ਅਨੰਤ ਜ਼ਿੰਦਗੀ ਨੂੰ ਚੁਣੋ
ਅਨੰਤ ਜ਼ਿੰਦਗੀ ਨੂੰ ਚੁਣੋ
ਪਹਿਲਾਂ ਨਾਲੋਂ ਅੱਜ ਬਹੁਤ ਸਾਰੇ ਲੋਕ ਆਪਣੀ ਮਨਪਸੰਦ ਦੀ ਤਕਰੀਬਨ ਹਰ ਚੀਜ਼ ਚੁਣ ਸਕਦੇ ਹਨ। ਉਦਾਹਰਣ ਲਈ, ਸਾਨੂੰ ਕਿਹੜੇ ਕੱਪੜੇ ਜਾਂ ਕਿਹੜਾ ਭੋਜਨ ਪਸੰਦ ਹੈ। ਕਿੱਥੇ ਕੰਮ ਕਰਨਾ ਹੈ ਜਾਂ ਕਿੱਥੇ ਰਹਿਣਾ ਹੈ, ਇਸ ਦੀ ਵੀ ਅਸੀਂ ਚੋਣ ਕਰ ਸਕਦੇ ਹਾਂ। ਦੁਨੀਆਂ ਦੇ ਕਈ ਦੇਸ਼ਾਂ ਵਿਚ ਲੋਕਾਂ ਲਈ ਆਪਣੀ ਮਨਪਸੰਦ ਦਾ ਜੀਵਨ ਸਾਥੀ ਚੁਣਨਾ ਵੀ ਆਮ ਗੱਲ ਹੈ। ਪਰ ਬਾਈਬਲ ਸਾਨੂੰ ਇਕ ਅਜਿਹੀ ਚੀਜ਼ ਚੁਣਨ ਲਈ ਕਹਿੰਦੀ ਹੈ ਜੋ ਬਾਕੀ ਸਾਰੀਆਂ ਚੀਜ਼ਾਂ ਨਾਲੋਂ ਵਧ ਕੇ ਹੈ ਅਤੇ ਦੁਨੀਆਂ ਦਾ ਕੋਈ ਵੀ ਇਨਸਾਨ ਇਹ ਚੀਜ਼ ਲੈ ਸਕਦਾ ਹੈ।
ਬਾਈਬਲ ਕਹਿੰਦੀ ਹੈ: “ਧਰਮ ਸੱਚ ਮੁੱਚ ਜੀਉਣ ਦੇ ਲਈ ਹੈ, ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ ਆਪਣੀ ਮੌਤ ਲਈ ਕਰਦਾ ਹੈ।” (ਕਹਾਉਤਾਂ 11:19) ਯਿਸੂ ਨੇ ਵੀ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.
ਜੀ ਹਾਂ, ਸਾਡਾ ਸਿਰਜਣਹਾਰ ਸਾਨੂੰ ਇਕ ਅਜਿਹਾ ਰਾਹ ਚੁਣਨ ਦਾ ਮੌਕਾ ਦੇ ਰਿਹਾ ਹੈ ਜਿਸ ਉੱਤੇ ਚੱਲ ਕੇ ਅਸੀਂ ਅਨੰਤ ਜ਼ਿੰਦਗੀ ਪਾ ਸਕਦੇ ਹਾਂ! ਅਨੰਤ ਜ਼ਿੰਦਗੀ ਪ੍ਰਾਪਤ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਬਾਈਬਲ ਕਹਿੰਦੀ ਹੈ ਕਿ “ਧਰਮ ਦੇ ਰਾਹ ਵਿੱਚ ਜੀਉਣ ਹੈ।” (ਕਹਾਉਤਾਂ 12:28) ਅਸੀਂ ਵੀ ਉਨ੍ਹਾਂ ਧਰਮੀਆਂ ਵਿਚ ਗਿਣੇ ਜਾ ਸਕਦੇ ਹਾਂ ਜਿਹੜੇ ਅਨੰਤ ਜ਼ਿੰਦਗੀ ਦੇ ਰਾਹ ਉੱਤੇ ਚੱਲਦੇ ਹਨ। ਕਿਵੇਂ? ਪਰਮੇਸ਼ੁਰ ਦੀ ਇੱਛਾ ਅਤੇ ਉਸ ਦੇ ਹੁਕਮਾਂ ਅਨੁਸਾਰ ਆਪਣੀ ਜ਼ਿੰਦਗੀ ਜੀ ਕੇ। (ਮੱਤੀ 7:13, 14) ਇਸ ਲਈ ਆਓ ਆਪਾਂ ਸਹੀ ਚੋਣ ਕਰੀਏ ਅਤੇ ਪਰਮੇਸ਼ੁਰ ਤੋਂ ਬਖ਼ਸ਼ੀਸ਼ ਵਿਚ ਅਨੰਤ ਜ਼ਿੰਦਗੀ ਪ੍ਰਾਪਤ ਕਰੀਏ।—ਰੋਮੀਆਂ 6:23.