Skip to content

Skip to table of contents

ਯਿਸੂ ਮਸੀਹ ਕਲੀਸਿਯਾਵਾਂ ਨਾਲ ਗੱਲ ਕਰਦਾ ਹੈ

ਯਿਸੂ ਮਸੀਹ ਕਲੀਸਿਯਾਵਾਂ ਨਾਲ ਗੱਲ ਕਰਦਾ ਹੈ

ਯਿਸੂ ਮਸੀਹ ਕਲੀਸਿਯਾਵਾਂ ਨਾਲ ਗੱਲ ਕਰਦਾ ਹੈ

‘ਜਿਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ, ਉਹ ਇਹ ਆਖਦਾ ਹੈ।’—ਪਰਕਾਸ਼ ਦੀ ਪੋਥੀ 2:1.

1, 2. ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਨੂੰ ਮਸੀਹ ਨੇ ਜੋ ਕਿਹਾ ਸੀ, ਉਸ ਵਿਚ ਸਾਨੂੰ ਕਿਉਂ ਦਿਲਚਸਪੀ ਲੈਣੀ ਚਾਹੀਦੀ ਹੈ?

ਯਹੋਵਾਹ ਦਾ ਪੁੱਤਰ ਯਿਸੂ ਮਸੀਹ ਮਸੀਹੀ ਕਲੀਸਿਯਾ ਦਾ ਮੁਖੀ ਹੈ। ਮੁਖੀ ਹੋਣ ਦੇ ਨਾਤੇ, ਉਹ ਆਪਣੇ ਮਸਹ ਕੀਤੇ ਹੋਏ ਚੇਲਿਆਂ ਦੀ ਕਲੀਸਿਯਾ ਨੂੰ ਸਾਫ਼ ਰੱਖਣਾ ਚਾਹੁੰਦਾ ਹੈ, ਇਸ ਲਈ ਉਹ ਉਨ੍ਹਾਂ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਤਾੜਦਾ ਵੀ ਹੈ। (ਅਫ਼ਸੀਆਂ 5:21-27) ਪਰਕਾਸ਼ ਦੀ ਪੋਥੀ ਦੇ ਦੂਜੇ ਤੇ ਤੀਜੇ ਅਧਿਆਇ ਵਿਚ ਇਸ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਅਧਿਆਵਾਂ ਵਿਚ ਯਿਸੂ ਦੇ ਜ਼ਬਰਦਸਤ ਅਤੇ ਪਿਆਰ ਭਰੇ ਸੰਦੇਸ਼ ਦਰਜ ਕੀਤੇ ਹੋਏ ਹਨ ਜੋ ਉਸ ਨੇ ਏਸ਼ੀਆ ਮਾਈਨਰ ਦੀਆਂ ਸੱਤ ਕਲੀਸਿਯਾਵਾਂ ਨੂੰ ਘੱਲੇ ਸਨ।

2 ਸੱਤਾਂ ਕਲੀਸਿਯਾਵਾਂ ਲਈ ਯਿਸੂ ਦੇ ਸੰਦੇਸ਼ ਸੁਣਨ ਤੋਂ ਪਹਿਲਾਂ, ਯੂਹੰਨਾ ਨੇ “ਪ੍ਰਭੂ ਦੇ ਦਿਨ” ਦਾ ਦਰਸ਼ਣ ਦੇਖਿਆ ਸੀ। (ਪਰਕਾਸ਼ ਦੀ ਪੋਥੀ 1:10) ਇਹ “ਦਿਨ” 1914 ਵਿਚ ਸ਼ੁਰੂ ਹੋਇਆ ਸੀ ਜਦੋਂ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਇਆ ਸੀ। ਇਸ ਲਈ ਮਸੀਹ ਨੇ ਉਨ੍ਹਾਂ ਸੱਤਾਂ ਕਲੀਸਿਯਾਵਾਂ ਨੂੰ ਜੋ ਕਿਹਾ, ਉਹ ਇਨ੍ਹਾਂ ਅੰਤ ਦੇ ਦਿਨਾਂ ਲਈ ਬਹੁਤ ਹੀ ਅਹਿਮੀਅਤ ਰੱਖਦਾ ਹੈ। ਮਸੀਹ ਨੇ ਉਨ੍ਹਾਂ ਨੂੰ ਜੋ ਹੌਸਲਾ-ਅਫ਼ਜ਼ਾਈ ਅਤੇ ਤਾੜਨਾ ਦਿੱਤੀ, ਉਹ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰਨਗੀਆਂ।—2 ਤਿਮੋਥਿਉਸ 3:1-5.

3. ਯੂਹੰਨਾ ਨੇ ਜੋ “ਤਾਰੇ,” “ਦੂਤ” ਅਤੇ “ਸੋਨੇ ਦੇ ਸ਼ਮਾਦਾਨ” ਦੇਖੇ ਸਨ, ਉਹ ਕਿਨ੍ਹਾਂ ਨੂੰ ਦਰਸਾਉਂਦੇ ਹਨ?

3 ਯੂਹੰਨਾ ਨੇ ਮਹਿਮਾਵਾਨ ਯਿਸੂ ਮਸੀਹ ਨੂੰ ਦੇਖਿਆ ਜਿਸ ਨੇ ‘ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਉਹ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿਚਾਲੇ ਫਿਰਦਾ ਹੈ।’ ਇਹ ਸ਼ਮਾਦਾਨ ਕਲੀਸਿਯਾਵਾਂ ਨੂੰ ਦਰਸਾਉਂਦੇ ਹਨ। ‘ਤਾਰੇ ਸੱਤਾਂ ਕਲੀਸਿਯਾਂ ਦੇ ਦੂਤ ਹਨ।’ (ਪਰਕਾਸ਼ ਦੀ ਪੋਥੀ 1:20; 2:1) ਬਾਈਬਲ ਵਿਚ ਕਈ ਵਾਰ ਸਵਰਗੀ ਦੂਤਾਂ ਨੂੰ ਤਾਰੇ ਕਿਹਾ ਗਿਆ ਹੈ। ਪਰ ਮਸੀਹ ਸਵਰਗੀ ਦੂਤਾਂ ਵਾਸਤੇ ਸੰਦੇਸ਼ ਲਿਖਵਾਉਣ ਲਈ ਕਿਸੇ ਇਨਸਾਨ ਨੂੰ ਨਹੀਂ ਵਰਤੇਗਾ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ “ਤਾਰੇ” ਪਵਿੱਤਰ ਆਤਮਾ ਨਾਲ ਮਸਹ ਕੀਤੇ ਹੋਏ ਨਿਗਾਹਬਾਨ ਜਾਂ ਬਜ਼ੁਰਗਾਂ ਦੇ ਸਮੂਹਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਨੂੰ “ਦੂਤ” ਕਹਿਣ ਦਾ ਮਤਲਬ ਹੈ ਕਿ ਉਹ ਸੰਦੇਸ਼ਵਾਹਕਾਂ ਵਜੋਂ ਕੰਮ ਕਰਦੇ ਹਨ। ਪਰਮੇਸ਼ੁਰ ਦਾ ਸੰਗਠਨ ਅੱਜ ਬਹੁਤ ਵੱਡਾ ਹੋ ਗਿਆ ਹੈ, ਇਸ ਲਈ ‘ਮਾਤਬਰ ਮੁਖ਼ਤਿਆਰ’ ਨੇ ਯਿਸੂ ਦੀਆਂ ‘ਹੋਰ ਭੇਡਾਂ’ ਵਿੱਚੋਂ ਕਾਬਲ ਭਰਾਵਾਂ ਨੂੰ ਨਿਗਾਹਬਾਨ ਬਣਾਇਆ ਹੈ।—ਲੂਕਾ 12:42-44; ਯੂਹੰਨਾ 10:16.

4. ਯਿਸੂ ਨੇ ਸੱਤਾਂ ਕਲੀਸਿਯਾਵਾਂ ਨੂੰ ਜੋ ਕਿਹਾ ਸੀ, ਉਸ ਤੋਂ ਬਜ਼ੁਰਗ ਕੀ ਸਿੱਖ ਸਕਦੇ ਹਨ?

