Skip to content

Skip to table of contents

ਸੰਤੋਖ ਰੱਖਣ ਦਾ ਰਾਜ਼ ਜਾਣੋ

ਸੰਤੋਖ ਰੱਖਣ ਦਾ ਰਾਜ਼ ਜਾਣੋ

ਸੰਤੋਖ ਰੱਖਣ ਦਾ ਰਾਜ਼ ਜਾਣੋ

ਫ਼ਿਲਿੱਪੈ ਦੇ ਮਸੀਹੀਆਂ ਨੂੰ ਇਕ ਦਿਲਾਸੇ-ਭਰੀ ਚਿੱਠੀ ਵਿਚ ਪੌਲੁਸ ਰਸੂਲ ਨੇ ਲਿਖਿਆ: “ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਈ ਜਿਸ ਹਾਲ ਵਿੱਚ ਹੋਵਾਂ ਓਸੇ ਵਿੱਚ ਸੰਤੋਖ ਰੱਖਾਂ। . . . ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ।”—ਫ਼ਿਲਿੱਪੀਆਂ 4:11, 12.

ਪੌਲੁਸ ਦੁਆਰਾ ਸੰਤੋਖ ਰੱਖਣ ਦਾ ਭੇਤ ਕੀ ਸੀ? ਅੱਜ ਵਧਦੀ ਜਾਂਦੀ ਮਹਿੰਗਾਈ ਅਤੇ ਨੌਕਰੀ ਗੁਆ ਬੈਠਣ ਦੇ ਖ਼ਤਰੇ ਕਰਕੇ ਸੱਚੇ ਮਸੀਹੀਆਂ ਲਈ ਸੰਤੋਖ ਰੱਖਣ ਦਾ ਭੇਤ ਸਿੱਖਣਾ ਯਕੀਨਨ ਫ਼ਾਇਦੇਮੰਦ ਹੋਵੇਗਾ ਤਾਂਕਿ ਉਹ ਹਮੇਸ਼ਾ ਪਰਮੇਸ਼ੁਰ ਦੀ ਸੇਵਾ ਕਰਦੇ ਰਹਿ ਸਕਣ।

ਪਣੀ ਚਿੱਠੀ ਵਿਚ ਪੌਲੁਸ ਨੇ ਮਸੀਹੀ ਬਣਨ ਤੋਂ ਪਹਿਲਾਂ ਦੀਆਂ ਆਪਣੀਆਂ ਕਾਮਯਾਬੀਆਂ ਬਾਰੇ ਦੱਸਿਆ। ਉਸ ਨੇ ਕਿਹਾ: “ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਕਰ ਸੱਕਦਾ ਹੈ ਤਾਂ ਮੈਂ ਵਧੇਰੇ ਕਰ ਸੱਕਦਾ ਹਾਂ। ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਸ਼ਰਾ ਦੀ ਪੁੱਛੋ ਤਾਂ ਫ਼ਰੀਸੀ। ਅਣਖ ਦੀ ਪੁੱਛੋ ਤਾਂ ਕਲੀਸਿਯਾ ਦਾ ਸਤਾਉਣ ਵਾਲਾ। ਸ਼ਰਾ ਵਾਲੇ ਧਰਮ ਦੀ ਪੁੱਛੋ ਤਾਂ ਨਿਰਦੋਸ਼।” (ਫ਼ਿਲਿੱਪੀਆਂ 3:4-6) ਇਸ ਤੋਂ ਇਲਾਵਾ, ਕੱਟੜ ਯਹੂਦੀ ਹੋਣ ਕਰਕੇ ਪੌਲੁਸ ਨੂੰ ਯਰੂਸ਼ਲਮ ਦੇ ਪ੍ਰਧਾਨ ਜਾਜਕਾਂ ਵੱਲੋਂ ਵੱਡੀਆਂ ਜ਼ਿੰਮੇਵਾਰੀਆਂ ਵੀ ਮਿਲੀਆਂ ਹੋਈਆਂ ਸਨ। ਇਸ ਕਰਕੇ ਉਹ ਯਹੂਦੀ ਸਮਾਜ ਵਿਚ ਰਾਜਨੀਤਿਕ ਅਤੇ ਧਾਰਮਿਕ ਕੰਮਾਂ ਤੇ ਅਧਿਕਾਰ ਰੱਖ ਸਕਦਾ ਸੀ ਅਤੇ ਉਹ ਕਾਫ਼ੀ ਪ੍ਰਸਿੱਧ ਤੇ ਅਮੀਰ ਵੀ ਬਣ ਸਕਦਾ ਸੀ।—ਰਸੂਲਾਂ ਦੇ ਕਰਤੱਬ 26:10, 12.

