨ। ਤਾਜ਼ੇ ਭੁੰਨੇ ਦਾਣਿਆਂ ਦੀ ਮਹਿਕ ਨਾਲ ਕਾਮਿਆਂ ਦੀ ਭੁੱਖ ਚਮਕ ਉੱਠਦੀ ਹੈ। ਹਰ ਕੋਈ ਆਪਣੀ ਮਿਹਨਤ ਦਾ ਫਲ ਖਾਵੇਗਾ।
ਬੋਅਜ਼ ਨਾਂ ਦਾ ਇਕ ਧਨੀ ਜ਼ਮੀਨਦਾਰ ਖਾ-ਪੀ ਕੇ ਜੌਂਆਂ ਦੇ ਢੇਰ ਦੇ ਇਕ ਪਾਸੇ ਜਾ ਕੇ ਲੰਮਾ ਪੈ ਜਾਂਦਾ ਹੈ। ਸਾਰੇ ਆਪਣਾ ਕੰਮ-ਧੰਦਾ ਮੁਕਾ ਕੇ ਆਰਾਮ ਕਰਨ ਲਈ ਚਲੇ ਜਾਂਦੇ ਹਨ। ਬੋਅਜ਼ ਚਾਦਰ ਲੈ ਕੇ ਸੌਂ ਜਾਂਦਾ ਹੈ।
ਕੋਈ ਚੋਰੀ-ਚੋਰੀ ਉਸ ਨੂੰ ਮਿਲਣ ਆਉਂਦੀ ਹੈ
ਅੱਧੀ ਰਾਤ ਨੂੰ ਬੋਅਜ਼ ਨੂੰ ਠੰਢ ਲੱਗਦੀ ਹੈ ਤੇ ਉਹ ਥਰ-ਥਰ ਕੰਬਦਾ ਹੋਇਆ ਉੱਠ ਖੜ੍ਹਦਾ ਹੈ। ਕਿਸੇ ਨੇ ਜਾਣ ਕੇ ਉਸ ਦੇ ਪੈਰ ਨੰਗੇ ਕਰ ਦਿੱਤੇ ਸਨ ਤੇ ਉਹ ਉਸ ਦੇ ਪੈਰਾਂ ਕੋਲ ਲੰਮੀ ਪਈ ਹੋਈ ਸੀ। ਹਨੇਰੇ ਵਿਚ ਉਹ ਉਸ ਨੂੰ ਪਛਾਣ ਨਹੀਂ ਸਕਿਆ। ਉਹ ਉਸ ਨੂੰ ਪੁੱਛਦਾ ਹੈ: “ਤੂੰ ਕੌਣ ਹੈਂ?” ਇਕ ਤੀਵੀਂ ਦੀ ਆਵਾਜ਼ ਉੱਤਰ ਦਿੰਦੀ ਹੈ: “ਮੈਂ ਤੁਹਾਡੀ ਟਹਿਲਣ ਰੂਥ ਹਾਂ ਸੋ ਤੁਸੀਂ ਆਪਣੀ ਟਹਿਲਣ ਉੱਤੇ ਆਪਣੀ ਚੱਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛੁਡਾਉਣ ਵਾਲਿਆਂ ਵਿੱਚੋਂ ਹੋ।”—ਰੂਥ 3:1-9.
ਹਨੇਰੇ ਵਿਚ ਉਹ ਗੱਲ ਕਰਦੇ ਹਨ। ਅੱਧੀ ਰਾਤ ਨੂੰ ਕੋਈ ਤੀਵੀਂ ਖੇਤਾਂ ਵਿਚ ਨਹੀਂ ਆਉਂਦੀ। (ਰੂਥ 3:14) ਫਿਰ ਵੀ, ਬੋਅਜ਼ ਦੇ ਕਹਿਣ ਤੇ ਰੂਥ ਉਸ ਦੇ ਪੈਰਾਂ ਵੱਲ ਲੰਮੀ ਪਈ ਰਹਿੰਦੀ ਹੈ ਤੇ ਮੂੰਹ-ਹਨੇਰੇ ਉੱਠ ਕੇ ਚਲੀ ਜਾਂਦੀ ਹੈ, ਤਾਂਕਿ ਕਿਸੇ ਤਰ੍ਹਾਂ ਦੀ ਬਦਨਾਮੀ ਨਾ ਹੋਵੇ।
ਕੀ ਇਹ ਉਨ੍ਹਾਂ ਦੀ ਪ੍ਰੇਮ ਮਿਲਣੀ ਸੀ? ਕੀ ਪਰਾਏ ਦੇਸ਼ ਦੀ ਗ਼ਰੀਬ ਤੇ ਜਵਾਨ ਵਿਧਵਾ ਰੂਥ ਨੇ ਚਲਾਕੀ ਨਾਲ ਇਸ ਅਮੀਰ ਤੇ ਬੁੱਢੇ ਆਦਮੀ ਨੂੰ ਭਰਮਾ ਲਿਆ ਸੀ? ਕੀ ਬੋਅਜ਼ ਰੂਥ ਦੇ ਹਾਲਾਤਾਂ ਤੇ ਰਾਤ ਦੀ ਇਕੱਲਤਾ ਦਾ ਫ਼ਾਇਦਾ ਉਠਾ ਰਿਹਾ ਸੀ? ਨਹੀਂ, ਹਕੀਕਤ ਵਿਚ ਉੱਥੇ ਜੋ ਕੁਝ ਹੋਇਆ, ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਅਤੇ ਪਿਆਰ ਦੀ ਇਕ ਵਧੀਆ ਮਿਸਾਲ ਸੀ। ਉਨ੍ਹਾਂ ਦੋਵਾਂ ਦੀ ਕਹਾਣੀ ਦਿਲ ਨੂੰ ਛੂਹ ਲੈਣ ਵਾਲੀ ਹੈ।
ਪਰ ਇਹ ਰੂਥ ਕੌਣ ਹੈ? ਉਸ ਦਾ ਇਰਾਦਾ ਕੀ ਹੈ? ਨਾਲੇ ਇਹ ਅਮੀਰ ਆਦਮੀ ਬੋਅਜ਼ ਕੌਣ ਹੈ?
