Skip to content

Skip to table of contents

ਜਲ-ਪਰਲੋ ਦਾ ਰਿਕਾਰਡ—ਕੀ ਇਹ ਸਾਡੇ ਲਈ ਕੋਈ ਮਾਅਨੇ ਰੱਖਦਾ ਹੈ?

ਜਲ-ਪਰਲੋ ਦਾ ਰਿਕਾਰਡ—ਕੀ ਇਹ ਸਾਡੇ ਲਈ ਕੋਈ ਮਾਅਨੇ ਰੱਖਦਾ ਹੈ?

ਜਲ-ਪਰਲੋ ਦਾ ਰਿਕਾਰਡ​—ਕੀ ਇਹ ਸਾਡੇ ਲਈ ਕੋਈ ਮਾਅਨੇ ਰੱਖਦਾ ਹੈ?

ਯਿਸੂ ਨੇ ਸਵਰਗ ਵਿਚ ਰਾਜੇ ਦੇ ਤੌਰ ਤੇ ਆਪਣੀ ਮੌਜੂਦਗੀ ਅਤੇ ਦੁਨੀਆਂ ਦੇ ਅੰਤ ਦੇ ਦਿਨਾਂ ਦਾ ਲੱਛਣ ਦੱਸਦੇ ਸਮੇਂ ਕਿਹਾ ਸੀ: “ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ।” (ਮੱਤੀ 24:3, 37) ਯਿਸੂ ਇੱਥੇ ਨੂਹ ਦੇ ਜ਼ਮਾਨੇ ਦੇ ਹਾਲਾਤਾਂ ਦੀ ਤੁਲਨਾ ਸਾਡੇ ਦਿਨਾਂ ਦੇ ਹਾਲਾਤਾਂ ਨਾਲ ਕਰ ਰਿਹਾ ਸੀ। ਇਸ ਲਈ, ਨੂਹ ਦੇ ਦਿਨਾਂ ਵਿਚ ਹੋਈਆਂ ਘਟਨਾਵਾਂ ਦਾ ਇਕ ਸਹੀ ਅਤੇ ਭਰੋਸੇਯੋਗ ਰਿਕਾਰਡ ਅੱਜ ਸਾਡੇ ਲਈ ਬਹੁਤ ਹੀ ਬਹੁਮੁੱਲਾ ਸਾਬਤ ਹੋ ਸਕਦਾ ਹੈ।

ਕੀ ਜਲ-ਪਰਲੋ ਬਾਰੇ ਨੂਹ ਦਾ ਰਿਕਾਰਡ ਸਹੀ ਤੇ ਭਰੋਸੇਯੋਗ ਹੈ? ਸਾਨੂੰ ਕਿਵੇਂ ਪਤਾ ਕਿ ਇਹ ਜਲ-ਪਰਲੋ ਸੱਚ-ਮੁੱਚ ਆਈ ਸੀ? ਕੀ ਅਸੀਂ ਪਤਾ ਲਗਾ ਸਕਦੇ ਹਾਂ ਕਿ ਇਹ ਕਦੋਂ ਆਈ ਸੀ?

ਜਲ-ਪਰਲੋ ਕਦੋਂ ਆਈ ਸੀ?

ਬਾਈਬਲ ਵਿਚ ਬਹੁਤ ਸਾਰੀਆਂ ਘਟਨਾਵਾਂ ਦੇ ਸਮਿਆਂ ਬਾਰੇ ਦੱਸਿਆ ਗਿਆ ਹੈ। ਉਤਪਤ 5:1-29 ਵਿਚ ਪਹਿਲੇ ਮਨੁੱਖ ਆਦਮ ਤੋਂ ਲੈ ਕੇ ਨੂਹ ਤਕ ਵੰਸ਼ਾਵਲੀ ਦਿੱਤੀ ਗਈ ਹੈ। ਜਲ-ਪਰਲੋ “ਨੂਹ ਦੇ ਜੀਵਣ ਦੇ ਛੇ ਸੌਵੇਂ ਵਰਹੇ” ਵਿਚ ਆਉਣੀ ਸ਼ੁਰੂ ਹੋਈ ਸੀ।—ਉਤਪਤ 7:11.

ਇਹ ਪਤਾ ਲਗਾਉਣ ਲਈ ਕਿ ਜਲ-ਪਰਲੋ ਕਿਹੜੇ ਸਾਲ ਵਿਚ ਆਈ ਸੀ, ਸਾਨੂੰ ਇਕ ਇਤਿਹਾਸਕ ਤਾਰੀਖ਼ ਤੋਂ ਗਿਣਤੀ ਸ਼ੁਰੂ ਕਰਨ ਦੀ ਲੋੜ ਹੈ। ਇਹ ਅਜਿਹੀ ਤਾਰੀਖ਼ ਹੋਣੀ ਚਾਹੀਦੀ ਹੈ ਜਿਸ ਦੀ ਇਤਿਹਾਸ ਅਤੇ ਬਾਈਬਲ ਦੋਨੋਂ ਪੁਸ਼ਟੀ ਕਰਨ। ਫਿਰ ਇਸ ਤਾਰੀਖ਼ ਦੀ ਮਦਦ ਨਾਲ ਅਸੀਂ ਪਤਾ ਲਗਾ ਸਕਦੇ ਹਾਂ ਕਿ ਜਲ-ਪਰਲੋ ਕਿਹੜੇ ਸਾਲ ਵਿਚ ਆਈ ਸੀ। ਅੱਜ ਆਮ ਤੌਰ ਤੇ ਗ੍ਰੈਗੋਰੀਅਨ ਕਲੰਡਰ ਵਰਤਿਆ ਜਾਂਦਾ ਹੈ, ਇਸ ਲਈ ਅਸੀਂ ਇਸੇ ਅਨੁਸਾਰ ਸਾਲਾਂ ਦੀ ਗਿਣਤੀ ਕਰਾਂਗੇ।

