Skip to content

Skip to table of contents

ਉਹ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹਨ

ਉਹ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹਨ

ਉਹ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹਨ

ਕੀ ਤੁਸੀਂ ਕਦੇ ਕਿਸੇ “ਇੰਟਰਨੈਸ਼ਨਲ ਸਰਵੈਂਟ” ਜਾਂ “ਇੰਟਰਨੈਸ਼ਨਲ ਵਲੰਟੀਅਰ” ਨੂੰ ਮਿਲੇ ਹੋ? ਇਹ ਲੋਕ ਕੌਣ ਹਨ? ਇਹ ਯਹੋਵਾਹ ਦੇ ਉਹ ਗਵਾਹ ਹਨ ਜੋ ਆਪਣੀ ਮਰਜ਼ੀ ਨਾਲ ਤੇ ਬਿਨਾਂ ਕੋਈ ਤਨਖ਼ਾਹ ਲਏ ਉਸਾਰੀ ਦਾ ਕੰਮ ਕਰਨ ਜਾਂਦੇ ਹਨ। ਇਹ ਭੈਣ-ਭਰਾ ਖ਼ਾਸਕਰ ਉਨ੍ਹਾਂ ਇਮਾਰਤਾਂ ਦੀ ਉਸਾਰੀ ਵਿਚ ਹੱਥ ਵਟਾਉਂਦੇ ਹਨ ਜਿੱਥੇ ਬਾਈਬਲਾਂ ਅਤੇ ਬਾਈਬਲ-ਆਧਾਰਿਤ ਕਿਤਾਬਾਂ ਤੇ ਰਸਾਲੇ ਛਾਪੇ ਜਾਂਦੇ ਹਨ। ਇਨ੍ਹਾਂ ਥਾਂਵਾਂ ਤੋਂ ਬਾਈਬਲ ਦਾ ਸੰਦੇਸ਼ ਦੂਰ-ਦੂਰ ਤਕ ਸੁਣਾਇਆ ਜਾਂਦਾ ਹੈ। ਉਹ ਸੰਮੇਲਨ ਹਾਲ ਅਤੇ ਕਿੰਗਡਮ ਹਾਲ ਉਸਾਰਨ ਦਾ ਵੀ ਕੰਮ ਕਰਦੇ ਹਨ। ਇਹ ਹਾਲ ਬਾਈਬਲ ਦੀ ਸਿੱਖਿਆ ਦੇਣ ਦੇ ਕੇਂਦਰ ਹਨ। ਅੱਜ-ਕੱਲ੍ਹ ਇਹ ਕਾਮੇ 34 ਦੇਸ਼ਾਂ ਵਿਚ ਕੰਮ ਕਰ ਰਹੇ ਹਨ, ਖ਼ਾਸਕਰ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਗ਼ਰੀਬੀ ਹੈ। ਦੁਨੀਆਂ ਭਰ ਵਿਚ ਆਪਣੇ ਭੈਣਾਂ-ਭਰਾਵਾਂ ਦੀ ਇਸ ਤਰ੍ਹਾਂ ਸੇਵਾ ਕਰਨ ਨਾਲ ਇਨ੍ਹਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਆਈਆਂ ਅਤੇ ਖ਼ੁਸ਼ੀਆਂ ਮਿਲੀਆਂ ਹਨ? ਉਹ ਆਪਣੀ “ਉਪਾਸਨਾ” ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ? (ਪਰਕਾਸ਼ ਦੀ ਪੋਥੀ 7:9, 15) ਇਨ੍ਹਾਂ ਸਵਾਲਾਂ ਦੇ ਜਵਾਬ ਲਈ ਆਓ ਆਪਾਂ ਕੁਝ ਭੈਣਾਂ-ਭਰਾਵਾਂ ਨੂੰ ਮਿਲੀਏ ਜਿਨ੍ਹਾਂ ਨੇ ਮੈਕਸੀਕੋ ਵਿਚ ਆ ਕੇ ਕੰਮ ਕੀਤਾ ਸੀ।