ਪਰ ਇਸ ਰਾਹ ਜਾਣ ਦੀ ਬਜਾਇ, ਪੌਲੁਸ ਇਕ ਜੋਸ਼ੀਲਾ ਮਸੀਹੀ ਬਣ ਗਿਆ ਜਿਸ ਕਰਕੇ ਉਸ ਦੇ ਹਾਲਾਤ ਇਕਦਮ ਬਦਲ ਗਏ। ਖ਼ੁਸ਼ ਖ਼ਬਰੀ ਦੀ ਖ਼ਾਤਰ ਉਸ ਨੇ ਉਹ ਸਾਰਾ ਕੁਝ ਤਿਆਗ ਦਿੱਤਾ ਸੀ ਜੋ ਉਸ ਨੇ ਪਹਿਲਾਂ ਮਹੱਤਵਪੂਰਣ ਸਮਝਿਆ ਸੀ। (ਫ਼ਿਲਿੱਪੀਆਂ 3:7, 8) ਉਹ ਹੁਣ ਆਪਣਾ ਗੁਜ਼ਾਰਾ ਕਿੱਦਾਂ ਚਲਾਏਗਾ? ਕੀ ਉਸ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਤਨਖ਼ਾਹ ਮਿਲੇਗੀ? ਉਸ ਦੀਆਂ ਜ਼ਰੂਰਤਾਂ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ?

ਭਾਵੇਂ ਪੌਲੁਸ ਨੇ ਬਿਨਾਂ ਤਨਖ਼ਾਹ ਲਏ ਪਰਮੇਸ਼ੁਰ ਦੀ ਸੇਵਾ ਕੀਤੀ ਸੀ, ਪਰ ਉਹ ਆਪਣੇ ਭੈਣ-ਭਰਾਵਾਂ ਤੇ ਬੋਝ ਨਹੀਂ ਬਣਨਾ ਚਾਹੁੰਦਾ ਸੀ ਜਿਨ੍ਹਾਂ ਦੀ ਉਹ ਰੂਹਾਨੀ ਤੌਰ ਤੇ ਸਹਾਇਤਾ ਕਰਦਾ ਸੀ। ਇਸ ਲਈ ਜਦੋਂ ਉਹ ਕੁਰਿੰਥੁਸ ਸ਼ਹਿਰ ਰਿਹਾ, ਤਾਂ ਉਸ ਨੇ ਆਪਣਾ ਗੁਜ਼ਾਰਾ ਤੋਰਨ ਲਈ ਅਕੂਲਾ ਤੇ ਪ੍ਰਿਸਕਿੱਲਾ ਨਾਲ ਤੰਬੂ ਬਣਾਉਣ ਦਾ ਕੰਮ ਕੀਤਾ। (ਰਸੂਲਾਂ ਦੇ ਕਰਤੱਬ 18:1-3; 1 ਥੱਸਲੁਨੀਕੀਆਂ 2:9; 2 ਥੱਸਲੁਨੀਕੀਆਂ 3:8-10) ਪੌਲੁਸ ਨੇ ਦੂਰ-ਦੂਰ ਤਕ ਪ੍ਰਚਾਰ ਕਰਨ ਲਈ ਤਿੰਨ ਮਿਸ਼ਨਰੀ ਦੌਰੇ ਕੀਤੇ ਅਤੇ ਨਾਲੋਂ-ਨਾਲ ਕੁਝ ਕਲੀਸਿਯਾਵਾਂ ਨੂੰ ਵੀ ਮਿਲਣ ਗਿਆ। ਉਹ ਆਪਣਾ ਸਾਰਾ ਸਮਾਂ ਪਰਮੇਸ਼ੁਰ ਦੀ ਸੇਵਾ ਵਿਚ ਲਾਉਂਦਾ ਹੁੰਦਾ ਸੀ ਜਿਸ ਕਰਕੇ ਉਸ ਕੋਲ ਘੱਟ ਹੀ ਭੌਤਿਕ ਚੀਜ਼ਾਂ ਸਨ। ਆਮ ਤੌਰ ਤੇ ਭਰਾ ਹੀ ਉਸ ਦੀਆਂ ਲੋੜਾਂ ਪੂਰੀਆਂ ਕਰਦੇ ਸਨ। ਪਰ ਕਦੇ-ਕਦੇ ਬੁਰੇ ਹਾਲਾਤਾਂ ਕਰਕੇ ਉਸ ਨੇ ਦੁੱਖ ਤੇ ਤੰਗੀ ਦਾ ਸਾਮ੍ਹਣਾ ਵੀ ਕੀਤਾ। (2 ਕੁਰਿੰਥੀਆਂ 11:27; ਫ਼ਿਲਿੱਪੀਆਂ 4:15-18) ਫਿਰ ਵੀ ਪੌਲੁਸ ਨੇ ਕਦੀ ਕੋਈ ਸ਼ਿਕਾਇਤ ਨਹੀਂ ਕੀਤੀ ਅਤੇ ਨਾ ਹੀ ਉਸ ਨੇ ਹੋਰਾਂ ਦੀਆਂ ਚੰਗੀਆਂ ਚੀਜ਼ਾਂ ਵੱਲ ਦੇਖ ਕੇ ਇਨ੍ਹਾਂ ਦਾ ਲਾਲਚ ਕੀਤਾ। ਉਸ ਨੇ ਖ਼ੁਸ਼ੀ ਤੇ ਰਜ਼ਾਮੰਦੀ ਨਾਲ ਸੰਗੀ ਮਸੀਹੀਆਂ ਦੇ ਫ਼ਾਇਦੇ ਲਈ ਸਖ਼ਤ ਮਿਹਨਤ ਕੀਤੀ। ਇਹ ਪੌਲੁਸ ਹੀ ਸੀ ਜਿਸ ਨੇ ਯਿਸੂ ਦੇ ਮਸ਼ਹੂਰ ਸ਼ਬਦ ਦੁਹਰਾਏ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ!—ਰਸੂਲਾਂ ਦੇ ਕਰਤੱਬ 20:33-35.

