Skip to content

Skip to table of contents

ਆਮ ਆਦਮੀਆਂ ਨੇ ਬਾਈਬਲ ਦਾ ਅਨੁਵਾਦ ਕੀਤਾ

ਆਮ ਆਦਮੀਆਂ ਨੇ ਬਾਈਬਲ ਦਾ ਅਨੁਵਾਦ ਕੀਤਾ

ਆਮ ਆਦਮੀਆਂ ਨੇ ਬਾਈਬਲ ਦਾ ਅਨੁਵਾਦ ਕੀਤਾ

ਸਾਲ 1835 ਵਿਚ ਦੋ ਆਦਮੀਆਂ ਨੇ ਇਕ ਖ਼ਾਸ ਕੰਮ ਸਿਰੇ ਚਾੜ੍ਹਿਆ। ਇਕ ਆਦਮੀ ਅੰਗ੍ਰੇਜ਼ੀ ਰਾਜ ਮਿਸਤਰੀ ਹੈਨਰੀ ਨੌਟ ਸਨ ਅਤੇ ਦੂਸਰਾ ਵੇਲਜ਼ ਤੋਂ ਆਏ ਜੌਨ ਡੇਵਿਸ ਜੋ ਕਰਿਆਨੀ ਦਾ ਕਾਰੋਬਾਰ ਸਿੱਖ ਰਹੇ ਸਨ। ਕੁਝ 30 ਸਾਲਾਂ ਤੋਂ ਸਖ਼ਤ ਮਿਹਨਤ ਕਰਨ ਤੋਂ ਬਾਅਦ, ਇਨ੍ਹਾਂ ਦੋ ਆਮ ਆਦਮੀਆਂ ਨੇ ਪੂਰੀ ਦੀ ਪੂਰੀ ਬਾਈਬਲ ਦਾ ਤਾਹੀਟੀ ਭਾਸ਼ਾ ਵਿਚ ਅਨੁਵਾਦ ਕੀਤਾ। ਇਨ੍ਹਾਂ ਨੇ ਕਿਹੜੀਆਂ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਅਤੇ ਇਨ੍ਹਾਂ ਦੀ ਮਿਹਨਤ ਦੇ ਕੋਈ ਖ਼ਾਸ ਫ਼ਾਇਦੇ ਹੋਏ ਸਨ?

“ਬਾਈਬਲ ਦੇ ਪ੍ਰਚਾਰਕ”

ਅਠਾਰਵੀਂ ਸਦੀ ਵਿਚ ਪ੍ਰੋਟੈਸਟੈਂਟ ਧਰਮ ਦਾ ਇਕ ਗਰੁੱਪ (Great Awakening) ਬਰਤਾਨੀਆ ਦੇ ਪਿੰਡਾਂ, ਕੋਲੇ ਦੇ ਖਾਣਾਂ ਤੇ ਫੈਕਟਰੀਆਂ ਲਾਗੇ ਪ੍ਰਚਾਰ ਕਰ ਰਿਹਾ ਸੀ। ਇਨ੍ਹਾਂ ਦਾ ਖ਼ਾਸ ਟੀਚਾ ਆਮ ਲੋਕਾਂ ਨੂੰ ਬਾਈਬਲ ਸੰਦੇਸ਼ ਸੁਣਾਉਣਾ ਸੀ ਅਤੇ ਉਹ ਚਾਹੁੰਦੇ ਸਨ ਕਿ ਬਾਈਬਲਾਂ ਵੱਡੀ ਮਾਤਰਾ ਵਿਚ ਵੰਡੀਆਂ ਜਾਣ।

ਬੈਪਟਿਸਟ ਚਰਚ ਦਾ ਇਕ ਮੈਂਬਰ, ਵਿਲਿਅਮ ਕੈਰੀ ਇਸ ਗਰੁੱਪ ਦੇ ਮੋਢੀ ਸਨ। ਉਸ ਨੇ ਸੰਨ 1795 ਸਥਾਪਿਤ ਕੀਤੀ ਗਈ ਲੰਡਨ ਮਿਸ਼ਨਰੀ ਸੋਸਾਇਟੀ ਨੂੰ ਸ਼ੁਰੂ ਕਰਨ ਵਿਚ ਵੀ ਹਿੱਸਾ ਲਿਆ ਸੀ। ਇਸ ਸੋਸਾਇਟੀ ਨੇ ਉਨ੍ਹਾਂ ਵਿਅਕਤੀਆਂ ਨੂੰ ਗ਼ੈਰ-ਯੂਰਪੀ ਭਾਸ਼ਾਵਾਂ ਸਿਖਾਈਆਂ ਜੋ ਦੱਖਣੀ ਸ਼ਾਂਤ ਮਹਾਂਸਾਗਰ ਦੇ ਇਲਾਕੇ ਜਾ ਕੇ ਪ੍ਰਚਾਰ ਕਰਨ ਲਈ ਤਿਆਰ ਸਨ। ਮਿਸ਼ਨਰੀਆਂ ਦਾ ਖ਼ਾਸ ਟੀਚਾ ਗ਼ੈਰ-ਯੂਰਪੀ ਲੋਕਾਂ ਦੀ ਬੋਲੀ ਵਿਚ ਉਨ੍ਹਾਂ ਨੂੰ ਬਾਈਬਲ ਸੰਦੇਸ਼ ਸੁਣਾਉਣਾ ਸੀ।

ਲੰਡਨ ਮਿਸ਼ਨਰੀ ਸੋਸਾਇਟੀ ਦੇ ਪਹਿਲਿਆਂ ਮਿਸ਼ਨਰੀਆਂ ਨੂੰ ਤਾਹੀਟੀ ਟਾਪੂ ਭੇਜਿਆ ਗਿਆ ਸੀ। ਇਨ੍ਹਾਂ ਪ੍ਰਚਾਰਕਾਂ ਨੇ ਸੋਚਿਆ ਸੀ ਕਿ ਉੱਥੇ ਦੇ ਲੋਕ ਤਾਂ ਰੂਹਾਨੀ ਹਨੇਰੇ ਵਿਚ ਸਨ ਅਤੇ ਬਾਈਬਲ ਸੰਦੇਸ਼ ਸੁਣ ਕੇ ਇਸ ਨੂੰ ਝੱਟ ਕਬੂਲ ਕਰ ਲੈਣਗੇ।

