Skip to content

Skip to table of contents

ਹਰ ਕੋਈ ਆਪਣੇ ਹੰਜੀਰ ਦੇ ਦਰਖ਼ਤ ਹੇਠ ਬੈਠੇਗਾ

ਹਰ ਕੋਈ ਆਪਣੇ ਹੰਜੀਰ ਦੇ ਦਰਖ਼ਤ ਹੇਠ ਬੈਠੇਗਾ

ਹਰ ਕੋਈ ਆਪਣੇ ਹੰਜੀਰ ਦੇ ਦਰਖ਼ਤ ਹੇਠ ਬੈਠੇਗਾ

ਮੱਧ ਪੂਰਬੀ ਦੇਸ਼ਾਂ ਵਿਚ ਗਰਮੀਆਂ ਦੇ ਮੌਸਮ ਵਿਚ ਸਾਰੇ ਲੋਕ ਛਾਂ ਨੂੰ ਤਰਸਦੇ ਹਨ। ਤਿੱਖੀ ਧੁੱਪ ਤੋਂ ਬਚਣ ਲਈ ਲੋਕ ਦਰਖ਼ਤ ਦੀ ਛਾਂ ਹੇਠ ਆ ਕੇ ਸੁੱਖ ਦਾ ਸਾਹ ਲੈਂਦੇ ਹਨ। ਜੇ ਦਰਖ਼ਤ ਉਨ੍ਹਾਂ ਦੇ ਘਰ ਦੇ ਨੇੜੇ ਹੋਵੇ, ਤਾਂ ਹੋਰ ਵੀ ਚੰਗੀ ਗੱਲ ਹੈ। ਮੱਧ ਪੂਰਬੀ ਦੇਸ਼ਾਂ ਵਿਚ ਹੰਜੀਰ ਦਾ ਦਰਖ਼ਤ ਦੂਸਰੇ ਦਰਖ਼ਤਾਂ ਨਾਲੋਂ ਜ਼ਿਆਦਾ ਛਾਂ ਦਿੰਦਾ ਹੈ ਕਿਉਂਕਿ ਇਸ ਦੇ ਪੱਤੇ ਵੱਡੇ ਅਤੇ ਟਾਹਣੀਆਂ ਕਾਫ਼ੀ ਫੈਲੀਆਂ ਹੁੰਦੀਆਂ ਹਨ।

ਬਾਈਬਲ ਵਿਚ ਜ਼ਿਕਰ ਕੀਤੇ ਗਏ ਪੌਦੇ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਮੁਤਾਬਕ, “ਲੋਕ ਮੰਨਦੇ ਹਨ ਕਿ ਤੰਬੂ ਵਿਚ ਬੈਠਣ ਨਾਲੋਂ [ਹੰਜੀਰ ਦੇ ਦਰਖ਼ਤ ਦੀ] ਛਾਂ ਹੇਠ ਬੈਠਣ ਨਾਲ ਜ਼ਿਆਦਾ ਠੰਢਕ ਅਤੇ ਆਰਾਮ ਮਿਲਦਾ ਹੈ।” ਪ੍ਰਾਚੀਨ ਇਸਰਾਏਲ ਵਿਚ, ਅੰਗੂਰੀ ਬਾਗ਼ਾਂ ਦੇ ਆਲੇ-ਦੁਆਲੇ ਹੰਜੀਰ ਦੇ ਦਰਖ਼ਤ ਲਾਏ ਜਾਂਦੇ ਸਨ ਜਿਨ੍ਹਾਂ ਦੇ ਹੇਠ ਬੈਠ ਕੇ ਬਾਗ਼ ਵਿਚ ਕੰਮ ਕਰਨ ਵਾਲੇ ਮਜ਼ਦੂਰ ਥੋੜ੍ਹਾ-ਬਹੁਤ ਆਰਾਮ ਕਰ ਸਕਦੇ ਸਨ।

