Skip to content

Skip to table of contents

ਪੁੰਨ-ਦਾਨ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ

ਪੁੰਨ-ਦਾਨ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ

ਪੁੰਨ-ਦਾਨ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ

ਇਕ ਵਾਰ ਯਿਸੂ ਤੇ ਉਸ ਦੇ ਚੇਲੇ ਬੈਤਅਨੀਆ ਵਿਚ ਆਪਣੇ ਦੋਸਤਾਂ-ਮਿੱਤਰਾਂ ਨਾਲ ਰੋਟੀ ਖਾ ਰਹੇ ਸਨ ਜਿਨ੍ਹਾਂ ਵਿਚ ਮਰਿਯਮ, ਮਾਰਥਾ ਤੇ ਹਾਲ ਹੀ ਵਿਚ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਗਿਆ ਲਾਜ਼ਰ ਵੀ ਸ਼ਾਮਲ ਸਨ। ਮਰਿਯਮ ਨੇ ਅੱਧਾ ਕੁ ਕਿਲੋ ਮਹਿੰਗਾ ਤੇਲ ਲੈ ਕਿ ਯਿਸੂ ਦੇ ਪੈਰਾਂ ਤੇ ਮਲ ਦਿੱਤਾ। ਇਹ ਦੇਖ ਕੇ ਯਹੂਦਾ ਇਸਕਰਿਯੋਤੀ ਨੇ ਨਾਰਾਜ਼ ਹੋ ਕੇ ਕਿਹਾ: “ਇਹ ਅਤਰ ਤਿੰਨ ਸੌ ਦਿਨਾਰ ਨੂੰ ਵੇਚ ਕੇ ਗਰੀਬਾਂ ਵਿਚ ਕਿਉਂ ਨਹੀਂ ਵੰਡਿਆ ਗਿਆ?” ਹੋਰਨਾਂ ਨੇ ਵੀ ਯਹੂਦਾ ਵਾਂਗ ਸ਼ਿਕਾਇਤ ਕੀਤੀ ਕਿਉਂਕਿ ਉਹ ਤੇਲ ਇਕ ਸਾਲ ਦੀ ਆਮਦਨ ਦੇ ਬਰਾਬਰ ਸੀ।—ਯੂਹੰਨਾ 12:1-6, ਪਵਿੱਤਰ ਬਾਈਬਲ ਨਵਾਂ ਅਨੁਵਾਦ; ਮਰਕੁਸ 14:3-5.

ਪਰ ਯਿਸੂ ਨੇ ਆਖਿਆ: “ਇਹ ਨੂੰ ਛੱਡ ਦਿਓ, . . . ਕਿਉਂ ਜੋ ਕੰਗਾਲ ਸਦਾ ਤੁਹਾਡੇ ਨਾਲ ਹਨ ਅਤੇ ਜਾਂ ਚਾਹੋ ਤਾਂ ਉਨ੍ਹਾਂ ਦਾ ਭਲਾ ਕਰ ਸੱਕਦੇ ਹੋ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ।” (ਮਰਕੁਸ 14:6-9) ਯਹੂਦੀ ਧਾਰਮਿਕ ਆਗੂ ਸਿਖਾਇਆ ਕਰਦੇ ਸਨ ਕਿ ਲੋਕ ਪੁੰਨ-ਦਾਨ ਕਰ ਕੇ ਕਿਸੇ ਦੀ ਭਲਾਈ ਕਰਨ ਦੇ ਨਾਲ-ਨਾਲ ਆਪਣੇ ਪਾਪਾਂ ਦਾ ਪ੍ਰਾਸਚਿਤ ਵੀ ਕਰ ਸਕਦੇ ਸਨ। ਪਰ ਯਿਸੂ ਨੇ ਸਪੱਸ਼ਟ ਦੱਸਿਆ ਸੀ ਕਿ ਜਿਸ ਪੁੰਨ-ਦਾਨ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ ਉਸ ਵਿਚ ਗ਼ਰੀਬਾਂ ਨੂੰ ਪੈਸੇ ਦੇਣ ਤੋਂ ਜ਼ਿਆਦਾ ਕੁਝ ਕਰਨ ਦੀ ਲੋੜ ਹੈ।

ਆਓ ਆਪਾਂ ਪਹਿਲੀ ਸਦੀ ਦੀ ਕਲੀਸਿਯਾ ਉੱਤੇ ਗੌਰ ਕਰੀਏ ਕਿ ਉਸ ਸਮੇਂ ਪੁੰਨ-ਦਾਨ ਕਿਸ ਤਰ੍ਹਾਂ ਕੀਤਾ ਜਾਂਦਾ ਸੀ। ਇਸ ਤੋਂ ਅਸੀਂ ਇਹ ਵੀ ਸਿੱਖ ਸਕਾਂਗੇ ਕਿ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਇਕ ਵਧੀਆ ਕਿਸਮ ਦਾ ‘ਦਾਨ’ ਕਿਸ ਤਰ੍ਹਾਂ ਕਰ ਸਕਦੇ ਹਾਂ।

