Skip to content

Skip to table of contents

ਸਾਰਿਆਂ ਵਿਚ ਚੰਗਿਆਈ ਦੇਖੋ

ਸਾਰਿਆਂ ਵਿਚ ਚੰਗਿਆਈ ਦੇਖੋ

ਸਾਰਿਆਂ ਵਿਚ ਚੰਗਿਆਈ ਦੇਖੋ

“ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਚੇਤੇ ਕਰ!”—ਨਹਮਯਾਹ 13:31.

1. ਯਹੋਵਾਹ ਸਾਰਿਆਂ ਦਾ ਭਲਾ ਕਿਸ ਤਰ੍ਹਾਂ ਕਰਦਾ ਹੈ?

ਕਈ ਦਿਨਾਂ ਤਕ ਬੱਦਲ ਰਹਿਣ ਕਰਕੇ ਲੋਕਾਂ ਵਿਚ ਉਦਾਸੀ ਛਾ ਜਾਂਦੀ ਹੈ। ਪਰ ਜਦੋਂ ਸੂਰਜ ਨਿਕਲਦਾ ਹੈ, ਤਾਂ ਸਾਰੇ ਖ਼ੁਸ਼ ਹੋ ਜਾਂਦੇ ਹਨ। ਇਸੇ ਤਰ੍ਹਾਂ ਤਿੱਖੀ ਧੁੱਪ ਤੇ ਸੁੱਕੇ ਮੌਸਮ ਤੋਂ ਬਾਅਦ ਜਦੋਂ ਮੀਂਹ ਦੀਆਂ ਫੁਹਾਰਾਂ ਪੈਂਦੀਆਂ ਹਨ, ਤਾਂ ਲੋਕਾਂ ਨੂੰ ਰਾਹਤ ਮਿਲਦੀ ਹੈ। ਸਾਡੇ ਪ੍ਰੇਮਮਈ ਸਿਰਜਣਹਾਰ ਯਹੋਵਾਹ ਨੇ ਸਾਨੂੰ ਕਿੰਨੇ ਸੋਹਣੇ-ਸੋਹਣੇ ਮੌਸਮ ਦਿੱਤੇ ਹਨ। ਯਿਸੂ ਨੇ ਯਹੋਵਾਹ ਦੀ ਇਸ ਦਾਤ ਵੱਲ ਧਿਆਨ ਖਿੱਚਿਆ ਸੀ: “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:43-45) ਜੀ ਹਾਂ, ਯਹੋਵਾਹ ਸਾਰਿਆਂ ਦਾ ਭਲਾ ਕਰਦਾ ਹੈ। ਉਸ ਦੇ ਸੇਵਕਾਂ ਨੂੰ ਵੀ ਦੂਸਰਿਆਂ ਵਿਚ ਚੰਗਿਆਈ ਦੇਖ ਕੇ ਉਸ ਦੀ ਰੀਸ ਕਰਨੀ ਚਾਹੀਦੀ ਹੈ।

2. (ੳ) ਯਹੋਵਾਹ ਕਿਸ ਆਧਾਰ ਤੇ ਸਾਰਿਆਂ ਦਾ ਭਲਾ ਕਰਦਾ ਹੈ? (ਅ) ਯਹੋਵਾਹ ਆਪਣੀ ਖੁੱਲ੍ਹ-ਦਿਲੀ ਦੇ ਸੰਬੰਧ ਵਿਚ ਸਾਡੇ ਸਾਰਿਆਂ ਵਿਚ ਕੀ ਦੇਖ ਰਿਹਾ ਹੈ?

2 ਯਹੋਵਾਹ ਕਿਸ ਆਧਾਰ ਤੇ ਸਾਰਿਆਂ ਦਾ ਭਲਾ ਕਰਦਾ ਹੈ? ਆਦਮ ਦੇ ਪਾਪ ਕਰਨ ਤੋਂ ਬਾਅਦ ਵੀ ਯਹੋਵਾਹ ਨੇ ਸਾਰਿਆਂ ਦੇ ਚੰਗੇ ਗੁਣਾਂ ਨੂੰ ਅਣਗੌਲਿਆਂ ਨਹੀਂ ਕੀਤਾ। (ਜ਼ਬੂਰਾਂ ਦੀ ਪੋਥੀ 130:3, 4) ਉਸ ਦਾ ਮਕਸਦ ਹੈ ਕਿ ਆਗਿਆਕਾਰ ਲੋਕਾਂ ਨੂੰ ਫਿਰਦੌਸ ਵਿਚ ਜ਼ਿੰਦਗੀ ਮਿਲੇ। (ਅਫ਼ਸੀਆਂ 1:9, 10) ਉਸ ਦੀ ਦਇਆ ਕਰਕੇ ਹੀ ਸਾਨੂੰ ਵਾਅਦਾ ਕੀਤੀ ਹੋਈ ਸੰਤਾਨ ਰਾਹੀਂ ਪਾਪ ਅਤੇ ਨਾਮੁਕੰਮਲਤਾ ਤੋਂ ਛੁਟਕਾਰਾ ਪਾਉਣ ਦਾ ਮੌਕਾ ਮਿਲਿਆ ਹੈ। (ਉਤਪਤ 3:15; ਰੋਮੀਆਂ 5:12, 15) ਨਿਸਤਾਰੇ ਦੇ ਪ੍ਰਬੰਧ ਨੂੰ ਸਵੀਕਾਰ ਕਰਨ ਨਾਲ ਸਾਡੇ ਲਈ ਮੁਕੰਮਲ ਬਣਨਾ ਸੰਭਵ ਹੋਵੇਗਾ। ਯਹੋਵਾਹ ਸਾਨੂੰ ਸਾਰਿਆਂ ਨੂੰ ਦੇਖ ਰਿਹਾ ਹੈ ਕਿ ਉਸ ਦੀ ਇਸ ਖੁੱਲ੍ਹ-ਦਿਲੀ ਪ੍ਰਤੀ ਸਾਡਾ ਕੀ ਰਵੱਈਆ ਹੈ। (1 ਯੂਹੰਨਾ 3:16) ਉਸ ਦੀ ਭਲਾਈ ਦੀ ਕਦਰ ਕਰਨ ਲਈ ਅਸੀਂ ਜੋ ਵੀ ਕਰਦੇ ਹਾਂ, ਉਹ ਉਸ ਵੱਲ ਧਿਆਨ ਦਿੰਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।”—ਇਬਰਾਨੀਆਂ 6:10.

3. ਸਾਨੂੰ ਕਿਹੜੇ ਸਵਾਲ ਉੱਤੇ ਗੌਰ ਕਰਨਾ ਚਾਹੀਦਾ ਹੈ?

3 ਅਸੀਂ ਦੂਸਰਿਆਂ ਵਿਚ ਚੰਗੇ ਗੁਣ ਦੇਖਣ ਦੇ ਸੰਬੰਧ ਵਿਚ ਯਹੋਵਾਹ ਦੀ ਕਿਵੇਂ ਰੀਸ ਕਰ ਸਕਦੇ ਹਾਂ? ਆਓ ਆਪਾਂ ਇਸ ਸਵਾਲ ਦੇ ਜਵਾਬ ਲਈ ਜ਼ਿੰਦਗੀ ਦੇ ਚਾਰ ਖੇਤਰਾਂ ਉੱਤੇ ਗੌਰ ਕਰੀਏ। ਇਹ ਚਾਰ ਖੇਤਰ ਹਨ: (1) ਮਸੀਹੀ ਸੇਵਕਾਈ, (2) ਸਾਡਾ ਪਰਿਵਾਰ, (3) ਕਲੀਸਿਯਾ ਅਤੇ (4) ਦੂਸਰਿਆਂ ਨਾਲ ਸਾਡਾ ਰਿਸ਼ਤਾ।

ਪ੍ਰਚਾਰ ਅਤੇ ਚੇਲੇ ਬਣਾਉਣ ਦਾ ਕੰਮ

4. ਸਾਡੀ ਸੇਵਕਾਈ ਇਸ ਗੱਲ ਦਾ ਸਬੂਤ ਕਿਵੇਂ ਦਿੰਦੀ ਹੈ ਕਿ ਅਸੀਂ ਦੂਸਰਿਆਂ ਦੇ ਚੰਗੇ ਗੁਣ ਦੇਖਦੇ ਹਾਂ?

