Skip to content

Skip to table of contents

“ਨਾ ਡਰੋ, ਨਾ ਘਾਬਰੋ”

“ਨਾ ਡਰੋ, ਨਾ ਘਾਬਰੋ”

“ਨਾ ਡਰੋ, ਨਾ ਘਾਬਰੋ”

“ਨਾ ਡਰੋ, ਨਾ ਘਾਬਰੋ। . . . ਯਹੋਵਾਹ ਤੁਹਾਡੇ ਅੰਗ ਸੰਗ ਹੈ।”—2 ਇਤਹਾਸ 20:17.

1. ਅੱਤਵਾਦ ਦਾ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਕੀ ਅਸਰ ਪਿਆ ਹੈ ਅਤੇ ਕਿਉਂ?

ਅੱਤਵਾਦ! ਇਸ ਦਾ ਨਾਂ ਸੁਣਦੇ ਹੀ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ ਅਤੇ ਉਨ੍ਹਾਂ ਦਾ ਜੀ ਘਬਰਾਉਣ ਲੱਗ ਪੈਂਦਾ ਹੈ। ਡਰਨ ਤੋਂ ਇਲਾਵਾ ਉਹ ਆਪਣੇ ਆਪ ਨੂੰ ਬੇਬੱਸ ਤੇ ਦੁਖੀ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਅੱਤਵਾਦੀਆਂ ਤੇ ਗੁੱਸਾ ਵੀ ਆਉਂਦਾ ਹੈ। ਕਈ ਲੋਕ ਮੰਨਦੇ ਹਨ ਕਿ ਅੱਤਵਾਦ ਦਾ ਮਸਲਾ ਜਲਦੀ ਖ਼ਤਮ ਹੋਣ ਵਾਲਾ ਨਹੀਂ ਹੈ ਕਿਉਂਕਿ ਭਾਵੇਂ ਕਈਆਂ ਮੁਲਕਾਂ ਨੇ ਬਹੁਤ ਸਾਲਾਂ ਤੋਂ ਅੱਤਵਾਦ ਦੇ ਖ਼ਿਲਾਫ਼ ਪੂਰੀ ਵਾਹ ਲਾਈ ਹੈ, ਫਿਰ ਵੀ ਉਹ ਇਸ ਨੂੰ ਰੋਕ ਨਹੀਂ ਸਕੇ ਹਨ।

2. ਯਹੋਵਾਹ ਦੇ ਗਵਾਹ ਅੱਤਵਾਦ ਬਾਰੇ ਕੀ ਮੰਨਦੇ ਹਨ ਅਤੇ ਕਿਹੜੇ ਸਵਾਲ ਉੱਠਦੇ ਹਨ?

2 ਫਿਰ ਵੀ ਉਮੀਦ ਦੀ ਕਿਰਨ ਹੈ। ਯਹੋਵਾਹ ਦੇ ਗਵਾਹ 234 ਦੇਸ਼ਾਂ ਵਿਚ ਇਕ ਚੰਗੇ ਭਵਿੱਖ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਕਿਸੇ ਨੂੰ ਅੱਤਵਾਦ ਤੋਂ ਖ਼ਤਰਾ ਨਹੀਂ ਹੋਵੇਗਾ। ਕੀ ਤੁਸੀਂ ਵੀ ਇਹ ਉਮੀਦ ਰੱਖ ਸਕਦੇ ਹੋ? ਕੌਣ ਇਸ ਆਫ਼ਤ ਨੂੰ ਦੂਰ ਕਰੇਗਾ ਅਤੇ ਇਹ ਕਿਸ ਤਰ੍ਹਾਂ ਹੋਵੇਗਾ? ਕਿਸੇ-ਨ-ਕਿਸੇ ਸਮੇਂ ਸਾਡੇ ਸਾਰਿਆਂ ਉੱਤੇ ਹਿੰਸਾ ਦਾ ਪ੍ਰਭਾਵ ਪਿਆ ਹੈ, ਇਸ ਲਈ ਅਸੀਂ ਜਾਣਨਾ ਚਾਹਾਂਗੇ ਕਿ ਇਸ ਉਮੀਦ ਦਾ ਕਾਰਨ ਕੀ ਹੈ।

3. ਅੱਜ ਲੋਕ ਕਿਹੜੀਆਂ ਗੱਲਾਂ ਕਰਕੇ ਡਰਦੇ ਹਨ ਅਤੇ ਸਾਡੇ ਸਮੇਂ ਲਈ ਪਹਿਲਾਂ ਹੀ ਕੀ ਦੱਸਿਆ ਗਿਆ ਸੀ?

3 ਅੱਤਵਾਦ ਤੋਂ ਇਲਾਵਾ ਅੱਜ ਲੋਕ ਹੋਰ ਬਹੁਤ ਸਾਰੀਆਂ ਗੱਲਾਂ ਕਰਕੇ ਡਰਦੇ ਹਨ। ਵਧਦੀ ਉਮਰ ਕਰਕੇ ਕਈ ਲੋਕ ਖ਼ੁਦ ਆਪਣੀ ਦੇਖ-ਭਾਲ ਨਹੀਂ ਕਰ ਸਕਦੇ। ਦੂਸਰਿਆਂ ਨੂੰ ਲਾਇਲਾਜ ਬਿਮਾਰੀਆਂ ਲੱਗੀਆਂ ਹੋਈਆਂ ਹਨ। ਕਈ ਪਰਿਵਾਰ ਤਾਂ ਮਸਾਂ ਆਪਣਾ ਗੁਜ਼ਾਰਾ ਤੋਰ ਰਹੇ ਹਨ। ਵੈਸੇ ਜ਼ਿੰਦਗੀ ਦਾ ਵੀ ਕੋਈ ਭਰੋਸਾ ਨਹੀਂ ਹੈ। ਕਿਸੇ ਹਾਦਸੇ ਜਾਂ ਤਬਾਹੀ ਵਿਚ ਕਿਸੇ ਦੀ ਵੀ ਜਾਨ ਅਚਾਨਕ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਸਾਨੂੰ ਹੋਰ ਵੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਜਿਨ੍ਹਾਂ ਕਰਕੇ ਕਿਹਾ ਜਾ ਸਕਦਾ ਹੈ ਕਿ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਿਸ ਬਾਰੇ ਪੌਲੁਸ ਨੇ ਲਿਖਿਆ ਸੀ: ‘ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਤੇ ਨੇਕੀ ਦੇ ਵੈਰੀ ਹੋਣਗੇ।’—2 ਤਿਮੋਥਿਉਸ 3:1-3.

