ਪੁੰਨ-ਦਾਨ ਬਾਰੇ ਬਦਲਦੇ ਵਿਚਾਰ
ਪੁੰਨ-ਦਾਨ ਬਾਰੇ ਬਦਲਦੇ ਵਿਚਾਰ
ਅਮਰੀਕਾ ਵਿਚ ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ (ਡੀ.ਸੀ.) ਵਿਖੇ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਪਬਲਿਕ ਨੇ ਹਮਲਿਆਂ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਨ ਲਈ ਬਹੁਤ ਸਾਰਾ ਪੈਸਾ ਦਾਨ ਕੀਤਾ ਸੀ। ਇਨ੍ਹਾਂ ਲੋਕਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਦਾਨੀ ਸੰਸਥਾਵਾਂ 2.7 ਅਰਬ ਡਾਲਰ (ਲਗਭਗ 130 ਅਰਬ ਰੁਪਏ) ਇਕੱਠੇ ਕਰ ਕੇ ਹੈਰਾਨ ਰਹਿ ਗਈਆਂ ਸਨ। ਹਰ ਥਾਂ ਦੇ ਲੋਕਾਂ ਤੇ ਤਬਾਹੀ ਦਾ ਇੰਨਾ ਪ੍ਰਭਾਵ ਪਿਆ ਕਿ ਉਹ ਸਾਰੇ ਮਦਦ ਕਰਨੀ ਚਾਹੁੰਦੇ ਸਨ।
ਪਰ ਪਬਲਿਕ ਦਾ ਮੂਡ ਝੱਟ ਬਦਲ ਗਿਆ ਜਦ ਲੋਕਾਂ ਨੂੰ ਪਤਾ ਲੱਗਾ ਕਿ ਕੁਝ ਜਾਣੀਆਂ-ਪਛਾਣੀਆਂ ਸੰਸਥਾਵਾਂ ਇਸ ਪੈਸੇ ਨੂੰ ਆਪਣੇ ਫ਼ਾਇਦੇ ਲਈ ਵਰਤ ਰਹੀਆਂ ਸਨ। ਲੋਕ ਇਹ ਰਿਪੋਰਟ ਸੁਣ ਕੇ ਬਹੁਤ ਹੀ ਨਾਰਾਜ਼ ਹੋਏ ਕਿ ਇਕ ਵੱਡੀ ਸੰਸਥਾ ਨੇ 54 ਕਰੋੜ, 60 ਲੱਖ ਡਾਲਰਾਂ (26 ਅਰਬ ਰੁਪਏ) ਵਿੱਚੋਂ ਅੱਧੇ ਪੈਸੇ ਕਿਸੇ ਹੋਰ ਕੰਮ ਤੇ ਖ਼ਰਚਣ ਦਾ ਪਲੈਨ ਬਣਾਇਆ ਸੀ। ਭਾਵੇਂ ਇਸ ਸੰਸਥਾ ਨੇ ਪੈਸਿਆਂ ਨੂੰ ਇਸ ਤਰ੍ਹਾਂ ਵਰਤਣ ਬਾਰੇ ਆਪਣਾ ਫ਼ੈਸਲਾ ਬਦਲ ਕੇ ਮਾਫ਼ੀ ਮੰਗ ਲਈ ਸੀ, ਪਰ ਇਕ ਰਿਪੋਰਟਰ ਨੇ ਕਿਹਾ: “ਲੋਕਾਂ ਨੂੰ ਹੁਣ ਪਹਿਲਾਂ ਵਾਂਗ ਇਨ੍ਹਾਂ ਸੰਸਥਾਵਾਂ ਤੇ ਭਰੋਸਾ ਨਹੀਂ ਰਿਹਾ। ਇਨ੍ਹਾਂ ਨੇ ਆਪਣਾ ਫ਼ੈਸਲਾ ਬਦਲਣ ਵਿਚ ਬਹੁਤ ਦੇਰ ਲਾ ਦਿੱਤੀ।” ਤੁਹਾਡੇ ਬਾਰੇ ਕੀ? ਕੀ ਅਜਿਹੀਆਂ ਰਿਪੋਰਟਾਂ ਸੁਣ ਕੇ ਤੁਹਾਡਾ ਭਰੋਸਾ ਵੀ ਦਾਨੀ ਸੰਸਥਾਵਾਂ ਤੋਂ ਉੱਠ ਗਿਆ ਹੈ?
