Skip to content

Skip to table of contents

ਕੱਲ੍ਹ ਅਤੇ ਅੱਜ—ਹਨੇਰੇ ਅਤੀਤ ਤੋਂ ਸੁਨਹਿਰੇ ਭਵਿੱਖ ਵੱਲ

ਕੱਲ੍ਹ ਅਤੇ ਅੱਜ—ਹਨੇਰੇ ਅਤੀਤ ਤੋਂ ਸੁਨਹਿਰੇ ਭਵਿੱਖ ਵੱਲ

“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”

ਕੱਲ੍ਹ ਅਤੇ ਅੱਜ—ਹਨੇਰੇ ਅਤੀਤ ਤੋਂ ਸੁਨਹਿਰੇ ਭਵਿੱਖ ਵੱਲ

“ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ . . . ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:12) ਇਸ ਤਰ੍ਹਾਂ ਪੌਲੁਸ ਰਸੂਲ ਨੇ ਪਰਮੇਸ਼ੁਰ ਦੇ ਸੰਦੇਸ਼ ਦੀ ਤਾਕਤ ਦਾ ਵਰਣਨ ਕੀਤਾ। ਇਸ ਸੰਦੇਸ਼ ਨੇ ਖ਼ਾਸ ਕਰਕੇ ਪਹਿਲੀ ਸਦੀ ਦੌਰਾਨ ਲੋਕਾਂ ਦੇ ਮਨਾਂ ਤੇ ਬੜਾ ਅਸਰ ਪਾਇਆ ਸੀ। ਉਸ ਵੇਲੇ ਦੇ ਬੁਰੇ ਮਾਹੌਲ ਦੇ ਬਾਵਜੂਦ, ਮਸੀਹੀ ਬਣੇ ਲੋਕਾਂ ਨੇ ਨਵੀਂ ਇਨਸਾਨੀਅਤ ਨੂੰ ਪਹਿਨਿਆ ਸੀ।—ਰੋਮੀਆਂ 1:28, 29; ਕੁਲੁੱਸੀਆਂ 3:8-10.

ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਅੱਜ ਵੀ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਣ ਦੀ ਤਾਕਤ ਹੈ। ਮਿਸਾਲ ਲਈ, ਇਕ ਉੱਚੇ-ਲੰਮੇ ਤੇ ਹੱਟੇ-ਕੱਟੇ ਆਦਮੀ ਰਿਖਾਰਟ ਵੱਲ ਧਿਆਨ ਦਿਓ। ਗਰਮ ਸੁਭਾਅ ਦਾ ਹੋਣ ਕਰਕੇ ਰਿਖਾਰਟ ਛੋਟੀ-ਛੋਟੀ ਗੱਲ ਤੇ ਲੋਕਾਂ ਨਾਲ ਲੜ ਪੈਂਦਾ ਸੀ। ਉਸ ਦੀ ਜ਼ਿੰਦਗੀ ਹਿੰਸਾ ਦੇ ਕੰਮਾਂ ਨਾਲ ਭਰੀ ਪਈ ਸੀ। ਰਿਖਾਰਟ ਮੁੱਕੇਬਾਜ਼ੀ ਕਲੱਬ ਦਾ ਮੈਂਬਰ ਬਣ ਗਿਆ। ਉਸ ਨੇ ਸਖ਼ਤ ਮਿਹਨਤ ਕਰ ਕੇ ਮੁੱਕੇਬਾਜ਼ੀ ਸਿੱਖ ਲਈ ਅਤੇ ਜਰਮਨੀ ਵਿਚ ਵੈਸਟਫ਼ਾਲੀਆ ਇਲਾਕੇ ਦਾ ਮੁੱਕੇਬਾਜ਼ ਚੈਂਪੀਅਨ ਬਣ ਗਿਆ। ਉਹ ਸ਼ਰਾਬ ਵੀ ਕਾਫ਼ੀ ਪੀਂਦਾ ਸੀ ਤੇ ਅਕਸਰ ਲੜਾਈ-ਝਗੜੇ ਸਹੇੜ ਲੈਂਦਾ ਸੀ। ਇਕ ਵਾਰ ਲੜਾਈ ਵਿਚ ਇਕ ਆਦਮੀ ਮਾਰਿਆ ਗਿਆ ਜਿਸ ਕਰਕੇ ਰਿਖਾਰਟ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਸੀ, ਪਰ ਉਹ ਬਚ ਗਿਆ।

