Skip to content

Skip to table of contents

ਦੂਸਰਿਆਂ ਦੀ ਮਦਦ ਕਰਨ ਨਾਲ ਆਪਣਾ ਦਰਦ ਘੱਟ ਜਾਂਦਾ ਹੈ

ਦੂਸਰਿਆਂ ਦੀ ਮਦਦ ਕਰਨ ਨਾਲ ਆਪਣਾ ਦਰਦ ਘੱਟ ਜਾਂਦਾ ਹੈ

ਜੀਵਨੀ

ਦੂਸਰਿਆਂ ਦੀ ਮਦਦ ਕਰਨ ਨਾਲ ਆਪਣਾ ਦਰਦ ਘੱਟ ਜਾਂਦਾ ਹੈ

ਹੁਲਿਆਨੋ ਆਰਿਆਸ ਦੀ ਜ਼ਬਾਨੀ

ਸਾਲ 1988 ਵਿਚ ਜਦ ਮੈਂ 40 ਸਾਲਾਂ ਦਾ ਸੀ, ਮੈਂ ਕੰਮ ਤੇ ਕਾਫ਼ੀ ਤਰੱਕੀ ਕਰ ਰਿਹਾ ਸੀ ਅਤੇ ਮੈਨੂੰ ਆਪਣਾ ਭਵਿੱਖ ਸੁਨਹਿਰਾ ਨਜ਼ਰ ਆ ਰਿਹਾ ਸੀ। ਮੈਂ ਇਕ ਅੰਤਰਰਾਸ਼ਟਰੀ ਕੰਪਨੀ ਦਾ ਪ੍ਰਾਦੇਸ਼ਿਕ ਡਾਇਰੈਕਟਰ ਸੀ। ਕੰਪਨੀ ਵੱਲੋਂ ਮੈਨੂੰ ਵੱਡੀ ਕਾਰ, ਚੰਗੀ ਤਨਖ਼ਾਹ ਅਤੇ ਮੈਡਰਿਡ, ਸਪੇਨ ਵਿਚ ਇਕ ਸ਼ਾਨਦਾਰ ਦਫ਼ਤਰ ਮਿਲਿਆ ਸੀ। ਮੈਨੂੰ ਪਤਾ ਲੱਗਾ ਕਿ ਕੰਪਨੀ ਦੇ ਮਾਲਕ ਮੈਨੂੰ ਰਾਸ਼ਟਰੀ ਡਾਇਰੈਕਟਰ ਬਣਾਉਣ ਬਾਰੇ ਵੀ ਸੋਚ ਰਹੇ ਸਨ। ਪਰ ਮੈਨੂੰ ਉਸ ਵੇਲੇ ਇਹ ਨਹੀਂ ਸੀ ਪਤਾ ਕਿ ਮੇਰੀ ਸਾਰੀ ਜ਼ਿੰਦਗੀ ਬਦਲਣ ਵਾਲੀ ਸੀ।

ਉਸੇ ਸਾਲ ਇਕ ਦਿਨ ਮੇਰੇ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਨੂੰ ਮੱਲਟਿਪਲ ਸਕਲਿਰੋਸਿਸ (multiple sclerosis) ਨਾਂ ਦਾ ਰੋਗ ਸੀ ਜਿਸ ਦਾ ਕੋਈ ਇਲਾਜ ਨਹੀਂ ਹੈ। ਇਹ ਸੁਣ ਕੇ ਮੇਰੀ ਤਾਂ ਦੁਨੀਆਂ ਹੀ ਉੱਜੜ ਗਈ। ਬਾਅਦ ਵਿਚ, ਇਸ ਬੀਮਾਰੀ ਬਾਰੇ ਪੜ੍ਹ ਕੇ ਜਦ ਮੈਨੂੰ ਪਤਾ ਲੱਗਾ ਕਿ ਇਹ ਦਾ ਮੇਰੇ ਉੱਤੇ ਕੀ ਅਸਰ ਹੋਵੇਗਾ, ਤਾਂ ਮੈਂ ਬਹੁਤ ਹੀ ਡਰ ਗਿਆ। * ਮੈਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੇਰੀ ਜਾਨ ਨੂੰ ਹਰ ਵੇਲੇ ਖ਼ਤਰਾ ਹੋਵੇ। ਮੈਂ ਸੋਚਾਂ ਵਿਚ ਪੈ ਗਿਆ ਕਿ ਮੈਂ ਆਪਣੀ ਪਤਨੀ, ਮਿਲਾਗ੍ਰੋਸ ਅਤੇ ਤਿੰਨ ਸਾਲਾਂ ਦੇ ਮੁੰਡੇ ਇਸਮਾਏਲ ਦੀ ਦੇਖ-ਭਾਲ ਕਿਸ ਤਰ੍ਹਾਂ ਕਰਾਂਗਾ? ਅਸੀਂ ਇਸ ਮੁਸ਼ਕਲ ਦਾ ਕਿਸ ਤਰ੍ਹਾਂ ਸਾਮ੍ਹਣਾ ਕਰਾਂਗੇ? ਮੈਂ ਹਾਲੇ ਇਨ੍ਹਾਂ ਸਵਾਲਾਂ ਬਾਰੇ ਸੋਚ ਹੀ ਰਿਹਾ ਸੀ ਜਦ ਮੈਨੂੰ ਇਕ ਹੋਰ ਬੁਰੀ ਖ਼ਬਰ ਮਿਲੀ।

