Skip to content

Skip to table of contents

ਯਿਸੂ ਮਸੀਹ ਦੀ ਹੋਂਦ ਦਾ ਸਬੂਤ

ਯਿਸੂ ਮਸੀਹ ਦੀ ਹੋਂਦ ਦਾ ਸਬੂਤ

ਯਿਸੂ ਮਸੀਹ ਦੀ ਹੋਂਦ ਦਾ ਸਬੂਤ

ਕੀ ਤੁਸੀਂ ਮੰਨਦੇ ਹੋ ਕਿ ਐਲਬਰਟ ਆਇਨਸਟਾਈਨ ਨਾਂ ਦਾ ਵਿਗਿਆਨੀ ਕਦੇ ਇਸ ਦੁਨੀਆਂ ਵਿਚ ਰਹਿੰਦਾ ਸੀ? ਤੁਸੀਂ ਸ਼ਾਇਦ ਝੱਟ ਜਵਾਬ ਦਿਓ ਕਿ ਹਾਂ ਰਹਿੰਦਾ ਸੀ। ਪਰ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ? ਬਹੁਤ ਸਾਰੇ ਲੋਕ ਨਾ ਤਾਂ ਉਸ ਬਾਰੇ ਜਾਣਦੇ ਹਨ ਤੇ ਨਾ ਹੀ ਉਨ੍ਹਾਂ ਨੇ ਉਸ ਨੂੰ ਦੇਖਿਆ ਹੈ। ਪਰ ਉਸ ਦੀਆਂ ਪ੍ਰਾਪਤੀਆਂ ਦੀ ਭਰੋਸੇਯੋਗ ਜਾਣਕਾਰੀ ਸਾਬਤ ਕਰਦੀ ਹੈ ਕਿ ਉਹ ਹੋਂਦ ਵਿਚ ਸੀ। ਉਸ ਦੀਆਂ ਖੋਜਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਲਾਭ ਹੋਇਆ ਹੈ। ਮਿਸਾਲ ਲਈ, ਨਿਊਕਲੀ ਊਰਜਾ ਤੋਂ ਪੈਦਾ ਹੁੰਦੀ ਬਿਜਲੀ ਤੋਂ ਬਹੁਤ ਸਾਰੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। ਇਸ ਊਰਜਾ ਦਾ ਸੰਬੰਧ ਆਇਨਸਟਾਈਨ ਦੀ ਇਸ ਪ੍ਰਸਿੱਧ ਥਿਊਰੀ ਨਾਲ ਹੈ— E=mc2 [ਊਰਜਾ = ਪੁੰਜ × (ਰੌਸ਼ਨੀ ਦੀ ਰਫ਼ਤਾਰ)2].

ਇਹੀ ਸਿਧਾਂਤ ਯਿਸੂ ਮਸੀਹ ਉੱਤੇ ਲਾਗੂ ਹੁੰਦਾ ਹੈ ਜੋ ਇਤਿਹਾਸ ਵਿਚ ਸਭ ਤੋਂ ਪ੍ਰਭਾਵਸ਼ਾਲੀ ਇਨਸਾਨ ਮੰਨਿਆ ਜਾਂਦਾ ਹੈ। ਉਸ ਦੀ ਜ਼ਿੰਦਗੀ ਬਾਰੇ ਲਿਖੀ ਗਈ ਜਾਣਕਾਰੀ ਅਤੇ ਲੋਕਾਂ ਉੱਤੇ ਪਏ ਉਸ ਦੇ ਪ੍ਰਭਾਵ ਤੋਂ ਠੋਸ ਸਬੂਤ ਮਿਲਦਾ ਹੈ ਕਿ ਉਹ ਅਸਲੀ ਵਿਅਕਤੀ ਸੀ। ਹਾਲਾਂਕਿ ਪਿਛਲੇ ਲੇਖ ਵਿਚ ਜ਼ਿਕਰ ਕੀਤਾ ਯਾਕੂਬ ਦਾ ਅਸਥੀ-ਪਾਤਰ ਯਿਸੂ ਦੀ ਹੋਂਦ ਬਾਰੇ ਉਤਸੁਕਤਾ ਪੈਦਾ ਕਰਦਾ ਹੈ, ਪਰ ਯਿਸੂ ਦੀ ਹੋਂਦ ਦਾ ਸਬੂਤ ਇਸ ਬਕਸੇ ਜਾਂ ਕਿਸੇ ਹੋਰ ਲੱਭਤ ਉੱਤੇ ਨਿਰਭਰ ਨਹੀਂ ਕਰਦਾ। ਇਤਿਹਾਸਕਾਰਾਂ ਨੇ ਯਿਸੂ ਅਤੇ ਉਸ ਦੇ ਚੇਲਿਆਂ ਬਾਰੇ ਜੋ ਕੁਝ ਲਿਖਿਆ ਹੈ, ਉਸ ਤੋਂ ਸਾਨੂੰ ਉਸ ਦੀ ਹੋਂਦ ਦਾ ਸਬੂਤ ਮਿਲ ਸਕਦਾ ਹੈ।