4. ਦੂਜੇ ਤਿਮੋਥਿਉਸ 3:1-3 ਵਿਚ ਮਾੜੀ ਹਾਲਤ ਬਾਰੇ ਦੱਸਣ ਦੇ ਨਾਲ-ਨਾਲ ਕਿਹੜੀ ਉਮੀਦ ਵੀ ਦਿੱਤੀ ਗਈ ਹੈ?

4 ਭਾਵੇਂ ਕਿ ਇਸ ਹਵਾਲੇ ਵਿਚ ਦੁਨੀਆਂ ਦੀ ਮਾੜੀ ਹਾਲਤ ਬਾਰੇ ਦੱਸਿਆ ਗਿਆ ਹੈ, ਫਿਰ ਵੀ ਇਸ ਵਿਚ ਉਮੀਦ ਦੀ ਕਿਰਨ ਦਿਖਾਈ ਦਿੰਦੀ ਹੈ। ਧਿਆਨ ਦਿਓ ਕਿ ਭੈੜੇ ਸਮੇਂ ਸ਼ਤਾਨ ਦੀ ਬੁਰੀ ਦੁਨੀਆਂ ਦੇ “ਅੰਤ ਦਿਆਂ ਦਿਨਾਂ ਵਿੱਚ” ਆਉਣੇ ਸਨ। ਇਸ ਦਾ ਮਤਲਬ ਹੈ ਕਿ ਸਾਡਾ ਛੁਟਕਾਰਾ ਬਹੁਤ ਨਜ਼ਦੀਕ ਹੈ ਅਤੇ ਸ਼ਤਾਨ ਦੀ ਬੁਰੀ ਦੁਨੀਆਂ ਦੀ ਥਾਂ ਤੇ ਪਰਮੇਸ਼ੁਰ ਦਾ ਰਾਜ ਖੜ੍ਹਾ ਹੋਣ ਵਾਲਾ ਹੈ ਜਿਸ ਵਾਸਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ। (ਮੱਤੀ 6:9, 10) ਦਾਨੀਏਲ ਨਬੀ ਨੇ ਕਿਹਾ ਸੀ ਕਿ ਇਹ ਰਾਜ “ਸਦਾ ਤੀਕ ਨੇਸਤ ਨਾ ਹੋਵੇਗਾ।” ਸਵਰਗ ਵਿਚ ਪਰਮੇਸ਼ੁਰ ਦੀ ਇਹ ਹਕੂਮਤ ਇਨਸਾਨਾਂ ਦੀਆਂ ‘ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗੀ ਪਰ ਆਪ ਸਦਾ ਤਾਈਂ ਖੜੀ ਰਹੇਗੀ।’—ਦਾਨੀਏਲ 2:44.

ਅੱਤਵਾਦ ਦੇ ਮੁਕਾਬਲੇ ਵਿਚ ਮਸੀਹੀ ਨਿਰਪੱਖਤਾ

5. ਹਾਲ ਹੀ ਦੇ ਸਮੇਂ ਵਿਚ ਕੌਮਾਂ ਨੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਕੀ ਕੀਤਾ ਹੈ?

5 ਕਈਆਂ ਸਾਲਾਂ ਤੋਂ ਅੱਤਵਾਦੀਆਂ ਨੇ ਹਜ਼ਾਰਾਂ ਜਾਨਾਂ ਲਈਆਂ ਹਨ। ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ (ਡੀ.ਸੀ.) ਵਿਚ 11 ਸਤੰਬਰ 2001 ਦੇ ਦਿਨ ਦੇ ਹਮਲਿਆਂ ਤੋਂ ਬਾਅਦ ਸਾਰੀ ਦੁਨੀਆਂ ਅੱਤਵਾਦ ਦੇ ਖ਼ਤਰੇ ਤੋਂ ਹੋਰ ਵੀ ਖ਼ਬਰਦਾਰ ਹੋ ਗਈ। ਪੂਰੀ ਦੁਨੀਆਂ ਵਿਚ ਫੈਲੇ ਅੱਤਵਾਦ ਦੇ ਖ਼ਤਰੇ ਦੇ ਕਾਰਨ ਕਈ ਕੌਮਾਂ ਇਸ ਦਾ ਮੁਕਾਬਲਾ ਕਰਨ ਲਈ ਇਕੱਠੀਆਂ ਹੋਈਆਂ। ਮਿਸਾਲ ਲਈ 4 ਦਸੰਬਰ 2001 ਦੀ ਇਕ ਅਖ਼ਬਾਰ ਨੇ ਕਿਹਾ ਕਿ “55 ਯੂਰਪੀ, ਉੱਤਰੀ ਅਮਰੀਕਨ ਅਤੇ ਮੱਧ ਏਸ਼ੀਆਈ ਦੇਸ਼ਾਂ ਨੇ ਇਕਮਤ ਹੋ ਕੇ ਯੋਜਨਾ ਬਣਾਈ” ਕਿ ਉਹ ਅੱਤਵਾਦ ਦੇ ਖ਼ਿਲਾਫ਼ ਮਿਲ ਕੇ ਲੜਨਗੇ। ਅਮਰੀਕਾ ਦੇ ਇਕ ਵੱਡੇ ਅਫ਼ਸਰ ਨੇ ਇਸ ਯੋਜਨਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅੱਤਵਾਦ ਦਾ ਮੁਕਾਬਲਾ ਕਰਨ ਲਈ “ਨਵੇਂ ਸਿਰਿਓਂ ਬਲ” ਮਿਲ ਰਿਹਾ ਸੀ। ਅਚਾਨਕ ਲੱਖਾਂ ਹੀ ਲੋਕ ਅਜਿਹੀ ਲੜਾਈ ਵਿਚ ਸ਼ਾਮਲ ਹੋ ਗਏ ਜਿਸ ਨੂੰ ਦ ਨਿਊਯਾਰਕ ਟਾਈਮਜ਼ ਅਖ਼ਬਾਰ ਨੇ “ਮਹਾਂਯੁੱਧ ਦੀ ਸ਼ੁਰੂਆਤ” ਸੱਦਿਆ। ਇਹ ਜਤਨ ਸਫ਼ਲ ਹੋਣਗੇ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਅੱਤਵਾਦ ਦੇ ਖ਼ਿਲਾਫ਼ ਇਸ ਯੁੱਧ ਦੇ ਨਤੀਜੇ ਕੀ ਨਿਕਲਣਗੇ, ਇਸ ਬਾਰੇ ਸੋਚ ਕੇ ਲੋਕ ਬਹੁਤ ਡਰਦੇ ਹਨ। ਪਰ ਯਹੋਵਾਹ ਉੱਤੇ ਭਰੋਸਾ ਰੱਖਣ ਵਾਲੇ ਲੋਕ ਇਸ ਤਰ੍ਹਾਂ ਨਹੀਂ ਮਹਿਸੂਸ ਕਰਦੇ।