“ਸਤਵੰਤੀ ਇਸਤ੍ਰੀ”
ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਈ ਸਾਲ ਪਹਿਲਾਂ ਯਹੂਦਾਹ ਵਿਚ ਕਾਲ ਪਿਆ ਸੀ। ਇਕ ਇਸਰਾਏਲੀ ਪਰਿਵਾਰ—ਅਲੀਮਲਕ, ਉਸ ਦੀ ਪਤਨੀ ਨਾਓਮੀ ਅਤੇ ਉਨ੍ਹਾਂ ਦੇ ਦੋ ਮੁੰਡੇ ਮਹਿਲੋਨ ਅਤੇ ਕਿਲਓਨ ਮੋਆਬ ਨਾਂ ਦੇ ਹਰੇ-ਭਰੇ ਦੇਸ਼ ਵਿਚ ਜਾ ਕੇ ਰਹਿਣ ਲੱਗ ਪਏ। ਦੋਵਾਂ ਮੁੰਡਿਆਂ ਨੇ ਮੋਆਬੀ ਤੀਵੀਆਂ ਰੂਥ ਤੇ ਆਰਪਾਹ ਨਾਲ ਵਿਆਹ ਕਰਾ ਲਏ। ਮੋਆਬ ਵਿਚ ਅਲੀਮਲਕ ਤੇ ਉਸ ਦੇ ਦੋਵੇਂ ਮੁੰਡਿਆਂ ਦੀ ਮੌਤ ਹੋ ਜਾਣ ਤੋਂ ਬਾਅਦ, ਨਾਓਮੀ ਤੇ ਉਸ ਦੀਆਂ ਨੂੰਹਾਂ ਨੂੰ ਪਤਾ ਲੱਗਿਆ ਕਿ ਇਸਰਾਏਲ ਵਿੱਚੋਂ ਕਾਲ ਮੁੱਕ ਗਿਆ ਸੀ। ਇਸ ਲਈ ਵਿਧਵਾ ਨਾਓਮੀ ਨੇ ਆਪਣੇ ਦੁੱਖ ਨੂੰ ਦਿਲ ਵਿਚ ਲਈ ਆਪਣੇ ਜੱਦੀ ਦੇਸ਼ ਵਾਪਸ ਮੁੜਨ ਦਾ ਫ਼ੈਸਲਾ ਕੀਤਾ। ਉਸ ਦਾ ਨਾ ਕੋਈ ਪੁੱਤ ਬਚਿਆ ਸੀ ਤੇ ਨਾ ਉਸ ਦਾ ਕੋਈ ਪੋਤਾ-ਪੋਤੀ ਸੀ।—ਰੂਥ 1:1-14.
ਇਸਰਾਏਲ ਨੂੰ ਜਾਂਦੇ ਹੋਏ ਰਾਹ ਵਿਚ ਨਾਓਮੀ ਨੇ ਆਪਣੀ ਨੂੰਹ ਆਰਪਾਹ ਨੂੰ ਉਸ ਦੇ ਆਪਣੇ ਪਰਿਵਾਰ ਕੋਲ ਮੁੜ ਜਾਣ ਲਈ ਮਨਾ ਲਿਆ। ਫਿਰ ਨਾਓਮੀ ਨੇ ਰੂਥ ਨੂੰ ਕਿਹਾ: “ਵੇਖ, ਤੇਰੀ ਜਿਠਾਣੀ ਆਪਣੇ ਟੱਬਰ ਅਤੇ ਦੇਵਤਿਆਂ ਵੱਲ ਮੁੜ ਗਈ ਹੈ। ਤੂੰ ਵੀ ਆਪਣੀ ਜਿਠਾਣੀ ਦੇ ਮਗਰ ਮੁੜ ਜਾਹ।” ਪਰ ਰੂਥ ਨੇ ਕਿਹਾ: ਰੂਥ 1:15-17) ਇਸ ਤਰ੍ਹਾਂ ਦੋ ਦੁਖੀ ਵਿਧਵਾਵਾਂ ਬੈਤਲਹਮ ਵਾਪਸ ਆ ਗਈਆਂ। ਆਪਣੀ ਸੱਸ ਲਈ ਰੂਥ ਦੇ ਪਿਆਰ ਤੇ ਚਿੰਤਾ ਦਾ ਗੁਆਂਢੀਆਂ ਉੱਤੇ ਇੰਨਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਕਿਹਾ ਕਿ ਉਹ “[ਨਾਓਮੀ] ਲਈ ਸੱਤਾਂ ਪੁੱਤ੍ਰਾਂ ਨਾਲੋਂ ਚੰਗੀ ਹੈ।” ਦੂਸਰਿਆਂ ਨੇ ਉਸ ਨੂੰ “ਸਤਵੰਤੀ ਇਸਤ੍ਰੀ” ਕਿਹਾ।—ਰੂਥ 3:11; 4:15.