ਇਤਿਹਾਸਕਾਰਾਂ ਦੀ ਗਵਾਹੀ

ਮਿਸਾਲ ਲਈ, ਪਹਿਲੀ ਸਦੀ ਦੇ ਯਹੂਦੀ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਦੇ ਸਬੂਤ ਉੱਤੇ ਗੌਰ ਕਰੋ ਜੋ ਇਕ ਫ਼ਰੀਸੀ ਸੀ। ਉਸ ਨੇ ਆਪਣੀ ਕਿਤਾਬ ਯਹੂਦੀ ਪੁਰਾਤਨ ਸਭਿਆਚਾਰ (ਅੰਗ੍ਰੇਜ਼ੀ) ਵਿਚ ਯਿਸੂ ਬਾਰੇ ਲਿਖਿਆ ਸੀ। ਯੇਸ਼ੀਵਾ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਲੂਈਸ ਐੱਚ. ਫੈੱਲਡਮਨ ਕਹਿੰਦਾ ਹੈ ਕਿ ਜਦੋਂ ਜੋਸੀਫ਼ਸ ਨੇ ਪਹਿਲੀ ਵਾਰ ਯਿਸੂ ਦਾ ਮਸੀਹਾ ਦੇ ਤੌਰ ਤੇ ਜ਼ਿਕਰ ਕੀਤਾ, ਤਾਂ ਕੁਝ ਲੋਕਾਂ ਨੇ ਇਸ ਨੂੰ ਸੱਚ ਨਹੀਂ ਮੰਨਿਆ। ਪਰ ਜਦੋਂ ਦੂਜੀ ਵਾਰ ਉਸ ਨੇ ਯਿਸੂ ਨੂੰ ਮਸੀਹਾ ਕਿਹਾ, ਤਾਂ ਉਨ੍ਹਾਂ ਨੇ ਇਸ ਸੱਚਾਈ ਤੇ ਸ਼ੱਕ ਨਹੀਂ ਕੀਤਾ। ਉੱਥੇ ਜੋਸੀਫ਼ਸ ਨੇ ਕਿਹਾ: “(ਪ੍ਰਧਾਨ ਜਾਜਕ ਆਨਾਨਸ) ਨੇ ਮਹਾਸਭਾ ਦੇ ਨਿਆਈਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਸਾਮ੍ਹਣੇ ਯਾਕੂਬ ਨਾਂ ਦੇ ਆਦਮੀ ਨੂੰ ਲਿਆਂਦਾ ਗਿਆ ਜੋ ਯਿਸੂ ਦਾ ਭਰਾ ਸੀ। ਯਿਸੂ ਨੂੰ ਮਸੀਹ ਕਿਹਾ ਜਾਂਦਾ ਸੀ।” (ਯਹੂਦੀ ਪੁਰਾਤਨ ਸਭਿਆਚਾਰ, xx, 200) ਜੀ ਹਾਂ, ਇਸ ਫ਼ਰੀਸੀ ਨੇ ਵੀ ਮੰਨਿਆ ਕਿ ‘ਯਿਸੂ ਦਾ ਭਰਾ ਯਾਕੂਬ’ ਅਸਲ ਵਿਚ ਸੀ। ਇਹ ਫ਼ਰੀਸੀ ਯਹੂਦੀ ਮਤ ਦਾ ਮੈਂਬਰ ਸੀ ਤੇ ਇਸ ਮਤ ਦੇ ਬਹੁਤ ਸਾਰੇ ਲੋਕ ਯਿਸੂ ਦੇ ਪੱਕੇ ਦੁਸ਼ਮਣ ਸਨ।

ਯਿਸੂ ਦੀ ਹੋਂਦ ਦਾ ਅਸਰ ਉਸ ਦੇ ਚੇਲਿਆਂ ਦੇ ਕੰਮਾਂ ਤੋਂ ਵੀ ਜ਼ਾਹਰ ਹੁੰਦਾ ਹੈ। ਜਦੋਂ ਪੌਲੁਸ ਰਸੂਲ 59 ਸਾ.ਯੁ. ਵਿਚ ਰੋਮ ਵਿਚ ਕੈਦੀ ਸੀ, ਤਾਂ ਯਹੂਦੀਆਂ ਦੇ ਵੱਡੇ ਆਦਮੀਆਂ ਨੇ ਉਸ ਨੂੰ ਕਿਹਾ: “ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।” (ਰਸੂਲਾਂ ਦੇ ਕਰਤੱਬ 28:17-22) ਉਨ੍ਹਾਂ ਨੇ ਯਿਸੂ ਦੇ ਚੇਲਿਆਂ ਨੂੰ “ਪੰਥ” ਕਿਹਾ ਸੀ। ਜੇ ਇਨ੍ਹਾਂ ਚੇਲਿਆਂ ਨੂੰ ਹਰ ਥਾਂ ਬੁਰਾ-ਭਲਾ ਕਿਹਾ ਜਾਂਦਾ ਸੀ, ਤਾਂ ਇਸ ਬਾਰੇ ਇਤਿਹਾਸਕਾਰਾਂ ਨੇ ਜ਼ਰੂਰ ਲਿਖਣਾ ਸੀ।