ਆਮ ਲੋਕ ਵੱਡਾ ਕੰਮ ਸੰਭਾਲਣ ਲਈ ਤਿਆਰ ਹੋਏ

ਕੁਝ 30 ਕੁ ਵਿਅਕਤੀ, ਜਿਨ੍ਹਾਂ ਨੂੰ ਹਾਲੇ ਪ੍ਰਚਾਰ ਕਰਨ ਲਈ ਚੰਗੀ ਤਰ੍ਹਾਂ ਤਿਆਰ ਵੀ ਨਹੀਂ ਕੀਤਾ ਗਿਆ ਸੀ, ਕਾਹਲੀ ਨਾਲ ਚੁਣ ਕੇ ਸੋਸਾਇਟੀ ਦੇ ਡੱਫ ਨਾਮਕ ਸਮੁੰਦਰੀ ਜਹਾਜ਼ ਤੇ ਚੜ੍ਹਾਏ ਗਏ। ਇਸ ਗਰੁੱਪ ਵਿਚ ਤਰਖਾਣ, ਮੋਚੀ, ਰਾਜ ਮਿਸਤਰੀ, ਦਰਜ਼ੀ, ਦੁਕਾਨਦਾਰ, ਨੌਕਰ, ਲੁਹਾਰ, ਮਾਲੀ, ਡਾਕਟਰ, ਪਾਦਰੀ ਅਤੇ ਪੰਜ ਵਿਆਹੁਤਾ ਜੋੜੇ ਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਸਨ।

ਮੁਢਲੀ ਬਾਈਬਲੀ ਭਾਸ਼ਾ ਸਿੱਖਣ ਵਾਸਤੇ ਇਨ੍ਹਾਂ ਮਿਸ਼ਨਰੀਆਂ ਕੋਲ ਸਿਰਫ਼ ਇਕ ਯੂਨਾਨੀ-ਅੰਗ੍ਰੇਜ਼ੀ ਕੋਸ਼ ਸੀ ਅਤੇ ਇਕ ਬਾਈਬਲ ਜਿਸ ਨਾਲ ਇਬਰਾਨੀ ਸ਼ਬਦ-ਕੋਸ਼ ਸੀ। ਸੱਤ ਮਹੀਨਿਆਂ ਦੀ ਯਾਤਰਾ ਦੌਰਾਨ ਮਿਸ਼ਨਰੀਆਂ ਨੇ ਕੁਝ ਤਾਹੀਟੀ ਸ਼ਬਦ ਯਾਦ ਕੀਤੇ। ਤਾਹੀਟੀ ਸ਼ਬਦਾਂ ਦੀ ਛੋਟੀ-ਮੋਟੀ ਲਿਸਟ ਖ਼ਾਸ ਕਰਕੇ ਉਨ੍ਹਾਂ ਦੁਆਰਾ ਬਣਾਈ ਗਈ ਸੀ ਜੋ ਕੁਝ ਸਮੇਂ ਪਹਿਲਾਂ ਇਸ ਟਾਪੂ ਤੇ ਬਾਊਂਟੀ ਨਾਮਕ ਕਿਸ਼ਤੀ ਤੇ ਆਏ ਸਨ। ਅਖ਼ੀਰ ਵਿਚ 7 ਮਾਰਚ 1797 ਮਿਸ਼ਨਰੀ ਤਾਹੀਟੀ ਪਹੁੰਚ ਗਏ। ਪਰ, ਤਕਰੀਬਨ ਇਕ ਸਾਲ ਬਾਅਦ ਜ਼ਿਆਦਾਤਰ ਹੌਸਲਾ ਹਾਰ ਕੇ ਘਰ ਵਾਪਸ ਮੁੜ ਗਏ। ਸਿਰਫ਼ 7 ਮਿਸ਼ਨਰੀ ਤਾਹੀਟੀ ਰਹੇ।

ਇਨ੍ਹਾਂ ਵਿੱਚੋਂ ਉੱਪਰ ਜ਼ਿਕਰ ਕੀਤੇ ਗਏ ਹੈਨਰੀ ਨੌਟ ਸਨ ਜਿਸ ਦੀ ਉਮਰ ਸਿਰਫ਼ 23 ਸਾਲ ਸੀ। ਉਸ ਦੀਆਂ ਪਹਿਲੀਆਂ-ਪਹਿਲੀਆਂ ਚਿੱਠੀਆਂ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਇੰਨਾ ਪੜ੍ਹਿਆ-ਲਿਖਿਆ ਨਹੀਂ ਸੀ। ਪਰ ਇਸ ਦੇ ਬਾਵਜੂਦ, ਸ਼ੁਰੂ ਤੋਂ ਹੀ ਸਾਬਤ ਹੋਇਆ ਕਿ ਉਹ ਤਾਹੀਟੀ ਭਾਸ਼ਾ ਸਿੱਖਣ ਵਿਚ ਹੁਸ਼ਿਆਰ ਸੀ। ਉਸ ਬਾਰੇ ਕਿਹਾ ਗਿਆ ਹੈ ਕਿ ਉਹ ਨੇਕ, ਈਮਾਨਦਾਰ ਅਤੇ ਸ਼ੀਲ ਸੁਭਾਅ ਵਾਲਾ ਆਦਮੀ ਸੀ।

ਸੰਨ 1801 ਵਿਚ, ਨੌਟ ਨੂੰ ਨਵੇਂ ਆਏ 9 ਮਿਸ਼ਨਰੀਆਂ ਨੂੰ ਤਾਹੀਟੀ ਭਾਸ਼ਾ ਸਿਖਾਉਣ ਦਾ ਕੰਮ ਸੌਂਪਿਆ ਗਿਆ ਸੀ। ਇਨ੍ਹਾਂ ਵਿੱਚੋਂ ਉਪਰੋਕਤ 28 ਸਾਲਾਂ ਦੇ ਜੌਨ ਡੇਵਿਸ ਸਨ। ਜੌਨ ਖੁੱਲ੍ਹ-ਦਿਲਾ, ਮਿਹਨਤੀ ਅਤੇ ਸ਼ੀਲ ਸੁਭਾਅ ਵਾਲਾ ਸੀ ਜੋ ਵਧੀਆ ਵਿਦਿਆਰਥੀ ਵੀ ਨਿਕਲੇ। ਥੋੜ੍ਹੇ ਹੀ ਸਮੇਂ ਬਾਅਦ ਇਨ੍ਹਾਂ ਦੋ ਆਦਮੀਆਂ ਨੇ ਬਾਈਬਲ ਦਾ ਤਾਹੀਟੀ ਭਾਸ਼ਾ ਵਿਚ ਅਨੁਵਾਦ ਕਰਨ ਦਾ ਕੰਮ ਸ਼ੁਰੂ ਕੀਤਾ।