“ਦਾਨ ਕਰੋ”

ਯਿਸੂ ਨੇ ਕਈਆਂ ਮੌਕਿਆਂ ਤੇ ਆਪਣੇ ਚੇਲਿਆਂ ਨੂੰ “ਦਾਨ” ਕਰਨ ਦੀ ਸਲਾਹ ਦਿੱਤੀ ਸੀ। (ਲੂਕਾ 12:33) ਪਰ ਯਿਸੂ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਦਿਖਾਵੇ ਲਈ ਕੀਤੇ ਗਏ ਪੁੰਨ-ਦਾਨ ਜਾਂ ਚੜ੍ਹਾਵਿਆਂ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ। ਉਸ ਨੇ ਕਿਹਾ: “ਜਦ ਤੂੰ ਦਾਨ ਕਰੇਂ ਆਪਣੇ ਮੁਹਰੇ ਤੁਰਹੀ ਨਾ ਬਜਵਾ ਜਿਸ ਪਰਕਾਰ ਕਪਟੀ ਸਮਾਜਾਂ ਅਤੇ ਰਸਤਿਆਂ ਵਿੱਚ ਕਰਦੇ ਹਨ ਭਈ ਲੋਕ ਉਨ੍ਹਾਂ ਦੀ ਵਡਿਆਈ ਕਰਨ।” (ਮੱਤੀ 6:1-4) ਇਸ ਚੇਤਾਵਨੀ ਨੂੰ ਕਬੂਲ ਕਰ ਕੇ ਪਹਿਲੀ ਸਦੀ ਦੇ ਭੈਣਾਂ-ਭਰਾਵਾਂ ਨੇ ਧਾਰਮਿਕ ਆਗੂਆਂ ਦੇ ਉਲਟ, ਲੋੜਵੰਦ ਲੋਕਾਂ ਦੀ ਮਦਦ ਕਰ ਕੇ ਆਪਣੀ ਡੌਂਡੀ ਨਹੀਂ ਪਿਟਵਾਈ।

ਮਿਸਾਲ ਲਈ ਲੂਕਾ 8:1-3 ਵਿਚ ਸਾਨੂੰ ਦੱਸਿਆ ਜਾਂਦਾ ਹੈ ਕਿ ਮਰਿਯਮ ਮਗਦਲੀਨੀ, ਯੋਆਨਾ, ਸੁਸੰਨਾ ਅਤੇ ਹੋਰ ਕਈਆਂ ਤੀਵੀਆਂ ਨੇ “ਆਪਣੇ ਮਾਲ” ਨਾਲ ਯਿਸੂ ਤੇ ਉਸ ਦੇ ਰਸੂਲਾਂ ਦੀ ਟਹਿਲ ਕੀਤੀ ਸੀ। ਇਹ ਆਦਮੀ ਕਿਸੇ ਚੀਜ਼ ਤੋਂ ਮੁਥਾਜ ਨਹੀਂ ਸਨ, ਪਰ ਇਨ੍ਹਾਂ ਨੇ ਪ੍ਰਚਾਰ ਦੇ ਕੰਮ ਉੱਤੇ ਧਿਆਨ ਲਾਉਣ ਲਈ ਆਪਣੀ ਰੋਜ਼ੀ ਕਮਾਉਣ ਦਾ ਕੰਮ ਛੱਡ ਦਿੱਤਾ ਸੀ। (ਮੱਤੀ 4:18-22; ਲੂਕਾ 5:27, 28) ਇਨ੍ਹਾਂ ਤੀਵੀਆਂ ਨੇ ਉਨ੍ਹਾਂ ਆਦਮੀਆਂ ਦੀ ਮਦਦ ਕਰ ਕੇ ਮਾਨੋ ਰੱਬ ਦੀ ਵਡਿਆਈ ਕੀਤੀ ਕਿਉਂਕਿ ਇਹ ਆਦਮੀ ਉਸ ਦਾ ਹੀ ਕੰਮ ਕਰ ਰਹੇ ਸਨ। ਕੀ ਪਰਮੇਸ਼ੁਰ ਉਨ੍ਹਾਂ ਤੀਵੀਆਂ ਦੀ ਟਹਿਲ ਤੋਂ ਖ਼ੁਸ਼ ਹੋਇਆ ਸੀ? ਜੀ ਹਾਂ। ਅਸੀਂ ਇਹ ਜਾਣਦੇ ਹਾਂ ਕਿਉਂਕਿ ਉਸ ਨੇ ਉਨ੍ਹਾਂ ਦੀ ਖੁੱਲ੍ਹ-ਦਿਲੀ ਬਾਰੇ ਬਾਈਬਲ ਵਿਚ ਲਿਖਵਾਇਆ ਹੈ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਬਾਰੇ ਪੜ੍ਹ ਸਕਣ।—ਕਹਾਉਤਾਂ 19:17; ਇਬਰਾਨੀਆਂ 6:10.

