Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਹਿਰਾਬੁਰਜ, 1 ਅਪ੍ਰੈਲ 2002 ਦੇ ਸਫ਼ਾ 11, ਪੈਰਾ 7 ਵਿਚ ਇਹ ਕਿਉਂ ਲਿਖਿਆ ਸੀ ਕਿ 33 ਸਾ.ਯੁ. ਦੇ ਪੰਤੇਕੁਸਤ ਦੇ ਦਿਨ ਤੇ ਮਸੀਹੀ ਬਣਨ ਵਾਲੇ ਯਹੂਦੀਆਂ ਨੇ ਪਾਣੀ ਵਿਚ ਬਪਤਿਸਮਾ ਲੈ ਕੇ “ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ” ਨੂੰ ਜ਼ਾਹਰ ਕੀਤਾ ਸੀ, ਜਦ ਕਿ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ 33 ਸਾ.ਯੁ. ਤੋਂ 36 ਸਾ.ਯੁ. ਤਕ ਬਪਤਿਸਮਾ ਲੈਣ ਵਾਲੇ ਯਹੂਦੀਆਂ ਨੂੰ ਆਪਣਾ ਸਮਰਪਣ ਕਰਨ ਦੀ ਲੋੜ ਨਹੀਂ ਸੀ?

ਸਾਲ 1513 ਸਾ.ਯੁ.ਪੂ. ਵਿਚ, ਯਹੋਵਾਹ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਉਸ ਦੀ ਪਵਿੱਤਰ ਕੌਮ ਬਣਨ ਦਾ ਮੌਕਾ ਦਿੱਤਾ, ਬਸ਼ਰਤੇ ਕਿ ਉਹ ‘ਯਹੋਵਾਹ ਦੀ ਅਵਾਜ਼ ਦੇ ਸਰੋਤੇ ਹੋਣ ਅਰ ਉਸ ਦੇ ਨੇਮ ਦੀ ਮਨੌਤ ਕਰਨ।’ ਜਵਾਬ ਵਿਚ ਉਨ੍ਹਾਂ ਨੇ ਕਿਹਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।”—ਕੂਚ 19:3-8; 24:1-8.

ਸ਼ਰਾ ਦੇ ਨੇਮ ਦੀ ਪਾਲਣਾ ਕਰਨ ਦਾ ਵਾਅਦਾ ਕਰ ਕੇ ਇਸਰਾਏਲੀਆਂ ਨੇ ਪਰਮੇਸ਼ੁਰ ਨੂੰ ਆਪਣਾ ਸਮਰਪਣ ਕੀਤਾ ਸੀ। ਇਸ ਤਰ੍ਹਾਂ, ਆਉਣ ਵਾਲੀਆਂ ਪੀੜ੍ਹੀਆਂ ਜਨਮ ਤੋਂ ਹੀ ਇਸ ਸਮਰਪਿਤ ਕੌਮ ਦਾ ਹਿੱਸਾ ਬਣੀਆਂ। ਪਰ 33 ਸਾ.ਯੁ. ਵਿਚ ਪੰਤੇਕੁਸਤ ਤੋਂ ਬਾਅਦ ਯਿਸੂ ਮਸੀਹ ਦੇ ਚੇਲੇ ਬਣਨ ਵਾਲੇ ਯਹੂਦੀਆਂ ਦੇ ਬਪਤਿਸਮੇ ਦਾ ਇਹ ਮਤਲਬ ਨਹੀਂ ਸੀ ਕਿ ਉਹ ਇਕ ਸਮਰਪਿਤ ਕੌਮ ਦੇ ਲੋਕਾਂ ਦੇ ਤੌਰ ਤੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਪੇਸ਼ ਕਰ ਰਹੇ ਸਨ। ਉਨ੍ਹਾਂ ਦਾ ਬਪਤਿਸਮਾ ਇਸ ਗੱਲ ਦਾ ਸਬੂਤ ਸੀ ਕਿ ਉਨ੍ਹਾਂ ਨੇ ਯਿਸੂ ਮਸੀਹ ਰਾਹੀਂ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਕਰ ਕੇ ਉਸ ਨਾਲ ਇਕ ਨਵਾਂ ਰਿਸ਼ਤਾ ਕਾਇਮ ਕੀਤਾ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?