ਅਜਿਹੀ ਇਕ ਇਤਿਹਾਸਕ ਤਾਰੀਖ਼ ਹੈ ਸਾਲ 539 ਸਾ.ਯੁ.ਪੂ., ਜਦੋਂ ਫ਼ਾਰਸੀ ਰਾਜਾ ਕੋਰਸ਼ (ਸਾਈਰਸ) ਨੇ ਬਾਬਲ ਸ਼ਹਿਰ ਉੱਤੇ ਕਬਜ਼ਾ ਕੀਤਾ ਸੀ। ਕਈ ਇਤਿਹਾਸਕ ਸੋਮੇ ਰਾਜਾ ਕੋਰਸ਼ ਦੇ ਸ਼ਾਸਨ ਕਾਲ ਬਾਰੇ ਦੱਸਦੇ ਹਨ, ਜਿਵੇਂ ਕਿ ਬਾਬਲੀ ਸ਼ਿਲਾ-ਲੇਖ ਅਤੇ ਟਾਲਮੀ ਤੇ ਇਤਿਹਾਸਕਾਰ ਡਾਇਓਡੋਰਸ, ਐਫ਼ਰੀਕੇਨਸ, ਯੂਸੀਬੀਅਸ ਦੀਆਂ ਲਿਖਤਾਂ। ਕੋਰਸ਼ ਦੇ ਫ਼ਰਮਾਨ ਅਨੁਸਾਰ, ਯਹੂਦੀ ਲੋਕ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਆਪਣੇ ਦੇਸ਼ ਵਾਪਸ ਗਏ ਸਨ। ਸਾਲ 537 ਸਾ.ਯੁ.ਪੂ. ਵਿਚ ਉਹ ਆਪਣੇ ਦੇਸ਼ ਪਹੁੰਚੇ। ਯਹੂਦਾਹ ਦੀ 70 ਸਾਲਾਂ ਦੀ ਬਰਬਾਦੀ ਦਾ ਸਮਾਂ ਉਦੋਂ ਖ਼ਤਮ ਹੋਇਆ ਸੀ। ਬਾਈਬਲ ਦੇ ਰਿਕਾਰਡ ਅਨੁਸਾਰ ਬਰਬਾਦੀ ਦਾ ਇਹ ਸਮਾਂ 607 ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ। ਸਾਲ 607 ਸਾ.ਯੁ.ਪੂ. ਤੋਂ ਪਿੱਛੇ ਨੂੰ ਜੇ ਅਸੀਂ ਇਸਰਾਏਲ ਦੇ ਰਾਜਿਆਂ ਦੇ ਸ਼ਾਸਨ ਕਾਲ ਅਤੇ ਫਿਰ ਨਿਆਈਆਂ ਦੇ ਸਮਿਆਂ ਨੂੰ ਗਿਣਦੇ ਹਾਂ, ਤਾਂ ਅਸੀਂ ਦੇਖਾਂਗੇ ਕਿ ਇਸਰਾਏਲੀ 1513 ਸਾ.ਯੁ.ਪੂ. ਵਿਚ ਮਿਸਰ ਦੀ ਗ਼ੁਲਾਮੀ ਤੋਂ ਛੁੱਟੇ ਸਨ। ਉਸ ਸਾਲ ਤੋਂ ਪਿਛਲੇ 430 ਸਾਲਾਂ ਦਾ ਰਿਕਾਰਡ ਬਾਈਬਲ ਵਿਚ ਦਿੱਤਾ ਗਿਆ ਹੈ ਜਿਸ ਦੇ ਅਨੁਸਾਰ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਅਬਰਾਹਾਮ ਨਾਲ 1943 ਸਾ.ਯੁ.ਪੂ. ਵਿਚ ਨੇਮ ਬੰਨ੍ਹਿਆ ਸੀ। ਇਸ ਤੋਂ ਬਾਅਦ ਸਾਨੂੰ ਤਾਰਹ, ਨਾਹੋਰ, ਸਰੂਗ, ਰਊ, ਪਲਗ, ਏਬਰ, ਸ਼ਲਹ ਅਤੇ ਅਰਪਕਸ਼ਦ (ਜੋ “ਪਰਲੋ ਦੇ ਦੋ ਵਰਿਹਾਂ ਦੇ ਪਿੱਛੋਂ” ਜੰਮਿਆ ਸੀ) ਦੇ ਜਨਮ ਅਤੇ ਉਮਰਾਂ ਨੂੰ ਗਿਣਨਾ ਪਵੇਗਾ। (ਉਤਪਤ 11:10-32) ਇਸ ਤਰ੍ਹਾਂ ਅਸੀਂ ਪਤਾ ਲਗਾ ਲੈਂਦੇ ਹਾਂ ਕਿ ਜਲ-ਪਰਲੋ ਸਾਲ 2370 ਸਾ.ਯੁ.ਪੂ. ਵਿਚ ਆਉਣੀ ਸ਼ੁਰੂ ਹੋਈ ਸੀ। *