ਦੋਰਕਸ ਯਾਨੀ ਤਬਿਥਾ ਨਾਂ ਦੀ ਇਕ ਹੋਰ ਭਲੀ ਤੀਵੀਂ “ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀ ਰਹਿੰਦੀ ਸੀ।” ਉਹ ਯਾੱਪਾ ਸ਼ਹਿਰ ਦੀ ਰਹਿਣ ਵਾਲੀ ਸੀ ਅਤੇ ਸ਼ਹਿਰ ਦੀਆਂ ਲੋੜਵੰਦ ਵਿਧਵਾਵਾਂ ਵਾਸਤੇ ਕੱਪੜੇ ਸੀਉਂਦੀ ਹੁੰਦੀ ਸੀ। ਅਸੀਂ ਇਹ ਨਹੀਂ ਜਾਣਦੇ ਕਿ ਉਸ ਨੇ ਆਪ ਕੱਪੜਾ ਖ਼ਰੀਦ ਕੇ ਸੀਂਤਾ ਸੀ ਜਾਂ ਬਿਨਾਂ ਪੈਸੇ ਲਏ ਸਿਲਾਈ ਕੀਤੀ ਸੀ। ਫਿਰ ਵੀ, ਉਸ ਦੀ ਭਲਾਈ ਨੇ ਸਿਰਫ਼ ਉਨ੍ਹਾਂ ਔਰਤਾਂ ਦਾ ਹੀ ਦਿਲ ਨਹੀਂ ਜਿੱਤਿਆ ਜਿਨ੍ਹਾਂ ਦੀ ਉਸ ਨੇ ਇਸ ਤਰ੍ਹਾਂ ਮਦਦ ਕੀਤੀ ਸੀ, ਸਗੋਂ ਪਰਮੇਸ਼ੁਰ ਵੀ ਉਸ ਤੇ ਮਿਹਰਬਾਨ ਹੋਇਆ ਸੀ।—ਰਸੂਲਾਂ ਦੇ ਕਰਤੱਬ 9:36-41.

ਲੋਕ ਪੁੰਨ-ਦਾਨ ਕਿਉਂ ਕਰਦੇ ਹਨ?

ਕਿਹੜੀ ਚੀਜ਼ ਨੇ ਇਨ੍ਹਾਂ ਲੋਕਾਂ ਨੂੰ ਪੁੰਨ-ਦਾਨ ਕਰਨ ਲਈ ਪ੍ਰੇਰਿਆ ਸੀ? ਉਹ ਕਿਸੇ ਦੇ ਹੰਝੂ ਦੇਖ ਕੇ ਉਸੇ ਵਕਤ ਕੁਝ ਦੇਣ ਲਈ ਮਜਬੂਰ ਨਹੀਂ ਹੋਏ ਸਨ। ਇਸ ਦੀ ਬਜਾਇ ਉਹ ਇਸ ਨੂੰ ਆਪਣਾ ਫ਼ਰਜ਼ ਸਮਝਦੇ ਸਨ ਕਿ ਉਹ ਹਰ ਰੋਜ਼ ਗ਼ਰੀਬੀ, ਤੰਗੀ, ਬੀਮਾਰੀ ਜਾਂ ਕੋਈ ਹੋਰ ਔਖਿਆਈ ਸਹਿ ਰਹੇ ਲੋਕਾਂ ਦੀ ਮਦਦ ਕਰਨ। (ਕਹਾਉਤਾਂ 3:27, 28; ਯਾਕੂਬ 2:15, 16) ਇਸ ਤਰ੍ਹਾਂ ਦੇ ਪੁੰਨ-ਦਾਨ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਜੇ ਕੋਈ ਪਰਮੇਸ਼ੁਰ ਨਾਲ ਗੂੜ੍ਹਾ ਪਿਆਰ ਕਰਦਾ ਹੈ ਅਤੇ ਉਸ ਦੀ ਦਇਆ ਅਤੇ ਖੁੱਲ੍ਹ-ਦਿਲੀ ਦੀ ਨਕਲ ਕਰਨੀ ਚਾਹੁੰਦਾ ਹੈ, ਤਾਂ ਉਹ ਵੀ ਲੋਕਾਂ ਦੀ ਮਦਦ ਕਰੇਗਾ।—ਮੱਤੀ 5:44, 45; ਯਾਕੂਬ 1:17.