ਸੰਤੋਖ ਰੱਖਣ ਦਾ ਮਤਲਬ

ਇਕ ਖ਼ਾਸ ਗੱਲ, ਜਿਸ ਕਾਰਨ ਪੌਲੁਸ ਖ਼ੁਸ਼ ਅਤੇ ਸੰਤੁਸ਼ਟ ਰਹਿ ਸਕਿਆ, ਇਹ ਸੀ ਕਿ ਉਸ ਨੇ ਸੰਤੋਖ ਰੱਖਣਾ ਸਿੱਖਿਆ ਸੀ। ਪਰ ਸੰਤੋਖ ਰੱਖਣ ਦਾ ਮਤਲਬ ਕੀ ਹੈ? ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਸ ਦਾ ਮਤਲਬ ਹੈ ਲੋੜੀਂਦੀਆਂ ਚੀਜ਼ਾਂ ਨਾਲ ਸੰਤੁਸ਼ਟ ਹੋਣਾ। ਇਸ ਦੇ ਸੰਬੰਧ ਵਿਚ ਪੌਲੁਸ ਨੇ ਸੇਵਕਾਈ ਵਿਚ ਸਾਥ ਦੇਣ ਵਾਲੇ ਆਪਣੇ ਸਾਥੀ ਤਿਮੋਥਿਉਸ ਨੂੰ ਕਿਹਾ: “ਪਰ ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ। ਕਿਉਂ ਜੋ ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”—1 ਤਿਮੋਥਿਉਸ 6:6-8.

ਧਿਆਨ ਦਿਓ ਕਿ ਪੌਲੁਸ ਨੇ ਸੰਤੋਖ ਦਾ ਸੰਬੰਧ ਭਗਤੀ ਨਾਲ ਜੋੜਿਆ ਸੀ। ਉਸ ਨੇ ਪਛਾਣਿਆ ਸੀ ਕਿ ਅਸਲੀ ਖ਼ੁਸ਼ੀ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਮਿਲਦੀ ਹੈ ਯਾਨੀ ਉਸ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਨਾਲ ਮਿਲਦੀ ਹੈ, ਭੌਤਿਕ ਚੀਜ਼ਾਂ ਜਾਂ ਪੈਸਿਆਂ ਤੋਂ ਨਹੀਂ। ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਵਾਸਤੇ ਉਸ ਲਈ “ਭੋਜਨ ਬਸਤਰ” ਹੀ ਕਾਫ਼ੀ ਸੀ। ਤਾਂ ਫਿਰ, ਪੌਲੁਸ ਦੁਆਰਾ ਸੰਤੋਖ ਰੱਖਣ ਦਾ ਰਾਜ਼ ਇਹ ਸੀ ਕਿ ਹਰ ਹਾਲ ਵਿਚ ਹਮੇਸ਼ਾ ਯਹੋਵਾਹ ਤੇ ਭਰੋਸਾ ਰੱਖਣਾ।