ਬਹੁਤ ਵੱਡਾ ਕੰਮ

ਪਰ ਤਾਹੀਟੀ ਭਾਸ਼ਾ ਵਿਚ ਅਨੁਵਾਦ ਕਰਨਾ ਕੋਈ ਆਸਾਨ ਕੰਮ ਨਹੀਂ ਸੀ ਕਿਉਂਕਿ ਇਸ ਭਾਸ਼ਾ ਦੀ ਕੋਈ ਲਿਪੀ ਨਹੀਂ ਸੀ। ਇਸ ਦੀ ਲਿਪੀ ਨਾ ਹੋਣ ਕਰਕੇ ਮਿਸ਼ਨਰੀਆਂ ਨੂੰ ਸੁਣ-ਸੁਣ ਕੇ ਇਹ ਭਾਸ਼ਾ ਸਿੱਖਣੀ ਪਈ ਸੀ। ਉਨ੍ਹਾਂ ਕੋਲ ਇਹ ਭਾਸ਼ਾ ਸਿੱਖਣ ਲਈ ਨਾ ਕੋਈ ਸ਼ਬਦ-ਕੋਸ਼ ਸੀ ਅਤੇ ਨਾ ਕੋਈ ਵਿਆਕਰਣ ਪੁਸਤਕ। ਤਾਹੀਟੀ ਭਾਸ਼ਾ ਦੇ ਕਈ ਔਖੇ-ਔਖੇ ਸ਼ਬਦ ਸਨ। ਮਿਸ਼ਨਰੀਆਂ ਨੇ ਕਬੂਲ ਕੀਤਾ ਕਿ ਉਹ “ਕਈ ਲਫ਼ਜ਼ਾਂ ਦੀਆਂ ਆਵਾਜ਼ਾਂ ਨੂੰ ਸਹੀ ਤਰ੍ਹਾਂ ਪਛਾਣ ਨਾ ਸਕੇ।” ਉਨ੍ਹਾਂ ਨੂੰ ਅਜਿਹੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਸਨ ਜਿਹੜੀਆਂ ਉਨ੍ਹਾਂ ਨੇ ਆਪਣੀ ਬੋਲੀ ਵਿਚ ਕਦੀ ਨਹੀਂ ਸੁਣੀਆਂ!

ਇਸ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਕਈ ਸ਼ਬਦ ਕਹਿਣੇ ਬੁਰੇ ਮੰਨੇ ਜਾਂਦੇ ਸਨ ਜਾਂ ਇਨ੍ਹਾਂ ਤੇ ਪਾਬੰਦੀ ਲਾਈ ਗਈ ਸੀ। ਇਸ ਕਰਕੇ ਇਨ੍ਹਾਂ ਸ਼ਬਦਾਂ ਦੇ ਥਾਂ ਹੋਰ ਸ਼ਬਦ ਵਰਤਣੇ ਪੈਂਦੇ ਸਨ। ਕਦੀ-ਕਦੀ ਇੱਕੋ ਗੱਲ ਕਹਿਣ ਲਈ ਕਈ-ਕਈ ਸ਼ਬਦ ਸਨ ਅਤੇ ਇਹ ਵੀ ਇਕ ਸਮੱਸਿਆ ਸੀ। ਮਿਸਾਲ ਲਈ, ਤਾਹੀਟੀ ਭਾਸ਼ਾ ਵਿਚ “ਪ੍ਰਾਰਥਨਾ” ਸ਼ਬਦ ਲਈ ਕੁਝ 70 ਵੱਖਰੇ ਲਫ਼ਜ਼ ਸਨ। ਤਾਹੀਟੀ ਭਾਸ਼ਾ ਵਿਚ ਜਿਸ ਤਰ੍ਹਾਂ ਵਾਕ ਬਣਾਏ ਜਾਂਦੇ ਸਨ ਉਸ ਦਾ ਅੰਗ੍ਰੇਜ਼ੀ ਨਾਲੋਂ ਬਹੁਤ ਫ਼ਰਕ ਸੀ ਅਤੇ ਇਹ ਵੀ ਇਕ ਚੁਣੌਤੀ ਸੀ। ਮੁਸ਼ਕਲਾਂ ਦੇ ਬਾਵਜੂਦ ਮਿਸ਼ਨਰੀ ਹੌਲੀ-ਹੌਲੀ ਸ਼ਬਦਾਂ ਦੀ ਲਿਸਟ ਬਣਾਈ ਗਏ। ਤਕਰੀਬਨ 50 ਸਾਲ ਬਾਅਦ ਡੇਵਿਸ ਨੇ ਇਨ੍ਹਾਂ ਲਿਸਟਾਂ ਨੂੰ ਵਰਤ ਕੇ ਇਕ ਸ਼ਬਦ-ਕੋਸ਼ ਛਪਵਾਇਆ ਜਿਸ ਵਿਚ ਲਗਭਗ 10,000 ਸ਼ਬਦ ਸਨ।