ਯੂਹੰਨਾ ਰਸੂਲ ਨੇ ਪੁੰਨ-ਦਾਨ ਕਰਨ ਦੇ ਇਕ ਪਹਿਲੂ ਬਾਰੇ ਇਹ ਸਵਾਲ ਪੁੱਛਿਆ ਸੀ: “ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਓਸ ਉੱਤੇ ਤਰਸ ਨਾ ਖਾਵੇ ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ?” (1 ਯੂਹੰਨਾ 3:17) ਇਸ ਦਾ ਜਵਾਬ ਸਪੱਸ਼ਟ ਹੈ। ਪਰਮੇਸ਼ੁਰ ਦਾ ਪ੍ਰੇਮ ਲੋਕਾਂ ਨੂੰ ਪੁੰਨ-ਦਾਨ ਕਰਨ ਲਈ ਪ੍ਰੇਰਦਾ ਹੈ। ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਬਹੁਤ ਕਦਰ ਕਰਦਾ ਹੈ ਜੋ ਉਸ ਦੀ ਖੁੱਲ੍ਹ-ਦਿਲੀ ਦੀ ਨਕਲ ਕਰਦੇ ਹਨ। (ਕਹਾਉਤਾਂ 22:9; 2 ਕੁਰਿੰਥੀਆਂ 9:6-11) ਕੀ ਅੱਜ ਇਸ ਤਰ੍ਹਾਂ ਕਰਨ ਵਾਲੇ ਲੋਕ ਹਨ? ਆਓ ਆਪਾਂ ਦੇਖੀਏ ਕਿ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਕੀ ਹੋਇਆ ਸੀ।

ਇਕ ਬਜ਼ੁਰਗ ਭੈਣ ਦੇ ਘਰ ਦੀ ਹਾਲਤ ਬਹੁਤ ਹੀ ਮਾੜੀ ਸੀ। ਉਹ ਘਰ ਵਿਚ ਇਕੱਲੀ ਰਹਿੰਦੀ ਸੀ ਅਤੇ ਉਸ ਦਾ ਆਪਣਾ ਹੋਰ ਕੋਈ ਨਹੀਂ ਸੀ। ਕਈਆਂ ਸਾਲਾਂ ਤੋਂ ਉਹ ਮਸੀਹੀ ਸਭਾਵਾਂ ਲਈ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖਦੀ ਸੀ ਅਤੇ ਸਭਾਵਾਂ ਵਿਚ ਆਏ ਲੋਕਾਂ ਨੂੰ ਉਹ ਅਕਸਰ ਰੋਟੀ ਵੀ ਖਿਲਾਉਂਦੀ ਸੀ। (ਰਸੂਲਾਂ ਦੇ ਕਰਤੱਬ 16:14, 15, 40) ਉਸ ਦੇ ਘਰ ਦੀ ਮਾੜੀ ਹਾਲਤ ਦੇਖ ਕੇ ਕਲੀਸਿਯਾ ਦੇ ਮੈਂਬਰਾਂ ਨੇ ਉਸ ਦੀ ਮਦਦ ਕਰਨ ਦਾ ਪਲੈਨ ਬਣਾਇਆ। ਇਸ ਲਈ, ਕਿਸੇ ਨੇ ਪੈਸੇ ਦਾਨ ਕੀਤੇ ਤੇ ਕਿਸੇ ਨੇ ਘਰ ਦੀ ਮੁਰੰਮਤ ਕਰਨ ਵਿਚ ਮਿਹਨਤ ਕੀਤੀ। ਛੁੱਟੀ ਦੇ ਕੁਝ ਹੀ ਦਿਨਾਂ ਵਿਚ ਉਨ੍ਹਾਂ ਨੇ ਘਰ ਤੇ ਨਵੀਂ ਛੱਤ ਪਾ ਦਿੱਤੀ ਅਤੇ ਨਵਾਂ ਗੁਸਲਖ਼ਾਨਾ ਬਣਾ ਦਿੱਤਾ। ਉਨ੍ਹਾਂ ਨੇ ਰਸੋਈ ਅਤੇ ਬਾਕੀ ਸਾਰੇ ਘਰ ਦੀ ਚੰਗੀ ਤਰ੍ਹਾਂ ਮੁਰੰਮਤ ਕਰ ਕੇ ਘਰ ਨੂੰ ਪੇਂਟ ਵੀ ਕਰ ਦਿੱਤਾ। ਇਸ ਪੁੰਨ-ਦਾਨ ਦਾ ਨਤੀਜਾ ਕੀ ਨਿਕਲਿਆ? ਨਾ ਸਿਰਫ਼ ਉਸ ਭੈਣ ਦੀ ਜ਼ਰੂਰਤ ਪੂਰੀ ਹੋਈ, ਸਗੋਂ ਇਸ ਮਿਹਨਤ ਨਾਲ ਕਲੀਸਿਯਾ ਦੇ ਮੈਂਬਰਾਂ ਵਿਚ ਪਿਆਰ ਵੀ ਵਧਿਆ। ਇਸ ਤੋਂ ਇਲਾਵਾ ਉਸ ਭੈਣ ਦੇ ਗੁਆਂਢੀਆਂ ਉੱਤੇ ਵੀ ਪੁੰਨ-ਦਾਨ ਸੰਬੰਧੀ ਮਸੀਹੀਆਂ ਦੀ ਇਸ ਮਿਸਾਲ ਦਾ ਵੱਡਾ ਪ੍ਰਭਾਵ ਪਿਆ।