6. (ੳ) ਕਈਆਂ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਬੁਰੀ ਕਿਉਂ ਲੱਗਦੀ ਹੈ? (ਅ) ਰਾਜਨੀਤਿਕ ਮਾਮਲਿਆਂ ਦੇ ਸੰਬੰਧ ਵਿਚ ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ?

6 ਲੋਕ ਜਾਣਦੇ ਹਨ ਕਿ ਯਹੋਵਾਹ ਦੇ ਗਵਾਹ ਇਸ ਦੁਨੀਆਂ ਦੀ ਰਾਜਨੀਤੀ ਵਿਚ ਕੋਈ ਹਿੱਸਾ ਨਹੀਂ ਲੈਂਦੇ। ਆਮ ਤੌਰ ਤੇ ਸ਼ਾਂਤੀ ਦੇ ਸਮੇਂ ਦੌਰਾਨ ਲੋਕ ਇਸ ਗੱਲ ਦਾ ਇਤਰਾਜ਼ ਨਹੀਂ ਕਰਦੇ। ਪਰ ਜਦੋਂ ਹਾਲਾਤ ਬਦਲ ਜਾਂਦੇ ਹਨ, ਤਾਂ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਬੁਰੀ ਲੱਗਣ ਲੱਗ ਪੈਂਦੀ ਹੈ। ਕਈ ਵਾਰ ਲੜਾਈ ਲੱਗਣ ਦੇ ਡਰ ਕਰਕੇ ਲੋਕਾਂ ਵਿਚ ਦੇਸ਼ਭਗਤੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਸ ਕਰਕੇ ਉਹ ਇਹ ਨਹੀਂ ਸਮਝਦੇ ਕਿ ਇਕ ਵਿਅਕਤੀ ਆਪਣੇ ਦੇਸ਼ ਦੀ ਰੱਖਿਆ ਕਰਨ ਲਈ ਕਿਉਂ ਨਹੀਂ ਕੁਝ ਕਰਦਾ। ਪਰ ਸੱਚੇ ਮਸੀਹੀ ਜਾਣਦੇ ਹਨ ਕਿ ਉਨ੍ਹਾਂ ਲਈ ਯਿਸੂ ਦਾ ਹੁਕਮ ਮੰਨਣਾ ਬਹੁਤ ਜ਼ਰੂਰੀ ਹੈ ਕਿ ਉਹ ‘ਜਗਤ ਦੇ ਨਾ ਹੋਣ।’ (ਯੂਹੰਨਾ 15:19; 17:14-16; 18:36; ਯਾਕੂਬ 4:4) ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਰਾਜਨੀਤਿਕ ਅਤੇ ਸਮਾਜਕ ਮਾਮਲਿਆਂ ਵਿਚ ਨਿਰਪੱਖ ਰਹਿਣਾ ਚਾਹੀਦਾ ਹੈ। ਇਸ ਦੇ ਸੰਬੰਧ ਵਿਚ ਯਿਸੂ ਨੇ ਸਾਡੇ ਲਈ ਮਿਸਾਲ ਕਾਇਮ ਕੀਤੀ ਸੀ। ਉਹ ਬੁੱਧਵਾਨ ਅਤੇ ਹਰ ਕੰਮ ਵਿਚ ਕਾਬਲ ਸੀ। ਇਸ ਲਈ ਜੇ ਉਹ ਚਾਹੁੰਦਾ, ਤਾਂ ਉਹ ਆਪਣੇ ਜ਼ਮਾਨੇ ਵਿਚ ਦੁਨੀਆਂ ਦੀ ਹਾਲਤ ਸੁਧਾਰਨ ਲਈ ਬਹੁਤ ਕੁਝ ਕਰ ਸਕਦਾ ਸੀ। ਪਰ ਉਸ ਨੇ ਰਾਜਨੀਤੀ ਵਿਚ ਹਿੱਸਾ ਲੈਣ ਤੋਂ ਸਾਫ਼ ਇਨਕਾਰ ਕੀਤਾ। ਉਸ ਦੀ ਸੇਵਕਾਈ ਦੇ ਸ਼ੁਰੂ ਵਿਚ ਸ਼ਤਾਨ ਨੇ ਉਸ ਨੂੰ ਦੁਨੀਆਂ ਦੀ ਬਾਦਸ਼ਾਹਤ ਪੇਸ਼ ਕੀਤੀ ਸੀ, ਪਰ ਉਸ ਨੇ ਇਸ ਨੂੰ ਕਬੂਲ ਨਹੀਂ ਕੀਤਾ। ਬਾਅਦ ਵਿਚ ਲੋਕ ਉਸ ਨੂੰ ਬਾਦਸ਼ਾਹ ਬਣਾਉਣਾ ਚਾਹੁੰਦੇ ਸਨ, ਪਰ ਉਸ ਨੇ ਇਹ ਵੀ ਨਹੀਂ ਹੋਣ ਦਿੱਤਾ ਸੀ।—ਮੱਤੀ 4:8-10; ਯੂਹੰਨਾ 6:14, 15.

7, 8. (ੳ) ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਦਾ ਮਤਲਬ ਕੀ ਨਹੀਂ ਹੈ ਅਤੇ ਕਿਉਂ? (ਅ) ਰੋਮੀਆਂ 13:1, 2 ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਸਰਕਾਰਾਂ ਖ਼ਿਲਾਫ਼ ਬਗਾਵਤ ਨਹੀਂ ਕੀਤੀ ਜਾਣੀ ਚਾਹੀਦੀ?