ਤਾਹੀਟੀ ਭਾਸ਼ਾ ਲਿਖਣੀ ਮੁਸ਼ਕਲ ਸੀ ਪਰ ਫਿਰ ਵੀ ਮਿਸ਼ਨਰੀਆਂ ਨੇ ਇਸ ਨੂੰ ਲਿਪੀ ਦਾ ਰੂਪ ਦਿੱਤਾ। ਮਿਸ਼ਨਰੀਆਂ ਨੇ ਅੰਗ੍ਰੇਜ਼ੀ ਅੱਖਰ ਵਰਤਣ ਦੀ ਕੋਸ਼ਿਸ਼ ਕੀਤੀ, ਪਰ ਤਾਹੀਟੀ ਭਾਸ਼ਾ ਦੀਆਂ ਵੱਖਰੀਆਂ-ਵੱਖਰੀਆਂ ਆਵਾਜ਼ਾਂ ਅੰਗ੍ਰੇਜ਼ੀ ਅੱਖਰਾਂ ਵਿਚ ਨਹੀਂ ਲਿਖੀਆਂ ਜਾ ਸਕੀਆਂ। ਤਾਂ ਫਿਰ ਇਨ੍ਹਾਂ ਮਾਮਲਿਆਂ ਬਾਰੇ ਲੰਬੇ-ਲੰਬੇ ਬਹਿਸ ਸ਼ੁਰੂ ਹੋਏ। ਕਦੀ-ਕਦੀ ਮਿਸ਼ਨਰੀਆਂ ਨੂੰ ਸ਼ਬਦਾਂ ਦੇ ਨਵੇਂ-ਨਵੇਂ ਜੋੜ ਵੀ ਬਣਾਉਣੇ ਪਏ। ਉਸ ਸਮੇਂ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਕੰਮ ਨੇ ਉਸ ਇਲਾਕੇ ਦੀਆਂ ਹੋਰ ਕਈ ਭਾਸ਼ਾਵਾਂ ਲਈ ਇਕ ਨਮੂਨਾ ਬਣਨਾ ਸੀ।

ਸਾਧਨਾਂ ਦੀ ਥੁੜ੍ਹ ਦੇ ਬਾਵਜੂਦ ਕੰਮ ਨਹੀਂ ਰੁਕਿਆ

ਆਪਣਾ ਕੰਮ ਪੂਰਾ ਕਰਨ ਲਈ ਅਨੁਵਾਦਕਾਂ ਕੋਲ ਸਿਰਫ਼ ਇਕ-ਦੋ ਕੁ ਪ੍ਰਕਾਸ਼ਨ ਸਨ। ਲੰਡਨ ਮਿਸ਼ਨਰੀ ਸੋਸਾਇਟੀ ਨੇ ਉਨ੍ਹਾਂ ਨੂੰ ਬਾਈਬਲ ਦੀ ਕਿੰਗ ਜੇਮਜ਼ ਵਰਯਨ ਅਤੇ ਟੇਕਸਟਸ ਰਿਸੇਪਟਸ ਨਾਮਕ ਮਸੀਹੀ ਯੂਨਾਨੀ ਸ਼ਾਸਤਰ ਵਰਤਣ ਲਈ ਕਿਹਾ ਸੀ। ਨੌਟ ਨੇ ਹੋਰ ਵੀ ਇਬਰਾਨੀ ਅਤੇ ਯੂਨਾਨੀ ਸ਼ਬਦ-ਕੋਸ਼ ਅਤੇ ਬਾਈਬਲਾਂ ਮੰਗੀਆਂ, ਪਰ ਇਹ ਨਹੀਂ ਪਤਾ ਕਿ ਉਸ ਨੂੰ ਇਹ ਕਿਤਾਬਾਂ ਮਿਲੀਆਂ ਸਨ ਜਾਂ ਨਹੀਂ। ਅਤੇ ਡੇਵਿਸ ਬਾਰੇ ਕੀ? ਲੱਗਦਾ ਹੈ ਉਸ ਦੇ ਵੈਲਸ਼ੀ ਯਾਰਾਂ-ਦੋਸਤਾਂ ਨੇ ਉਸ ਨੂੰ ਕੁਝ ਕਿਤਾਬਾਂ ਭੇਜੀਆਂ ਸਨ। ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਉਸ ਕੋਲ ਘੱਟੋ-ਘੱਟ ਇਕ ਯੂਨਾਨੀ ਸ਼ਬਦ-ਕੋਸ਼, ਇਕ ਇਬਰਾਨੀ ਬਾਈਬਲ, ਯੂਨਾਨੀ ਭਾਸ਼ਾ ਵਿਚ ਬਾਈਬਲ ਦਾ ਨਵਾਂ ਨੇਮ ਅਤੇ ਸੈਪਟੁਜਿੰਟ ਸੀ।

ਪਰ ਇਨ੍ਹਾਂ ਗੱਲਾਂ ਤੋਂ ਇਲਾਵਾ, ਮਿਸ਼ਨਰੀਆਂ ਨੇ ਆਪਣੇ ਪ੍ਰਚਾਰ ਕੰਮ ਵਿਚ ਕੋਈ ਚੇਲੇ ਨਹੀਂ ਬਣਾਏ। ਹਾਲਾਂਕਿ ਮਿਸ਼ਨਰੀਆਂ ਨੂੰ ਤਾਹੀਟੀ ਆਇਆਂ 12 ਸਾਲ ਹੋ ਚੁੱਕੇ ਸਨ ਪਰ ਫਿਰ ਵੀ ਉਨ੍ਹਾਂ ਨੇ ਇਕ ਵਿਅਕਤੀ ਨੂੰ ਵੀ ਬਪਤਿਸਮਾ ਨਹੀਂ ਦਿੱਤਾ। ਬਾਅਦ ਵਿਚ ਲਗਾਤਾਰ ਘਰੇਲੂ ਯੁੱਧ ਕਰਕੇ ਨੌਟ ਦੇ ਸਿਵਾਇ ਸਾਰੇ ਮਿਸ਼ਨਰੀ ਤਾਹੀਟੀ ਛੱਡ ਕੇ ਆਸਟ੍ਰੇਲੀਆ ਭੱਜ ਗਏ। ਕੁਝ ਸਮੇਂ ਲਈ ਨੌਟ ਇਸ ਇਲਾਕੇ ਦੇ ਟਾਪੂਆਂ ਵਿਚ ਇੱਕੋ-ਇਕ ਮਿਸ਼ਨਰੀ ਰਿਹਾ। ਪਰ ਜਦ ਰਾਜਾ ਪੋਮਾਰੇ ਦੂਜਾ ਲਾਗੇ ਦੇ ਮੋਰੇਆਹ ਟਾਪੂ ਭੱਜਾ, ਤਾਂ ਨੌਟ ਨੂੰ ਵੀ ਉਸ ਦੇ ਨਾਲ ਭੱਜਣਾ ਪਿਆ।