ਗਰਮੀਆਂ ਵਿਚ ਸ਼ਾਮ ਦੇ ਸਮੇਂ ਪੂਰਾ ਪਰਿਵਾਰ ਆਪਣੇ ਹੰਜੀਰ ਦੇ ਦਰਖ਼ਤ ਹੇਠ ਬੈਠ ਕੇ ਇਕ ਦੂਸਰੇ ਨਾਲ ਗੱਲਾਂ-ਬਾਤਾਂ ਕਰ ਸਕਦੇ ਸਨ। ਇਸ ਤੋਂ ਇਲਾਵਾ, ਹੰਜੀਰ ਦੇ ਦਰਖ਼ਤ ਨੂੰ ਬਹੁਤ ਸਾਰਾ ਸੁਆਦੀ ਫਲ ਵੀ ਲੱਗਦਾ ਹੈ। ਇਸ ਲਈ, ਰਾਜਾ ਸੁਲੇਮਾਨ ਦੇ ਦਿਨਾਂ ਤੋਂ ਲੋਕ ਆਪੋ-ਆਪਣੇ ਹੰਜੀਰ ਦੇ ਦਰਖ਼ਤ ਹੇਠ ਬੈਠਣ ਨੂੰ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਮੰਨਦੇ ਸਨ।—1 ਰਾਜਿਆਂ 4:24, 25.

ਸੁਲੇਮਾਨ ਤੋਂ ਕਈ ਸਦੀਆਂ ਪਹਿਲਾਂ, ਮੂਸਾ ਨਬੀ ਨੇ ਵਾਅਦਾ ਕੀਤੇ ਗਏ ਦੇਸ਼ ਯਾਨੀ ਕਨਾਨ ਨੂੰ ਇਕ ਅਜਿਹੀ ਧਰਤੀ ਕਿਹਾ ਸੀ ‘ਜਿੱਥੇ ਹਜੀਰ ਹੁੰਦੇ ਹਨ।’ (ਬਿਵਸਥਾ ਸਾਰ 8:8) ਜਦੋਂ ਬਾਰਾਂ ਇਸਰਾਏਲੀ ਜਾਸੂਸਾਂ ਨੂੰ ਕਨਾਨ ਦੇਸ਼ ਵਿਚ ਭੇਜਿਆ ਗਿਆ ਸੀ, ਤਾਂ ਉਹ ਦੇਸ਼ ਦੀ ਖ਼ੁਸ਼ਹਾਲੀ ਦੇ ਸਬੂਤ ਵਜੋਂ ਉੱਥੋਂ ਹੰਜੀਰ ਅਤੇ ਹੋਰ ਕਈ ਫਲ ਲਿਆਏ ਸਨ। (ਗਿਣਤੀ 13:21-23) ਉੱਨੀਵੀਂ ਸਦੀ ਵਿਚ ਮੱਧ ਪੂਰਬੀ ਦੇਸ਼ਾਂ ਦਾ ਦੌਰਾ ਕਰਨ ਵਾਲੇ ਇਕ ਆਦਮੀ ਨੇ ਕਿਹਾ ਸੀ ਕਿ ਉੱਥੇ ਹੰਜੀਰ ਦੇ ਦਰਖ਼ਤ ਆਮ ਉੱਗਦੇ ਸਨ। ਤਾਂ ਹੀ ਬਾਈਬਲ ਅਕਸਰ ਹੰਜੀਰ ਅਤੇ ਹੰਜੀਰ ਦੇ ਦਰਖ਼ਤਾਂ ਦਾ ਜ਼ਿਕਰ ਕਰਦੀ ਹੈ!

