Skip to content

Skip to table of contents

ਯਹੋਵਾਹ ਸਾਧਾਰਣ ਲੋਕਾਂ ਦੀ ਪਰਵਾਹ ਕਰਦਾ ਹੈ

ਯਹੋਵਾਹ ਸਾਧਾਰਣ ਲੋਕਾਂ ਦੀ ਪਰਵਾਹ ਕਰਦਾ ਹੈ

ਯਹੋਵਾਹ ਸਾਧਾਰਣ ਲੋਕਾਂ ਦੀ ਪਰਵਾਹ ਕਰਦਾ ਹੈ

ਕੀ ਪਰਮੇਸ਼ੁਰ ਸਿਰਫ਼ ਸੋਹਣੇ-ਸੁਨੱਖੇ ਜਾਂ ਪ੍ਰਸਿੱਧ ਲੋਕਾਂ ਉੱਤੇ ਹੀ ਗੌਰ ਕਰਦਾ ਹੈ? ਇਕ ਕਿਤਾਬ ਮੁਤਾਬਕ, ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਾਮ ਲਿੰਕਨ ਨੇ ਕਿਹਾ ਸੀ: “ਪ੍ਰਭੂ ਨੂੰ ਸਾਧਾਰਣ ਸ਼ਕਲ-ਸੂਰਤ ਵਾਲੇ ਲੋਕ ਪਸੰਦ ਹਨ। ਤਾਹੀਓਂ ਉਸ ਨੇ ਇੰਨੇ ਸਾਰੇ ਸਾਧਾਰਣ ਲੋਕ ਬਣਾਏ ਹਨ।” ਕਈ ਲੋਕ ਮਹਿਸੂਸ ਕਰਦੇ ਹਨ ਕਿ ਉਹ ਬਹੁਤ ਹੀ ਸਾਧਾਰਣ ਹਨ ਅਤੇ ਉਨ੍ਹਾਂ ਵਿਚ ਕੋਈ ਖ਼ਾਸ ਗੱਲ ਨਹੀਂ ਹੈ। ਸਾਧਾਰਣ ਹੋਣ ਦਾ ਮਤਲਬ “ਗ਼ਰੀਬ ਜਾਂ ਤੁੱਛ” ਹੋਣਾ ਹੋ ਸਕਦਾ ਹੈ। ਇਸੇ ਤਰ੍ਹਾਂ, “ਮਾਮੂਲੀ” ਹੋਣ ਦਾ ਇਹ ਮਤਲਬ ਹੋ ਸਕਦਾ ਹੈ ਕਿ ਇਕ ਵਿਅਕਤੀ ਕੋਲ ਕੋਈ “ਅਧਿਕਾਰ ਜਾਂ ਖ਼ਾਸ ਪਦਵੀ ਨਹੀਂ ਹੈ,” ਉਹ “ਆਮ ਦਰਜੇ ਤੋਂ ਵੀ ਨੀਵਾਂ ਹੈ” ਜਾਂ “ਦੂਜੇ ਦਰਜੇ” ਦਾ ਹੈ। ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਨਾਲ ਮੇਲ-ਜੋਲ ਰੱਖਣਾ ਪਸੰਦ ਕਰਦੇ ਹੋ? ਹੈਂਕੜਬਾਜ਼, ਹਠਧਰਮੀ ਤੇ ਘਮੰਡੀ ਲੋਕਾਂ ਨਾਲ? ਜਾਂ ਦੋਸਤਾਨਾ, ਹਲੀਮ ਤੇ ਸੁਸ਼ੀਲ ਲੋਕਾਂ ਨਾਲ ਜੋ ਦੂਸਰਿਆਂ ਦੀ ਸੱਚੇ ਦਿਲੋਂ ਪਰਵਾਹ ਕਰਦੇ ਹਨ?

ਅੱਜ-ਕੱਲ੍ਹ ਲੋਕ ਅਕਸਰ ਗ਼ਰੀਬਾਂ ਨੂੰ ਤਾਅਨੇ-ਮਿਹਣੇ ਮਾਰਦੇ ਹਨ ਅਤੇ ਉਨ੍ਹਾਂ ਦਾ ਮਖੌਲ ਉਡਾਉਂਦੇ ਹਨ, ਇਸ ਲਈ ਕੁਝ ਗ਼ਰੀਬ ਲੋਕਾਂ ਨੂੰ ਇਹ ਵਿਸ਼ਵਾਸ ਕਰਨਾ ਬਹੁਤ ਔਖਾ ਲੱਗਦਾ ਹੈ ਕਿ ਪਰਮੇਸ਼ੁਰ ਸਾਧਾਰਣ ਲੋਕਾਂ ਦੀ ਸੱਚ-ਮੁੱਚ ਪਰਵਾਹ ਕਰਦਾ ਹੈ। ਪਹਿਰਾਬੁਰਜ ਰਸਾਲੇ ਦੇ ਇਕ ਪਾਠਕ ਨੇ ਲਿਖਿਆ: “ਮੈਂ ਅਜਿਹੇ ਪਰਿਵਾਰ ਵਿਚ ਵੱਡਾ ਹੋਇਆ ਹਾਂ ਜਿੱਥੇ ਪਿਆਰ ਵਰਗੀ ਕੋਈ ਚੀਜ਼ ਹੀ ਨਹੀਂ ਸੀ। ਘਰ ਵਿਚ ਦੂਸਰੇ ਮੇਰੀ ਬੇਇੱਜ਼ਤੀ ਕਰਦੇ ਅਤੇ ਮੇਰਾ ਮਖੌਲ ਉਡਾਉਂਦੇ ਸਨ। ਇਸ ਲਈ ਬਚਪਨ ਤੋਂ ਹੀ ਮੇਰੇ ਵਿਚ ਹੀਣ-ਭਾਵਨਾ ਪੈਦਾ ਹੋ ਗਈ। ਇਹ ਹੀਣ-ਭਾਵਨਾ ਮੇਰੇ ਵਿਚ ਇੰਨੀ ਮਜ਼ਬੂਤੀ ਨਾਲ ਜੜ੍ਹ ਫੜ ਚੁੱਕੀ ਹੈ ਕਿ ਅਜੇ ਵੀ ਮੈਂ ਜਦੋਂ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ ਹਾਂ, ਤਾਂ ਮੈਂ ਆਪਣੇ ਆਪ ਨੂੰ ਬਹੁਤ ਹੀ ਨਿਕੰਮਾ ਤੇ ਨਾਕਾਮ ਇਨਸਾਨ ਮਹਿਸੂਸ ਕਰਦਾ ਹਾਂ।” ਪਰ ਕਈ ਗੱਲਾਂ ਸਾਬਤ ਕਰਦੀਆਂ ਹਨ ਕਿ ਪਰਮੇਸ਼ੁਰ ਸਾਧਾਰਣ ਇਨਸਾਨਾਂ ਦੀ ਸੱਚ-ਮੁੱਚ ਪਰਵਾਹ ਕਰਦਾ ਹੈ।