4 ਯਿਸੂ ਨੇ “ਤਾਰੇ” ਆਪਣੇ ਸੱਜੇ ਹੱਥ ਵਿਚ ਫੜੇ ਹੋਏ ਹਨ, ਇਸ ਦਾ ਮਤਲਬ ਹੈ ਕਿ ਨਿਗਾਹਬਾਨ ਉਸ ਦੇ ਵੱਸ ਵਿਚ ਹਨ। ਉਹ ਉਨ੍ਹਾਂ ਉੱਤੇ ਮਿਹਰਬਾਨ ਹੋ ਕੇ ਉਨ੍ਹਾਂ ਦੀ ਰੱਖਿਆ ਕਰਦਾ ਹੈ। ਇਸ ਲਈ ਉਨ੍ਹਾਂ ਨੇ ਯਿਸੂ ਨੂੰ ਆਪਣੇ ਹਰ ਕੰਮ ਦਾ ਲੇਖਾ ਦੇਣਾ ਹੈ। ਯਿਸੂ ਨੇ ਸੱਤ ਕਲੀਸਿਯਾਵਾਂ ਨੂੰ ਜੋ ਸਲਾਹਾਂ ਦਿੱਤੀਆਂ ਸਨ, ਉਨ੍ਹਾਂ ਉੱਤੇ ਚੱਲ ਕੇ ਅੱਜ ਬਜ਼ੁਰਗ ਸਿੱਖ ਸਕਦੇ ਹਨ ਕਿ ਜੇ ਕਲੀਸਿਯਾਵਾਂ ਵਿਚ ਇਹੋ ਜਿਹੀਆਂ ਮੁਸ਼ਕਲਾਂ ਆਉਂਦੀਆਂ ਹਨ, ਤਾਂ ਉਨ੍ਹਾਂ ਨੂੰ ਕਿਵੇਂ ਨਜਿੱਠਣਾ ਹੈ। ਪਰ ਹਰ ਮਸੀਹੀ ਲਈ ਵੀ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੇ ਪੁੱਤਰ ਦੀ ਗੱਲ ਸੁਣੇ। (ਮਰਕੁਸ 9:7) ਤਾਂ ਫਿਰ ਅਸੀਂ ਸੱਤਾਂ ਕਲੀਸਿਯਾਵਾਂ ਨੂੰ ਕਹੀਆਂ ਯਿਸੂ ਦੀਆਂ ਗੱਲਾਂ ਵੱਲ ਧਿਆਨ ਦੇ ਕੇ ਕੀ ਸਿੱਖ ਸਕਦੇ ਹਾਂ?

ਅਫ਼ਸੁਸ ਦੇ ਦੂਤ ਨੂੰ

5. ਅਫ਼ਸੁਸ ਕਿਸ ਤਰ੍ਹਾਂ ਦਾ ਸ਼ਹਿਰ ਸੀ?

5 ਯਿਸੂ ਨੇ ਅਫ਼ਸੁਸ ਦੀ ਕਲੀਸਿਯਾ ਦੀ ਤਾਰੀਫ਼ ਵੀ ਕੀਤੀ ਸੀ ਤੇ ਉਸ ਨੂੰ ਤਾੜਿਆ ਵੀ ਸੀ। (ਪਰਕਾਸ਼ ਦੀ ਪੋਥੀ 2:1-7 ਪੜ੍ਹੋ।) ਅਫ਼ਸੁਸ ਏਸ਼ੀਆ ਮਾਈਨਰ ਦੇ ਪੱਛਮੀ ਸਮੁੰਦਰੀ ਕਿਨਾਰੇ ਤੇ ਸਥਿਤ ਸੀ। ਇਹ ਅਮੀਰ ਸ਼ਹਿਰ ਵਪਾਰ ਅਤੇ ਧਰਮ ਦਾ ਗੜ੍ਹ ਸੀ। ਇੱਥੇ ਅਰਤਿਮਿਸ ਦੇਵੀ ਦਾ ਬਹੁਤ ਵੱਡਾ ਮੰਦਰ ਹੁੰਦਾ ਸੀ। ਭਾਵੇਂ ਕਿ ਅਫ਼ਸੁਸ ਵਿਚ ਅਨੈਤਿਕਤਾ, ਝੂਠੇ ਧਰਮ ਅਤੇ ਜਾਦੂਗਰੀ ਦਾ ਬੋਲਬਾਲਾ ਸੀ, ਫਿਰ ਵੀ ਪਰਮੇਸ਼ੁਰ ਨੇ ਪੌਲੁਸ ਰਸੂਲ ਅਤੇ ਸ਼ਹਿਰ ਦੇ ਦੂਸਰੇ ਮਸੀਹੀਆਂ ਦੀ ਸੇਵਕਾਈ ਨੂੰ ਕਾਮਯਾਬੀ ਬਖ਼ਸ਼ੀ ਸੀ।—ਰਸੂਲਾਂ ਦੇ ਕਰਤੱਬ ਅਧਿਆਇ 19.

6. ਅੱਜ ਦੇ ਵਫ਼ਾਦਾਰ ਮਸੀਹੀ ਅਫ਼ਸੁਸ ਦੇ ਮਸੀਹੀਆਂ ਦੀ ਮਿਸਾਲ ਉੱਤੇ ਕਿਵੇਂ ਚੱਲ ਰਹੇ ਹਨ?

6 ਮਸੀਹ ਨੇ ਅਫ਼ਸੁਸ ਦੀ ਕਲੀਸਿਯਾ ਦੀ ਇਹ ਕਹਿੰਦੇ ਹੋਏ ਤਾਰੀਫ਼ ਕੀਤੀ ਸੀ: “ਮੈਂ ਤੇਰੇ ਕੰਮਾਂ ਨੂੰ ਅਤੇ ਤੇਰੀ ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਜੋ ਬੁਰਿਆਰਾਂ ਦਾ ਤੈਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ ਤੈਂ ਓਹਨਾਂ ਨੂੰ ਪਰਤਾ ਕੇ ਝੂਠਾ ਵੇਖਿਆ।” ਅੱਜ ਵੀ ਯਿਸੂ ਦੇ ਸੱਚੇ ਚੇਲਿਆਂ ਦੀਆਂ ਕਲੀਸਿਯਾਵਾਂ ਸਬਰ ਅਤੇ ਮਿਹਨਤ ਨਾਲ ਚੰਗੇ ਕੰਮ ਕਰ ਰਹੀਆਂ ਹਨ। ਸੱਚੇ ਮਸੀਹੀ ਖੋਟੇ ਭਰਾਵਾਂ ਨੂੰ ਬਰਦਾਸ਼ਤ ਨਹੀਂ ਕਰਦੇ ਜਿਹੜੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਰਸੂਲ ਮੰਨਿਆ ਜਾਵੇ। (2 ਕੁਰਿੰਥੀਆਂ 11:13, 26) ਅਫ਼ਸੁਸ ਦੇ ਮਸੀਹੀਆਂ ਵਾਂਗ ਅੱਜ ਦੇ ਵਫ਼ਾਦਾਰ ਮਸੀਹੀ ਵੀ ‘ਬੁਰਿਆਰਾਂ ਨੂੰ ਸਹਾਰ ਨਹੀਂ’ ਸਕਦੇ। ਇਸ ਕਰਕੇ ਯਹੋਵਾਹ ਦੀ ਭਗਤੀ ਨੂੰ ਸ਼ੁੱਧ ਰੱਖਣ ਲਈ ਅਤੇ ਕਲੀਸਿਯਾ ਨੂੰ ਬਚਾਉਣ ਲਈ ਉਹ ਅਪਸ਼ਚਾਤਾਪੀ ਧਰਮ-ਤਿਆਗੀਆਂ ਵੱਲ ਦੋਸਤੀ ਦਾ ਹੱਥ ਨਹੀਂ ਵਧਾਉਂਦੇ।—ਗਲਾਤੀਆਂ 2:4, 5; 2 ਯੂਹੰਨਾ 8-11.

7, 8. ਅਫ਼ਸੁਸ ਦੀ ਕਲੀਸਿਯਾ ਵਿਚ ਕਿਹੜੀ ਇਕ ਗੰਭੀਰ ਸਮੱਸਿਆ ਸੀ ਅਤੇ ਅਸੀਂ ਇਹੋ ਜਿਹੀ ਸਮੱਸਿਆ ਨੂੰ ਕਿਵੇਂ ਹੱਲ ਕਰ ਸਕਦੇ ਹਾਂ?