ਪਰ, ਇਨ੍ਹਾਂ ਹਾਲਾਤਾਂ ਦੇ ਬਾਵਜੂਦ ਨੌਟ ਨੇ ਆਪਣਾ ਅਨੁਵਾਦ ਦਾ ਕੰਮ ਜਾਰੀ ਰੱਖਿਆ। ਡੇਵਿਸ ਵੀ 2 ਸਾਲ ਆਸਟ੍ਰੇਲੀਆ ਬਿਤਾਉਣ ਤੋਂ ਬਾਅਦ ਵਾਪਸ ਆ ਗਿਆ ਸੀ। ਉੱਨੇ ਕੁ ਸਮੇਂ ਦੌਰਾਨ ਨੌਟ ਇਬਰਾਨੀ ਤੇ ਯੂਨਾਨੀ ਭਾਸ਼ਾਵਾਂ ਦਾ ਚੰਗੀ ਤਰ੍ਹਾਂ ਅਧਿਐਨ ਕਰ ਕੇ ਉਨ੍ਹਾਂ ਵਿਚ ਮਾਹਰ ਬਣ ਗਿਆ ਸੀ। ਨਤੀਜੇ ਵਜੋਂ, ਉਹ ਬਾਈਬਲ ਦੇ ਕੁਝ ਇਬਰਾਨੀ ਹਿੱਸੇ ਤਾਹੀਟੀ ਭਾਸ਼ਾ ਵਿਚ ਅਨੁਵਾਦ ਕਰਨ ਲੱਗ ਪਿਆ ਸੀ। ਉਸ ਨੇ ਬਾਈਬਲ ਦੇ ਉਹ ਹਿੱਸੇ ਚੁਣੇ ਜਿਨ੍ਹਾਂ ਵਿਚਲੇ ਬਿਰਤਾਂਤ ਤਾਹੀਟੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਕੁਝ ਮੇਲ ਖਾਂਦੇ ਸਨ।

ਇਸ ਤੋਂ ਬਾਅਦ, ਡੇਵਿਸ ਦੀ ਮਦਦ ਦੇ ਨਾਲ ਨੌਟ ਨੇ ਲੂਕਾ ਦੀ ਇੰਜੀਲ ਦਾ ਅਨੁਵਾਦ ਕੀਤਾ ਜੋ ਉਨ੍ਹਾਂ ਨੇ ਸਤੰਬਰ, ਸੰਨ 1814 ਪੂਰਾ ਕੀਤਾ। ਉਸ ਨੇ ਲੋਕਾਂ ਦੀ ਮਾਂ-ਬੋਲੀ ਵਿਚ ਇਸ ਦਾ ਅਨੁਵਾਦ ਕੀਤਾ ਤਾਂਕਿ ਲੋਕ ਇਸ ਨੂੰ ਸਮਝ ਸਕਣ। ਡੇਵਿਸ ਨੇ ਅਨੁਵਾਦ ਦੀ ਜਾਂਚ ਕੀਤੀ ਕਿ ਇਸ ਵਿਚ ਉਹੀ ਲਿਖਿਆ ਹੋਵੇ ਜੋ ਮੁਢਲੀਆਂ ਬਾਈਬਲਾਂ ਵਿਚ ਲਿਖਿਆ ਸੀ। ਸੰਨ 1817 ਵਿਚ ਰਾਜਾ ਪੋਮਾਰੇ ਦੂਜਾ ਲੂਕਾ ਦੀ ਇੰਜੀਲ ਦਾ ਪਹਿਲਾ ਸਫ਼ਾ ਖ਼ੁਦ ਛਾਪਣਾ ਚਾਹੁੰਦਾ ਸੀ। ਠੀਕ ਜਿਵੇਂ ਉਸ ਨੇ ਚਾਹਿਆ ਉਸ ਨੇ ਮਿਸ਼ਨਰੀਆਂ ਦੁਆਰਾ ਮੋਰੇਆਹ ਟਾਪੂ ਤੇ ਲਿਆਂਦੀ ਇਕ ਛੋਟੇ ਪ੍ਰੈੱਸ ਤੇ ਲੂਕਾ ਦੀ ਇੰਜੀਲ ਦੇ ਪਹਿਲੇ ਸਫ਼ੇ ਨੂੰ ਛਾਪਿਆ। ਲੇਕਿਨ, ਟੂਆਹੀਨ ਨਾਂ ਦੇ ਆਦਮੀ ਦਾ ਜ਼ਿਕਰ ਕਰਨ ਤੋਂ ਬਿਨਾਂ ਤਾਹੀਟੀ ਬਾਈਬਲ ਦੀ ਕਹਾਣੀ ਅਧੂਰੀ ਰਹਿੰਦੀ। ਇਸ ਦੇਸੀ ਆਦਮੀ ਨੇ ਵਫ਼ਾਦਾਰੀ ਨਾਲ ਕਈਆਂ ਸਾਲਾਂ ਦੌਰਾਨ ਮਿਸ਼ਨਰੀਆਂ ਦੀ ਤਾਹੀਟੀ ਭਾਸ਼ਾ ਚੰਗੀ ਤਰ੍ਹਾਂ ਸਿੱਖਣ ਵਿਚ ਮਦਦ ਕੀਤੀ।

ਅਨੁਵਾਦ ਪੂਰਾ ਕੀਤਾ ਗਿਆ

ਸੰਨ 1819 ਵਿਚ, 6 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ, ਇੰਜੀਲਾਂ, ਰਸੂਲਾਂ ਦੇ ਕਰਤੱਬ ਅਤੇ ਜ਼ਬੂਰਾਂ ਦੀ ਪੋਥੀ ਦਾ ਅਨੁਵਾਦ ਪੂਰਾ ਕੀਤਾ ਗਿਆ ਸੀ। ਨਵੇਂ ਆਏ ਮਿਸ਼ਨਰੀਆਂ ਨੇ ਆਪਣੇ ਨਾਲ ਇਕ ਹੋਰ ਪ੍ਰਿੰਟਿੰਗ ਪ੍ਰੈੱਸ ਲਿਆਂਦਾ ਅਤੇ ਇਸ ਦੇ ਨਾਲ ਬਾਈਬਲ ਦੀ ਛਪਾਈ ਅਤੇ ਵੰਡਾਈ ਦਾ ਕੰਮ ਅੱਗੇ ਵਧਿਆ।