7 ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਦਾ ਇਹ ਮਤਲਬ ਨਹੀਂ ਹੈ ਕਿ ਉਹ ਅੱਤਵਾਦੀਆਂ ਦਾ ਸਾਥ ਦਿੰਦੇ ਹਨ ਜਾਂ ਹਿੰਸਕ ਕੰਮਾਂ ਨੂੰ ਅਣਡਿੱਠ ਕਰਦੇ ਹਨ। ਜੇ ਉਹ ਇਸ ਤਰ੍ਹਾਂ ਕਰਨ, ਤਾਂ ਉਹ ਉਸ ਪਰਮੇਸ਼ੁਰ ਦੇ ਸੇਵਕ ਨਹੀਂ ਬਣ ਸਕਦੇ ਜੋ “ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ।” (2 ਕੁਰਿੰਥੀਆਂ 13:11) ਉਨ੍ਹਾਂ ਨੇ ਹਿੰਸਾ ਬਾਰੇ ਯਹੋਵਾਹ ਦੇ ਵਿਚਾਰ ਸਿੱਖੇ ਹਨ। ਬਾਈਬਲ ਵਿਚ ਲਿਖਿਆ ਹੈ: “ਛੀਆਂ ਵਸਤਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਦੇ ਜੀ ਨੂੰ ਘਿਣਾਉਣੀਆਂ ਲਗਦੀਆਂ ਹਨ,—ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ।” (ਕਹਾਉਤਾਂ 6:16, 17) ਉਹ ਇਹ ਵੀ ਜਾਣਦੇ ਹਨ ਕਿ ਯਿਸੂ ਨੇ ਪਤਰਸ ਰਸੂਲ ਨੂੰ ਕਿਹਾ ਸੀ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।”—ਮੱਤੀ 26:52.

8 ਇਤਿਹਾਸ ਗਵਾਹ ਹੈ ਕਿ ਈਸਾਈਆਂ ਨੇ ਕਈ ਵਾਰ “ਤਲਵਾਰ” ਚੁੱਕੀ ਹੈ, ਪਰ ਇਹ ਗੱਲ ਯਹੋਵਾਹ ਦੇ ਗਵਾਹਾਂ ਬਾਰੇ ਨਹੀਂ ਕਹੀ ਜਾ ਸਕਦੀ। ਉਹ ਅਜਿਹੇ ਕਿਸੇ ਵੀ ਕੰਮ ਤੋਂ ਦੂਰ ਰਹਿੰਦੇ ਹਨ। ਗਵਾਹ ਵਫ਼ਾਦਾਰੀ ਨਾਲ ਰੋਮੀਆਂ 13:1, 2 ਦਾ ਹੁਕਮ ਮੰਨਦੇ ਹਨ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ। ਇਸ ਲਈ ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ੁਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹ ਦੰਡ ਭੋਗਣਗੇ।”

9. ਯਹੋਵਾਹ ਦੇ ਗਵਾਹ ਕਿਨ੍ਹਾਂ ਦੋ ਤਰੀਕਿਆਂ ਨਾਲ ਅੱਤਵਾਦ ਦਾ ਸਾਮ੍ਹਣਾ ਕਰਦੇ ਹਨ?

9 ਜੇ ਅੱਤਵਾਦ ਇੰਨਾ ਖ਼ਤਰਨਾਕ ਹੈ, ਤਾਂ ਕੀ ਯਹੋਵਾਹ ਦੇ ਗਵਾਹਾਂ ਨੂੰ ਇਸ ਨੂੰ ਰੋਕਣ ਲਈ ਕੁਝ ਕਰਨਾ ਨਹੀਂ ਚਾਹੀਦਾ? ਬਿਲਕੁਲ ਕਰਨਾ ਚਾਹੀਦਾ ਹੈ ਅਤੇ ਉਹ ਕਰ ਵੀ ਰਹੇ ਹਨ। ਪਹਿਲੀ ਗੱਲ ਇਹ ਹੈ ਕਿ ਉਹ ਆਪ ਅਜਿਹਾ ਕੋਈ ਭੈੜਾ ਕੰਮ ਨਹੀਂ ਕਰਦੇ। ਦੂਜੀ ਗੱਲ ਹੈ ਕਿ ਉਹ ਲੋਕਾਂ ਨੂੰ ਬਾਈਬਲ ਵਿੱਚੋਂ ਅਜਿਹੇ ਅਸੂਲ ਸਿਖਾਉਂਦੇ ਹਨ, ਜਿਨ੍ਹਾਂ ਉੱਤੇ ਚੱਲ ਕੇ ਲੋਕ ਹਿੰਸਾ ਵਿਚ ਕੋਈ ਹਿੱਸਾ ਨਹੀਂ ਲੈਂਦੇ। * ਪਿਛਲੇ ਸਾਲ, ਗਵਾਹਾਂ ਨੇ ਲੋਕਾਂ ਨੂੰ ਇਹ ਮਸੀਹੀ ਅਸੂਲ ਸਿਖਾਉਣ ਲਈ 1,20,23,81,302 ਘੰਟੇ ਬਿਤਾਏ। ਇਹ ਸਮਾਂ ਫ਼ਜ਼ੂਲ ਨਹੀਂ ਗਿਆ ਕਿਉਂਕਿ 2,65,469 ਲੋਕਾਂ ਨੇ ਉਨ੍ਹਾਂ ਦੀ ਗੱਲ ਸੁਣ ਕੇ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਹਿੰਸਾ ਦੇ ਖ਼ਿਲਾਫ਼ ਹਨ।

10. ਅੱਜ ਦੁਨੀਆਂ ਵਿੱਚੋਂ ਹਿੰਸਾ ਨੂੰ ਖ਼ਤਮ ਕਰਨ ਦੀ ਕੀ ਉਮੀਦ ਹੈ?

10 ਇਸ ਦੇ ਨਾਲ-ਨਾਲ ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਉਹ ਇਸ ਦੁਨੀਆਂ ਵਿੱਚੋਂ ਬੁਰਾਈ ਕਦੀ ਵੀ ਖ਼ਤਮ ਨਹੀਂ ਕਰ ਸਕਦੇ। ਇਨਸਾਨ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਤਾਂ ਵੀ ਉਹ ਬੁਰਾਈ ਦਾ ਅੰਤ ਨਹੀਂ ਕਰ ਸਕਦਾ। “ਅੰਤ ਦਿਆਂ ਦਿਨਾਂ” ਬਾਰੇ ਬਾਈਬਲ ਦੇ ਲਿਖਾਰੀ ਨੇ ਕਿਹਾ: “ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋਥਿਉਸ 3:1, 13) ਇਸ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਬੁਰਾਈ ਨੂੰ ਕਦੀ ਵੀ ਜਿੱਤਿਆ ਨਹੀਂ ਜਾ ਸਕਦਾ। ਦੂਜੇ ਪਾਸੇ ਯਹੋਵਾਹ ਦੇ ਗਵਾਹ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਨ ਕਿ ਉਹ ਹਮੇਸ਼ਾ ਲਈ ਹਿੰਸਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ।—ਜ਼ਬੂਰਾਂ ਦੀ ਪੋਥੀ 37:1, 2, 9-11; 83:18; ਕਹਾਉਤਾਂ 24:19, 20; ਯਸਾਯਾਹ 60:18.

