ਟੇਸ਼ਨ—ਮਸੀਹੀ ਧਰਮ ਦਾ ਹਿਮਾਇਤੀ ਜਾਂ ਵਿਰੋਧੀ?
ਟੇਸ਼ਨ—ਮਸੀਹੀ ਧਰਮ ਦਾ ਹਿਮਾਇਤੀ ਜਾਂ ਵਿਰੋਧੀ?
ਪੌਲੁਸ ਰਸੂਲ ਨੇ ਆਪਣੇ ਤੀਸਰੇ ਮਿਸ਼ਨਰੀ ਦੌਰੇ ਦੇ ਅਖ਼ੀਰ ਵਿਚ ਅਫ਼ਸੁਸ ਦੀ ਕਲੀਸਿਯਾ ਦੇ ਬਜ਼ੁਰਗਾਂ ਦੀ ਸਭਾ ਬੁਲਾਈ। ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ। ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।”—ਰਸੂਲਾਂ ਦੇ ਕਰਤੱਬ 20:29, 30.
ਪੌਲੁਸ ਦੇ ਇਹ ਸ਼ਬਦ ਸਹੀ ਸਾਬਤ ਹੋਏ ਜਦੋਂ ਦੂਜੀ ਸਦੀ ਸਾ.ਯੁ. ਵਿਚ ਸਮੇਂ ਨੇ ਆਪਣਾ ਰੁਖ਼ ਬਦਲਿਆ ਅਤੇ ਬਹੁਤ ਸਾਰੇ ਮਸੀਹੀਆਂ ਨੇ ਸੱਚੇ ਧਰਮ ਨੂੰ ਛੱਡ ਦਿੱਤਾ। ਉਸ ਵੇਲੇ ਨੌਸਟਿਕ ਮੱਤ ਜ਼ੋਰ ਫੜ ਰਿਹਾ ਸੀ। ਇਸ ਦੇ ਧਾਰਮਿਕ ਵਿਚਾਰਾਂ ਅਤੇ ਫ਼ਲਸਫ਼ੇ ਨੇ ਕੁਝ ਮਸੀਹੀਆਂ ਦੀ ਨਿਹਚਾ ਨੂੰ ਭ੍ਰਿਸ਼ਟ ਕਰ ਦਿੱਤਾ। ਨੌਸਟਿਕਵਾਦੀ ਮੰਨਦੇ ਸਨ ਕਿ ਸਿਰਫ਼ ਆਤਮਿਕ ਚੀਜ਼ਾਂ ਹੀ ਚੰਗੀਆਂ ਹੁੰਦੀਆਂ ਹਨ ਅਤੇ ਸਭ ਭੌਤਿਕ ਚੀਜ਼ਾਂ ਬੁਰੀਆਂ ਹੁੰਦੀਆਂ ਹਨ। ਉਹ ਤਰਕ ਕਰਦੇ ਸਨ ਕਿ ਸਰੀਰ ਦੇ ਸਾਰੇ ਕੰਮ ਬੁਰੇ ਹਨ, ਇਸ ਲਈ ਉਹ ਨਾ ਤਾਂ ਵਿਆਹ ਕਰਦੇ ਸਨ ਤੇ ਨਾ ਹੀ ਬੱਚੇ ਪੈਦਾ ਕਰਦੇ ਸਨ। ਉਹ ਕਹਿੰਦੇ ਸਨ ਕਿ ਇਹ ਚੀਜ਼ਾਂ ਸ਼ਤਾਨ ਨੇ ਸ਼ੁਰੂ ਕੀਤੀਆਂ ਸਨ। ਕੁਝ ਨੌਸਟਿਕਵਾਦੀ ਮੰਨਦੇ ਸਨ ਕਿ ਸਿਰਫ਼ ਉਹੀ ਕੁਝ ਚੰਗਾ ਹੁੰਦਾ ਹੈ ਜੋ ਆਤਮਿਕ ਹੈ, ਇਸ ਲਈ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਇਨਸਾਨ ਆਪਣੇ ਸਰੀਰ ਨਾਲ ਕੀ ਕਰਦਾ ਹੈ। ਇਨ੍ਹਾਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕੁਝ ਲੋਕ ਜਾਂ ਤਾਂ ਸੰਨਿਆਸੀ ਬਣ ਗਏ ਜਾਂ ਉਹ ਭੋਗ-ਵਿਲਾਸ ਦੀ ਜ਼ਿੰਦਗੀ ਜੀਉਣ ਲੱਗ ਪਏ। ਨੌਸਟਿਕਵਾਦੀ ਦਾਅਵਾ ਕਰਦੇ ਸਨ ਕਿ ਮੁਕਤੀ ਸਿਰਫ਼ ਰਹੱਸਮਈ ਨੌਸਟਿਕਵਾਦ ਜਾਂ ਆਪਣੇ ਅੰਦਰੋਂ ਗਿਆਨ ਹੋਣ ਨਾਲ ਮਿਲ ਸਕਦੀ ਸੀ। ਇਸ ਲਈ ਉਨ੍ਹਾਂ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਲਈ ਕੋਈ ਥਾਂ ਨਹੀਂ ਸੀ।