ਅਸੀਂ ਦੂਸਰਿਆਂ ਦੀ ਮਦਦ ਕਈਆਂ ਤਰੀਕਿਆਂ ਨਾਲ ਕਰ ਸਕਦੇ ਹਾਂ। ਕੀ ਅਸੀਂ ਕਿਸੇ ਯਤੀਮ ਮੁੰਡੇ-ਕੁੜੀ ਨਾਲ ਕੁਝ ਸਮਾਂ ਗੁਜ਼ਾਰ ਸਕਦੇ ਹਾਂ? ਜੇ ਅਸੀਂ ਕਿਸੇ ਸਿਆਣੀ ਵਿਧਵਾ ਨੂੰ ਜਾਣਦੇ ਹਾਂ, ਤਾਂ ਕੀ ਅਸੀਂ ਉਸ ਲਈ ਦੁਕਾਨੋਂ ਕੁਝ ਖ਼ਰੀਦ ਸਕਦੇ ਹਾਂ ਜਾਂ ਉਸ ਲਈ ਸਲਾਈ ਕਰ ਸਕਦੇ ਹਾਂ? ਕੀ ਅਸੀਂ ਕਿਸੇ ਲਈ ਰੋਟੀ ਤਿਆਰ ਕਰ ਸਕਦੇ ਹਾਂ ਜਾਂ ਜਿਸ ਨੂੰ ਜ਼ਰੂਰਤ ਹੈ ਉਸ ਨੂੰ ਕੁਝ ਪੈਸੇ ਦੇ ਸਕਦੇ ਹਾਂ? ਇਸ ਤਰ੍ਹਾਂ ਕਰਨ ਲਈ ਜ਼ਰੂਰੀ ਨਹੀਂ ਕਿ ਅਸੀਂ ਅਮੀਰ ਹੋਈਏ। ਪੌਲੁਸ ਰਸੂਲ ਨੇ ਲਿਖਿਆ ਸੀ: “ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।” (2 ਕੁਰਿੰਥੀਆਂ 8:12) ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪਰਮੇਸ਼ੁਰ ਨੂੰ ਸਿਰਫ਼ ਇਸ ਤਰ੍ਹਾਂ ਦਾ ਪੁੰਨ-ਦਾਨ ਪਸੰਦ ਹੈ ਕਿ ਕੋਈ ਕਿਸੇ ਦੀ ਆਪ ਜਾ ਕੇ ਮਦਦ ਕਰੇ? ਨਹੀਂ।

ਵੱਡੇ ਪੈਮਾਨੇ ਤੇ ਰਾਹਤ ਦਾ ਪ੍ਰਬੰਧ

ਕਈ ਵਾਰ ਨਿੱਜੀ ਜਤਨ ਕਾਫ਼ੀ ਨਹੀਂ ਹੁੰਦੇ। ਦਰਅਸਲ, ਯਿਸੂ ਅਤੇ ਉਸ ਦੇ ਰਸੂਲਾਂ ਨੇ ਆਪਣੇ ਕੋਲ ਇਕ ਗੁਥਲੀ ਰੱਖੀ ਹੋਈ ਸੀ ਜਿਸ ਵਿਚ ਉਹ ਗ਼ਰੀਬਾਂ ਦੀ ਮਦਦ ਲਈ ਪੈਸੇ ਰੱਖਦੇ ਸਨ। ਜਦ ਕੋਈ ਉਨ੍ਹਾਂ ਨੂੰ ਚੰਦਾ ਦਿੰਦਾ ਸੀ, ਤਾਂ ਉਹ ਇਸ ਚੰਦੇ ਨੂੰ ਕਬੂਲ ਕਰ ਕੇ ਉਸ ਗੁਥਲੀ ਵਿਚ ਰੱਖਦੇ ਸਨ। (ਯੂਹੰਨਾ 12:6; 13:29) ਜਦੋਂ ਪਹਿਲੀ ਸਦੀ ਵਿਚ ਲੋਕਾਂ ਨੂੰ ਜ਼ਰੂਰਤ ਪੈਂਦੀ ਸੀ, ਤਾਂ ਕਲੀਸਿਯਾਵਾਂ ਦਾਨ ਇਕੱਠਾ ਕਰ ਕੇ ਵੱਡੇ ਪੈਮਾਨੇ ਤੇ ਰਾਹਤ ਦਾ ਪ੍ਰਬੰਧ ਕਰਦੀਆਂ ਸਨ।—ਰਸੂਲਾਂ ਦੇ ਕਰਤੱਬ 2:44, 45; 6:1-3; 1 ਤਿਮੋਥਿਉਸ 5:9, 10.

ਇਸ ਤਰ੍ਹਾਂ ਇਕ ਵਾਰ ਸੰਨ 55 ਵਿਚ ਹੋਇਆ ਸੀ। ਸ਼ਾਇਦ ਵੱਡਾ ਕਾਲ ਪੈਣ ਕਰਕੇ ਯਹੂਦਿਯਾ ਦੀਆਂ ਕਲੀਸਿਯਾਵਾਂ ਗ਼ਰੀਬੀ ਦੇ ਪੰਜੇ ਵਿਚ ਫਸ ਗਈਆਂ ਸਨ। (ਰਸੂਲਾਂ ਦੇ ਕਰਤੱਬ 11:27-30) ਉਸ ਸਮੇਂ ਪੌਲੁਸ ਰਸੂਲ ਦੂਰ ਮਕਦੂਨਿਯਾ ਵਿਚ ਸੀ। ਉਸ ਨੇ ਉੱਥੋਂ ਦੀਆਂ ਕਲੀਸਿਯਾਵਾਂ ਦੇ ਸਹਾਇਤਾ ਨਾਲ ਯਹੂਦਿਯਾ ਦਿਆਂ ਭਰਾਵਾਂ ਦੀ ਮਦਦ ਕਰਨ ਦਾ ਇੰਤਜ਼ਾਮ ਕੀਤਾ ਕਿਉਂਕਿ ਉਸ ਨੂੰ ਗ਼ਰੀਬਾਂ ਦੀ ਹਮੇਸ਼ਾ ਚਿੰਤਾ ਰਹਿੰਦੀ ਸੀ। ਉਸ ਨੇ ਇਸ ਚੰਦੇ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲਈ ਅਤੇ ਨਿਯੁਕਤ ਕੀਤੇ ਭਰਾਵਾਂ ਦੇ ਹੱਥੀਂ ਇਸ ਨੂੰ ਥਾਂ ਸਿਰ ਪਹੁੰਚਾਇਆ। (1 ਕੁਰਿੰਥੀਆਂ 16:1-4; ਗਲਾਤੀਆਂ 2:10) ਇਹ ਸੇਵਾ ਕਰਨ ਲਈ ਨਾ ਉਸ ਨੂੰ ਤੇ ਨਾ ਕਿਸੇ ਹੋਰ ਨੂੰ ਤਨਖ਼ਾਹ ਮਿਲੀ ਸੀ।—2 ਕੁਰਿੰਥੀਆਂ 8:20, 21.

