Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਪਰਮੇਸ਼ੁਰ ਦੀ ਨਿਗਾਹ ਵਿਚ ਕਿਸੇ ਬੀਮਾਰ ਜਾਂ ਬੁੱਢੇ ਪਾਲਤੂ ਜਾਨਵਰ ਦੀ ਜਾਨ ਲੈਣੀ ਠੀਕ ਹੈ ਕਿ ਨਹੀਂ?

ਜ਼ਿਆਦਾਤਰ ਲੋਕ ਵੱਖੋ-ਵੱਖਰੇ ਜਾਨਵਰਾਂ ਵਿਚ ਬਹੁਤ ਦਿਲਚਸਪੀ ਲੈਂਦੇ ਹਨ। ਉਨ੍ਹਾਂ ਨੂੰ ਜਾਨਵਰਾਂ ਤੋਂ ਖ਼ੁਸ਼ੀ ਮਿਲਦੀ ਹੈ। ਕੁਝ ਪਾਲਤੂ ਜਾਨਵਰ ਚੰਗੇ ਸਾਥੀ ਸਾਬਤ ਹੁੰਦੇ ਹਨ। ਮਿਸਾਲ ਲਈ, ਅਸੀਂ ਜਾਣਦੇ ਹਾਂ ਕਿ ਕੁੱਤੇ ਆਪਣੇ ਮਾਲਕ ਦੇ ਆਗਿਆਕਾਰ ਅਤੇ ਵਫ਼ਾਦਾਰ ਰਹਿੰਦੇ ਹਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਲੋਕ ਅਜਿਹੇ ਜਾਨਵਰਾਂ ਨਾਲ ਇੰਨਾ ਪਿਆਰ ਕਿਉਂ ਕਰਦੇ ਹਨ, ਖ਼ਾਸ ਕਰਕੇ ਜੇ ਜਾਨਵਰ ਕਈ ਸਾਲਾਂ ਤੋਂ ਉਨ੍ਹਾਂ ਦੇ ਨਾਲ ਰਹੇ ਹੋਣ।

ਪਰ ਪਾਲਤੂ ਜਾਨਵਰਾਂ ਦੀ ਜ਼ਿੰਦਗੀ ਇੰਨੀ ਲੰਬੀ ਨਹੀਂ ਹੁੰਦੀ। ਕੁੱਤੇ ਅਤੇ ਬਿੱਲੀਆਂ ਆਪੋ ਆਪਣੀ ਜਿਨਸ ਅਨੁਸਾਰ, ਸ਼ਾਇਦ ਕੁਝ 10 ਤੋਂ 15 ਸਾਲ ਹੀ ਜ਼ਿੰਦਾ ਰਹਿਣ। ਬੁੱਢੇ ਹੋ ਕੇ ਪਾਲਤੂ ਜਾਨਵਰ ਬੀਮਾਰ ਹੋ ਸਕਦੇ ਹਨ। ਇਸ ਤੋਂ ਉਨ੍ਹਾਂ ਦੇ ਮਾਲਕਾਂ ਨੂੰ ਬਹੁਤ ਹੀ ਦੁੱਖ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਉਸ ਜਾਨਵਰ ਦੀਆਂ ਜੋਸ਼ੀਲੀਆਂ ਹਰਕਤਾਂ ਯਾਦ ਹੁੰਦੀਆਂ ਹਨ। ਕੀ ਅਜਿਹੇ ਜਾਨਵਰਾਂ ਦੀ ਤੜਫਾਟ ਖ਼ਤਮ ਕਰਨ ਲਈ ਉਨ੍ਹਾਂ ਨੂੰ ਮੌਤ ਦੀ ਨੀਂਦ ਸੁਲ੍ਹਾਉਣਾ ਠੀਕ ਹੈ?