ਇਸ ਖ਼ਤਰਨਾਕ ਨੌਸਟਿਕਵਾਦ ਦਾ ਈਸਾਈਆਂ ਉੱਤੇ ਕੀ ਅਸਰ ਪਿਆ ਸੀ? ਕੁਝ ਈਸਾਈਆਂ ਨੇ ਨੌਸਟਿਕਵਾਦ ਦੀ ਗ਼ਲਤ ਸਿੱਖਿਆ ਦਾ ਵਿਰੋਧ ਕੀਤਾ, ਪਰ ਕਈ ਇਸ ਸਿੱਖਿਆ ਦੇ ਅਸਰ ਹੇਠ ਆ ਗਏ। ਉਦਾਹਰਣ ਲਈ, ਆਇਰੀਨੀਅਸ ਅਤੇ ਉਸ ਦੇ ਦੋਸਤ ਫਲੋਰਾਈਨਸ ਨੇ ਪੌਲੀਕਾਰਪ ਤੋਂ ਸਿੱਖਿਆ ਲਈ ਸੀ ਜੋ ਰਸੂਲਾਂ ਦੇ ਜ਼ਮਾਨੇ ਵਿਚ ਰਹਿੰਦਾ ਸੀ। ਪੌਲੀਕਾਰਪ ਨੇ ਯਿਸੂ ਅਤੇ ਉਸ ਦੇ ਰਸੂਲਾਂ ਦੀਆਂ ਸਿੱਖਿਆਵਾਂ ਤੇ ਚੱਲਣ ਉੱਤੇ ਜ਼ੋਰ ਦਿੱਤਾ ਸੀ। ਇਸ ਲਈ ਆਇਰੀਨੀਅਸ ਇਨ੍ਹਾਂ ਸਿੱਖਿਆਵਾਂ ਦੀ ਹਿਮਾਇਤ ਕਰਨ ਲਈ ਜੀਵਨ ਭਰ ਸੰਘਰਸ਼ ਕਰਦਾ ਰਿਹਾ। ਪਰ ਉਸ ਦੇ ਦੋਸਤ ਫਲੋਰਾਈਨਸ ਨੇ ਹੌਲੀ-ਹੌਲੀ ਵੈਲਨਟੀਨਸ ਦੀਆਂ ਸਿੱਖਿਆਵਾਂ ਨੂੰ ਅਪਣਾ ਲਿਆ ਜੋ ਨੌਸਟਿਕਵਾਦ ਦਾ ਸਭ ਤੋਂ ਮਸ਼ਹੂਰ ਆਗੂ ਸੀ। ਉਸ ਵੇਲੇ ਸੱਚ-ਮੁੱਚ ਬੁਰਾ ਵਕਤ ਚੱਲ ਰਿਹਾ ਸੀ।
ਟੇਸ਼ਨ ਦੂਜੀ ਸਦੀ ਦਾ ਇਕ ਪ੍ਰਸਿੱਧ ਲੇਖਕ ਸੀ। ਉਸ ਦੀਆਂ ਕਿਤਾਬਾਂ ਤੋਂ ਉਸ ਸਮੇਂ ਦੇ ਧਾਰਮਿਕ ਮਾਹੌਲ ਬਾਰੇ ਪਤਾ ਲੱਗਦਾ ਹੈ। ਟੇਸ਼ਨ ਕਿਸ ਤਰ੍ਹਾਂ ਦਾ ਇਨਸਾਨ ਸੀ? ਉਹ ਈਸਾਈ ਕਿਸ ਤਰ੍ਹਾਂ ਬਣਿਆ ਸੀ? ਨੌਸਟਿਕਵਾਦੀ ਸਿੱਖਿਆ ਦਾ ਉਸ ਉੱਤੇ ਕੀ ਅਸਰ ਪਿਆ? ਉਸ ਦੀਆਂ ਦਿਲਚਸਪ ਟਿੱਪਣੀਆਂ ਅਤੇ ਉਸ ਦੀ ਮਿਸਾਲ ਬਾਰੇ ਜਾਣਨ ਨਾਲ ਅੱਜ ਸੱਚਾਈ ਦੀ ਭਾਲ ਕਰਨ ਵਾਲੇ ਵਧੀਆ ਸਬਕ ਸਿੱਖ ਸਕਦੇ ਹਨ।
ਉਸ ਨੇ “ਅਜੀਬ ਲਿਖਤਾਂ” ਪੜ੍ਹੀਆਂ
ਟੇਸ਼ਨ ਸੀਰੀਆ ਦੇਸ਼ ਦਾ ਰਹਿਣ ਵਾਲਾ ਸੀ। ਥਾਂ-ਥਾਂ ਘੁੰਮਣ ਅਤੇ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਕਰਕੇ ਉਸ ਨੂੰ ਆਪਣੇ