ਇਸ ਮਗਰੋਂ ਬਾਈਬਲ ਦੇ ਬਾਕੀ ਹਿੱਸੇ ਦੇ ਅਨੁਵਾਦ ਦੇ ਕੰਮ ਵਿਚ ਸਖ਼ਤ ਮਿਹਨਤ ਕੀਤੀ ਗਈ। ਅਨੁਵਾਦ ਕਰਨ ਤੋਂ ਬਾਅਦ ਇਸ ਨੂੰ ਪਰੂਫ-ਰੀਡ ਕਰਨ ਅਤੇ ਸੁਧਾਰਨ ਦੀ ਵੀ ਲੋੜ ਸੀ। ਤਾਹੀਟੀ ਟਾਪੂ ਤੇ 28 ਸਾਲ ਰਹਿਣ ਤੋਂ ਬਾਅਦ 1825 ਵਿਚ ਨੌਟ ਬੀਮਾਰ ਹੋ ਗਿਆ ਤੇ ਸੋਸਾਇਟੀ ਨੇ ਉਸ ਨੂੰ ਇੰਗਲੈਂਡ ਵਾਪਸ ਆਉਣ ਦਿੱਤਾ। ਖ਼ੁਸ਼ੀ ਦੀ ਗੱਲ ਹੈ ਕਿ ਯੂਨਾਨੀ ਸ਼ਾਸਤਰ ਦਾ ਅਨੁਵਾਦ ਤਕਰੀਬਨ ਖ਼ਤਮ ਸੀ। ਉਸ ਨੇ ਅਨੁਵਾਦ ਦਾ ਕੰਮ ਆਪਣੇ ਸਫ਼ਰ ਦੌਰਾਨ ਅਤੇ ਵਾਪਸ ਇੰਗਲੈਂਡ ਆ ਕੇ ਜਾਰੀ ਰੱਖਿਆ। ਨੌਟ ਸੰਨ 1827 ਤਾਹੀਟੀ ਵਾਪਸ ਮੁੜਿਆ। ਅੱਠ ਸਾਲ ਬਾਅਦ ਦਸੰਬਰ 1835, ਉਸ ਨੇ ਅਨੁਵਾਦਕ ਵਜੋਂ ਆਪਣਾ ਕੰਮ ਨਿਬੇੜ ਦਿੱਤਾ। ਤਕਰੀਬਨ 30 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਪੂਰੀ ਦੀ ਪੂਰੀ ਬਾਈਬਲ ਦਾ ਅਨੁਵਾਦ ਹੋ ਚੁੱਕਾ ਸੀ।

ਤਾਹੀਟੀ ਭਾਸ਼ਾ ਵਿਚ ਪੂਰੀ ਬਾਈਬਲ ਦੀ ਛਪਾਈ ਕਰਾਉਣ ਲਈ ਨੌਟ ਸੰਨ 1836, ਲੰਡਨ, ਇੰਗਲੈਂਡ ਵਾਪਸ ਗਿਆ। ਖ਼ੁਸ਼ੀ ਨਾਲ ਭਰੇ ਹੋਏ, 8 ਜੂਨ 1938, ਨੌਟ ਨੇ ਰਾਣੀ ਵਿਕਟੋਰੀਆ ਨੂੰ ਤਾਹੀਟੀ ਬਾਈਬਲ ਦੀ ਪਹਿਲੀ ਐਡੀਸ਼ਨ ਸੌਂਪੀ। ਤਾਹੀਟੀ ਭਾਸ਼ਾ ਸਿੱਖ ਕੇ, ਤਾਹੀਟੀ ਸਭਿਆਚਾਰ ਤੋਂ ਜਾਣੂ ਹੋ ਕੇ ਪੂਰੀ ਬਾਈਬਲ ਦਾ ਅਨੁਵਾਦ ਕਰਨਾ ਜ਼ਿੰਦਗੀ ਭਰ ਦਾ ਕੰਮ ਸੀ। ਹੈਨਰੀ ਨੌਟ, ਇਕ ਆਮ ਰਾਜ ਮਿਸਤਰੀ ਨੇ ਕੁਝ 40 ਸਾਲ ਪਹਿਲਾਂ ਡੱਫ ਸਮੁੰਦਰੀ ਜਹਾਜ਼ ਤੇ ਤਾਹੀਟੀ ਜਾ ਕੇ ਇਹ ਕੰਮ ਕੀਤਾ। ਤਾਂ ਫਿਰ ਬਿਨਾਂ ਸ਼ੱਕ, ਨੌਟ ਲਈ ਇਹ ਇਕ ਬਹੁਤ ਹੀ ਵੱਡਾ ਦਿਨ ਸੀ।

ਨੌਟ 2 ਮਹੀਨੇ ਬਾਅਦ, 3,000 ਤਾਹੀਟੀ ਬਾਈਬਲਾਂ ਨਾਲ ਭਰੀਆਂ 27 ਕ੍ਰੇਟਾਂ ਸਣੇ ਦੱਖਣੀ ਸ਼ਾਂਤ ਮਹਾਂਸਾਗਰ ਵੱਲ ਮੁੜਿਆ। ਸਿਡਨੀ, ਆਸਟ੍ਰੇਲੀਆ ਰੁਕਣ ਤੋਂ ਬਾਅਦ ਉਹ ਫਿਰ ਬੀਮਾਰ ਹੋ ਗਿਆ, ਪਰ ਆਪਣੀਆਂ ਬਹੁਮੁੱਲੀ ਬਾਈਬਲਾਂ ਤੋਂ ਜੁਦਾ ਨਾ ਹੋਇਆ। ਠੀਕ ਹੋਣ ਤੋਂ ਬਾਅਦ ਉਹ 1840 ਵਿਚ ਤਾਹੀਟੀ ਪਹੁੰਚਿਆ। ਉਹ ਉੱਥੇ ਹਾਲੇ ਪਹੁੰਚਿਆ ਹੀ ਸੀ ਜਦੋਂ ਲੋਕਾਂ ਨੇ ਬਾਈਬਲਾਂ ਹਾਸਲ ਕਰਨ ਲਈ ਉਸ ਨੂੰ ਘੇਰ ਲਿਆ। ਮਈ 1844 ਵਿਚ ਜਦੋਂ ਨੌਟ 70 ਸਾਲਾਂ ਦਾ ਸੀ ਉਸ ਨੇ ਤਾਹੀਟੀ ਟਾਪੂ ਤੇ ਆਪਣਾ ਆਖ਼ਰੀ ਦਮ ਲਿਆ।