ਟੈਸੀਟਸ 55 ਸਾ.ਯੁ. ਵਿਚ ਪੈਦਾ ਹੋਇਆ ਸੀ ਜਿਸ ਨੂੰ ਦੁਨੀਆਂ ਦਾ ਇਕ ਮਹਾਨ ਇਤਿਹਾਸਕਾਰ ਮੰਨਿਆ ਜਾਂਦਾ ਹੈ। ਉਸ ਨੇ ਵੀ ਆਪਣੀ ਕਿਤਾਬ ਵਿਚ ਮਸੀਹੀਆਂ ਦਾ ਵਰਣਨ ਕੀਤਾ ਸੀ। ਹਾਕਮ ਨੀਰੋ ਨੇ ਰੋਮ ਵਿਚ 64 ਸਾ.ਯੁ. ਵਿਚ ਲੱਗੀ ਅੱਗ ਦਾ ਦੋਸ਼ ਮਸੀਹੀਆਂ ਉੱਤੇ ਲਾਇਆ ਸੀ ਜਿਸ ਬਾਰੇ ਟੈਸੀਟਸ ਨੇ ਲਿਖਿਆ: ‘ਨੀਰੋ ਨੇ ਮਸੀਹੀਆਂ ਉੱਤੇ ਦੋਸ਼ ਮੜ੍ਹ ਕੇ ਉਨ੍ਹਾਂ ਨੂੰ ਸਖ਼ਤ ਤਸੀਹੇ ਦਿੱਤੇ ਜਿਨ੍ਹਾਂ ਨਾਲ ਉਨ੍ਹਾਂ ਦੇ ਕੰਮਾਂ ਕਰਕੇ ਨਫ਼ਰਤ ਕੀਤੀ ਜਾਂਦੀ ਸੀ। ਟਾਈਬੀਰੀਅਸ ਦੇ ਸ਼ਾਸਨ ਦੌਰਾਨ ਸਾਡੇ ਇਕ ਹਾਕਮ ਪੁੰਤਿਯੁਸ ਪਿਲਾਤੁਸ ਨੇ ਮਸੀਹੀ ਧਰਮ ਦੇ ਮੋਢੀ ਖ੍ਰਿਸਤੁਸ ਨੂੰ ਮੌਤ ਦੀ ਸਜ਼ਾ ਦਿੱਤੀ ਸੀ।’ ਇਸ ਜਾਣਕਾਰੀ ਦੀਆਂ ਕੁਝ ਗੱਲਾਂ ਬਾਈਬਲ ਵਿਚ ਯਿਸੂ ਬਾਰੇ ਦਿੱਤੀ ਜਾਣਕਾਰੀ ਨਾਲ ਮਿਲਦੀਆਂ-ਜੁਲਦੀਆਂ ਹਨ।

ਯਿਸੂ ਦੇ ਚੇਲਿਆਂ ਬਾਰੇ ਲਿਖਣ ਵਾਲਾ ਇਕ ਹੋਰ ਲੇਖਕ ਸੀ ਪਲੀਨੀ ਛੋਟਾ। ਉਹ ਬਿਥੁਨਿਯਾ ਦਾ ਗਵਰਨਰ ਸੀ। ਤਕਰੀਬਨ 111 ਸਾ.ਯੁ. ਵਿਚ ਪਲੀਨੀ ਨੇ ਸਮਰਾਟ ਟ੍ਰੇਜਨ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਮਸੀਹੀਆਂ ਨਾਲ ਕਿਵੇਂ ਸਿੱਝਿਆ ਜਾਵੇ। ਪਲੀਨੀ ਨੇ ਲਿਖਿਆ ਕਿ ਜਿਨ੍ਹਾਂ ਲੋਕਾਂ ਉੱਤੇ ਮਸੀਹੀ ਹੋਣ ਦਾ ਝੂਠਾ ਦੋਸ਼ ਲਾਇਆ ਜਾਂਦਾ ਸੀ, ਉਹ ਲੋਕ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਦੇਵੀ-ਦੇਵਤਿਆਂ ਨੂੰ ਬੇਨਤੀਆਂ ਕਰਦੇ ਸਨ ਅਤੇ ਟ੍ਰੇਜਨ ਦੇ ਬੁੱਤ ਨੂੰ ਪੂਜਦੇ ਸਨ। ਪਲੀਨੀ ਨੇ ਅੱਗੇ ਕਿਹਾ: “ਉਨ੍ਹਾਂ ਲੋਕਾਂ ਨੂੰ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਜਿਹੜੇ ਸੱਚ-ਮੁੱਚ ਮਸੀਹੀ ਹਨ ਕਿਉਂਕਿ ਉਹ ਆਪਣੀ ਨਿਹਚਾ ਤੇ ਡਟੇ ਰਹਿੰਦੇ ਹਨ।” ਇਹ ਗੱਲਾਂ ਸਾਬਤ ਕਰਦੀਆਂ ਹਨ ਕਿ ਯਿਸੂ ਹੋਂਦ ਵਿਚ ਸੀ ਜਿਸ ਦੇ ਚੇਲੇ ਉਸ ਵਿਚ ਆਪਣੀ ਨਿਹਚਾ ਦੀ ਖ਼ਾਤਰ ਜਾਨ ਦੇਣ ਲਈ ਤਿਆਰ ਰਹਿੰਦੇ ਸਨ।