4 ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦਾ ਮਤਲਬ ਸਮਝਾਉਂਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ “ਖੇਤ ਜਗਤ ਹੈ।” ਅੱਜ ਮਸੀਹ ਦੇ ਚੇਲੇ ਹੋਣ ਦੇ ਨਾਤੇ ਅਸੀਂ ਪ੍ਰਚਾਰ ਕਰਦੇ ਸਮੇਂ ਇਸ ਗੱਲ ਨੂੰ ਸੱਚ ਪਾਉਂਦੇ ਹਾਂ। (ਮੱਤੀ 13:36-38; 28:19, 20) ਪ੍ਰਚਾਰ ਦੇ ਸਾਡੇ ਕੰਮ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਆਪਣੀ ਨਿਹਚਾ ਦਾ ਖੁੱਲ੍ਹੇ-ਆਮ ਐਲਾਨ ਕਰੀਏ। ਯਹੋਵਾਹ ਦੇ ਗਵਾਹ ਘਰ-ਘਰ ਜਾ ਕੇ ਪ੍ਰਚਾਰ ਕਰਨ ਅਤੇ ਸੜਕਾਂ ਉੱਤੇ ਗਵਾਹੀ ਦੇਣ ਕਰਕੇ ਮਸ਼ਹੂਰ ਹਨ। ਇਸ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਰਾਜ ਦੇ ਸੰਦੇਸ਼ ਦੇ ਲਾਇਕ ਲੋਕਾਂ ਨੂੰ ਲੱਭਣ ਵਿਚ ਅਸੀਂ ਸਖ਼ਤ ਮਿਹਨਤ ਕਰਦੇ ਹਾਂ। ਅਸਲ ਵਿਚ ਯਿਸੂ ਨੇ ਹਿਦਾਇਤ ਦਿੱਤੀ ਸੀ: “ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ।”—ਮੱਤੀ 10:11; ਰਸੂਲਾਂ ਦੇ ਕਰਤੱਬ 17:17; 20:20.

5, 6. ਅਸੀਂ ਲੋਕਾਂ ਨੂੰ ਉਨ੍ਹਾਂ ਦੇ ਘਰ ਵਾਰ-ਵਾਰ ਮਿਲਣ ਕਿਉਂ ਜਾਂਦੇ ਹਾਂ?

5 ਜਦੋਂ ਅਸੀਂ ਲੋਕਾਂ ਦੇ ਘਰ ਬਿਨ-ਬੁਲਾਏ ਜਾਂਦੇ ਹਾਂ, ਤਾਂ ਅਸੀਂ ਰਾਜ ਦੇ ਸੰਦੇਸ਼ ਪ੍ਰਤੀ ਉਨ੍ਹਾਂ ਦੇ ਰਵੱਈਏ ਨੂੰ ਦੇਖਦੇ ਹਾਂ। ਕਈ ਵਾਰ ਅਸੀਂ ਦੇਖਦੇ ਹਾਂ ਕਿ ਘਰ ਦਾ ਇਕ ਮੈਂਬਰ ਸਾਡੀ ਗੱਲ ਸੁਣਦਾ ਹੈ, ਪਰ ਘਰ ਦੇ ਅੰਦਰੋਂ ਕੋਈ ਦੂਜਾ ਮੈਂਬਰ ਉੱਚੀ ਦੇਣੀ ਕਹਿੰਦਾ ਹੈ, “ਸਾਨੂੰ ਤੁਹਾਡੀ ਗੱਲ ਵਿਚ ਕੋਈ ਰੁਚੀ ਨਹੀਂ,” ਤੇ ਇਸ ਤਰ੍ਹਾਂ ਗੱਲ ਉੱਥੇ ਹੀ ਖ਼ਤਮ ਹੋ ਜਾਂਦੀ ਹੈ। ਸਾਨੂੰ ਕਿੰਨਾ ਅਫ਼ਸੋਸ ਹੁੰਦਾ ਹੈ ਕਿ ਇਕ ਬੰਦੇ ਦੇ ਵਿਰੋਧ ਜਾਂ ਦਿਲਚਸਪੀ ਨਾ ਹੋਣ ਕਰਕੇ ਦੂਸਰੇ ਬੰਦੇ ਨੂੰ ਸੰਦੇਸ਼ ਸੁਣਨ ਦਾ ਮੌਕਾ ਨਹੀਂ ਮਿਲਿਆ! ਤਾਂ ਫਿਰ ਅਸੀਂ ਸਾਰਿਆਂ ਵਿਚ ਚੰਗਿਆਈ ਦੇਖਦੇ ਰਹਿਣ ਲਈ ਕੀ ਕਰ ਸਕਦੇ ਹਾਂ?

6 ਜਦੋਂ ਅਸੀਂ ਉਸ ਇਲਾਕੇ ਵਿਚ ਦੁਬਾਰਾ ਜਾਂਦੇ ਹਾਂ, ਤਾਂ ਸ਼ਾਇਦ ਸਾਨੂੰ ਉਸ ਵਿਅਕਤੀ ਨਾਲ ਗੱਲ ਕਰਨ ਦਾ ਮੌਕਾ ਮਿਲੇ ਜਿਸ ਨੇ ਪਿਛਲੀ ਵਾਰ ਸਾਡੀ ਗੱਲ ਨੂੰ ਵਿੱਚੋਂ ਹੀ ਬੰਦ ਕਰ ਦਿੱਤਾ ਸੀ। ਪਿਛਲੀ ਵਾਰ ਜੋ ਹੋਇਆ ਸੀ, ਉਸ ਨੂੰ ਯਾਦ ਰੱਖ ਕੇ ਅਸੀਂ ਤਿਆਰੀ ਕਰ ਸਕਦੇ ਹਾਂ। ਉਸ ਵਿਅਕਤੀ ਨੇ ਸ਼ਾਇਦ ਕਿਸੇ ਚੰਗੇ ਕਾਰਨ ਕਰਕੇ ਸਾਡਾ ਵਿਰੋਧ ਕੀਤਾ ਹੋਵੇ ਤੇ ਸੋਚਿਆ ਹੋਵੇ ਕਿ ਦੂਜੇ ਮੈਂਬਰ ਨੂੰ ਰਾਜ ਦਾ ਸੰਦੇਸ਼ ਸੁਣਨ ਤੋਂ ਰੋਕਣਾ ਚੰਗੀ ਗੱਲ ਹੈ। ਸ਼ਾਇਦ ਉਸ ਨੇ ਸਾਡੇ ਬਾਰੇ ਅਫ਼ਵਾਹਾਂ ਸੁਣੀਆਂ ਹੋਣ ਜਿਸ ਕਰਕੇ ਉਹ ਸਾਡੀ ਗੱਲ ਨਹੀਂ ਸੁਣਨੀ ਚਾਹੁੰਦਾ। ਪਰ ਇਸ ਕਰਕੇ ਸਾਨੂੰ ਉਸ ਘਰ ਵਿਚ ਰਾਜ ਦਾ ਸੰਦੇਸ਼ ਸੁਣਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ, ਸਗੋਂ ਸਮਝਦਾਰੀ ਨਾਲ ਉਸ ਦੀ ਗ਼ਲਤਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਹੀ ਗਿਆਨ ਹੋਵੇ। ਫਿਰ ਹੋ ਸਕਦਾ ਹੈ ਕਿ ਯਹੋਵਾਹ ਉਸ ਵਿਅਕਤੀ ਨੂੰ ਆਪਣੇ ਵੱਲ ਖਿੱਚੇਗਾ।—ਯੂਹੰਨਾ 6:44; 1 ਤਿਮੋਥਿਉਸ 2:4.