ਪਹਿਲੇ ਕਾਮੇ 1992 ਦੇ ਮਈ ਮਹੀਨੇ ਵਿਚ ਮੈਕਸੀਕੋ ਪਹੁੰਚੇ ਸਨ। ਉਸ ਤੋਂ ਥੋੜ੍ਹੇ ਹੀ ਸਮੇਂ ਬਾਅਦ ਉਨ੍ਹਾਂ ਨੇ ਬ੍ਰਾਂਚ ਨੂੰ ਹੋਰ ਵੱਡਾ ਕਰਨ ਦੇ ਕੰਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਹ ਬ੍ਰਾਂਚ ਮੈਕਸੀਕੋ ਦੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦੀ ਹੈ। ਇਸ ਬ੍ਰਾਂਚ ਵਿਚ 14 ਨਵੀਂਆਂ ਇਮਾਰਤਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਕੁਝ ਇਮਾਰਤਾਂ ਆਫਿਸ ਦੇ ਕਾਮਿਆਂ ਦੇ ਰਹਿਣ ਵਾਸਤੇ ਸਨ, ਇਕ ਛਾਪਾਖ਼ਾਨਾ ਸੀ ਤੇ ਇਕ ਇਮਾਰਤ ਦਫ਼ਤਰਾਂ ਲਈ ਸੀ।

ਉਸਾਰੀ ਦੇ ਇਸ ਪ੍ਰਾਜੈਕਟ ਤੇ ਕੰਮ ਕਰਨ ਲਈ 730 ਕਾਮੇ ਕੈਨੇਡਾ, ਬਰਤਾਨੀਆ, ਅਮਰੀਕਾ ਅਤੇ ਹੋਰਨਾਂ ਦੇਸ਼ਾਂ ਤੋਂ ਆਏ ਸਨ। ਮੈਕਸੀਕੋ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਵੀ ਸੈਂਕੜੇ ਭੈਣ-ਭਰਾਵਾਂ ਨੇ ਦੂਜੇ ਦੇਸ਼ਾਂ ਤੋਂ ਆਏ ਇਨ੍ਹਾਂ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕੀਤਾ ਸੀ। ਇਸ ਤੋਂ ਇਲਾਵਾ, ਬ੍ਰਾਂਚ ਆਫਿਸ ਦੇ ਇਲਾਕੇ ਦੀਆਂ ਕੁਝ 1,600 ਕਲੀਸਿਯਾਵਾਂ ਦੇ ਤਕਰੀਬਨ 28,000 ਭੈਣਾਂ-ਭਰਾਵਾਂ ਨੇ ਛੁੱਟੀ ਦੇ ਦਿਨਾਂ ਵਿਚ ਉਸਾਰੀ ਦੇ ਕੰਮ ਵਿਚ ਹੱਥ ਵਟਾਇਆ ਸੀ। ਸਾਰਿਆਂ ਨੇ ਆਪਣੀ ਮਰਜ਼ੀ ਨਾਲ ਤੇ ਬਿਨਾਂ ਤਨਖ਼ਾਹ ਦੇ ਆ ਕੇ ਕੰਮ ਕੀਤਾ ਸੀ। ਉਨ੍ਹਾਂ ਨੇ ਯਹੋਵਾਹ ਦੀ ਇਸ ਤਰ੍ਹਾਂ ਸੇਵਾ ਕਰਨ ਨੂੰ ਇਕ ਸਨਮਾਨ ਸਮਝਿਆ ਸੀ। ਸਾਰੇ ਕੰਮ ਦੌਰਾਨ ਉਨ੍ਹਾਂ ਨੇ ਜ਼ਬੂਰਾਂ ਦੀ ਪੋਥੀ 127:1 ਦੇ ਇਹ ਸ਼ਬਦ ਯਾਦ ਰੱਖੇ ਸਨ: “ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।”