ਦੂਰ ਤਕ ਅਸਰ ਪਿਆ

ਨੌਟ ਤੋਂ ਬਾਅਦ ਉਸ ਦਾ ਕੰਮ ਜੀਉਂਦਾ ਰਿਹਾ। ਉਸ ਦੇ ਕੰਮ ਨੇ ਪੌਲੀਨੀਸ਼ੀਆਈ ਭਾਸ਼ਾਵਾਂ ਤੇ ਬਹੁਤ ਅਸਰ ਪਾਇਆ। ਤਾਹੀਟੀ ਭਾਸ਼ਾ ਦੀ ਲਿਪੀ ਬਣਾਉਣ ਦੇ ਰਾਹੀਂ ਮਿਸ਼ਨਰੀਆਂ ਨੇ ਇਸ ਭਾਸ਼ਾ ਨੂੰ ਜੀਉਂਦਾ ਰੱਖਿਆ। ਇਕ ਲੇਖਕ ਨੇ ਕਿਹਾ: “ਨੌਟ ਨੇ ਅੱਜ ਦਾ ਜਾਣਿਆ-ਪਛਾਣਿਆ ਤਾਹੀਟੀ ਵਿਆਕਰਣ ਸਥਾਪਿਤ ਕੀਤਾ। ਜੇ ਤੁਸੀਂ ਅਸਲੀ ਤਾਹੀਟੀ ਭਾਸ਼ਾ ਸਿੱਖਣੀ ਚਾਹੁੰਦੇ ਹੋ ਤਾਂ ਤੁਹਾਨੂੰ ਤਾਹੀਟੀ ਬਾਈਬਲ ਰਾਹੀਂ ਇਸ ਨੂੰ ਸਿੱਖਣਾ ਪਵੇਗਾ।” ਇਨ੍ਹਾਂ ਅਨੁਵਾਦਕਾਂ ਦੀ ਸਖ਼ਤ ਮਿਹਨਤ ਸਦਕਾ ਹਜ਼ਾਰਾਂ ਸ਼ਬਦਾਂ ਦੀ ਰੱਖਿਆ ਕੀਤੀ ਗਈ ਜਿਨ੍ਹਾਂ ਨੂੰ ਹੁਣ ਤਕ ਭੁਲਾਇਆ ਜਾਣਾ ਸੀ। ਬਾਈਬਲ ਦੇ ਅਨੁਵਾਦ ਤੋਂ 100 ਸਾਲ ਬਾਅਦ ਇਕ ਹੋਰ ਲੇਖਕ ਨੇ ਕਿਹਾ: “ਨੌਟ ਦੀ ਤਾਹੀਟੀ ਬਾਈਬਲ ਬੜੀ ਅਨੋਖੀ ਹੈ। ਇਹ ਤਾਹੀਟੀ ਭਾਸ਼ਾ ਦੀ ਇਕ ਮਾਸਟਰਪੀਸ ਹੈ। ਸਾਰੇ ਇਸ ਗੱਲ ਨਾਲ ਸਹਿਮਤ ਹਨ।”

ਇਹ ਮਹੱਤਵਪੂਰਣ ਕੰਮ ਸਿਰਫ਼ ਤਾਹੀਟੀ ਦੇ ਲੋਕਾਂ ਲਈ ਹੀ ਫ਼ਾਇਦੇਮੰਦ ਨਹੀਂ ਸੀ। ਇਹ ਦੱਖਣੀ ਸ਼ਾਂਤ ਮਹਾਂਸਾਗਰ ਇਲਾਕੇ ਦੀਆਂ ਹੋਰ ਕਈ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਬੁਨਿਆਦ ਵੀ ਸੀ। ਮਿਸਾਲ ਵਜੋਂ, ਕੁਕ ਦੀਪ-ਸਮੂਹ ਅਤੇ ਸਮੋਆ ਦੇ ਅਨੁਵਾਦਕਾਂ ਨੇ ਇਸ ਨੂੰ ਇਕ ਨਮੂਨੇ ਵਜੋਂ ਵਰਤਿਆ। ਇਕ ਅਨੁਵਾਦਕ ਨੇ ਕਿਹਾ: “ਮੈਂ ਸ਼੍ਰੀਮਾਨ ਨੌਟ ਦੇ ਅਨੁਵਾਦ ਨੂੰ ਚੰਗੀ ਤਰ੍ਹਾਂ ਜਾਂਚ ਕੇ ਅਸਲ ਵਿਚ ਉਸੇ ਦੀ ਨਕਲ ਕੀਤੀ ਹੈ।” ਇਕ ਹੋਰ ਅਨੁਵਾਦਕ ਦੇ ਬਾਰੇ ਦੱਸਿਆ ਗਿਆ ਹੈ ਕਿ ‘ਜਦ ਉਸ ਨੇ ਸਮੋਆ ਦੀ ਭਾਸ਼ਾ ਵਿਚ ਦਾਊਦ ਦੇ ਇਕ ਜ਼ਬੂਰ ਦਾ ਅਨੁਵਾਦ ਕੀਤਾ, ਤਾਂ ਉਸ ਨੇ ਇਬਰਾਨੀ, ਅੰਗ੍ਰੇਜ਼ੀ ਤੇ ਤਾਹੀਟੀ ਬਾਈਬਲਾਂ ਵਰਤੀਆਂ।’