7 ਪਰ ਅਫ਼ਸੁਸ ਦੇ ਮਸੀਹੀਆਂ ਵਿਚ ਇਕ ਗੰਭੀਰ ਸਮੱਸਿਆ ਸੀ। ਯਿਸੂ ਨੇ ਕਿਹਾ: “ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈਂ।” ਅਫ਼ਸੁਸ ਦੀ ਕਲੀਸਿਯਾ ਦੇ ਮੈਂਬਰਾਂ ਲਈ ਜ਼ਰੂਰੀ ਸੀ ਕਿ ਉਹ ਯਹੋਵਾਹ ਨੂੰ ਉਸੇ ਤਰ੍ਹਾਂ ਪਿਆਰ ਕਰਨ ਜਿਸ ਤਰ੍ਹਾਂ ਉਹ ਪਹਿਲਾਂ ਕਰਦੇ ਸਨ। (ਮਰਕੁਸ 12:28-30; ਅਫ਼ਸੀਆਂ 2:4; 5:1, 2) ਸਾਨੂੰ ਵੀ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਪਰਮੇਸ਼ੁਰ ਲਈ ਸਾਡਾ ਪਹਿਲਾ ਪਿਆਰ ਠੰਢਾ ਨਾ ਪੈ ਜਾਵੇ। (3 ਯੂਹੰਨਾ 3) ਪਰ ਜੇ ਧਨ-ਦੌਲਤ ਜਾਂ ਐਸ਼ੋ-ਆਰਾਮ ਦੀ ਚਾਹਤ ਵਰਗੀਆਂ ਚੀਜ਼ਾਂ ਸਾਡੀ ਜ਼ਿੰਦਗੀ ਦਾ ਮੁੱਖ ਹਿੱਸਾ ਬਣ ਜਾਂਦੀਆਂ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (1 ਤਿਮੋਥਿਉਸ 4:8; 6:9, 10) ਸਾਨੂੰ ਮਦਦ ਲਈ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਤਾਂਕਿ ਅਸੀਂ ਆਪਣੇ ਦਿਲ ਵਿੱਚੋਂ ਇਸ ਚਾਹਤ ਨੂੰ ਹਟਾ ਕੇ ਇਸ ਵਿਚ ਯਹੋਵਾਹ ਲਈ ਡੂੰਘਾ ਪਿਆਰ ਪੈਦਾ ਕਰ ਸਕੀਏ। ਉਸ ਨੇ ਅਤੇ ਉਸ ਦੇ ਪੁੱਤਰ ਨੇ ਜੋ ਵੀ ਸਾਡੇ ਲਈ ਕੀਤਾ ਹੈ, ਉਸ ਦੀ ਸਾਨੂੰ ਗਹਿਰੀ ਕਦਰ ਕਰਨੀ ਚਾਹੀਦੀ ਹੈ।—1 ਯੂਹੰਨਾ 4:10, 16.

8 ਮਸੀਹ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਤਾਕੀਦ ਕੀਤੀ: “ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈਂ ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ!” ਜੇ ਉਹ ਯਿਸੂ ਦੀ ਇਹ ਗੱਲ ਨਾ ਮੰਨਦੇ, ਤਾਂ ਕੀ ਹੁੰਦਾ? ਯਿਸੂ ਨੇ ਕਿਹਾ: “ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹ ਦੇ ਥਾਂ ਤੋਂ ਹਟਾ ਦਿਆਂਗਾ।” ਜੇ ਸਾਰੀਆਂ ਭੇਡਾਂ ਆਪਣਾ ਪਹਿਲਾ ਪਿਆਰ ਛੱਡ ਦੇਣ, ਤਾਂ “ਸ਼ਮਾਦਾਨ” ਜਾਂ ਕਲੀਸਿਯਾ ਬੰਦ ਹੋ ਜਾਵੇਗੀ। ਆਓ ਆਪਾਂ ਜੋਸ਼ੀਲੇ ਮਸੀਹੀ ਬਣ ਕੇ ਕਲੀਸਿਯਾ ਨੂੰ ਅਧਿਆਤਮਿਕ ਤੌਰ ਤੇ ਚਮਕਦੀ ਰੱਖਣ ਲਈ ਮਿਹਨਤ ਕਰੀਏ।—ਮੱਤੀ 5:14-16.

9. ਸਾਨੂੰ ਫ਼ਿਰਕਾਪ੍ਰਸਤੀ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ?

9 ਅਫ਼ਸੁਸ ਦੇ ਮਸੀਹੀਆਂ ਵਿਚ ਇਕ ਚੰਗੀ ਗੱਲ ਇਹ ਸੀ ਕਿ ਉਹ “ਨਿਕੁਲਾਈਆਂ ਦਿਆਂ ਕੰਮਾਂ” ਤੋਂ ਨਫ਼ਰਤ ਕਰਦੇ ਸਨ। ਨਿਕੁਲਾਈਆਂ ਬਾਰੇ ਪਰਕਾਸ਼ ਦੀ ਪੋਥੀ ਵਿਚ ਜੋ ਵੀ ਦੱਸਿਆ ਹੈ, ਉਸ ਤੋਂ ਇਲਾਵਾ ਇਸ ਦੇ ਸ਼ੁਰੂ ਹੋਣ ਬਾਰੇ, ਇਸ ਦੀਆਂ ਸਿੱਖਿਆਵਾਂ ਤੇ ਕੰਮਾਂ ਬਾਰੇ ਹੋਰ ਕੋਈ ਵੀ ਪੱਕੀ ਜਾਣਕਾਰੀ ਨਹੀਂ ਹੈ। ਪਰ ਅਸੀਂ ਇਹ ਜ਼ਰੂਰ ਜਾਣਦੇ ਹਾਂ ਕਿ ਯਿਸੂ ਇਸ ਗੱਲ ਦੇ ਬਿਲਕੁਲ ਖ਼ਿਲਾਫ਼ ਸੀ ਕਿ ਉਸ ਦੇ ਚੇਲੇ ਇਨਸਾਨਾਂ ਦੇ ਪਿੱਛੇ ਚੱਲਣ। ਇਸ ਲਈ ਸਾਨੂੰ ਵੀ ਅਫ਼ਸੁਸ ਦੇ ਮਸੀਹੀਆਂ ਵਾਂਗ ਫ਼ਿਰਕਾਪ੍ਰਸਤੀ ਨਾਲ ਨਫ਼ਰਤ ਕਰਨੀ ਚਾਹੀਦੀ ਹੈ।—ਮੱਤੀ 23:10.

10. ਆਤਮਾ ਦੀ ਗੱਲ ਸੁਣਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

10 ਯਿਸੂ ਨੇ ਕਿਹਾ: “ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।” ਧਰਤੀ ਉੱਤੇ ਯਿਸੂ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਸਿੱਖਿਆਵਾਂ ਦਿੱਤੀਆਂ ਸਨ। (ਯਸਾਯਾਹ 61:1; ਲੂਕਾ 4:16-21) ਇਸ ਲਈ ਹੁਣ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਯਿਸੂ ਦੁਆਰਾ ਅੱਗੇ ਕੀ ਕਹਿੰਦਾ ਹੈ। ਆਤਮਾ ਤੋਂ ਪ੍ਰੇਰਿਤ ਹੋ ਕੇ ਯਿਸੂ ਨੇ ਵਾਅਦਾ ਕੀਤਾ: “ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਜੋ ਪਰਮੇਸ਼ੁਰ ਦੇ ਫ਼ਿਰਦੌਸ ਵਿੱਚ ਹੈ ਖਾਣ ਲਈ ਦਿਆਂਗਾ।” ਜਿਹੜੇ ਮਸਹ ਕੀਤੇ ਹੋਏ ਭੈਣ-ਭਰਾ ਆਤਮਾ ਦੀ ਗੱਲ ਸੁਣਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਦੇ ਸਵਰਗੀ “ਫ਼ਿਰਦੌਸ” ਯਾਨੀ ਉਸ ਦੀ ਹਜ਼ੂਰੀ ਵਿਚ ਹਮੇਸ਼ਾ-ਹਮੇਸ਼ਾ ਲਈ ਰਹਿਣ ਦਾ ਮੌਕਾ ਮਿਲੇਗਾ। ਆਤਮਾ ਦੀ ਗੱਲ ਸੁਣਨ ਵਾਲੀ “ਵੱਡੀ ਭੀੜ” ਦੇ ਲੋਕ ਧਰਤੀ ਉੱਤੇ ਫਿਰਦੌਸ ਵਿਚ ਰਹਿਣਗੇ ਜਿਸ ਵਿਚ ਉਹ “ਅੰਮ੍ਰਿਤ ਜਲ ਦੀ ਇੱਕ ਨਦੀ” ਦਾ ਪਾਣੀ ਪੀਣਗੇ ਅਤੇ ਇਸ ਨਦੀ ਦੇ ਕਿਨਾਰੇ ਲੱਗੇ ‘ਬਿਰਛਾਂ ਦੇ ਪੱਤੇ’ ਉਨ੍ਹਾਂ ਦੇ ਇਲਾਜ ਲਈ ਹੋਣਗੇ।—ਪਰਕਾਸ਼ ਦੀ ਪੋਥੀ 7:9; 22:1, 2.

11. ਅਸੀਂ ਯਹੋਵਾਹ ਲਈ ਪਿਆਰ ਕਿਵੇਂ ਵਧਾ ਸਕਦੇ ਹਾਂ?