ਸਾਲ ਵਿਚ ਦੋ ਵਾਰ ਫਲ ਦੇਣ ਵਾਲਾ ਦਰਖ਼ਤ

ਹੰਜੀਰ ਦਾ ਦਰਖ਼ਤ ਆਮ ਤੌਰ ਤੇ ਕਿਸੇ ਵੀ ਮਿੱਟੀ ਵਿਚ ਉੱਗ ਪੈਂਦਾ ਹੈ। ਮੱਧ ਪੂਰਬੀ ਦੇਸ਼ਾਂ ਵਿਚ ਗਰਮੀ ਦੇ ਲੰਮੇ ਮੌਸਮ ਵਿਚ ਮੀਂਹ ਨਹੀਂ ਪੈਂਦਾ। ਫਿਰ ਵੀ ਹੰਜੀਰ ਦੇ ਦਰਖ਼ਤਾਂ ਦੀਆਂ ਜੜ੍ਹਾਂ ਦੂਰ-ਦੂਰ ਤਕ ਫੈਲੀਆਂ ਹੋਣ ਕਰਕੇ ਇਹ ਹਰੇ-ਭਰੇ ਰਹਿੰਦੇ ਹਨ। ਇਸ ਦਰਖ਼ਤ ਦੀ ਇਕ ਅਨੋਖੀ ਗੱਲ ਇਹ ਹੈ ਕਿ ਇਹ ਪਹਿਲਾਂ ਤਾਂ ਜੂਨ ਮਹੀਨੇ ਵਿਚ ਫਲ ਦਿੰਦਾ ਹੈ ਅਤੇ ਫਿਰ ਅਗਸਤ ਤੋਂ ਦੂਸਰੀ ਵਾਰ ਫਲ ਦੇਣ ਲੱਗ ਪੈਂਦਾ ਹੈ। (ਯਸਾਯਾਹ 28:4) ਇਸਰਾਏਲੀ ਲੋਕ ਆਮ ਤੌਰ ਤੇ ਇਸ ਦੀ ਪਹਿਲੀ ਫ਼ਸਲ ਦੇ ਤਾਜ਼ੇ ਫਲ ਖਾਂਦੇ ਸਨ। ਦੂਸਰੀ ਵਾਰ ਲੱਗਣ ਵਾਲੀਆਂ ਹੰਜੀਰਾਂ ਨੂੰ ਉਹ ਸੁਕਾ ਕੇ ਰੱਖਦੇ ਸਨ ਅਤੇ ਫਿਰ ਪੂਰਾ ਸਾਲ ਇਨ੍ਹਾਂ ਨੂੰ ਖਾਂਦੇ ਸਨ। ਸੁੱਕੀਆਂ ਹੰਜੀਰਾਂ ਨੂੰ ਦਬਾ ਕੇ ਪਿੰਨੀਆਂ ਵੀ ਬਣਾਈਆਂ ਜਾਂਦੀਆਂ ਸਨ ਜਿਨ੍ਹਾਂ ਵਿਚ ਕਦੇ-ਕਦੇ ਬਦਾਮ ਵੀ ਮਿਲਾਏ ਜਾਂਦੇ ਸਨ। ਇਹ ਬਹੁਤ ਹੀ ਸੁਆਦੀ ਅਤੇ ਸਿਹਤ ਲਈ ਗੁਣਕਾਰੀ ਹੁੰਦੀਆਂ ਸਨ ਤੇ ਸਫ਼ਰ ਦੌਰਾਨ ਇਨ੍ਹਾਂ ਨੂੰ ਲੈ ਜਾਣਾ ਵੀ ਸੌਖਾ ਹੁੰਦਾ ਸੀ

ਸਮਝਦਾਰ ਅਬੀਗੈਲ ਨੇ ਦਾਊਦ ਨੂੰ ਹੰਜੀਰ ਦੀਆਂ 200 ਪਿੰਨੀਆਂ ਦਿੱਤੀਆਂ ਸਨ। ਦਾਊਦ ਅਤੇ ਉਸ ਦੇ ਬੰਦੇ ਆਪਣੇ ਦੁਸ਼ਮਣਾਂ ਤੋਂ ਭੱਜ ਰਹੇ ਸਨ, ਇਸ ਲਈ ਅਬੀਗੈਲ ਨੇ ਸ਼ਾਇਦ ਸੋਚਿਆ ਹੋਣਾ ਕਿ ਹੰਜੀਰਾਂ ਦੀਆਂ ਪਿੰਨੀਆਂ ਤੋਂ ਉਨ੍ਹਾਂ ਨੂੰ ਤਾਕਤ ਮਿਲੇਗੀ। (1 ਸਮੂਏਲ 25:18, 27) ਹੰਜੀਰਾਂ ਵਿਚ ਔਸ਼ਧੀ ਗੁਣ ਵੀ ਹੁੰਦੇ ਹਨ। ਜਦੋਂ ਇਕ ਫੋੜੇ ਕਰਕੇ ਰਾਜਾ ਹਿਜ਼ਕੀਯਾਹ ਮਰਨ ਕੰਢੇ ਪਿਆ ਸੀ, ਤਾਂ ਉਸ ਦੇ ਫੋੜੇ ਉੱਤੇ ਸੁੱਕੀਆਂ ਹੰਜੀਰਾਂ ਦਾ ਲੇਪ ਲਗਾਇਆ ਗਿਆ ਸੀ। ਇਸ ਤੋਂ ਉਸ ਨੂੰ ਫ਼ਾਇਦਾ ਤਾਂ ਜ਼ਰੂਰ ਹੋਇਆ ਹੋਣਾ, ਭਾਵੇਂ ਕਿ ਉਹ ਅਸਲ ਵਿਚ ਪਰਮੇਸ਼ੁਰ ਦੀ ਮਿਹਰ ਨਾਲ ਚੰਗਾ ਹੋਇਆ ਸੀ। *2 ਰਾਜਿਆਂ 20:4-7.