ਸਾਲ 33 ਸਾ.ਯੁ. ਦੇ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿਚ ਇਕ ਕਮਰੇ ਵਿਚ ਇਕੱਠੇ ਹੋਏ ਲਗਭਗ 120 ਚੇਲਿਆਂ ਉੱਤੇ ਪਵਿੱਤਰ ਆਤਮਾ ਪਾਈ ਗਈ ਸੀ। ਇਹ ਦੇਖਣ ਲਈ ਕਿ ਕੀ ਹੋ ਰਿਹਾ ਸੀ, ਉੱਥੇ ਯਹੂਦੀਆਂ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ ਪਰਦੇਸੀਆਂ ਦੀ ਭੀੜ ਇਕੱਠੀ ਹੋ ਗਈ। ਉਸ ਵੇਲੇ ਪਤਰਸ ਰਸੂਲ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਪ੍ਰਚਾਰ ਕਰਨਾ ਸ਼ੁਰੂ ਕੀਤਾ। ਪਤਰਸ ਦੀਆਂ ਗੱਲਾਂ ਨੇ ਕਈ ਯਹੂਦੀਆਂ ਦੇ ਦਿਲਾਂ ਨੂੰ ਛੋਹ ਲਿਆ। ਪਤਰਸ ਨੇ ਉਨ੍ਹਾਂ ਨੂੰ ਕਿਹਾ: “ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ।” ਪਤਰਸ ਨੇ ਉਨ੍ਹਾਂ ਨੂੰ ਅੱਗੇ ਹੋਰ ਵੀ ਕਈ ਗੱਲਾਂ ਦੱਸੀਆਂ। ਇਸ ਮਗਰੋਂ, “ਜਿਨ੍ਹਾਂ ਉਹ ਦੀ ਗੱਲ ਮੰਨ ਲਈ ਓਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਤਿੰਨਕੁ ਹਜ਼ਾਰ ਜਣੇ ਉਨ੍ਹਾਂ ਵਿੱਚ ਰਲ ਗਏ।”—ਰਸੂਲਾਂ ਦੇ ਕਰਤੱਬ 2:1-41.

ਕੀ ਉਸ ਸਮੇਂ ਬਪਤਿਸਮਾ ਲੈਣ ਵਾਲੇ ਇਹ ਯਹੂਦੀ ਪਹਿਲਾਂ ਹੀ ਇਕ ਸਮਰਪਿਤ ਕੌਮ ਦੇ ਮੈਂਬਰ ਨਹੀਂ ਸਨ ਤੇ ਕੀ ਉਨ੍ਹਾਂ ਦਾ ਪਰਮੇਸ਼ੁਰ ਨਾਲ ਖ਼ਾਸ ਰਿਸ਼ਤਾ ਨਹੀਂ ਸੀ? ਜੀ ਨਹੀਂ। ਪੌਲੁਸ ਰਸੂਲ ਨੇ ਲਿਖਿਆ ਸੀ ਕਿ ਪਰਮੇਸ਼ੁਰ ਨੇ ਸ਼ਰਾ ਨੂੰ ਸੂਲੀ ਉੱਤੇ ‘ਕਿੱਲਾਂ ਨਾਲ ਠੋਕ ਕੇ ਚੁੱਕ ਸੁੱਟਿਆ’ ਸੀ। (ਕੁਲੁੱਸੀਆਂ 2:14) ਸ਼ਰਾ ਦੇ ਨੇਮ ਦੇ ਆਧਾਰ ਤੇ ਇਸਰਾਏਲੀ ਲੋਕ ਯਹੋਵਾਹ ਦੀ ਸਮਰਪਿਤ ਕੌਮ ਬਣੇ ਸਨ। ਪਰ ਸਾਲ 33 ਸਾ.ਯੁ. ਵਿਚ ਮਸੀਹ ਦੀ ਮੌਤ ਹੋਣ ਤੇ, ਯਹੋਵਾਹ ਪਰਮੇਸ਼ੁਰ ਨੇ ਇਸ ਸ਼ਰਾ ਦੇ ਨੇਮ ਨੂੰ ਖ਼ਤਮ ਕਰ ਦਿੱਤਾ ਸੀ। ਇਸ ਕੌਮ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਠੁਕਰਾਇਆ ਸੀ, ਇਸ ਲਈ ਪਰਮੇਸ਼ੁਰ ਨੇ ਵੀ ਇਸ ਕੌਮ ਨੂੰ ਠੁਕਰਾ ਦਿੱਤਾ। “ਜਿਹੜੇ ਸਰੀਰ ਦੇ ਸਰਬੰਧ ਕਰਕੇ ਇਸਰਾਏਲੀ” ਸਨ, ਉਹ ਹੁਣ ਆਪਣੇ ਆਪ ਨੂੰ ਪਰਮੇਸ਼ੁਰ ਦੀ ਸਮਰਪਿਤ ਕੌਮ ਕਹਿਣ ਦਾ ਹੱਕ ਗੁਆ ਚੁੱਕੇ ਸਨ।—1 ਕੁਰਿੰਥੀਆਂ 10:18; ਮੱਤੀ 21:43.