ਅੱਜ ਵੀ ਜਦ ਕਿਤੇ ਤਬਾਹੀ ਹੁੰਦੀ ਹੈ, ਤਾਂ ਯਹੋਵਾਹ ਦੇ ਗਵਾਹ ਮਦਦ ਕਰਨ ਲਈ ਝੱਟ ਤਿਆਰ ਹੋ ਜਾਂਦੇ ਹਨ। ਉਦਾਹਰਣ ਲਈ, ਸੰਨ 2001 ਵਿਚ ਹਿਊਸਟਨ, ਟੈਕਸਸ, ਅਮਰੀਕਾ ਵਿਚ ਮੋਹਲੇਧਾਰ ਮੀਂਹ ਦੇ ਕਾਰਨ ਹੜ੍ਹ ਆ ਗਏ ਸਨ। ਯਹੋਵਾਹ ਦੇ ਗਵਾਹਾਂ ਦੇ 723 ਘਰਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਘਰਾਂ ਦੀ ਕਾਫ਼ੀ ਮੁਰੰਮਤ ਕਰਨ ਦੀ ਲੋੜ ਸੀ। ਫ਼ੌਰਨ ਮਸੀਹੀ ਬਜ਼ੁਰਗਾਂ ਦੀ ਇਕ ਸਹਾਇਤਾ ਸਮਿਤੀ ਬਣਾਈ ਗਈ ਜਿਨ੍ਹਾਂ ਨੇ ਆਪ ਜਾ ਕੇ ਦੇਖਿਆ ਕਿ ਕਿਸ-ਕਿਸ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਨੇ ਦਾਨ ਕੀਤੇ ਗਏ ਪੈਸੇ ਨੂੰ ਭਰਾਵਾਂ ਦੀ ਸਹਾਇਤਾ ਕਰਨ ਲਈ ਅਤੇ ਉਨ੍ਹਾਂ ਦੇ ਘਰਾਂ ਦੀ ਮੁਰੰਮਤ ਕਰਨ ਲਈ ਵੰਡਿਆ। ਲਾਗੇ ਦੀਆਂ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨੇ ਆ ਕੇ ਸਾਰਾ ਕੰਮ ਕੀਤਾ ਸੀ। ਇਸ ਮਦਦ ਨੂੰ ਹਾਸਲ ਕਰਨ ਵਾਲੀ ਇਕ ਭੈਣ ਇੰਨੀ ਸ਼ੁਕਰਗੁਜ਼ਾਰ ਸੀ ਕਿ ਜਦ ਉਸ ਦੀ ਬੀਮਾ ਕੰਪਨੀ ਨੇ ਉਸ ਦੇ ਘਰ ਦੀ ਮੁਰੰਮਤ ਲਈ ਉਸ ਨੂੰ ਪੈਸੇ ਭੇਜੇ, ਤਾਂ ਉਸ ਨੇ ਫ਼ੌਰਨ ਸਾਰੇ ਪੈਸੇ ਬਾਕੀਆਂ ਦੀ ਮਦਦ ਕਰਨ ਲਈ ਸਹਾਇਤਾ ਸਮਿਤੀ ਨੂੰ ਦਾਨ ਕਰ ਦਿੱਤੇ।

ਪਰ ਜਦ ਹੋਰ ਸੰਸਥਾਵਾਂ ਚੰਦਾ ਮੰਗਦੀਆਂ ਹਨ, ਤਾਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਕੁਝ ਸੰਸਥਾਵਾਂ ਦੇ ਕਾਮਿਆਂ ਦੀ ਤਨਖ਼ਾਹ ਜਾਂ ਪੈਸਾ ਇਕੱਠਾ ਕਰਨ ਦਾ ਖ਼ਰਚਾ ਇੰਨਾ ਜ਼ਿਆਦਾ ਹੁੰਦਾ ਹੈ ਕਿ ਦਾਨ ਕੀਤੇ ਗਏ ਪੈਸੇ ਵਿੱਚੋਂ ਸਿਰਫ਼ ਛੋਟਾ ਜਿਹਾ ਹਿੱਸਾ ਹੀ ਗ਼ਰੀਬਾਂ ਦੀ ਮਦਦ ਲਈ ਵਰਤਿਆ ਜਾ ਸਕਦਾ ਹੈ। ਕਹਾਉਤਾਂ 14:15 ਵਿਚ ਕਿਹਾ ਗਿਆ ਹੈ: “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” ਤਾਂ ਫਿਰ ਇਹ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਕੁਝ ਦਾਨ ਕਰਨ ਤੋਂ ਪਹਿਲਾਂ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰੀਏ।

ਸਭ ਤੋਂ ਵਧੀਆ ਕਿਸਮ ਦਾ ਪੁੰਨ-ਦਾਨ

ਇਕ ਅਜਿਹਾ ਪੁੰਨ ਵੀ ਹੈ ਜੋ ਹੋਰ ਕਿਸੇ ਵੀ ਕਿਸਮ ਦੇ ਦਾਨ ਨਾਲੋਂ ਮਹੱਤਵਪੂਰਣ ਹੈ। ਜਦ ਇਕ ਅਮੀਰ ਬੰਦੇ ਨੇ ਯਿਸੂ ਨੂੰ ਆ ਕੇ ਪੁੱਛਿਆ ਕਿ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਨਾ ਚਾਹੀਦਾ ਹੈ, ਤਾਂ ਯਿਸੂ ਨੇ ਇਹ ਕਹਿ ਕੇ ਇਸ ਪੁੰਨ ਵੱਲ ਸੰਕੇਤ ਕੀਤਾ ਸੀ: “ਜਾਕੇ ਆਪਣਾ ਮਾਲ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ।” (ਮੱਤੀ 19:16-22) ਧਿਆਨ ਦਿਓ ਕਿ ਯਿਸੂ ਨੇ ਸਿਰਫ਼ ਇਹ ਨਹੀਂ ਕਿਹਾ ਸੀ ਕਿ ‘ਕੰਗਾਲਾਂ ਨੂੰ ਦੇ ਤਾਂ ਤੈਨੂੰ ਜ਼ਿੰਦਗੀ ਮਿਲੇਗੀ।’ ਇਸ ਦੀ ਬਜਾਇ ਉਸ ਨੇ ਕਿਹਾ ਕਿ “ਮੇਰੇ ਮਗਰ ਹੋ ਤੁਰ” ਯਾਨੀ ਮੇਰਾ ਚੇਲਾ ਬਣ ਜਾ। ਇਸ ਦਾ ਮਤਲਬ ਹੋਇਆ ਕਿ ਪੁੰਨ-ਦਾਨ ਕਰਨਾ ਭਾਵੇਂ ਕਿੰਨਾ ਵੀ ਫ਼ਾਇਦੇਮੰਦ ਕਿਉਂ ਨਾ ਹੋਵੇ, ਪਰ ਯਿਸੂ ਦੇ ਚੇਲਿਆਂ ਨੂੰ ਇਸ ਤੋਂ ਵੀ ਜ਼ਿਆਦਾ ਕੁਝ ਕਰਨ ਦੀ ਲੋੜ ਹੈ।