ਪੁਰਾਣੇ ਸਮਿਆਂ ਵਿਚ ਭੂਮੱਧ ਸਾਗਰੀ ਦੇਸ਼ਾਂ ਦੇ ਲੋਕ ਸੁੱਕੀਆਂ ਹੰਜੀਰਾਂ ਨੂੰ ਬਹੁਤ ਕੀਮਤੀ ਸਮਝਦੇ ਸਨ। ਕੇਟੋ ਨਾਂ ਦੇ ਇਕ ਸਿਆਸਤਦਾਨ ਨੇ ਰੋਮੀ ਰਾਜ-ਸਭਾ ਨੂੰ ਪ੍ਰਾਚੀਨ ਕਾਰਥਿਜ ਸ਼ਹਿਰ ਨਾਲ ਤੀਜਾ ਪਿਉਨਿਕ ਯੁੱਧ ਲੜਨ ਲਈ ਉਕਸਾਇਆ ਸੀ। ਇਹ ਯੁੱਧ ਲੜਨ ਦਾ ਇਕ ਕਾਰਨ ਇਹ ਸੀ ਕਿ ਉਨ੍ਹਾਂ ਨੂੰ ਹੰਜੀਰਾਂ ਚਾਹੀਦੀਆਂ ਸਨ। ਰੋਮ ਵਿਚ ਮਿਲਣ ਵਾਲੀਆਂ ਉੱਤਮ ਕੁਆਲਿਟੀ ਦੀਆਂ ਸੁੱਕੀਆਂ ਹੰਜੀਰਾਂ ਏਸ਼ੀਆ ਮਾਈਨਰ ਦੇ ਕੈਰੀਆ ਇਲਾਕੇ ਤੋਂ ਆਉਂਦੀਆਂ ਸਨ। ਇਸ ਲਈ ਲਾਤੀਨੀ ਭਾਸ਼ਾ ਵਿਚ ਸੁੱਕੀਆਂ ਹੰਜੀਰਾਂ ਨੂੰ ਕੈਰੀਕਾ ਕਿਹਾ ਜਾਣ ਲੱਗਾ। ਅੱਜ ਇਹ ਇਲਾਕਾ ਤੁਰਕੀ ਵਿਚ ਹੈ ਅਤੇ ਇਹ ਅਜੇ ਵੀ ਉੱਤਮ ਕੁਆਲਿਟੀ ਦੀਆਂ ਸੁੱਕੀਆਂ ਹੰਜੀਰਾਂ ਲਈ ਪ੍ਰਸਿੱਧ ਹੈ।

ਇਸਰਾਏਲੀ ਕਿਸਾਨ ਅਕਸਰ ਅੰਗੂਰੀ ਬਾਗ਼ਾਂ ਵਿਚ ਹੰਜੀਰ ਦੇ ਦਰਖ਼ਤ ਵੀ ਲਾਉਂਦੇ ਸਨ। ਪਰ ਉਹ ਫਲ ਨਾ ਦੇਣ ਵਾਲੇ ਦਰਖ਼ਤਾਂ ਨੂੰ ਵੱਢ ਦਿੰਦੇ ਸਨ, ਤਾਂਕਿ ਉਪਜਾਊ ਜ਼ਮੀਨ ਦੀ ਚੰਗੀ ਵਰਤੋਂ ਕੀਤੀ ਜਾ ਸਕੇ। ਯਿਸੂ ਨੇ ਇਕ ਹੰਜੀਰ ਦੇ ਦਰਖ਼ਤ ਦਾ ਦ੍ਰਿਸ਼ਟਾਂਤ ਦਿੱਤਾ ਜੋ ਫਲ ਨਹੀਂ ਦੇ ਰਿਹਾ ਸੀ। ਅੰਗੂਰੀ ਬਾਗ਼ ਦੇ ਮਾਲਕ ਨੇ ਬਾਗਬਾਨ ਨੂੰ ਕਿਹਾ: “ਵੇਖ ਮੈਂ ਇਸ ਹੰਜੀਰ ਦੇ ਬੂਟੇ ਦੇ ਫਲ ਲੈਣ ਨੂੰ ਤਿੰਨਾਂ ਵਰਿਹਾਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ। ਇਹ ਨੂੰ ਵੱਢ ਸੁੱਟ। ਕਾਹਨੂੰ ਜਮੀਨ ਭੀ ਰੋਕ ਛੱਡੀ ਹੈ?” (ਲੂਕਾ 13:6, 7) ਯਿਸੂ ਦੇ ਦਿਨਾਂ ਵਿਚ ਫਲਾਂ ਦੇ ਦਰਖ਼ਤਾਂ ਉੱਤੇ ਟੈਕਸ ਲੱਗਦਾ ਸੀ, ਇਸ ਲਈ ਜੇ ਕੋਈ ਦਰਖ਼ਤ ਫਲ ਨਹੀਂ ਦਿੰਦਾ ਸੀ, ਤਾਂ ਇਸ ਤੋਂ ਮਾਲਕ ਨੂੰ ਕਾਫ਼ੀ ਮਾਲੀ ਨੁਕਸਾਨ ਹੁੰਦਾ ਸੀ।