ਭਾਵੇਂ ਕਿ 33 ਸਾ.ਯੁ. ਵਿਚ ਸ਼ਰਾ ਦਾ ਨੇਮ ਖ਼ਤਮ ਹੋ ਗਿਆ ਸੀ, ਪਰ ਯਹੂਦੀਆਂ ਉੱਤੇ ਖ਼ਾਸ ਤੌਰ ਤੇ ਮਿਹਰ ਕਰਨ ਜਾਂ ਧਿਆਨ ਦੇਣ ਦਾ ਯਹੋਵਾਹ ਦਾ ਸਮਾਂ ਖ਼ਤਮ ਨਹੀਂ ਹੋਇਆ ਸੀ। * ਇਹ ਸਮਾਂ 36 ਸਾ.ਯੁ. ਵਿਚ ਖ਼ਤਮ ਹੋਇਆ ਸੀ ਜਦੋਂ ਪਤਰਸ ਨੇ ਇਤਾਲਵੀ ਭਗਤ ਕੁਰਨੇਲਿਯੁਸ ਅਤੇ ਉਸ ਦੇ ਪਰਿਵਾਰ ਨੂੰ ਅਤੇ ਦੂਸਰੇ ਕਈ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕੀਤਾ ਸੀ। (ਰਸੂਲਾਂ ਦੇ ਕਰਤੱਬ 10:1-48) ਯਹੋਵਾਹ ਨੇ ਕਿਸ ਆਧਾਰ ਉੱਤੇ ਗ਼ੈਰ-ਯਹੂਦੀਆਂ ਉੱਤੇ ਮਿਹਰ ਕੀਤੀ?

