ਤੁਸੀਂ ਰੱਬ ਨੂੰ ਕੀ ਪੁੱਛਣਾ ਚਾਹੁੰਦੇ ਹੋ?
ਤੁਸੀਂ ਰੱਬ ਨੂੰ ਕੀ ਪੁੱਛਣਾ ਚਾਹੁੰਦੇ ਹੋ?
ਦੁਨੀਆਂ ਦੇ ਹਰ ਕੋਣੇ ਵਿਚ ਲੋਕ ਜ਼ਿੰਦਗੀ ਬਾਰੇ ਬਹੁਤ ਸਾਰੇ ਸਵਾਲ ਪੁੱਛਦੇ ਹਨ। ਸ਼ਾਇਦ ਤੁਸੀਂ ਵੀ ਪੁੱਛਦੇ ਹੋ। ਕਈਆਂ ਨੇ ਧਾਰਮਿਕ ਗੁਰੂਆਂ ਅੱਗੇ ਆਪਣੇ ਸਵਾਲ ਪੇਸ਼ ਕੀਤੇ ਹਨ, ਪਰ ਉਨ੍ਹਾਂ ਨੂੰ ਤਸੱਲੀ ਨਹੀਂ ਹੋਈ। ਦੂਸਰੇ ਮਨ ਹੀ ਮਨ ਵਿਚ ਸਵਾਲ ਪੁੱਛਦੇ ਹਨ। ਕਈਆਂ ਨੇ ਮਦਦ ਲਈ ਪ੍ਰਾਰਥਨਾ ਵੀ ਕੀਤੀ ਹੈ। ਕੀ ਪਰਮੇਸ਼ੁਰ ਤੁਹਾਡੇ ਸਵਾਲਾਂ ਦਾ ਜਵਾਬ ਦੇਵੇਗਾ? ਹੇਠਾਂ ਕੁਝ ਅਜਿਹੇ ਸਵਾਲ ਦਿੱਤੇ ਗਏ ਹਨ ਜੋ ਲੋਕ ਪਰਮੇਸ਼ੁਰ ਤੋਂ ਪੁੱਛਦੇ ਹਨ।
ਹੇ ਰੱਬਾ, ਤੂੰ ਹੈ ਕੌਣ?
ਰੱਬ ਬਾਰੇ ਕੋਈ ਇਨਸਾਨ ਕਿਸ ਤਰ੍ਹਾਂ ਸੋਚਦਾ ਹੈ ਇਸ ਦਾ ਉਸ ਦੇ ਸਭਿਆਚਾਰ, ਉਸ ਦੇ ਮਾਪਿਆਂ ਦੇ ਧਰਮ ਅਤੇ ਸ਼ਾਇਦ ਉਸ ਦੀ ਆਪਣੀ ਪਸੰਦ ਨਾਲ ਡੂੰਘਾ ਸੰਬੰਧ ਹੁੰਦਾ ਹੈ। ਕਈ ਲੋਕ ਰੱਬ ਨੂੰ ਕੋਈ ਨਾਂ ਲੈ ਕੇ ਪੁਕਾਰਦੇ ਹਨ, ਪਰ ਦੂਸਰੇ ਬੱਸ ਉਸ ਨੂੰ ਰੱਬ ਹੀ ਕਹਿੰਦੇ ਹਨ। ਕੀ ਇਸ ਨਾਲ ਕੋਈ ਫ਼ਰਕ ਪੈਂਦਾ ਹੈ? ਕੀ ਸਿਰਫ਼ ਇੱਕੋ ਸੱਚਾ ਪਰਮੇਸ਼ੁਰ ਹੈ ਜੋ ਆਪਣੇ ਆਪ ਨੂੰ ਅਤੇ ਆਪਣੇ ਨਾਂ ਨੂੰ ਪ੍ਰਗਟ ਕਰਦਾ ਹੈ?
ਇਸ ਦੁਨੀਆਂ ਵਿਚ ਇੰਨਾ ਦੁੱਖ ਕਿਉਂ ਹੈ?
ਜੇਕਰ ਇਕ ਵਿਅਕਤੀ ਦੀ ਲਾਪਰਵਾਹੀ ਜਾਂ ਬੁਰੇ ਚਾਲ-ਚਲਣ ਨੇ ਉਸ ਦੀ ਸਿਹਤ ਉੱਤੇ ਮਾੜਾ ਅਸਰ ਪਾਇਆ ਹੈ ਜਾਂ ਉਸ ਨੂੰ ਗ਼ਰੀਬੀ ਦੇ ਮੂੰਹ ਵਿਚ ਧੱਕ ਦਿੱਤਾ ਹੈ, ਤਾਂ ਉਹ ਸ਼ਾਇਦ ਆਪਣੇ ਮੰਦੇ ਹਾਲ ਉੱਤੇ ਰੋਵੇ। ਪਰ ਉਹ ਇੰਨਾ ਤਾਂ ਜਾਣਦਾ ਹੈ ਕਿ ਉਹ ਦੁਖੀ ਕਿਉਂ ਹੈ।
ਲੇਕਿਨ ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਅਜਿਹੀਆਂ ਹਾਲਤਾਂ ਕਾਰਨ ਦੁਖੀ ਹਨ ਜੋ ਉਨ੍ਹਾਂ ਦੇ ਵੱਸ ਵਿਚ ਨਹੀਂ ਹੁੰਦੀਆਂ। ਕਈ ਦੂਸਰਿਆਂ ਨੂੰ ਸਿਰ ਉੱਤੇ ਛੱਤ ਰੱਖਣ ਅਤੇ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਲਈ ਖ਼ੂਨ-ਪਸੀਨਾ ਇਕ ਕਰਨਾ ਪੈਂਦਾ ਹੈ। ਲੱਖਾਂ ਲੋਕ ਅਪਰਾਧ, ਲੜਾਈ, ਹਿੰਸਾ, ਕੁਦਰਤੀ ਆਫ਼ਤਾਂ ਜਾਂ ਤਾਕਤਵਰ ਲੋਕਾਂ ਦੀਆਂ ਬੇਇਨਸਾਫ਼ੀਆਂ ਦੇ ਸ਼ਿਕਾਰ ਬਣਦੇ ਹਨ।
ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਲੋਕ ਪੁੱਛਦੇ ਹਨ: ‘ਅਜਿਹੇ ਭੈੜੇ ਹਾਲਾਤ ਸਾਰੀ ਦੁਨੀਆਂ ਵਿਚ ਕਿਉਂ ਹਨ? ਰੱਬ ਇਨ੍ਹਾਂ ਦੁੱਖਾਂ ਬਾਰੇ ਕੁਝ ਕਰਦਾ ਕਿਉਂ ਨਹੀਂ?’