ਜ਼ਮਾਨੇ ਦੇ ਯੂਨਾਨੀ ਅਤੇ ਰੋਮੀ ਸਭਿਆਚਾਰ ਬਾਰੇ ਕਾਫ਼ੀ ਕੁਝ ਪਤਾ ਸੀ। ਟੇਸ਼ਨ ਥਾਂ-ਥਾਂ ਉਪਦੇਸ਼ ਦਿੰਦਾ ਹੋਇਆ ਰੋਮ ਪਹੁੰਚਿਆ। ਰੋਮ ਵਿਚ ਰਹਿੰਦਿਆਂ ਉਸ ਦਾ ਧਿਆਨ ਮਸੀਹੀ ਧਰਮ ਵੱਲ ਖਿੱਚਿਆ ਗਿਆ। ਉਸ ਨੇ ਜਸਟਿਨ ਮਾਰਟਰ ਨਾਲ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਸ਼ਾਇਦ ਉਹ ਜਸਟਿਨ ਦਾ ਸ਼ਾਗਿਰਦ ਵੀ ਬਣ ਗਿਆ ਸੀ।ਆਪਣੇ ਈਸਾਈ ਬਣਨ ਬਾਰੇ ਟੇਸ਼ਨ ਨੇ ਦੱਸਿਆ: “ਮੈਂ ਸੱਚਾਈ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ।” ਆਪਣੇ ਉੱਤੇ ਪਏ ਬਾਈਬਲ ਦੇ ਪ੍ਰਭਾਵ ਬਾਰੇ ਉਹ ਦੱਸਦਾ ਹੈ: “ਮੈਂ ਅਜੀਬ ਲਿਖਤਾਂ ਪੜ੍ਹੀਆਂ ਜੋ ਯੂਨਾਨੀ ਲਿਖਤਾਂ ਨਾਲੋਂ ਬਹੁਤ ਪੁਰਾਣੀਆਂ ਸਨ ਅਤੇ ਇਨ੍ਹਾਂ ਵਿਚ ਉਨ੍ਹਾਂ ਵਰਗੀ ਕੋਈ ਵੀ ਗ਼ਲਤੀ ਨਹੀਂ ਸੀ। ਮੈਂ ਇਨ੍ਹਾਂ ਵਿਚ ਨਿਹਚਾ ਕਰਨ ਲੱਗ ਪਿਆ ਕਿਉਂਕਿ ਲਿਖਾਰੀਆਂ ਦੀ ਈਮਾਨਦਾਰੀ ਅਤੇ ਲਿਖਤਾਂ ਦੀ ਸੌਖੀ ਭਾਸ਼ਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਇਨ੍ਹਾਂ ਲਿਖਤਾਂ ਵਿਚ ਦੱਸੀਆਂ ਭਵਿੱਖਬਾਣੀਆਂ ਅਤੇ ਉੱਤਮ ਸਿੱਖਿਆਵਾਂ ਕਾਰਨ ਵੀ ਮੈਂ ਇਨ੍ਹਾਂ ਵਿਚ ਨਿਹਚਾ ਕਰਨ ਲੱਗ ਪਿਆ। ਇਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਇੱਕੋ-ਇਕ ਸੱਚਾ ਪਰਮੇਸ਼ੁਰ ਸਾਰੀ ਦੁਨੀਆਂ ਦਾ ਪਾਤਸ਼ਾਹ ਹੈ।”
ਟੇਸ਼ਨ ਨੇ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਮਸੀਹੀ ਧਰਮ ਅਤੇ ਇਸ ਦੇ ਅਸੂਲਾਂ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਤਾਂਕਿ ਉਹ ਦੇਖ ਸਕਣ ਕਿ ਦੂਸਰੇ ਧਰਮਾਂ ਦੇ ਮੁਕਾਬਲੇ ਇਸ ਦੇ ਅਸੂਲ ਕਿੰਨੇ ਸੌਖੇ ਤੇ ਸਪੱਸ਼ਟ ਸਨ। ਟੇਸ਼ਨ ਦੀਆਂ ਲਿਖਤਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
ਉਸ ਦੀਆਂ ਲਿਖਤਾਂ ਤੋਂ ਕੀ ਪਤਾ ਲੱਗਦਾ ਹੈ?