“ਮੇਰੇ ਅੱਗੇ ਤਰਲੇ ਨਾ ਪਾ ਜੋ ਮੈਂ ਤੈਨੂੰ ਇਕੱਲਿਆਂ ਛੱਡਾਂ . . . ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ . . . ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ। ਜਿੱਥੇ ਤੂੰ ਮਰੇਂਗੀ ਉੱਥੇ ਮੈਂ ਮਰਾਂਗੀ ਅਤੇ ਉੱਥੇ ਹੀ ਮੈਂ ਦੱਬੀ ਜਾਵਾਂਗੀ।” (ਬੈਤਲਹਮ ਵਿਚ ਜੌਂਆਂ ਦੀ ਵਾਢੀ ਦੇ ਸ਼ੁਰੂ ਹੋਣ ਤੇ ਰੂਥ ਨੇ ਨਾਓਮੀ ਨੂੰ ਕਿਹਾ: “ਮੈਨੂੰ ਪਰਵਾਨਗੀ ਦੇਵੇਂ ਤਾਂ ਮੈਂ ਪੈਲੀਆਂ ਵਿੱਚ ਜਾਵਾਂ ਅਤੇ ਜਿਹ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ ਉਹ ਦੇ ਮਗਰ ਸਿਲਾ ਚੁਗ ਲਵਾਂ।”—ਰੂਥ 2:2.
ਰੱਬੋਂ ਹੀ ਉਹ ਬੋਅਜ਼ ਦੇ ਖੇਤ ਵਿਚ ਆ ਜਾਂਦੀ ਹੈ ਜੋ ਉਸ ਦੇ ਸਹੁਰੇ ਅਲੀਮਲਕ ਦਾ ਰਿਸ਼ਤੇਦਾਰ ਹੈ। ਉਹ ਟਹਿਲੂਏ ਤੋਂ ਸਿਲਾ ਚੁੱਗਣ ਦੀ ਇਜਾਜ਼ਤ ਮੰਗਦੀ ਹੈ। ਉਹ ਬੜੀ ਮਿਹਨਤ ਨਾਲ ਸਿਲਾ ਚੁੱਗਦੀ ਹੈ ਤੇ ਟਹਿਲੂਆ ਬੋਅਜ਼ ਕੋਲ ਉਸ ਦੇ ਕੰਮ ਦੀ ਤਾਰੀਫ਼ ਕਰਦਾ ਹੈ।—ਰੂਥ 1:22–2:7.
ਰੱਖਿਅਕ ਅਤੇ ਦਾਨੀ
ਬੋਅਜ਼ ਯਹੋਵਾਹ ਦਾ ਸੱਚਾ ਭਗਤ ਹੈ। ਰੋਜ਼ ਸਵੇਰੇ ਬੋਅਜ਼ ਆਪਣੇ ਵਾਢਿਆਂ ਨੂੰ ਇਨ੍ਹਾਂ ਸ਼ਬਦਾਂ ਨਾਲ ਸਲਾਮ ਕਹਿੰਦਾ ਹੈ: “ਯਹੋਵਾਹ ਤੁਹਾਡੇ ਨਾਲ ਹੋਵੇ” ਅਤੇ ਵਾਢੇ ਜਵਾਬ ਵਿਚ ਉਸ ਨੂੰ ਕਹਿੰਦੇ ਹਨ: “ਯਹੋਵਾਹ ਤੁਹਾਨੂੰ ਅਸੀਸ ਦੇਵੇ।” (ਰੂਥ 2:4) ਜਦੋਂ ਬੋਅਜ਼ ਨੇ ਰੂਥ ਦੀ ਮਿਹਨਤ ਤੇ ਨਾਓਮੀ ਪ੍ਰਤੀ ਉਸ ਦੀ ਵਫ਼ਾਦਾਰੀ ਬਾਰੇ ਜਾਣਿਆ, ਤਾਂ ਉਸ ਨੇ ਰੂਥ ਨੂੰ ਸਿਲਾ ਚੁੱਗਣ ਦੇ ਖ਼ਾਸ ਮੌਕੇ ਦਿੱਤੇ। ਦੂਸਰੇ ਸ਼ਬਦਾਂ ਵਿਚ ਉਹ ਉਸ ਨੂੰ ਕਹਿੰਦਾ ਹੈ: ‘ਇਸੇ ਪੈਲੀ ਵਿਚ ਰਹਿ; ਹੋਰ ਕਿਸੇ ਪੈਲੀ ਵਿਚ ਜਾਣ ਦੀ ਲੋੜ ਨਹੀਂ। ਮੇਰੀਆਂ ਛੋਕਰੀਆਂ ਦੇ ਨੇੜੇ-ਤੇੜੇ ਰਹਿਣ ਨਾਲ ਤੂੰ ਸੁਰੱਖਿਅਤ ਰਹੇਂਗੀ। ਮੈਂ ਆਪਣੇ ਜਵਾਨਾਂ ਨੂੰ ਹੁਕਮ ਦਿੱਤਾ ਹੋਇਆ ਹੈ ਕਿ ਉਹ ਤੈਨੂੰ ਹੱਥ ਨਾ ਲਾਉਣ। ਪਿਆਸ ਲੱਗਣ ਤੇ ਉਹ ਤੈਨੂੰ ਪੀਣ ਲਈ ਤਾਜ਼ਾ ਪਾਣੀ ਦੇ ਦੇਣਗੇ।’—ਰੂਥ 2:8, 9.
ਰੂਥ ਉਸ ਅੱਗੇ ਝੁਕ ਕੇ ਕਹਿੰਦੀ ਹੈ: ‘ਮੈਂ ਕਿਉਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ? ਮੈਂ ਤਾਂ ਓਪਰੀ ਤੀਵੀਂ ਹਾਂ।’ ਬੋਅਜ਼ ਉੱਤਰ ਦਿੰਦਾ ਹੈ: ‘ਮੈਨੂੰ ਉਸ ਸਾਰੀ ਗੱਲ ਦੀ ਖਬਰ ਹੈ ਜੋ ਤੈਂ ਆਪਣੇ ਪਤੀ ਦੇ ਮਰਨ ਦੇ ਮਗਰੋਂ ਆਪਣੀ ਸੱਸ ਦੇ ਨਾਲ ਕੀਤੀ ਅਤੇ ਕਿੱਕਰ ਤੈਂ ਆਪਣੇ ਪਿਉ ਅਤੇ ਆਪਣੀ ਮਾਂ ਅਤੇ ਰਿਸ਼ਤੇਦਾਰਾਂ ਅਤੇ ਆਪਣੀ ਜੰਮਣ ਭੂਮੀ ਨੂੰ ਛੱਡਿਆ ਅਤੇ ਇਨ੍ਹਾਂ ਲੋਕਾਂ ਵਿੱਚ ਆਈ ਜਿਨ੍ਹਾਂ ਨੂੰ ਤੂੰ ਅੱਗੇ ਨਹੀਂ ਜਾਣਦੀ ਸੀ। ਯਹੋਵਾਹ ਤੇਰੇ ਕੰਮ ਦਾ ਵੱਟਾ ਦੇਵੇ। ਉਹ ਤੈਨੂੰ ਪੂਰਾ ਵੱਟਾ ਦੇਵੇ।’—ਰੂਥ 2:10-12.