ਹਮਲੇ ਦੇ ਬਾਵਜੂਦ ਨਿਡਰ

11. ਯਹੋਵਾਹ ਨੇ ਹਿੰਸਾ ਨੂੰ ਖ਼ਤਮ ਕਰਨ ਲਈ ਕਿਹੜੇ ਕਦਮ ਚੁੱਕੇ ਹਨ?

11 ਸ਼ਾਂਤੀ ਦਾ ਪਰਮੇਸ਼ੁਰ ਹਿੰਸਾ ਨਾਲ ਨਫ਼ਰਤ ਕਰਦਾ ਹੈ, ਇਸ ਲਈ ਉਸ ਨੇ ਸਾਰੀਆਂ ਮੁਸੀਬਤਾਂ ਦੀ ਜੜ੍ਹ ਯਾਨੀ ਸ਼ਤਾਨ ਨੂੰ ਖ਼ਤਮ ਕਰਨ ਲਈ ਕਦਮ ਚੁੱਕੇ ਹਨ। ਪਰਮੇਸ਼ੁਰ ਨੇ ਮਹਾਂਦੂਤ ਮਿਕਾਏਲ ਯਾਨੀ ਯਿਸੂ ਮਸੀਹ ਨੂੰ ਰਾਜਾ ਬਣਾ ਕੇ ਸਿੰਘਾਸਣ ਤੇ ਬਿਠਾਇਆ ਹੈ। ਦਰਅਸਲ ਸ਼ਤਾਨ ਪਹਿਲਾਂ ਹੀ ਮਿਕਾਏਲ ਦੇ ਹੱਥੋਂ ਹਾਰ ਖਾ ਚੁੱਕਾ ਹੈ। ਬਾਈਬਲ ਵਿਚ ਇਸ ਘਟਨਾ ਬਾਰੇ ਇਸ ਤਰ੍ਹਾਂ ਦੱਸਿਆ ਗਿਆ ਹੈ: “ਫੇਰ ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ। ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।”—ਪਰਕਾਸ਼ ਦੀ ਪੋਥੀ 12:7-9.

12, 13. (ੳ) ਸਾਲ 1914 ਵਿਚ ਕਿਹੜੀ ਅਹਿਮ ਘਟਨਾ ਵਾਪਰੀ ਸੀ? (ਅ) ਹਿਜ਼ਕੀਏਲ ਦੀ ਭਵਿੱਖਬਾਣੀ ਅਨੁਸਾਰ ਉਨ੍ਹਾਂ ਨਾਲ ਕੀ ਹੋਵੇਗਾ ਜੋ ਪਰਮੇਸ਼ੁਰ ਦੇ ਰਾਜ ਦਾ ਪੱਖ ਪੂਰਦੇ ਹਨ?

12 ਬਾਈਬਲ ਦੀਆਂ ਭਵਿੱਖਬਾਣੀਆਂ ਅਤੇ ਦੁਨੀਆਂ ਦੀ ਹਾਲਤ ਤੋਂ ਸਾਨੂੰ ਪਤਾ ਹੈ ਕਿ ਸਵਰਗ ਵਿਚ ਇਹ ਲੜਾਈ 1914 ਵਿਚ ਹੋਈ ਸੀ। ਉਸ ਸਮੇਂ ਤੋਂ ਦੁਨੀਆਂ ਦੀ ਹਾਲਤ ਵਿਗੜਦੀ ਜਾ ਰਹੀ ਹੈ। ਪਰਕਾਸ਼ ਦੀ ਪੋਥੀ 12:12 ਵਿਚ ਇਸ ਦਾ ਕਾਰਨ ਦਿੱਤਾ ਗਿਆ ਹੈ: “ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”

13 ਸ਼ਤਾਨ ਦਾ ਗੁੱਸਾ ਖ਼ਾਸ ਕਰਕੇ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ‘ਹੋਰ ਭੇਡਾਂ’ ਉੱਤੇ ਭੜਕਿਆ ਹੈ। (ਯੂਹੰਨਾ 10:16; ਪਰਕਾਸ਼ ਦੀ ਪੋਥੀ 12:17) ਬਹੁਤ ਜਲਦੀ ਇਹ ਵਿਰੋਧਤਾ ਸਿਖਰ ਤੇ ਪਹੁੰਚੇਗੀ ਜਦੋਂ ਸ਼ਤਾਨ ਉਨ੍ਹਾਂ ਉੱਤੇ ਹਮਲਾ ਕਰੇਗਾ ਜੋ ਪਰਮੇਸ਼ੁਰ ਦੇ ਰਾਜ ਦਾ ਪੱਖ ਪੂਰਦੇ ਹਨ ਅਤੇ ਉਸ ਉੱਤੇ ਭਰੋਸਾ ਰੱਖਦੇ ਹਨ। ਹਿਜ਼ਕੀਏਲ ਦੇ 38ਵੇਂ ਅਧਿਆਇ ਵਿਚ ਇਸ ਹਮਲਾ ਕਰਨ ਵਾਲੇ ਨੂੰ “ਗੋਗ” ਸੱਦਿਆ ਗਿਆ ਹੈ “ਜਿਹੜਾ ਮਾਗੋਗ ਦੀ ਧਰਤੀ ਦਾ ਹੈ।”

14. ਯਹੋਵਾਹ ਦੇ ਗਵਾਹਾਂ ਨੂੰ ਕਈ ਵਾਰ ਕਿਨ੍ਹਾਂ ਤੋਂ ਮਦਦ ਮਿਲੀ ਹੈ ਅਤੇ ਕੀ ਅਗਾਹਾਂ ਨੂੰ ਵੀ ਇਸ ਤਰ੍ਹਾਂ ਹੁੰਦਾ ਰਹੇਗਾ?