ਟੇਸ਼ਨ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਮਸੀਹੀ ਧਰਮ ਦਾ ਹਿਮਾਇਤੀ ਸੀ। ਉਹ ਗ਼ੈਰ-ਮਸੀਹੀ ਫ਼ਲਸਫ਼ੇ ਦਾ ਸਖ਼ਤ ਵਿਰੋਧ ਕਰਦਾ ਸੀ। ਯੂਨਾਨੀਆਂ ਨੂੰ ਉਪਦੇਸ਼ (ਅੰਗ੍ਰੇਜ਼ੀ) ਨਾਮਕ ਆਪਣੀ ਕਿਤਾਬ ਵਿਚ ਟੇਸ਼ਨ ਨੇ ਗ਼ੈਰ-ਮਸੀਹੀ ਸਿੱਖਿਆਵਾਂ ਦਾ ਖੰਡਨ ਕਰਦੇ ਹੋਏ ਮਸੀਹੀ ਧਰਮ ਨੂੰ ਸਹੀ ਕਰਾਰ ਦਿੱਤਾ। ਉਸ ਨੇ ਕਠੋਰ ਸ਼ਬਦਾਂ ਨਾਲ ਯੂਨਾਨੀ ਸਿੱਖਿਆਵਾਂ ਦੀ ਨੁਕਤਾਚੀਨੀ ਕੀਤੀ। ਉਦਾਹਰਣ ਲਈ, ਉਸ ਨੇ ਹੈਰੱਕਲਾਈਟਸ ਨਾਮਕ ਫ਼ਿਲਾਸਫ਼ਰ ਬਾਰੇ ਕਿਹਾ: “ਜਿਸ ਮੌਤੇ ਉਹ ਮਰਿਆ, ਉਸ ਤੋਂ ਇਸ ਬੰਦੇ ਦੀ ਮੂਰਖਤਾ ਜ਼ਾਹਰ ਹੁੰਦੀ ਹੈ। ਕਿਉਂਕਿ ਉਸ ਨੇ ਡਾਕਟਰੀ ਅਤੇ ਫ਼ਲਸਫ਼ੇ ਦੀ ਪੜ੍ਹਾਈ ਕੀਤੀ ਹੋਈ ਸੀ, ਇਸ ਲਈ ਜਦੋਂ ਉਸ ਨੂੰ ਜਲੋਧਰ ਦੀ ਬੀਮਾਰੀ ਲੱਗੀ, ਤਾਂ ਉਸ ਨੇ ਆਪਣੇ ਸਰੀਰ ਉੱਤੇ ਗੋਹੇ ਦਾ ਲੇਪ ਕਰ ਲਿਆ। ਗੋਹੇ ਦੇ ਸੁੱਕਣ ਅਤੇ ਸੁੰਗੜਨ ਨਾਲ ਉਸ ਦੀ ਚਮੜੀ ਬੁਰੀ ਤਰ੍ਹਾਂ ਨਾਲ ਖਿੱਚੀ ਗਈ ਤੇ ਟੋਟੇ-ਟੋਟੇ ਹੋ ਗਈ ਜਿਸ ਕਰਕੇ ਉਹ ਮਰ ਗਿਆ।”
ਟੇਸ਼ਨ ਸਾਰੀਆਂ ਚੀਜ਼ਾਂ ਨੂੰ ਰਚਣ ਵਾਲੇ ਇੱਕੋ-ਇਕ ਸੱਚੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦਾ ਸੀ। (ਇਬਰਾਨੀਆਂ 3:4) ਯੂਨਾਨੀਆਂ ਨੂੰ ਉਪਦੇਸ਼ ਕਿਤਾਬ ਵਿਚ ਉਸ ਨੇ ਲਿਖਿਆ ਕਿ ਪਰਮੇਸ਼ੁਰ “ਆਤਮਾ” ਹੈ। ਉਹ ਕਹਿੰਦਾ ਹੈ: “ਉਹ ਇੱਕੋ-ਇਕ ਪਰਮੇਸ਼ੁਰ ਹੈ ਜਿਸ ਦੀ ਕੋਈ ਸ਼ੁਰੂਆਤ ਨਹੀਂ ਹੈ ਅਤੇ ਉਸੇ ਨੇ ਸਾਰੀਆਂ ਚੀਜ਼ਾਂ ਰਚੀਆਂ ਹਨ।” (ਯੂਹੰਨਾ 4:24; 1 ਤਿਮੋਥਿਉਸ 1:17) ਮੂਰਤੀਆਂ ਦੀ ਪੂਜਾ ਨੂੰ ਨਕਾਰਦੇ ਹੋਏ ਟੇਸ਼ਨ ਨੇ ਲਿਖਿਆ: “ਮੈਂ ਬੇਜਾਨ ਲੱਕੜਾਂ ਤੇ ਪੱਥਰਾਂ ਨੂੰ ਪਰਮੇਸ਼ੁਰ ਕਿਵੇਂ ਮੰਨ ਸਕਦਾ ਹਾਂ?” (1 ਕੁਰਿੰਥੀਆਂ 10:14) ਉਹ ਵਿਸ਼ਵਾਸ ਕਰਦਾ ਸੀ ਕਿ ਸ਼ਬਦ ਜਾਂ ਲੋਗੋਸ ਸਵਰਗੀ ਪਿਤਾ ਦੀਆਂ ਰਚਨਾਵਾਂ ਵਿੱਚੋਂ ਜੇਠਾ ਸੀ ਯਾਨੀ ਉਹ ਪਹਿਲੀ ਰਚਨਾ ਸੀ ਅਤੇ ਬਾਅਦ ਵਿਚ ਪਰਮੇਸ਼ੁਰ ਨੇ ਉਸ ਰਾਹੀਂ ਬਾਕੀ ਚੀਜ਼ਾਂ ਰਚੀਆਂ ਸਨ। (ਯੂਹੰਨਾ 1:1-3; ਕੁਲੁੱਸੀਆਂ 1:13-17) ਮਰੇ ਹੋਏ ਲੋਕਾਂ ਦੇ ਦੁਬਾਰਾ ਜੀ ਉੱਠਣ ਦੇ ਸੰਬੰਧ ਵਿਚ ਟੇਸ਼ਨ ਨੇ ਲਿਖਿਆ: “ਅਸੀਂ ਮੰਨਦੇ ਹਾਂ ਕਿ ਸਾਰੀਆਂ ਚੀਜ਼ਾਂ ਦਾ ਅੰਤ ਹੋਣ ਤੋਂ ਬਾਅਦ ਮੁਰਦਿਆਂ ਨੂੰ ਜੀਉਂਦਾ ਕੀਤਾ ਜਾਵੇਗਾ।” ਅਸੀਂ ਕਿਉਂ ਮਰਦੇ ਹਾਂ, ਇਸ ਬਾਰੇ ਟੇਸ਼ਨ ਨੇ ਲਿਖਿਆ: “ਅਸੀਂ ਮਰਨ ਲਈ ਨਹੀਂ ਬਣਾਏ ਗਏ ਸਾਂ, ਪਰ ਅਸੀਂ ਆਪਣੀ ਗ਼ਲਤੀ ਕਰਕੇ ਮਰਦੇ ਹਾਂ। ਆਪਣੇ ਫ਼ੈਸਲੇ ਆਪ ਕਰਨ ਦੀ ਸਾਡੀ ਆਜ਼ਾਦੀ ਨੇ ਸਾਨੂੰ ਤਬਾਹ ਕਰ ਦਿੱਤਾ; ਅਸੀਂ ਪਹਿਲਾਂ ਆਜ਼ਾਦ ਹੁੰਦੇ ਸਾਂ, ਪਰ ਹੁਣ ਗ਼ੁਲਾਮ ਹਾਂ; ਅਸੀਂ ਪਾਪ ਦੇ ਕਾਰਨ ਗ਼ੁਲਾਮੀ ਵਿਚ ਵੇਚ ਦਿੱਤੇ ਗਏ ਹਾਂ।”
