Skip to content

Skip to table of contents

ਪੰਛੀ ਸਾਨੂੰ ਕੀ ਸਿਖਾ ਸਕਦੇ ਹਨ?

ਪੰਛੀ ਸਾਨੂੰ ਕੀ ਸਿਖਾ ਸਕਦੇ ਹਨ?

ਪੰਛੀ ਸਾਨੂੰ ਕੀ ਸਿਖਾ ਸਕਦੇ ਹਨ?

“ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। ਭਲਾ, ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?” (ਮੱਤੀ 6:26) ਯਿਸੂ ਮਸੀਹ ਨੇ ਗਲੀਲ ਦੀ ਝੀਲ ਲਾਗੇ ਇਕ ਪਹਾੜ ਉੱਤੇ ਬੈਠ ਕੇ ਉਪਦੇਸ਼ ਦਿੰਦੇ ਹੋਏ ਇਹ ਸ਼ਬਦ ਕਹੇ ਸਨ। ਉਸ ਦੇ ਸੁਣਨ ਵਾਲੇ ਉਸ ਦੇ ਚੇਲੇ ਹੀ ਨਹੀਂ ਸਨ। ਪੂਰੇ ਦੇਸ਼ ਤੋਂ ਇਕ ਵੱਡੀ ਭੀੜ ਇਕੱਠੀ ਹੋਈ ਸੀ ਅਤੇ ਇਹ ਲੋਕ ਯਿਸੂ ਦੇ ਚੇਲੇ ਬਣ ਸਕਦੇ ਸਨ। ਇਨ੍ਹਾਂ ਵਿੱਚੋਂ ਕਈ ਗ਼ਰੀਬ ਸਨ ਜਿਨ੍ਹਾਂ ਨੇ ਬੀਮਾਰ ਲੋਕਾਂ ਨੂੰ ਯਿਸੂ ਕੋਲ ਠੀਕ ਕਰਾਉਣ ਲਈ ਲਿਆਂਦਾ ਸੀ।—ਮੱਤੀ 4:23–5:2; ਲੂਕਾ 6:17-20.

ਸਾਰੇ ਰੋਗੀ ਲੋਕਾਂ ਨੂੰ ਠੀਕ ਕਰਨ ਤੋਂ ਬਾਅਦ ਯਿਸੂ ਨੇ ਸਾਰਿਆਂ ਦੀਆਂ ਰੂਹਾਨੀ ਜ਼ਰੂਰਤਾਂ ਵੱਲ ਧਿਆਨ ਦਿੱਤਾ। ਇਕ ਸਿੱਖਿਆ ਜੋ ਉਸ ਨੇ ਦਿੱਤੀ ਸੀ, ਉਹ ਇਸ ਲੇਖ ਦੇ ਸ਼ੁਰੂ ਵਿਚ ਦੱਸੀ ਗਈ ਹੈ।

ਆਕਾਸ਼ ਦੇ ਪੰਛੀ ਬਹੁਤ ਚਿਰ ਤੋਂ ਹੋਂਦ ਵਿਚ ਹਨ। ਕਈ ਪੰਛੀ ਸੁੰਡੀਆਂ ਖਾਂਦੇ ਹਨ ਅਤੇ ਦੂਸਰੇ ਫਲ ਜਾਂ ਦਾਣੇ ਖਾਂਦੇ ਹਨ। ਜੇ ਪਰਮੇਸ਼ੁਰ ਨੇ ਪੰਛੀਆਂ ਲਈ ਇੰਨੇ ਸਾਰੇ ਪ੍ਰਬੰਧ ਕੀਤੇ ਹਨ, ਤਾਂ ਕੀ ਉਹ ਆਪਣੇ ਸੇਵਕਾਂ ਲਈ ਰੋਜ਼ ਰੋਟੀ ਦਾ ਪ੍ਰਬੰਧ ਨਹੀਂ ਕਰ ਸਕਦਾ? ਉਹ ਸ਼ਾਇਦ ਉਨ੍ਹਾਂ ਨੂੰ ਨੌਕਰੀ ਲੱਭਣ ਵਿਚ ਮਦਦ ਦੇਵੇ ਤਾਂਕਿ ਉਹ ਰੋਟੀ ਕਮਾ ਸਕਣ। ਹੋ ਸਕਦਾ ਹੈ ਕਿ ਉਹ ਉਨ੍ਹਾਂ ਦੀ ਖੇਤੀ-ਬਾੜੀ ਉੱਤੇ ਆਪਣੀ ਬਰਕਤ ਪਾਵੇ ਤਾਂਕਿ ਉਨ੍ਹਾਂ ਕੋਲ ਖਾਣਾ ਹੋਵੇ। ਔਕੜ ਦੇ ਵੇਲੇ ਪਰਮੇਸ਼ੁਰ ਚੰਗੇ ਗੁਆਂਢੀਆਂ ਤੇ ਦੋਸਤਾਂ ਦੇ ਦਿਲ ਪ੍ਰੇਰ ਸਕਦਾ ਹੈ ਤਾਂਕਿ ਉਹ ਲੋੜਵੰਦਾਂ ਨਾਲ ਆਪਣੀ ਰੋਟੀ ਵੰਡਣ।