ਇਕ ਮਸੀਹੀ ਨੂੰ ਜਾਨਵਰਾਂ ਨਾਲ ਅਜਿਹਾ ਸਲੂਕ ਕਰਨਾ ਚਾਹੀਦਾ ਹੈ ਜੋ ਪਰਮੇਸ਼ੁਰ ਦੀ ਨਿਗਾਹ ਵਿਚ ਠੀਕ ਹੈ। ਜਾਨਵਰਾਂ ਨਾਲ ਬੇਰਹਿਮੀ ਨਾਲ ਸਲੂਕ ਕਰਨਾ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਹੈ ਕਿਉਂਕਿ ਉਸ ਦੇ ਬਚਨ ਵਿਚ ਲਿਖਿਆ ਹੈ: “ਧਰਮੀ ਆਪਣੇ ਪਸੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ।” (ਕਹਾਉਤਾਂ 12:10) ਪਰ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਜਾਨਵਰਾਂ ਨੂੰ ਉਸੇ ਤਰ੍ਹਾਂ ਵਿਚਾਰਦਾ ਹੈ ਜਿਸ ਤਰ੍ਹਾਂ ਉਹ ਇਨਸਾਨਾਂ ਨੂੰ ਵਿਚਾਰਦਾ ਹੈ। ਜਦੋਂ ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ ਸੀ, ਤਾਂ ਉਸ ਨੇ ਸਾਫ਼-ਸਾਫ਼ ਦਿਖਾਇਆ ਸੀ ਕਿ ਉਨ੍ਹਾਂ ਅਤੇ ਜਾਨਵਰਾਂ ਵਿਚ ਬਹੁਤ ਫ਼ਰਕ ਹੈ। ਮਿਸਾਲ ਲਈ, ਉਸ ਨੇ ਸਿਰਫ਼ ਇਨਸਾਨਾਂ ਨੂੰ ਹੀ ਸਦਾ ਜ਼ਿੰਦਾ ਰਹਿਣ ਦੀ ਉਮੀਦ ਦਿੱਤੀ ਸੀ, ਜਾਨਵਰਾਂ ਨੂੰ ਨਹੀਂ। (ਰੋਮੀਆਂ 6:23; 2 ਪਤਰਸ 2:12) ਸਿਰਜਣਹਾਰ ਹੋਣ ਦੇ ਨਾਤੇ ਉਸ ਦਾ ਇਹ ਦੱਸਣ ਦਾ ਪੂਰਾ ਹੱਕ ਬਣਦਾ ਹੈ ਕਿ ਇਨਸਾਨਾਂ ਨੂੰ ਜਾਨਵਰਾਂ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ।

ਉਤਪਤ 1:28 ਵਿਚ ਸਾਨੂੰ ਇਸ ਬਾਰੇ ਦੱਸਿਆ ਗਿਆ ਹੈ। ਪਰਮੇਸ਼ੁਰ ਨੇ ਪਹਿਲੇ ਇਨਸਾਨੀ ਜੋੜੇ ਨੂੰ ਕਿਹਾ ਸੀ: “ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” ਇਸੇ ਤਰ੍ਹਾਂ ਜ਼ਬੂਰਾਂ ਦੀ ਪੋਥੀ 8:6-8 ਵਿਚ ਲਿਖਿਆ ਹੈ ਕਿ ਪਰਮੇਸ਼ੁਰ ਨੇ “ਸੱਭੋ ਕੁਝ [ਮਨੁੱਖ] ਦੇ ਪੈਰਾਂ ਹੇਠ ਕਰ ਦਿੱਤਾ ਹੈ, ਸਾਰੇ ਇੱਜੜ ਅਰ ਵੱਗ, ਸਗੋਂ ਰੜ ਦੇ ਸਾਰੇ ਜਾਨਵਰ, ਅਕਾਸ਼ ਦੇ ਪੰਖੇਰੂ ਅਰ ਸਮੁੰਦਰ ਦੀਆਂ ਮੱਛੀਆਂ।”