ਪਹਿਲੀਆਂ ਦੋ ਸਦੀਆਂ ਦੇ ਇਤਿਹਾਸਕਾਰਾਂ ਦੁਆਰਾ ਯਿਸੂ ਅਤੇ ਉਸ ਦੇ ਚੇਲਿਆਂ ਬਾਰੇ ਦਿੱਤੇ ਬਿਰਤਾਂਤਾਂ ਦਾ ਸਾਰ ਦੱਸਣ ਤੋਂ ਬਾਅਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ (2002) ਕਹਿੰਦਾ ਹੈ: “ਇਨ੍ਹਾਂ ਵੱਖਰੇ-ਵੱਖਰੇ ਬਿਰਤਾਂਤਾਂ ਤੋਂ ਜ਼ਾਹਰ ਹੁੰਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਮਸੀਹੀਅਤ ਦੇ ਵਿਰੋਧੀ ਵੀ ਯਿਸੂ ਦੀ ਅਸਲੀਅਤ ਉੱਤੇ ਸ਼ੱਕ ਨਹੀਂ ਕਰਦੇ ਸਨ। ਇਸ ਉੱਤੇ ਪਹਿਲੀ ਵਾਰ 18ਵੀਂ ਸਦੀ ਦੇ ਅੰਤ ਵਿਚ, 19ਵੀਂ ਸਦੀ ਦੌਰਾਨ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਵਾਦ-ਵਿਵਾਦ ਸ਼ੁਰੂ ਹੋਇਆ ਜਿਸ ਦੀ ਕੋਈ ਵਜ੍ਹਾ ਵੀ ਨਹੀਂ ਸੀ।”

ਯਿਸੂ ਦੇ ਚੇਲਿਆਂ ਦੀ ਗਵਾਹੀ

ਦ ਐਨਸਾਈਕਲੋਪੀਡੀਆ ਅਮੈਰੀਕਾਨਾ ਕਹਿੰਦਾ ਹੈ: “ਨਿਊ ਟੈਸਟਾਮੈਂਟ ਵਿਚ ਦੱਸਿਆ ਗਿਆ ਹੈ ਕਿ ਯਿਸੂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ, ਉਸ ਨੇ ਕੀ ਕੀਤਾ ਸੀ ਅਤੇ ਪਹਿਲੀ ਸਦੀ ਦੇ ਮਸੀਹੀਆਂ ਦੀ ਨਜ਼ਰ ਵਿਚ ਉਸ ਦੀ ਕੀ ਅਹਿਮੀਅਤ ਸੀ।” ਆਲੋਚਕ ਸ਼ਾਇਦ ਬਾਈਬਲ ਨੂੰ ਯਿਸੂ ਦੀ ਹੋਂਦ ਦੇ ਸਬੂਤ ਦੇ ਤੌਰ ਤੇ ਸਵੀਕਾਰ ਨਾ ਕਰਨ। ਪਰ ਬਾਈਬਲ ਦੇ ਆਧਾਰ ਤੇ ਦੋ ਦਲੀਲਾਂ ਖ਼ਾਸਕਰ ਇਹ ਸਾਬਤ ਕਰਨ ਵਿਚ ਸਾਡੀ ਮਦਦ ਕਰਦੀਆਂ ਹਨ ਕਿ ਯਿਸੂ ਸੱਚ-ਮੁੱਚ ਧਰਤੀ ਤੇ ਆਇਆ ਸੀ।

ਜਿਵੇਂ ਅਸੀਂ ਦੇਖਿਆ ਸੀ ਕਿ ਆਇਨਸਟਾਈਨ ਦੀਆਂ ਮਹਾਨ ਥਿਊਰੀਆਂ ਸਾਬਤ ਕਰਦੀਆਂ ਹਨ ਕਿ ਉਹ ਇਸ ਦੁਨੀਆਂ ਵਿਚ ਆਇਆ ਸੀ। ਇਸੇ ਤਰ੍ਹਾਂ, ਯਿਸੂ ਦੀਆਂ ਸਿੱਖਿਆਵਾਂ ਉਸ ਦੀ ਹੋਂਦ ਦਾ ਸਬੂਤ ਦਿੰਦੀਆਂ ਹਨ। ਉਦਾਹਰਣ ਲਈ ਜ਼ਰਾ ਯਿਸੂ ਦੇ ਪ੍ਰਸਿੱਧ ਪਹਾੜੀ ਉਪਦੇਸ਼ ਉੱਤੇ ਗੌਰ ਕਰੋ। (ਮੱਤੀ, ਅਧਿਆਇ 5-7) ਇਸ ਉਪਦੇਸ਼ ਦੇ ਪ੍ਰਭਾਵ ਬਾਰੇ ਮੱਤੀ ਰਸੂਲ ਨੇ ਲਿਖਿਆ: ‘ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ। ਕਿਉਂ ਜੋ ਉਹ ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ।’ (ਮੱਤੀ 7:28, 29) ਸਦੀਆਂ ਤੋਂ ਲੋਕਾਂ ਉੱਤੇ ਪਏ ਇਸ ਉਪਦੇਸ਼ ਦੇ ਪ੍ਰਭਾਵ ਬਾਰੇ ਪ੍ਰੋਫ਼ੈਸਰ ਹਾਂਸ ਡੀਟਰ ਬੈੱਟਸ ਨੇ ਕਿਹਾ: “ਪਹਾੜੀ ਉਪਦੇਸ਼ ਦਾ ਪ੍ਰਭਾਵ ਸਿਰਫ਼ ਯਹੂਦੀਆਂ, ਮਸੀਹੀਆਂ ਅਤੇ ਪੱਛਮੀ ਲੋਕਾਂ ਉੱਤੇ ਹੀ ਨਹੀਂ ਪਿਆ ਹੈ।” ਉਸ ਨੇ ਅੱਗੋਂ ਕਿਹਾ ਕਿ ਇਹ ਉਪਦੇਸ਼ “ਦੁਨੀਆਂ ਭਰ ਦੇ ਸਾਰੇ ਲੋਕਾਂ ਲਈ ਹੈ।”