ਮੁਸ਼ਕਲਾਂ

ਜਦ ਸਾਡੇ ਭੈਣ-ਭਾਈ ਇਸ ਤਰ੍ਹਾਂ ਵਿਦੇਸ਼ਾਂ ਵਿਚ ਕੰਮ ਕਰਨ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਆਓ ਆਪਾਂ ਦੇਖੀਏ ਕਿ ਕੁਝ ਭੈਣਾਂ-ਭਰਾਵਾਂ ਨੇ ਇਸ ਬਾਰੇ ਕੀ ਕਿਹਾ। ਕ੍ਰਟਿਸ ਤੇ ਸੈਲੀ ਅਮਰੀਕਾ ਤੋਂ ਹਨ। ਉਨ੍ਹਾਂ ਨੇ ਸੈਨੇਗਾਲ, ਜਰਮਨੀ, ਜ਼ੈਂਬੀਆ, ਪੈਰਾਗੂਵਾਏ, ਭਾਰਤ, ਮੈਕਸੀਕੋ, ਰੂਸ ਅਤੇ ਰੋਮਾਨੀਆ ਵਿਚ ਜਾ ਕੇ ਉਸਾਰੀ ਦੇ ਕੰਮ ਵਿਚ ਹੱਥ ਵਟਾਇਆ ਸੀ। ਕ੍ਰਟਿਸ ਦੱਸਦਾ ਹੈ: “ਸਾਡੇ ਲਈ ਪਹਿਲੀ ਮੁਸ਼ਕਲ ਗੱਲ ਸੀ ਆਪਣੀ ਪਾਇਨੀਅਰ ਧੀ ਨੂੰ ਪਿੱਛੇ ਇਕੱਲੀ ਛੱਡਣਾ। ਦੂਜੀ ਗੱਲ ਸੀ ਮਿਨੀਸੋਟਾ ਵਿਚ ਆਪਣੀ ਕਲੀਸਿਯਾ ਦੇ ਭੈਣਾਂ-ਭਰਾਵਾਂ ਤੋਂ ਜੁਦਾ ਹੋਣਾ। ਮੈਂ ਤੇ ਮੇਰੀ ਪਤਨੀ 24 ਸਾਲਾਂ ਤੋਂ ਇਸੇ ਕਲੀਸਿਯਾ ਵਿਚ ਜਾ ਰਹੇ ਸਾਂ ਅਤੇ ਉੱਥੇ ਸਾਡਾ ਜੀ ਲੱਗਾ ਹੋਇਆ ਸੀ।”

ਸੈਲੀ ਕਹਿੰਦੀ ਹੈ: “ਕਿਸੇ ਨਵੀਂ ਜਗ੍ਹਾ ਤੇ ਜਾ ਕੇ ਰਹਿਣਾ ਸ਼ਾਇਦ ਇਕ ਔਰਤ ਲਈ ਜ਼ਿਆਦਾ ਮੁਸ਼ਕਲ ਹੁੰਦਾ ਹੈ, ਪਰ ਮੈਂ ਸਿੱਖਿਆ ਹੈ ਕਿ ਹਾਲਤਾਂ ਮੁਤਾਬਕ ਆਪਣੇ ਆਪ ਨੂੰ ਢਾਲ਼ਿਆ ਜਾ ਸਕਦਾ ਹੈ। ਮੈਂ ਤਾਂ ਕੀੜੇ-ਮਕੌੜਿਆਂ ਨੂੰ ਵੀ ਬਰਦਾਸ਼ਤ ਕਰਨਾ ਸਿੱਖ ਲਿਆ ਹੈ!” ਉਹ ਅੱਗੇ ਕਹਿੰਦੀ ਹੈ: “ਇਕ ਮੁਲਕ ਵਿਚ ਅਸੀਂ ਦਸ ਜਣੇ ਇੱਕੋ ਮਕਾਨ ਵਿਚ ਰਹਿ ਰਹੇ ਸਾਂ ਜਿਸ ਵਿਚ ਕੋਈ ਰਸੋਈ ਨਹੀਂ ਸੀ ਅਤੇ ਸਿਰਫ਼ ਦੋ ਗੁਸਲਖ਼ਾਨੇ ਸਨ। ਉੱਥੇ ਮੈਂ ਸਬਰ ਕਰਨਾ ਸਿੱਖਿਆ।”