ਆਤਮਾ ਬਾਰੇ ਟੇਸ਼ਨ ਦੀ ਵਿਆਖਿਆ ਨੂੰ ਸਮਝਣਾ ਮੁਸ਼ਕਲ ਹੈ। ਉਸ ਨੇ ਲਿਖਿਆ: “ਹੇ ਯੂਨਾਨੀਓ, ਆਤਮਾ ਅਮਰ ਨਹੀਂ ਹੈ, ਇਹ ਨਾਸ਼ਵਾਨ ਹੈ। ਪਰ ਇਹ ਸਦਾ ਲਈ ਜੀਉਂਦੀ ਵੀ ਰਹਿ ਸਕਦੀ ਹੈ। ਦਰਅਸਲ, ਜੇ ਇਹ ਸੱਚਾਈ ਨਹੀਂ ਜਾਣਦੀ, ਤਾਂ ਇਹ ਮਰ ਜਾਂਦੀ ਹੈ। ਇਹ ਸਰੀਰ ਦੇ ਨਾਲ ਹੀ ਗਲ-ਸੜ ਜਾਂਦੀ ਹੈ। ਪਰ ਸੰਸਾਰ ਦਾ ਅੰਤ ਹੋਣ ਤੇ ਆਤਮਾ ਸਰੀਰ ਦੇ ਨਾਲ ਜੀ ਉਠਾਈ ਜਾਵੇਗੀ ਅਤੇ ਇਸ ਨੂੰ ਮੌਤ ਦੀ ਸਜ਼ਾ ਮਿਲਣ ਤੇ ਸਦਾ ਲਈ ਤਸੀਹੇ ਝੱਲਣੇ ਪੈਣਗੇ।” ਇਨ੍ਹਾਂ ਟਿੱਪਣੀਆਂ ਰਾਹੀਂ ਟੇਸ਼ਨ ਅਸਲ ਵਿਚ ਕਹਿਣਾ ਕੀ ਚਾਹੁੰਦਾ ਸੀ, ਇਹ ਸਾਡੀ ਸਮਝ ਤੋਂ ਬਾਹਰ ਹੈ। ਕਿਤੇ ਇੱਦਾਂ ਤਾਂ ਨਹੀਂ ਕਿ ਬਾਈਬਲ ਦੀਆਂ ਕੁਝ ਸਿੱਖਿਆਵਾਂ ਨੂੰ ਮੰਨਣ ਦੇ ਨਾਲ-ਨਾਲ ਉਹ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਵੀ ਖ਼ੁਸ਼ ਰੱਖਣਾ ਚਾਹੁੰਦਾ ਸੀ ਜਿਸ ਕਰਕੇ ਉਸ ਨੇ ਬਾਈਬਲ ਸੱਚਾਈਆਂ ਵਿਚ ਗ਼ੈਰ-ਮਸੀਹੀ ਸਿੱਖਿਆਵਾਂ ਨੂੰ ਰਲਾ-ਮਿਲਾ ਦਿੱਤਾ?
ਟੇਸ਼ਨ ਦੀ ਇਕ ਹੋਰ ਪ੍ਰਸਿੱਧ ਕਿਤਾਬ ਹੈ ਦਿਆਤੇਸੇਰੋਨ ਜਾਂ ਚਾਰ ਇੰਜੀਲਾਂ ਦੀ ਸੁਮੇਲਤਾ (ਅੰਗ੍ਰੇਜ਼ੀ)। ਉਹ ਪਹਿਲਾ ਆਦਮੀ ਸੀ ਜਿਸ ਨੇ ਸੀਰੀਆ ਦੀਆਂ ਕਲੀਸਿਯਾਵਾਂ ਲਈ ਉਨ੍ਹਾਂ ਦੀ ਭਾਸ਼ਾ ਵਿਚ ਇੰਜੀਲਾਂ ਦਾ ਅਨੁਵਾਦ ਕੀਤਾ ਸੀ। ਉਸ ਨੇ ਚਾਰਾਂ ਇੰਜੀਲਾਂ ਨੂੰ ਇੱਕੋ ਬਿਰਤਾਂਤ ਦੇ ਤੌਰ ਤੇ ਪੇਸ਼ ਕੀਤਾ ਸੀ। ਇਸ ਕਿਤਾਬ ਦਾ ਬੜਾ ਆਦਰ ਕੀਤਾ ਜਾਂਦਾ ਸੀ। ਸੀਰੀਅਨ ਚਰਚ ਵਿਚ ਇਹੀ ਕਿਤਾਬ ਵਰਤੀ ਜਾਂਦੀ ਸੀ।
ਕੀ ਉਹ ਮਸੀਹੀ ਸੀ ਜਾਂ ਮਸੀਹੀ ਧਰਮ ਦਾ ਵਿਰੋਧੀ?