ਦਾਨੀਏਲ 9:27 ਵਿਚ ਲਿਖਿਆ ਹੈ ਕਿ “[ਮਸੀਹਾ] ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬੰਨ੍ਹੇਗਾ।” ਇਹ ਉਹ ਨੇਮ ਸੀ ਜੋ ਅਬਰਾਹਾਮ ਨਾਲ ਬੰਨ੍ਹਿਆ ਗਿਆ ਸੀ ਅਤੇ ਇਸ ਨੂੰ “ਇੱਕ ਸਾਤੇ” ਯਾਨੀ ਸੱਤ ਸਾਲਾਂ ਤਕ ਕਾਇਮ ਰੱਖਿਆ ਜਾਣਾ ਸੀ। ਇਹ ‘ਸਾਤਾ’ 29 ਸਾ.ਯੁ. ਵਿਚ ਯਿਸੂ ਦੇ ਬਪਤਿਸਮੇ ਨਾਲ ਆਰੰਭ ਹੋਇਆ ਜਦੋਂ ਯਿਸੂ ਨੇ ਮਸੀਹਾ ਬਣ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਸ ਨੇਮ ਵਿਚ ਸ਼ਾਮਲ ਹੋਣ ਲਈ ਇਕ ਵਿਅਕਤੀ ਲਈ ਅਬਰਾਹਾਮ ਦੀ ਸੰਤਾਨ ਹੋਣਾ ਹੀ ਕਾਫ਼ੀ ਸੀ। ਇਸ ਨੇਮ ਦੇ ਅਧੀਨ ਹੋਣ ਦਾ ਇਹ ਮਤਲਬ ਨਹੀਂ ਸੀ ਕਿ ਅਬਰਾਹਾਮ ਦੀ ਸੰਤਾਨ ਯਹੋਵਾਹ ਨੂੰ ਸਮਰਪਿਤ ਸੀ ਜਾਂ ਉਸ ਦਾ ਯਹੋਵਾਹ ਨਾਲ ਕੋਈ ਨਿੱਜੀ ਰਿਸ਼ਤਾ ਸੀ। ਇਸ ਲਈ ਪੰਤੇਕੁਸਤ ਦੇ ਦਿਨ ਤੇ ਪਤਰਸ ਦਾ ਉਪਦੇਸ਼ ਸੁਣਨ ਮਗਰੋਂ ਬਪਤਿਸਮਾ ਲੈਣ ਵਾਲੇ ਲੋਕ ਯਹੂਦੀ ਹੋਣ ਦੇ ਨਾਤੇ ਭਾਵੇਂ ਪਰਮੇਸ਼ੁਰ ਦੀ ਖ਼ਾਸ ਕਿਰਪਾ ਦੇ ਯੋਗ ਸਨ, ਪਰ ਉਹ ਪਰਮੇਸ਼ੁਰ ਨੂੰ ਸਮਰਪਿਤ ਨਹੀਂ ਸਨ ਕਿਉਂਕਿ ਸ਼ਰਾ ਦਾ ਨੇਮ ਤਾਂ ਖ਼ਤਮ ਹੋ ਚੁੱਕਾ ਸੀ। ਇਸ ਲਈ ਉਨ੍ਹਾਂ ਸਾਰਿਆਂ ਨੂੰ ਨਿੱਜੀ ਤੌਰ ਤੇ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨ ਦੀ ਲੋੜ ਸੀ।