ਨਵੇਂ ਦੇਸ਼ ਵਿਚ ਨਵੀਂ ਬੋਲੀ ਸਿੱਖਣੀ ਵੀ ਬਹੁਤ ਔਖੀ ਹੋ ਸਕਦੀ ਹੈ। ਇਸ ਦੇ ਲਈ ਜਤਨ ਕਰਨ ਅਤੇ ਨਿਮਰ ਹੋਣ ਦੀ ਜ਼ਰੂਰਤ ਹੁੰਦੀ ਹੈ। ਸ਼ੈਰਨ ਇਕ ਭੈਣ ਹੈ ਜਿਸ ਨੇ ਆਪਣੇ ਪਤੀ ਨਾਲ ਕਈਆਂ ਦੇਸ਼ਾਂ ਵਿਚ ਕੰਮ ਕੀਤਾ ਹੈ। ਉਹ ਕਹਿੰਦੀ ਹੈ: “ਜਦ ਤੁਸੀਂ ਉਸ ਦੇਸ਼ ਦੀ ਬੋਲੀ ਨਹੀਂ ਜਾਣਦੇ ਜਿੱਥੇ ਤੁਸੀਂ ਰਹਿ ਰਹੇ ਹੋ, ਤਾਂ ਇਸ ਨਾਲ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਉੱਥੇ ਪਹੁੰਚ ਕੇ ਪਹਿਲਾਂ-ਪਹਿਲ ਤੁਸੀਂ ਭੈਣ-ਭਰਾਵਾਂ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰ ਸਕਦੇ ਤੇ ਨਾ ਹੀ ਕਿਸੇ ਨਾਲ ਦੋਸਤੀ ਕਰ ਸਕਦੇ ਹੋ ਕਿਉਂਕਿ ਤੁਸੀਂ ਉਨ੍ਹਾਂ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਸਕਦੇ। ਇਸ ਲਈ ਮੈਂ ਮਾਯੂਸ ਹੋ ਜਾਂਦੀ ਸੀ। ਪਰ ਸਾਡੇ ਭੈਣ-ਭਾਈ ਧੀਰਜ ਨਾਲ ਸਾਡੀ ਮਦਦ ਕਰਦੇ ਹਨ ਅਤੇ ਉਹ ਸਾਡੀ ਬਹੁਤ ਹੀ ਪਰਵਾਹ ਕਰਦੇ ਹਨ। ਅਸੀਂ ਕਿਸੇ-ਨ-ਕਿਸੇ ਤਰ੍ਹਾਂ ਉਨ੍ਹਾਂ ਨਾਲ ਗੱਲ ਕਰਨੀ ਸਿੱਖ ਹੀ ਲੈਂਦੇ ਹਾਂ।”