ਹੰਜੀਰ ਇਸਰਾਏਲੀ ਲੋਕਾਂ ਦੇ ਭੋਜਨ ਦਾ ਇਕ ਅਹਿਮ ਹਿੱਸਾ ਸੀ। ਇਸ ਲਈ, ਹੰਜੀਰ ਦੀ ਘੱਟ ਫ਼ਸਲ ਹੋਣੀ ਉਨ੍ਹਾਂ ਲਈ ਇਕ ਆਫ਼ਤ ਦੇ ਬਰਾਬਰ ਸੀ। ਇਹ ਆਫ਼ਤ ਯਹੋਵਾਹ ਵੱਲੋਂ ਸਜ਼ਾ ਦੀ ਨਿਸ਼ਾਨੀ ਹੋ ਸਕਦੀ ਸੀ। (ਹੋਸ਼ੇਆ 2:12; ਆਮੋਸ 4:9) ਹਬੱਕੂਕ ਨਬੀ ਨੇ ਕਿਹਾ: “ਭਾਵੇਂ ਹਜੀਰ ਦਾ ਬਿਰਛ ਨਾ ਫਲੇ ਫੁੱਲੇ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜ਼ੈਤੂਨ ਦੇ ਬਿਰਛ ਦਾ ਹਾਸਲ ਘਟੇ, ਅਤੇ ਖੇਤ ਅੰਨ ਨਾ ਦੇਣ, . . . ਤਾਂ ਵੀ ਮੈਂ ਯਹੋਵਾਹ ਵਿੱਚ ਬਾਗ ਬਾਗ ਹੋਵਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ।”—ਹਬੱਕੂਕ 3:17, 18.

ਕੁਰਾਹੇ ਪਈ ਕੌਮ ਦੀ ਨਿਸ਼ਾਨੀ

ਬਾਈਬਲ ਵਿਚ ਕਈ ਵਾਰ ਹੰਜੀਰਾਂ ਜਾਂ ਹੰਜੀਰ ਦੇ ਦਰਖ਼ਤਾਂ ਨੂੰ ਕਿਸੇ ਚੀਜ਼ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਮਿਸਾਲ ਲਈ, ਯਿਰਮਿਯਾਹ ਨੇ ਬਾਬਲ ਲਿਜਾਏ ਗਏ ਯਹੂਦੀਆਂ ਵਿੱਚੋਂ ਵਫ਼ਾਦਾਰ ਲੋਕਾਂ ਦੀ ਤੁਲਨਾ ਪਹਿਲੀ ਫ਼ਸਲ ਦੀਆਂ ਚੰਗੀਆਂ ਅਤੇ ਤਾਜ਼ੀਆਂ ਹੰਜੀਰਾਂ ਦੀ ਟੋਕਰੀ ਨਾਲ ਕੀਤੀ। ਪਰ ਧਰਮ-ਤਿਆਗੀ ਯਹੂਦੀ ਲੋਕ ਗਲੀਆਂ-ਸੜੀਆਂ ਹੰਜੀਰਾਂ ਵਰਗੇ ਸਨ ਜੋ ਖਾਣ ਦੇ ਯੋਗ ਨਾ ਹੋਣ ਕਰਕੇ ਸੁੱਟ ਦਿੱਤੀਆਂ ਜਾਣੀਆਂ ਸਨ।—ਯਿਰਮਿਯਾਹ 24:2, 5, 8, 10.