14 ਸਵਰਗੋਂ ਕੱਢੇ ਜਾਣ ਤੋਂ ਬਾਅਦ ਸ਼ਤਾਨ ਨੇ ਕਈ ਵਾਰ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲੇ ਕੀਤੇ ਹਨ। ਸਰਕਾਰਾਂ ਨੇ ਇਨ੍ਹਾਂ ਹਮਲਿਆਂ ਤੋਂ ਉਨ੍ਹਾਂ ਨੂੰ ਬਚਾਇਆ ਹੈ। ਇਹ ਗੱਲ ਤਸਵੀਰੀ ਭਾਸ਼ਾ ਵਿਚ ਪਰਕਾਸ਼ ਦੀ ਪੋਥੀ 12:15, 16 ਵਿਚ ਪਹਿਲਾਂ ਹੀ ਦੱਸੀ ਗਈ ਸੀ। ਪਰ ਸ਼ਤਾਨ ਦੇ ਆਖ਼ਰੀ ਹਮਲੇ ਦੌਰਾਨ ਕੋਈ ਵੀ ਇਨਸਾਨੀ ਸੰਸਥਾ ਯਹੋਵਾਹ ਦੇ ਲੋਕਾਂ ਦੀ ਮਦਦ ਨਹੀਂ ਕਰੇਗੀ। ਕੀ ਮਸੀਹੀਆਂ ਨੂੰ ਇਸ ਗੱਲ ਕਰਕੇ ਡਰਨਾ ਜਾਂ ਘਬਰਾਉਣਾ ਚਾਹੀਦਾ ਹੈ? ਬਿਲਕੁਲ ਨਹੀਂ!

15, 16. (ੳ) ਯਹੋਸ਼ਾਫ਼ਾਟ ਦੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕੀ ਭਰੋਸਾ ਦਿੱਤਾ ਸੀ ਜਿਸ ਤੋਂ ਅੱਜ ਮਸੀਹੀਆਂ ਨੂੰ ਉਮੀਦ ਮਿਲਦੀ ਹੈ? (ਅ) ਭਵਿੱਖ ਵਿਚ ਪਰਮੇਸ਼ੁਰ ਦੇ ਸੇਵਕ ਯਹੋਸ਼ਾਫ਼ਾਟ ਅਤੇ ਯਹੂਦਾਹ ਦੇ ਵਾਸੀਆਂ ਦੀ ਕਿਹੜੀ ਮਿਸਾਲ ਉੱਤੇ ਚੱਲਣਗੇ?

15 ਉਦੋਂ ਪਰਮੇਸ਼ੁਰ ਆਪਣੇ ਲੋਕਾਂ ਦੀ ਮਦਦ ਕਰੇਗਾ, ਠੀਕ ਜਿਵੇਂ ਉਸ ਨੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਜ਼ਮਾਨੇ ਵਿਚ ਆਪਣੀ ਪਰਜਾ ਦੀ ਮਦਦ ਕੀਤੀ ਸੀ। ਬਾਈਬਲ ਦੱਸਦੀ ਹੈ: “ਹੇ ਯਹੂਦਾਹ ਤੇ ਯਰੂਸ਼ਲਮ ਦੇ ਵਸਨੀਕੋ ਅਤੇ ਹੇ ਪਾਤਸ਼ਾਹ ਯਹੋਸ਼ਾਫ਼ਾਟ, ਤੁਸੀਂ ਸਾਰੇ ਸੁਣੋ! ਯਹੋਵਾਹ ਤੁਹਾਨੂੰ ਐਉਂ ਆਖਦਾ ਹੈ ਕਿ ਤੁਸੀਂ ਏਸ ਵੱਡੇ ਦਲ ਦੇ ਕਾਰਨ ਨਾ ਡਰੋ, ਨਾ ਘਾਬਰੋ! ਕਿਉਂ ਜੋ ਏਹ ਲੜਾਈ ਤੁਹਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਹੈ। . . . ਤੁਹਾਨੂੰ ਏਸ ਥਾਂ ਲੜਨਾ ਨਹੀਂ ਪਵੇਗਾ, ਹੇ ਯਹੂਦਾਹ ਅਤੇ ਯਰੂਸ਼ਲਮ, ਤੁਸੀਂ ਪਾਲ ਬੰਨ੍ਹ ਕੇ ਚੁੱਪ ਚਾਪ ਖਲੋਤੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ! ਨਾ ਡਰੋ, ਨਾ ਘਾਬਰੋ। ਕਲ ਉਨ੍ਹਾਂ ਦੇ ਟਾਕਰੇ ਲਈ ਚੱਲਣਾ ਕਿਉਂ ਜੋ ਯਹੋਵਾਹ ਤੁਹਾਡੇ ਅੰਗ ਸੰਗ ਹੈ।”—2 ਇਤਹਾਸ 20:15-17.