7. ਲੋਕਾਂ ਨਾਲ ਗੱਲ ਕਰਦੇ ਸਮੇਂ ਸਹੀ ਨਜ਼ਰੀਆ ਰੱਖਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ?

7 ਯਿਸੂ ਨੇ ਆਪਣੇ ਚੇਲਿਆਂ ਨੂੰ ਹਿਦਾਇਤਾਂ ਦਿੰਦੇ ਵੇਲੇ ਇਹ ਵੀ ਦੱਸਿਆ ਸੀ ਕਿ ਪਰਿਵਾਰ ਦੇ ਮੈਂਬਰ ਵੀ ਸਾਡਾ ਵਿਰੋਧ ਕਰਨਗੇ। ਉਸ ਨੇ ਇਹ ਸਾਫ਼-ਸਾਫ਼ ਦੱਸਿਆ ਸੀ: “ਮੈਂ ਮਨੁੱਖ ਨੂੰ ਉਹ ਦੇ ਪਿਓ ਤੋਂ ਅਤੇ ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂੰਹ ਨੂੰ ਉਹ ਦੀ ਸੱਸ ਤੋਂ ਅੱਡ ਕਰਨ ਆਇਆ ਹਾਂ।” ਯਿਸੂ ਨੇ ਅੱਗੇ ਕਿਹਾ: “ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ।” (ਮੱਤੀ 10:35, 36) ਪਰ ਲੋਕਾਂ ਦਾ ਰਵੱਈਆ ਤੇ ਉਨ੍ਹਾਂ ਦੇ ਹਾਲਾਤ ਬਦਲ ਸਕਦੇ ਹਨ। ਕਿਸੇ ਨੂੰ ਅਚਾਨਕ ਕੋਈ ਬੀਮਾਰੀ ਲੱਗਣ, ਰਿਸ਼ਤੇਦਾਰ ਦੀ ਮੌਤ, ਆਫ਼ਤ, ਮਾਨਸਿਕ ਪਰੇਸ਼ਾਨੀਆਂ ਤੇ ਕਈ ਹੋਰ ਗੱਲਾਂ ਕਰਕੇ ਉਹ ਸਾਡੇ ਸੰਦੇਸ਼ ਵੱਲ ਧਿਆਨ ਦੇਣਾ ਸ਼ੁਰੂ ਕਰ ਸਕਦੇ ਹਨ। ਜੇ ਸਾਡਾ ਨਜ਼ਰੀਆ ਗ਼ਲਤ ਹੈ ਕਿ ਲੋਕ ਸਾਡੀ ਗੱਲ ਨਹੀਂ ਸੁਣਨਗੇ, ਤਾਂ ਕੀ ਅਸੀਂ ਉਨ੍ਹਾਂ ਦੇ ਚੰਗੇ ਗੁਣ ਦੇਖ ਰਹੇ ਹਾਂ? ਕਿਉਂ ਨਾ ਕਿਸੇ ਹੋਰ ਸਮੇਂ ਤੇ ਅਸੀਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨੂੰ ਦੁਬਾਰਾ ਮਿਲੀਏ? ਸ਼ਾਇਦ ਉਹ ਸਾਡੀ ਗੱਲ ਸੁਣਨ। ਕਈ ਵਾਰ ਅਸੀਂ ਜੋ ਕਹਿੰਦੇ ਹਾਂ, ਉਸ ਕਰਕੇ ਹੀ ਨਹੀਂ, ਸਗੋਂ ਅਸੀਂ ਉਸ ਨੂੰ ਕਿੱਦਾਂ ਕਹਿੰਦੇ ਹਾਂ, ਉਸ ਕਰਕੇ ਵੀ ਉਹ ਸਾਡੀ ਗੱਲ ਸੁਣਦੇ ਹਨ। ਪ੍ਰਚਾਰ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨ ਨਾਲ ਵੀ ਸਾਨੂੰ ਆਪਣਾ ਨਜ਼ਰੀਆ ਸਹੀ ਰੱਖਣ ਅਤੇ ਪਿਆਰ ਨਾਲ ਦੂਸਰਿਆਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਵਿਚ ਮਦਦ ਮਿਲੇਗੀ।—ਕੁਲੁੱਸੀਆਂ 4:6; 1 ਥੱਸਲੁਨੀਕੀਆਂ 5:17.

8. ਜਦੋਂ ਮਸੀਹੀ ਆਪਣੇ ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਚੰਗੇ ਗੁਣਾਂ ਵੱਲ ਧਿਆਨ ਦਿੰਦੇ ਹਨ, ਤਾਂ ਇਸ ਦਾ ਕੀ ਨਤੀਜਾ ਨਿਕਲ ਸਕਦਾ ਹੈ?

8 ਕੁਝ ਕਲੀਸਿਯਾਵਾਂ ਵਿਚ ਇੱਕੋ ਪਰਿਵਾਰ ਦੇ ਕਈ ਮੈਂਬਰ ਯਹੋਵਾਹ ਦੀ ਸੇਵਾ ਕਰਦੇ ਹਨ। ਜਦੋਂ ਪਰਿਵਾਰ ਦਾ ਕੋਈ ਵੱਡਾ ਮੈਂਬਰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਹੈ ਅਤੇ ਆਪਣੇ ਪਰਿਵਾਰ ਨਾਲ ਅਤੇ ਵਿਆਹੁਤਾ ਸਾਥੀ ਨਾਲ ਚੰਗਾ ਰਿਸ਼ਤਾ ਬਣਾ ਕੇ ਰੱਖਦਾ ਹੈ, ਤਾਂ ਇਸ ਨਾਲ ਘਰ ਦੇ ਛੋਟੇ ਮੈਂਬਰਾਂ ਵਿਚ ਵੀ ਤਬਦੀਲੀ ਆ ਜਾਂਦੀ ਹੈ। ਨਾਲੇ ਉਹ ਵੱਡੇ ਮੈਂਬਰ ਦੀ ਤਾਰੀਫ਼ ਅਤੇ ਇੱਜ਼ਤ ਕਰਦੇ ਹਨ। ਪਤਰਸ ਰਸੂਲ ਦੀ ਸਲਾਹ ਉੱਤੇ ਚੱਲਣ ਕਰਕੇ ਕਈ ਮਸੀਹੀ ਪਤਨੀਆਂ ਨੇ “ਬਚਨ ਤੋਂ ਬਿਨਾ” ਹੀ ਆਪਣੇ ਪਤੀਆਂ ਨੂੰ ਸੱਚਾਈ ਵਿਚ ਲਿਆਂਦਾ ਹੈ।—1 ਪਤਰਸ 3:1, 2.

ਪਰਿਵਾਰ ਵਿਚ

9, 10. ਯਾਕੂਬ ਅਤੇ ਯੂਸੁਫ਼ ਨੇ ਕਿਵੇਂ ਦਿਖਾਇਆ ਸੀ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਵਿਚ ਚੰਗੇ ਗੁਣ ਦੇਖੇ ਸਨ?