ਫਲ ਨਾ ਦੇਣ ਵਾਲੇ ਹੰਜੀਰ ਦੇ ਦਰਖ਼ਤ ਦੀ ਉਦਾਹਰਣ ਦੇ ਕੇ ਯਿਸੂ ਦਿਖਾ ਰਿਹਾ ਸੀ ਕਿ ਪਰਮੇਸ਼ੁਰ ਯਹੂਦੀ ਕੌਮ ਨਾਲ ਬਹੁਤ ਸਬਰ ਨਾਲ ਪੇਸ਼ ਆਇਆ ਸੀ। ਜਿਵੇਂ ਉੱਪਰ ਦੱਸਿਆ ਗਿਆ ਸੀ, ਯਿਸੂ ਕਹਿੰਦਾ ਹੈ ਕਿ ਇਕ ਆਦਮੀ ਨੇ ਆਪਣੇ ਅੰਗੂਰੀ ਬਾਗ਼ ਵਿਚ ਹੰਜੀਰ ਦਾ ਦਰਖ਼ਤ ਲਗਾਇਆ। ਇਸ ਨੇ ਤਿੰਨ ਸਾਲ ਤਕ ਫਲ ਨਹੀਂ ਦਿੱਤਾ ਜਿਸ ਕਰਕੇ ਬਾਗ਼ ਦਾ ਮਾਲਕ ਇਸ ਨੂੰ ਵੱਢ ਦੇਣਾ ਚਾਹੁੰਦਾ ਸੀ। ਪਰ ਬਾਗਬਾਨ ਨੇ ਕਿਹਾ: “ਸੁਆਮੀ ਜੀ ਇਹ ਨੂੰ ਐਤਕੀ ਹੋਰ ਭੀ ਰਹਿਣ ਦਿਓ ਜਦ ਤੀਕੁਰ ਮੈਂ ਇਹ ਦੇ ਗਿਰਦੇ ਖਾਲ ਨਾ ਖੋਦਾਂ ਅਤੇ ਰੂੜੀ ਨਾ ਪਾਵਾਂ। ਸ਼ਾਇਤ ਅੱਗੇ ਨੂੰ ਫਲ ਲੱਗੇ। ਨਹੀਂ ਤਾਂ ਇਹ ਨੂੰ ਵਢਾ ਸੁੱਟੀਂ।”—ਲੂਕਾ 13:8, 9.

ਇਹ ਦ੍ਰਿਸ਼ਟਾਂਤ ਦੇਣ ਵੇਲੇ, ਯਿਸੂ ਨੂੰ ਪ੍ਰਚਾਰ ਕਰਦਿਆਂ ਤਿੰਨ ਸਾਲ ਹੋ ਚੁੱਕੇ ਸਨ ਜਿਸ ਦੌਰਾਨ ਉਹ ਯਹੂਦੀ ਕੌਮ ਦੇ ਲੋਕਾਂ ਵਿਚ ਨਿਹਚਾ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਮਗਰੋਂ ਯਿਸੂ ਨੇ ਮਿੱਟੀ ਨੂੰ ਉਪਜਾਊ ਬਣਾਉਣ ਲਈ ਹੋਰ ਜ਼ਿਆਦਾ ਮਿਹਨਤ ਕੀਤੀ ਅਤੇ ਇਸ ਲਾਖਣਿਕ ਹੰਜੀਰ ਦੇ ਦਰਖ਼ਤ ਯਾਨੀ ਯਹੂਦੀ ਕੌਮ ਨੂੰ ਫਲ ਪੈਦਾ ਕਰਨ ਦਾ ਮੌਕਾ ਦਿੱਤਾ। ਪਰ ਯਿਸੂ ਦੀ ਮੌਤ ਤੋਂ ਇਕ ਹਫ਼ਤਾ ਪਹਿਲਾਂ ਇਹ ਸਪੱਸ਼ਟ ਹੋ ਚੁੱਕਾ ਸੀ ਕਿ ਇਸ ਕੌਮ ਨੇ ਮਸੀਹਾ ਨੂੰ ਠੁਕਰਾ ਦਿੱਤਾ ਸੀ।—ਮੱਤੀ 23:37, 38.