ਪਰਮੇਸ਼ੁਰ ਨੂੰ ਮਾਮੂਲੀ ਲੋਕਾਂ ਦੀ ਪਰਵਾਹ ਹੈ

“ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, ਅਤੇ ਉਹ ਦੀ ਮਹਾਨਤਾ ਅਗੰਮ ਹੈ,” ਰਾਜਾ ਦਾਊਦ ਨੇ ਲਿਖਿਆ। (ਜ਼ਬੂਰਾਂ ਦੀ ਪੋਥੀ 145:3) ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਨੂੰ ਸਾਡਾ ਫ਼ਿਕਰ ਹੀ ਨਹੀਂ ਜਾਂ ਉਹ ਸਾਨੂੰ ਪਿਆਰ ਨਹੀਂ ਕਰਦਾ। (1 ਪਤਰਸ 5:7) ਮਿਸਾਲ ਲਈ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 34:18.

ਦੁਨੀਆਂ ਦੇ ਲੋਕ ਸੁੰਦਰਤਾ, ਸ਼ੁਹਰਤ ਜਾਂ ਧਨ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ, ਪਰ ਇਹ ਚੀਜ਼ਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੋਈ ਮਾਅਨੇ ਨਹੀਂ ਰੱਖਦੀਆਂ। ਪਰਮੇਸ਼ੁਰ ਦੁਆਰਾ ਇਸਰਾਏਲ ਕੌਮ ਨੂੰ ਦਿੱਤੀ ਸ਼ਰਾ ਤੋਂ ਸਾਫ਼ ਨਜ਼ਰ ਆਉਂਦਾ ਸੀ ਕਿ ਪਰਮੇਸ਼ੁਰ ਗ਼ਰੀਬਾਂ, ਅਨਾਥਾਂ, ਵਿਧਵਾਵਾਂ ਅਤੇ ਪਰਦੇਸੀਆਂ ਦੀ ਪਰਵਾਹ ਕਰਦਾ ਸੀ। ਮਿਸਰ ਦੇਸ਼ ਵਿਚ ਇਸਰਾਏਲੀਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ ਸੀ, ਪਰ ਫਿਰ ਵੀ ਪਰਮੇਸ਼ੁਰ ਨੇ ਇਸਰਾਏਲ ਕੌਮ ਨੂੰ ਕਿਹਾ: “ਤੁਸੀਂ ਪਰਦੇਸੀ ਨੂੰ ਨਾ ਸਤਾਓ ਨਾ ਦੁਖ ਦਿਓ . . . ਵਿਧਵਾ ਅਤੇ ਯਤੀਮ ਨੂੰ ਤੰਗ ਨਾ ਕਰੋ। ਜੇ ਤੁਸੀਂ ਉਨ੍ਹਾਂ ਨੂੰ ਤੰਗ ਹੀ ਕਰੋਗੇ ਤਾਂ ਜਦ ਓਹ ਮੇਰੇ ਅੱਗੇ ਦੁਹਾਈ ਦੇਣਗੇ ਤਾਂ ਮੈਂ ਜਰੂਰ ਉਨ੍ਹਾਂ ਦੀ ਦੁਹਾਈ ਨੂੰ ਸੁਣਾਂਗਾ।” (ਕੂਚ 22:21-24) ਇਸ ਤੋਂ ਇਲਾਵਾ, ਯਸਾਯਾਹ ਨਬੀ ਨੂੰ ਪੱਕਾ ਵਿਸ਼ਵਾਸ ਸੀ ਕਿ ਪਰਮੇਸ਼ੁਰ ਗ਼ਰੀਬਾਂ ਦੀ ਪਰਵਾਹ ਕਰਦਾ ਹੈ। ਉਸ ਨੇ ਲਿਖਿਆ: “ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਙੁ ਹੈ।”—ਯਸਾਯਾਹ 25:4.