ਇਸ ਪਹਾੜੀ ਉਪਦੇਸ਼ ਵਿਚ ਪਾਈਆਂ ਜਾਂਦੀਆਂ ਵਧੀਆ ਸਿੱਖਿਆਵਾਂ ਉੱਤੇ ਗੌਰ ਕਰੋ: “ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤੂੰ ਦੂਈ ਵੀ ਉਹ ਦੀ ਵੱਲ ਭੁਆ ਦਿਹ।” “ਤੁਸੀਂ ਆਪਣੇ ਧਰਮ ਦੇ ਕੰਮ ਮਨੁੱਖਾਂ ਦੇ ਸਾਹਮਣੇ ਉਨ੍ਹਾਂ ਨੂੰ ਵਿਖਾਉਣ ਲਈ ਨਾ ਕਰੋ।” “ਭਲਕ ਦੇ ਲਈ ਚਿੰਤਾ ਨਾ ਕਰੋ ਕਿਉਂ ਜੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ।” “ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ।” “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ।” “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” “ਭੀੜੇ ਫਾਟਕ ਤੋਂ ਵੜੋ।” “ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।” ‘ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਹੈ।’—ਮੱਤੀ 5:39; 6:1, 34; 7:6, 7, 12, 13, 16, 17.

ਤੁਸੀਂ ਸ਼ਾਇਦ ਇਨ੍ਹਾਂ ਸਿੱਖਿਆਵਾਂ ਨੂੰ ਸੁਣਿਆ ਹੋਵੇਗਾ। ਇਹ ਸ਼ਾਇਦ ਤੁਹਾਡੀ ਭਾਸ਼ਾ ਵਿਚ ਕਹਾਵਤਾਂ ਬਣ ਗਈਆਂ ਹੋਣ। ਇਹ ਸਾਰੀਆਂ ਕਹਾਵਤਾਂ ਪਹਾੜੀ ਉਪਦੇਸ਼ ਵਿੱਚੋਂ ਲਈਆਂ ਗਈਆਂ ਹਨ। ਇਸ ਉਪਦੇਸ਼ ਨੇ ਬਹੁਤ ਸਾਰੇ ਲੋਕਾਂ ਅਤੇ ਸਭਿਆਚਾਰਾਂ ਉੱਤੇ ਜੋ ਅਸਰ ਪਾਇਆ ਹੈ, ਇਸ ਤੋਂ ਪੱਕਾ ਸਬੂਤ ਮਿਲਦਾ ਹੈ ਕਿ “ਮਹਾਨ ਸਿੱਖਿਅਕ” ਯਿਸੂ ਮਸੀਹ ਇਸ ਧਰਤੀ ਉੱਤੇ ਆਇਆ ਸੀ।