ਇਕ ਹੋਰ ਮੌਕੇ ਤੇ ਵੀ ਯਿਸੂ ਨੇ ਯਹੂਦੀ ਕੌਮ ਦੀ ਭੈੜੀ ਅਧਿਆਤਮਿਕ ਹਾਲਤ ਨੂੰ ਦਰਸਾਉਣ ਲਈ ਹੰਜੀਰ ਦੇ ਦਰਖ਼ਤ ਨੂੰ ਵਰਤਿਆ ਸੀ। ਆਪਣੀ ਮੌਤ ਤੋਂ ਚਾਰ ਦਿਨ ਪਹਿਲਾਂ ਬੈਤਅਨੀਆ ਤੋਂ ਯਰੂਸ਼ਲਮ ਜਾਂਦੇ ਸਮੇਂ ਯਿਸੂ ਨੇ ਇਕ ਹਰਿਆ-ਭਰਿਆ ਹੰਜੀਰ ਦਾ ਦਰਖ਼ਤ ਦੇਖਿਆ, ਪਰ ਉਸ ਉੱਤੇ ਇਕ ਵੀ ਫਲ ਨਹੀਂ ਲੱਗਾ ਸੀ। ਆਮ ਤੌਰ ਤੇ ਹੰਜੀਰ ਦੇ ਦਰਖ਼ਤ ਦੇ ਪੱਤੇ ਫੁੱਟਣ ਦੇ ਨਾਲ-ਨਾਲ ਜਾਂ ਕਦੇ ਤਾਂ ਉਸ ਤੋਂ ਵੀ ਪਹਿਲਾਂ ਇਸ ਨੂੰ ਫਲ ਲੱਗ ਜਾਂਦੇ ਹਨ। ਇਸ ਲਈ ਦਰਖ਼ਤ ਉੱਤੇ ਕੋਈ ਫਲ ਨਾ ਹੋਣ ਦਾ ਇਹੋ ਮਤਲਬ ਸੀ ਕਿ ਇਹ ਦਰਖ਼ਤ ਬੇਕਾਰ ਸੀ।—ਮਰਕੁਸ 11:13, 14. *

ਉਸ ਹੰਜੀਰ ਦੇ ਦਰਖ਼ਤ ਵਾਂਗ ਜੋ ਦੇਖਣ ਨੂੰ ਹਰਿਆ-ਭਰਿਆ ਸੀ, ਪਰ ਕੋਈ ਫਲ ਨਹੀਂ ਦੇ ਰਿਹਾ ਸੀ, ਯਹੂਦੀ ਕੌਮ ਵੀ ਬਾਹਰੋਂ ਦੇਖਣ ਨੂੰ ਅਧਿਆਤਮਿਕ ਤੌਰ ਤੇ ਸਿਹਤਮੰਦ ਲੱਗਦੀ ਸੀ। ਪਰ ਇਹ ਚੰਗੇ ਫਲ ਪੈਦਾ ਨਹੀਂ ਕਰ ਰਹੀ ਸੀ ਅਤੇ ਅਖ਼ੀਰ ਵਿਚ ਇਸ ਕੌਮ ਨੇ ਯਹੋਵਾਹ ਦੇ ਆਪਣੇ ਪੁੱਤਰ ਨੂੰ ਹੀ ਠੁਕਰਾ ਦਿੱਤਾ। ਯਿਸੂ ਨੇ ਉਸ ਹੰਜੀਰ ਦੇ ਬੇਕਾਰ ਦਰਖ਼ਤ ਨੂੰ ਸਰਾਪ ਦਿੱਤਾ ਅਤੇ ਅਗਲੇ ਦਿਨ ਉਸ ਦੇ ਚੇਲਿਆਂ ਨੇ ਉਸ ਦਰਖ਼ਤ ਨੂੰ ਸੁੱਕਿਆ ਹੋਇਆ ਦੇਖਿਆ। ਇਹੋ ਹਾਲ ਯਹੋਵਾਹ ਦੀ ਚੁਣੀ ਹੋਈ ਯਹੂਦੀ ਕੌਮ ਦਾ ਹੋਣ ਵਾਲਾ ਸੀ ਜਿਸ ਨੂੰ ਜਲਦੀ ਹੀ ਯਹੋਵਾਹ ਨੇ ਠੁਕਰਾ ਦੇਣਾ ਸੀ।—ਮਰਕੁਸ 11:20, 21.