ਆਪਣੀ ਜ਼ਮੀਨੀ ਸੇਵਕਾਈ ਦੌਰਾਨ, ਯਿਸੂ ਮਸੀਹ ਜੋ ਪਰਮੇਸ਼ੁਰ ਦਾ ਹੂ-ਬਹੂ “ਨਕਸ਼” ਹੈ, ਨੇ ਸਾਧਾਰਣ ਲੋਕਾਂ ਵਿਚ ਸੱਚੀ ਰੁਚੀ ਦਿਖਾ ਕੇ ਆਪਣੇ ਚੇਲਿਆਂ ਲਈ ਵਧੀਆ ਮਿਸਾਲ ਕਾਇਮ ਕੀਤੀ। (ਇਬਰਾਨੀਆਂ 1:3) ਜਦੋਂ ਯਿਸੂ ਨੇ ਲੋਕਾਂ ਦੀ ਭੀੜ ਦੇਖੀ, ਤਾਂ ਉਸ ਨੂੰ ਉਨ੍ਹਾਂ ਉੱਤੇ “ਤਰਸ ਆਇਆ” ਕਿਉਂਕਿ ਉਹ “ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ . . . ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।”—ਮੱਤੀ 9:36.

ਇਸ ਗੱਲ ਉੱਤੇ ਵੀ ਗੌਰ ਕਰੋ ਕਿ ਯਿਸੂ ਨੇ ਕਿਸ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਖ਼ਾਸ ਚੇਲੇ ਬਣਨ ਲਈ ਚੁਣਿਆ ਸੀ। ਉਹ ‘ਵਿਦਵਾਨ ਨਹੀਂ ਸਗੋਂ ਆਮ ਵਿੱਚੋਂ ਸਨ।’ (ਰਸੂਲਾਂ ਦੇ ਕਰਤੱਬ 4:13) ਯਿਸੂ ਦੀ ਮੌਤ ਮਗਰੋਂ ਉਸ ਦੇ ਚੇਲਿਆਂ ਨੇ ਹਰ ਪਿਛੋਕੜ ਦੇ ਲੋਕਾਂ ਨੂੰ ਪਰਮੇਸ਼ੁਰ ਦਾ ਬਚਨ ਸੁਣਨ ਦਾ ਸੱਦਾ ਦਿੱਤਾ। ਪੌਲੁਸ ਰਸੂਲ ਨੇ ਲਿਖਿਆ ਕਿ ਕੋਈ ਵੀ “ਆਮ ਜਾਂ ਅਵਿਸ਼ਵਾਸੀ” ਮਨੁੱਖ ਮਸੀਹੀ ਕਲੀਸਿਯਾ ਵਿਚ ਆ ਕੇ ਵਿਸ਼ਵਾਸੀ ਬਣ ਸਕਦਾ ਸੀ। (1 ਕੁਰਿੰਥੁਸ 14:24, 25, ਪਵਿੱਤਰ ਬਾਈਬਲ ਨਵਾਂ ਅਨੁਵਾਦ) ਦੁਨੀਆਂ ਦੇ ਮਸ਼ਹੂਰ ਅਤੇ ਸਿਰਕੱਢ ਲੋਕਾਂ ਨੂੰ ਚੁਣਨ ਦੀ ਬਜਾਇ, ਪਰਮੇਸ਼ੁਰ ਨੇ ਆਪਣੀ ਸੇਵਾ ਲਈ ਆਮ ਅਤੇ ਸਾਧਾਰਣ ਲੋਕਾਂ ਨੂੰ ਚੁਣਿਆ। ਪੌਲੁਸ ਰਸੂਲ ਨੇ ਕਿਹਾ: “ਹੇ ਭਰਾਵੋ, ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ। ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ। ਅਤੇ ਸੰਸਾਰ ਦੇ ਅਦਨਾਂ ਅਤੇ ਮਲੀਹਦੜਾਂ ਨੂੰ ਨਾਲੇ ਓਹਨਾਂ ਨੂੰ ਜਿਹੜੇ ਹਨ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਭਈ ਉਨ੍ਹਾਂ ਨੂੰ ਜਿਹੜੇ ਹਨ ਅਕਾਰਥ ਕਰੇ। ਤਾਂ ਕਿ ਕੋਈ ਬਸ਼ਰ ਪਰਮੇਸ਼ੁਰ ਦੇ ਅੱਗੇ ਘੁਮੰਡ ਨਾ ਕਰੇ।”—1 ਕੁਰਿੰਥੀਆਂ 1:26-29.

ਅੱਜ ਵੀ ਪਰਮੇਸ਼ੁਰ ਸਾਡੀ ਬਹੁਤ ਪਰਵਾਹ ਕਰਦਾ ਹੈ। ਪਰਮੇਸ਼ੁਰ ਦੀ ਇਹ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:4) ਪਰਮੇਸ਼ੁਰ ਨੇ ਇਨਸਾਨਾਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਆਪਣੇ ਪੁੱਤਰ ਨੂੰ ਸਾਡੇ ਵਾਸਤੇ ਮਰਨ ਲਈ ਧਰਤੀ ਤੇ ਭੇਜਿਆ। ਤਾਂ ਫਿਰ, ਕੀ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਨਿਕੰਮੇ ਹਾਂ ਅਤੇ ਕੋਈ ਸਾਡੇ ਨਾਲ ਪਿਆਰ ਨਹੀਂ ਕਰਦਾ? (ਯੂਹੰਨਾ 3:16) ਯਿਸੂ ਮਸੀਹ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ ਕਿ ਉਸ ਦੇ ਚੇਲਿਆਂ ਨੂੰ ਉਸ ਦੇ ਮਾਮੂਲੀ ਤੋਂ ਮਾਮੂਲੀ ਭਰਾਵਾਂ ਨਾਲ ਵੀ ਇੱਦਾਂ ਪੇਸ਼ ਆਉਣਾ ਚਾਹੀਦਾ ਹੈ ਜਿੱਦਾਂ ਕਿ ਉਹ ਯਿਸੂ ਨਾਲ ਪੇਸ਼ ਆ ਰਹੇ ਹੋਣ। ਉਸ ਨੇ ਕਿਹਾ: “ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ।” (ਮੱਤੀ 25:40) ਭਾਵੇਂ ਦੁਨੀਆਂ ਸਾਨੂੰ ਕਿੰਨਾ ਹੀ ਮਾਮੂਲੀ ਕਿਉਂ ਨਾ ਸਮਝੇ, ਪਰ ਜੇ ਅਸੀਂ ਸੱਚਾਈ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਹੀ ਖ਼ਾਸ ਹਾਂ।

ਬ੍ਰਾਜ਼ੀਲ ਵਿਚ ਫ਼੍ਰਾਂਸੀਸਕੋ * ਨਾਂ ਦੇ ਇਕ ਅਨਾਥ ਮੁੰਡੇ ਨੇ ਇਸ ਗੱਲ ਦੀ ਸੱਚਾਈ ਅਨੁਭਵ ਕੀਤੀ ਜਦੋਂ ਉਸ ਨੇ ਪਰਮੇਸ਼ੁਰ ਨਾਲ ਨਿੱਜੀ ਰਿਸ਼ਤਾ ਕਾਇਮ ਕੀਤਾ। ਉਹ ਦੱਸਦਾ ਹੈ: “ਯਹੋਵਾਹ ਅਤੇ ਉਸ ਦੇ ਸੰਗਠਨ ਨੂੰ ਜਾਣਨ ਮਗਰੋਂ ਮੈਂ ਹੁਣ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਨਹੀਂ ਕਰਦਾ। ਇਸ ਗਿਆਨ ਨੇ ਮੇਰੇ ਵਿਚ ਆਤਮ-ਵਿਸ਼ਵਾਸ ਪੈਦਾ ਕੀਤਾ ਹੈ। ਮੈਂ ਸਿੱਖਿਆ ਕਿ ਯਹੋਵਾਹ ਸਾਡੀ ਸਾਰਿਆਂ ਦੀ ਪਰਵਾਹ ਕਰਦਾ ਹੈ।” ਫ਼੍ਰਾਂਸੀਸਕੋ ਨੂੰ ਯਹੋਵਾਹ ਤੋਂ ਇਕ ਅਸਲੀ ਪਿਤਾ ਦਾ ਪਿਆਰ ਮਿਲਿਆ।

ਯਹੋਵਾਹ ਨੂੰ ਨੌਜਵਾਨਾਂ ਦਾ ਫ਼ਿਕਰ ਹੈ

ਯਹੋਵਾਹ ਹਰ ਇਕ ਨੌਜਵਾਨ ਵਿਚ ਸੱਚੀ ਰੁਚੀ ਰੱਖਦਾ ਹੈ। ਇਹ ਸੱਚ ਹੈ ਕਿ ਅਸੀਂ ਭਾਵੇਂ ਜਵਾਨ ਹਾਂ ਜਾਂ ਬੁੱਢੇ, ਸਾਨੂੰ ਆਪਣੇ ਆਪ ਨੂੰ ਜ਼ਿਆਦਾ ਨਹੀਂ ਸਮਝਣਾ ਚਾਹੀਦਾ। ਪਰ ਫਿਰ ਵੀ ਸਾਡੇ ਸਾਰਿਆਂ ਵਿਚ ਕੋਈ ਨਾ ਕੋਈ ਗੁਣ ਜਾਂ ਯੋਗਤਾ ਹੁੰਦੀ ਹੀ ਹੈ ਜਿਸ ਨੂੰ ਪਰਮੇਸ਼ੁਰ ਭਵਿੱਖ ਵਿਚ ਇਸਤੇਮਾਲ ਕਰ ਸਕਦਾ ਹੈ। ਯਹੋਵਾਹ ਜਾਣਦਾ ਹੈ ਕਿ ਸਾਡੇ ਇਨ੍ਹਾਂ ਗੁਣਾਂ ਜਾਂ ਯੋਗਤਾਵਾਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਵਰਤਣ ਲਈ ਸਾਨੂੰ ਕਿਹੜੀ ਸਿਖਲਾਈ ਦੀ ਲੋੜ ਹੈ। ਉਦਾਹਰਣ ਲਈ, 1 ਸਮੂਏਲ ਦੇ 16ਵੇਂ ਅਧਿਆਇ ਵਿਚ ਦਿੱਤੇ ਬਿਰਤਾਂਤ ਉੱਤੇ ਗੌਰ ਕਰੋ। ਯਹੋਵਾਹ ਨੇ ਉਨ੍ਹਾਂ ਬੰਦਿਆਂ ਨੂੰ ਇਸਰਾਏਲ ਦੇ ਰਾਜੇ ਵਜੋਂ ਨਹੀਂ ਚੁਣਿਆ ਜੋ ਸਮੂਏਲ ਨਬੀ ਦੀ ਨਜ਼ਰ ਵਿਚ ਰਾਜਾ ਬਣਨ ਦੇ ਕਾਬਲ ਸਨ। ਇਸ ਦੀ ਬਜਾਇ, ਯਹੋਵਾਹ ਨੇ ਯੱਸੀ ਦੇ ਸਭ ਤੋਂ ਛੋਟੇ ਮੁੰਡੇ ਦਾਊਦ ਨੂੰ ਰਾਜਾ ਚੁਣਿਆ। ਕਿਉਂ? ਯਹੋਵਾਹ ਨੇ ਕਿਹਾ: “ਉਹ [ਦਾਊਦ ਦੇ ਵੱਡੇ ਭਰਾ] ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ ਕਿਉਂ ਜੋ ਉਹ ਨੂੰ ਮੈਂ ਨਹੀਂ ਮੰਨਿਆ ਯਹੋਵਾਹ ਜੋ ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।”—1 ਸਮੂਏਲ 16:7.