ਬੋਅਜ਼ ਉਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਸਗੋਂ ਉਹ ਦਿਲੋਂ ਉਸ ਦੀ ਤਾਰੀਫ਼ ਕਰਦਾ ਹੈ। ਰੂਥ ਬਹੁਤ ਹੀ ਨਿਮਰ ਹੈ ਤੇ ਮਦਦ ਲਈ ਉਸ ਦਾ ਧੰਨਵਾਦ ਕਰਦੀ ਹੈ। ਉਹ ਆਪਣੇ ਆਪ ਨੂੰ ਇਸ ਮਿਹਰ ਦੇ ਯੋਗ ਨਹੀਂ ਸਮਝਦੀ ਤੇ ਹੋਰ ਜ਼ਿਆਦਾ ਮਿਹਨਤ ਨਾਲ ਕੰਮ ਕਰਦੀ ਹੈ। ਬਾਅਦ ਵਿਚ ਰੋਟੀ ਖਾਣ ਵੇਲੇ ਬੋਅਜ਼ ਰੂਥ ਨੂੰ ਬੁਲਾਉਂਦਾ ਹੈ: “ਐਥੇ ਆ ਅਤੇ ਰੋਟੀ ਖਾਹ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡਬੋ।” ਉਹ ਰੱਜ ਕੇ ਰੋਟੀ ਖਾਂਦੀ ਹੈ ਤੇ ਬਚੀ ਰੋਟੀ ਨਾਓਮੀ ਵਾਸਤੇ ਰੱਖ ਲੈਂਦੀ ਹੈ।—ਰੂਥ 2:14.
ਸ਼ਾਮ ਤਕ ਰੂਥ ਨੇ 22 ਲੀਟਰ ਜੌਂ ਇਕੱਠੇ ਕਰ ਲਏ। ਉਹ ਘਰ ਜਾ ਕੇ ਜੌਂ ਤੇ ਬਚੀ ਰੋਟੀ ਨਾਓਮੀ ਨੂੰ ਦੇ ਦਿੰਦੀ ਹੈ। (ਰੂਥ 2:15-18) ਇੰਨੇ ਸਾਰੇ ਜੌਂ ਦੇਖ ਕੇ ਨਾਓਮੀ ਉਸ ਨੂੰ ਪੁੱਛਦੀ ਹੈ: ‘ਤੈਂ ਅੱਜ ਕਿੱਥੋਂ ਸਿਲਾ ਚੁਗਿਆ? ਧੰਨ ਉਹ ਹੈ ਜਿਹ ਨੇ ਤੇਰੀ ਖਬਰ ਲਈ ਹੈ।’ ਜਦੋਂ ਨਾਓਮੀ ਨੂੰ ਪਤਾ ਲੱਗਾ ਕਿ ਰੂਥ ਨੇ ਬੋਅਜ਼ ਦੇ ਖੇਤਾਂ ਵਿਚ ਸਿਲਾ ਚੁਗਿਆ ਸੀ, ਤਾਂ ਉਸ ਨੇ ਕਿਹਾ: “ਉਹ ਯਹੋਵਾਹ ਵੱਲੋਂ ਮੁਬਾਰਕ ਹੋਵੇ ਜਿਸ ਨੇ ਜੀਉਂਦਿਆਂ ਅਤੇ ਮੋਇਆਂ ਨੂੰ ਆਪਣੀ ਕਿਰਪਾ ਖੂਣੋਂ ਖਾਲੀ ਨਹੀਂ ਰੱਖਿਆ . . . ਇਹ ਮਨੁੱਖ ਸਾਡਾ ਨੇੜਦਾਰ ਹੈ ਅਰਥਾਤ ਛੁਡਾਉਣ ਵਾਲਿਆਂ ਵਿੱਚੋਂ ਹੈ।”—ਰੂਥ 2:19, 20.
