ਕੀ ਇਹ ਸਿਰਫ਼ ਰਿਵਾਜ ਹੈ ਜਾਂ ਰਿਸ਼ਵਤਖ਼ੋਰੀ?
ਕੀ ਇਹ ਸਿਰਫ਼ ਰਿਵਾਜ ਹੈ ਜਾਂ ਰਿਸ਼ਵਤਖ਼ੋਰੀ?
ਕੁਝ ਪੋਲਿਸ਼ ਕਾਲਜਾਂ ਦਾ ਰਿਵਾਜ ਹੈ ਕਿ ਵਿਦਿਆਰਥੀ ਚੰਗੇ ਨੰਬਰ ਲੈਣ ਦੀ ਆਸ ਰੱਖਦੇ ਹੋਏ ਪੈਸੇ ਇਕੱਠੇ ਕਰਦੇ ਹਨ ਤੇ ਆਪਣੇ ਅਧਿਆਪਕਾਂ ਲਈ ਤੋਹਫ਼ੇ ਖ਼ਰੀਦਦੇ ਹਨ। ਇਸ ਕਰਕੇ ਮਸੀਹੀ ਹੋਣ ਦੇ ਨਾਤੇ ਕਾਟਾਰਜ਼ੇਨਾ ਨਾਂ ਦੀ ਵਿਦਿਆਰਥਣ ਅੱਗੇ ਇਕ ਮੁਸ਼ਕਲ ਖੜ੍ਹੀ ਹੋ ਗਈ। ਉਸ ਨੇ ਪੁੱਛਿਆ, “ਮੈਂ ਪੈਸੇ ਦੇਵਾਂ ਕਿ ਨਾ?” ਉਸ ਦੇ ਦੋਸਤਾਂ-ਮਿੱਤਰਾਂ ਨੇ ਕਿਹਾ: “ਇਹ ਰਿਵਾਜ ਆਮ ਹੈ। ਤੇਰਾ ਕੁਝ ਨਹੀਂ ਜਾਵੇਗਾ, ਪਰ ਤੇਰਾ ਬਹੁਤ ਫ਼ਾਇਦਾ ਹੋ ਸਕਦਾ ਹੈ। ਤਾਂ ਤੂੰ ਇਸ ਬਾਰੇ ਸਵਾਲ ਕਿਉਂ ਕਰ ਰਹੀ ਹੈਂ?”
ਕਾਟਾਰਜ਼ੇਨਾ ਨੇ ਕਿਹਾ: “ਸੱਚ ਦੱਸਾਂ, ਕਾਲਜ ਦੇ ਪਹਿਲੇ ਸਾਲ ਵਿਚ ਮੈਂ ਪੈਸੇ ਦਿੱਤੇ ਸਨ। ਪਰ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕਰਨ ਨਾਲ ਮੈਂ ਇਕ ਤਰ੍ਹਾਂ ਦੀ ਰਿਸ਼ਵਤ ਦਿੱਤੀ ਸੀ, ਜੋ ਕੰਮ ਬਾਈਬਲ ਦੇ ਮੁਤਾਬਕ ਗ਼ਲਤ ਹੈ।” ਉਸ ਨੂੰ ਬਾਈਬਲ ਦੇ ਉਹ ਹਵਾਲੇ ਯਾਦ ਆਏ ਜੋ ਦਿਖਾਉਂਦੇ ਹਨ ਕਿ ਯਹੋਵਾਹ ਵੱਢੀ ਦੇਣ ਦੇ ਖ਼ਿਲਾਫ਼ ਹੈ। (ਬਿਵਸਥਾ ਸਾਰ 10:17; 16:19; 2 ਇਤਹਾਸ 19:7) ਕਾਟਾਰਜ਼ੇਨਾ ਨੇ ਕਿਹਾ: “ਮੈਂ ਸਮਝ ਗਈ ਕਿ ਆਪਣੇ ਹਾਣੀਆਂ ਦੇ ਦਬਾਅ ਹੇਠਾਂ ਆਉਣਾ ਕਿੰਨਾ ਸੌਖਾ ਹੈ। ਮੈਂ ਇਸ ਰਿਵਾਜ ਬਾਰੇ ਦੁਬਾਰਾ ਸੋਚ-ਵਿਚਾਰ ਕਰ ਕੇ ਫ਼ੈਸਲਾ ਕੀਤਾ ਕਿ ਮੈਂ ਅਗਾਹਾਂ ਨੂੰ ਇਸ ਵਿਚ ਕੋਈ ਹਿੱਸਾ ਨਹੀਂ ਲਵਾਂਗੀ।” ਪਿੱਛਲੇ ਤਿੰਨ ਸਾਲਾਂ ਤਕ ਦੂਸਰੇ ਵਿਦਿਆਰਥੀਆਂ ਦੇ ਮਖੌਲ ਦੇ ਬਾਵਜੂਦ, ਉਸ ਨੇ ਕਈਆਂ ਨੂੰ ਸਮਝਾਇਆ ਹੈ ਕਿ ਉਹ ਅਜਿਹੇ “ਤੋਹਫ਼ੇ” ਖ਼ਰੀਦਣ ਲਈ ਪੈਸੇ ਇਸ ਲਈ ਨਹੀਂ ਦਿੰਦੀ ਕਿਉਂਕਿ ਇਹ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹੈ।
ਕਈਆਂ ਨੇ ਕਿਹਾ ਕਿ ਕਾਟਾਰਜ਼ੇਨਾ ਖ਼ੁਦਗਰਜ਼ ਹੈ ਤੇ ਦੂਸਰਿਆਂ ਦੀਆਂ ਲੋੜਾਂ ਬਾਰੇ ਬਿਲਕੁਲ ਨਹੀਂ ਸੋਚਦੀ। ਉਸ ਨੇ ਕਿਹਾ: “ਹਾਲੇ ਤਕ ਅਜਿਹੇ ਵਿਦਿਆਰਥੀ ਹਨ ਜੋ ਮੈਨੂੰ ਚੰਗਾ ਨਹੀਂ ਸਮਝਦੇ। ਪਰ ਦੂਜੇ ਪਾਸੇ, ਕਈ ਮੇਰੇ ਫ਼ੈਸਲੇ ਦੀ ਕਦਰ ਕਰਦੇ ਹਨ ਜਿਸ ਕਰਕੇ ਮੈਂ ਖ਼ੁਸ਼ ਹਾਂ।” ਕਾਟਾਰਜ਼ੇਨਾ ਯਹੋਵਾਹ ਦੀ ਗਵਾਹ ਵਜੋਂ ਜਾਣੀ ਗਈ ਹੈ ਜੋ ਹਰ ਕੰਮ ਵਿਚ ਬਾਈਬਲ ਦੇ ਅਸੂਲ ਲਾਗੂ ਕਰਦੇ ਹਨ।