ਕੀ ਅੱਜ ਵੀ ਨੌਜਵਾਨ ਇਹ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਪਰਵਾਹ ਕਰਦਾ ਹੈ? ਆਨਾ ਨਾਂ ਦੀ ਇਕ ਜਵਾਨ ਬ੍ਰਾਜ਼ੀਲੀ ਮੁਟਿਆਰ ਦੀ ਹੀ ਮਿਸਾਲ ਲੈ ਲਓ। ਦੂਸਰੇ ਨੌਜਵਾਨਾਂ ਵਾਂਗ ਆਨਾ ਵੀ ਫੈਲੇ ਭ੍ਰਿਸ਼ਟਾਚਾਰ ਅਤੇ ਅਨਿਆਂ ਨੂੰ ਦੇਖ ਕੇ ਬਹੁਤ ਪਰੇਸ਼ਾਨ ਸੀ। ਫਿਰ ਉਸ ਦੇ ਪਿਤਾ ਜੀ ਉਸ ਨੂੰ ਅਤੇ ਉਸ ਦੀਆਂ ਭੈਣਾਂ ਨੂੰ ਮਸੀਹੀ ਸਭਾਵਾਂ ਵਿਚ ਲੈ ਜਾਣ ਲੱਗੇ। ਹੌਲੀ-ਹੌਲੀ ਆਨਾ ਨੂੰ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਚੰਗੀਆਂ ਲੱਗਣ ਲੱਗੀਆਂ। ਉਸ ਨੇ ਬਾਈਬਲ ਅਤੇ ਬਾਈਬਲ-ਆਧਾਰਿਤ ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਉਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਗੂੜ੍ਹਾ ਹੁੰਦਾ ਗਿਆ। ਉਹ ਕਹਿੰਦੀ ਹੈ: “ਮੇਰੇ ਘਰ ਦੇ ਨੇੜੇ ਇਕ ਪਹਾੜੀ ਸੀ ਜਿੱਥੇ ਮੈਂ ਅਕਸਰ ਸਾਈਕਲ ਚਲਾ ਕੇ ਜਾਂਦੀ ਸੀ। ਮੈਂ ਉੱਥੇ ਸੂਰਜ ਡੁੱਬਣ ਦਾ ਸ਼ਾਨਦਾਰ ਨਜ਼ਾਰਾ ਦੇਖਣ ਲਈ ਜਾਂਦੀ ਸੀ। ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਅਤੇ ਉਸ ਦੀ ਦਇਆ ਤੇ ਉਦਾਰਤਾ ਲਈ ਉਸ ਦਾ ਧੰਨਵਾਦ ਕਰਦੀ ਅਤੇ ਉਸ ਨੂੰ ਦੱਸਦੀ ਸੀ ਕਿ ਮੈਂ ਉਸ ਨੂੰ ਕਿੰਨਾ ਪਿਆਰ ਕਰਦੀ ਹਾਂ। ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਨੂੰ ਜਾਣਨ ਨਾਲ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ ਅਤੇ ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹਾਂ।” ਕੀ ਤੁਸੀਂ ਵੀ ਕਦੇ ਯਹੋਵਾਹ ਦੇ ਪਿਆਰ ਬਾਰੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਦੇ ਹੋ?