ਮੰਨ ਲਓ ਕਿ ਕਿਸੇ ਨੇ ਯਿਸੂ ਮਸੀਹ ਨਾਂ ਦੇ ਬੰਦੇ ਦੀ ਝੂਠੀ-ਮੂਠੀ ਕਹਾਣੀ ਘੜੀ ਹੈ। ਉਹ ਵਿਅਕਤੀ ਐਨਾ ਚਲਾਕ ਹੈ ਕਿ ਉਸ ਨੇ ਝੂਠੀਆਂ-ਮੂਠੀਆਂ ਸਿੱਖਿਆਵਾਂ ਘੜ ਕੇ ਕਿਹਾ ਕਿ ਇਹ ਬਾਈਬਲ ਵਿਚ ਜ਼ਿਕਰ ਕੀਤੇ ਗਏ ਯਿਸੂ ਦੀਆਂ ਸਿੱਖਿਆਵਾਂ ਹਨ। ਕੀ ਉਹ ਵਿਅਕਤੀ ਇਹ ਨਹੀਂ ਚਾਹੇਗਾ ਕਿ ਲੋਕ ਉਸ ਵੱਲੋਂ ਘੜੇ ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਸੰਦ ਕਰਨ? ਪਰ ਪੌਲੁਸ ਰਸੂਲ ਨੇ ਕਿਹਾ: “ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਭਾਲਦੇ ਹਨ। ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪਰਚਾਰ ਕਰਦੇ ਹਾਂ। ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲੇਖੇ ਮੂਰਖਤਾਈ ਹੈ।” (1 ਕੁਰਿੰਥੀਆਂ 1:22, 23) ਸਲੀਬ ਉੱਤੇ ਚੜ੍ਹਾਏ ਗਏ ਮਸੀਹ ਦਾ ਸੰਦੇਸ਼ ਨਾ ਤਾਂ ਯਹੂਦੀਆਂ ਨੂੰ ਚੰਗਾ ਲੱਗਦਾ ਸੀ ਤੇ ਨਾ ਹੀ ਹੋਰਨਾਂ ਕੌਮਾਂ ਦੇ ਲੋਕਾਂ ਨੂੰ। ਪਰ ਇਹ ਉਹੀ ਮਸੀਹ ਸੀ ਜਿਸ ਬਾਰੇ ਪਹਿਲੀ ਸਦੀ ਦੇ ਮਸੀਹੀਆਂ ਨੇ ਪ੍ਰਚਾਰ ਕੀਤਾ ਸੀ। ਪਰ ਉਹ ਮਸੀਹ ਦਾ ਪ੍ਰਚਾਰ ਕਰਦੇ ਵੇਲੇ ਉਸ ਨੂੰ ਸਲੀਬ ਉੱਤੇ ਚੜ੍ਹਾਏ ਜਾਣ ਦਾ ਜ਼ਿਕਰ ਕਿਉਂ ਕਰਦੇ ਸਨ? ਕਿਉਂਕਿ ਬਾਈਬਲ ਦੇ ਯੂਨਾਨੀ ਹਿੱਸੇ ਦੇ ਲਿਖਾਰੀਆਂ ਨੇ ਯਿਸੂ ਦੀ ਜ਼ਿੰਦਗੀ ਅਤੇ ਮੌਤ ਬਾਰੇ ਸੱਚਾਈ ਲਿਖੀ ਸੀ।

ਯਿਸੂ ਦੀ ਹੋਂਦ ਦੀ ਪੁਸ਼ਟੀ ਕਰਨ ਵਾਲੀ ਦੂਜੀ ਦਲੀਲ ਹੈ ਉਸ ਦੇ ਚੇਲਿਆਂ ਦੁਆਰਾ ਜ਼ੋਰ-ਸ਼ੋਰ ਨਾਲ ਕੀਤਾ ਜਾਂਦਾ ਉਸ ਦੀਆਂ ਸਿੱਖਿਆਵਾਂ ਦਾ ਪ੍ਰਚਾਰ। ਯਿਸੂ ਦੁਆਰਾ ਪ੍ਰਚਾਰ ਦਾ ਕੰਮ ਸ਼ੁਰੂ ਕਰਨ ਤੋਂ ਤਕਰੀਬਨ 30 ਸਾਲਾਂ ਬਾਅਦ ਪੌਲੁਸ ਕਹਿ ਸਕਿਆ ਕਿ ਖ਼ੁਸ਼ ਖ਼ਬਰੀ ਦਾ “ਪਰਚਾਰ ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ ਕੀਤਾ ਗਿਆ” ਸੀ। (ਕੁਲੁੱਸੀਆਂ 1:23) ਸਤਾਹਟਾਂ ਦੇ ਬਾਵਜੂਦ, ਯਿਸੂ ਦੀਆਂ ਸਿੱਖਿਆਵਾਂ ਉਸ ਵੇਲੇ ਦੀ ਸਾਰੀ ਦੁਨੀਆਂ ਵਿਚ ਫੈਲ ਚੁੱਕੀਆਂ ਸਨ। ਪੌਲੁਸ ਨੇ ਵੀ ਮਸੀਹੀ ਹੋਣ ਕਰਕੇ ਸਤਾਹਟਾਂ ਸਹੀਆਂ ਸਨ। ਉਸ ਨੇ ਲਿਖਿਆ: “ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪਰਚਾਰ ਥੋਥਾ ਹੈ ਅਤੇ ਤੁਹਾਡੀ ਨਿਹਚਾ ਥੋਥੀ ਹੈ।” (1 ਕੁਰਿੰਥੀਆਂ 15:12-17) ਜੇ ਮਸੀਹ ਦੇ ਦੁਬਾਰਾ ਜੀ ਉੱਠਣ ਬਾਰੇ ਪ੍ਰਚਾਰ ਕਰਨਾ ਵਿਅਰਥ ਸੀ, ਤਾਂ ਉਸ ਮਸੀਹ ਬਾਰੇ ਪ੍ਰਚਾਰ ਕਰਨਾ ਹੋਰ ਵੀ ਮੂਰਖਤਾ ਦੀ ਗੱਲ ਹੋਵੇਗੀ ਜੋ ਕਦੇ ਪੈਦਾ ਹੀ ਨਹੀਂ ਹੋਇਆ ਸੀ। ਪਲੀਨੀ ਦੀ ਟਿੱਪਣੀ ਵਿਚ ਅਸੀਂ ਪੜ੍ਹਿਆ ਸੀ ਕਿ ਪਹਿਲੀ ਸਦੀ ਦੇ ਮਸੀਹੀ, ਯਿਸੂ ਮਸੀਹ ਵਿਚ ਆਪਣੀ ਨਿਹਚਾ ਖ਼ਾਤਰ ਮਰਨ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਨੇ ਮਸੀਹ ਲਈ ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ ਕਿਉਂਕਿ ਉਹ ਅਸਲੀ ਵਿਅਕਤੀ ਸੀ; ਉਹ ਧਰਤੀ ਉੱਤੇ ਆਇਆ ਸੀ ਜਿਸ ਬਾਰੇ ਇੰਜੀਲਾਂ ਵਿਚ ਦੱਸਿਆ ਗਿਆ ਹੈ।