ਰੂਥ ਨੂੰ “ਸੁਖ” ਮਿਲਿਆ
ਆਪਣੀ ਨੂੰਹ ਦਾ “ਸੁਖ” ਯਾਨੀ ਉਸ ਦਾ ਮੁੜ ਘਰ ਵਸਾਉਣ ਲਈ ਨਾਓਮੀ ਨੇ ਪਰਮੇਸ਼ੁਰ ਦੀ ਸ਼ਰਾ ਵਿਚ ਕੀਤੇ ਗਏ ਪ੍ਰਬੰਧ ਤੋਂ ਲਾਭ ਉਠਾਇਆ। (ਲੇਵੀਆਂ 25:25; ਬਿਵਸਥਾ ਸਾਰ 25:5, 6) ਰੂਥ ਦੇ ਪਤੀ ਮਹਿਲੋਨ ਦਾ ਰਿਸ਼ਤੇਦਾਰ ਹੋਣ ਕਰਕੇ ਬੋਅਜ਼ ਰੂਥ ਦਾ “ਛੁਡਾਉਣ ਵਾਲਾ” ਸੀ। ਇਸ ਲਈ ਨਾਓਮੀ ਰੂਥ ਨੂੰ ਸਮਝਾਉਂਦੀ ਹੈ ਕਿ ਉਸ ਨੂੰ ਬੋਅਜ਼ ਨੂੰ ਆਪਣੇ ਫ਼ਰਜ਼ ਤੋਂ ਜਾਣੂ ਕਰਾਉਣ ਲਈ ਕਿਹੜਾ ਕਦਮ ਚੁੱਕਣਾ ਪਵੇਗਾ। ਨਾਓਮੀ ਨੇ ਉਸ ਨੂੰ ਜਿੱਦਾਂ-ਜਿੱਦਾਂ ਕਰਨ ਲਈ ਕਿਹਾ, ਰੂਥ ਨੇ ਉਸੇ ਤਰ੍ਹਾਂ ਕੀਤਾ। ਰਾਤ ਦੇ ਹਨੇਰੇ ਵਿਚ ਰੂਥ ਬੋਅਜ਼ ਦੇ ਪਿੜ ਵਿਚ ਜਾਂਦੀ ਹੈ। ਬੋਅਜ਼ ਉੱਥੇ ਸੁੱਤਾ ਪਿਆ ਹੈ। ਉਹ ਉਸ ਦੇ ਪੈਰਾਂ ਤੋਂ ਚਾਦਰ ਹਟਾ ਦਿੰਦੀ ਹੈ ਤੇ ਉਸ ਦੇ ਜਾਗਣ ਦੀ ਉਡੀਕ ਕਰਦੀ ਹੈ।—ਰੂਥ 3:1-7.
ਰੂਥ ਦੁਆਰਾ ਬੋਅਜ਼ ਦੇ ਪੈਰਾਂ ਤੋਂ ਚਾਦਰ ਹਟਾਉਣ ਨਾਲ ਬੋਅਜ਼ ਰੂਥ ਦੀ ਬੇਨਤੀ ਕਿ ਉਹ ‘ਉਸ ਉੱਤੇ ਆਪਣੀ ਚੱਦਰ ਦਾ ਪੱਲਾ ਪਾਵੇ,’ ਦਾ ਅਰਥ ਸਮਝ ਜਾਂਦਾ ਹੈ। ਇਸ ਨਾਲ ਬੋਅਜ਼ ਨੂੰ ‘ਛੁਡਾਉਣ ਵਾਲੇ’ ਵਜੋਂ ਆਪਣੇ ਫ਼ਰਜ਼ ਦਾ ਅਹਿਸਾਸ ਹੁੰਦਾ ਹੈ ਕਿਉਂਕਿ ਉਹ ਰੂਥ ਦੇ ਪਹਿਲੇ ਪਤੀ ਮਹਿਲੋਨ ਦਾ ਰਿਸ਼ਤੇਦਾਰ ਸੀ।—ਰੂਥ 3:9.
ਰੂਥ ਤੇ ਬੋਅਜ਼ ਨੇ ਰਾਤ ਨੂੰ ਮਿਲਣ ਦਾ ਪਹਿਲਾਂ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਸੀ। ਪਰ ਬੋਅਜ਼ ਜਿਸ ਤਰ੍ਹਾਂ ਪੇਸ਼ ਆਇਆ, ਉਸ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਰੂਥ ਤੋਂ ਥੋੜ੍ਹੀ-ਬਹੁਤ ਆਸ ਸੀ ਕਿ ਉਹ ਉਸ ਨੂੰ ਛੁਡਾਉਣ ਲਈ ਬੇਨਤੀ ਕਰੇਗੀ। ਬੋਅਜ਼ ਉਸ ਦੀ ਇੱਛਾ ਪੂਰੀ ਕਰਨਾ ਚਾਹੁੰਦਾ ਸੀ।
ਰੂਥ ਸ਼ਾਇਦ ਘਬਰਾਈ ਹੋਈ ਹੈ, ਇਸ ਲਈ ਬੋਅਜ਼ ਉਸ ਨੂੰ ਹੌਸਲਾ ਦਿੰਦਾ ਹੈ: “ਹੁਣ ਹੇ ਬੀਬੀ, ਨਾ ਡਰ। ਸਭ ਕੁਝ ਜੋ ਤੂੰ ਮੰਗਦੀ ਹੈਂ ਮੈਂ ਤੇਰੇ ਨਾਲ ਕਰਾਂਗਾ ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤ੍ਰੀ ਹੈਂ।”—ਰੂਥ 3:11.