ਪ੍ਰਚਾਰ ਕਰਨ ਲਈ ਹਿੰਮਤ ਦੀ ਲੋੜ ਪੈਂਦੀ ਹੈ

ਭਾਵੇਂ ਸਾਡੇ ਭੈਣ-ਭਰਾ ਦੂਰ-ਦੂਰ ਦੇ ਮੁਲਕਾਂ ਨੂੰ ਉਸਾਰੀ ਦਾ ਕੰਮ ਕਰਨ ਲਈ ਜਾਂਦੇ ਹਨ, ਪਰ ਉਹ ਜਾਣਦੇ ਹਨ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਭ ਤੋਂ ਪਹਿਲਾ ਅਤੇ ਜ਼ਰੂਰੀ ਕੰਮ ਹੈ। ਇਸ ਕਰਕੇ ਉਹ ਉੱਥੇ ਦੀਆਂ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨ ਜਾਂਦੇ ਹਨ। ਔਕੇ ਤੇ ਇੰਗ-ਮਰੀ ਨੇ ਗਵਾਡਲੂਪ, ਨਾਈਜੀਰੀਆ, ਮਲਾਵੀ ਅਤੇ ਮੈਕਸੀਕੋ ਜਾ ਕੇ ਉਸਾਰੀ ਦੇ ਕੰਮ ਵਿਚ ਹਿੱਸਾ ਲਿਆ ਹੈ। ਉਹ ਕਹਿੰਦੇ ਹਨ ਕਿ ਪ੍ਰਦੇਸ ਵਿਚ ਕਿਸੇ ਨਵੀਂ ਬੋਲੀ ਵਿਚ ਪ੍ਰਚਾਰ ਕਰਨ ਲਈ ਹਿੰਮਤ ਦੀ ਲੋੜ ਪੈਂਦੀ ਹੈ।

ਇੰਗ-ਮਰੀ ਕਹਿੰਦੀ ਹੈ: “ਪਹਿਲਾਂ-ਪਹਿਲਾਂ ਤਾਂ ਅਸੀਂ ਸਿਰਫ਼ ਹੋਰਨਾਂ ਦੇ ਨਾਲ ਹੀ ਜਾਂਦੇ ਸਾਂ ਅਤੇ ਉਨ੍ਹਾਂ ਨੂੰ ਹੀ ਗੱਲ ਕਰਨੀ ਪੈਂਦੀ ਸੀ। ਸਾਨੂੰ ਨਵੀਂ ਬੋਲੀ ਵਿਚ ਗੱਲ ਕਰਨ ਤੋਂ ਸੰਗ ਆਉਂਦੀ ਸੀ ਕਿ ਕੋਈ ਸਾਡੀ ਗੱਲ ਸੁਣ ਕੇ ਹੱਸੇਗਾ। ਪਰ ਇਕ ਸਵੇਰ ਅਸੀਂ ਫ਼ੈਸਲਾ ਕਰ ਲਿਆ ਕਿ ਅਸੀਂ ਦੋਵੇਂ ਆਪੇ ਹੀ ਪ੍ਰਚਾਰ ਕਰਨ ਜਾਵਾਂਗੇ। ਅਸੀਂ ਤੁਰ ਤਾਂ ਪਏ, ਪਰ ਸਾਡੀਆਂ ਲੱਤਾਂ ਕੰਬ ਰਹੀਆਂ ਸਨ ਤੇ ਦਿਲ ਧਕ-ਧਕ ਕਰ ਰਿਹਾ ਸੀ। ਸਾਨੂੰ ਇਕ ਔਰਤ ਮਿਲੀ ਜਿਸ ਨੇ ਸਾਡੀ ਰਟੀ ਹੋਈ ਗੱਲ ਸੁਣੀ। ਮੈਂ ਉਸ ਨੂੰ ਬਾਈਬਲ ਤੋਂ ਇਕ ਹਵਾਲਾ ਪੜ੍ਹ ਕੇ ਸੁਣਾਇਆ ਅਤੇ ਉਸ ਨੂੰ ਕੁਝ ਪੜ੍ਹਨ ਲਈ ਦਿੱਤਾ। ਫਿਰ ਉਸ ਔਰਤ ਨੇ ਕਿਹਾ: ‘ਤੁਸੀਂ ਮੇਰੇ ਇਸ ਸਵਾਲ ਦਾ ਜਵਾਬ ਦਿਓ। ਮੇਰੀ ਇਕ ਰਿਸ਼ਤੇਦਾਰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਰਹੀ ਹੈ, ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ ਸਟੱਡੀ ਕਰਨੀ ਸ਼ੁਰੂ ਕਰ ਸਕਦੀ ਹਾਂ?’ ਉਸ ਦੀ ਗੱਲ ਸੁਣ ਕੇ ਮੈਂ ਹੱਕੀ-ਬੱਕੀ ਰਹਿ ਗਈ। ਫਿਰ ਮੈਂ ਸਾਹ ਲੈ ਕੇ ਉਸ ਨੂੰ ਕਿਹਾ ਕਿ ਮੈਂ ਉਸ ਨਾਲ ਸਟੱਡੀ ਕਰ ਸਕਦੀ ਹਾਂ।”