ਤੁਸੀਂ ਸਬੂਤ ਦੇਖ ਲਿਆ ਹੈ

ਪ੍ਰਚਾਰ ਕਰਨ ਤੋਂ ਪਹਿਲਾਂ ਮਸੀਹੀਆਂ ਲਈ ਇਹ ਨਿਹਚਾ ਕਰਨੀ ਜ਼ਰੂਰੀ ਸੀ ਕਿ ਯਿਸੂ ਮਸੀਹ ਮੁਰਦਿਆਂ ਵਿੱਚੋਂ ਦੁਬਾਰਾ ਜੀ ਉਠਾਇਆ ਗਿਆ ਸੀ। ਤੁਸੀਂ ਵੀ ਅੱਜ ਦੁਬਾਰਾ ਜੀ ਉੱਠੇ ਯਿਸੂ ਦੇ ਪ੍ਰਭਾਵ ਨੂੰ ਮਹਿਸੂਸ ਕਰ ਕੇ ਆਪਣੇ ਮਨ ਦੀਆਂ ਅੱਖਾਂ ਨਾਲ ਉਸ ਨੂੰ ਦੇਖ ਸਕਦੇ ਹੋ।

ਸੂਲੀ ਤੇ ਚੜ੍ਹਾਏ ਜਾਣ ਤੋਂ ਕੁਝ ਦਿਨ ਪਹਿਲਾਂ, ਯਿਸੂ ਨੇ ਭਵਿੱਖ ਵਿਚ ਆਪਣੀ ਮੌਜੂਦਗੀ ਬਾਰੇ ਦੱਸਿਆ ਸੀ। ਉਸ ਨੇ ਇਸ ਗੱਲ ਦਾ ਸੰਕੇਤ ਵੀ ਦਿੱਤਾ ਕਿ ਉਹ ਦੁਬਾਰਾ ਜੀ ਉੱਠੇਗਾ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਬੈਠ ਕੇ ਉਸ ਸਮੇਂ ਦੀ ਉਡੀਕ ਕਰੇਗਾ ਜਦੋਂ ਉਹ ਆਪਣੇ ਦੁਸ਼ਮਣਾਂ ਵਿਰੁੱਧ ਕਾਰਵਾਈ ਕਰੇਗਾ। (ਜ਼ਬੂਰਾਂ ਦੀ ਪੋਥੀ 110:1; ਯੂਹੰਨਾ 6:62; ਰਸੂਲਾਂ ਦੇ ਕਰਤੱਬ 2:34, 35; ਰੋਮੀਆਂ 8:34) ਸਮਾਂ ਆਉਣ ਤੇ ਉਸ ਨੇ ਸ਼ਤਾਨ ਅਤੇ ਉਸ ਦੇ ਸਾਥੀ ਦੂਤਾਂ ਨੂੰ ਸਵਰਗ ਵਿੱਚੋਂ ਕੱਢ ਦੇਣਾ ਸੀ।—ਪਰਕਾਸ਼ ਦੀ ਪੋਥੀ 12:7-9.