ਪੰਛੀਆਂ ਵੱਲ ਧਿਆਨ ਦੇਣ ਨਾਲ ਹੋਰ ਬਹੁਤ ਕੁਝ ਵੀ ਸਿੱਖਿਆ ਜਾ ਸਕਦਾ ਹੈ। ਪਰਮੇਸ਼ੁਰ ਨੇ ਪੰਛੀਆਂ ਨੂੰ ਬੁੱਧ ਦਿੱਤੀ ਹੈ ਜਿਸ ਨਾਲ ਉਹ ਆਪਣੇ ਆਲ੍ਹਣੇ ਬਣਾਉਂਦੇ ਹਨ ਜਿਨ੍ਹਾਂ ਵਿਚ ਉਹ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੇ ਹਨ। ਦੋ ਤਰ੍ਹਾਂ ਦੇ ਆਲ੍ਹਣਿਆਂ ਉੱਤੇ ਗੌਰ ਕਰੋ। ਖੱਬੀ ਤਸਵੀਰ ਵਿਚ ਅਫ਼ਰੀਕੀ ਰਾਕ ਮਾਰਟਿਨ ਦਾ ਆਲ੍ਹਣਾ ਹੈ। ਇਹ ਕਿਸੇ ਪੱਥਰ ਤੇ ਜਾਂ ਕਿਸੇ ਘਰ ਦੀ ਕੰਧ ਤੇ ਬਣਾਇਆ ਜਾਂਦਾ ਹੈ। ਇਨ੍ਹਾਂ ਆਲ੍ਹਣਿਆਂ ਉੱਪਰ ਛੱਤ ਵਜੋਂ ਪੱਥਰ ਹੁੰਦਾ ਹੈ ਜਾਂ ਜਿਸ ਤਰ੍ਹਾਂ ਤਸਵੀਰ ਵਿਚ ਦਿਖਾਇਆ ਗਿਆ ਹੈ ਕਿਸੇ ਇਮਾਰਤ ਦਾ ਛੱਜਾ। ਆਲ੍ਹਣੇ ਵਿਚ ਮਿੱਟੀ ਦੇ ਛੋਟੇ-ਛੋਟੇ ਗੋਲੇ ਹਨ ਜੋ ਇਕੱਠੇ ਜੁੜ ਕੇ ਪਿਆਲੇ ਦੇ ਆਕਾਰ ਵਰਗੇ ਹਨ। ਫਿਰ ਉਹ ਇਸ ਨੂੰ ਘਾਹ ਅਤੇ ਖੰਭਾਂ ਨਾਲ ਢੱਕ ਦਿੰਦੇ ਹਨ। ਨਰ ਅਤੇ ਮਾਦਾ ਮਿਲ ਕੇ ਕੰਮ ਕਰਦੇ ਹਨ ਅਤੇ ਆਪਣਾ ਆਲ੍ਹਣਾ ਬਣਾਉਣ ਵਿਚ ਸ਼ਾਇਦ ਇਕ ਮਹੀਨਾ ਲਾਉਣ। ਦੋਵੇਂ ਪੰਛੀ ਆਪਣੇ ਬੱਚਿਆਂ ਨੂੰ ਖੁਆਉਂਦੇ ਹਨ। ਹੇਠਲੀ ਤਸਵੀਰ ਵਿਚ ਨਰ ਬਈਆ ਦਾ ਆਲ੍ਹਣਾ ਹੈ। ਇਹ ਅਫ਼ਰੀਕੀ ਪੰਛੀ ਬਹੁਤ ਮਿਹਨਤੀ ਹੈ ਅਤੇ ਆਪਣਾ ਆਲ੍ਹਣਾ ਬਣਾਉਣ ਲਈ ਘਾਹ ਜਾਂ ਹੋਰ ਬੂਟਿਆਂ ਦੇ ਲੰਮੇ ਟੁਕੜੇ ਤੋੜ ਕੇ ਇਸਤੇਮਾਲ ਕਰਦਾ ਹੈ। ਇਹ ਇਕ ਦਿਨ ਵਿਚ ਆਪਣਾ ਕੰਮ ਪੂਰਾ ਕਰ ਲੈਂਦਾ ਹੈ ਅਤੇ ਇਕ ਮੌਸਮ ਦੌਰਾਨ ਸ਼ਾਇਦ 30 ਤੋਂ ਜ਼ਿਆਦਾ ਆਲ੍ਹਣੇ ਬਣਾਏ!

ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਜੇ ਪਰਮੇਸ਼ੁਰ ਪੰਛੀਆਂ ਨੂੰ ਆਲ੍ਹਣੇ ਬਣਾਉਣ ਦੀ ਅਜਿਹੀ ਕੁਸ਼ਲਤਾ ਅਤੇ ਪਦਾਰਥ ਦੇ ਸਕਦਾ ਹੈ, ਤਾਂ ਕੀ ਉਹ ਆਪਣੇ ਸੇਵਕਾਂ ਲਈ ਰਿਹਾਇਸ਼ ਦਾ ਪ੍ਰਬੰਧ ਨਹੀਂ ਕਰ ਸਕਦਾ? ਪਰ ਯਿਸੂ ਨੇ ਦਿਖਾਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਸਾਡੀ ਮਦਦ ਕਰੇ, ਤਾਂ ਸਾਨੂੰ ਕੁਝ ਹੋਰ ਕਰਨ ਦੀ ਵੀ ਲੋੜ ਹੈ। ਯਿਸੂ ਨੇ ਵਾਅਦਾ ਕੀਤਾ ਸੀ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਤੁਸੀਂ ਸ਼ਾਇਦ ਸੋਚੋ, ‘ਪਹਿਲਾਂ ਪਰਮੇਸ਼ੁਰ ਦੇ ਰਾਜ ਨੂੰ ਭਾਲਣ ਵਿਚ ਕੀ-ਕੀ ਸ਼ਾਮਲ ਹੈ?’ ਇਹ ਰਸਾਲਾ ਵੰਡਣ ਵਾਲੇ ਯਹੋਵਾਹ ਦੇ ਗਵਾਹ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਬਹੁਤ ਖ਼ੁਸ਼ ਹੋਣਗੇ।