ਇੰਗ-ਮਰੀ ਅੱਗੇ ਕਹਿੰਦੀ ਹੈ: “ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕੀਤਾ। ਤੁਸੀਂ ਯਕੀਨ ਕਰ ਸਕਦੇ ਹੋ ਕਿ ਮੈਂ ਕਿੰਨੀ ਖ਼ੁਸ਼ ਸੀ ਕਿ ਯਹੋਵਾਹ ਨੇ ਸਾਨੂੰ ਬਰਕਤ ਦਿੱਤੀ ਜਦ ਅਸੀਂ ਸੱਚਾਈ ਸਾਂਝੀ ਕਰਨ ਵਿਚ ਪਹਿਲ ਕੀਤੀ।” ਉਸ ਔਰਤ ਨੇ ਸੱਚਾਈ ਵਿਚ ਚੰਗੀ ਤਰੱਕੀ ਕੀਤੀ ਅਤੇ ਮੈਕਸੀਕੋ ਸਿਟੀ ਵਿਚ ਇਕ ਵੱਡੇ ਸੰਮੇਲਨ ਵਿਚ ਉਸ ਨੇ ਬਪਤਿਸਮਾ ਲੈ ਲਿਆ। ਔਕੇ ਤੇ ਇੰਗ-ਮਰੀ ਆਪਣੀ ਸੇਵਕਾਈ ਬਾਰੇ ਕਹਿੰਦੇ ਹਨ: “ਅਸੀਂ ਕਿਸੇ ਵੀ ਦੇਸ਼ ਵਿਚ ਉਸਾਰੀ ਦਾ ਕੰਮ ਕਰ ਕੇ ਬਹੁਤ ਖ਼ੁਸ਼ ਹਾਂ, ਪਰ ਜੋ ਖ਼ੁਸ਼ੀ ਸਾਨੂੰ ਕਿਸੇ ਨੂੰ ਸੱਚਾਈ ਸਿਖਾਉਣ ਤੋਂ ਮਿਲਦੀ ਹੈ, ਉਹ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲ ਸਕਦੀ।”

ਆਪਾ ਵਾਰਨ ਲਈ ਤਿਆਰ

ਇਹ ਸੱਚ ਹੈ ਕਿ ਆਪਣੇ ਦੋਸਤਾਂ-ਮਿੱਤਰਾਂ ਤੇ ਪਰਿਵਾਰਾਂ ਨੂੰ ਪਿੱਛੇ ਛੱਡ ਕੇ ਅਤੇ ਪ੍ਰਦੇਸ ਜਾ ਕੇ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਵਾਲੇ ਕਾਮੇ ਕੁਰਬਾਨੀਆਂ ਕਰਦੇ ਹਨ। ਪਰ ਉਨ੍ਹਾਂ ਨੂੰ ਬਹੁਤ ਸਾਰੀਆਂ ਖ਼ੁਸ਼ੀਆਂ ਵੀ ਮਿਲਦੀਆਂ ਹਨ। ਉਹ ਕਿਹੜੀਆਂ ਖ਼ੁਸ਼ੀਆਂ ਹਨ?