ਅੱਜ-ਕੱਲ੍ਹ ਬਹੁਤ ਸਾਰੇ ਲੋਕ ਦੁਖੀ ਹਨ ਤੇ ਫ਼ਿਕਰਾਂ ਵਿਚ ਪਏ ਹੋਏ ਹਨ ਕਿਉਂਕਿ ਉਹ ਜਾਂ ਤਾਂ ਸੰਤੋਖ ਰੱਖਣਾ ਨਹੀਂ ਜਾਣਦੇ ਜਾਂ ਜਾਣਨਾ ਹੀ ਨਹੀਂ ਚਾਹੁੰਦੇ। ਸੰਤੋਖ ਰੱਖਣਾ ਸਿੱਖਣ ਦੀ ਬਜਾਇ, ਇਹ ਲੋਕ ਤਾਂ ਪੈਸਾ ਅਤੇ ਪੈਸੇ ਨਾਲ ਖ਼ਰੀਦੀਆਂ ਜਾ ਸਕਣ ਵਾਲੀਆਂ ਚੀਜ਼ਾਂ ਵਿਚ ਭਰੋਸਾ ਰੱਖਦੇ ਹਨ। ਟੈਲੀਵਿਯਨ ਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਖ ਕੇ ਲੋਕ ਮਹਿਸੂਸ ਕਰਦੇ ਹਨ ਕਿ ਜਿੰਨਾ ਚਿਰ ਉਹ ਨਵੀਂ ਤੋਂ ਨਵੀਂ ਚੀਜ਼ ਜਾਂ ਇਲੈਕਟ੍ਰਾਨਿਕ ਯੰਤਰ ਨਹੀਂ ਖ਼ਰੀਦਦੇ ਉੱਨਾ ਚਿਰ ਉਹ ਖ਼ੁਸ਼ ਨਹੀਂ ਹੋ ਸਕਦੇ। ਨਤੀਜੇ ਵਜੋਂ, ਬਹੁਤ ਸਾਰੇ ਲੋਕ ਪੈਸੇ ਅਤੇ ਭੌਤਿਕ ਚੀਜ਼ਾਂ ਦਾ ਪਿੱਛਾ ਕਰਨ ਵਿਚ ਹੀ ਲੱਗੇ ਰਹਿੰਦੇ ਹਨ। ਖ਼ੁਸ਼ੀ ਤੇ ਸੰਤੋਖ ਭਾਲਣ ਦੀ ਬਜਾਇ, ਉਹ “ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।”—1 ਤਿਮੋਥਿਉਸ 6:9, 10.

ਉਨ੍ਹਾਂ ਨੇ ਭੇਤ ਪਾ ਲਿਆ

ਸਾਡੇ ਜ਼ਮਾਨੇ ਵਿਚ, ਕੀ ਪਰਮੇਸ਼ੁਰ ਦਿਆਂ ਭਗਤਾਂ ਵਜੋਂ ਖ਼ੁਸ਼ ਅਤੇ ਸੰਤੁਸ਼ਟ ਰਹਿਣਾ ਮੁਮਕਿਨ ਹੈ? ਜੀ ਹਾਂ, ਇਹ ਮੁਮਕਿਨ ਹੈ। ਲੱਖਾਂ ਹੀ ਲੋਕ ਅੱਜ ਖ਼ੁਸ਼ ਅਤੇ ਸੰਤੁਸ਼ਟ ਹਨ। ਇਨ੍ਹਾਂ ਲੋਕਾਂ ਨੇ ਆਪਣੀਆਂ ਥੋੜ੍ਹੀਆਂ-ਬਹੁਤੀਆਂ ਭੌਤਿਕ ਚੀਜ਼ਾਂ ਨਾਲ ਹੀ ਖ਼ੁਸ਼ ਰਹਿਣਾ ਸਿੱਖਿਆ ਹੈ। ਇਹ ਲੋਕ ਯਹੋਵਾਹ ਦੇ ਗਵਾਹ ਹਨ। ਇਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੀਆਂ ਜ਼ਿੰਦਗੀਆਂ ਸੌਂਪੀਆਂ ਹਨ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਲਈ ਦੁਨੀਆਂ ਭਰ ਵਿਚ ਲੋਕਾਂ ਨੂੰ ਉਸ ਦੇ ਮਕਸਦਾਂ ਬਾਰੇ ਸਿਖਾ ਰਹੇ ਹਨ।