ਜ਼ਰੂਰੀ ਜਾਂ ਫ਼ਜ਼ੂਲ?
ਪੁੰਨ-ਦਾਨ ਕਰਨ ਨੂੰ ਆਮ ਕਰਕੇ ਨੇਕ ਕੰਮ ਸਮਝਿਆ ਜਾਂਦਾ ਹੈ। ਪਰ ਸਾਰੇ ਲੋਕ ਇਸ ਤਰ੍ਹਾਂ ਨਹੀਂ ਸੋਚਦੇ। ਦੋ ਸੌ ਤੋਂ ਜ਼ਿਆਦਾ ਸਾਲ ਪਹਿਲਾਂ, ਸੈਮੁਅਲ ਜੌਂਸਨ ਨਾਂ ਦੇ ਅੰਗ੍ਰੇਜ਼ ਲੇਖਕ ਨੇ ਲਿਖਿਆ: “ਤੁਸੀਂ ਉਦੋਂ ਯਕੀਨ ਨਾਲ ਕਹਿ ਸਕਦੇ ਹੋ ਕਿ ਤੁਸੀਂ ਪੁੰਨ ਖੱਟਿਆ ਹੈ, ਜਦੋਂ ਤੁਸੀਂ ਕਿਸੇ ਸੰਸਥਾ ਨੂੰ ਪੈਸੇ ਦਾਨ ਕਰਨ ਦੀ ਬਜਾਇ ਕਿਸੇ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਦੇ ਪੈਸੇ ਦਿੰਦੇ ਹੋ।” ਅੱਜ ਵੀ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਜਦ ਉਹ ਅਜਿਹੀਆਂ ਰਿਪੋਰਟਾਂ ਸੁਣਦੇ ਹਨ ਕਿ ਕਿਸੇ ਮਦਦ ਕਰਨ ਵਾਲੀ ਸੰਸਥਾ ਨੇ ਲੋਕਾਂ ਦੇ ਦਾਨ ਕੀਤੇ ਹੋਏ ਪੈਸਿਆਂ ਦੀ ਨਾਜਾਇਜ਼ ਵਰਤੋਂ ਕੀਤੀ ਹੈ, ਤਾਂ ਇਨ੍ਹਾਂ ਸੰਸਥਾਵਾਂ ਤੇ ਉਨ੍ਹਾਂ ਦਾ ਭਰੋਸਾ ਨਹੀਂ ਰਹਿੰਦਾ। ਇਸ ਦੀਆਂ ਦੋ ਉਦਾਹਰਣਾਂ ਉੱਤੇ ਗੌਰ ਕਰੋ।
ਸਾਨ ਫ਼ਰਾਂਸਿਸਕੋ, ਅਮਰੀਕਾ ਵਿਚ ਇਕ ਧਾਰਮਿਕ ਸੰਸਥਾ ਦੇ ਡਾਇਰੈਕਟਰ ਨੂੰ ਨੌਕਰੀਓਂ ਕੱਢ ਦਿੱਤਾ ਗਿਆ ਜਦੋਂ ਉਸ ਨੇ ਆਪਣੀ ਸੰਸਥਾ ਨੂੰ ਵੱਡੇ-ਵੱਡੇ ਬਿਲ ਭੇਜੇ। ਕਿਸ ਚੀਜ਼ ਦੇ ਬਿਲ? ਉਸ ਨੇ ਆਪਣੇ ਸਰੀਰ ਦੇ ਸ਼ਿੰਗਾਰ ਲਈ ਸਰਜਰੀ ਕਰਵਾ ਕੇ ਬਿਲ ਭੇਜਿਆ ਅਤੇ ਦੋ ਸਾਲਾਂ ਤੋਂ ਰੈਸਤੋਰਾਂ ਵਿਚ ਹਰ ਹਫ਼ਤੇ ਰੋਟੀ ਖਾਣ ਦਾ 500 ਡਾਲਰ (24 ਹਜ਼ਾਰ ਰੁਪਏ) ਦਾ ਬਿਲ ਭੇਜਿਆ। ਬਰਤਾਨੀਆ ਵਿਚ ਟੈਲੀਵਿਯਨ ਦੇ ਜ਼ਰੀਏ ਦਾਨ ਇਕੱਠਾ ਕਰਨ ਵਾਲੀ ਇਕ ਸੰਸਥਾ ਨੇ ਰੋਮਾਨੀਆ ਵਿਚ ਯਤੀਮਖ਼ਾਨੇ ਬਣਵਾਉਣ ਲਈ 65 ਲੱਖ ਪੌਂਡ (ਲਗਭਗ 50 ਕਰੋੜ ਰੁਪਏ) ਇਕੱਠੇ ਕੀਤੇ ਸਨ। ਪਰ ਉਸ ਦੇ ਪ੍ਰਬੰਧਕ ਬਹੁਤ ਹੀ ਸ਼ਰਮਿੰਦੇ ਹੋਏ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਸ ਪੈਸੇ ਨਾਲ ਰੋਮਾਨੀਆ ਵਿਚ ਸਿਰਫ਼ 12 ਘਟੀਆ
ਕੁਆਲਿਟੀ ਦੇ ਘਰ ਬਣਾਏ ਗਏ ਸਨ ਅਤੇ ਬਾਕੀ ਪੈਸਾ ਕਿੱਥੇ ਗਿਆ ਕਿਸੇ ਨੂੰ ਨਹੀਂ ਪਤਾ। ਇਸ ਤਰ੍ਹਾਂ ਦੀਆਂ ਖ਼ਬਰਾਂ ਸੁਣ ਕੇ ਬਹੁਤ ਸਾਰੇ ਲੋਕ ਸਾਵਧਾਨ ਹੋ ਗਏ ਹਨ ਕਿ ਉਨ੍ਹਾਂ ਨੇ ਕਿੰਨਾ ਪੈਸਾ ਕਿਸ ਸੰਸਥਾ ਨੂੰ ਦਾਨ ਕਰਨਾ ਹੈ।ਦੇਈਏ ਜਾਂ ਨਾ ਦੇਈਏ
ਦੂਸਰਿਆਂ ਦਾ ਦੁੱਖ ਦੇਖ ਕੇ ਹਮਦਰਦੀ ਨਾਲ ਉਨ੍ਹਾਂ ਲਈ ਕੁਝ ਕਰਨਾ ਬਹੁਤ ਚੰਗੀ ਗੱਲ ਹੈ। ਪਰ ਜੇ ਅਸੀਂ ਕੁਝ ਸੰਸਥਾਵਾਂ ਜਾਂ ਲੋਕਾਂ ਦੇ ਮਾੜੇ ਚਾਲ-ਚਲਣ ਕਰਕੇ ਆਪਣੀ ਹਮਦਰਦੀ ਨੂੰ ਕੁਚਲ ਦੇਵਾਂਗੇ, ਤਾਂ ਇਹ ਬੜੇ ਅਫ਼ਸੋਸ ਦੀ ਗੱਲ ਹੋਵੇਗੀ। ਬਾਈਬਲ ਕਹਿੰਦੀ ਹੈ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ।” (ਯਾਕੂਬ 1:27) ਜੀ ਹਾਂ, ਮਸੀਹ ਦੇ ਚੇਲੇ ਕਹਾਉਣ ਦਾ ਮਤਲਬ ਹੀ ਇਹ ਹੈ ਕਿ ਅਸੀਂ ਗ਼ਰੀਬ ਅਤੇ ਲਾਚਾਰ ਲੋਕਾਂ ਦੀ ਮਦਦ ਕਰੀਏ।
ਪਰ ਫਿਰ ਵੀ ਤੁਸੀਂ ਸ਼ਾਇਦ ਸੋਚੋ, ‘ਕੀ ਮੈਨੂੰ ਇਨ੍ਹਾਂ ਸੰਸਥਾਵਾਂ ਨੂੰ ਦਾਨ ਕਰੀ ਜਾਣਾ ਚਾਹੀਦਾ ਹੈ ਜਾਂ ਫਿਰ ਕੀ ਮੈਨੂੰ ਆਪ ਜਾ ਕੇ ਲੋਕਾਂ ਨੂੰ ਮਦਦ ਦੇਣੀ ਚਾਹੀਦੀ ਹੈ?’ ਪਰਮੇਸ਼ੁਰ ਕਿਹੋ ਜਿਹੇ ਪੁੰਨ-ਦਾਨ ਤੋਂ ਖ਼ੁਸ਼ ਹੁੰਦਾ ਹੈ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਉੱਤੇ ਚਰਚਾ ਕੀਤੀ ਜਾਵੇਗੀ।