ਹਾਵਡ ਤੇ ਪੈਮਲਾ ਨੇ ਅੰਗੋਲਾ, ਐਲ ਸੈਲਵੇਡਾਰ, ਇਕਵੇਡਾਰ, ਕੋਲੰਬੀਆ, ਗੀਆਨਾ, ਪੋਰਟੋ ਰੀਕੋ ਅਤੇ ਮੈਕਸੀਕੋ ਵਿਚ ਉਸਾਰੀ ਦਾ ਕੰਮ ਕੀਤਾ ਹੈ। ਹਾਵਡ ਦੱਸਦਾ ਹੈ: “ਹੋਰਨਾਂ ਦੇਸ਼ਾਂ ਦੇ ਭੈਣਾਂ-ਭਰਾਵਾਂ ਨੂੰ ਮਿਲਣਾ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ। ਅਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਾਂ ਕਿ ਸਾਡੇ ਸਾਰਿਆਂ ਵਿਚ ਕਿਹੋ ਜਿਹਾ ਪਿਆਰ ਹੈ। ਅਸੀਂ ਅਕਸਰ ਇਸ ਪਿਆਰ ਬਾਰੇ ਪੜ੍ਹਦੇ ਹਾਂ, ਪਰ ਜਦ ਤੁਸੀਂ ਵੱਖੋ-ਵੱਖਰੇ ਸਭਿਆਚਾਰ ਅਤੇ ਪਿਛੋਕੜਾਂ ਦੇ ਭੈਣਾਂ-ਭਰਾਵਾਂ ਨੂੰ ਮਿਲਦੇ ਹੋ ਅਤੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੇ ਹੋ, ਤਾਂ ਤੁਸੀਂ ਸੱਚ-ਮੁੱਚ ਜਾਣ ਜਾਂਦੇ ਹੋ ਕਿ ਸਾਡਾ ਭਾਈਚਾਰਾ ਕਿੰਨਾ ਵਧੀਆ ਹੈ।”

ਗੈਰੀ ਨੇ ਇਕਵੇਡਾਰ, ਕਾਸਟਾ ਰੀਕਾ, ਕੋਲੰਬੀਆ, ਜ਼ੈਂਬੀਆ ਅਤੇ ਮੈਕਸੀਕੋ ਜਾ ਕੇ ਉਸਾਰੀ ਦੇ ਕੰਮ ਵਿਚ ਹਿੱਸਾ ਲਿਆ ਹੈ। ਉਹ ਵੀ ਮਹਿਸੂਸ ਕਰਦਾ ਹੈ ਕਿ ਉਸ ਨੂੰ ਇਸ ਤੋਂ ਬਹੁਤ ਲਾਭ ਹੋਇਆ ਹੈ। ਉਹ ਕਹਿੰਦਾ ਹੈ: “ਕਈ ਸਾਲਾਂ ਤਕ ਵੱਖਰੇ-ਵੱਖਰੇ ਦੇਸ਼ਾਂ ਦੇ ਬ੍ਰਾਂਚ ਆਫਿਸਾਂ ਵਿਚ ਤਜਰਬੇਕਾਰ ਭਰਾਵਾਂ ਨਾਲ ਕੰਮ ਕਰ ਕੇ ਮੈਨੂੰ ਵਧੀਆ ਸਿਖਲਾਈ ਮਿਲੀ ਹੈ। ਇਸ ਨਾਲ ਮੈਂ ਕਿਸੇ ਨਵੇਂ ਥਾਂ ਜਾ ਕੇ ਉੱਥੇ ਦੀਆਂ ਮੁਸ਼ਕਲਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਸਕਦਾ ਹਾਂ। ਯਹੋਵਾਹ ਦੇ ਵਿਸ਼ਵ-ਵਿਆਪੀ ਸੰਗਠਨ ਦੀ ਏਕਤਾ ਦੇਖ ਕੇ ਮੇਰੀ ਨਿਹਚਾ ਮਜ਼ਬੂਤ ਹੋਈ ਹੈ। ਅਜਿਹੀ ਏਕਤਾ ਕਿਸੇ ਦੀ ਬੋਲੀ, ਜਾਤ ਜਾਂ ਸਭਿਆਚਾਰ ਦੀ ਕੋਈ ਪਰਵਾਹ ਨਹੀਂ ਕਰਦੀ।”