‘ਹੰਜੀਰ ਦੇ ਬਿਰਛ ਤੋਂ ਸਿੱਖੋ’

ਯਿਸੂ ਨੇ ਸਵਰਗ ਵਿਚ ਰਾਜੇ ਵਜੋਂ ਆਪਣੀ ਮੌਜੂਦਗੀ ਬਾਰੇ ਜ਼ਰੂਰੀ ਗੱਲ ਦੱਸਣ ਲਈ ਵੀ ਹੰਜੀਰ ਦੇ ਦਰਖ਼ਤ ਦੀ ਮਿਸਾਲ ਦਿੱਤੀ ਸੀ। ਉਸ ਨੇ ਕਿਹਾ: “ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ ਨੇੜੇ ਸਗੋਂ ਬੂਹੇ ਉੱਤੇ ਹੈ।” (ਮੱਤੀ 24:32, 33) ਹੰਜੀਰ ਦੇ ਦਰਖ਼ਤ ਦੇ ਹਰੇ ਪੱਤੇ ਫੁੱਟਣ ਨਾਲ ਸਾਰੇ ਸਮਝ ਜਾਂਦੇ ਹਨ ਕਿ ਗਰਮੀਆਂ ਦੀ ਰੁੱਤ ਨੇੜੇ ਹੈ। ਇਸੇ ਤਰ੍ਹਾਂ, ਮੱਤੀ ਅਧਿਆਇ 24, ਮਰਕੁਸ ਅਧਿਆਇ 13 ਅਤੇ ਲੂਕਾ ਅਧਿਆਇ 21 ਵਿਚ ਦਿੱਤੀ ਗਈ ਯਿਸੂ ਦੀ ਮਹਾਨ ਭਵਿੱਖਬਾਣੀ ਦੀ ਪੂਰਤੀ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਯਿਸੂ ਹੁਣ ਸਵਰਗ ਵਿਚ ਰਾਜੇ ਦੇ ਤੌਰ ਤੇ ਮੌਜੂਦ ਹੈ।—ਲੂਕਾ 21:29-31.

ਅਸੀਂ ਅੱਜ ਬਹੁਤ ਹੀ ਨਾਜ਼ੁਕ ਸਮੇਂ ਵਿਚ ਜੀ ਰਹੇ ਹਾਂ, ਇਸ ਲਈ ਸਾਨੂੰ ਹੰਜੀਰ ਦੇ ਦਰਖ਼ਤ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜੇ ਅਸੀਂ ਸਬਕ ਸਿੱਖ ਕੇ ਅਧਿਆਤਮਿਕ ਤੌਰ ਤੇ ਜਾਗਦੇ ਰਹਾਂਗੇ, ਤਾਂ ਅਸੀਂ ਇਸ ਸ਼ਾਨਦਾਰ ਵਾਅਦੇ ਦੀ ਪੂਰਤੀ ਦੇਖ ਸਕਾਂਗੇ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।”—ਮੀਕਾਹ 4:4.

[ਫੁਟਨੋਟ]

^ ਪੈਰਾ 8 ਪ੍ਰਕਿਰਤੀ-ਵਿਗਿਆਨੀ ਐੱਚ. ਬੀ. ਟ੍ਰਿਸਟ੍ਰਮ ਨੇ 19ਵੀਂ ਸਦੀ ਦੇ ਅੱਧ ਵਿਚ ਮੱਧ ਪੂਰਬੀ ਦੇਸ਼ਾਂ ਦਾ ਦੌਰਾ ਕਰਦੇ ਸਮੇਂ ਲੋਕਾਂ ਨੂੰ ਫੋੜਿਆਂ ਉੱਤੇ ਹੰਜੀਰ ਦਾ ਲੇਪ ਲਗਾਉਂਦੇ ਦੇਖਿਆ ਸੀ।

^ ਪੈਰਾ 16 ਇਹ ਘਟਨਾ ਬੈਤਫ਼ਗਾ ਪਿੰਡ ਕੋਲ ਵਾਪਰੀ ਸੀ। ਪਿੰਡ ਦੇ ਨਾਂ ਦਾ ਮਤਲਬ ਹੈ “ਪਹਿਲੀਆਂ ਹੰਜੀਰਾਂ ਦਾ ਘਰ।” ਇਹ ਨਾਂ ਸ਼ਾਇਦ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਉਹ ਇਲਾਕਾ ਹੰਜੀਰਾਂ ਦੀ ਪਹਿਲੀ ਫ਼ਸਲ ਲਈ ਮਸ਼ਹੂਰ ਸੀ।