ਮੀਂਹ ਪੈਣਾ ਸ਼ੁਰੂ ਹੋਇਆ

ਨੂਹ ਦੇ ਦਿਨਾਂ ਵਿਚ ਹੋਈਆਂ ਘਟਨਾਵਾਂ ਉੱਤੇ ਚਰਚਾ ਕਰਨ ਤੋਂ ਪਹਿਲਾਂ, ਤੁਸੀਂ ਉਤਪਤ ਦੇ ਸੱਤਵੇਂ ਅਧਿਆਇ ਦੀ ਗਿਆਰਵੀਂ ਆਇਤ ਤੋਂ ਲੈ ਕੇ ਅੱਠਵੇਂ ਅਧਿਆਇ ਦੀ ਚੌਥੀ ਆਇਤ ਤਕ ਪੜ੍ਹ ਸਕਦੇ ਹੋ। ਮੀਂਹ ਦੇ ਸ਼ੁਰੂ ਹੋਣ ਬਾਰੇ ਅਸੀਂ ਪੜ੍ਹਦੇ ਹਾਂ: “ਨੂਹ ਦੇ ਜੀਵਣ ਦੇ ਛੇ ਸੌਵੇਂ ਵਰਹੇ [2370 ਸਾ.ਯੁ.ਪੂ.] ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ ਹੀ ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਰ ਅਕਾਸ਼ ਦੀਆਂ ਖਿੜਕੀਆਂ ਖੁਲ੍ਹ ਗਈਆਂ।”—ਉਤਪਤ 7:11.

ਨੂਹ ਨੇ ਸਾਲ ਨੂੰ 12 ਮਹੀਨਿਆਂ ਵਿਚ ਅਤੇ ਹਰ ਮਹੀਨੇ ਨੂੰ 30 ਦਿਨਾਂ ਵਿਚ ਵੰਡਿਆ ਸੀ। ਪੁਰਾਣੇ ਜ਼ਮਾਨੇ ਵਿਚ ਸਾਲ ਦਾ ਪਹਿਲਾ ਮਹੀਨਾ ਅੱਜ ਦੇ ਕਲੰਡਰ ਦੇ ਸਤੰਬਰ ਮਹੀਨੇ ਦੇ ਲਗਭਗ ਅੱਧ ਵਿਚ ਸ਼ੁਰੂ ਹੁੰਦਾ ਸੀ। ਸਾਲ 2370 ਸਾ.ਯੁ.ਪੂ. ਦੇ “ਦੂਜੇ ਮਹੀਨੇ ਦੇ ਸਤਾਰਵੇਂ ਦਿਨ” ਤੇ ਮੀਂਹ ਪੈਣਾ ਸ਼ੁਰੂ ਹੋਇਆ ਅਤੇ ਨਵੰਬਰ ਤੇ ਦਸੰਬਰ ਦੇ ਮਹੀਨਿਆਂ ਦੌਰਾਨ 40 ਦਿਨਾਂ ਤੇ 40 ਰਾਤਾਂ ਲਈ ਮੀਂਹ ਪੈਂਦਾ ਰਿਹਾ।

ਜਲ-ਪਰਲੋ ਬਾਰੇ ਅਸੀਂ ਪੜ੍ਹਦੇ ਹਾਂ: “ਡੇਢ ਸੌ ਦਿਨਾਂ ਤੀਕਰ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ। . . . ਅਤੇ ਪਾਣੀ ਧਰਤੀ ਉੱਤੋਂ ਮੋੜੇ ਪਏ ਜਾਂਦੇ ਸਨ ਅਰ ਡੂਢ ਸੌ ਦਿਨਾਂ ਦੇ ਅੰਤ ਵਿੱਚ ਪਾਣੀ ਲਹਿ ਗਿਆ। ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਅਰਾਰਾਤ ਪਹਾੜ ਉੱਤੇ ਟਿਕ ਗਈ।” (ਉਤਪਤ 7:24–8:4) ਇਸ ਦਾ ਮਤਲਬ ਇਹ ਹੋਇਆ ਕਿ ਉਸ ਸਮੇਂ ਤੋਂ ਲੈ ਕੇ ਜਦੋਂ ਧਰਤੀ ਉੱਤੇ ਪਾਣੀ ਹੀ ਪਾਣੀ ਸੀ, ਪਾਣੀ ਘੱਟ ਜਾਣ ਤਕ 150 ਦਿਨ ਯਾਨੀ ਪੰਜ ਮਹੀਨੇ ਗੁਜ਼ਰੇ। ਤਾਂ ਫਿਰ, ਕਿਸ਼ਤੀ ਸਾਲ 2369 ਸਾ.ਯੁ.ਪੂ. ਦੇ ਅਪ੍ਰੈਲ ਮਹੀਨੇ ਵਿਚ ਪਹਾੜ ਉੱਤੇ ਟਿਕ ਗਈ ਸੀ।

ਹੁਣ ਤੁਸੀਂ ਉਤਪਤ 8:5-17 ਪੜ੍ਹੋ। ਕਿਸ਼ਤੀ ਦੇ ਪਹਾੜ ਉੱਤੇ ਟਿਕਣ ਤੋਂ ਲਗਭਗ ਢਾਈ ਮਹੀਨਿਆਂ (73 ਦਿਨਾਂ) ਬਾਅਦ, “ਦਸਵੇਂ ਮਹੀਨੇ [ਜੂਨ] ਦੇ ਪਹਿਲੇ ਦਿਨ” ਤੇ ਪਹਾੜਾਂ ਦੀਆਂ ਟੀਸੀਆਂ ਨਜ਼ਰ ਆਉਣ ਲੱਗੀਆਂ। (ਉਤਪਤ 8:5) * ਉਸ ਤੋਂ ਤਿੰਨ ਮਹੀਨਿਆਂ (90 ਦਿਨਾਂ) ਮਗਰੋਂ—ਨੂਹ ਦੇ “ਛੇ ਸੌ ਇੱਕ ਵਰਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ” ਜਾਂ ਸਾਲ 2369 ਸਾ.ਯੁ.ਪੂ. ਦੇ ਸਤੰਬਰ ਮਹੀਨੇ ਦੇ ਅੱਧ ਵਿਚ—ਨੂਹ ਨੇ ਕਿਸ਼ਤੀ ਦੀ ਛੱਤ ਦਾ ਰੌਸ਼ਨਦਾਨ ਖੋਲ੍ਹ ਦਿੱਤਾ। ਉਸ ਨੇ ਦੇਖਿਆ ਕਿ “ਜ਼ਮੀਨ ਦੀ ਪਰਤ ਸੁੱਕ ਗਈ” ਸੀ। (ਉਤਪਤ 8:13) ਇਕ ਮਹੀਨੇ ਅਤੇ 27 ਦਿਨਾਂ (ਕੁੱਲ 57 ਦਿਨਾਂ) ਮਗਰੋਂ, “ਦੂਜੇ ਮਹੀਨੇ ਦੇ ਸਤਾਈਵੇਂ ਦਿਨ [2369 ਸਾ.ਯੁ.ਪੂ. ਦੇ ਨਵੰਬਰ ਦੇ ਅੱਧ ਵਿਚ] ਧਰਤੀ ਸੁੱਕੀ ਪਈ ਸੀ।” ਨੂਹ ਅਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਵਿੱਚੋਂ ਨਿਕਲ ਕੇ ਸੁੱਕੀ ਜ਼ਮੀਨ ਉੱਤੇ ਕਦਮ ਰੱਖੇ। ਇਸ ਤਰ੍ਹਾਂ, ਨੂਹ ਅਤੇ ਉਸ ਦੇ ਪਰਿਵਾਰ ਨੇ ਕਿਸ਼ਤੀ ਵਿਚ ਇਕ ਸਾਲ ਅਤੇ ਦਸ ਦਿਨ (370 ਦਿਨ) ਬਿਤਾਏ।—ਉਤਪਤ 8:14.

ਇਨ੍ਹਾਂ ਸਾਰੇ ਵੇਰਵਿਆਂ ਅਤੇ ਵੱਖ-ਵੱਖ ਘਟਨਾਵਾਂ ਦੇ ਸਮਿਆਂ ਦਾ ਸਹੀ-ਸਹੀ ਰਿਕਾਰਡ ਕੀ ਸਾਬਤ ਕਰਦਾ ਹੈ? ਇਹੋ ਕਿ ਉਤਪਤ ਦੀ ਕਿਤਾਬ ਲਿਖਦੇ ਸਮੇਂ ਇਬਰਾਨੀ ਨਬੀ ਮੂਸਾ ਕੋਈ ਮਨਘੜਤ ਕਹਾਣੀ ਨਹੀਂ ਲਿਖ ਰਿਹਾ ਸੀ, ਸਗੋਂ ਉਹ ਇਕ ਇਤਿਹਾਸਕ ਘਟਨਾ ਬਾਰੇ ਲਿਖ ਰਿਹਾ ਸੀ। ਉਸ ਨੂੰ ਜਲ-ਪਰਲੋ ਬਾਰੇ ਰਿਕਾਰਡ ਮਿਲੇ ਹੋਣਗੇ ਜਿਨ੍ਹਾਂ ਦੇ ਆਧਾਰ ਤੇ ਉਹ ਜਲ-ਪਰਲੋ ਦਾ ਪੂਰਾ ਵੇਰਵਾ ਦੇ ਸਕਿਆ। ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਜਲ-ਪਰਲੋ ਅੱਜ ਸਾਡੇ ਲਈ ਬਹੁਤ ਮਾਅਨੇ ਰੱਖਦੀ ਹੈ।

ਜਲ-ਪਰਲੋ ਬਾਰੇ ਬਾਈਬਲ ਦੇ ਦੂਸਰੇ ਲਿਖਾਰੀਆਂ ਦੀ ਕੀ ਰਾਇ ਸੀ?