ਰਿਖਾਰਟ ਦੀ ਵਿਆਹੁਤਾ ਜ਼ਿੰਦਗੀ ਬਾਰੇ ਕੀ? ਰਿਖਾਰਟ ਦੱਸਦਾ ਹੈ: “ਬਾਈਬਲ ਦੀ ਸਟੱਡੀ ਕਰਨ ਤੋਂ ਪਹਿਲਾਂ ਮੈਂ ਅਤੇ ਮੇਰੀ ਪਤਨੀ ਹਾਇਕੇ ਆਪਣੇ-ਆਪਣੇ ਢੰਗ ਨਾਲ ਜ਼ਿੰਦਗੀ ਜੀਉਂਦੇ ਸਾਂ। ਹਾਇਕੇ ਜ਼ਿਆਦਾਤਰ ਆਪਣਾ ਸਮਾਂ ਆਪਣੀਆਂ ਸਹੇਲੀਆਂ ਨਾਲ ਗੁਜ਼ਾਰਦੀ ਸੀ, ਜਦ ਕਿ ਮੈਂ ਆਪਣਾ ਜ਼ਿਆਦਾਤਰ ਸਮਾਂ ਆਪਣੇ ਸ਼ੌਕ ਪੂਰੇ ਕਰਨ ਵਿਚ ਗੁਜ਼ਾਰਦਾ ਸੀ, ਖ਼ਾਸਕਰ ਮੁੱਕੇਬਾਜ਼ੀ, ਸਰਫਿੰਗ ਅਤੇ ਡਾਇਵਿੰਗ ਕਰਨ ਵਿਚ।”

ਰਿਖਾਰਟ ਅਤੇ ਹਾਇਕੇ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਰਿਖਾਰਟ ਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਦਿੱਤੇ ਪਰਮੇਸ਼ੁਰ ਦੇ ਉੱਚੇ ਮਿਆਰਾਂ ਬਾਰੇ ਪਤਾ ਲੱਗਿਆ, ਤਾਂ ਉਹ ਸੋਚਾਂ ਵਿਚ ਪੈ ਗਿਆ ਕਿ ਆਪਣੀ ਜ਼ਿੰਦਗੀ ਵਿਚ ਇੰਨੀਆਂ ਵੱਡੀਆਂ ਤਬਦੀਲੀਆਂ ਉਹ ਕਿਵੇਂ ਕਰੇਗਾ। ਪਰ ਜਿੱਦਾਂ-ਜਿੱਦਾਂ ਰਿਖਾਰਟ ਨੂੰ ਪਰਮੇਸ਼ੁਰ ਬਾਰੇ ਹੋਰ ਚੰਗੀ ਤਰ੍ਹਾਂ ਪਤਾ ਲੱਗਦਾ ਗਿਆ, ਉੱਦਾਂ-ਉੱਦਾਂ ਉਸ ਦੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਇੱਛਾ ਦ੍ਰਿੜ੍ਹ ਹੁੰਦੀ ਗਈ। ਰਿਖਾਰਟ ਨੂੰ ਪਤਾ ਲੱਗ ਗਿਆ ਕਿ ਪਰਮੇਸ਼ੁਰ ਹਿੰਸਾ ਜਾਂ ਹਿੰਸਕ ਖੇਡਾਂ ਦੇ ਪ੍ਰੇਮੀਆਂ ਨੂੰ ਪਸੰਦ ਨਹੀਂ ਕਰਦਾ। ਉਸ ਨੇ ਸਿੱਖਿਆ ਕਿ “[ਯਹੋਵਾਹ] ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।”—ਜ਼ਬੂਰਾਂ ਦੀ ਪੋਥੀ 11:5, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਇਸ ਤੋਂ ਇਲਾਵਾ, ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਮਿਲਣ ਤੇ ਰਿਖਾਰਟ ਤੇ ਹਾਇਕੇ ਨੂੰ ਬਹੁਤ ਖ਼ੁਸ਼ੀ ਹੋਈ। ਉਹ ਇਕੱਠੇ ਫਿਰਦੌਸ ਵਿਚ ਰਹਿਣਾ ਚਾਹੁੰਦੇ ਸਨ! (ਯਸਾਯਾਹ 65:21-23) ਬਾਈਬਲ ਦੇ ਇਸ ਸੱਦੇ ਨੇ ਰਿਖਾਰਟ ਦੇ ਦਿਲ ਨੂੰ ਧੁਰ ਤਕ ਛੋਹ ਲਿਆ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਉਸ ਨੇ ਇਸ ਸਲਾਹ ਉੱਤੇ ਚੱਲਣ ਦੀ ਅਹਿਮੀਅਤ ਨੂੰ ਸਮਝਿਆ: “ਜ਼ਾਲਮ ਦੀ ਰੀਸ ਨਾ ਕਰ, ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ, ਕਿਉਂ ਜੋ ਕੱਬੇ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।”—ਕਹਾਉਤਾਂ 3:31, 32.