ਹੋ ਸਕਦਾ ਹੈ ਕਿ ਆਪਣੇ ਦੁਖਦਾਈ ਤਜਰਬਿਆਂ ਕਰਕੇ ਸਾਨੂੰ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਉਣਾ ਔਖਾ ਲੱਗੇ। ਲੀਡੀਆ ਦੀ ਹੀ ਮਿਸਾਲ ਲੈ ਲਓ। ਇਕ ਦਿਨ ਲੀਡੀਆ ਨੇ ਆਪਣੇ ਪਿਤਾ ਜੀ ਨੂੰ ਇਕ ਗੰਭੀਰ ਗੱਲ ਦੱਸੀ ਜਿਸ ਬਾਰੇ ਉਹ ਬਹੁਤ ਪਰੇਸ਼ਾਨ ਸੀ। ਪਰ ਉਸ ਦੇ ਪਿਤਾ ਜੀ ਨੇ ਉਸ ਨੂੰ “ਬਕਵਾਸ ਨਾ ਕਰ” ਕਹਿ ਕੇ ਟਾਲ ਦਿੱਤਾ। ਭਾਵੇਂ ਲੀਡੀਆ ਸਮਝ ਸਕਦੀ ਸੀ ਕਿ ਇਸ ਨਾਜ਼ੁਕ ਵਿਸ਼ੇ ਉੱਤੇ ਗੱਲ ਕਰਨੀ ਉਸ ਦੇ ਪਿਤਾ ਜੀ ਲਈ ਬਹੁਤ ਔਖੀ ਸੀ, ਪਰ ਫਿਰ ਵੀ ਉਹ ਕਹਿੰਦੀ ਹੈ: “ਬਾਈਬਲ ਸਿੱਖਣ ਨਾਲ ਮੈਨੂੰ ਉਹ ਸਭ ਕੁਝ ਮਿਲਿਆ ਜੋ ਮੈਂ ਚਾਹੁੰਦੀ ਸੀ ਅਤੇ ਇਸ ਤੋਂ ਵੀ ਕਿਤੇ ਜ਼ਿਆਦਾ ਮਿਲਿਆ। ਯਹੋਵਾਹ ਦੀ ਸ਼ਖ਼ਸੀਅਤ ਇੰਨੀ ਸੁੰਦਰ ਹੈ ਕਿ ਉਹ ਹੁਣ ਮੇਰਾ ਸਭ ਤੋਂ ਚੰਗਾ ਦੋਸਤ ਹੈ। ਮੈਨੂੰ ਹੁਣ ਅਜਿਹਾ ਪਿਤਾ ਮਿਲ ਗਿਆ ਹੈ ਜੋ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੇ ਜਜ਼ਬਾਤਾਂ ਨੂੰ ਸਮਝਦਾ ਹੈ। ਮੈਂ ਉਸ ਨੂੰ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਅਤੇ ਚਿੰਤਾਵਾਂ ਬਾਰੇ ਦੱਸ ਸਕਦੀ ਹਾਂ। ਦੁਨੀਆਂ ਦੇ ਪਾਤਸ਼ਾਹ ਨਾਲ ਮੈਂ ਘੰਟਿਆਂ ਬੱਧੀ ਗੱਲ ਕਰ ਸਕਦੀ ਹਾਂ ਅਤੇ ਮੈਨੂੰ ਪੱਕਾ ਭਰੋਸਾ ਹੈ ਕਿ ਉਹ ਮੇਰੀ ਸੁਣਦਾ ਹੈ।” ਯਹੋਵਾਹ ਦੇ ਪਿਆਰ ਨੂੰ ਮਹਿਸੂਸ ਕਰਨ ਵਿਚ ਕਈ ਬਾਈਬਲ ਆਇਤਾਂ ਨੇ ਲੀਡੀਆ ਦੀ ਮਦਦ ਕੀਤੀ। ਇਨ੍ਹਾਂ ਵਿੱਚੋਂ ਇਕ ਹੈ ਫ਼ਿਲਿੱਪੀਆਂ 4:6, 7, ਜਿੱਥੇ ਲਿਖਿਆ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”

ਆਪਣੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ

ਯਹੋਵਾਹ ਦੁਨੀਆਂ ਭਰ ਵਿਚ ਆਪਣੀ ਮਸੀਹੀ ਕਲੀਸਿਯਾ ਦੀ ਪਰਵਾਹ ਤਾਂ ਕਰਦਾ ਹੀ ਹੈ, ਪਰ ਉਹ ਆਪਣੇ ਇਕ-ਇਕ ਸੇਵਕ ਦਾ ਵੀ ਖ਼ਿਆਲ ਰੱਖਦਾ ਹੈ। ਅਸੀਂ ਵੀ ਆਪਣੇ ਸਵਰਗੀ ਪਿਤਾ ਨਾਲ ਗੱਲ ਕਰਨ ਦਾ ਸਮਾਂ ਕੱਢ ਕੇ ਉਸ ਲਈ ਪਿਆਰ ਜ਼ਾਹਰ ਕਰ ਸਕਦੇ ਹਾਂ। ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੇ ਮਾਮਲੇ ਵਿਚ ਸਾਨੂੰ ਕਦੇ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਦਾਊਦ ਕਦੇ ਵੀ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਨਹੀਂ ਭੁੱਲਦਾ ਸੀ। ਉਸ ਨੇ ਕਿਹਾ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ। ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ, ਕਿਉਂ ਜੋ ਤੂੰ ਮੇਰਾ ਮੁਕਤੀ ਦਾਤਾ ਪਰਮੇਸ਼ੁਰ ਹੈਂ, ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ।”—ਜ਼ਬੂਰਾਂ ਦੀ ਪੋਥੀ 25:4, 5.