ਰੂਥ ਨੇ ਜੋ ਵੀ ਕੀਤਾ, ਉਸ ਨੂੰ ਬੋਅਜ਼ ਨੇ ਗ਼ਲਤ ਨਹੀਂ ਸਮਝਿਆ ਕਿਉਂਕਿ ਉਸ ਨੇ ਇਹ ਕਿਹਾ ਸੀ: “ਹੇ ਬੀਬੀ, ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ ਕਰ ਵਿਖਾਈ।” (ਰੂਥ 3:10) ਪਹਿਲਾਂ ਰੂਥ ਨੇ ਨਾਓਮੀ ਲਈ ਆਪਣੀ ਪਿਆਰ-ਭਰੀ-ਦਇਆ ਜਾਂ ਵਫ਼ਾਦਾਰੀ ਦਾ ਸਬੂਤ ਦਿੱਤਾ ਸੀ। ਅੰਤ ਵਿਚ ਉਹ ਬਿਨਾਂ ਕਿਸੇ ਸੁਆਰਥ ਦੇ ਆਪਣੇ ਤੋਂ ਕਿਤੇ ਵੱਡੀ ਉਮਰ ਦੇ ਆਦਮੀ ਬੋਅਜ਼ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਈ ਕਿਉਂਕਿ ਉਹ ਉਸ ਦਾ ਛੁਡਾਉਣ ਵਾਲਾ ਸੀ। ਉਹ ਆਪਣੇ ਮਰ ਚੁੱਕੇ ਪਤੀ ਮਹਿਲੋਨ ਅਤੇ ਨਾਓਮੀ ਲਈ ਬੱਚੇ ਪੈਦਾ ਕਰਨ ਵਾਸਤੇ ਤਿਆਰ ਸੀ।
ਛੁਡਾਉਣ ਵਾਲਾ ਮੁੱਕਰ ਜਾਂਦਾ ਹੈ
ਅਗਲੇ ਦਿਨ ਸਵੇਰੇ ਬੋਅਜ਼ ਇਕ ਰਿਸ਼ਤੇਦਾਰ ਨੂੰ ਬੁਲਾਉਂਦਾ ਹੈ। ਬਾਈਬਲ ਵਿਚ ਉਸ ਰਿਸ਼ਤੇਦਾਰ ਨੂੰ ‘ਫਲਾਣਾ’ ਕਹਿ ਕੇ ਬੁਲਾਇਆ ਗਿਆ ਹੈ। ਉਹ ਬੋਅਜ਼ ਨਾਲੋਂ ਨਾਓਮੀ ਦਾ ਜ਼ਿਆਦਾ ਨੇੜੇ ਦਾ ਰਿਸ਼ਤੇਦਾਰ ਸੀ। ਸ਼ਹਿਰ ਦੇ ਬਜ਼ੁਰਗਾਂ ਅਤੇ ਵਾਸੀਆਂ ਸਾਮ੍ਹਣੇ ਬੋਅਜ਼ ਕਹਿੰਦਾ ਹੈ: ‘ਸੋ ਮੈਂ ਆਖਿਆ ਭਈ ਤੇਰੇ ਕੰਨੀਂ ਕੱਢ ਲਵਾਂ ਕਿ ਤੂੰ ਨਾਓਮੀ ਦਾ ਇਕ ਖੇਤ ਖ਼ਰੀਦ ਲੈ ਜੋ ਉਸ ਦੇ ਪਤੀ ਅਲੀਮਲਕ ਦਾ ਹੈ ਕਿਉਂਕਿ ਉਹ ਇਸ ਨੂੰ ਵੇਚਣਾ ਚਾਹੁੰਦੀ ਹੈ।’ ਬੋਅਜ਼ ਅੱਗੇ ਕਹਿੰਦਾ ਹੈ: ‘ਕੀ ਤੂੰ ਇਸ ਨੂੰ ਖ਼ਰੀਦੇਂਗਾ? ਜੇ ਨਹੀਂ, ਤਾਂ ਮੈਂ ਇਸ ਨੂੰ ਖ਼ਰੀਦ ਲਵਾਂਗਾ।’ ਉਹ ਫਲਾਣਾ ਆਦਮੀ ਖੇਤ ਖ਼ਰੀਦਣ ਲਈ ਮੰਨ ਗਿਆ।—ਰੂਥ 4:1-4.
ਪਰ ਬੋਅਜ਼ ਨੇ ਉਸ ਨੂੰ ਇਕ ਗੱਲ ਦੱਸ ਕੇ ਹੈਰਾਨ ਕਰ ਦਿੱਤਾ! ਬੋਅਜ਼ ਹੁਣ ਸਾਰੇ ਗਵਾਹਾਂ ਸਾਮ੍ਹਣੇ ਕਹਿੰਦਾ ਹੈ: “ਜਿਸ ਦਿਨ ਤੂੰ ਉਹ ਪੈਲੀ ਨਾਓਮੀ ਦੇ ਹੱਥੋਂ ਮੁੱਲ ਲਵੇਂ ਤਾਂ ਉੱਸੇ ਦਿਨ ਤੈਨੂੰ ਉਸ ਮੋਏ ਹੋਏ ਦੀ ਤੀਵੀਂ ਮੋਆਬਣ ਰੂਥ ਤੋਂ ਵੀ ਮੁੱਲ ਲੈਣੀ ਪਵੇਗੀ ਜੋ ਉਸ ਮੋਏ ਹੋਏ ਦਾ ਨਾਉਂ ਉਹ ਦੀ ਪੱਤੀ ਵਿੱਚ ਬਣਿਆ ਰਹੇ।” ਇਸ ਡਰੋਂ ਕਿ ਉਸ ਦੀ ਆਪਣੀ ਵਿਰਾਸਤ ਵੀ ਨਾ ਖ਼ਰਾਬ ਹੋ ਜਾਵੇ, ਉਹ ਇਹ ਕਹਿ ਕੇ ਛੁਡਾਉਣ ਦੇ ਹੱਕ ਨੂੰ ਤਿਆਗ ਦਿੰਦਾ ਹੈ: “ਮੈਂ ਆਪ ਨਹੀਂ ਛੁਡਾ ਸੱਕਦਾ।”—ਰੂਥ 4:5, 6.