9 ਪਰਿਵਾਰ ਦੇ ਮੈਂਬਰਾਂ ਨਾਲ ਨਜ਼ਦੀਕੀ ਰਿਸ਼ਤਾ ਸਾਨੂੰ ਮੌਕਾ ਦਿੰਦਾ ਹੈ ਕਿ ਅਸੀਂ ਦੂਸਰਿਆਂ ਦੇ ਚੰਗੇ ਗੁਣ ਦੇਖੀਏ। ਯਾਕੂਬ ਜਿਸ ਤਰੀਕੇ ਨਾਲ ਆਪਣੇ ਪੁੱਤਰਾਂ ਨਾਲ ਪੇਸ਼ ਆਇਆ ਸੀ, ਉਸ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਉਤਪਤ 37:3, 4 ਵਿਚ ਬਾਈਬਲ ਦੱਸਦੀ ਹੈ ਕਿ ਯੂਸੁਫ਼ ਆਪਣੇ ਪਿਤਾ ਯਾਕੂਬ ਦਾ ਲਾਡਲਾ ਸੀ। ਇਸ ਕਰਕੇ ਯੂਸੁਫ਼ ਦੇ ਭਰਾ ਉਸ ਨਾਲ ਨਫ਼ਰਤ ਕਰਦੇ ਸਨ, ਇੰਨੀ ਨਫ਼ਰਤ ਕਿ ਉਨ੍ਹਾਂ ਨੇ ਆਪਣੇ ਭਰਾ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਸੀ। ਪਰ ਧਿਆਨ ਦਿਓ ਕਿ ਕਾਫ਼ੀ ਸਾਲ ਬੀਤ ਜਾਣ ਤੋਂ ਬਾਅਦ ਯਾਕੂਬ ਤੇ ਯੂਸੁਫ਼ ਉਨ੍ਹਾਂ ਨਾਲ ਕਿਸ ਤਰ੍ਹਾਂ ਪੇਸ਼ ਆਏ। ਦੋਹਾਂ ਨੇ ਆਪਣੇ ਪਰਿਵਾਰ ਵਿਚ ਚੰਗੇ ਗੁਣ ਦੇਖੇ।

10 ਜਦੋਂ ਮਿਸਰ ਵਿਚ ਕਾਲ ਪੈਣ ਦੌਰਾਨ ਯੂਸੁਫ਼ ਨੂੰ ਅਨਾਜ ਮੰਤਰੀ ਬਣਾਇਆ ਗਿਆ, ਤਾਂ ਉਸ ਨੇ ਆਪਣੇ ਭਰਾਵਾਂ ਦੀ ਵੀ ਸਹਾਇਤਾ ਕੀਤੀ। ਉਸ ਨੇ ਆਪਣੇ ਭਰਾਵਾਂ ਨੂੰ ਪਹਿਲੀ ਵਾਰ ਮਿਲਣ ਤੇ ਹੀ ਇਹ ਨਹੀਂ ਦੱਸਿਆ ਕਿ ਉਹ ਕੌਣ ਸੀ। ਪਰ ਉਸ ਨੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਿ ਉਨ੍ਹਾਂ ਦੀ ਚੰਗੀ ਦੇਖ-ਭਾਲ ਕੀਤੀ ਜਾਵੇ ਤੇ ਉਹ ਆਪਣੇ ਬਿਰਧ ਪਿਤਾ ਲਈ ਵੀ ਅਨਾਜ ਲੈ ਕੇ ਜਾਣ। ਜੀ ਹਾਂ, ਭਾਵੇਂ ਯੂਸੁਫ਼ ਦੇ ਭਰਾ ਇਕ ਸਮੇਂ ਤੇ ਉਸ ਨਾਲ ਨਫ਼ਰਤ ਕਰਦੇ ਸਨ, ਫਿਰ ਵੀ ਉਸ ਨੇ ਉਨ੍ਹਾਂ ਦਾ ਭਲਾ ਕੀਤਾ। (ਉਤਪਤ 41:53–42:8; 45:23) ਇਸੇ ਤਰ੍ਹਾਂ, ਜਦੋਂ ਯਾਕੂਬ ਮਰਨ ਵਾਲਾ ਸੀ, ਤਾਂ ਉਸ ਨੇ ਆਪਣੇ ਸਾਰੇ ਪੁੱਤਰਾਂ ਲਈ ਅਸੀਸਾਂ ਦੀ ਭਵਿੱਖਬਾਣੀ ਕੀਤੀ। ਭਾਵੇਂ ਕਿ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਉਨ੍ਹਾਂ ਨੂੰ ਕਈ ਚੀਜ਼ਾਂ ਤੋਂ ਹੱਥ ਧੋਣੇ ਪਏ, ਫਿਰ ਵੀ ਕਿਸੇ ਪੁੱਤਰ ਨੂੰ ਵਿਰਸੇ ਵਿਚ ਜ਼ਮੀਨ-ਜਾਇਦਾਦ ਤੋਂ ਵਾਂਝਾ ਨਹੀਂ ਕੀਤਾ ਗਿਆ। (ਉਤਪਤ 49:3-28) ਯਾਕੂਬ ਨੇ ਪਿਆਰ ਦੀ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!

11, 12. (ੳ) ਕਿਹੜੀ ਇਕ ਭਵਿੱਖ-ਸੂਚਕ ਉਦਾਹਰਣ ਆਪਣੇ ਘਰ ਦੇ ਮੈਂਬਰਾਂ ਵਿਚ ਚੰਗੇ ਗੁਣ ਦੇਖਦੇ ਰਹਿਣ ਦੀ ਮਹੱਤਤਾ ਉੱਤੇ ਜ਼ੋਰ ਦਿੰਦੀ ਹੈ? (ਅ) ਯਿਸੂ ਦੁਆਰਾ ਦਿੱਤੇ ਉਜਾੜੂ ਪੁੱਤਰ ਦੇ ਦ੍ਰਿਸ਼ਟਾਂਤ ਵਿਚ ਅਸੀਂ ਪਿਤਾ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