ਪਰਮੇਸ਼ੁਰ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਇਨਸਾਨ ਜਾਨਵਰਾਂ ਨੂੰ ਸਹੀ ਤਰੀਕੇ ਨਾਲ ਵਰਤ ਸਕਦੇ ਸਨ। ਮਿਸਾਲ ਲਈ, ਉਨ੍ਹਾਂ ਦੀ ਖੱਲ ਕੱਪੜਿਆਂ ਲਈ ਇਸਤੇਮਾਲ ਕੀਤੀ ਜਾ ਸਕਦੀ ਸੀ। ਨੂਹ ਦੇ ਸਮੇਂ ਦੀ ਜਲ-ਪਰਲੋ ਤੋਂ ਬਾਅਦ ਸਾਗ-ਪੱਤਰ ਅਤੇ ਫਲ-ਫਰੂਟ ਖਾਣ ਦੇ ਨਾਲ-ਨਾਲ ਪਰਮੇਸ਼ੁਰ ਨੇ ਇਨਸਾਨਾਂ ਨੂੰ ਗੋਸ਼ਤ ਖਾਣ ਦੀ ਇਜਾਜ਼ਤ ਵੀ ਦਿੱਤੀ ਸੀ।—ਉਤਪਤ 3:21; 4:4; 9:3.

ਇਸ ਦਾ ਮਤਲਬ ਇਹ ਨਹੀਂ ਸੀ ਕਿ ਇਨਸਾਨ ਆਪਣੇ ਦਿਲਪਰਚਾਵੇ ਲਈ ਜਾਨਵਰਾਂ ਦਾ ਸ਼ਿਕਾਰ ਕਰ ਸਕਦੇ ਸਨ। ਉਤਪਤ 10:9 ਵਿਚ ਨਿਮਰੋਦ ਬਾਰੇ ਕਿਹਾ ਗਿਆ ਹੈ ਕਿ ਉਹ “ਇੱਕ ਬਲਵੰਤ ਸ਼ਿਕਾਰੀ ਸੀ।” ਪਰ ਇਸ ਆਇਤ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਕਰ ਕੇ ਨਿਮਰੋਦ ਨੇ ਆਪਣੇ ਆਪ ਨੂੰ “ਯਹੋਵਾਹ ਦੇ ਵਿਰੋਧ” ਸਾਬਤ ਕੀਤਾ ਸੀ।—NW.

ਇਸ ਲਈ, ਭਾਵੇਂ ਕਿ ਇਨਸਾਨਾਂ ਦਾ ਜਾਨਵਰਾਂ ਉੱਤੇ ਰਾਜ ਕਰਨ ਦਾ ਪੂਰਾ ਹੱਕ ਹੈ, ਪਰ ਉਸ ਨੂੰ ਉਸ ਹੱਕ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ ਸਗੋਂ ਇਸ ਨੂੰ ਪਰਮੇਸ਼ੁਰ ਦੇ ਬਚਨ ਦੇ ਸਿਧਾਂਤਾਂ ਅਨੁਸਾਰ ਵਰਤਣਾ ਚਾਹੀਦਾ ਹੈ। ਜੇਕਰ ਜਾਨਵਰ ਬੁਢਾਪੇ, ਗੰਭੀਰ ਜ਼ਖ਼ਮ ਜਾਂ ਜਾਨ-ਲੇਵਾ ਬੀਮਾਰੀ ਦੇ ਕਾਰਨ ਬੇਲੋੜਾ ਤੜਫ ਰਿਹਾ ਹੋਵੇ, ਤਾਂ ਇਨਸਾਨ ਉਸ ਦੀ ਤੜਫਾਟ ਖ਼ਤਮ ਕਰਨ ਦਾ ਫ਼ੈਸਲਾ ਕਰ ਸਕਦਾ ਹੈ। ਇਸ ਮਾਮਲੇ ਵਿਚ ਹਰੇਕ ਮਸੀਹੀ ਨੂੰ ਆਪੋ-ਆਪਣਾ ਫ਼ੈਸਲਾ ਕਰਨਾ ਚਾਹੀਦਾ ਹੈ। ਕਈ ਵਾਰ ਮਾਲਕ ਨੂੰ ਪਤਾ ਹੁੰਦਾ ਹੈ ਕਿ ਜਾਨਵਰ ਦਾ ਠੀਕ ਹੋਣਾ ਨਾਮੁਮਕਿਨ ਹੈ। ਜੇ ਇਸ ਤਰ੍ਹਾਂ ਹੋਵੇ ਅਤੇ ਉਹ ਉਸ ਦੀ ਤੜਫਾਟ ਖ਼ਤਮ ਕਰਨੀ ਚਾਹੇ, ਤਾਂ ਉਹ ਉਸ ਦੀ ਜਾਨ ਲੈ ਸਕਦਾ ਹੈ।