ਕੋਰੀਆ ਵਿਚ ਬੋਲ਼ਿਆਂ ਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ
ਕੋਰੀਆ ਵਿਚ ਬੋਲ਼ਿਆਂ ਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ
ਸਾਲ 1997 ਦੀ ਗਰਮੀਆਂ ਦੀ ਰੁੱਤ ਵਿਚ ਇਕ ਜੋਸ਼ੀਲਾ ਪਰ ਚੁੱਪ ਸਮੂਹ ਯਹੋਵਾਹ ਦੇ ਗਵਾਹਾਂ ਦੇ ਇਕ ਵੱਡੇ ਸੰਮੇਲਨ ਲਈ ਇਕੱਠਾ ਹੋਇਆ ਸੀ। ਕੋਰੀਆ ਵਿਚ ਬੋਲ਼ਿਆਂ ਅਤੇ ਘੱਟ ਸੁਣਨ ਵਾਲੇ ਲੋਕਾਂ ਲਈ ਅਜਿਹਾ ਸੰਮੇਲਨ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਵਿਚ ਸਿਖਰ ਹਾਜ਼ਰੀ 1,174 ਸੀ। ਸਾਰੇ ਭਾਸ਼ਣ, ਇੰਟਰਵਿਊਆਂ ਅਤੇ ਇਕ ਡਰਾਮਾ ਵੀ ਕੋਰੀਆਈ ਸੈਨਤ-ਭਾਸ਼ਾ ਵਿਚ ਕੀਤੇ ਗਏ ਸਨ। ਅਸੈਂਬਲੀ ਹਾਲ ਵਿਚ ਇਕ ਵੱਡੇ ਸਾਰੇ ਪਰਦੇ ਤੇ ਸਾਰਾ ਪ੍ਰੋਗ੍ਰਾਮ ਦੇਖਿਆ ਜਾ ਸਕਦਾ ਸੀ। ਇਹ ਸੰਮੇਲਨ ਸਾਲਾਂ ਤੋਂ ਕਈਆਂ ਭਰਾਵਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਸੀ।
ਉਹ ਸਮਾਂ ਵੀ ਆਵੇਗਾ ਜਦੋਂ ਫਿਰਦੌਸ ਵਰਗੀ ਧਰਤੀ ਵਿਚ “ਬੋਲਿਆਂ ਦੇ ਕੰਨ ਖੁਲ੍ਹ ਜਾਣਗੇ।” (ਯਸਾਯਾਹ 35:5) ਫਿਰਦੌਸ ਵਿਚ ਜੀਵਨ ਦਾ ਆਨੰਦ ਮਾਣਨ ਲਈ ਪਹਿਲਾਂ ਸਾਰਿਆਂ ਨੂੰ, ਬੋਲ਼ਿਆਂ ਨੂੰ ਵੀ, ਰੂਹਾਨੀ ਫਿਰਦੌਸ ਦਾ ਹਿੱਸਾ ਬਣਨ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਰਲ-ਮਿਲਣ ਦੀ ਲੋੜ ਹੈ। ਉਨ੍ਹਾਂ ਨੂੰ ਪਰਮੇਸ਼ੁਰ ਦੀ ਸਿੱਖਿਆ ਲੈ ਕੇ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰ ਕੇ ਬਪਤਿਸਮਾ ਲੈਣ ਦੀ ਲੋੜ ਹੈ।—ਮੀਕਾਹ 4:1-4.
ਛੋਟੀ ਸ਼ੁਰੂਆਤ
ਭਾਵੇਂ ਕਿ 1960 ਦੇ ਦਹਾਕੇ ਵਿਚ ਬੋਲ਼ਿਆਂ ਨੂੰ ਥੋੜ੍ਹਾ-ਬਹੁਤਾ ਪ੍ਰਚਾਰ ਕੀਤਾ ਗਿਆ ਸੀ, ਪਰ ਉਨ੍ਹਾਂ ਨੇ 1970 ਦੇ ਦਹਾਕੇ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਆਉਣਾ ਸ਼ੁਰੂ ਕੀਤਾ। ਉਸ ਸਮੇਂ ਉਨ੍ਹਾਂ ਵਿੱਚੋਂ ਕੁਝ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਕੀਤੀਆਂ ਜਾਂਦੀਆਂ ਮੀਟਿੰਗਾਂ ਵਿਚ ਆਉਣ ਲੱਗ ਪਏ ਜਿੱਥੇ ਇਕ ਮਸੀਹੀ ਭਰਾ ਜੋ ਕਾਹਲੀ-ਕਾਹਲੀ ਲਿਖ ਸਕਦਾ ਸੀ ਬਲੈਕ-ਬੋਰਡ ਤੇ ਭਾਸ਼ਣਾਂ ਦੇ ਖ਼ਾਸ ਨੁਕਤੇ ਅਤੇ ਬਾਈਬਲ ਦੇ ਹਵਾਲੇ ਲਿਖਦਾ ਹੁੰਦਾ ਸੀ।
ਟਾਈਜੋਨ ਸ਼ਹਿਰ ਵਿਚ ਇਕ ਭਰਾ ਦਾ ਮੁੰਡਾ ਬੋਲ਼ਾ ਸੀ। ਸਾਲ 1971 ਵਿਚ ਉਸ ਨੇ ਆਪਣੇ ਬੋਲ਼ੇ ਮੁੰਡੇ ਅਤੇ ਉਸ ਦੇ ਦੋਸਤਾਂ ਨੂੰ ਰਾਜ ਦਾ ਸੰਦੇਸ਼ ਸਿਖਾਉਣਾ ਸ਼ੁਰੂ ਕੀਤਾ। ਬਾਅਦ ਵਿਚ ਇਨ੍ਹਾਂ ਨੌਜਵਾਨਾਂ ਨੇ ਅੱਗੇ ਹੋਰਨਾਂ ਨੂੰ ਪ੍ਰਚਾਰ ਕੀਤਾ, ਜਿਨ੍ਹਾਂ ਵਿੱਚੋਂ ਕਈ ਜੋਸ਼ੀਲੇ ਭਰਾ ਬਣੇ। ਇਹ ਭਰਾ ਹੁਣ ਸਖ਼ਤ ਮਿਹਨਤ ਕਰ ਕੇ ਸੈਨਤ-ਭਾਸ਼ਾ ਵਿਚ ਲੋਕਾਂ ਨੂੰ ਪ੍ਰਚਾਰ ਕਰ ਰਹੇ ਹਨ।—ਜ਼ਕਰਯਾਹ 4:10.
ਨੌਜਵਾਨਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ
ਯਹੋਵਾਹ ਅਤੇ ਯਿਸੂ ਬਾਰੇ ਗਿਆਨ ਹਾਸਲ ਕਰਨ ਅਤੇ ਜੀਵਨ ਦੇ ਰਾਹ ਉੱਤੇ ਚੱਲਣ ਲਈ ਬੋਲ਼ੇ ਲੋਕਾਂ ਦੀ ਮਦਦ ਕਰਨ ਯੂਹੰਨਾ 17:3) ਇਹ ਕੰਮ ਸਿਰੇ ਚਾੜ੍ਹਨ ਲਈ ਯਹੋਵਾਹ ਦੇ ਕਈਆਂ ਗਵਾਹਾਂ ਨੇ ਸੈਨਤ-ਭਾਸ਼ਾ ਸਿੱਖੀ ਹੈ ਅਤੇ ਉਨ੍ਹਾਂ ਨੂੰ ਵੱਡੀਆਂ-ਵੱਡੀਆਂ ਬਰਕਤਾਂ ਮਿਲੀਆਂ ਹਨ।
ਵਾਸਤੇ ਭਰਾਵਾਂ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਸੀ। (ਪਾਰਕ ਇੰਨ-ਸਨ ਨਾਂ ਦੇ 15 ਸਾਲਾਂ ਦੇ ਮੁੰਡੇ ਨੇ ਸੈਨਤ-ਭਾਸ਼ਾ ਸਿੱਖਣ ਦਾ ਟੀਚਾ ਬਣਾਇਆ। ਇਹ ਕਰਨ ਲਈ ਉਹ ਇਕ ਫੈਕਟਰੀ ਵਿਚ ਸਿੱਖਿਆਰਥੀ ਵਜੋਂ ਕੰਮ ਕਰਨ ਲੱਗਾ ਜਿੱਥੇ ਤਕਰੀਬਨ 20 ਬੋਲ਼ੇ ਲੋਕ ਕੰਮ ਕਰਦੇ ਸਨ। ਉਸ ਨੇ ਉਨ੍ਹਾਂ ਦੇ ਨਾਲ ਅੱਠ ਮਹੀਨੇ ਕੰਮ ਕੀਤਾ ਤਾਂਕਿ ਉਹ ਸੈਨਤ-ਭਾਸ਼ਾ ਅਤੇ ਬੋਲ਼ਿਆਂ ਦੀ ਸੋਚਣੀ ਬਾਰੇ ਕੁਝ ਸਿੱਖੇ। ਅਗਲੇ ਸਾਲ ਉਹ ਪਾਇਨੀਅਰੀ ਕਰਨ ਲੱਗ ਪਿਆ ਅਤੇ ਉਸ ਨੇ ਬੋਲ਼ੇ ਲੋਕਾਂ ਦੇ ਇਕ ਗਰੁੱਪ ਦੀ ਬਾਈਬਲ ਸੱਚਾਈਆਂ ਸਿੱਖਣ ਵਿਚ ਮਦਦ ਕਰਨੀ ਸ਼ੁਰੂ ਕੀਤੀ। ਇਸ ਗਰੁੱਪ ਦੀ ਗਿਣਤੀ ਬਹੁਤ ਜਲਦੀ ਵਧਦੀ ਗਈ ਅਤੇ ਕੁਝ ਹੀ ਸਮੇਂ ਬਾਅਦ 35 ਤੋਂ ਜ਼ਿਆਦਾ ਲੋਕ ਐਤਵਾਰ ਦੀ ਮੀਟਿੰਗ ਵਿਚ ਹਾਜ਼ਰ ਹੋਣ ਲੱਗੇ।—ਜ਼ਬੂਰਾਂ ਦੀ ਪੋਥੀ 110:3.