ਸਾਲ 33 ਸਾ.ਯੁ. ਦੇ ਪੰਤੇਕੁਸਤ ਦੇ ਦਿਨ ਤੇ ਬਪਤਿਸਮਾ ਲੈਣ ਵਾਲੇ ਪੈਦਾਇਸ਼ੀ ਯਹੂਦੀਆਂ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ ਲੋਕਾਂ ਲਈ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨ ਦਾ ਇਕ ਹੋਰ ਜ਼ਰੂਰੀ ਕਾਰਨ ਵੀ ਸੀ। ਪਤਰਸ ਰਸੂਲ ਨੇ ਆਪਣੇ ਸਰੋਤਿਆਂ ਨੂੰ ਤੋਬਾ ਕਰਨ ਅਤੇ ਯਿਸੂ ਦੇ ਨਾਂ ਵਿਚ ਬਪਤਿਸਮਾ ਲੈਣ ਦੀ ਤਾਕੀਦ ਕੀਤੀ। ਇਸ ਤਰ੍ਹਾਂ ਕਰਨ ਲਈ ਲੋਕਾਂ ਨੂੰ ਦੁਨੀਆਂ ਦੇ ਤੌਰ-ਤਰੀਕੇ ਤਿਆਗਣ ਅਤੇ ਇਹ ਮੰਨਣ ਦੀ ਲੋੜ ਸੀ ਕਿ ਯਿਸੂ ਉਨ੍ਹਾਂ ਦਾ ਪ੍ਰਭੂ, ਮਸੀਹਾ ਤੇ ਪ੍ਰਧਾਨ ਜਾਜਕ ਸੀ ਅਤੇ ਉਹ ਸਵਰਗ ਵਿਚ ਪਰਮੇਸ਼ੁਰ ਦੇ ਸੱਜੇ ਹੱਥ ਬਿਰਾਜਮਾਨ ਸੀ। ਉਨ੍ਹਾਂ ਨੂੰ ਆਪਣੀ ਮੁਕਤੀ ਲਈ ਮਸੀਹ ਯਿਸੂ ਰਾਹੀਂ ਯਹੋਵਾਹ ਪਰਮੇਸ਼ੁਰ ਦਾ ਨਾਂ ਲੈਣ ਦੀ ਲੋੜ ਸੀ। ਉਨ੍ਹਾਂ ਨੂੰ ਮਸੀਹ ਵਿਚ ਨਿਹਚਾ ਕਰਦੇ ਹੋਏ ਉਸ ਨੂੰ ਆਪਣਾ ਆਗੂ ਮੰਨਣਾ ਪੈਣਾ ਸੀ। ਸ਼ਰਾ ਦੇ ਨੇਮ ਦੀ ਬਜਾਇ, ਹੁਣ ਯਿਸੂ ਵਿਚ ਨਿਹਚਾ ਹੀ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨ ਅਤੇ ਆਪਣੇ ਪਾਪਾਂ ਦੀ ਮਾਫ਼ੀ ਪਾਉਣ ਦਾ ਆਧਾਰ ਸੀ। ਹਰ ਯਹੂਦੀ ਨੂੰ ਇਸ ਨਵੇਂ ਪ੍ਰਬੰਧ ਨੂੰ ਸਵੀਕਾਰ ਕਰਨ ਦੀ ਲੋੜ ਸੀ। ਉਹ ਇਸ ਨੂੰ ਕਿਵੇਂ ਸਵੀਕਾਰ ਕਰ ਸਕਦੇ ਸਨ? ਉਨ੍ਹਾਂ ਨੂੰ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨਾ ਪੈਣਾ ਸੀ ਅਤੇ ਇਸ ਦੇ ਸਬੂਤ ਵਜੋਂ ਯਿਸੂ ਮਸੀਹ ਦੇ ਨਾਂ ਵਿਚ ਬਪਤਿਸਮਾ ਲੈਣਾ ਪੈਣਾ ਸੀ। ਪਾਣੀ ਵਿਚ ਬਪਤਿਸਮਾ ਲੈਣਾ ਇਸ ਗੱਲ ਦਾ ਸਬੂਤ ਸੀ ਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਹੁਣ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਨਾਲ ਨਵਾਂ ਰਿਸ਼ਤਾ ਕਾਇਮ ਹੋ ਗਿਆ ਸੀ।—ਰਸੂਲਾਂ ਦੇ ਕਰਤੱਬ 2:21, 33-36; 3:19-23.

[ਫੁਟਨੋਟ]

^ ਪੈਰਾ 7 ਜਦੋਂ ਯਿਸੂ ਮਸੀਹ ਆਪਣੀ ਮਨੁੱਖੀ ਜ਼ਿੰਦਗੀ ਦੇ ਬਲੀਦਾਨ ਦੀ ਕੀਮਤ ਲੈ ਕੇ ਸਵਰਗ ਗਿਆ ਅਤੇ ਇਸ ਨੂੰ ਯਹੋਵਾਹ ਪਰਮੇਸ਼ੁਰ ਅੱਗੇ ਪੇਸ਼ ਕੀਤਾ, ਤਾਂ ਉਦੋਂ ਸ਼ਰਾ ਦੇ ਨੇਮ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਉਦੋਂ ਮਸੀਹ ਨੇ ‘ਨਵੇਂ ਨੇਮ’ ਦੀ ਨੀਂਹ ਰੱਖੀ ਜਿਸ ਬਾਰੇ ਪਵਿੱਤਰ ਸ਼ਾਸਤਰ ਵਿਚ ਭਵਿੱਖਬਾਣੀ ਕੀਤੀ ਗਈ ਸੀ।—ਯਿਰਮਿਯਾਹ 31:31-34.