ਉਤਪਤ ਦੀ ਕਿਤਾਬ ਤੋਂ ਇਲਾਵਾ, ਬਾਈਬਲ ਦੀਆਂ ਹੋਰ ਕਿਤਾਬਾਂ ਵਿਚ ਵੀ ਨੂਹ ਜਾਂ ਜਲ-ਪਰਲੋ ਦਾ ਜ਼ਿਕਰ ਕੀਤਾ ਗਿਆ ਹੈ। ਮਿਸਾਲ ਲਈ:

(1) ਜਦੋਂ ਵਿਦਵਾਨ ਅਜ਼ਰਾ ਨੇ ਇਸਰਾਏਲ ਕੌਮ ਦੀ ਪੀੜ੍ਹੀ ਦੀ ਸੂਚੀ ਬਣਾਈ, ਤਾਂ ਉਸ ਨੇ ਇਸ ਵਿਚ ਨੂਹ ਅਤੇ ਉਸ ਦੇ ਪੁੱਤਰਾਂ (ਸ਼ੇਮ, ਹਾਮ ਅਤੇ ਯਾਫ਼ਥ) ਦੇ ਨਾਂ ਵੀ ਸ਼ਾਮਲ ਕੀਤੇ ਸਨ।—1 ਇਤਹਾਸ 1:4-17.

(2) ਲੂਕਾ ਇਕ ਡਾਕਟਰ ਤੇ ਬਾਈਬਲ ਦਾ ਲਿਖਾਰੀ ਸੀ ਅਤੇ ਉਸ ਨੇ ਯਿਸੂ ਮਸੀਹ ਦੀ ਵੰਸ਼ਾਵਲੀ ਵਿਚ ਨੂਹ ਨੂੰ ਵੀ ਸ਼ਾਮਲ ਕੀਤਾ।—ਲੂਕਾ 3:36.

(3) ਪਤਰਸ ਰਸੂਲ ਨੇ ਆਪਣੇ ਮਸੀਹੀ ਭਰਾਵਾਂ ਨੂੰ ਚਿੱਠੀ ਲਿਖਦੇ ਸਮੇਂ ਦੋ-ਤਿੰਨ ਵਾਰ ਜਲ-ਪਰਲੋ ਦਾ ਜ਼ਿਕਰ ਕੀਤਾ।—2 ਪਤਰਸ 2:5; 3:5, 6.

(4) ਪੌਲੁਸ ਰਸੂਲ ਨੇ ਕਿਹਾ ਸੀ ਕਿ ਨੂਹ ਨੇ ਆਪਣੇ ਪਰਿਵਾਰ ਦੇ ਬਚਾਅ ਲਈ ਕਿਸ਼ਤੀ ਬਣਾ ਕੇ ਪੱਕੀ ਨਿਹਚਾ ਦਾ ਸਬੂਤ ਦਿੱਤਾ ਸੀ।—ਇਬਰਾਨੀਆਂ 11:7.

ਤਾਂ ਫਿਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਰਮੇਸ਼ੁਰ ਦੀ ਆਤਮਾ ਦੀ ਪ੍ਰੇਰਣਾ ਨਾਲ ਬਾਈਬਲ ਦੀਆਂ ਕਿਤਾਬਾਂ ਲਿਖਣ ਵਾਲੇ ਇਹ ਵਿਅਕਤੀ ਉਤਪਤ ਦੀ ਕਿਤਾਬ ਵਿਚ ਜਲ-ਪਰਲੋ ਦੇ ਬਿਰਤਾਂਤ ਨੂੰ ਇਕ ਅਸਲੀ ਇਤਿਹਾਸਕ ਘਟਨਾ ਮੰਨਦੇ ਸਨ।

ਜਲ-ਪਰਲੋ ਬਾਰੇ ਯਿਸੂ ਦੇ ਵਿਚਾਰ

ਯਿਸੂ ਧਰਤੀ ਉੱਤੇ ਪੈਦਾ ਹੋਣ ਤੋਂ ਪਹਿਲਾਂ ਸਵਰਗ ਵਿਚ ਆਤਮਿਕ ਪ੍ਰਾਣੀ ਸੀ। (ਯੂਹੰਨਾ 17:5, 24) ਜਲ-ਪਰਲੋ ਦੇ ਸਮੇਂ ਉਹ ਸਵਰਗ ਤੋਂ ਸਭ ਕੁਝ ਦੇਖ ਰਿਹਾ ਸੀ। ਇਸ ਲਈ ਬਾਈਬਲ ਵਿਚ ਯਿਸੂ ਦੇ ਸ਼ਬਦ ਸਭ ਤੋਂ ਵੱਡਾ ਸਬੂਤ ਹਨ ਕਿ ਨੂਹ ਇਕ ਅਸਲੀ ਵਿਅਕਤੀ ਸੀ ਅਤੇ ਜਲ-ਪਰਲੋ ਸੱਚ-ਮੁੱਚ ਆਈ ਸੀ। ਯਿਸੂ ਨੇ ਕਿਹਾ: “ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।”—ਮੱਤੀ 24:37-39.