ਇਸ ਤੋਂ ਬਾਅਦ ਸਿਓਲ ਵਿਚ ਪਹਿਲੀ ਵਾਰ ਸੈਨਤ-ਭਾਸ਼ਾ ਵਿਚ ਮਸੀਹੀ ਸਭਾਵਾਂ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਵਧ ਰਹੇ ਸਮੂਹ ਵਿਚ ਭਰਾ ਪਾਰਕ ਇੰਨ-ਸਨ ਨੇ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕੀਤੀ ਸੀ। ਇਸ ਸਮੇਂ ਤਕ ਉਸ ਨੇ ਸੈਨਤ-ਭਾਸ਼ਾ ਚੰਗੀ ਤਰ੍ਹਾਂ ਸਿੱਖ ਲਈ ਸੀ। ਕੁਝ ਮਹੀਨਿਆਂ ਵਿਚ ਉਹ ਬੋਲ਼ੇ ਲੋਕਾਂ ਨਾਲ 28 ਬਾਈਬਲ ਸਟੱਡੀਆਂ ਕਰਦਾ ਸੀ। ਇਨ੍ਹਾਂ ਵਿੱਚੋਂ ਕਈ ਯਹੋਵਾਹ ਦੇ ਗਵਾਹ ਬਣੇ ਹਨ।
ਇਨ੍ਹਾਂ ਭਰਾਵਾਂ ਦੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਅਕਤੂਬਰ 1976 ਵਿਚ ਸਿਓਲ ਵਿਚ ਪਹਿਲੀ ਸੈਨਤ-ਭਾਸ਼ਾ ਦੀ ਕਲੀਸਿਯਾ ਸਥਾਪਿਤ ਹੋਈ। ਇਸ ਦੇ 42 ਭੈਣਾਂ-ਭਰਾਵਾਂ ਵਿਚ ਦੋ ਪਾਇਨੀਅਰ ਸਨ। ਕੋਰੀਆ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਬੋਲ਼ਿਆਂ ਨੂੰ ਪ੍ਰਚਾਰ ਕਰਨ ਦਾ ਕੰਮ ਵਧਦਾ ਗਿਆ। ਕਈ ਹੋਰ ਬੋਲ਼ੇ ਲੋਕ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣਨ ਲਈ ਬੇਕਰਾਰੀ ਨਾਲ ਭਰਾਵਾਂ ਦਾ ਇੰਤਜ਼ਾਰ ਕਰ ਰਹੇ ਸਨ।
ਬੋਲ਼ੇ ਲੋਕਾਂ ਨੂੰ ਪ੍ਰਚਾਰ ਕਰਨਾ
ਤੁਸੀਂ ਸ਼ਾਇਦ ਪੁੱਛੋ ਕਿ ਬੋਲ਼ੇ ਲੋਕ ਮਿਲਦੇ ਕਿਸ ਤਰ੍ਹਾਂ ਸਨ। ਜ਼ਿਆਦਾ ਲੋਕ ਤਾਂ ਉਦੋਂ ਮਿਲਦੇ ਸਨ ਜਦੋਂ ਕੁਝ ਲੋਕ ਜੋ ਆਪ ਬਾਈਬਲ ਸਟੱਡੀ ਕਰ ਰਹੇ ਸਨ ਭਰਾਵਾਂ ਨੂੰ ਹੋਰਨਾਂ ਲੋਕਾਂ ਬਾਰੇ ਦੱਸਦੇ ਸਨ। ਦੁਕਾਨਦਾਰਾਂ ਤੋਂ ਵੀ ਬੋਲ਼ੇ ਲੋਕਾਂ ਦਾ ਨਾਂ ਅਤੇ ਪਤਾ ਪੁੱਛਿਆ ਜਾਂਦਾ ਸੀ। ਕੁਝ ਸਰਕਾਰੀ ਦਫ਼ਤਰਾਂ ਤੋਂ ਵੀ ਅਜਿਹੀ ਜਾਣਕਾਰੀ ਮਿਲ ਜਾਂਦੀ ਸੀ। ਬੋਲ਼ੇ ਲੋਕਾਂ ਦੇ ਇਲਾਕਿਆਂ ਵਿਚ ਚੰਗੀ ਤਰ੍ਹਾਂ ਪ੍ਰਚਾਰ ਕਰਨ ਦੇ ਇੰਨੇ ਵਧੀਆ ਨਤੀਜੇ ਨਿਕਲੇ ਕਿ ਉੱਥੇ ਸੈਨਤ-ਭਾਸ਼ਾ ਦੀਆਂ ਚਾਰ ਕਲੀਸਿਯਾਵਾਂ ਸਥਾਪਿਤ ਹੋ ਗਈਆਂ। ਮਸੀਹੀ ਨੌਜਵਾਨਾਂ ਨੂੰ ਸੈਨਤ-ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕੀਤਾ ਗਿਆ ਸੀ।
ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਨੇ ਇਨ੍ਹਾਂ ਕਲੀਸਿਯਾਵਾਂ ਦੇ ਨਾਲ ਕੰਮ ਕਰਨ ਲਈ ਉਨ੍ਹਾਂ ਸਪੈਸ਼ਲ ਪਾਇਨੀਅਰਾਂ ਨੂੰ ਭੇਜਿਆ ਜਿਨ੍ਹਾਂ ਨੇ ਸੈਨਤ-ਭਾਸ਼ਾ ਸਿੱਖੀ ਸੀ। ਹਾਲ ਹੀ ਦੇ ਸਮੇਂ ਵਿਚ ਸੇਵਕਾਈ ਸਿਖਲਾਈ ਸਕੂਲ ਦੇ ਗ੍ਰੈਜੂਏਟ ਵੀ ਇਨ੍ਹਾਂ ਕਲੀਸਿਯਾਵਾਂ ਨੂੰ ਭੇਜੇ ਗਏ ਸਨ। ਉਨ੍ਹਾਂ ਨੇ ਭਰਾਵਾਂ ਨੂੰ ਰੂਹਾਨੀ ਤੌਰ ਤੇ ਤਕੜੇ ਕੀਤਾ ਹੈ।
ਇਸ ਖੇਤਰ ਵਿਚ ਕੰਮ ਕਰਦੇ ਹੋਏ ਕਈਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਲਈ, ਬੋਲ਼ੇ ਲੋਕਾਂ ਦੀ ਸੋਚਣੀ ਜਾਣਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਉਨ੍ਹਾਂ ਦੇ ਸੋਚ-ਵਿਚਾਰ ਅਤੇ ਕੰਮ-ਕਾਰ ਬਹੁਤ ਹੀ ਸਿੱਧੇ ਹੁੰਦੇ ਹਨ। ਇਹ ਦੇਖ ਕੇ ਕਈ ਵਾਰ ਲੋਕ ਹੈਰਾਨ ਹੁੰਦੇ ਹਨ ਅਤੇ ਉਨ੍ਹਾਂ ਨੂੰ ਬੋਲ਼ਿਆਂ ਬਾਰੇ ਗ਼ਲਤਫ਼ਹਿਮੀਆਂ ਵੀ ਹੋ ਸਕਦੀਆਂ ਹਨ। ਇਸ ਤੋਂ ਵਧ ਜਦੋਂ ਬੋਲ਼ਿਆਂ ਨਾਲ ਬਾਈਬਲ ਸਟੱਡੀ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਦੀ ਮਦਦ ਕਰਨ ਦੀ ਵੀ ਲੋੜ ਹੁੰਦੀ ਹੈ ਕਿ ਉਹ ਆਪਣੀ ਹੀ ਭਾਸ਼ਾ ਚੰਗੀ ਤਰ੍ਹਾਂ ਸਿੱਖਣ ਅਤੇ ਨਿੱਜੀ ਤੌਰ ਤੇ ਪੜ੍ਹਾਈ ਤੇ ਅਧਿਐਨ ਕਰਨ ਵਿਚ ਤਰੱਕੀ ਕਰਨ।
ਰੋਜ਼ਾਨਾ ਜ਼ਿੰਦਗੀ ਵਿਚ ਬੋਲ਼ਿਆਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਬਾਰੇ ਦੂਸਰਿਆਂ ਨੇ ਸ਼ਾਇਦ ਸੋਚਿਆ ਵੀ ਨਾ ਹੋਵੇ। ਸਰਕਾਰੀ ਦਫ਼ਤਰਾਂ ਵਿਚ, ਡਾਕਟਰਾਂ-ਚਾਕਰਾਂ ਨਾਲੇ ਕਾਰੋਬਾਰੀ ਲੈਣ-ਦੇਣ ਵਰਗੇ ਮਾਮਲਿਆਂ ਬਾਰੇ ਗੱਲਬਾਤ ਕਰਨ ਵਿਚ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਪਰ ਲਾਗਲੀਆਂ ਕਲੀਸਿਯਾਵਾਂ ਦੇ ਭਰਾਵਾਂ ਨੇ ਪਿਆਰ ਯੂਹੰਨਾ 13:34, 35.