11 ਅਫ਼ਸੁਸ ਦੇ ਮਸੀਹੀ ਆਪਣਾ ਪਹਿਲਾ ਪ੍ਰੇਮ ਛੱਡ ਬੈਠੇ ਸਨ, ਪਰ ਜੇ ਅੱਜ ਸਾਡੀ ਕਲੀਸਿਯਾ ਵਿਚ ਇਹ ਸਮੱਸਿਆ ਖੜ੍ਹੀ ਹੋ ਜਾਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਆਓ ਆਪਾਂ ਸਾਰੇ ਜਣੇ ਯਹੋਵਾਹ ਦੇ ਚੰਗੇ ਰਾਹਾਂ ਬਾਰੇ ਗੱਲ ਕਰ ਕੇ ਉਸ ਲਈ ਪਿਆਰ ਵਧਾਈਏ। ਅਸੀਂ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦੇ ਕੇ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ। (ਯੂਹੰਨਾ 3:16; ਰੋਮੀਆਂ 5:8) ਜਦੋਂ ਵੀ ਹੋ ਸਕੇ, ਅਸੀਂ ਸਭਾਵਾਂ ਦੌਰਾਨ ਆਪਣੀਆਂ ਟਿੱਪਣੀਆਂ ਜਾਂ ਕੋਈ ਭਾਗ ਪੇਸ਼ ਕਰਨ ਵੇਲੇ ਯਹੋਵਾਹ ਦੇ ਪਿਆਰ ਦਾ ਜ਼ਿਕਰ ਕਰ ਸਕਦੇ ਹਾਂ। ਅਸੀਂ ਮਸੀਹੀ ਸੇਵਕਾਈ ਵਿਚ ਯਹੋਵਾਹ ਦੇ ਨਾਂ ਦੀ ਵਡਿਆਈ ਕਰ ਕੇ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 145:10-13) ਜੀ ਹਾਂ, ਸਾਡੀ ਕਹਿਣੀ ਤੇ ਕਰਨੀ ਰਾਹੀਂ ਕਲੀਸਿਯਾ ਵਿਚ ਸਾਡੇ ਭੈਣਾਂ-ਭਰਾਵਾਂ ਦਾ ਪਹਿਲਾ ਪਿਆਰ ਮੁੜ ਕੇ ਜਾਗ ਸਕਦਾ ਹੈ ਜਾਂ ਫਿਰ ਹੋਰ ਵਧ ਸਕਦਾ ਹੈ।

ਸਮੁਰਨੇ ਦੇ ਦੂਤ ਨੂੰ

12. ਸਮੁਰਨੇ ਬਾਰੇ ਅਤੇ ਇਸ ਦੀਆਂ ਧਾਰਮਿਕ ਗਤੀਵਿਧੀਆਂ ਬਾਰੇ ਇਤਿਹਾਸ ਕੀ ਦੱਸਦਾ ਹੈ?

12 ਮਸੀਹ “ਜਿਹੜਾ ਪਹਿਲਾ ਅਤੇ ਪਿਛਲਾ ਹੈ, ਜਿਹੜਾ ਮੁਰਦਾ ਹੋਇਆ ਅਤੇ ਫੇਰ ਜੀ ਪਿਆ,” ਨੇ ਸਮੁਰਨੇ ਦੀ ਕਲੀਸਿਯਾ ਦੀ ਤਾਰੀਫ਼ ਕੀਤੀ। (ਪਰਕਾਸ਼ ਦੀ ਪੋਥੀ 2:8-11 ਪੜ੍ਹੋ।) ਸਮੁਰਨਾ (ਹੁਣ ਇਜ਼ਮੀਰ, ਤੁਰਕੀ) ਏਸ਼ੀਆ ਮਾਈਨਰ ਦੇ ਪੱਛਮ ਵੱਲ ਸਮੁੰਦਰੀ ਕਿਨਾਰੇ ਉੱਤੇ ਸਥਿਤ ਸੀ। ਯੂਨਾਨੀਆਂ ਨੇ ਇਹ ਸ਼ਹਿਰ ਵਸਾਇਆ ਸੀ, ਪਰ ਲਿਡਿਯਾ ਦੇ ਲੋਕਾਂ ਨੇ ਤਕਰੀਬਨ 580 ਸਾ.ਯੁ.ਪੂ. ਵਿਚ ਇਸ ਨੂੰ ਤਬਾਹ ਕਰ ਦਿੱਤਾ ਸੀ। ਸਿਕੰਦਰ ਮਹਾਨ ਦੇ ਵਾਰਸਾਂ ਨੇ ਸਮੁਰਨੇ ਨੂੰ ਨਵੀਂ ਜਗ੍ਹਾ ਤੇ ਮੁੜ ਵਸਾਇਆ ਤੇ ਇਹ ਏਸ਼ੀਆ ਵਿਚ ਰੋਮੀ ਇਲਾਕੇ ਦਾ ਹਿੱਸਾ ਬਣ ਗਿਆ। ਇਹ ਸ਼ਹਿਰ ਕਾਮਯਾਬ ਵਪਾਰ ਦਾ ਕੇਂਦਰ ਬਣ ਗਿਆ ਤੇ ਇਹ ਸੋਹਣੀਆਂ-ਸੋਹਣੀਆਂ ਇਮਾਰਤਾਂ ਲਈ ਵੀ ਪ੍ਰਸਿੱਧ ਸੀ। ਇਸ ਸ਼ਹਿਰ ਵਿਚ ਟਾਈਬੀਰੀਅਸ ਸੀਜ਼ਰ ਦੇ ਮੰਦਰ ਵਿਚ ਸਮਰਾਟ ਦੀ ਪੂਜਾ ਕੀਤੀ ਜਾਂਦੀ ਸੀ। ਪੂਜਾ ਕਰਨ ਵਾਲੇ ਲੋਕਾਂ ਨੂੰ ਚੁਟਕੀ ਭਰ ਧੂਪ ਧੁਖਾ ਕੇ “ਸੀਜ਼ਰ ਹੀ ਪ੍ਰਭੂ ਹੈ” ਕਹਿਣਾ ਪੈਂਦਾ ਸੀ। ਪਰ ਮਸੀਹੀ ਇਸ ਤਰ੍ਹਾਂ ਨਹੀਂ ਕਰ ਸਕਦੇ ਸਨ ਕਿਉਂਕਿ ਉਨ੍ਹਾਂ ਲਈ ‘ਯਿਸੂ ਪ੍ਰਭੂ ਹੈ।’ ਇਸ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਬਿਪਤਾਵਾਂ ਦਾ ਸਾਮ੍ਹਣਾ ਕਰਨਾ ਪਿਆ।—ਰੋਮੀਆਂ 10:9.

13. ਭਾਵੇਂ ਕਿ ਸਮੁਰਨੇ ਦੇ ਮਸੀਹੀ ਗ਼ਰੀਬ ਸਨ, ਪਰ ਉਹ ਕਿਸ ਪੱਖੋਂ ਅਮੀਰ ਸਨ?

13 ਬਿਪਤਾਵਾਂ ਤੋਂ ਇਲਾਵਾ, ਸਮੁਰਨੇ ਦੇ ਮਸੀਹੀਆਂ ਨੂੰ ਗ਼ਰੀਬੀ ਦਾ ਵੀ ਸਾਮ੍ਹਣਾ ਕਰਨਾ ਪਿਆ। ਸ਼ਾਇਦ ਸਮਰਾਟ ਦੀ ਪੂਜਾ ਨਾ ਕਰਨ ਕਰਕੇ ਉਨ੍ਹਾਂ ਉੱਤੇ ਕਈ ਮਾਲੀ ਪਾਬੰਦੀਆਂ ਲਾਈਆਂ ਗਈਆਂ ਸਨ। ਅੱਜ ਵੀ ਯਹੋਵਾਹ ਦੇ ਗਵਾਹ ਅਜਿਹੀਆਂ ਸਮੱਸਿਆਵਾਂ ਤੋਂ ਬਚੇ ਹੋਏ ਨਹੀਂ ਹਨ। (ਪਰਕਾਸ਼ ਦੀ ਪੋਥੀ 13:16, 17) ਭਾਵੇਂ ਕਿ ਸਮੁਰਨੇ ਦੇ ਮਸੀਹੀਆਂ ਵਾਂਗ ਅੱਜ ਵੀ ਕਈ ਮਸੀਹੀ ਗ਼ਰੀਬ ਹਨ, ਪਰ ਉਹ ਅਧਿਆਤਮਿਕ ਤੌਰ ਤੇ ਅਮੀਰ ਹਨ ਅਤੇ ਇਹੀ ਗੱਲ ਜ਼ਿਆਦਾ ਅਹਿਮੀਅਤ ਰੱਖਦੀ ਹੈ।—ਕਹਾਉਤਾਂ 10:22; 3 ਯੂਹੰਨਾ 2.