ਇਹ ਸਭ ਕਦੋਂ ਹੋਣਾ ਸੀ? ਯਿਸੂ ਨੇ ਆਪਣੇ ਚੇਲਿਆਂ ਨੂੰ ‘ਆਪਣੇ ਆਉਣ ਅਰ ਜੁਗ ਦੇ ਅੰਤ ਦਾ ਲੱਛਣ’ ਦੱਸਿਆ ਸੀ। ਭਾਵੇਂ ਕਿ ਅਸੀਂ ਸਵਰਗ ਵਿਚ ਰਾਜੇ ਵਜੋਂ ਯਿਸੂ ਦੀ ਮੌਜੂਦਗੀ ਨਹੀਂ ਦੇਖ ਸਕਦੇ, ਪਰ ਅਸੀਂ ਧਰਤੀ ਉੱਤੇ ਉਸ ਦੀ ਮੌਜੂਦਗੀ ਦੇ ਲੱਛਣ ਜ਼ਰੂਰ ਦੇਖ ਸਕਦੇ ਹਾਂ। ਇਹ ਲੱਛਣ ਕੀ ਹੈ? ਇਸ ਵਿਚ ਵੱਡੀਆਂ-ਵੱਡੀਆਂ ਲੜਾਈਆਂ, ਕਾਲ, ਭੁਚਾਲ, ਝੂਠੇ ਨਬੀਆਂ ਦਾ ਉੱਠਣਾ, ਕੁਧਰਮ ਦਾ ਵਾਧਾ ਅਤੇ ਮਰੀਆਂ ਸ਼ਾਮਲ ਹਨ। ਅਜਿਹੀਆਂ ਤਬਾਹੀ ਮਚਾਉਣ ਵਾਲੀਆਂ ਘਟਨਾਵਾਂ ਤਾਂ ਹੋਣੀਆਂ ਹੀ ਸਨ ਕਿਉਂਕਿ ਸ਼ਤਾਨ ਨੂੰ ਸਵਰਗ ਵਿੱਚੋਂ ਕੱਢਣ ਦਾ ਮਤਲਬ ਸੀ ‘ਧਰਤੀ ਨੂੰ ਹਾਇ! ਹਾਇ!’ ਸ਼ਤਾਨ ਹੁਣ ਧਰਤੀ ਉੱਤੇ ਆ ਗਿਆ ਹੈ ਤੇ “ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” ਇਸ ਤੋਂ ਇਲਾਵਾ, ਲੱਛਣ ਵਿਚ “ਸਭ ਕੌਮਾਂ ਉੱਤੇ ਸਾਖੀ” ਹੋਣ ਲਈ “ਸਾਰੀ ਦੁਨੀਆਂ ਵਿੱਚ” ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਣਾ ਵੀ ਸ਼ਾਮਲ ਹੈ।—ਮੱਤੀ 24:3-14; ਪਰਕਾਸ਼ ਦੀ ਪੋਥੀ 12:12; ਲੂਕਾ 21:7-19.

ਯਿਸੂ ਦੀ ਇਕ-ਇਕ ਗੱਲ ਪੂਰੀ ਹੋਈ ਹੈ। ਸੰਨ 1914 ਵਿਚ ਹੋਏ ਪਹਿਲੇ ਵਿਸ਼ਵ-ਯੁੱਧ ਤੋਂ ਲੈ ਕੇ ਹੁਣ ਤਕ ਹੋਈਆਂ ਘਟਨਾਵਾਂ ਤੋਂ ਅਸੀਂ ਸਵਰਗ ਵਿਚ ਰਾਜੇ ਵਜੋਂ ਯਿਸੂ ਮਸੀਹ ਦੀ ਮੌਜੂਦਗੀ ਦਾ ਵੱਡਾ ਸਬੂਤ ਦੇਖਿਆ ਹੈ। ਉਹ ਹੁਣ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ ਅਤੇ ਉਸ ਕੋਲ ਪੂਰਾ ਇਖ਼ਤਿਆਰ ਹੈ। ਤੁਹਾਡੇ ਹੱਥ ਵਿਚ ਇਹ ਰਸਾਲਾ ਇਸ ਗੱਲ ਦਾ ਸਬੂਤ ਹੈ ਕਿ ਅੱਜ ਰਾਜ ਦੇ ਪ੍ਰਚਾਰ ਦਾ ਕੰਮ ਹੋ ਰਿਹਾ ਹੈ।

ਯਿਸੂ ਦੀ ਹੋਂਦ ਬਾਰੇ ਹੋਰ ਜਾਣਕਾਰੀ ਲਈ ਤੁਹਾਨੂੰ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ। ਕਿਉਂ ਨਾ ਯਹੋਵਾਹ ਦੇ ਗਵਾਹਾਂ ਤੋਂ ਯਿਸੂ ਦੀ ਮੌਜੂਦਗੀ ਬਾਰੇ ਤੁਸੀਂ ਹੋਰ ਪੁੱਛੋ?

[ਸਫ਼ੇ 5 ਉੱਤੇ ਤਸਵੀਰ]

ਜੋਸੀਫ਼ਸ, ਟੈਸੀਟਸ ਅਤੇ ਪਲੀਨੀ ਛੋਟੇ ਨੇ ਯਿਸੂ ਮਸੀਹ ਅਤੇ ਉਸ ਦੇ ਚੇਲਿਆਂ ਬਾਰੇ ਜਾਣਕਾਰੀ ਦਿੱਤੀ ਸੀ

[ਕ੍ਰੈਡਿਟ ਲਾਈਨ]

ਦੋਵੇਂ ਚਿੱਤਰ ਤੇ ਮੂਰਤੀ: © Bettmann/CORBIS

[ਸਫ਼ੇ 7 ਉੱਤੇ ਤਸਵੀਰ]

ਪਹਿਲੀ ਸਦੀ ਦੇ ਮਸੀਹੀਆਂ ਨੂੰ ਪੱਕਾ ਯਕੀਨ ਸੀ ਕਿ ਯਿਸੂ ਅਸਲ ਵਿਚ ਸੀ