ਹੇ ਰੱਬਾ, ਤੂੰ ਮੈਨੂੰ ਇਸ ਧਰਤੀ ਉੱਤੇ ਕਿਉਂ ਪੈਦਾ ਕੀਤਾ? ਤੂੰ ਮੈਥੋਂ ਕੀ ਚਾਹੁੰਦਾ ਹੈਂ?
ਕਈ ਲੋਕਾਂ ਨੂੰ ਆਪਣੀ ਜ਼ਿੰਦਗੀ ਬੇਮਤਲਬ ਲੱਗਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਰੋਜ਼ ਦੇ ਕੰਮਾਂ ਤੋਂ ਕੋਈ ਖ਼ੁਸ਼ੀ ਨਹੀਂ ਮਿਲਦੀ। ਇਸ ਲਈ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਉਹ ਰੱਬ ਨੂੰ ਇਹ ਸਵਾਲ ਪੁੱਛਦੇ ਹਨ। ਲੱਖਾਂ ਦੂਸਰੇ ਲੋਕ ਇਹ ਵੀ ਮੰਨਦੇ ਹਨ ਕਿ ਪਰਮੇਸ਼ੁਰ ਨੇ ਪਹਿਲਾਂ ਹੀ ਉਨ੍ਹਾਂ ਦੀ ਕਿਸਮਤ ਲਿਖੀ ਹੋਈ ਹੈ। ਕੀ ਇਹ ਸੱਚ ਹੈ? ਜੇ ਰੱਬ ਨੇ ਤੁਹਾਡੇ ਲਈ ਕੋਈ ਖ਼ਾਸ ਮਕਸਦ ਚੁਣਿਆ ਹੈ, ਤਾਂ ਕੀ ਤੁਸੀਂ ਇਸ ਬਾਰੇ ਜਾਣਨਾ ਨਹੀਂ ਚਾਹੋਗੇ?
ਜੇ ਪਰਮੇਸ਼ੁਰ ਨੇ ਕਿਸੇ ਧਰਮ-ਪੁਸਤਕ ਰਾਹੀਂ ਸਾਰੀ ਮਨੁੱਖਜਾਤੀ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਹਨ, ਤਾਂ ਕੀ ਅਸੀਂ ਇਹ ਉਮੀਦ ਨਹੀਂ ਰੱਖਾਂਗੇ ਕਿ ਇਹ ਧਰਮ-ਪੁਸਤਕ ਹੋਰ ਕਿਸੇ ਪੁਸਤਕ ਨਾਲੋਂ ਜ਼ਿਆਦਾ ਜ਼ਬਾਨਾਂ ਵਿਚ ਹੋਵੇਗੀ? ਇਹ ਪਵਿੱਤਰ ਬਾਈਬਲ ਬਾਰੇ ਸੱਚ ਹੈ। ਇਸ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਇਹ ਪਰਮੇਸ਼ੁਰ ਦੀ ਆਤਮਾ ਤੋਂ ਲਿਖੀ ਗਈ ਹੈ। ਇਸ ਵਿਚ ਧਰਤੀ ਅਤੇ ਆਕਾਸ਼ ਨੂੰ ਰਚਣ ਵਾਲੇ ਪਰਮਾਤਮਾ ਨੇ ਖ਼ੁਦ ਆਪਣੇ ਬਾਰੇ ਅਤੇ ਆਪਣਾ ਨਾਂ ਦੱਸਿਆ ਹੈ। ਕੀ ਤੁਸੀਂ ਉਸ ਦਾ ਨਾਂ ਜਾਣਦੇ ਹੋ? ਕੀ ਤੁਹਾਨੂੰ ਪਤਾ ਹੈ ਕਿ ਬਾਈਬਲ ਪਰਮੇਸ਼ੁਰ ਦੀ ਸ਼ਖ਼ਸੀਅਤ ਬਾਰੇ ਕੀ ਦੱਸਦੀ ਹੈ? ਪਰਮੇਸ਼ੁਰ ਤੁਹਾਡੇ ਤੋਂ ਕੀ ਚਾਹੁੰਦਾ ਹੈ, ਇਸ ਬਾਰੇ ਬਾਈਬਲ ਕੀ ਕਹਿੰਦੀ ਹੈ?
[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
COVER: Chad Ehlers/Index Stock Photography
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Mountain: Chad Ehlers/Index Stock Photography