11 ਯਹੋਵਾਹ ਨੇ ਅਵਿਸ਼ਵਾਸੀ ਇਸਰਾਏਲ ਕੌਮ ਨਾਲ ਸਹਿਣਸ਼ੀਲਤਾ ਰੱਖੀ ਜਿਸ ਤੋਂ ਸਾਨੂੰ ਹੋਰ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਵਿਚ ਚੰਗੇ ਗੁਣ ਦੇਖਦਾ ਹੈ। ਨਬੀ ਹੋਸ਼ੇਆ ਦੇ ਪਰਿਵਾਰਕ ਹਾਲਾਤ ਇਸਤੇਮਾਲ ਕਰਦੇ ਹੋਏ ਯਹੋਵਾਹ ਨੇ ਆਪਣੇ ਅਸੀਮ ਪਿਆਰ ਦੀ ਮਿਸਾਲ ਦਿੱਤੀ। ਹੋਸ਼ੇਆ ਦੀ ਪਤਨੀ ਗੋਮਰ ਨੇ ਵਾਰ-ਵਾਰ ਵਿਭਚਾਰ ਕੀਤਾ ਸੀ। ਇਸ ਦੇ ਬਾਵਜੂਦ ਯਹੋਵਾਹ ਨੇ ਹੋਸ਼ੇਆ ਨੂੰ ਕਿਹਾ: “ਫੇਰ ਜਾਹ, ਇੱਕ ਤੀਵੀਂ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ, ਜਿਵੇਂ ਯਹੋਵਾਹ ਵੀ ਇਸਰਾਏਲੀਆਂ ਨਾਲ ਪ੍ਰੇਮ ਕਰਦਾ ਹੈ, ਭਾਵੇਂ ਓਹ ਦੂਜੇ ਦਿਓਤਿਆਂ ਵੱਲ ਮੁੜਦੇ ਹਨ ਅਤੇ ਸੌਗੀ ਦੇ ਕੁਲਚਿਆਂ ਨੂੰ ਪਿਆਰ ਕਰਦੇ ਹਨ।” (ਹੋਸ਼ੇਆ 3:1) ਯਹੋਵਾਹ ਨੇ ਕਿਉਂ ਉਸ ਨੂੰ ਇਸ ਤਰ੍ਹਾਂ ਕਰਨ ਲਈ ਕਿਹਾ ਸੀ? ਯਹੋਵਾਹ ਜਾਣਦਾ ਸੀ ਕਿ ਉਸ ਦੇ ਰਾਹਾਂ ਤੋਂ ਇਸ ਭਟਕੀ ਹੋਈ ਕੌਮ ਵਿੱਚੋਂ ਕੁਝ ਲੋਕ ਉਸ ਦੇ ਧੀਰਜ ਨੂੰ ਦੇਖਣਗੇ ਤੇ ਸਹੀ ਕਦਮ ਚੁੱਕਣਗੇ। ਹੋਸ਼ੇਆ ਨੇ ਇਹ ਐਲਾਨ ਕੀਤਾ: “ਏਹ ਦੇ ਮਗਰੋਂ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ ਆਪਣੇ ਪਾਤਸ਼ਾਹ ਨੂੰ ਭਾਲਣਗੇ ਅਤੇ ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈ ਮੰਨ ਕੇ ਮੁੜਨਗੇ।” (ਹੋਸ਼ੇਆ 3:5) ਜਦੋਂ ਪਰਿਵਾਰ ਵਿਚ ਸਮੱਸਿਆਵਾਂ ਆਉਂਦੀਆਂ ਹਨ, ਤਾਂ ਇਸ ਵਧੀਆ ਉਦਾਹਰਣ ਉੱਤੇ ਗੌਰ ਕਰਨਾ ਚੰਗੀ ਗੱਲ ਹੈ। ਪਰਿਵਾਰ ਦੇ ਦੂਸਰੇ ਮੈਂਬਰਾਂ ਵਿਚ ਚੰਗੇ ਗੁਣ ਦੇਖਦੇ ਰਹਿਣ ਨਾਲ ਤੁਸੀਂ ਧੀਰਜ ਦੀ ਚੰਗੀ ਮਿਸਾਲ ਕਾਇਮ ਕਰੋਗੇ।

12 ਯਿਸੂ ਦੁਆਰਾ ਦਿੱਤੇ ਉਜਾੜੂ ਪੁੱਤਰ ਦੇ ਦ੍ਰਿਸ਼ਟਾਂਤ ਤੋਂ ਸਾਨੂੰ ਹੋਰ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਘਰ ਦੇ ਮੈਂਬਰਾਂ ਵਿਚ ਚੰਗੇ ਗੁਣ ਕਿਵੇਂ ਦੇਖ ਸਕਦੇ ਹਾਂ। ਛੋਟਾ ਮੁੰਡਾ ਆਪਣੀ ਫਜ਼ੂਲਖ਼ਰਚੀ ਦੀ ਜ਼ਿੰਦਗੀ ਛੱਡ ਕੇ ਘਰ ਮੁੜਿਆ। ਉਸ ਦੇ ਪਿਤਾ ਨੇ ਉਸ ਉੱਤੇ ਦਇਆ ਕੀਤੀ। ਜਦੋਂ ਵੱਡੇ ਮੁੰਡੇ ਨੇ, ਜਿਸ ਨੇ ਕਦੀ ਘਰ ਨਹੀਂ ਛੱਡਿਆ ਸੀ, ਇਸ ਬਾਰੇ ਸ਼ਿਕਾਇਤ ਕੀਤੀ, ਤਾਂ ਉਸ ਦੇ ਪਿਤਾ ਨੇ ਕੀ ਕਿਹਾ? ਆਪਣੇ ਵੱਡੇ ਮੁੰਡੇ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ: “ਬੱਚਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸੱਭੋ ਕੁਝ ਤੇਰਾ ਹੈ।” ਉਸ ਦੇ ਪਿਤਾ ਨੇ ਉਸ ਨੂੰ ਝਿੜਕਣ ਲਈ ਇਹ ਗੱਲ ਨਹੀਂ ਕਹੀ ਸੀ, ਸਗੋਂ ਉਸ ਨੇ ਉਸ ਲਈ ਆਪਣੇ ਪਿਆਰ ਨੂੰ ਜ਼ਾਹਰ ਕੀਤਾ ਸੀ। ਪਿਤਾ ਨੇ ਅੱਗੇ ਕਿਹਾ: “ਖੁਸ਼ੀ ਕਰਨੀ ਅਨੰਦ ਹੋਣਾ ਜੋਗ ਸੀ ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ ਅਰ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।” ਅਸੀਂ ਵੀ ਇਸੇ ਤਰ੍ਹਾਂ ਦੂਸਰਿਆਂ ਵਿਚ ਚੰਗੇ ਗੁਣ ਦੇਖ ਸਕਦੇ ਹਾਂ।—ਲੂਕਾ 15:11-32.

ਮਸੀਹੀ ਕਲੀਸਿਯਾ ਵਿਚ

13, 14. ਮਸੀਹੀ ਕਲੀਸਿਯਾ ਵਿਚ ਪਿਆਰ ਦੇ ਸ਼ਾਹੀ ਹੁਕਮ ਨੂੰ ਮੰਨਣ ਦਾ ਇਕ ਤਰੀਕਾ ਕੀ ਹੈ?

13 ਮਸੀਹੀ ਹੋਣ ਦੇ ਨਾਤੇ ਅਸੀਂ ਪਿਆਰ ਦੇ ਸ਼ਾਹੀ ਹੁਕਮ ਦੀ ਪਾਲਣਾ ਕਰਨੀ ਚਾਹੁੰਦੇ ਹਾਂ। (ਯਾਕੂਬ 2:1-9) ਇਹ ਸੱਚ ਹੈ ਕਿ ਅਸੀਂ ਸ਼ਾਇਦ ਕਲੀਸਿਯਾ ਵਿਚ ਉਨ੍ਹਾਂ ਭੈਣ-ਭਰਾਵਾਂ ਨੂੰ ਸਵੀਕਾਰ ਕਰੀਏ ਜੋ ਸਾਡੇ ਤੋਂ ਅਮੀਰ ਜਾਂ ਗ਼ਰੀਬ ਹਨ। ਪਰ ਫਿਰ ਵੀ ਜਾਤ-ਪਾਤ, ਸਭਿਆਚਾਰ ਜਾਂ ਧਾਰਮਿਕ ਪਿਛੋਕੜ ਕਰਕੇ ਸਾਡੇ “ਮਨਾਂ” ਵਿਚ ਪੱਖਪਾਤ ਹੋ ਸਕਦਾ ਹੈ। ਜੇਕਰ ਇਹ ਸੱਚ ਹੈ, ਤਾਂ ਅਸੀਂ ਯਾਕੂਬ ਦੀ ਸਲਾਹ ਉੱਤੇ ਕਿਵੇਂ ਚੱਲ ਸਕਦੇ ਹਾਂ?