ਮਿਸਾਲ ਲਈ ਜ਼ਰਾ ਉਨ੍ਹਾਂ ਬਾਰੇ ਸੋਚੋ ਜੋ ਆਪਣੀ ਮਰਜ਼ੀ ਨਾਲ ਮਿਸ਼ਨਰੀ ਬਣਨਾ ਚਾਹੁੰਦੇ ਹਨ। ਇਨ੍ਹਾਂ ਨੂੰ ਸਿਖਲਾਈ ਦੇ ਕੇ ਵਿਦੇਸ਼ ਭੇਜਿਆ ਜਾਵੇਗਾ ਜਿੱਥੇ ਇਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਗੇ। (ਮੱਤੀ 24:14) ਆਮ ਤੌਰ ਤੇ ਇਹ ਮਿਸ਼ਨਰੀ ਅਮੀਰ ਦੇਸ਼ਾਂ ਨੂੰ ਨਹੀਂ ਭੇਜੇ ਜਾਂਦੇ ਅਤੇ ਜਿਹੜੀਆਂ ਭੌਤਿਕ ਚੀਜ਼ਾਂ ਲਈ ਇਹ ਗਿੱਝੇ ਹੁੰਦੇ ਹਨ, ਉਹ ਸ਼ਾਇਦ ਉਨ੍ਹਾਂ ਨੂੰ ਉੱਥੇ ਨਾ ਮਿਲਣ। ਮਿਸਾਲ ਦੇ ਤੌਰ ਤੇ, ਕੁਝ ਮਿਸ਼ਨਰੀ ਸੰਨ 1947 ਵਿਚ ਏਸ਼ੀਆ ਦੇ ਇਕ ਦੇਸ਼ ਘੱਲੇ ਗਏ ਸਨ। ਉੱਥੇ ਲੜਾਈ ਅਜੇ ਖ਼ਤਮ ਹੀ ਹੋਈ ਸੀ ਅਤੇ ਲੜਾਈ ਦੇ ਅਸਰ ਹਾਲੇ ਵੀ ਦੇਖੇ ਜਾ ਸਕਦੇ ਸਨ। ਮਿਸਾਲ ਲਈ ਉੱਥੇ ਬਹੁਤ ਹੀ ਘੱਟ ਘਰਾਂ ਵਿਚ ਬਿਜਲੀ ਸੀ। ਕਈ ਦੇਸ਼ਾਂ ਵਿਚ ਮਿਸ਼ਨਰੀਆਂ ਨੇ ਦੇਖਿਆ ਕਿ ਕੱਪੜੇ ਮਸ਼ੀਨ ਵਿਚ ਧੋਣ ਦੀ ਬਜਾਇ ਇਨ੍ਹਾਂ ਨੂੰ ਇਕ-ਇਕ ਕਰ ਕੇ ਜਾਂ ਤਾਂ ਥਾਪੀ ਨਾਲ ਜਾਂ ਕਿਸੇ ਨਦੀ ਕਿਨਾਰੇ ਪੱਥਰ ਤੇ ਮਾਰ-ਮਾਰ ਕੇ ਧੋਣਾ ਪੈਂਦਾ ਸੀ। ਪਰ, ਉਹ ਲੋਕਾਂ ਨੂੰ ਬਾਈਬਲੀ ਸੱਚਾਈ ਸਿਖਾਉਣ ਆਏ ਸਨ, ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਹਾਲਾਤਾਂ ਮੁਤਾਬਕ ਢਾਲ਼ ਲਿਆ ਅਤੇ ਪ੍ਰਚਾਰ ਕਰਨ ਵਿਚ ਰੁੱਝ ਗਏ।