ਟੇਸ਼ਨ ਦੀਆਂ ਲਿਖਤਾਂ ਦੀ ਧਿਆਨ ਨਾਲ ਜਾਂਚ ਕਰਨ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਬਾਈਬਲ ਦਾ ਗਿਆਨ ਸੀ ਅਤੇ ਉਹ ਇਸ ਦਾ ਬੜਾ ਆਦਰ ਕਰਦਾ ਸੀ। ਉਸ ਨੇ ਆਪਣੇ ਆਪ ਉੱਤੇ ਬਾਈਬਲ ਦੇ ਪ੍ਰਭਾਵ ਬਾਰੇ ਲਿਖਿਆ: “ਮੈਨੂੰ ਅਮੀਰ ਬਣਨ ਦਾ ਕੋਈ ਸ਼ੌਕ ਨਹੀਂ ਹੈ; ਮੈਂ ਫ਼ੌਜੀ ਸੇਵਾ ਕਰਨ ਤੋਂ ਇਨਕਾਰ ਕਰਦਾ ਹਾਂ। ਹਰਾਮਕਾਰੀ ਤੋਂ ਮੈਨੂੰ ਨਫ਼ਰਤ ਹੈ; ਮੈਨੂੰ ਪੈਸੇ ਦਾ ਲਾਲਚ ਨਹੀਂ ਜੋ ਮੈਨੂੰ ਸਮੁੰਦਰੋਂ ਪਾਰ ਵਪਾਰ ਕਰਨ ਲਈ ਮਜਬੂਰ ਕਰੇ; . . . ਮੈਨੂੰ ਮਸ਼ਹੂਰੀ ਖੱਟਣ ਦੀ ਕੋਈ ਭੁੱਖ ਨਹੀਂ ਹੈ . . . ਚਾਹੇ ਕੋਈ ਅਮੀਰ ਹੈ ਜਾਂ ਗ਼ਰੀਬ, ਸਾਰਿਆਂ ਤੇ ਇੱਕੋ ਸੂਰਜ ਚੜ੍ਹਦਾ ਹੈ ਅਤੇ ਸਾਰੇ ਇੱਕੋ ਮੌਤ ਮਰਦੇ ਹਨ।” ਟੇਸ਼ਨ ਸਲਾਹ ਦਿੰਦਾ ਹੈ: “ਦੁਨੀਆਂ ਨਾਲ ਕੋਈ ਰਿਸ਼ਤਾ-ਨਾਤਾ ਨਾ ਰੱਖੋ, ਇਸ ਦੇ ਪਾਗਲਪਣ ਨੂੰ ਛੱਡ ਦਿਓ। ਪਰਮੇਸ਼ੁਰ ਲਈ ਜੀਓ ਅਤੇ ਉਸ ਦਾ ਗਿਆਨ ਲੈ ਕੇ ਆਪਣੇ ਪੁਰਾਣੇ ਸੁਭਾਅ ਨੂੰ ਛੱਡ ਦਿਓ।”—ਮੱਤੀ 5:45; 1 ਕੁਰਿੰਥੀਆਂ 6:18; 1 ਤਿਮੋਥਿਉਸ 6:10.
ਪਰ ਟੇਸ਼ਨ ਦੀ ਇਕ ਹੋਰ ਕਿਤਾਬ ਤੇ ਗੌਰ ਕਰੋ ਜਿਸ ਦਾ ਵਿਸ਼ਾ ਹੈ ਮੁਕਤੀਦਾਤੇ ਦੀ ਸਿੱਖਿਆ ਅਨੁਸਾਰ ਮੁਕੰਮਲਤਾ ਦਾ ਅਰਥ (ਅੰਗ੍ਰੇਜ਼ੀ)। ਇਸ ਕਿਤਾਬ ਵਿਚ ਉਸ ਨੇ ਲਿਖਿਆ ਕਿ ਵਿਆਹ ਦੀ ਸ਼ੁਰੂਆਤ ਸ਼ਤਾਨ ਨੇ ਕੀਤੀ ਸੀ। ਟੇਸ਼ਨ ਮੰਨਦਾ ਸੀ ਕਿ ਲੋਕ ਵਿਆਹ ਕਰ ਕੇ ਨਾਸ਼ਵਾਨ ਸੰਸਾਰ ਦੇ ਗ਼ੁਲਾਮ ਬਣ ਰਹੇ ਹਨ। ਇਸ ਲਈ ਉਸ ਨੇ ਵਿਆਹ ਦਾ ਜ਼ੋਰਦਾਰ ਖੰਡਨ ਕੀਤਾ।