14, 15. ਪਰਕਾਸ਼ ਦੀ ਪੋਥੀ 2:10 ਤੋਂ ਮਸਹ ਕੀਤੇ ਹੋਏ ਮਸੀਹੀ ਕੀ ਹੌਸਲਾ ਪ੍ਰਾਪਤ ਕਰ ਸਕਦੇ ਹਨ?

14 ਸਮੁਰਨੇ ਦੇ ਜ਼ਿਆਦਾਤਰ ਯਹੂਦੀ “ਸ਼ਤਾਨ ਦੀ ਮੰਡਲੀ” ਸਨ ਕਿਉਂਕਿ ਉਹ ਗ਼ੈਰ-ਬਾਈਬਲੀ ਰੀਤਾਂ-ਰਸਮਾਂ ਨੂੰ ਮੰਨਦੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਮਸੀਹਾ ਨਹੀਂ ਮੰਨਿਆ ਅਤੇ ਉਸ ਦੇ ਮਸਹ ਕੀਤੇ ਹੋਏ ਮਸੀਹੀਆਂ ਦੀ ਬੇਅਦਬੀ ਕੀਤੀ। (ਰੋਮੀਆਂ 2:28, 29) ਪਰ ਮਸਹ ਕੀਤੇ ਹੋਏ ਮਸੀਹੀ ਯਿਸੂ ਦੀ ਇਸ ਗੱਲ ਤੋਂ ਹੌਸਲਾ ਪ੍ਰਾਪਤ ਕਰ ਸਕਦੇ ਹਨ: “ਜਿਹੜੇ ਦੁਖ ਤੈਂ ਭੋਗਣੇ ਹਨ ਤੂੰ ਓਹਨਾਂ ਤੋਂ ਨਾ ਡਰੀਂ। ਵੇਖੋ, ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੀਕ ਬਿਪਤਾ ਹੋਵੇਗੀ। ਤੂੰ ਮਰਨ ਤੋੜੀ ਵਫ਼ਾਦਾਰ ਰਹੁ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।”—ਪਰਕਾਸ਼ ਦੀ ਪੋਥੀ 2:10.

15 ਯਿਸੂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਸੀ ਕਿ ਯਹੋਵਾਹ ਦੀ ਹਕੂਮਤ ਦਾ ਪੱਖ ਲੈ ਕੇ ਉਸ ਨੂੰ ਮਰਨਾ ਪਵੇਗਾ। (ਫ਼ਿਲਿੱਪੀਆਂ 2:5-8) ਭਾਵੇਂ ਕਿ ਸ਼ਤਾਨ ਬਾਕੀ ਬਚੇ ਮਸਹ ਕੀਤੇ ਹੋਏ ਮਸੀਹੀਆਂ ਨਾਲ ਲੜ ਰਿਹਾ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੈ ਕਿ ਉਨ੍ਹਾਂ ਨੂੰ ਇਕ ਸਮੂਹ ਦੇ ਤੌਰ ਤੇ ਅਤਿਆਚਾਰ ਸਹਿਣੇ ਪੈਣਗੇ, ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ ਜਾਂ ਦਰਦਨਾਕ ਮੌਤ ਮਰਨਾ ਪਵੇਗਾ। (ਪਰਕਾਸ਼ ਦੀ ਪੋਥੀ 12:17) ਉਹ ਇਸ ਦੁਨੀਆਂ ਨੂੰ ਜਿੱਤ ਲੈਣਗੇ। ਪਰਾਈਆਂ ਕੌਮਾਂ ਦੀਆਂ ਖੇਡਾਂ ਵਿਚ ਜਿੱਤਣ ਵਾਲੇ ਦੇ ਸਿਰ ਤੇ ਫੁੱਲਾਂ ਦਾ ਤਾਜ ਸਜਾਇਆ ਜਾਂਦਾ ਸੀ। ਪਰ ਯਿਸੂ ਮਸਹ ਕੀਤੇ ਹੋਏ ਮਸੀਹੀਆਂ ਨਾਲ ਵਾਅਦਾ ਕਰਦਾ ਹੈ ਕਿ ਉਹ ਉਨ੍ਹਾਂ ਨੂੰ ਇਸ ਮੁਰਝਾ ਜਾਣ ਵਾਲੇ ਤਾਜ ਦੀ ਜਗ੍ਹਾ ਮੁਰਦਿਆਂ ਵਿੱਚੋਂ ਜ਼ਿੰਦਾ ਕਰ ਕੇ ਸਵਰਗ ਵਿਚ ਅਮਰ ਪ੍ਰਾਣੀਆਂ ਦੇ ਤੌਰ ਤੇ “ਜੀਵਨ ਦਾ ਮੁਕਟ” ਦੇਵੇਗਾ। ਕੀ ਇਸ ਤੋਹਫ਼ੇ ਦੀ ਤੁਲਨਾ ਹੋਰ ਕਿਸੇ ਚੀਜ਼ ਨਾਲ ਕੀਤੀ ਜਾ ਸਕਦੀ ਹੈ?

16. ਜੇ ਅਸੀਂ ਸਮੁਰਨੇ ਵਰਗੀ ਕਿਸੇ ਕਲੀਸਿਯਾ ਵਿਚ ਹਾਂ, ਤਾਂ ਸਾਡਾ ਧਿਆਨ ਕਿਹੜੇ ਇਕ ਖ਼ਾਸ ਵਿਸ਼ੇ ਉੱਤੇ ਹੋਣਾ ਚਾਹੀਦਾ ਹੈ?

16 ਅਸੀਂ ਭਾਵੇਂ ਸਵਰਗ ਜਾਣ ਦੀ ਆਸ ਰੱਖਦੇ ਹਾਂ ਜਾਂ ਫਿਰ ਧਰਤੀ ਉੱਤੇ ਰਹਿਣ ਦੀ, ਪਰ ਜੇ ਅਸੀਂ ਸਮੁਰਨੇ ਵਰਗੀ ਕਿਸੇ ਕਲੀਸਿਯਾ ਵਿਚ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਇਹ ਗੱਲ ਯਾਦ ਰੱਖਣ ਵਿਚ ਮਦਦ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਸਾਡੇ ਉੱਤੇ ਅਤਿਆਚਾਰ ਕਿਉਂ ਹੋਣ ਦਿੰਦਾ ਹੈ। ਇਸ ਦਾ ਕਾਰਨ ਹੈ ਉਸ ਦੇ ਰਾਜ ਕਰਨ ਦੇ ਹੱਕ ਦਾ ਵਾਦ-ਵਿਸ਼ਾ। ਯਹੋਵਾਹ ਦਾ ਹਰ ਵਫ਼ਾਦਾਰ ਗਵਾਹ ਸ਼ਤਾਨ ਨੂੰ ਝੂਠਾ ਸਾਬਤ ਕਰਦਾ ਹੈ ਅਤੇ ਦਿਖਾਉਂਦਾ ਹੈ ਕਿ ਅਤਿਆਚਾਰ ਸਹਿੰਦੇ ਹੋਏ ਵੀ ਉਹ ਪਰਮੇਸ਼ੁਰ ਦੇ ਰਾਜ ਦੇ ਹੱਕ ਦਾ ਪੂਰੀ ਦ੍ਰਿੜ੍ਹਤਾ ਨਾਲ ਸਮਰਥਨ ਕਰਦਾ ਹੈ। (ਕਹਾਉਤਾਂ 27:11) ਆਓ ਆਪਾਂ ਅਤਿਆਚਾਰ ਸਹਿਣ ਲਈ ਆਪਣੇ ਭੈਣਾਂ-ਭਰਾਵਾਂ ਨੂੰ ਉਤਸ਼ਾਹ ਦਿੰਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ‘ਉਮਰ ਭਰ ਯਹੋਵਾਹ ਦੇ ਅੱਗੇ ਪਵਿੱਤ੍ਰਤਾਈ ਤੇ ਧਰਮ ਨਾਲ ਬੇਧੜਕ ਉਹ ਦੀ ਉਪਾਸਨਾ ਕਰਨ’ ਦਾ ਸਨਮਾਨ ਮਿਲੇਗਾ।—ਲੂਕਾ 1:68, 69, 74, 75.