ਪਰਮੇਸ਼ੁਰ ਨਾਲ ਰਿਸ਼ਤਾ ਬਣਾਉਣ ਦੀ ਗੱਲ ਸ਼ਾਇਦ ਤੁਹਾਨੂੰ ਬੜੀ ਅਜੀਬ ਲੱਗੇ। ਤੁਸੀਂ ਭਾਵੇਂ ਜਿਨ੍ਹਾਂ ਮਰਜ਼ੀ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹੋਵੋ, ਪਰ ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਜੇ ਇਹ ਉਸ ਦੀ ਇੱਛਾ ਹੋਈ, ਤਾਂ ਸਰਬਸ਼ਕਤੀਮਾਨ ਪਰਮੇਸ਼ੁਰ ਤੁਹਾਡੀ ਮਦਦ ਕਰ ਸਕਦਾ ਹੈ। (1 ਯੂਹੰਨਾ 5:14, 15) ਇਸ ਲਈ, ਪ੍ਰਾਰਥਨਾ ਕਰਦੇ ਸਮੇਂ ਯਹੋਵਾਹ ਨੂੰ ਆਪਣੇ ਹਾਲਾਤਾਂ ਅਤੇ ਲੋੜਾਂ ਬਾਰੇ ਸਾਫ਼-ਸਾਫ਼ ਦੱਸੋ।

ਇਹ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਆਪਣੀਆਂ ਲੋੜਾਂ ਨੂੰ ਪਛਾਣੋ। ਇਹ ਗੱਲ ਰਾਜਾ ਸੁਲੇਮਾਨ ਦੀ ਪ੍ਰਾਰਥਨਾ ਤੋਂ ਸਪੱਸ਼ਟ ਹੁੰਦੀ ਹੈ ਜੋ ਉਸ ਨੇ ਹੈਕਲ ਦੀ ਚੱਠ ਕਰਨ ਵੇਲੇ ਕੀਤੀ ਸੀ: “ਜੇ ਕਰ ਦੇਸ ਵਿੱਚ ਕਾਲ ਪੈ ਜਾਵੇ ਯਾ ਬਵਾ ਫੁੱਟ ਨਿੱਕਲੇ ਯਾ ਔੜ ਯਾ ਕੁੰਗੀ ਯਾ ਸਲਾ ਯਾ ਸੁੰਡੀ ਟੋਕਾ ਪੈ ਜਾਵੇ, ਜੇ ਉਨ੍ਹਾਂ ਦੇ ਵੈਰੀ ਉਨ੍ਹਾਂ ਦੇ ਦੇਸ ਦੇ ਸ਼ਹਿਰਾਂ ਨੂੰ ਘੇਰ ਲੈਣ ਭਾਵੇਂ ਕਿਹੋ ਜਿਹੀ ਔਕੜ ਯਾ ਬਿਮਾਰੀ ਹੋਵੇ। ਤਾਂ ਜਿਹੜੀ ਬੇਨਤੀ ਤੇ ਅਰਦਾਸ ਕਿਸੇ ਇੱਕ ਪੁਰਸ਼ ਵੱਲੋਂ ਯਾ ਤੇਰੀ ਸਾਰੀ ਪਰਜਾ ਇਸਰਾਏਲ ਵੱਲੋਂ ਹੋਵੇ ਜਿਸ ਵਿੱਚ ਹਰ ਇੱਕ ਮਨੁੱਖ ਆਪਣੇ ਦੁਖ ਅਤੇ ਰੰਜ ਨੂੰ ਜਾਣ ਕੇ ਆਪਣੇ ਹੱਥ ਏਸ ਭਵਨ ਵੱਲ ਅੱਡੇ। ਤਾਂ ਤੂੰ ਆਪਣੇ ਸੁਰਗੀ ਭਵਨ ਤੋਂ ਸੁਣ ਕੇ ਖਿਮਾ ਕਰੀਂ ਅਤੇ . . . ਹਰ ਮਨੁੱਖ ਨੂੰ ਉਸ ਦੀ ਚਾਲ ਅਨੁਸਾਰ ਬਦਲਾ ਦੇਈਂ।” (2 ਇਤਹਾਸ 6:28-30) ਜੀ ਹਾਂ, ਇਹ ਤੁਹਾਨੂੰ ਹੀ ਪਤਾ ਹੋਵੇਗਾ ਕਿ ਤੁਹਾਨੂੰ ਕੀ “ਦੁਖ ਅਤੇ ਰੰਜ” ਹੈ। ਤਾਂ ਫਿਰ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਅਸਲੀ ਲੋੜਾਂ ਅਤੇ ਦਿਲੀ ਇੱਛਾਵਾਂ ਨੂੰ ਪਛਾਣੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ‘[ਯਹੋਵਾਹ] ਤੁਹਾਡੇ ਮਨੋਰਥਾਂ ਨੂੰ ਪੂਰਿਆਂ ਕਰੇਗਾ।’—ਜ਼ਬੂਰਾਂ ਦੀ ਪੋਥੀ 37:4.

ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਓ

ਯਹੋਵਾਹ ਚਾਹੁੰਦਾ ਹੈ ਕਿ ਆਮ ਅਤੇ ਸਾਧਾਰਣ ਲੋਕ ਉਸ ਨਾਲ ਇਕ ਨਿੱਜੀ ਰਿਸ਼ਤੇ ਵਿਚ ਬੰਨ੍ਹ ਜਾਣ। ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਲਾਉਂਦਾ ਹੈ: “[ਮੈਂ] ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤ੍ਰ ਧੀਆਂ ਹੋਵੋਗੇ। ਇਹ ਬਚਨ ਸਰਬ ਸ਼ਕਤੀਮਾਨ ਪ੍ਰਭੁ ਦਾ ਹੈ।” (2 ਕੁਰਿੰਥੀਆਂ 6:18) ਜੀ ਹਾਂ, ਯਹੋਵਾਹ ਅਤੇ ਉਸ ਦਾ ਪੁੱਤਰ ਚਾਹੁੰਦੇ ਹਨ ਕਿ ਅਸੀਂ ਸਦਾ ਦੀ ਜ਼ਿੰਦਗੀ ਹਾਸਲ ਕਰਨ ਵਿਚ ਕਾਮਯਾਬ ਹੋਈਏ। ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਤਾਂਕਿ ਅਸੀਂ ਆਪਣੇ ਪਰਿਵਾਰ ਵਿਚ, ਕੰਮ ਤੇ ਅਤੇ ਮਸੀਹੀ ਕਲੀਸਿਯਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕੀਏ!