ਕੀ ਯਿਸੂ ਇਸ ਦੁਨੀਆਂ ਦੇ ਅੰਤ ਬਾਰੇ ਚੇਤਾਵਨੀ ਦੇਣ ਲਈ ਕੋਈ ਮਨਘੜਤ ਕਹਾਣੀ ਇਸਤੇਮਾਲ ਕਰਦਾ? ਬਿਲਕੁਲ ਨਹੀਂ! ਇਸ ਦੀ ਬਜਾਇ ਸਾਨੂੰ ਪੱਕਾ ਯਕੀਨ ਹੈ ਕਿ ਉਸ ਨੇ ਇਹ ਦਿਖਾਉਣ ਲਈ ਇਕ ਅਸਲੀ ਘਟਨਾ ਦੀ ਮਿਸਾਲ ਦਿੱਤੀ ਸੀ ਕਿ ਪਰਮੇਸ਼ੁਰ ਨੇ ਪੁਰਾਣੇ ਸਮਿਆਂ ਵਿਚ ਬੁਰੇ ਲੋਕਾਂ ਨੂੰ ਕਿਵੇਂ ਨਾਸ਼ ਕੀਤਾ ਸੀ। ਇਹ ਸੱਚ ਹੈ ਕਿ ਜਲ-ਪਰਲੋ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਸਨ, ਪਰ ਸਾਨੂੰ ਇਸ ਗੱਲ ਤੋਂ ਹੌਸਲਾ ਮਿਲਦਾ ਹੈ ਕਿ ਨੂਹ ਅਤੇ ਉਸ ਦਾ ਪਰਿਵਾਰ ਜਲ-ਪਰਲੋ ਵਿੱਚੋਂ ਬਚ ਗਏ ਸਨ।

‘ਨੂਹ ਦੇ ਦਿਨਾਂ’ ਦਾ ਬਿਰਤਾਂਤ ਅੱਜ ਦੇ ਲੋਕਾਂ ਲਈ ਬਹੁਤ ਮਾਅਨੇ ਰੱਖਦਾ ਹੈ ਕਿਉਂਕਿ ਅਸੀਂ “ਮਨੁੱਖ ਦੇ ਪੁੱਤ੍ਰ” ਯਿਸੂ ਮਸੀਹ ਦੀ ਮੌਜੂਦਗੀ ਦੇ ਸਮੇਂ ਵਿਚ ਜੀ ਰਹੇ ਹਾਂ। ਜਲ-ਪਰਲੋ ਬਾਰੇ ਨੂਹ ਦੇ ਰਿਕਾਰਡ ਨੂੰ ਪੜ੍ਹਦੇ ਸਮੇਂ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਇਹ ਅਸਲੀ ਇਤਿਹਾਸਕ ਬਿਰਤਾਂਤ ਹੈ। ਇਹ ਬਿਰਤਾਂਤ ਉਤਪਤ ਦੀ ਕਿਤਾਬ ਵਿਚ ਪਰਮੇਸ਼ੁਰ ਦੀ ਆਤਮਾ ਦੀ ਪ੍ਰੇਰਣਾ ਹੇਠ ਦਰਜ ਕੀਤਾ ਗਿਆ ਸੀ ਅਤੇ ਇਹ ਅੱਜ ਸਾਡੇ ਸਾਰਿਆਂ ਲਈ ਬਹੁਤ ਮਾਅਨੇ ਰੱਖਦਾ ਹੈ। ਪਰਮੇਸ਼ੁਰ ਨੇ ਜ਼ਿੰਦਗੀਆਂ ਬਚਾਉਣ ਦਾ ਜੋ ਪ੍ਰਬੰਧ ਕੀਤਾ ਸੀ, ਉਸ ਉੱਤੇ ਨੂਹ, ਉਸ ਦੇ ਪੁੱਤਰਾਂ ਅਤੇ ਨੂੰਹਾਂ ਨੇ ਪੂਰਾ ਭਰੋਸਾ ਰੱਖਿਆ। ਉਸੇ ਤਰ੍ਹਾਂ, ਅੱਜ ਅਸੀਂ ਵੀ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰ ਕੇ ਯਹੋਵਾਹ ਦੀ ਪਨਾਹ ਹੇਠ ਆ ਸਕਦੇ ਹਾਂ। (ਮੱਤੀ 20:28) ਇਸ ਤੋਂ ਇਲਾਵਾ, ਅਸੀਂ ਪੂਰਾ ਵਿਸ਼ਵਾਸ ਰੱਖ ਸਕਦੇ ਹਾਂ ਕਿ ਅਸੀਂ ਇਸ ਦੁਨੀਆਂ ਦੇ ਨਾਸ਼ ਵਿੱਚੋਂ ਬਚਾਂਗੇ, ਠੀਕ ਜਿਵੇਂ ਜਲ-ਪਰਲੋ ਬਾਰੇ ਨੂਹ ਦਾ ਰਿਕਾਰਡ ਦਿਖਾਉਂਦਾ ਹੈ ਕਿ ਨੂਹ ਅਤੇ ਉਸ ਦਾ ਪਰਿਵਾਰ ਜਲ-ਪਰਲੋ ਵਿੱਚੋਂ ਬਚ ਗਏ ਸਨ ਜਦ ਕਿ ਸਾਰੇ ਬੁਰੇ ਲੋਕਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ।

[ਫੁਟਨੋਟ]

^ ਪੈਰਾ 7 ਜਲ-ਪਰਲੋ ਦੀ ਤਾਰੀਖ਼ ਬਾਰੇ ਹੋਰ ਜਾਣਕਾਰੀ ਲਈ, ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਇਨਸਾਈਟ ਔਨ ਦ ਸਕ੍ਰਿਪਚਰਸ ਦੇ ਖੰਡ 1, ਸਫ਼ੇ 458-60 ਪੜ੍ਹੋ।