ਸ਼ੁਰੂ ਵਿਚ ਜ਼ਿਕਰ ਕੀਤੇ ਪ੍ਰੋਟੈਸਟੈਂਟ ਗਰੁੱਪ ਦੇ ਮੈਂਬਰਾਂ ਦੇ ਨਮੂਨੇ ਦੀ ਨਕਲ ਕਰਦੇ ਹੋਏ ਤਾਹੀਟੀ ਦੇ ਮਿਸ਼ਨਰੀਆਂ ਨੇ ਜੋਸ਼ ਨਾਲ ਪੜ੍ਹਾਈ-ਲਿਖਾਈ ਦੇ ਫ਼ਾਇਦਿਆਂ ਬਾਰੇ ਦੱਸਿਆ। ਲੇਕਿਨ, ਤਕਰੀਬਨ ਇਕ ਸਦੀ ਲਈ ਤਾਹੀਟੀ ਦੇ ਲੋਕਾਂ ਦੀ ਭਾਸ਼ਾ ਵਿਚ ਇੱਕੋ ਹੀ ਪੁਸਤਕ ਸੀ, ਬਾਈਬਲ। ਇਸ ਲਈ ਬਾਈਬਲ ਨੇ ਤਾਹੀਟੀ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਉਨ੍ਹਾਂ ਦੇ ਸਭਿਆਚਾਰ ਤੇ ਬਹੁਤ ਅਸਰ ਪਾਇਆ।

ਨੌਟ ਵਰਯਨ ਵਿਚ ਪਰਮੇਸ਼ੁਰ ਦਾ ਨਾਂ ਕਈ ਵਾਰੀ ਦਰਜ ਹੈ ਅਤੇ ਇਹ ਇਸ ਅਨੁਵਾਦ ਦਾ ਇਕ ਖ਼ਾਸ ਪਹਿਲੂ ਹੈ। ਨਤੀਜੇ ਵਜੋਂ ਯਹੋਵਾਹ ਦਾ ਨਾਂ ਤਾਹੀਟੀ ਟਾਪੂਆਂ ਵਿਚ ਚੰਗੀ ਤਰ੍ਹਾਂ ਜਾਣਿਆ-ਪਛਾਣਿਆ ਹੈ। ਕਈ ਵਾਰ ਪਰਮੇਸ਼ੁਰ ਦਾ ਨਾਂ ਪ੍ਰੋਟੈਸਟੈਂਟ ਚਰਚਾਂ ਤੇ ਵੀ ਦੇਖਿਆ ਜਾਂਦਾ ਹੈ। ਪਰ ਅੱਜ-ਕੱਲ੍ਹ ਪਰਮੇਸ਼ੁਰ ਦਾ ਨਾਂ ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਅਤੇ ਉਨ੍ਹਾਂ ਦੇ ਜੋਸ਼ੀਲੇ ਪ੍ਰਚਾਰ ਨਾਲ ਜੋੜਿਆ ਜਾਂਦਾ ਹੈ। ਯਹੋਵਾਹ ਦੇ ਗਵਾਹ ਨੌਟ ਤੇ ਉਸ ਦੇ ਸਾਥੀਆਂ ਦੁਆਰਾ ਅਨੁਵਾਦ ਕੀਤੀ ਤਾਹੀਟੀ ਬਾਈਬਲ ਦੀ ਚੰਗੀ ਤਰ੍ਹਾਂ ਵਰਤੋਂ ਕਰਦੇ ਹਨ। ਹੈਨਰੀ ਨੌਟ ਵਰਗੇ ਆਦਮੀਆਂ ਦੀ ਸਖ਼ਤ ਮਿਹਨਤ ਬਾਰੇ ਸਿੱਖ ਕੇ ਸਾਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਸਾਨੂੰ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਬਚਨ ਤਕਰੀਬਨ ਸਾਰੀ ਮਨੁੱਖਜਾਤੀ ਨੂੰ ਮਿਲ ਸਕਦਾ ਹੈ।

[ਸਫ਼ੇ 26 ਉੱਤੇ ਤਸਵੀਰਾਂ]

ਸੰਨ 1815, ਤਾਹੀਟੀ ਭਾਸ਼ਾ ਵਿਚ ਬਾਈਬਲ ਦੇ ਪਹਿਲੇ ਅਨੁਵਾਦ। ਯਹੋਵਾਹ ਦਾ ਨਾਮ ਵੀ ਦਰਜ ਹੈ।

ਹੈਨਰੀ ਨੌਟ (1774-1844), ਤਾਹੀਟੀ ਬਾਈਬਲ ਦਾ ਮੁੱਖ ਅਨੁਵਾਦਕ

[ਕ੍ਰੈਡਿਟ ਲਾਈਨਾਂ]

ਤਾਹੀਟੀ ਬਾਈਬਲ: Copyright the British Library (3070.a.32); ਹੈਨਰੀ ਨੌਟ ਅਤੇ ਚਿੱਠੀ: Collection du Musée de Tahiti et de ses Îles, Punaauia, Tahiti; ਧਾਰਮਿਕ ਸਿਧਾਂਤਾਂ ਦੀ ਸਵਾਲ-ਜਵਾਬ ਪੁਸਤਕ: With permission of the London Missionary Society Papers, Alexander Turnbull Library, Wellington, New Zealand

[ਸਫ਼ੇ 28 ਉੱਤੇ ਤਸਵੀਰ]

ਤਾਹੀਟੀ-ਵੈਲਸ਼ੀ ਭਾਸ਼ਾਵਾਂ ਵਿਚ ਧਾਰਮਿਕ ਸਿਧਾਂਤਾਂ ਦੀ ਸਵਾਲ-ਜਵਾਬ ਪੁਸਤਕ ਜਿਸ ਵਿਚ ਪਰਮੇਸ਼ੁਰ ਦਾ ਨਾਂ ਦਰਜ ਹੈ

[ਕ੍ਰੈਡਿਟ ਲਾਈਨਾਂ]

With permission of the London Missionary Society Papers, Alexander Turnbull Library, Wellington, New Zealand

[ਸਫ਼ੇ 29 ਉੱਤੇ ਤਸਵੀਰ]

ਯਹੋਵਾਹ ਦਾ ਨਾਂ ਪ੍ਰੋਟੈਸਟੈਂਟ ਇਮਾਰਤਾਂ ਤੇ ਵੀ ਪਾਇਆ ਜਾਂਦਾ ਹੈ, ਹੁਆਹੀਨੀ, ਫ੍ਰੈਂਚ ਪੌਲੀਨੀਸ਼ੀਆ

[ਕ੍ਰੈਡਿਟ ਲਾਈਨਾਂ]

Avec la permission du Pasteur Teoroi Firipa