ਲੱਗਦਾ ਹੈ ਕਿ ਜਸਟਿਨ ਮਾਰਟਰ ਦੀ ਮੌਤ ਤੋਂ ਬਾਅਦ, ਲਗਭਗ 166 ਸਾ.ਯੁ. ਵਿਚ ਟੇਸ਼ਨ ਨੇ ਐਂਕਰਾਟੀਟਸ ਨਾਂ ਦੇ ਸਨਿਆਸੀ ਪੰਥ ਦੀ ਸਥਾਪਨਾ ਕੀਤੀ ਸੀ ਜਾਂ ਫਿਰ ਉਹ ਇਸ ਪੰਥ ਨਾਲ ਸੰਗਤ ਕਰਨ ਲੱਗ ਪਿਆ ਸੀ। ਇਸ ਦੇ ਪੈਰੋਕਾਰ ਆਤਮ-ਤਿਆਗ ਅਤੇ ਆਪਣੇ ਸਰੀਰ ਨੂੰ ਕਾਬੂ ਵਿਚ ਰੱਖਣ ਤੇ ਬਹੁਤ ਜ਼ੋਰ ਦਿੰਦੇ ਸਨ। ਉਹ ਸਨਿਆਸੀ ਜੀਵਨ ਜੀਉਂਦੇ ਸਨ ਜਿਸ ਵਿਚ ਸ਼ਰਾਬ ਪੀਣ, ਵਿਆਹ ਕਰਨ ਅਤੇ ਭੌਤਿਕ ਚੀਜ਼ਾਂ ਇਕੱਠੀਆਂ ਕਰਨ ਤੋਂ ਪਰਹੇਜ਼ ਕੀਤਾ ਜਾਂਦਾ ਸੀ।
ਸਾਡੇ ਲਈ ਸਬਕ
ਟੇਸ਼ਨ ਬਾਈਬਲ ਦੀਆਂ ਸਿੱਖਿਆਵਾਂ ਤੋਂ ਇੰਨਾ ਦੂਰ ਕਿਉਂ ਹੋ ਗਿਆ ਸੀ? ਕੀ ਉਹ ‘ਸੁਣ ਕੇ ਭੁੱਲ’ ਗਿਆ ਸੀ? (ਯਾਕੂਬ 1:23-25) ਕੀ ਉਹ ਖ਼ਿਆਲੀ ਕਹਾਣੀਆਂ ਦਾ ਵਿਰੋਧ ਨਾ ਕਰਨ ਕਰਕੇ ਮਨੁੱਖੀ ਫ਼ਲਸਫ਼ੇ ਦਾ ਸ਼ਿਕਾਰ ਹੋ ਗਿਆ ਸੀ? (ਕੁਲੁੱਸੀਆਂ 2:8; ਤੀਤੁਸ 1:14) ਉਸ ਨੇ ਬਹੁਤ ਹੀ ਗ਼ਲਤ ਧਾਰਣਾਵਾਂ ਦੀ ਹਿਮਾਇਤ ਕੀਤੀ ਸੀ, ਤਾਂ ਫਿਰ ਸ਼ਾਇਦ ਇੱਦਾਂ ਤਾਂ ਨਹੀਂ ਕਿ ਉਸ ਨੂੰ ਕੋਈ ਦਿਮਾਗ਼ੀ ਬੀਮਾਰੀ ਸੀ?
ਜੋ ਵੀ ਹੋਵੇ, ਟੇਸ਼ਨ ਦੀਆਂ ਲਿਖਤਾਂ ਅਤੇ ਉਸ ਦੀ ਮਿਸਾਲ ਤੋਂ ਸਾਨੂੰ ਉਸ ਦੇ ਜ਼ਮਾਨੇ ਦੇ ਧਾਰਮਿਕ ਮਾਹੌਲ ਬਾਰੇ ਪਤਾ ਲੱਗਦਾ ਹੈ। ਇਹ ਦਿਖਾਉਂਦੀਆਂ ਹਨ ਕਿ ਦੁਨਿਆਵੀ ਫ਼ਲਸਫ਼ਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ। ਆਓ ਆਪਾਂ ਪੌਲੁਸ ਰਸੂਲ ਦੀ ਸਲਾਹ ਲਾਗੂ ਕਰੀਏ: ‘ਜਿਹੜਾ ਝੂਠ ਮੂਠ ਗਿਆਨ ਕਹਾਉਂਦਾ ਹੈ ਉਹ ਦੀ ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਭੁਆ ਲਓ।’—1 ਤਿਮੋਥਿਉਸ 6:20.