ਪਰਗਮੁਮ ਦੇ ਦੂਤ ਨੂੰ

17, 18. ਪਰਗਮੁਮ ਵਿਚ ਕਿਨ੍ਹਾਂ ਦੀ ਪੂਜਾ ਹੁੰਦੀ ਸੀ ਅਤੇ ਪੂਜਾ ਕਰਨ ਤੋਂ ਇਨਕਾਰ ਕਰਨ ਵਾਲਿਆਂ ਨੂੰ ਕੀ ਸਜ਼ਾ ਮਿਲ ਸਕਦੀ ਸੀ?

17 ਪਰਗਮੁਮ ਦੀ ਕਲੀਸਿਯਾ ਦੀ ਤਾਰੀਫ਼ ਵੀ ਕੀਤੀ ਗਈ ਸੀ ਤੇ ਇਸ ਨੂੰ ਤਾੜਿਆ ਵੀ ਗਿਆ ਸੀ। (ਪਰਕਾਸ਼ ਦੀ ਪੋਥੀ 2:12-17 ਪੜ੍ਹੋ।) ਪਰਗਮੁਮ ਸਮੁਰਨੇ ਤੋਂ ਉੱਤਰ ਵੱਲ ਤਕਰੀਬਨ 80 ਕਿਲੋਮੀਟਰ ਦੂਰ ਸੀ ਤੇ ਇਹ ਸ਼ਹਿਰ ਝੂਠੇ ਧਰਮ ਵਿਚ ਪੂਰੀ ਤਰ੍ਹਾਂ ਖੁੱਭਿਆ ਹੋਇਆ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਬਾਬਲੀ ਜੋਤਸ਼ੀ ਬਾਬਲ ਤੋਂ ਭੱਜ ਕੇ ਇੱਥੇ ਆ ਗਏ ਸਨ। ਬੀਮਾਰਾਂ ਦੀਆਂ ਭੀੜਾਂ ਦੀਆਂ ਭੀੜਾਂ ਪਰਗਮੁਮ ਵਿਚ ਇਲਾਜ ਅਤੇ ਦਵਾਈਆਂ ਦੇ ਝੂਠੇ ਦੇਵਤੇ ਅਸਕਲੀਪਿਅਸ ਦੇ ਪ੍ਰਸਿੱਧ ਮੰਦਰ ਆਉਂਦੀਆਂ ਸਨ। ਪਰਗਮੁਮ ਵਿਚ ਸੀਜ਼ਰ ਅਗਸਟਸ ਦੀ ਭਗਤੀ ਕਰਨ ਲਈ ਮੰਦਰ ਸੀ, ਇਸ ਲਈ ਇਕ ਵਿਸ਼ਵ-ਕੋਸ਼ ਵਿਚ ਪਰਗਮੁਮ ਨੂੰ “ਸਮਰਾਟ ਮਤ ਦਾ ਮੁੱਖ ਕੇਂਦਰ” (ਐਨਸਾਈਕਲੋਪੀਡੀਆ ਬ੍ਰਿਟੈਨਿਕਾ, 1959, ਅੰਕ 17, ਸਫ਼ਾ 507) ਕਿਹਾ ਗਿਆ ਹੈ।

18 ਪਰਗਮੁਮ ਵਿਚ ਜ਼ੂਸ ਦੇਵਤੇ ਦੀ ਇਕ ਬਹੁਤ ਵੱਡੀ ਵੇਦੀ ਵੀ ਸੀ। ਉਸ ਸ਼ਹਿਰ ਵਿਚ ਸ਼ਤਾਨ ਦੇ ਪ੍ਰਭਾਵ ਅਧੀਨ ਲੋਕ ਆਦਮੀਆਂ ਨੂੰ ਦੇਵਤਿਆਂ ਵਜੋਂ ਪੂਜਦੇ ਵੀ ਸਨ। ਇਸੇ ਕਰਕੇ ਕਿਹਾ ਗਿਆ ਸੀ ਕਿ ਕਲੀਸਿਯਾ ਉੱਥੇ ਵੱਸਦੀ ਸੀ ਜਿੱਥੇ “ਸ਼ਤਾਨ ਦੀ ਗੱਦੀ” ਸੀ! ਯਹੋਵਾਹ ਦੇ ਰਾਜ ਕਰਨ ਦੇ ਹੱਕ ਦਾ ਸਮਰਥਨ ਕਰਨ ਵਾਲੇ ਨੂੰ ਸਮਰਾਟ ਦੀ ਪੂਜਾ ਨਾ ਕਰਨ ਕਰਕੇ ਮੌਤ ਦੀ ਸਜ਼ਾ ਮਿਲ ਸਕਦੀ ਸੀ। ਇਹ ਸੰਸਾਰ ਅਜੇ ਵੀ ਸ਼ਤਾਨ ਦੇ ਵੱਸ ਵਿਚ ਹੈ ਅਤੇ ਅੱਜ ਵੀ ਕੌਮੀ ਨਿਸ਼ਾਨਾਂ ਦੀ ਪੂਜਾ ਕੀਤੀ ਜਾਂਦੀ ਹੈ। (1 ਯੂਹੰਨਾ 5:19) ਪਹਿਲੀ ਸਦੀ ਤੋਂ ਅੱਜ ਤਕ ਬਹੁਤ ਸਾਰੇ ਵਫ਼ਾਦਾਰ ਮਸੀਹੀ ਸ਼ਹੀਦ ਹੋਏ ਹਨ, ਜਿਵੇਂ ਕਿ ਇਕ ਬਾਰੇ ਮਸੀਹ ਨੇ ਕਿਹਾ ਸੀ: ‘ਅੰਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਮਾਤਬਰ ਜਨ ਸੀ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ।’ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਯਕੀਨਨ ਆਪਣੇ ਇਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਯਾਦ ਰੱਖਦੇ ਹਨ।—1 ਯੂਹੰਨਾ 5:21.

19. ਬਿਲਆਮ ਨੇ ਕੀ ਕੀਤਾ ਸੀ ਅਤੇ ਮਸੀਹੀਆਂ ਨੂੰ ਕਿਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ?

19 ਮਸੀਹ ਨੇ “ਬਿਲਆਮ ਦੀ ਸਿੱਖਿਆ” ਬਾਰੇ ਵੀ ਗੱਲ ਕੀਤੀ ਸੀ। ਧਨ-ਦੌਲਤ ਦੇ ਲਾਲਚ ਵਿਚ ਝੂਠੇ ਨਬੀ ਬਿਲਆਮ ਨੇ ਇਸਰਾਏਲੀਆਂ ਨੂੰ ਸਰਾਪ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਪਰਮੇਸ਼ੁਰ ਨੇ ਬਿਲਆਮ ਦੇ ਸਰਾਪਾਂ ਨੂੰ ਬਰਕਤਾਂ ਵਿਚ ਬਦਲ ਦਿੱਤਾ ਸੀ, ਤਾਂ ਬਿਲਆਮ ਨੇ ਮੋਆਬੀ ਰਾਜੇ ਬਾਲਾਕ ਨਾਲ ਮਿਲ ਕੇ ਕਈ ਇਸਰਾਏਲੀਆਂ ਨੂੰ ਮੂਰਤੀ-ਪੂਜਾ ਅਤੇ ਵਿਭਚਾਰ ਕਰਨ ਲਈ ਭਰਮਾਇਆ। ਮਸੀਹੀ ਬਜ਼ੁਰਗਾਂ ਨੂੰ ਫ਼ੀਨਹਾਸ ਵਾਂਗ ਧਾਰਮਿਕਤਾ ਦਾ ਦ੍ਰਿੜ੍ਹਤਾ ਨਾਲ ਸਮਰਥਨ ਕਰਨਾ ਚਾਹੀਦਾ ਹੈ ਜਿਸ ਨੇ ਬਿਲਆਮ ਦੇ ਕੰਮਾਂ ਦਾ ਵਿਰੋਧ ਕੀਤਾ ਸੀ। (ਗਿਣਤੀ 22:1–25:15; 2 ਪਤਰਸ 2:15, 16; ਯਹੂਦਾਹ 11) ਅਸਲ ਵਿਚ ਸਾਰੇ ਮਸੀਹੀਆਂ ਨੂੰ ਇਸ ਗੱਲ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ ਕਿ ਕਲੀਸਿਯਾ ਵਿਚ ਕਿਸੇ ਤਰ੍ਹਾਂ ਦੀ ਮੂਰਤੀ-ਪੂਜਾ ਜਾਂ ਵਿਭਚਾਰ ਘਰ ਨਾ ਕਰ ਲਵੇ।—ਯਹੂਦਾਹ 3, 4.

20. ਜੇ ਕੋਈ ਮਸੀਹੀ ਆਪਣੇ ਅੰਦਰ ਧਰਮ-ਤਿਆਗੀ ਵਿਚਾਰ ਪੈਦਾ ਕਰਨੇ ਸ਼ੁਰੂ ਕਰ ਦਿੰਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ?