ਮੈਕਸੀਕੋ ਵਿਚ ਉਸਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਸਾਲ ਬ੍ਰਾਂਚ ਦੀਆਂ ਇਮਾਰਤਾਂ ਯਹੋਵਾਹ ਨੂੰ ਸਮਰਪਿਤ ਕੀਤੀਆਂ ਗਈਆਂ ਸਨ। ਮੈਕਸੀਕੋ ਵਿਚ ਅਤੇ ਹੋਰਨਾਂ ਦੇਸ਼ਾਂ ਵਿਚ ਵੀ ਇੰਟਰਨੈਸ਼ਨਲ ਸਰਵੈਂਟਾਂ ਅਤੇ ਇੰਟਰਨੈਸ਼ਨਲ ਵਲੰਟੀਅਰਾਂ ਨੇ ਯਹੋਵਾਹ ਦੀ ਭਗਤੀ ਦੇ ਵਾਧੇ ਵਿਚ ਵੱਡਾ ਹਿੱਸਾ ਲਿਆ ਹੈ। ਉਹ ਇਸ ਤਰ੍ਹਾਂ ਕਿਉਂ ਕਰਦੇ ਹਨ? ਕਿਉਂਕਿ ਉਹ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ ਅਤੇ ਉਹ ਦੁਨੀਆਂ ਭਰ ਵਿਚ ਆਪਣੇ ਭੈਣ-ਭਾਈਆਂ ਦੀ ਸੇਵਾ ਵਿਚ ਆਪਾ ਵਾਰਨ ਲਈ ਤਿਆਰ ਰਹਿੰਦੇ ਹਨ। ਸੰਸਾਰ ਭਰ ਦੇ ਯਹੋਵਾਹ ਦੇ ਗਵਾਹ ਉਨ੍ਹਾਂ ਦੇ ਬੜੇ ਸ਼ੁਕਰਗੁਜ਼ਾਰ ਹਨ।

[ਸਫ਼ੇ 25 ਉੱਤੇ ਤਸਵੀਰ]

ਇਕਵੇਡਾਰ

[ਸਫ਼ੇ 25 ਉੱਤੇ ਤਸਵੀਰ]

ਕੋਲੰਬੀਆ

[ਸਫ਼ੇ 25 ਉੱਤੇ ਤਸਵੀਰ]

ਅੰਗੋਲਾ

[ਸਫ਼ੇ 26 ਉੱਤੇ ਤਸਵੀਰ]

ਬ੍ਰਾਂਚ ਦਾ ਬਗ਼ੀਚਾ

[ਸਫ਼ੇ 26 ਉੱਤੇ ਤਸਵੀਰ]

ਮੈਕਸੀਕੋ ਦੇ ਬ੍ਰਾਂਚ ਦੀ ਉਸਾਰੀ ਸ਼ੁਰੂ ਹੋ ਰਹੀ ਹੈ

[ਸਫ਼ੇ 26 ਉੱਤੇ ਤਸਵੀਰ]

ਹੇਠਾਂ: ਕੁਝ ਨਵੀਆਂ ਇਮਾਰਤਾਂ ਸਾਮ੍ਹਣੇ ਉਸਾਰੀ ਵਿਭਾਗ ਦੇ ਕੁਝ ਮੈਂਬਰ

[ਸਫ਼ੇ 27 ਉੱਤੇ ਤਸਵੀਰ]

ਸਥਾਨਕ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਪਰਦੇਸੀ ਕਾਮੇ ਖ਼ੁਸ਼ ਹੁੰਦੇ ਹਨ