14 ਮਸੀਹੀ ਸਭਾਵਾਂ ਵਿਚ ਆਉਣ ਵਾਲੇ ਸਾਰੇ ਲੋਕਾਂ ਦਾ ਸੁਆਗਤ ਕਰਨ ਨਾਲ ਅਸੀਂ ਆਪਣੀ ਖੁੱਲ੍ਹ-ਦਿਲੀ ਦਾ ਸਬੂਤ ਦੇਵਾਂਗੇ। ਜਦੋਂ ਅਸੀਂ ਕਿੰਗਡਮ ਹਾਲ ਵਿਚ ਨਵੇਂ ਲੋਕਾਂ ਨਾਲ ਗੱਲ ਕਰਨ ਵਿਚ ਪਹਿਲ ਕਰਦੇ ਹਾਂ, ਤਾਂ ਉਸ ਨਵੇਂ ਵਿਅਕਤੀ ਦਾ ਡਰ ਜਾਂ ਝੱਕ ਦੂਰ ਹੋ ਜਾਂਦੀ ਹੈ। ਅਸਲ ਵਿਚ ਕੁਝ ਵਿਅਕਤੀਆਂ ਨੇ ਪਹਿਲੀ ਵਾਰ ਮਸੀਹੀ ਸਭਾ ਵਿਚ ਆ ਕੇ ਕਿਹਾ ਹੈ: “ਹਰ ਕੋਈ ਮੈਨੂੰ ਬੜੇ ਪਿਆਰ ਨਾਲ ਮਿਲਿਆ। ਇੱਦਾਂ ਲੱਗਦਾ ਸੀ ਜਿੱਦਾਂ ਸਾਰੇ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਸਨ। ਮੈਨੂੰ ਇਸ ਤਰ੍ਹਾਂ ਨਹੀਂ ਲੱਗਾ ਕਿ ਜਿਵੇਂ ਮੈਂ ਕਿਸੇ ਓਪਰੀ ਥਾਂ ਤੇ ਆਇਆ ਹੋਵਾਂ।”

15. ਬਜ਼ੁਰਗ ਤੇ ਬੀਮਾਰ ਭੈਣ-ਭਰਾਵਾਂ ਵਿਚ ਦਿਲਚਸਪੀ ਲੈਣ ਵਿਚ ਕਲੀਸਿਯਾ ਦੇ ਨੌਜਵਾਨਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ?

15 ਕੁਝ ਕਲੀਸਿਯਾਵਾਂ ਵਿਚ ਸਭਾ ਖ਼ਤਮ ਹੋਣ ਤੋਂ ਬਾਅਦ ਕੁਝ ਨੌਜਵਾਨ ਕਿੰਗਡਮ ਹਾਲ ਦੇ ਅੰਦਰ ਜਾਂ ਬਾਹਰ ਜੁੱਟ ਬਣਾ ਲੈਂਦੇ ਹਨ ਤੇ ਵੱਡਿਆਂ ਨੂੰ ਨਹੀਂ ਮਿਲਦੇ। ਇਸ ਆਦਤ ਨੂੰ ਦੂਰ ਕਰਨ ਲਈ ਕੀ ਕੀਤਾ ਜਾ ਸਕਦਾ ਹੈ? ਸਭ ਤੋਂ ਪਹਿਲਾਂ ਤਾਂ ਮਾਤਾ-ਪਿਤਾ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਘਰ ਵਿਚ ਸਿਖਲਾਈ ਦੇਣ ਤੇ ਸਭਾਵਾਂ ਲਈ ਉਨ੍ਹਾਂ ਨੂੰ ਤਿਆਰ ਕਰਨ। (ਕਹਾਉਤਾਂ 22:6) ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਕਿ ਉਹ ਸਭਾਵਾਂ ਵਿਚ ਵਰਤੇ ਜਾਣ ਵਾਲੇ ਪ੍ਰਕਾਸ਼ਨ ਲੈ ਕੇ ਜਾਣ। ਮਾਪੇ ਹੀ ਆਪਣੇ ਬੱਚਿਆਂ ਨੂੰ ਹੱਲਾਸ਼ੇਰੀ ਦੇ ਸਕਦੇ ਹਨ ਕਿ ਉਹ ਕਿੰਗਡਮ ਹਾਲ ਵਿਚ ਬਜ਼ੁਰਗ ਤੇ ਬੀਮਾਰ ਭੈਣ-ਭਰਾਵਾਂ ਨਾਲ ਗੱਲਬਾਤ ਕਰਨ। ਇਨ੍ਹਾਂ ਭੈਣ-ਭਰਾਵਾਂ ਨਾਲ ਇਸ ਤਰ੍ਹਾਂ ਚੰਗੇ ਵਿਸ਼ਿਆਂ ਤੇ ਗੱਲਬਾਤ ਕਰਨ ਨਾਲ ਬੱਚਿਆਂ ਨੂੰ ਖ਼ੁਸ਼ੀ ਮਿਲੇਗੀ।

16, 17. ਵੱਡੀ ਉਮਰ ਦੇ ਭੈਣ-ਭਰਾ ਕਲੀਸਿਯਾ ਦੇ ਨੌਜਵਾਨਾਂ ਵਿਚ ਚੰਗੇ ਗੁਣ ਕਿਵੇਂ ਦੇਖ ਸਕਦੇ ਹਨ?

16 ਬਜ਼ੁਰਗ ਤੇ ਬੀਮਾਰ ਭੈਣ-ਭਰਾਵਾਂ ਨੂੰ ਕਲੀਸਿਯਾ ਦੇ ਨੌਜਵਾਨਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ। (ਫ਼ਿਲਿੱਪੀਆਂ 2:4) ਉਹ ਉਨ੍ਹਾਂ ਨੂੰ ਉਤਸ਼ਾਹ ਦੇਣ ਲਈ ਗੱਲ ਕਰਨ ਵਿਚ ਪਹਿਲ ਕਰ ਸਕਦੇ ਹਨ। ਹਰ ਸਭਾ ਵਿਚ ਕੁਝ ਵਧੀਆ ਨੁਕਤੇ ਮਿਲਦੇ ਹਨ। ਨੌਜਵਾਨਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਸਭਾ ਦਾ ਆਨੰਦ ਮਾਣਿਆ ਜਾਂ ਨਹੀਂ। ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਕਿਹੜਾ ਨੁਕਤਾ ਚੰਗਾ ਲੱਗਾ ਜਿਸ ਨੂੰ ਆਪਣੇ ਉੱਤੇ ਲਾਗੂ ਕੀਤਾ ਜਾ ਸਕਦਾ ਹੈ। ਨੌਜਵਾਨ ਕਲੀਸਿਯਾ ਦਾ ਅਟੁੱਟ ਹਿੱਸਾ ਹਨ। ਉਨ੍ਹਾਂ ਵੱਲ ਧਿਆਨ ਦੇ ਕੇ ਅਤੇ ਸਭਾ ਵਿਚ ਦਿੱਤੀਆਂ ਉਨ੍ਹਾਂ ਦੀਆਂ ਟਿੱਪਣੀਆਂ ਜਾਂ ਪ੍ਰੋਗ੍ਰਾਮ ਵਿਚ ਉਨ੍ਹਾਂ ਦੇ ਹਿੱਸੇ ਦੀ ਤਾਰੀਫ਼ ਕਰ ਕੇ ਉਨ੍ਹਾਂ ਨੂੰ ਅਹਿਸਾਸ ਕਰਾਓ ਕਿ ਕਲੀਸਿਯਾ ਨੂੰ ਉਨ੍ਹਾਂ ਦੀ ਲੋੜ ਹੈ। ਨੌਜਵਾਨ ਜਿਸ ਤਰ੍ਹਾਂ ਵੱਡੀ ਉਮਰ ਦੇ ਭੈਣ-ਭਰਾਵਾਂ ਨਾਲ ਗੱਲ ਕਰਦੇ ਹਨ ਤੇ ਘਰ ਵਿਚ ਛੋਟੇ-ਮੋਟੇ ਕੰਮ ਕਰਦੇ ਹਨ, ਉਨ੍ਹਾਂ ਤੋਂ ਪਤਾ ਲੱਗੇਗਾ ਕਿ ਉਹ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਹਨ ਜਾਂ ਨਹੀਂ।—ਲੂਕਾ 16:10.