20 ਪਰਗਮੁਮ ਦੀ ਕਲੀਸਿਯਾ ਬਹੁਤ ਵੱਡੀ ਮੁਸੀਬਤ ਵਿਚ ਸੀ ਕਿਉਂਕਿ ਉਹ “ਨਿਕੁਲਾਈਆਂ ਦੀ ਸਿੱਖਿਆ” ਉੱਤੇ ਚੱਲਣ ਵਾਲਿਆਂ ਨੂੰ ਬਰਦਾਸ਼ਤ ਕਰ ਰਹੀ ਸੀ। ਮਸੀਹ ਨੇ ਕਲੀਸਿਯਾ ਨੂੰ ਕਿਹਾ: “ਤੋਬਾ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਓਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ।” ਫ਼ਿਰਕਾਪ੍ਰਸਤ ਲੋਕ ਮਸੀਹੀਆਂ ਦੀ ਅਧਿਆਤਮਿਕਤਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਜਿਹੜੇ ਲੋਕ ਧੜੇ ਤੇ ਫਿਰਕੇ ਬਣਾਉਣ ਵਿਚ ਲੱਗੇ ਹੋਏ ਹਨ, ਉਹ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ। (ਰੋਮੀਆਂ 16:17, 18; 1 ਕੁਰਿੰਥੀਆਂ 1:10; ਗਲਾਤੀਆਂ 5:19-21) ਜੇ ਕੋਈ ਮਸੀਹੀ ਆਪਣੇ ਅੰਦਰ ਅਜਿਹੇ ਧਰਮ-ਤਿਆਗੀ ਵਿਚਾਰ ਪੈਦਾ ਕਰਨੇ ਸ਼ੁਰੂ ਕਰ ਦਿੰਦਾ ਹੈ ਤੇ ਉਨ੍ਹਾਂ ਨੂੰ ਫੈਲਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਮਸੀਹ ਦੀ ਚੇਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ! ਆਪਣੇ ਆਪ ਨੂੰ ਆਫ਼ਤ ਤੋਂ ਬਚਾਉਣ ਲਈ ਉਸ ਨੂੰ ਤੋਬਾ ਕਰਨੀ ਚਾਹੀਦੀ ਹੈ ਅਤੇ ਕਲੀਸਿਯਾ ਦੇ ਬਜ਼ੁਰਗਾਂ ਕੋਲੋਂ ਅਧਿਆਤਮਿਕ ਮਦਦ ਮੰਗਣੀ ਚਾਹੀਦੀ ਹੈ। (ਯਾਕੂਬ 5:13-18) ਫਟਾਫਟ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਯਿਸੂ ਮਸੀਹ ਜਲਦੀ ਹੀ ਸਜ਼ਾ ਦੇਣ ਆ ਰਿਹਾ ਹੈ।

21, 22. ਕਿਹੜੇ ਲੋਕ “ਗੁਪਤ ਮੰਨ” ਖਾਣਗੇ ਅਤੇ ਇਸ ਨੂੰ ਖਾਣ ਦਾ ਕੀ ਮਤਲਬ ਹੈ?

21 ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀ ਅਤੇ ਉਨ੍ਹਾਂ ਦੇ ਵਫ਼ਾਦਾਰ ਸਾਥੀਆਂ ਨੂੰ ਇਸ ਸਜ਼ਾ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਨਿਰਦੇਸ਼ ਵਿਚ ਯਿਸੂ ਨੇ ਜੋ ਸਲਾਹ ਦਿੱਤੀ ਸੀ, ਉਸ ਨੂੰ ਮੰਨਣ ਵਾਲਿਆਂ ਨੂੰ ਬਰਕਤਾਂ ਮਿਲਣਗੀਆਂ। ਉਦਾਹਰਣ ਲਈ, ਸੰਸਾਰ ਨੂੰ ਜਿੱਤਣ ਵਾਲੇ ਮਸਹ ਕੀਤੇ ਹੋਏ ਮਸੀਹੀਆਂ ਨੂੰ “ਗੁਪਤ ਮੰਨ” ਖਾਣ ਲਈ ਸੱਦਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ “ਇੱਕ ਚਿੱਟਾ ਪੱਥਰ” ਦਿੱਤਾ ਜਾਵੇਗਾ ਜਿਸ ਉੱਤੇ “ਇੱਕ ਨਵਾਂ ਨਾਉਂ” ਲਿਖਿਆ ਹੋਵੇਗਾ।

22 ਜਦੋਂ ਇਸਰਾਏਲੀ 40 ਸਾਲ ਉਜਾੜ ਵਿਚ ਸਨ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਖਾਣ ਲਈ ਮੰਨ ਦਿੱਤਾ ਸੀ। ਇਸ “ਰੋਟੀ” ਦੀ ਥੋੜ੍ਹੀ ਜਿਹੀ ਮਾਤਰਾ ਇਕ ਸੋਨੇ ਦੇ ਮਰਤਬਾਨ ਵਿਚ ਪਾ ਕੇ ਨੇਮ ਦੇ ਸੰਦੂਕ ਵਿਚ ਰੱਖੀ ਜਾਂਦੀ ਸੀ ਅਤੇ ਉਹ ਸੰਦੂਕ ਤੰਬੂ ਦੇ ਅੱਤ ਪਵਿੱਤਰ ਕਮਰੇ ਵਿਚ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਰੱਖਿਆ ਜਾਂਦਾ ਸੀ। ਇਸ ਕਮਰੇ ਵਿਚ ਇਕ ਚਮਤਕਾਰੀ ਰੌਸ਼ਨੀ ਯਹੋਵਾਹ ਦੀ ਮੌਜੂਦਗੀ ਦਾ ਪ੍ਰਤੀਕ ਹੁੰਦੀ ਸੀ। (ਕੂਚ 16:14, 15, 23, 26, 33; 26:34; ਇਬਰਾਨੀਆਂ 9:3, 4) ਸੰਦੂਕ ਵਿਚ ਲੁਕਾ ਕੇ ਰੱਖੇ ਇਸ ਮੰਨ ਨੂੰ ਖਾਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਸੀ। ਪਰ ਯਿਸੂ ਦੇ ਮਸਹ ਕੀਤੇ ਹੋਏ ਚੇਲੇ ਮੁੜ ਜੀ ਉੱਠਣ ਤੇ “ਗੁਪਤ ਮੰਨ” ਖਾਣਗੇ, ਇਸ ਦਾ ਮਤਲਬ ਹੈ ਕਿ ਉਹ ਅਮਰ ਹੋ ਜਾਣਗੇ।—1 ਕੁਰਿੰਥੀਆਂ 15:53-57.

23. ‘ਚਿੱਟੇ ਪੱਥਰ’ ਅਤੇ ‘ਨਵੇਂ ਨਾਉਂ’ ਦੀ ਕੀ ਅਹਿਮੀਅਤ ਹੈ?