^ ਪੈਰਾ 12 ਕਿਤਾਬ ਕਾਈਲ-ਡੈਲਿਟਸ਼ ਕੌਮੈਂਟਰੀ ਆਨ ਦੀ ਓਲਡ ਟੈਸਟਾਮੈਂਟ, ਖੰਡ 1, ਸਫ਼ਾ 148 ਉੱਤੇ ਲਿਖਿਆ ਹੈ: “ਇਹ ਮੁਮਕਿਨ ਹੈ ਕਿ ਪਹਾੜ ਉੱਤੇ ਕਿਸ਼ਤੀ ਦੇ ਟਿਕਣ ਤੋਂ 73 ਦਿਨਾਂ ਮਗਰੋਂ ਪਹਾੜਾਂ ਦੀਆਂ ਟੀਸੀਆਂ ਨਜ਼ਰ ਆਉਣ ਲੱਗ ਪਈਆਂ ਸਨ। ਨੂਹ ਨੇ ਕਿਸ਼ਤੀ ਦੇ ਆਲੇ-ਦੁਆਲੇ ਆਰਮੀਨੀਆ ਦੇਸ਼ ਦੇ ਪਹਾੜਾਂ ਦੀਆਂ ਚੋਟੀਆਂ ਨੂੰ ਦੇਖਿਆ ਸੀ।”

[ਸਫ਼ੇ 5 ਉੱਤੇ ਡੱਬੀ]

ਕੀ ਉਨ੍ਹਾਂ ਦੀ ਉਮਰ ਸੱਚ-ਮੁੱਚ ਇੰਨੀ ਲੰਬੀ ਹੁੰਦੀ ਸੀ?

ਬਾਈਬਲ ਕਹਿੰਦੀ ਹੈ ਕਿ “ਨੂਹ ਦੇ ਸਾਰੇ ਦਿਨ ਨੌ ਸੌ ਪੰਜਾਹ ਵਰਹੇ ਸਨ ਤਾਂ ਉਹ ਮਰ ਗਿਆ।” (ਉਤਪਤ 9:29) ਨੂਹ ਦੇ ਦਾਦੇ ਮਥੂਸਲਹ ਦੀ ਕੁਲ ਉਮਰ 969 ਸਾਲ ਸੀ। ਇਤਿਹਾਸ ਵਿਚ ਹੋਰ ਕਿਸੇ ਇਨਸਾਨ ਬਾਰੇ ਨਹੀਂ ਦੱਸਿਆ ਗਿਆ ਜੋ ਇੰਨੇ ਸਾਲ ਜੀਉਂਦਾ ਰਿਹਾ ਹੋਵੇ। ਆਦਮ ਤੋਂ ਲੈ ਕੇ ਨੂਹ ਤਕ ਦੀਆਂ ਦਸ ਪੀੜ੍ਹੀਆਂ ਦੇ ਲੋਕਾਂ ਦੀ ਔਸਤ ਉਮਰ 850 ਤੋਂ ਜ਼ਿਆਦਾ ਸਾਲ ਸੀ। (ਉਤਪਤ 5:5-31) ਪੁਰਾਣੇ ਜ਼ਮਾਨੇ ਵਿਚ ਕੀ ਲੋਕਾਂ ਦੀ ਉਮਰ ਸੱਚ-ਮੁੱਚ ਇੰਨੀ ਲੰਬੀ ਹੁੰਦੀ ਸੀ?

ਸ਼ੁਰੂ ਤੋਂ ਪਰਮੇਸ਼ੁਰ ਦਾ ਮਕਸਦ ਇਹੀ ਸੀ ਕਿ ਇਨਸਾਨ ਹਮੇਸ਼ਾ ਲਈ ਜੀਉਂਦੇ ਰਹਿਣ। ਪਹਿਲੇ ਇਨਸਾਨ ਆਦਮ ਨੂੰ ਇਸ ਤਰੀਕੇ ਨਾਲ ਰਚਿਆ ਗਿਆ ਸੀ ਕਿ ਉਹ ਪਰਮੇਸ਼ੁਰ ਦਾ ਆਗਿਆਕਾਰ ਰਹਿ ਕੇ ਹਮੇਸ਼ਾ ਜੀਉਂਦਾ ਰਹਿ ਸਕਦਾ ਸੀ। (ਉਤਪਤ 2:15-17) ਪਰ ਆਦਮ ਨੇ ਅਣਆਗਿਆਕਾਰੀ ਕੀਤੀ ਅਤੇ ਸਦਾ ਲਈ ਜੀਉਣ ਦਾ ਮੌਕਾ ਗੁਆ ਦਿੱਤਾ। ਆਦਮ ਦੇ ਕਦਮ ਹੌਲੀ-ਹੌਲੀ ਮੌਤ ਵੱਲ ਵਧਦੇ ਚਲੇ ਗਏ ਅਤੇ ਅਖ਼ੀਰ ਵਿਚ ਉਹ 930 ਸਾਲ ਦੀ ਉਮਰ ਵਿਚ ਮਰ ਗਿਆ। ਉਹ ਮਿੱਟੀ ਵਿਚ ਮੁੜ ਗਿਆ ਜਿਸ ਤੋਂ ਉਹ ਬਣਾਇਆ ਗਿਆ ਸੀ। (ਉਤਪਤ 3:19; 5:5) ਆਦਮ ਤੋਂ ਉਸ ਦੀ ਸੰਤਾਨ ਨੂੰ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ।—ਰੋਮੀਆਂ 5:12.