ਯਿਸੂ ਦਾ ਮੁੱਖ ਉਦੇਸ਼ ਸੀ ਲੋਕਾਂ ਦੀ ਰੂਹਾਨੀ ਤੌਰ ਤੇ ਮਦਦ ਕਰਨੀ। ਆਪਣੀ ਮੌਤ ਤੋਂ ਕੁਝ ਹੀ ਸਮਾਂ ਪਹਿਲਾਂ ਉਸ ਨੇ ਪਿਲਾਤੁਸ ਨੂੰ ਕਿਹਾ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਹਾਲਾਂਕਿ ਉਸ ਨੇ ਗ਼ਰੀਬਾਂ ਦੀ ਮਦਦ ਕਰਨ, ਬੀਮਾਰਾਂ ਨੂੰ ਠੀਕ ਕਰਨ ਅਤੇ ਭੁੱਖਿਆਂ ਨੂੰ ਰੋਟੀ ਖੁਆਉਣ ਵਿਚ ਪਹਿਲ ਕੀਤੀ ਸੀ, ਪਰ ਮੁੱਖ ਤੌਰ ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨਾ ਸਿਖਾਇਆ ਸੀ। (ਮੱਤੀ 10:7, 8) ਦਰਅਸਲ, ਉਸ ਦੀਆਂ ਆਖ਼ਰੀ ਹਿਦਾਇਤਾਂ ਵਿਚ ਇਹ ਹੁਕਮ ਵੀ ਸ਼ਾਮਲ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।”—ਮੱਤੀ 28:19, 20.

ਇਹ ਸੱਚ ਹੈ ਕਿ ਪ੍ਰਚਾਰ ਕਰਨ ਨਾਲ ਦੁਨੀਆਂ ਦੇ ਮਸਲੇ ਹੱਲ ਨਹੀਂ ਹੋ ਜਾਣਗੇ। ਪਰ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ ਕਿਉਂਕਿ ਪ੍ਰਚਾਰ ਕਰਨ ਨਾਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੁੰਦੀ ਹੈ ਅਤੇ ਜੋ ਲੋਕ ਇਸ ਸੰਦੇਸ਼ ਨੂੰ ਕਬੂਲ ਕਰਦੇ ਹਨ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ਤੇ ਚੱਲਣ ਦਾ ਮੌਕਾ ਮਿਲਦਾ ਹੈ। (ਯੂਹੰਨਾ 17:3; 1 ਤਿਮੋਥਿਉਸ 2:3, 4) ਅਗਲੀ ਵਾਰ ਜਦ ਤੁਹਾਨੂੰ ਯਹੋਵਾਹ ਦੇ ਗਵਾਹ ਮਿਲਣ, ਤਾਂ ਉਨ੍ਹਾਂ ਦੀ ਗੱਲ ਜ਼ਰੂਰ ਸੁਣੋ। ਉਹ ਰੂਹਾਨੀ ਤੌਰ ਤੇ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਹ ਸਭ ਤੋਂ ਵਧੀਆ ਕਿਸਮ ਦਾ ਦਾਨ ਹੈ।

[ਸਫ਼ੇ 6 ਉੱਤੇ ਤਸਵੀਰ]

ਮਦਦ ਕਰਨ ਦੇ ਕਈ ਤਰੀਕੇ ਹਨ

[ਸਫ਼ੇ 7 ਉੱਤੇ ਤਸਵੀਰ]

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਾਂ ਅਤੇ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ਤੇ ਚੱਲਣ ਦਾ ਮੌਕਾ ਦਿੰਦੇ ਹਾਂ