23 ਰੋਮੀ ਅਦਾਲਤ ਵਿਚ ਜਿਸ ਨੂੰ ਕਾਲਾ ਪੱਥਰ ਦਿੱਤਾ ਜਾਂਦਾ ਸੀ, ਉਸ ਦਾ ਮਤਲਬ ਸੀ ਕਿ ਉਸ ਨੂੰ ਸਜ਼ਾ ਦਿੱਤੀ ਜਾਣੀ ਸੀ। ਪਰ ਜਿਸ ਨੂੰ ਚਿੱਟਾ ਪੱਥਰ ਦਿੱਤਾ ਜਾਂਦਾ ਸੀ, ਉਸ ਦਾ ਮਤਲਬ ਹੁੰਦਾ ਸੀ ਕਿ ਉਹ ਬੇਕਸੂਰ ਸੀ। ਯਿਸੂ ਮਸਹ ਕੀਤੇ ਹੋਏ ਜੇਤੂ ਮਸੀਹੀਆਂ ਨੂੰ “ਇੱਕ ਚਿੱਟਾ ਪੱਥਰ” ਦਿੰਦਾ ਹੈ, ਇਸ ਦਾ ਮਤਲਬ ਹੈ ਕਿ ਇਹ ਮਸੀਹੀ ਉਸ ਦੀ ਨਜ਼ਰ ਵਿਚ ਬੇਕਸੂਰ, ਪਾਕ ਤੇ ਸਾਫ਼ ਹਨ। ਰੋਮੀ ਖ਼ਾਸ ਤਿਉਹਾਰਾਂ ਜਾਂ ਸਮਾਰੋਹਾਂ ਵਿਚ ਸ਼ਾਮਲ ਹੋਣ ਲਈ ਪੱਥਰਾਂ ਨੂੰ ਟਿਕਟਾਂ ਵਜੋਂ ਵੀ ਇਸਤੇਮਾਲ ਕਰਦੇ ਸਨ, ਇਸ ਲਈ “ਚਿੱਟਾ ਪੱਥਰ” ਸ਼ਾਇਦ ਇਸ ਗੱਲ ਨੂੰ ਸੰਕੇਤ ਕਰਦਾ ਹੈ ਕਿ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਲੇਲੇ ਦੇ ਵਿਆਹ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੇਗੀ। (ਪਰਕਾਸ਼ ਦੀ ਪੋਥੀ 19:7-9) “ਨਵਾਂ ਨਾਉਂ” ਸਪੱਸ਼ਟ ਤੌਰ ਤੇ ਇਸ ਗੱਲ ਨੂੰ ਸੰਕੇਤ ਕਰਦਾ ਹੈ ਕਿ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਵਰਗੀ ਰਾਜ ਵਿਚ ਯਿਸੂ ਦੇ ਨਾਲ ਰਾਜ ਕਰਨ ਦਾ ਮਾਣ ਬਖ਼ਸ਼ਿਆ ਜਾਵੇਗਾ। ਇਸ ਤੋਂ ਮਸਹ ਕੀਤੇ ਹੋਏ ਮਸੀਹੀਆਂ ਅਤੇ ਜ਼ਮੀਨੀ ਫਿਰਦੌਸ ਵਿਚ ਜੀਉਣ ਦੀ ਆਸ ਰੱਖਣ ਵਾਲੇ ਯਹੋਵਾਹ ਦੇ ਭਗਤਾਂ ਨੂੰ ਕਿੰਨਾ ਹੌਸਲਾ ਮਿਲਦਾ ਹੈ!

24. ਸਾਨੂੰ ਧਰਮ-ਤਿਆਗ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ?

24 ਇਸ ਗੱਲ ਨੂੰ ਯਾਦ ਰੱਖਣਾ ਸਮਝਦਾਰੀ ਹੈ ਕਿ ਪਰਗਮੁਮ ਦੀ ਕਲੀਸਿਯਾ ਨੂੰ ਧਰਮ-ਤਿਆਗੀਆਂ ਤੋਂ ਖ਼ਤਰਾ ਸੀ। ਜੇ ਸਾਡੀ ਕਲੀਸਿਯਾ ਦੀ ਅਧਿਆਤਮਿਕਤਾ ਨੂੰ ਇਸੇ ਤਰ੍ਹਾਂ ਦਾ ਖ਼ਤਰਾ ਹੋਵੇ, ਤਾਂ ਆਓ ਆਪਾਂ ਧਰਮ-ਤਿਆਗੀ ਵਿਚਾਰਾਂ ਤੋਂ ਦੂਰ ਰਹਿ ਕੇ ਸੱਚਾਈ ਦੇ ਰਾਹ ਉੱਤੇ ਚੱਲਦੇ ਰਹੀਏ। (ਯੂਹੰਨਾ 8:32, 44; 3 ਯੂਹੰਨਾ 4) ਕਿਉਂਕਿ ਧਰਮ-ਤਿਆਗ ਵੱਲ ਜਾ ਰਹੇ ਝੂਠੇ ਸਿੱਖਿਅਕ ਜਾਂ ਵਿਅਕਤੀ ਪੂਰੀ ਕਲੀਸਿਯਾ ਨੂੰ ਭ੍ਰਿਸ਼ਟ ਕਰ ਸਕਦੇ ਹਨ, ਇਸ ਲਈ ਸਾਨੂੰ ਧਰਮ-ਤਿਆਗ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰਨਾ ਚਾਹੀਦਾ ਹੈ ਤੇ ਕਦੀ ਵੀ ਦੁਸ਼ਟ ਵਿਅਕਤੀਆਂ ਦੀਆਂ ਗੱਲਾਂ ਵਿਚ ਆ ਕੇ ਸੱਚਾਈ ਉੱਤੇ ਚੱਲਣ ਤੋਂ ਨਹੀਂ ਹਟਣਾ ਚਾਹੀਦਾ।—ਗਲਾਤੀਆਂ 5:7-12; 2 ਯੂਹੰਨਾ 8-11.

25. ਅਗਲੇ ਲੇਖ ਵਿਚ ਕਿਨ੍ਹਾਂ ਕਲੀਸਿਯਾਵਾਂ ਬਾਰੇ ਚਰਚਾ ਕੀਤੀ ਜਾਵੇਗੀ ਜਿਨ੍ਹਾਂ ਨੂੰ ਮਸੀਹ ਨੇ ਸੰਦੇਸ਼ ਦਿੱਤੇ ਸਨ?

25 ਏਸ਼ੀਆ ਮਾਈਨਰ ਦੀਆਂ ਸੱਤਾਂ ਵਿੱਚੋਂ ਤਿੰਨ ਕਲੀਸਿਯਾਵਾਂ ਦੀ ਮਹਿਮਾਵਾਨ ਯਿਸੂ ਮਸੀਹ ਨੇ ਕਿੰਨੇ ਵਧੀਆ ਸ਼ਬਦਾਂ ਨਾਲ ਤਾਰੀਫ਼ ਕੀਤੀ ਤੇ ਉਨ੍ਹਾਂ ਨੂੰ ਕਿੰਨੀ ਵਧੀਆ ਸਲਾਹ ਦਿੱਤੀ! ਪਰ ਪਵਿੱਤਰ ਆਤਮਾ ਦੇ ਨਿਰਦੇਸ਼ਨ ਅਧੀਨ ਅਜੇ ਉਸ ਨੇ ਬਾਕੀ ਚਾਰ ਕਲੀਸਿਯਾਵਾਂ ਨਾਲ ਵੀ ਗੱਲ ਕਰਨੀ ਹੈ। ਥੂਆਤੀਰਾ, ਸਾਰਦੀਸ, ਫ਼ਿਲਦਲਫ਼ੀਆ ਅਤੇ ਲਾਉਦਿਕੀਆ ਨੂੰ ਦਿੱਤੇ ਸੰਦੇਸ਼ਾਂ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।

ਤੁਸੀਂ ਕੀ ਜਵਾਬ ਦਿਓਗੇ?

• ਮਸੀਹ ਨੇ ਕਲੀਸਿਯਾਵਾਂ ਨੂੰ ਜੋ ਕਿਹਾ, ਸਾਨੂੰ ਉਸ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?

• ਅਸੀਂ ਕਲੀਸਿਯਾ ਦਾ ਪਹਿਲਾ ਪਿਆਰ ਦੁਬਾਰਾ ਕਿਵੇਂ ਜਗਾ ਸਕਦੇ ਹਾਂ?

• ਸਮੁਰਨਾ ਦੇ ਗ਼ਰੀਬ ਮਸੀਹੀ ਕਿਸ ਅਰਥ ਵਿਚ ਅਮੀਰ ਸਨ?

• ਪਰਗਮੁਮ ਦੀ ਕਲੀਸਿਯਾ ਦੀ ਹਾਲਤ ਬਾਰੇ ਸੋਚਦੇ ਹੋਏ ਸਾਨੂੰ ਧਰਮ-ਤਿਆਗੀ ਵਿਚਾਰਾਂ ਬਾਰੇ ਕੀ ਨਜ਼ਰੀਆ ਅਪਣਾਉਣਾ ਚਾਹੀਦਾ ਹੈ?

[ਸਵਾਲ]

[ਸਫ਼ੇ 10 ਉੱਤੇ ਨਕਸ਼ਾ]

ਯੂਨਾਨ

ਏਸ਼ੀਆ ਮਾਈਨਰ

ਸਮੁਰਨਾ

ਅਫ਼ਸੁਸ

ਪਰਗਮੁਮ

ਥੂਆਤੀਰਾ

ਸਾਰਦੀਸ

ਫ਼ਿਲਦਲਫ਼ੀਆ

ਲਾਉਦਿਕੀਆ

[ਸਫ਼ੇ 12 ਉੱਤੇ ਤਸਵੀਰ]

“ਵੱਡੀ ਭੀੜ” ਧਰਤੀ ਉੱਤੇ ਫਿਰਦੌਸ ਵਿਚ ਜ਼ਿੰਦਗੀ ਦਾ ਆਨੰਦ ਮਾਣੇਗੀ

[ਸਫ਼ੇ 13 ਉੱਤੇ ਤਸਵੀਰਾਂ]

ਸਤਾਏ ਹੋਏ ਮਸੀਹੀ ਦੁਨੀਆਂ ਜਿੱਤ ਲੈਂਦੇ ਹਨ