16 ਯਹੂਦਾਹ ਦੇ ਵਾਸੀਆਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਲੜਨਾ ਨਹੀਂ ਪਵੇਗਾ। ਇਸੇ ਤਰ੍ਹਾਂ ਜਦੋਂ ਮਾਗੋਗ ਦਾ ਗੋਗ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰੇਗਾ, ਤਾਂ ਉਹ ਆਪਣਾ ਬਚਾਅ ਕਰਨ ਲਈ ਹਥਿਆਰ ਨਹੀਂ ਚੁੱਕਣਗੇ। ਇਸ ਦੀ ਬਜਾਇ, ਉਹ ‘ਚੁੱਪ ਚਾਪ ਖਲੋਤੇ ਰਹਿਣਗੇ ਅਤੇ ਯਹੋਵਾਹ ਦਾ ਬਚਾਓ ਜਿਹੜਾ ਉਨ੍ਹਾਂ ਲਈ ਹੈ ਵੇਖਣਗੇ।’ ਪਰ ਖੜ੍ਹੇ ਰਹਿਣ ਦਾ ਮਤਲਬ ਇਹ ਨਹੀਂ ਕਿ ਉਹ ਕੁਝ ਵੀ ਨਹੀਂ ਕਰਨਗੇ। ਯਹੋਸ਼ਾਫ਼ਾਟ ਦੇ ਜ਼ਮਾਨੇ ਵਿਚ ਵੀ ਪਰਮੇਸ਼ੁਰ ਦੇ ਲੋਕ ਸਿਰਫ਼ ਖੜ੍ਹੇ ਨਹੀਂ ਰਹੇ ਸਨ। ਅਸੀਂ ਪੜ੍ਹਦੇ ਹਾਂ: “ਤਾਂ ਯਹੋਸ਼ਾਫ਼ਾਟ ਸਿਰ ਨਿਵਾ ਕੇ ਧਰਤੀ ਉੱਤੇ ਝੁਕਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਵਸਨੀਕਾਂ ਨੇ ਯਹੋਵਾਹ ਦੇ ਅੱਗੇ ਡਿੱਗ ਕੇ ਉਹ ਨੂੰ ਮੱਥਾ ਟੇਕਿਆ। . . . ਜਦ [ਯਹੋਸ਼ਾਫ਼ਾਟ] ਨੇ ਆਪਣੀ ਪਰਜਾ ਨਾਲ ਸਲਾਹ ਕਰ ਲਈ ਤਾਂ ਉਨ੍ਹਾਂ ਯਹੋਵਾਹ ਲਈ ਗਵੱਯਾਂ ਨੂੰ ਮੁਕੱਰਰ ਕੀਤਾ ਜਿਹੜੇ ਸੈਨਾ ਦੇ ਮੁਹਰੇ ਮੁਹਰੇ ਚੱਲ ਕੇ ਪਵਿੱਤਰ ਬਸਤ੍ਰਾਂ ਵਿੱਚ ਉਸਤਤ ਕਰਨ ਅਤੇ ਆਖਣ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੀ ਦਯਾ ਜੋ ਸਦਾ ਦੀ ਹੈ।” (2 ਇਤਹਾਸ 20:18-21) ਜੀ ਹਾਂ, ਦੁਸ਼ਮਣਾਂ ਦੇ ਹਮਲੇ ਦਾ ਸਾਮ੍ਹਣਾ ਕਰਦੇ ਹੋਏ ਵੀ ਯਹੋਵਾਹ ਦੇ ਲੋਕ ਲਗਾਤਾਰ ਉਸ ਦੀ ਵਡਿਆਈ ਕਰਦੇ ਰਹੇ। ਇਹ ਯਹੋਵਾਹ ਦੇ ਗਵਾਹਾਂ ਲਈ ਇਕ ਨਮੂਨਾ ਹੈ। ਜਦੋਂ ਗੋਗ ਉਨ੍ਹਾਂ ਉੱਤੇ ਹਮਲਾ ਕਰੇਗਾ, ਤਾਂ ਉਹ ਇਸ ਮਿਸਾਲ ਉੱਤੇ ਚੱਲਣਗੇ।

17, 18. (ੳ) ਗੋਗ ਦੇ ਹਮਲੇ ਦੀ ਉਡੀਕ ਕਰਦੇ ਹੋਏ ਯਹੋਵਾਹ ਦੇ ਗਵਾਹ ਦਲੇਰੀ ਕਿਵੇਂ ਦਿਖਾਉਂਦੇ ਹਨ? (ਅ) ਹਾਲ ਹੀ ਦੇ ਸਮੇਂ ਵਿਚ ਨੌਜਵਾਨ ਮਸੀਹੀਆਂ ਨੂੰ ਕਿਹੜੀ ਸਲਾਹ ਦਿੱਤੀ ਗਈ ਸੀ?

17 ਗੋਗ ਦਾ ਹਮਲਾ ਸ਼ੁਰੂ ਹੋਣ ਤਕ ਅਤੇ ਉਸ ਤੋਂ ਬਾਅਦ ਵੀ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦਾ ਪੱਖ ਪੂਰਦੇ ਰਹਿਣਗੇ। ਉਨ੍ਹਾਂ ਨੂੰ ਸੰਸਾਰ ਦੀਆਂ 94,600 ਤੋਂ ਜ਼ਿਆਦਾ ਕਲੀਸਿਯਾਵਾਂ ਨਾਲ ਸੰਗਤ ਕਰਨ ਨਾਲ ਤਾਕਤ ਮਿਲਦੀ ਰਹੇਗੀ ਅਤੇ ਉਨ੍ਹਾਂ ਦੀ ਰੱਖਿਆ ਹੋਵੇਗੀ। (ਯਸਾਯਾਹ 26:20) ਹੁਣ ਦਲੇਰੀ ਨਾਲ ਯਹੋਵਾਹ ਦੀ ਵਡਿਆਈ ਕਰਨ ਦਾ ਮੌਕਾ ਹੈ! ਗੋਗ ਦੇ ਹਮਲੇ ਦੀ ਉਡੀਕ ਕਰਦੇ ਹੋਏ ਉਹ ਡਰ ਦੇ ਮਾਰੇ ਪਿੱਛੇ ਨਹੀਂ ਹਟਦੇ, ਸਗੋਂ ਉਹ ਆਪਣੀ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੇ ਜਸ ਗਾਉਂਦੇ ਹਨ।—ਜ਼ਬੂਰਾਂ ਦੀ ਪੋਥੀ 146:2.

18 ਪੂਰੇ ਸੰਸਾਰ ਵਿਚ ਯਹੋਵਾਹ ਦੇ ਹਜ਼ਾਰਾਂ ਹੀ ਨੌਜਵਾਨ ਗਵਾਹ ਪਾਇਨੀਅਰੀ ਕਰ ਕੇ ਆਪਣੀ ਦਲੇਰੀ ਦਾ ਸਬੂਤ ਦਿੰਦੇ ਹਨ। ਇਹ ਦਿਖਾਉਣ ਲਈ ਕਿ ਅਜਿਹੀ ਜ਼ਿੰਦਗੀ ਦਾ ਰਾਹ ਅਪਣਾਉਣਾ ਕਿੰਨਾ ਵਧੀਆ ਹੈ, 2002 ਦੇ ਵੱਡੇ ਸੰਮੇਲਨਾਂ ਵਿਚ ਇਕ ਟ੍ਰੈਕਟ ਰਿਲੀਸ ਕੀਤਾ ਗਿਆ ਸੀ ਜਿਸ ਦਾ ਵਿਸ਼ਾ ਸੀ ਨੌਜਵਾਨੋ—ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ? ਸਾਰੇ ਮਸੀਹੀ, ਕੀ ਛੋਟੇ ਕੀ ਵੱਡੇ, ਅਜਿਹੀਆਂ ਸਾਖੀਆਂ ਜਾਂ ਸਲਾਹਾਂ ਲਈ ਸ਼ੁਕਰਗੁਜ਼ਾਰ ਹਨ।—ਜ਼ਬੂਰਾਂ ਦੀ ਪੋਥੀ 119:14, 24, 99, 119, 129, 146.