ਫਿਰ ਵੀ ਸਾਨੂੰ ਸਾਰਿਆਂ ਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਬੀਮਾਰੀ, ਘਰੇਲੂ ਸਮੱਸਿਆਵਾਂ, ਘੱਟ ਆਮਦਨੀ ਜਾਂ ਹੋਰ ਕਈ ਸਮੱਸਿਆਵਾਂ ਸਾਨੂੰ ਦੁਖੀ ਕਰ ਸਕਦੀਆਂ ਹਨ। ਸ਼ਾਇਦ ਅਸੀਂ ਕਸ਼ਮਕਸ਼ ਵਿਚ ਪਏ ਹਾਂ ਕਿ ਕਿਸੇ ਅਜ਼ਮਾਇਸ਼ ਜਾਂ ਪਰੀਖਿਆ ਦਾ ਕਿਵੇਂ ਸਾਮ੍ਹਣਾ ਕੀਤਾ ਜਾਵੇ। ਇਨ੍ਹਾਂ ਸਾਰੀਆਂ ਸਮੱਸਿਆਵਾਂ ਲਈ ਸ਼ਤਾਨ ਸਿੱਧੇ ਜਾਂ ਅਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਉਹ ਪਰਮੇਸ਼ੁਰ ਦੇ ਲੋਕਾਂ ਦੇ ਖ਼ਿਲਾਫ਼ ਅਧਿਆਤਮਿਕ ਲੜਾਈ ਲੜ ਰਿਹਾ ਹੈ। ਪਰ ਸਾਡੇ ਨਾਲ ਇਕ ਅਜਿਹਾ ਮਦਦਗਾਰ ਹੈ ਜੋ ਸਾਨੂੰ ਸਮਝਦਾ ਹੈ ਅਤੇ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਵਿਚ ਸਾਡੀ ਮਦਦ ਕਰਦਾ ਹੈ। ਇਹ ਹੈ ਯਿਸੂ ਮਸੀਹ ਜੋ ਹੁਣ ਸਵਰਗ ਵਿਚ ਰਾਜੇ ਵਜੋਂ ਬਿਰਾਜਮਾਨ ਹੈ। ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: “ਸਾਡਾ ਪਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸੱਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ। ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ ਚੱਲੀਏ ਭਈ ਅਸੀਂ ਦਯਾ ਪਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ।”—ਇਬਰਾਨੀਆਂ 4:15, 16.

ਕੀ ਇਹ ਜਾਣ ਕੇ ਸਾਨੂੰ ਵੱਡੀ ਤਸੱਲੀ ਨਹੀਂ ਮਿਲਦੀ ਕਿ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਲਈ ਸਾਨੂੰ ਮਸ਼ਹੂਰ ਜਾਂ ਅਮੀਰ ਹੋਣ ਦੀ ਲੋੜ ਨਹੀਂ? ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਸਮੇਂ ਜ਼ਬੂਰਾਂ ਦੇ ਲਿਖਾਰੀ ਵਾਂਗ ਪ੍ਰਾਰਥਨਾ ਕਰੋ: “ਮੈਂ ਤਾਂ ਮਸਕੀਨ ਤੇ ਕੰਗਾਲ ਹਾਂ, ਤਾਂ ਵੀ ਯਹੋਵਾਹ ਮੇਰੀ ਚਿੰਤਾ ਕਰਦਾ ਹੈ। ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ!” (ਜ਼ਬੂਰਾਂ ਦੀ ਪੋਥੀ 31:9-14; 40:17) ਭਰੋਸਾ ਰੱਖੋ ਕਿ ਯਹੋਵਾਹ ਹਲੀਮ ਅਤੇ ਸਾਧਾਰਣ ਲੋਕਾਂ ਨੂੰ ਪਿਆਰ ਕਰਦਾ ਹੈ। ਹਾਂ, ਅਸੀਂ ‘ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਸਕਦੇ ਹਾਂ ਕਿਉਂ ਜੋ ਉਹ ਨੂੰ ਸਾਡਾ ਫ਼ਿਕਰ ਹੈ।’—1 ਪਤਰਸ 5:7.

[ਸਫ਼ੇ 29 ਉੱਤੇ ਤਸਵੀਰਾਂ]

ਯਿਸੂ ਦੇ ਕਈ ਚੇਲੇ ਵਿਦਵਾਨ ਨਹੀਂ, ਸਗੋਂ ਆਮ ਵਿੱਚੋਂ ਸਨ

[ਸਫ਼ੇ 30 ਉੱਤੇ ਤਸਵੀਰ]

ਮਸੀਹੀ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ

[ਸਫ਼ੇ 31 ਉੱਤੇ ਤਸਵੀਰਾਂ]

ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਲਈ ਸਾਨੂੰ ਮਸ਼ਹੂਰ ਹੋਣ ਦੀ ਲੋੜ ਨਹੀਂ

[ਫੁਟਨੋਟ]

^ ਪੈਰਾ 10 ਕੁਝ ਨਾਂ ਬਦਲ ਦਿੱਤੇ ਗਏ ਹਨ।