ਆਪਣੇ ਜੀਉਣ ਦੇ ਤੌਰ-ਤਰੀਕਿਆਂ ਨੂੰ ਬਦਲਣ ਦੀ ਦ੍ਰਿੜ੍ਹ ਇੱਛਾ ਹੋਣ ਦੇ ਬਾਵਜੂਦ, ਰਿਖਾਰਟ ਨੂੰ ਅਹਿਸਾਸ ਹੋਇਆ ਕਿ ਉਹ ਆਪਣੀ ਤਾਕਤ ਨਾਲ ਇਹ ਸਭ ਕੁਝ ਨਹੀਂ ਕਰ ਸਕਦਾ ਸੀ, ਸਗੋਂ ਉਸ ਨੂੰ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੀ ਮਦਦ ਲੈਣ ਦੀ ਜ਼ਰੂਰਤ ਸੀ। ਉਸ ਨੇ ਰਸੂਲਾਂ ਨੂੰ ਕਹੇ ਯਿਸੂ ਦੇ ਇਨ੍ਹਾਂ ਸ਼ਬਦਾਂ ਅਨੁਸਾਰ ਕੀਤਾ: “ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”—ਮੱਤੀ 26:41.

ਹਿੰਸਾ ਅਤੇ ਕ੍ਰੋਧ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਸਿੱਖਣ ਤੋਂ ਬਾਅਦ, ਰਿਖਾਰਟ ਸਮਝ ਗਿਆ ਕਿ ਮੁੱਕੇਬਾਜ਼ੀ ਪਰਮੇਸ਼ੁਰ ਨੂੰ ਪਸੰਦ ਨਹੀਂ ਹੈ। ਯਹੋਵਾਹ ਦੀ ਮਦਦ ਨਾਲ ਰਿਖਾਰਟ ਨੇ ਹਿੰਸਾ ਦੇ ਕੰਮਾਂ ਨੂੰ ਛੱਡ ਦਿੱਤਾ। ਇਸ ਤਰ੍ਹਾਂ ਕਰਨ ਲਈ ਉਸ ਨਾਲ ਸਟੱਡੀ ਕਰਨ ਵਾਲੇ ਗਵਾਹਾਂ ਨੇ ਵੀ ਉਸ ਨੂੰ ਕਾਫ਼ੀ ਹੱਲਾਸ਼ੇਰੀ ਦਿੱਤੀ। ਉਸ ਨੇ ਮੁੱਕੇਬਾਜ਼ੀ ਤੇ ਲੜਾਈ-ਝਗੜੇ ਕਰਨੇ ਛੱਡ ਦਿੱਤੇ ਅਤੇ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ। ਰਿਖਾਰਟ ਕਹਿੰਦਾ ਹੈ: “ਬਾਈਬਲ ਦੀ ਸੱਚਾਈ ਨੇ ਮੈਨੂੰ ਸਿਖਾਇਆ ਹੈ ਕਿ ਕੁਝ ਵੀ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਰੁਕ ਕੇ ਇਸ ਉੱਤੇ ਸੋਚ-ਵਿਚਾਰ ਕਰਾਂ।” ਰਿਖਾਰਟ ਹੁਣ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਨਿਮਰ ਸੁਭਾਅ ਦਾ ਨਿਗਾਹਬਾਨ ਹੈ। ਉਹ ਅੱਗੇ ਕਹਿੰਦਾ ਹੈ: “ਪਿਆਰ ਅਤੇ ਆਦਰ ਦੇ ਸਿਧਾਂਤ ਹੁਣ ਮੈਨੂੰ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਵਿਚ ਮਦਦ ਕਰਦੇ ਹਨ। ਇਸ ਕਰਕੇ ਪਰਿਵਾਰ ਵਿਚ ਸਾਡਾ ਇਕ-ਦੂਜੇ ਨਾਲ ਪਿਆਰ ਵਧਿਆ ਹੈ।”