ਨਾਲ ਉਨ੍ਹਾਂ ਦੀ ਮਦਦ ਕੀਤੀ ਹੈ ਜਿਸ ਨਾਲ ਬੋਲ਼ੇ ਲੋਕਾਂ ਨੂੰ ਸੱਚੇ ਭਾਈਚਾਰੇ ਦਾ ਅਹਿਸਾਸ ਹੋਇਆ।—ਹਰ ਮੌਕੇ ਤੇ ਗਵਾਹੀ ਦੇਣ ਦੇ ਵਧੀਆ ਨਤੀਜੇ
ਕੋਰੀਆ ਦੇ ਦੱਖਣੀ ਤਟ ਤੇ ਪੂਸਾਨ ਸ਼ਹਿਰ ਵਿਚ ਇਕ ਗਵਾਹ ਨੂੰ ਦੋ ਬੋਲ਼ੇ ਲੋਕ ਮਿਲੇ ਜਿਨ੍ਹਾਂ ਨੇ ਇਕ ਕਾਗਜ਼ ਤੇ ਲਿਖਿਆ: “ਅਸੀਂ ਫਿਰਦੌਸ ਵਿਚ ਰਹਿਣਾ ਚਾਹੁੰਦੇ ਹਾਂ। ਸਾਨੂੰ ਦਿਖਾਓ ਕਿ ਬਾਈਬਲ ਵਿਚ ਸਦਾ ਦੇ ਜੀਵਨ ਬਾਰੇ ਕੀ ਲਿਖਿਆ ਹੈ।” ਭਰਾ ਨੇ ਉਨ੍ਹਾਂ ਦਾ ਪਤਾ ਲਿਖ ਕੇ ਉਨ੍ਹਾਂ ਨੂੰ ਦੁਬਾਰਾ ਮਿਲਣ ਦਾ ਪ੍ਰਬੰਧ ਕੀਤਾ। ਜਦੋਂ ਭਰਾ ਉਨ੍ਹਾਂ ਦੇ ਘਰ ਪਹੁੰਚਿਆ, ਤਾਂ ਕਮਰਾ ਬੋਲ਼ੇ ਲੋਕਾਂ ਨਾਲ ਭਰਿਆ ਹੋਇਆ ਸੀ। ਉਹ ਸਾਰੇ ਜਣੇ ਰਾਜ ਦੇ ਸੰਦੇਸ਼ ਬਾਰੇ ਜਾਣਨਾ ਚਾਹੁੰਦੇ ਸਨ। ਇਸ ਅਨੁਭਵ ਨੇ ਭਰਾ ਨੂੰ ਸੈਨਤ-ਭਾਸ਼ਾ ਸਿੱਖਣ ਲਈ ਪ੍ਰੇਰਿਆ। ਇਸ ਤੋਂ ਬਾਅਦ ਬਹੁਤ ਹੀ ਜਲਦੀ ਪੂਸਾਨ ਵਿਚ ਸੈਨਤ-ਭਾਸ਼ਾ ਦੀ ਇਕ ਕਲੀਸਿਯਾ ਸਥਾਪਿਤ ਹੋ ਗਈ ਸੀ।
ਉਸ ਕਲੀਸਿਯਾ ਦੇ ਇਕ ਭਰਾ ਨੇ ਦੋ ਬੋਲ਼ੇ ਲੋਕਾਂ ਨੂੰ ਇਕ-ਦੂਜੇ ਨਾਲ ਇਸ਼ਾਰਿਆਂ ਰਾਹੀਂ ਗੱਲਬਾਤ ਕਰਦੇ ਦੇਖਿਆ। ਉਸ ਨੇ ਜਾ ਕੇ ਉਨ੍ਹਾਂ ਨਾਲ ਗੱਲ ਕੀਤੀ। ਜਦ ਉਸ ਨੂੰ ਪਤਾ ਲੱਗਾ ਕਿ ਉਹ ਕਿਸੇ ਧਾਰਮਿਕ ਮੀਟਿੰਗ ਤੋਂ ਆ ਰਹੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਉਸੇ ਦੁਪਹਿਰ ਦੋ ਵਜੇ ਕਿੰਗਡਮ ਹਾਲ ਆਉਣ ਦਾ ਸੱਦਾ ਦਿੱਤਾ। ਉਹ ਮੀਟਿੰਗ ਵਿਚ ਆਏ ਅਤੇ ਉਨ੍ਹਾਂ ਦੇ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਗਈ। ਕੁਝ ਹੀ ਸਮੇਂ ਬਾਅਦ ਉਹ ਦੋਨੋਂ ਅਤੇ ਉਨ੍ਹਾਂ ਦੇ 20 ਬੋਲ਼ੇ ਦੋਸਤ-ਮਿੱਤਰ ਇਕ ਵੱਡੇ ਸੰਮੇਲਨ ਵਿਚ ਹਾਜ਼ਰ ਹੋਏ। ਇਸ ਗਰੁੱਪ ਤੋਂ ਕਈ ਲੋਕ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਦੋ ਭਰਾ ਹੁਣ ਸੈਨਤ-ਭਾਸ਼ਾ ਦੀ ਇਕ ਕਲੀਸਿਯਾ ਵਿਚ ਬਜ਼ੁਰਗਾਂ ਵਜੋਂ ਸੇਵਾ ਕਰਦੇ ਹਨ ਅਤੇ ਇਕ ਸਹਾਇਕ ਸੇਵਕ ਹੈ।
ਦ੍ਰਿੜ੍ਹਤਾ ਦੇ ਵਧੀਆ ਫਲ