ਉਸ ਵੇਲੇ ਰਿਵਾਜ ਸੀ ਕਿ ਜੇ ਕੋਈ ਆਦਮੀ ਛੁਡਾਉਣ ਤੋਂ ਇਨਕਾਰ ਕਰਦਾ ਸੀ, ਤਾਂ ਉਹ ਆਪਣੀ ਜੁੱਤੀ ਲਾਹ ਕੇ ਆਪਣੇ ਸਾਥੀ ਨੂੰ ਦੇ ਦਿੰਦਾ ਸੀ। ਇਸ ਲਈ ਜਦੋਂ ਉਹ ਫਲਾਣਾ ਆਦਮੀ ਬੋਅਜ਼ ਨੂੰ ਕਹਿੰਦਾ ਹੈ, “ਤੂੰ ਆਪ ਹੀ [ਖੇਤ] ਲੈ ਲੈ,” ਤਾਂ ਉਹ ਆਦਮੀ ਆਪਣੀ ਜੁੱਤੀ ਲਾਹ ਦਿੰਦਾ ਹੈ। ਫਿਰ ਬੋਅਜ਼ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਹਿੰਦਾ ਹੈ: “ਤੁਸੀਂ ਅੱਜ ਦੇ ਦਿਨ ਗਵਾਹ ਹੋਏ ਜੋ ਮੈਂ ਅਲੀਮਲਕ ਅਤੇ ਕਿਲਓਨ ਅਤੇ ਮਹਿਲੋਨ ਦਾ ਸਭ ਕੁਝ ਨਾਓਮੀ ਦੇ ਹੱਥੋਂ ਮੁੱਲ ਲੈ ਲਿਆ। ਨਾਲੇ ਮੈਂ ਮਹਿਲੋਨ ਦੀ ਤੀਵੀਂ ਮੋਆਬਣ ਰੂਥ ਨੂੰ ਵੀ ਮੁੱਲ ਲੈ ਲਿਆ ਤਾਂ ਜੋ ਉਹ ਮੇਰੀ ਪਤਨੀ ਬਣੇ ਇਸ ਕਰਕੇ ਜੋ ਉਸ ਮੋਏ ਹੋਏ ਦਾ ਨਾਉਂ ਉਹ ਦੀ ਪੱਤੀ ਵਿੱਚ ਬਣਿਆ ਰਹੇ . . . ਤੁਸੀਂ ਅੱਜ ਦੇ ਦਿਨ ਗਵਾਹ ਹੋ।”—ਫਾਟਕ ਤੇ ਖੜ੍ਹੇ ਸਾਰੇ ਲੋਕ ਬੋਅਜ਼ ਨੂੰ ਕਹਿੰਦੇ ਹਨ: “ਯਹੋਵਾਹ ਉਸ ਤੀਵੀਂ ਨੂੰ ਜੋ ਤੇਰੇ ਘਰ ਵਿੱਚ ਆਈ ਹੈ ਰਾਖੇਲ ਅਤੇ ਲਿਆਹ ਵਰਗੀ ਕਰੇ ਜਿਨ੍ਹਾਂ ਦੋਹਾਂ ਨੇ ਇਸਰਾਏਲ ਦਾ ਘਰ ਬਣਾਇਆ। ਤੂੰ ਇਫ਼ਰਾਥਾਹ ਵਿੱਚ ਸੂਰਮਗਤੀ ਕਰੇਂ ਅਤੇ ਬੈਤਲਹਮ ਵਿੱਚ ਤੇਰਾ ਨਾਉਂ ਉਜਾਗਰ ਹੋਵੇ।”—ਰੂਥ 4:11, 12.
ਲੋਕਾਂ ਦੀਆਂ ਅਸੀਸਾਂ ਨਾਲ ਬੋਅਜ਼ ਰੂਥ ਨੂੰ ਆਪਣੀ ਪਤਨੀ ਬਣਾ ਲੈਂਦਾ ਹੈ। ਉਹ ਉਸ ਲਈ ਇਕ ਪੁੱਤਰ ਜੰਮਦੀ ਹੈ ਜਿਸ ਦਾ ਨਾਂ ਉਹ ਓਬੇਦ ਰੱਖਦੇ ਹਨ। ਇਸ ਤਰ੍ਹਾਂ ਰੂਥ ਤੇ ਬੋਅਜ਼ ਦੀ ਪੀੜ੍ਹੀ ਵਿਚ ਹੀ ਰਾਜਾ ਦਾਊਦ ਦਾ ਅਤੇ ਫਿਰ ਯਿਸੂ ਮਸੀਹ ਦਾ ਜਨਮ ਹੋਇਆ।—ਰੂਥ 4:13-17; ਮੱਤੀ 1:5, 6, 16.
“ਪੂਰਾ ਵੱਟਾ”
ਪੂਰੀ ਕਹਾਣੀ ਵਿਚ, ਆਪਣੇ ਕਾਮਿਆਂ ਨੂੰ ਪਿਆਰ ਨਾਲ ਸਲਾਮ ਕਰਨ ਤੋਂ ਲੈ ਕੇ ਅਲੀਮਲਕ ਦੇ ਪਰਿਵਾਰ ਦੇ ਨਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਲੈਣ ਤਕ ਬੋਅਜ਼ ਬਹੁਤ ਹੀ ਚੰਗਾ ਇਨਸਾਨ ਸਾਬਤ ਹੋਇਆ। ਉਹ ਜ਼ਿੰਮੇਵਾਰ ਹੋਣ ਦੇ ਨਾਲ-ਨਾਲ ਮਿਹਨਤੀ ਵੀ ਸੀ। ਉਹ ਜੋ ਵੀ ਕਹਿੰਦਾ ਸੀ ਉਸ ਨੂੰ ਪੂਰਾ ਵੀ ਕਰਦਾ ਸੀ। ਇਸ ਦੇ ਨਾਲ-ਨਾਲ, ਉਹ ਸੰਜਮੀ, ਨਿਹਚਾਵਾਨ ਅਤੇ ਵਫ਼ਾਦਾਰ ਸਾਬਤ ਹੋਇਆ। ਬੋਅਜ਼ ਖੁੱਲ੍ਹ-ਦਿਲਾ, ਦਿਆਲੂ ਅਤੇ ਸੱਚਾ-ਸੁੱਚਾ ਇਨਸਾਨ ਸੀ ਅਤੇ ਯਹੋਵਾਹ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਮੰਨਦਾ ਸੀ।
ਰੂਥ ਵਿਚ ਵੀ ਕਈ ਖੂਬੀਆਂ ਸਨ—ਉਹ ਯਹੋਵਾਹ ਨੂੰ ਪਿਆਰ ਕਰਦੀ ਸੀ, ਆਪਣੀ ਸੱਸ ਨਾਲ ਵੀ ਪਿਆਰ ਭਰੀ ਵਫ਼ਾਦਾਰੀ ਨਿਭਾਈ ਤੇ ਉਹ ਬਹੁਤ ਮਿਹਨਤੀ ਤੇ ਨਿਮਰ ਸੀ। ਇਸੇ ਕਰਕੇ ਲੋਕ ਉਸ ਨੂੰ “ਸਤਵੰਤੀ ਇਸਤ੍ਰੀ” ਕਹਿੰਦੇ ਸਨ। ਉਸ ਨੇ “ਆਲਸ ਦੀ ਰੋਟੀ” ਨਹੀਂ ਖਾਧੀ ਅਤੇ ਆਪਣੀ ਮਿਹਨਤ ਕਰਕੇ ਹੀ ਉਹ ਆਪਣੀ ਗ਼ਰੀਬ ਸੱਸ ਦਾ ਢਿੱਡ ਭਰਦੀ ਰਹੀ। (ਕਹਾਉਤਾਂ 31:27, 31) ਨਾਓਮੀ ਦੀ ਜ਼ਿੰਮੇਵਾਰੀ ਲੈਣ ਨਾਲ ਉਸ ਨੇ ਜ਼ਰੂਰ ਉਹ ਖ਼ੁਸ਼ੀ ਮਹਿਸੂਸ ਕੀਤੀ ਹੋਣੀ ਜੋ ਦੂਸਰਿਆਂ ਨੂੰ ਕੁਝ ਦੇਣ ਨਾਲ ਮਿਲਦੀ ਹੈ।—ਰਸੂਲਾਂ ਦੇ ਕਰਤੱਬ 20:35; 1 ਤਿਮੋਥਿਉਸ 5:4, 8.