ਹੋਰਾਂ ਨੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ ਜਾਂ ਉਹ ਉਨ੍ਹਾਂ ਇਲਾਕਿਆਂ ਵਿਚ ਸੇਵਾ ਕਰਨ ਲਈ ਚਲੇ ਗਏ ਜਿੱਥੇ ਅਜੇ ਪ੍ਰਚਾਰ ਦਾ ਕੰਮ ਨਹੀਂ ਹੋ ਰਿਹਾ ਸੀ। ਅਡੁਲਫੋ 50 ਤੋਂ ਵੀ ਜ਼ਿਆਦਾ ਸਾਲਾਂ ਤਕ ਪੂਰੇ ਸਮੇਂ ਦਾ ਪ੍ਰਚਾਰਕ ਰਿਹਾ ਹੈ ਅਤੇ ਉਹ ਮੈਕਸੀਕੋ ਦੇ ਕਈ ਇਲਾਕਿਆਂ ਵਿਚ ਪ੍ਰਚਾਰ ਕਰ ਚੁੱਕਾ ਹੈ। ਉਸ ਨੇ ਕਿਹਾ: “ਪੌਲੁਸ ਰਸੂਲ ਵਾਂਗ, ਮੈਂ ਤੇ ਮੇਰੀ ਪਤਨੀ ਨੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲ਼ਣਾ ਸਿੱਖਿਆ ਹੈ। ਮਿਸਾਲ ਲਈ, ਜਿਸ ਕਲੀਸਿਯਾ ਵਿਚ ਅਸੀਂ ਗਏ ਸੀ, ਉਹ ਕਿਸੇ ਵੀ ਸ਼ਹਿਰ ਜਾ ਬਾਜ਼ਾਰ ਤੋਂ ਬਹੁਤ ਦੂਰ ਸੀ। ਉੱਥੇ ਦੇ ਭਰਾ ਮੱਕੀ ਦੀ ਪਤਲੀ ਜਿਹੀ ਰੋਟੀ ਨੂੰ ਥੋੜ੍ਹਾ ਜਿਹਾ ਮੱਖਣ ਤੇ ਲੂਣ ਲਾ ਕੇ ਖਾਂਦੇ ਸਨ ਅਤੇ ਇਕ ਕੱਪ ਕੌਫ਼ੀ ਪੀਂਦੇ ਸਨ। ਬਸ ਹਰ ਰੋਜ਼ ਉਨ੍ਹਾਂ ਨੇ ਤਿੰਨ ਵਾਰ ਦਿਨ ਵਿਚ ਇਸੇ ਭੋਜਨ ਨਾਲ ਗੁਜ਼ਾਰਾ ਕਰਨਾ ਸੀ। ਇਸੇ ਤਰ੍ਹਾਂ ਅਸੀਂ ਵੀ ਆਪਣੇ ਭਰਾਵਾਂ ਵਾਂਗ ਉਸੇ ਭੋਜਨ ਨਾਲ ਗੁਜ਼ਾਰਾ ਕਰਨਾ ਸਿੱਖਿਆ। ਯਹੋਵਾਹ ਦੀ ਸੇਵਾ ਵਿਚ 54 ਸਾਲਾਂ ਦੌਰਾਨ ਮੈਨੂੰ ਇਸ ਤਰ੍ਹਾਂ ਦੇ ਸਮੇਂ ਕੱਟਣੇ ਪਏ ਹਨ। ਪਰ ਫਿਰ ਵੀ ਮੈਂ ਬਹੁਤ ਖ਼ੁਸ਼ ਰਿਹਾ ਹਾਂ।”