ਗ਼ਲਤਫ਼ਹਿਮੀ ਦੇ ਸ਼ਿਕਾਰ ਲੋਕ ਕਈ ਵਾਰੀ ਯਹੋਵਾਹ ਦੇ ਗਵਾਹਾਂ ਉੱਤੇ ਦੋਸ਼ ਲਾਉਂਦੇ ਹਨ ਕਿ ਉਹ ਪਰਿਵਾਰਾਂ ਨੂੰ ਉਜਾੜਦੇ ਹਨ। ਪਰ ਰਿਖਾਰਟ ਵਰਗੇ ਲੋਕਾਂ ਦੀਆਂ ਮਿਸਾਲਾਂ ਉਨ੍ਹਾਂ ਦੇ ਇਸ ਦੋਸ਼ ਨੂੰ ਝੂਠਾ ਸਾਬਤ ਕਰਦੀਆਂ ਹਨ। ਅਸਲੀਅਤ ਤਾਂ ਇਹ ਹੈ ਕਿ ਬਾਈਬਲ ਦੀ ਸੱਚਾਈ ਉਨ੍ਹਾਂ ਲੋਕਾਂ ਦੇ ਪਰਿਵਾਰਕ ਸੰਬੰਧਾਂ ਨੂੰ ਮਜ਼ਬੂਤ ਅਤੇ ਭਵਿੱਖ ਨੂੰ ਸੁਨਹਿਰਾ ਬਣਾ ਸਕਦੀ ਹੈ ਜਿਨ੍ਹਾਂ ਦਾ ਅਤੀਤ ਹਨੇਰੇ ਨਾਲ ਭਰਿਆ ਹੈ।—ਯਿਰਮਿਯਾਹ 29:11.

[ਸਫ਼ੇ 9 ਉੱਤੇ ਸੁਰਖੀ]

“ਫਿਰਦੌਸ ਵਰਗੀ ਧਰਤੀ ਉੱਤੇ ਜੀਉਂਦੇ ਰਹਿਣ ਦੀ ਉਮੀਦ ਨੇ ਮੈਨੂੰ ਆਪਣੀ ਜ਼ਿੰਦਗੀ ਬਦਲਣ ਲਈ ਪ੍ਰੇਰਿਤ ਕੀਤਾ”

[ਸਫ਼ੇ 9 ਉੱਤੇ ਡੱਬੀ]

ਬਾਈਬਲ ਦੇ ਫ਼ਾਇਦੇਮੰਦ ਸਿਧਾਂਤ

ਬਾਈਬਲ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਪ੍ਰਭਾਵਸ਼ਾਲੀ ਅਸਰ ਪਾ ਸਕਦੀ ਹੈ। ਹੇਠਾਂ ਬਾਈਬਲ ਦੇ ਕੁਝ ਸਿਧਾਂਤ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਹਿੰਸਕ ਲੋਕਾਂ ਨੇ ਆਪਣੇ ਆਪ ਨੂੰ ਬਦਲਿਆ ਹੈ:

“ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।” (ਕਹਾਉਤਾਂ 16:32) ਬੇਕਾਬੂ ਗੁੱਸਾ ਤਾਕਤ ਦਾ ਸਬੂਤ ਨਹੀਂ ਹੈ, ਇਹ ਕਮਜ਼ੋਰੀ ਦਾ ਸਬੂਤ ਹੈ।

“ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ।” (ਕਹਾਉਤਾਂ 19:11) ਸਮਝਦਾਰ ਵਿਅਕਤੀ ਦੂਸਰਿਆਂ ਦੇ ਹਾਲਾਤਾਂ ਅਤੇ ਜਜ਼ਬਾਤਾਂ ਨੂੰ ਸਮਝਦਾ ਹੈ ਅਤੇ ਜਲਦੀ ਨਾਲ ਗੁੱਸੇ ਨਹੀਂ ਹੁੰਦਾ।

‘ਗੁੱਸਾ ਕਰਨ ਵਾਲੇ ਦਾ ਮੇਲੀ ਨਾ ਬਣੀਂ ਕਿਉਂਕਿ ਕਿਤੇ ਐਉਂ ਨਾ ਹੋਵੇ ਜੋ ਤੂੰ ਉਹ ਦੀ ਚਾਲ ਸਿੱਖ ਲਵੇਂ।’ (ਕਹਾਉਤਾਂ 22:24, 25) ਅਕਲਮੰਦ ਮਸੀਹੀ ਕ੍ਰੋਧ ਕਰਨ ਵਾਲਿਆਂ ਤੋਂ ਦੂਰ ਰਹਿੰਦੇ ਹਨ।