ਰੂਥ ਦੀ ਕਿਤਾਬ ਵਿਚ ਅਸੀਂ ਕਿੰਨੀਆਂ ਵਧੀਆ-ਵਧੀਆ ਉਦਾਹਰਣਾਂ ਪੜ੍ਹਦੇ ਹਾਂ! ਯਹੋਵਾਹ ਨੇ ਨਾਓਮੀ ਨੂੰ ਯਾਦ ਰੱਖਿਆ। ਯਿਸੂ ਮਸੀਹ ਨੇ ਰੂਥ ਦੀ ਪੀੜ੍ਹੀ ਵਿਚ ਜਨਮ ਲਿਆ, ਇਸ ਤਰ੍ਹਾਂ ਰੂਥ ਨੂੰ “ਪੂਰਾ ਵੱਟਾ” ਮਿਲਿਆ। ਬੋਅਜ਼ ਨੂੰ ਇਕ “ਸਤਵੰਤੀ ਇਸਤ੍ਰੀ” ਪਤਨੀ ਦੇ ਰੂਪ ਵਿਚ ਮਿਲੀ। ਇਨ੍ਹਾਂ ਨਿਹਚਾਵਾਨ ਵਿਅਕਤੀਆਂ ਬਾਰੇ ਪੜ੍ਹ ਕੇ ਸਾਡੀ ਨਿਹਚਾ ਪੱਕੀ ਹੁੰਦੀ ਹੈ।
[ਸਫ਼ੇ 26 ਉੱਤੇ ਡੱਬੀ]
ਆਸ਼ਾ ਦੀ ਕਿਰਨ
ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੀ ਜ਼ਿੰਦਗੀ ਬਹੁਤ ਦੁਖੀ ਹੈ, ਤਾਂ ਰੂਥ ਦੀ ਕਹਾਣੀ ਤੁਹਾਨੂੰ ਆਸ਼ਾ ਦੀ ਕਿਰਨ ਦਿਖਾ ਸਕਦੀ ਹੈ। ਇਹ ਬਾਈਬਲ ਵਿਚ ਨਿਆਈਆਂ ਦੀ ਕਿਤਾਬ ਲਈ ਇਕ ਸਹੀ ਤੇ ਅਹਿਮ ਸਮਾਪਤੀ ਹੈ। ਰੂਥ ਦੀ ਕਿਤਾਬ ਸਾਨੂੰ ਦੱਸਦੀ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਲਈ ਇਕ ਰਾਜਾ ਪੈਦਾ ਕਰਨ ਵਾਸਤੇ ਕਿਵੇਂ ਮੋਆਬ ਨਾਂ ਦੇ ਪ੍ਰਾਚੀਨ ਦੇਸ਼ ਦੀ ਇਕ ਨਿਮਰ ਵਿਧਵਾ ਤੀਵੀਂ ਨੂੰ ਵਰਤਿਆ ਸੀ। ਨਿਆਈਆਂ ਦੀ ਕਿਤਾਬ ਨੂੰ ਪੜ੍ਹਨ ਮਗਰੋਂ ਅਸੀਂ ਦੇਖ ਸਕਦੇ ਹਾਂ ਕਿ ਰੂਥ ਦੀ ਨਿਹਚਾ ਉਨ੍ਹਾਂ ਦਿਨਾਂ ਵਿਚ ਸੱਚ-ਮੁੱਚ ਬੇਮਿਸਾਲ ਸੀ, ਮਾਨੋ ਹਨੇਰੀ ਥਾਂ ਵਿਚ ਦੀਵਾ।
ਰੂਥ ਦੀ ਕਹਾਣੀ ਪੜ੍ਹਨ ਤੋਂ ਬਾਅਦ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਭਾਵੇਂ ਜਿੰਨੇ ਮਰਜ਼ੀ ਬੁਰੇ ਦਿਨ ਆ ਜਾਣ, ਪਰਮੇਸ਼ੁਰ ਹਰ ਵੇਲੇ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ ਅਤੇ ਆਪਣੇ ਮਕਸਦ ਪੂਰੇ ਕਰਦਾ ਹੈ।