ਫਲੌਰੰਟੀਨੋ ਯਾਦ ਕਰਦਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਿੱਦਾਂ ਕਰਨਾ ਪਿਆ ਸੀ। ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਦੱਸਦਾ ਹੈ: “ਮੇਰਾ ਪਿਤਾ ਅਮੀਰ ਸੌਦਾਗਰ ਸੀ ਅਤੇ ਉਸ ਕੋਲ ਕਾਫ਼ੀ ਜ਼ਮੀਨ ਵੀ ਸੀ। ਸਾਡੀ ਕਰਿਆਨੇ ਦੀ ਦੁਕਾਨ ਦਾ ਕਾਊਂਟਰ ਅਜੇ ਵੀ ਮੈਨੂੰ ਯਾਦ ਹੈ। ਉੱਥੇ ਇਕ ਦਰਾਜ਼ ਸੀ ਜੋ ਤਕਰੀਬਨ 20 ਇੰਚ ਚੌੜਾ ਅਤੇ 8 ਇੰਚ ਡੂੰਘਾ ਸੀ ਤੇ ਉਸ ਵਿਚ ਚਾਰ ਖ਼ਾਨੇ ਸਨ। ਇਸ ਵਿਚ ਅਸੀਂ ਦਿਨ ਦੀ ਪੂਰੀ ਕਮਾਈ ਰੱਖਦੇ ਹੁੰਦੇ ਸੀ। ਰਾਤ ਹੋਣ ਤਕ ਇਸ ਦਰਾਜ਼ ਵਿਚ ਪੈਸਿਆਂ ਦਾ ਹੜ੍ਹ ਆ ਜਾਂਦਾ ਸੀ।”

“ਫਿਰ ਅਚਾਨਕ ਹੀ ਸਾਰਾ ਕੁਝ ਬਦਲ ਗਿਆ। ਅਮੀਰ ਤੋਂ ਹੁਣ ਅਸੀਂ ਗ਼ਰੀਬ ਹੋ ਗਏ ਸੀ। ਆਪਣੇ ਘਰ ਤੋਂ ਸਿਵਾਇ, ਅਸੀਂ ਸਾਰਾ ਕੁਝ ਗੁਆ ਬੈਠੇ। ਇਸ ਦੇ ਨਾਲ-ਨਾਲ ਇਕ ਹਾਦਸੇ ਕਾਰਨ ਮੇਰਾ ਇਕ ਭਰਾ ਅਧਰੰਗੀ ਬਣ ਗਿਆ। ਹੁਣ ਪਹਿਲਾਂ ਵਰਗੇ ਹਾਲਾਤ ਨਹੀਂ ਰਹੇ ਸਨ। ਥੋੜ੍ਹੇ ਸਮੇਂ ਲਈ ਮੈਂ ਫਲ ਅਤੇ ਗੋਸ਼ਤ ਵੇਚਣ ਲੱਗ ਪਿਆ। ਮੈਂ ਖੇਤਾਂ ਨੂੰ ਪਾਣੀ ਦੇਣ ਦਾ ਕੰਮ ਵੀ ਕੀਤਾ ਅਤੇ ਵਾਢੀ ਦੀ ਰੁੱਤ ਦੌਰਾਨ ਕਪਾਹ, ਅੰਗੂਰ ਅਤੇ ਅਲਫ਼ਾਅਲਫ਼ਾ ਦੀ ਵਾਢੀ ਕੀਤੀ। ਕਈ ਮੈਨੂੰ ਸਾਰੇ ਕੰਮਾਂ ਦਾ ਕਾਰੀਗਰ ਸੱਦਦੇ ਸਨ। ਸਾਡੀ ਮਾਤਾ ਨੇ ਸਾਨੂੰ ਅਕਸਰ ਇਹ ਕਹਿੰਦੇ ਹੋਏ ਦਿਲਾਸਾ ਦਿੱਤਾ ਕਿ ਸਾਡੇ ਕੋਲ ਰੂਹਾਨੀ ਧਨ ਹੈ ਜੋ ਬਹੁਤ ਘੱਟ ਲੋਕਾਂ ਕੋਲ ਹੈ! ਇਸ ਤਰ੍ਹਾਂ ਮੈਂ ਅਮੀਰੀ ਤੇ ਗ਼ਰੀਬੀ ਦਾ ਮਤਲਬ ਸਿੱਖਿਆ। ਹੁਣ ਮੈਨੂੰ ਯਹੋਵਾਹ ਦੀ ਸੇਵਾ ਵਿਚ ਤਕਰੀਬਨ 25 ਸਾਲ ਹੋ ਗਏ ਹਨ ਅਤੇ ਦਿਨ-ਬ-ਦਿਨ ਮਿਲੀਆਂ ਬਰਕਤਾਂ ਕਾਰਨ ਮੈਂ ਕਹਿ ਸਕਦਾ ਹਾਂ ਕਿ ਮੈਂ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਢੰਗ ਚੁਣਿਆ ਹੈ—ਪੂਰੇ ਸਮੇਂ ਲਈ ਯਹੋਵਾਹ ਦੀ ਸੇਵਾ ਕਰਨੀ।”

ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ “ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ।” ਇਸ ਲਈ ਬਾਈਬਲ ਵਿਚ ਸਾਨੂੰ ਅਗਲੀ ਸਲਾਹ ਵੀ ਦਿੱਤੀ ਜਾਂਦੀ ਹੈ: ‘ਅਨੰਦ ਕਰਨ ਵਾਲੇ ਅਜਿਹੇ ਹੋਣ ਕਿ ਜਾਣੀਦਾ ਓਹ ਅਨੰਦ ਨਹੀਂ ਕਰਦੇ ਅਤੇ ਮੁੱਲ ਲੈਣ ਵਾਲੇ ਕਿ ਜਾਣੀਦਾ ਉਨ੍ਹਾਂ ਦੇ ਕੋਲ ਮਾਲ ਨਹੀਂ ਹੈ। ਅਤੇ ਸੰਸਾਰ ਨੂੰ ਵਰਤਣ ਵਾਲੇ ਕਿ ਜਾਣੀਦਾ ਹੱਦੋਂ ਵਧਕੇ ਨਹੀਂ ਵਰਤਦੇ।’—1 ਕੁਰਿੰਥੀਆਂ 7:29-31.

ਤਾਂ ਫਿਰ, ਹੁਣ ਹੀ ਆਪਣੀ ਜ਼ਿੰਦਗੀ ਜੀਉਣ ਦੇ ਢੰਗ ਵੱਲ ਧਿਆਨ ਦੇਣ ਦਾ ਸਮਾਂ ਹੈ। ਜੇ ਤੁਹਾਡੇ ਕੋਲ ਘੱਟ ਹੈ, ਤਾਂ ਖ਼ਿਆਲ ਰੱਖੋ ਕਿ ਤੁਸੀਂ ਹੋਰਾਂ ਦੇ ਵਾਧੇ ਵੱਲ ਦੇਖ ਕੇ ਦੁਖੀ, ਗੁੱਸੇ ਜਾਂ ਈਰਖਾਲੂ ਨਾ ਬਣੋ। ਦੂਸਰੇ ਪਾਸੇ, ਜੋ ਭੌਤਿਕ ਚੀਜ਼ਾਂ ਤੁਹਾਡੇ ਕੋਲ ਹਨ, ਇਨ੍ਹਾਂ ਨੂੰ ਹੱਦੋਂ ਵੱਧ ਅਹਿਮੀਅਤ ਨਾ ਦਿਓ, ਨਹੀਂ ਤਾਂ ਇਹ ਤੁਹਾਨੂੰ ਆਪਣੇ ਜਾਲ ਵਿਚ ਫਸਾ ਸਕਦੀਆਂ ਹਨ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ ਸੀ ਭਈ ‘ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖੋ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।’ ਜੇ ਤੁਸੀਂ ਇਸ ਤਰ੍ਹਾਂ ਕਰੋ, ਤਾਂ ਤੁਸੀਂ ਵੀ ਕਹਿ ਸਕਦੇ ਹੋ ਕਿ ਤੁਸੀਂ ਸੰਤੋਖ ਰੱਖਣ ਦਾ ਰਾਜ਼ ਜਾਣ ਲਿਆ ਹੈ।—1 ਤਿਮੋਥਿਉਸ 6:17-19.

[ਸਫ਼ੇ 9 ਉੱਤੇ ਤਸਵੀਰ]

ਹੋਰਾਂ ਤੇ ਬੋਝ ਬਣਨ ਦੀ ਬਜਾਇ ਪੌਲੁਸ ਨੇ ਆਪਣੇ ਹੱਥੀਂ ਕੰਮ ਕੀਤਾ

[ਸਫ਼ੇ 10 ਉੱਤੇ ਤਸਵੀਰਾਂ]

ਪਰਮੇਸ਼ੁਰ ਦੀ ਭਗਤੀ ਕਰਨ ਅਤੇ ਸੰਤੋਖ ਰੱਖਣ ਨਾਲ ਹਜ਼ਾਰਾਂ ਹੀ ਲੋਕਾਂ ਨੂੰ ਜ਼ਿੰਦਗੀ ਵਿਚ ਖ਼ੁਸ਼ੀ ਮਿਲ ਰਹੀ ਹੈ