ਉੱਤਮ ਕਿਸਮ ਦਾ ਪਿਆਰ
ਉੱਤਮ ਕਿਸਮ ਦਾ ਪਿਆਰ
ਬਾਈਬਲ ਦੇ ਯੂਨਾਨੀ ਹਿੱਸੇ ਯਾਨੀ ਨਵੇਂ ਨੇਮ ਵਿਚ ਜਿਸ ਸ਼ਬਦ ਦਾ ਤਰਜਮਾ ਬਹੁਤ ਵਾਰ “ਪਿਆਰ” ਕੀਤਾ ਗਿਆ ਹੈ, ਉਹ ਯੂਨਾਨੀ ਭਾਸ਼ਾ ਦਾ ਸ਼ਬਦ ਅਗਾਪੇ ਹੈ।
ਬਾਈਬਲ ਦੇ ਇਕ ਕੋਸ਼ * ਵਿਚ ਇਸ ਦਾ ਮਤਲਬ ਸਮਝਾਇਆ ਗਿਆ ਹੈ: “[ਅਗਾਪੇ ] ਸਿਰਫ਼ ਉਹ ਪਿਆਰ ਨਹੀਂ ਹੈ ਜੋ ਆਮ ਕਰਕੇ ਸਾਕ-ਸੰਬੰਧੀਆਂ ਜਾਂ ਦੋਸਤਾਂ-ਮਿੱਤਰਾਂ ਨਾਲ ਕੀਤਾ ਜਾਂਦਾ ਹੈ, ਸਗੋਂ ਉਹ ਪਿਆਰ ਹੈ ਜੋ ਸਾਨੂੰ ਦਿਲੋਂ ਦੂਸਰੇ ਦੀ ਭਲਾਈ ਬਾਰੇ ਸੋਚ ਕੇ ਸਹੀ ਕੰਮ ਕਰਨ ਲਈ ਪ੍ਰੇਰਦਾ ਹੈ। ਅਗਾਪੇ ਪਿਆਰ ਕਰਨਾ ਸਾਡਾ ਫ਼ਰਜ਼ ਹੈ, ਇਹ ਪਰਮੇਸ਼ੁਰ ਦੇ ਅਸੂਲਾਂ ਦੇ ਮੁਤਾਬਕ ਹੈ ਅਤੇ ਇਸ ਤਰ੍ਹਾਂ ਕਰਨਾ ਸਹੀ ਹੈ। ਅਗਾਪੇ (ਪਿਆਰ) ਦੁਸ਼ਮਣਾਂ ਨਾਲ ਵੀ ਕੀਤਾ ਜਾਂਦਾ ਹੈ ਕਿਉਂਕਿ ਇਹ ਸਾਨੂੰ ਸਹੀ ਅਸੂਲਾਂ ਨੂੰ ਤੋੜਨ ਨਹੀਂ ਦਿੰਦਾ ਅਤੇ ਸਾਨੂੰ ਬਦਲਾ ਲੈਣ ਤੋਂ ਰੋਕਦਾ ਹੈ।”
ਅਗਾਪੇ ਸਾਡੇ ਜਜ਼ਬਾਤਾਂ ਨਾਲ ਵੀ ਸੰਬੰਧ ਰੱਖਦਾ ਹੈ। ਪਤਰਸ ਰਸੂਲ ਨੇ ਅਗਾਪੇ ਸ਼ਬਦ ਵਰਤ ਕੇ ਕਿਹਾ: “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।” (1 ਪਤਰਸ 4:8) ਇਸ ਲਈ ਕਿਹਾ ਜਾ ਸਕਦਾ ਹੈ ਕਿ ਅਗਾਪੇ ਦਿਲ ਅਤੇ ਦਿਮਾਗ਼ ਤੋਂ ਕੰਮ ਲੈਂਦਾ ਹੈ। ਕਿਉਂ ਨਾ ਬਾਈਬਲ ਵਿੱਚੋਂ ਕੁਝ ਹਵਾਲੇ ਪੜ੍ਹ ਕੇ ਦੇਖੋ ਜਿਨ੍ਹਾਂ ਵਿਚ ਇਸ ਉੱਤਮ ਪਿਆਰ ਦੀ ਤਾਕਤ ਬਾਰੇ ਦੱਸਿਆ ਹੈ? ਮਿਸਾਲ ਲਈ ਇਹ ਹਵਾਲੇ ਪੜ੍ਹੋ: ਮੱਤੀ 5:43-47; ਯੂਹੰਨਾ 15:12, 13; ਰੋਮੀਆਂ 13:8-10; ਅਫ਼ਸੀਆਂ 5:2, 25, 28; 1 ਯੂਹੰਨਾ 3:15-18; 4:16-21.
[ਫੁਟਨੋਟ]
^ ਪੈਰਾ 3 ਇਨਸਾਈਟ ਔਨ ਦ ਸਕ੍ਰਿਪਚਰਸ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।