ਕਈ ਬੋਲ਼ੇ ਲੋਕ ਸੈਨਤ-ਭਾਸ਼ਾ ਦੀਆਂ ਕਲੀਸਿਯਾਵਾਂ ਤੋਂ ਕਾਫ਼ੀ ਦੂਰ ਰਹਿੰਦੇ ਹਨ। ਇਸ
ਲਈ ਉਨ੍ਹਾਂ ਤਕ ਬਾਈਬਲ ਤੋਂ ਰੂਹਾਨੀ ਭੋਜਨ ਬਾਕਾਇਦਾ ਪਹੁੰਚਾਉਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਮਿਸਾਲ ਲਈ, ਇਕ 31 ਸਾਲਾਂ ਦਾ ਆਦਮੀ ਮੱਛੀਆਂ ਫੜ ਕੇ ਆਪਣਾ ਗੁਜ਼ਾਰਾ ਤੋਰਦਾ ਸੀ। ਉਸ ਨੂੰ ਆਪਣੇ ਛੋਟੇ ਭਰਾ ਤੋਂ ਬਾਈਬਲ ਦੇ ਸੰਦੇਸ਼ ਬਾਰੇ ਪਤਾ ਲੱਗਾ, ਜਿਸ ਨੂੰ ਯਹੋਵਾਹ ਦੇ ਗਵਾਹ ਮਿਲੇ ਸਨ। ਆਪਣੀ ਰੂਹਾਨੀ ਭੁੱਖ ਮਿਟਾਉਣ ਲਈ ਇਸ ਬੋਲ਼ੇ ਮਛਿਆਰੇ ਨੇ ਬਹੁਤ ਮਿਹਨਤ ਕੀਤੀ। ਮਾਸਾਨ ਸ਼ਹਿਰ ਵਿਚ ਸੈਨਤ-ਭਾਸ਼ਾ ਦੀ ਕਲੀਸਿਯਾ ਤੋਂ ਇਕ ਸਪੈਸ਼ਲ ਪਾਇਨੀਅਰ ਨੂੰ ਮਿਲਣ ਲਈ ਉਸ ਨੂੰ ਕੋਰੀਆ ਦੇ ਦੱਖਣੀ ਤਟ ਵਿਚ ਟੌਂਗਯੰਗ ਸ਼ਹਿਰ ਨੂੰ ਜਾਣਾ ਪੈਂਦਾ ਸੀ। ਉੱਥੇ ਪਹੁੰਚਣ ਲਈ ਉਸ ਨੂੰ ਕਿਸ਼ਤੀ ਵਿਚ 16 ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਸੀ। ਹਰ ਸੋਮਵਾਰ ਇਹ ਸਪੈਸ਼ਲ ਪਾਇਨੀਅਰ ਇਸ ਮਛਿਆਰੇ ਨੂੰ ਬਾਈਬਲ ਸਟੱਡੀ ਕਰਾਉਣ ਲਈ 65 ਕਿਲੋਮੀਟਰ ਦਾ ਸਫ਼ਰ ਕਰਦਾ ਸੀ।ਮਾਸਾਨ ਸ਼ਹਿਰ ਵਿਚ ਐਤਵਾਰ ਦੀ ਮੀਟਿੰਗ ਵਿਚ ਆਉਣ ਲਈ ਇਸ ਬੋਲ਼ੇ ਵਿਦਿਆਰਥੀ ਨੂੰ 16 ਕਿਲੋਮੀਟਰ ਕਿਸ਼ਤੀ ਵਿਚ ਅਤੇ 65 ਕਿਲੋਮੀਟਰ ਬੱਸ ਵਿਚ ਸਫ਼ਰ ਕਰਨਾ ਪੈਂਦਾ ਸੀ। ਪਰ ਉਸ ਦੀ ਦ੍ਰਿੜ੍ਹਤਾ ਦਾ ਚੰਗਾ ਨਤੀਜਾ ਨਿਕਲਿਆ। ਕੁਝ ਹੀ ਮਹੀਨਿਆਂ ਵਿਚ ਉਸ ਨੇ ਆਪਣੀ ਸੈਨਤ-ਭਾਸ਼ਾ ਕਾਫ਼ੀ ਸੁਧਾਰ ਲਈ ਸੀ, ਕੋਰੀਆਈ ਭਾਸ਼ਾ ਦੇ ਹੋਰ ਅੱਖਰ ਸਿੱਖ ਲਏ ਸਨ ਅਤੇ ਖ਼ਾਸ ਕਰਕੇ ਉਸ ਰਾਹ ਬਾਰੇ ਸਿੱਖਿਆ ਜਿਸ ਦੁਆਰਾ ਉਹ ਯਹੋਵਾਹ ਨਾਲ ਇਕ ਗੂੜ੍ਹਾ ਰਿਸ਼ਤਾ ਕਾਇਮ ਕਰ ਸਕਦਾ ਸੀ। ਜਦੋਂ ਉਸ ਨੂੰ ਸਭਾਵਾਂ ਦੀ ਮਹੱਤਤਾ ਅਤੇ ਬਾਕਾਇਦਾ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦਾ ਅਹਿਸਾਸ ਹੋਇਆ, ਤਾਂ ਉਹ ਉਸ ਇਲਾਕੇ ਵਿਚ ਰਹਿਣ ਲੱਗਾ ਜਿੱਥੇ ਸੈਨਤ-ਭਾਸ਼ਾ ਦੀ ਕਲੀਸਿਯਾ ਸੀ। ਕੀ ਇਸ ਤਰ੍ਹਾਂ ਕਰਨਾ ਉਸ ਲਈ ਸੌਖਾ ਸੀ? ਨਹੀਂ। ਉਸ ਨੂੰ ਆਪਣਾ ਮੱਛੀਆਂ ਫੜਨ ਦਾ ਕੰਮ ਬੰਦ ਕਰਨਾ ਪਿਆ ਸੀ ਜਿਸ ਤੋਂ ਉਸ ਨੂੰ ਹਰ ਮਹੀਨੇ ਕੁਝ 3,800 ਅਮਰੀਕੀ ਡਾਲਰ ਦੀ ਆਮਦਨ ਮਿਲਦੀ ਸੀ। ਪਰ ਉਸ ਦੇ ਪੱਕੇ ਇਰਾਦੇ ਕਾਰਨ ਉਸ ਨੂੰ ਬਹੁਤ ਬਰਕਤਾਂ ਮਿਲੀਆਂ। ਸੱਚਾਈ ਵਿਚ ਤਰੱਕੀ ਕਰ ਕੇ ਉਸ ਨੇ ਬਪਤਿਸਮਾ ਲੈ ਲਿਆ ਅਤੇ ਹੁਣ ਉਹ ਆਪਣੇ ਪਰਿਵਾਰ ਸਣੇ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ।
ਬੋਲ਼ੇ ਲੋਕਾਂ ਲਈ ਤਰਜਮਾ
ਆਮ ਤੌਰ ਤੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਜ਼ਬਾਨੀ ਦੱਸਿਆ ਜਾਂਦਾ ਹੈ। ਪਰ ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਸਹੀ-ਸਹੀ ਦੱਸਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਗੱਲਾਂ ਦਾ ਕੋਈ ਪੱਕਾ ਰਿਕਾਰਡ ਬਣਾਇਆ ਜਾਵੇ। ਇਸੇ ਲਈ ਪਹਿਲੀ ਸਦੀ ਵਿਚ ਤਜਰਬੇਕਾਰ ਭਰਾਵਾਂ ਨੇ ਕਿਤਾਬਾਂ ਅਤੇ ਚਿੱਠੀਆਂ ਲਿਖੀਆਂ ਸਨ। (ਰਸੂਲਾਂ ਦੇ ਕਰਤੱਬ 15:22-31; ਅਫ਼ਸੀਆਂ 3:4; ਕੁਲੁੱਸੀਆਂ 1:2; 4:16) ਸਾਡੇ ਸਮੇਂ ਵਿਚ ਰੂਹਾਨੀ ਭੋਜਨ ਦੀ ਕੋਈ ਘਾਟ ਨਹੀਂ। ਸਾਡੇ ਕੋਲ ਅਨੇਕ ਕਿਤਾਬਾਂ ਅਤੇ ਰਸਾਲੇ ਹਨ। ਅਤੇ ਇਨ੍ਹਾਂ ਦਾ ਤਰਜਮਾ ਅਨੇਕ ਸੈਨਤ ਅਤੇ ਹੋਰ ਸੈਂਕੜੇ ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਕੋਰੀਆਈ ਸੈਨਤ-ਭਾਸ਼ਾ ਵਿਚ ਤਰਜਮਾ ਕਰਨ ਲਈ ਬ੍ਰਾਂਚ ਆਫਿਸ ਵਿਚ ਅਨੁਵਾਦ ਵਿਭਾਗ ਹੈ। ਅਤੇ ਵਿਡਿਓ ਵਿਭਾਗ ਵਿਚ ਸੈਨਤ-ਭਾਸ਼ਾ ਦੇ ਵਿਡਿਓ ਤਿਆਰ ਕੀਤੇ ਜਾਂਦੇ ਹਨ। ਇਸ ਨਾਲ ਕੋਰੀਆ ਦੀਆਂ ਕਲੀਸਿਯਾਵਾਂ ਵਿਚ ਬੋਲ਼ੇ ਭੈਣਾਂ-ਭਰਾਵਾਂ ਅਤੇ ਦਿਲਚਸਪੀ ਲੈਣ ਵਾਲਿਆਂ ਲੋਕਾਂ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ।
ਭਾਵੇਂ ਕਿ ਕਈ ਭੈਣ-ਭਰਾ ਸੈਨਤ-ਭਾਸ਼ਾ ਵਿਚ ਮਾਹਰ ਬਣ ਗਏ ਹਨ ਅਤੇ ਉਨ੍ਹਾਂ ਨੇ ਵਿਡਿਓ ਤਿਆਰ ਕਰਨ ਵਿਚ ਵੀ ਕਾਫ਼ੀ ਮਦਦ ਕੀਤੀ ਹੈ, ਫਿਰ ਵੀ ਆਮ ਤੌਰ ਤੇ ਸਭ ਤੋਂ ਵਧੀਆ ਅਨੁਵਾਦਕ ਬੋਲ਼ੇ ਲੋਕਾਂ ਦੇ ਬੱਚੇ ਸਾਬਤ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਬਚਪਨ ਤੋਂ ਹੀ ਸੈਨਤ-ਭਾਸ਼ਾ ਸਿੱਖੀ ਹੁੰਦੀ ਹੈ। ਉਹ ਸਹੀ-ਸਹੀ ਸੈਨਤ ਕਰਨ ਦੇ ਨਾਲ-ਨਾਲ ਆਪਣੇ ਹੱਥਾਂ ਅਤੇ ਚਿਹਰੇ ਦੇ ਹਾਵ-ਭਾਵ ਦੁਆਰਾ ਗੱਲ-ਬਾਤ ਦਾ ਪੂਰਾ ਮਤਲਬ ਅਤੇ ਉਸ ਦੀ ਮਹੱਤਤਾ ਸਮਝਾ ਸਕਦੇ ਹਨ। ਇਸ ਨਾਲ ਉਹ ਸੱਚਾਈ ਨੂੰ ਲੋਕਾਂ ਦਿਆਂ ਦਿਲਾਂ ਤਕ ਪਹੁੰਚਾ ਸਕਦੇ ਹਨ।
ਜਿਵੇਂ ਅਸੀਂ ਇਸ ਲੇਖ ਦੇ ਸ਼ੁਰੂ ਵਿਚ ਦੇਖ ਚੁੱਕੇ ਹਾਂ, ਹੁਣ ਕੋਰੀਆ ਵਿਚ ਸੈਨਤ-ਭਾਸ਼ਾ ਵਿਚ ਵੱਡੇ-ਛੋਟੇ ਸੰਮੇਲਨ ਬਾਕਾਇਦਾ ਲੱਗਦੇ ਹਨ। ਇਸ ਵਿਚ ਬਹੁਤ ਕੰਮ ਸ਼ਾਮਲ ਹੁੰਦਾ ਹੈ ਤੇ ਭਰਾਵਾਂ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਇਨ੍ਹਾਂ ਸੰਮੇਲਨਾਂ ਦਾ ਖ਼ਰਚਾ ਵੀ ਕਾਫ਼ੀ ਹੁੰਦਾ ਹੈ। ਪਰ ਹਾਜ਼ਰੀਨ ਨੂੰ ਇਸ ਪ੍ਰਬੰਧ ਦੀ ਬਹੁਤ ਹੀ ਕਦਰ ਹੈ। ਸੰਮੇਲਨ ਖ਼ਤਮ ਹੋਣ ਤੇ ਕਈ ਭੈਣ-ਭਰਾ ਕਾਫ਼ੀ ਸਮੇਂ ਲਈ ਰੁਕਦੇ ਹਨ ਤਾਂਕਿ ਉਹ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣ ਸਕਣ ਅਤੇ ਸਿੱਖੀਆਂ ਗਈਆਂ ਗੱਲਾਂ ਰਾਹੀਂ ਇਕ-ਦੂਜੇ ਦਾ ਹੌਸਲਾ ਵਧਾ ਸਕਣ। ਇਹ ਸੱਚ ਹੈ ਕਿ ਬੋਲ਼ਿਆਂ ਨੂੰ ਪ੍ਰਚਾਰ ਕਰਨਾ ਸੌਖਾ ਨਹੀਂ, ਪਰ ਇਹ ਕੰਮ ਕਰਨ ਨਾਲ ਰੂਹਾਨੀ ਤੌਰ ਤੇ ਵੱਡੀਆਂ ਬਰਕਤਾਂ ਮਿਲਦੀਆਂ ਹਨ।
[ਸਫ਼ੇ 10 ਉੱਤੇ ਤਸਵੀਰ]
ਕੋਰੀਆ ਵਿਚ ਬਣਾਏ ਗਏ ਸੈਨਤ-ਭਾਸ਼ਾ ਦੇ ਵਿਡਿਓ: “ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?,” “ਆਪਣੀ ਰੂਹਾਨੀ ਵਿਰਾਸਤ ਦੀ ਕਦਰ ਕਰੋ,” “ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ” ਅਤੇ “ਯਹੋਵਾਹ ਦੇ ਅਧਿਕਾਰ ਦਾ ਆਦਰ ਕਰੋ”
[ਸਫ਼ੇ 10 ਉੱਤੇ ਤਸਵੀਰਾਂ]
ਹੇਠਾਂ ਖੱਬਿਓਂ ਸੱਜੇ: ਕੋਰੀਆ ਬ੍ਰਾਂਚ ਵਿਚ ਸੈਨਤ-ਭਾਸ਼ਾ ਦਾ ਵਿਡਿਓ ਬਣਾਇਆ ਜਾ ਰਿਹਾ; ਸੈਨਤ-ਭਾਸ਼ਾ ਵਿਚ ਥੀਓਕ੍ਰੈਟਿਕ ਸ਼ਬਦ ਤਿਆਰ ਕੀਤੇ ਜਾ ਰਹੇ; ਸੈਨਤ-ਭਾਸ਼ਾ ਦੀ ਟ੍ਰਾਂਸਲੇਸ਼ਨ ਟੀਮ; ਵਿਡਿਓ ਬਣਾਉਂਦੇ ਹੋਏ ਸੈਨਤ ਕਰਨ ਵਾਲੇ ਭਰਾ ਦੀ ਮਦਦ ਕੀਤੀ ਜਾਂਦੀ