ਉਸ ਵੇਲੇ ਇਨਸਾਨ ਨੂੰ ਨਾਮੁਕੰਮਲ ਬਣੇ ਜ਼ਿਆਦਾ ਸਮਾਂ ਨਹੀਂ ਹੋਇਆ ਸੀ, ਇਸ ਲਈ ਉਨ੍ਹਾਂ ਦਾ ਸਰੀਰ ਸਾਡੇ ਮੁਕਾਬਲੇ ਜ਼ਿਆਦਾ ਤੰਦਰੁਸਤ ਸੀ ਅਤੇ ਉਹ ਜ਼ਿਆਦਾ ਦੇਰ ਤਕ ਜੀਉਂਦੇ ਸਨ। ਜਲ-ਪਰਲੋ ਤੋਂ ਪਹਿਲਾਂ ਲੋਕ ਲਗਭਗ ਹਜ਼ਾਰ ਸਾਲ ਤਕ ਜੀਉਂਦੇ ਸਨ, ਪਰ ਜਲ-ਪਰਲੋ ਮਗਰੋਂ ਇਨਸਾਨਾਂ ਦੀ ਉਮਰ ਤੇਜ਼ੀ ਨਾਲ ਘੱਟਦੀ ਚਲੀ ਗਈ। ਮਿਸਾਲ ਲਈ, ਵਫ਼ਾਦਾਰ ਅਬਰਾਹਾਮ ਦੀ ਉਮਰ ਸਿਰਫ਼ 175 ਸਾਲ ਸੀ। (ਉਤਪਤ 25:7) ਉਸ ਦੀ ਮੌਤ ਤੋਂ ਲਗਭਗ 400 ਸਾਲਾਂ ਮਗਰੋਂ ਮੂਸਾ ਨਬੀ ਨੇ ਲਿਖਿਆ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ।” (ਜ਼ਬੂਰਾਂ ਦੀ ਪੋਥੀ 90:10) ਅੱਜ ਸਾਡਾ ਵੀ ਇਹੋ ਹਾਲ ਹੈ।

[ਸਫ਼ੇ 6, 7 ਉੱਤੇ ਚਾਰਟ/ਤਸਵੀਰਾਂ]

ਕੋਰਸ਼ ਦੁਆਰਾ ਯਹੂਦੀਆਂ ਨੂੰ ਆਪਣੇ ਦੇਸ਼ ਮੁੜਨ ਦਾ ਫ਼ਰਮਾਨ ਦੇਣ ਤੋਂ ਨੂਹ ਦੇ ਦਿਨਾਂ ਦੀ ਜਲ-ਪਰਲੋ ਤਕ

537 ਕੋਰਸ਼ ਦਾ ਫ਼ਰਮਾਨ *

539 ਫਾਰਸ ਦੇ ਰਾਜਾ ਕੋਰਸ਼ ਦਾ ਬਾਬਲ

ਉੱਤੇ ਕਬਜ਼ਾ

68 ਸਾਲ

607 70 ਸਾਲਾਂ ਤਕ ਯਹੂਦਾਹ ਦੀ ਬਰਬਾਦੀ ਦੇ ਸਮੇਂ ਦੀ ਸ਼ੁਰੂਆਤ

906 ਸਾਲ ਤਕ

ਆਗੂਆਂ,

ਨਿਆਈਆਂ ਅਤੇ

ਇਸਰਾਏਲ ਦੇ ਰਾਜਿਆਂ

ਦਾ ਰਾਜ

1513 ਇਸਰਾਏਲੀਆਂ ਦੀ ਮਿਸਰ ਤੋਂ ਮੁਕਤੀ

430 ਸਾਲ 430 ਸਾਲ ਜਿਨ੍ਹਾਂ ਦੌਰਾਨ ਇਸਰਾਏਲੀ ਲੋਕ

ਮਿਸਰ ਅਤੇ ਕਨਾਨ ਦੇਸ਼ ਵਿਚ ਰਹੇ

(ਕੂਚ 12:40, 41)

1943 ਅਬਰਾਹਾਮ ਨਾਲ ਨੇਮ ਬੰਨ੍ਹਿਆ ਗਿਆ

205 ਸਾਲ

2148 ਤਾਰਹ ਦਾ ਜਨਮ

222 ਸਾਲ

2370 ਜਲ-ਪਰਲੋ ਦੀ ਸ਼ੁਰੂਆਤ

[ਫੁਟਨੋਟ]

^ ਪੈਰਾ 35 “ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਪਹਿਲੇ ਵਰਹੇ ਵਿੱਚ,” ਕੋਰਸ਼ ਨੇ ਯਹੂਦੀਆਂ ਨੂੰ ਬਾਬਲ ਦੇਸ਼ ਤੋਂ ਮੁਕਤ ਕਰਨ ਦਾ ਫ਼ਰਮਾਨ ਜਾਰੀ ਕੀਤਾ ਸੀ। ਇਹ ਫ਼ਰਮਾਨ ਸ਼ਾਇਦ ਸਾਲ 538 ਸਾ.ਯੁ.ਪੂ. ਵਿਚ ਜਾਂ 537 ਸਾ.ਯੁ.ਪੂ. ਦੇ ਸ਼ੁਰੂ ਵਿਚ ਜਾਰੀ ਕੀਤਾ ਗਿਆ ਸੀ।