19, 20. (ੳ) ਮਸੀਹੀਆਂ ਨੂੰ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਕਿਉਂ ਨਹੀਂ ਹੈ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

19 ਦੁਨੀਆਂ ਦੀ ਮਾੜੀ ਹਾਲਤ ਦੇ ਬਾਵਜੂਦ ਮਸੀਹੀਆਂ ਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਉਹ ਜਾਣਦੇ ਹਨ ਕਿ ਯਹੋਵਾਹ ਦਾ ਰਾਜ ਬਹੁਤ ਜਲਦੀ ਹਮੇਸ਼ਾ ਲਈ ਹਿੰਸਾ ਨੂੰ ਖ਼ਤਮ ਕਰ ਦੇਵੇਗਾ। ਉਨ੍ਹਾਂ ਨੂੰ ਇਸ ਗੱਲ ਤੋਂ ਵੀ ਦਿਲਾਸਾ ਮਿਲਦਾ ਹੈ ਕਿ ਹਿੰਸਾ ਕਰਕੇ ਜਿਨ੍ਹਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ, ਉਹ ਦੁਬਾਰਾ ਜੀ ਉਠਾਏ ਜਾਣਗੇ। ਇਨ੍ਹਾਂ ਵਿੱਚੋਂ ਕਈ ਪਹਿਲਾਂ ਵਾਂਗ ਯਹੋਵਾਹ ਦੀ ਸੇਵਾ ਕਰਦੇ ਰਹਿਣਗੇ ਅਤੇ ਬਾਕੀਆਂ ਨੂੰ ਉਸ ਬਾਰੇ ਸਿੱਖਣ ਦਾ ਮੌਕਾ ਮਿਲੇਗਾ।—ਰਸੂਲਾਂ ਦੇ ਕਰਤੱਬ 24:15.

20 ਸੱਚੇ ਮਸੀਹੀ ਹੋਣ ਦੇ ਨਾਤੇ ਸਾਡਾ ਇਰਾਦਾ ਪੱਕਾ ਹੈ ਕਿ ਅਸੀਂ ਦੁਨੀਆਂ ਦੇ ਮਾਮਲਿਆਂ ਵਿਚ ਹਿੱਸਾ ਨਹੀਂ ਲਵਾਂਗੇ ਅਤੇ ਨਿਰਪੱਖ ਰਹਾਂਗੇ। ਅਸੀਂ ਉਸ ਸਮੇਂ ਦੀ ਉਡੀਕ ਕਰਦੇ ਹਾਂ ਜਦੋਂ ਅਸੀਂ ‘ਚੁੱਪ ਚਾਪ ਖਲੋਤੇ ਰਹਾਂਗੇ ਅਤੇ ਯਹੋਵਾਹ ਦਾ ਬਚਾਓ ਵੇਖਾਂਗੇ।’ ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਜੋ ਘਟਨਾਵਾਂ ਵਾਪਰ ਰਹੀਆਂ ਹਨ, ਇਹ ਸਾਡੀ ਨਿਹਚਾ ਨੂੰ ਹੋਰ ਵੀ ਮਜ਼ਬੂਤ ਕਿਸ ਤਰ੍ਹਾਂ ਕਰ ਸਕਦੀਆਂ ਹਨ।

ਕੀ ਤੁਸੀਂ ਸਮਝਾ ਸਕਦੇ ਹੋ?

• ਅੱਜ ਲੋਕ ਭਵਿੱਖ ਬਾਰੇ ਇੰਨੇ ਨਿਰਾਸ਼ ਕਿਉਂ ਹਨ?

• ਯਹੋਵਾਹ ਦੇ ਗਵਾਹਾਂ ਨੂੰ ਚੰਗੇ ਭਵਿੱਖ ਦੀ ਉਮੀਦ ਕਿਉਂ ਹੈ?

• ਯਹੋਵਾਹ ਨੇ ਹਿੰਸਾ ਦੀ ਜੜ੍ਹ ਨੂੰ ਪੁੱਟ ਸੁੱਟਣ ਲਈ ਕੀ ਕੀਤਾ ਹੈ?

• ਸਾਨੂੰ ਗੋਗ ਦੇ ਹਮਲੇ ਤੋਂ ਡਰਨਾ ਕਿਉਂ ਨਹੀਂ ਚਾਹੀਦਾ?

[ਸਵਾਲ]

[ਸਫ਼ੇ 13 ਉੱਤੇ ਤਸਵੀਰ]

ਯਿਸੂ ਨੇ ਮਸੀਹੀ ਨਿਰਪੱਖਤਾ ਦੀ ਮਿਸਾਲ ਕਾਇਮ ਕੀਤੀ ਸੀ

[ਸਫ਼ੇ 16 ਉੱਤੇ ਤਸਵੀਰਾਂ]

ਹਜ਼ਾਰਾਂ ਹੀ ਨੌਜਵਾਨਾਂ ਨੇ ਖ਼ੁਸ਼ੀ ਨਾਲ ਬੈਥਲ ਵਿਚ ਸੇਵਾ ਤੇ ਪਾਇਨੀਅਰੀ ਕਰਨੀ ਸ਼ੁਰੂ ਕੀਤੀ ਹੈ

[ਸਫ਼ੇ 12 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

UN PHOTO 186226/M. Grafman

[ਫੁਟਨੋਟ]

^ ਪੈਰਾ 9 ਤੁਸੀਂ 1 ਜਨਵਰੀ 1996 ਦੇ ਪਹਿਰਾਬੁਰਜ ਦੇ 5ਵੇਂ ਸਫ਼ੇ ਅਤੇ 1 ਅਗਸਤ 1998 ਪਹਿਰਾਬੁਰਜ ਦੇ 5ਵੇਂ ਸਫ਼ੇ ਉੱਤੇ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਪੜ੍ਹ ਸਕਦੇ ਹੋ ਜਿਨ੍ਹਾਂ ਨੇ ਯਹੋਵਾਹ ਦੇ ਗਵਾਹ ਬਣਨ ਲਈ ਹਿੰਸਾ ਦਾ ਰਾਹ ਛੱਡਿਆ ਹੈ।