17 ਜ਼ਿੰਮੇਵਾਰੀ ਸਵੀਕਾਰ ਕਰਨ ਨਾਲ ਕੁਝ ਨੌਜਵਾਨ ਤਰੱਕੀ ਕਰ ਕੇ ਆਪਣੇ ਅੰਦਰ ਅਧਿਆਤਮਿਕ ਗੁਣ ਪੈਦਾ ਕਰਦੇ ਹਨ ਜਿਸ ਕਰਕੇ ਉਹ ਅਹਿਮ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਦੇ ਹਨ। ਜੇ ਉਨ੍ਹਾਂ ਕੋਲ ਕੁਝ ਕਰਨ ਲਈ ਹੈ, ਤਾਂ ਗ਼ਲਤ ਗੱਲਾਂ ਵੱਲ ਵੀ ਉਨ੍ਹਾਂ ਦਾ ਧਿਆਨ ਨਹੀਂ ਜਾਵੇਗਾ। (2 ਤਿਮੋਥਿਉਸ 2:22) ਅਜਿਹੀਆਂ ਜ਼ਿੰਮੇਵਾਰੀਆਂ ਦੁਆਰਾ ਉਹ ਭਰਾ “ਪਰਤਾਏ” ਜਾਂਦੇ ਹਨ ਜਿਹੜੇ ਸਹਾਇਕ ਸੇਵਕ ਬਣਨ ਲਈ ਮਿਹਨਤ ਕਰ ਰਹੇ ਹਨ। (1 ਤਿਮੋਥਿਉਸ 3:10) ਜੇ ਉਹ ਸਭਾਵਾਂ ਲਈ ਤਿਆਰੀ ਕਰ ਕੇ ਹਿੱਸਾ ਲੈਂਦੇ ਹਨ, ਜੋਸ਼ ਨਾਲ ਪ੍ਰਚਾਰ ਕਰਦੇ ਹਨ ਅਤੇ ਕਲੀਸਿਯਾ ਦੇ ਭੈਣ-ਭਰਾਵਾਂ ਦੀ ਪਰਵਾਹ ਕਰਦੇ ਹਨ, ਤਾਂ ਬਜ਼ੁਰਗਾਂ ਨੂੰ ਇਹ ਦੇਖਣ ਦਾ ਮੌਕਾ ਮਿਲੇਗਾ ਕਿ ਉਹ ਹੋਰ ਜ਼ਿੰਮੇਵਾਰੀਆਂ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਸੰਭਾਲ ਸਕਣਗੇ।

ਸਾਰਿਆਂ ਵਿਚ ਚੰਗੇ ਗੁਣ ਦੇਖੋ

18. ਫ਼ੈਸਲੇ ਕਰਦੇ ਸਮੇਂ ਬਜ਼ੁਰਗਾਂ ਨੂੰ ਕਿਹੜੀਆਂ ਗੱਲਾਂ ਤੋਂ ਬਚਣਾ ਚਾਹੀਦਾ ਹੈ ਤੇ ਕਿਉਂ?

18ਕਹਾਉਤਾਂ 24:23 ਵਿਚ ਲਿਖਿਆ ਹੈ: “ਅਦਾਲਤ ਵਿੱਚ ਰਈ ਕਰਨੀ ਚੰਗੀ ਨਹੀਂ।” ਬੁੱਧੀਮਾਨ ਪਰਮੇਸ਼ੁਰ ਇਹ ਕਹਿੰਦਾ ਹੈ ਕਿ ਬਜ਼ੁਰਗਾਂ ਨੂੰ ਕਲੀਸਿਯਾ ਦੇ ਮਸਲੇ ਹੱਲ ਕਰਦਿਆਂ ਪੱਖਪਾਤ ਨਹੀਂ ਕਰਨਾ ਚਾਹੀਦਾ। ਯਾਕੂਬ ਨੇ ਲਿਖਿਆ: “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ [ਜਾਂ ਪੱਖਪਾਤ] ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।” (ਯਾਕੂਬ 3:17) ਪਰ ਦੂਸਰਿਆਂ ਵਿਚ ਚੰਗਿਆਈ ਦੇਖਣ ਦੇ ਨਾਲ-ਨਾਲ ਬਜ਼ੁਰਗਾਂ ਨੂੰ ਇਹ ਧਿਆਨ ਰੱਖਣ ਦੀ ਵੀ ਲੋੜ ਹੈ ਕਿ ਉਹ ਰਿਸ਼ਤੇਦਾਰੀ ਕਰਕੇ ਜਾਂ ਜਜ਼ਬਾਤੀ ਹੋ ਕੇ ਗ਼ਲਤ ਫ਼ੈਸਲਾ ਨਾ ਕਰਨ। ਜ਼ਬੂਰਾਂ ਦੇ ਲਿਖਾਰੀ ਆਸਾਫ਼ ਨੇ ਲਿਖਿਆ: “ਪਰਮੇਸ਼ੁਰ ਦੀ ਮੰਡਲੀ ਵਿੱਚ ਪਰਮੇਸ਼ੁਰ ਖਲੋਤਾ ਹੈ, ਉਹ ਨਿਆਈਆਂ ਦੇ ਵਿੱਚ ਨਿਆਉਂ ਕਰਦਾ ਹੈ, ਤੁਸੀਂ ਕਦੋਂ ਤੋੜੀ ਟੇਡਾ ਨਿਆਉਂ ਕਰੋਗੇ, ਅਤੇ ਦੁਸ਼ਟਾਂ ਦਾ ਪੱਖ ਪਾਤ ਕਰੋਗੇ?” (ਜ਼ਬੂਰਾਂ ਦੀ ਪੋਥੀ 82:1, 2) ਇਸ ਆਇਤ ਦੇ ਅਨੁਸਾਰ ਮਸੀਹੀ ਬਜ਼ੁਰਗ ਉਸ ਵੇਲੇ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਕਰਨ ਤੋਂ ਬਚਦੇ ਹਨ ਜਦੋਂ ਕਿਸੇ ਮਾਮਲੇ ਵਿਚ ਉਨ੍ਹਾਂ ਦਾ ਕੋਈ ਦੋਸਤ ਜਾਂ ਰਿਸ਼ਤੇਦਾਰ ਸ਼ਾਮਲ ਹੋਵੇ। ਇਸ ਤਰ੍ਹਾਂ ਉਹ ਕਲੀਸਿਯਾ ਦੀ ਏਕਤਾ ਨੂੰ ਬਰਕਰਾਰ ਰੱਖਦੇ ਹਨ ਅਤੇ ਯਹੋਵਾਹ ਦੀ ਆਤਮਾ ਨੂੰ ਕਲੀਸਿਯਾ ਉੱਤੇ ਅਸਰ ਪਾਉਣ ਦਿੰਦੇ ਹਨ।—1 ਥੱਸਲੁਨੀਕੀਆਂ 5:23.

19. ਅਸੀਂ ਦੂਸਰਿਆਂ ਵਿਚ ਕਿਨ੍ਹਾਂ ਤਰੀਕਿਆਂ ਨਾਲ ਚੰਗੇ ਗੁਣ ਦੇਖ ਸਕਦੇ ਹਾਂ?

19 ਆਪਣੇ ਭੈਣ-ਭਰਾਵਾਂ ਵਿਚ ਚੰਗਿਆਈ ਦੇਖਣ ਲਈ ਸਾਨੂੰ ਪੌਲੁਸ ਦੇ ਰਵੱਈਏ ਉੱਤੇ ਗੌਰ ਕਰਨਾ ਚਾਹੀਦਾ ਹੈ ਜਦੋਂ ਉਸ ਨੇ ਥੱਸਲੁਨੀਕੀਆਂ ਦੀ ਕਲੀਸਿਯਾ ਨਾਲ ਗੱਲ ਕੀਤੀ ਸੀ। ਉਸ ਨੇ ਕਿਹਾ: “ਸਾਨੂੰ ਪ੍ਰਭੁ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਭਈ ਜੋ ਕੁਝ ਅਸੀਂ ਹੁਕਮ ਦਿੰਦੇ ਹਾਂ ਸੋ ਤੁਸੀਂ ਕਰਦੇ ਹੋ ਨਾਲੇ ਕਰੋਗੇ ਭੀ।” (2 ਥੱਸਲੁਨੀਕੀਆਂ 3:4) ਜਦੋਂ ਅਸੀਂ ਦੂਸਰਿਆਂ ਦੇ ਚੰਗੇ ਗੁਣ ਦੇਖਦੇ ਹਾਂ, ਤਾਂ ਅਸੀਂ ਦੂਸਰਿਆਂ ਦੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਾਂਗੇ। ਅਸੀਂ ਆਪਣੇ ਭਰਾਵਾਂ ਵਿਚ ਨੁਕਸ ਕੱਢਣ ਦੀ ਬਜਾਇ ਉਨ੍ਹਾਂ ਦੀ ਤਾਰੀਫ਼ ਕਰਨ ਲਈ ਮੌਕੇ ਲੱਭਾਂਗੇ। ਪੌਲੁਸ ਨੇ ਲਿਖਿਆ ਸੀ: “ਇੱਥੇ ਮੁਖਤਿਆਰਾਂ ਵਿੱਚ ਇਹ ਚਾਹੀਦਾ ਹੈ ਜੋ ਓਹ ਮਾਤਬਰ ਹੋਣ।” (1 ਕੁਰਿੰਥੀਆਂ 4:2) ਕਲੀਸਿਯਾ ਦੇ ਮੁਖਤਿਆਰਾਂ ਅਤੇ ਮਸੀਹੀ ਭੈਣ-ਭਰਾਵਾਂ ਦੀ ਵਫ਼ਾਦਾਰੀ ਕਰਕੇ ਅਸੀਂ ਉਨ੍ਹਾਂ ਸਾਰਿਆਂ ਨਾਲ ਪਿਆਰ ਕਰਦੇ ਹਾਂ। ਇਸ ਤਰ੍ਹਾਂ ਅਸੀਂ ਉਨ੍ਹਾਂ ਦੇ ਨੇੜੇ ਆਉਂਦੇ ਹਾਂ ਅਤੇ ਮਸੀਹੀ ਦੋਸਤੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਪੌਲੁਸ ਦਾ ਆਪਣੇ ਭਰਾਵਾਂ ਪ੍ਰਤੀ ਜੋ ਨਜ਼ਰੀਆ ਸੀ, ਅਸੀਂ ਵੀ ਉਹੀ ਨਜ਼ਰੀਆ ਰੱਖਦੇ ਹਾਂ। ਉਹ ‘ਪਰਮੇਸ਼ੁਰ ਦੇ ਰਾਜ ਲਈ ਸਾਡੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਸਾਨੂੰ ਤਸੱਲੀ ਹੁੰਦੀ ਹੈ।’ (ਕੁਲੁੱਸੀਆਂ 4:11) ਇਸ ਤਰ੍ਹਾਂ ਅਸੀਂ ਯਹੋਵਾਹ ਦੇ ਰਵੱਈਏ ਦੀ ਰੀਸ ਕਰਦੇ ਹਾਂ।

20. ਜਿਹੜੇ ਲੋਕ ਦੂਜਿਆਂ ਵਿਚ ਚੰਗੇ ਗੁਣ ਦੇਖਦੇ ਹਨ, ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

20 ਅਸੀਂ ਵੀ ਨਹਮਯਾਹ ਵਾਂਗ ਪ੍ਰਾਰਥਨਾ ਕਰਦੇ ਹਾਂ: “ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਚੇਤੇ ਕਰ!” (ਨਹਮਯਾਹ 13:31) ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਲੋਕਾਂ ਵਿਚ ਚੰਗੇ ਗੁਣ ਦੇਖਦਾ ਹੈ! (1 ਰਾਜਿਆਂ 14:13) ਆਓ ਆਪਾਂ ਵੀ ਇਸੇ ਤਰ੍ਹਾਂ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਮੁਕਤੀ ਪ੍ਰਾਪਤ ਕਰਨ ਅਤੇ ਨੇੜੇ ਆ ਰਹੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।—ਜ਼ਬੂਰਾਂ ਦੀ ਪੋਥੀ 130:3-8.

ਤੁਸੀਂ ਕੀ ਜਵਾਬ ਦਿਓਗੇ?

ਯਹੋਵਾਹ ਕਿਸ ਆਧਾਰ ਤੇ ਸਾਰਿਆਂ ਦਾ ਭਲਾ ਕਰਦਾ ਹੈ?

ਅਸੀਂ ਹੇਠਲੀਆਂ ਸਥਿਤੀਆਂ ਵਿਚ ਦੂਸਰਿਆਂ ਦੇ ਚੰਗੇ ਗੁਣ ਕਿਵੇਂ ਦੇਖ ਸਕਦੇ ਹਾਂ:

ਪ੍ਰਚਾਰ ਕਰਦੇ ਸਮੇਂ?

ਆਪਣੇ ਪਰਿਵਾਰ ਵਿਚ?

ਆਪਣੀ ਕਲੀਸਿਯਾ ਵਿਚ?

ਦੂਸਰਿਆਂ ਨਾਲ ਆਪਣੇ ਰਿਸ਼ਤੇ ਵਿਚ?

[ਸਵਾਲ]

[ਸਫ਼ੇ 18 ਉੱਤੇ ਤਸਵੀਰ]

ਭਾਵੇਂ ਕਿ ਯੂਸੁਫ਼ ਦੇ ਭਰਾ ਪਹਿਲਾਂ ਉਸ ਨਾਲ ਨਫ਼ਰਤ ਕਰਦੇ ਸਨ, ਫਿਰ ਵੀ ਉਸ ਨੇ ਉਨ੍ਹਾਂ ਦੇ ਚੰਗੇ ਗੁਣ ਦੇਖੇ

[ਸਫ਼ੇ 19 ਉੱਤੇ ਤਸਵੀਰ]

ਵਿਰੋਧ ਸਾਨੂੰ ਦੂਜਿਆਂ ਦੀ ਮਦਦ ਕਰਨ ਤੋਂ ਨਹੀਂ ਰੋਕ ਸਕਦਾ

[ਸਫ਼ੇ 20 ਉੱਤੇ ਤਸਵੀਰ]

ਭਾਵੇਂ ਯਾਕੂਬ ਦੇ ਮੁੰਡਿਆਂ ਨੇ ਗ਼ਲਤੀਆਂ ਕੀਤੀਆਂ ਸਨ, ਪਰ ਉਸ ਨੇ ਉਨ੍ਹਾਂ ਨੂੰ ਅਸੀਸਾਂ ਤੋਂ ਵਾਂਝਾ ਨਹੀਂ ਕੀਤਾ

[ਸਫ਼ੇ 21 ਉੱਤੇ ਤਸਵੀਰ]

ਮਸੀਹੀ ਸਭਾਵਾਂ ਵਿਚ ਸਾਰਿਆਂ ਦਾ ਸੁਆਗਤ ਕਰੋ