ਡਾਕਟਰ ਨਾਲ ਗੱਲਬਾਤ ਹੋਈ ਨੂੰ ਹਾਲੇ ਇਕ ਮਹੀਨਾ ਹੀ ਹੋਇਆ ਸੀ ਜਦ ਮੇਰੇ ਸੁਪਰਵਾਈਜ਼ਰ ਨੇ ਮੈਨੂੰ ਆਪਣੇ ਆਫ਼ਿਸ ਵਿਚ ਬੁਲਾ ਕੇ ਕਿਹਾ ਕਿ ਕੰਪਨੀ ਨੂੰ ਕਿਸੇ “ਸੋਹਣੇ-ਸੁਨੱਖੇ ਅਤੇ ਤੰਦਰੁਸਤ” ਆਦਮੀ ਦੀ ਲੋੜ ਸੀ। ਮੇਰੇ ਵਧ ਰਹੇ ਰੋਗ ਕਾਰਨ ਮੈਂ ਹੁਣ ਇਸ ਕੰਪਨੀ ਦੇ ਲਾਇਕ ਨਹੀਂ ਸੀ ਰਿਹਾ। ਮੇਰੇ ਮਾਲਕ ਨੇ ਮੈਨੂੰ ਉਸੇ ਵੇਲੇ ਨੌਕਰੀ ਤੋਂ ਜਵਾਬ ਦੇ ਦਿੱਤਾ। ਇਸ ਤਰ੍ਹਾਂ ਕੁਝ ਹੀ ਪਲਾਂ ਵਿਚ ਮੇਰੇ ਕੈਰੀਅਰ ਦਾ ਅੰਤ ਹੋ ਗਿਆ!

ਹਾਲਾਂਕਿ ਮੈਂ ਆਪਣੇ ਹਾਲਾਤ ਅਤੇ ਭਵਿੱਖ ਬਾਰੇ ਸੋਚਣ ਲਈ ਕੁਝ ਸਮਾਂ ਇਕੱਲਾ ਰਹਿਣ ਲਈ ਤਰਸਦਾ ਰਹਿੰਦਾ ਸੀ, ਪਰ ਆਪਣੇ ਪਰਿਵਾਰ ਦੇ ਸਾਮ੍ਹਣੇ ਮੈਂ ਬਹਾਦਰ ਬਣਨ ਦੀ ਕੋਸ਼ਿਸ਼ ਕਰਦਾ ਸੀ। ਪਰ ਇਕ ਗੱਲ ਮੈਨੂੰ ਖਾਈ ਜਾ ਰਹੀ ਸੀ ਕਿ ਰਾਤੋ-ਰਾਤ ਮੈਂ ਕੰਪਨੀ ਲਈ ਕਿਵੇਂ ਬੇਕਾਰ ਅਤੇ ਨਿਕੰਮਾ ਬਣ ਗਿਆ ਸੀ।

ਕਮਜ਼ੋਰ ਹੁੰਦੇ ਹੋਏ ਮੈਨੂੰ ਤਾਕਤ ਮਿਲੀ

ਸ਼ੁਕਰ ਹੈ ਕਿ ਇਸ ਔਖੇ ਸਮੇਂ ਦੌਰਾਨ ਮੈਨੂੰ ਕਈ ਪਾਸਿਆਂ ਤੋਂ ਤਾਕਤ ਮਿਲੀ। ਕੁਝ 20 ਸਾਲ ਪਹਿਲਾਂ ਮੈਂ ਯਹੋਵਾਹ ਦਾ ਗਵਾਹ ਬਣਿਆ ਸੀ। ਇਸ ਲਈ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਤਾਕਤ ਮੰਗੀ ਅਤੇ ਦਿਲ ਖੋਲ੍ਹ ਕੇ ਉਸ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ। ਮੇਰੀ ਪਤਨੀ ਤੋਂ ਵੀ ਮੈਨੂੰ ਤਾਕਤ ਮਿਲੀ ਹੈ। ਉਹ ਵੀ ਯਹੋਵਾਹ ਦੀ ਸੇਵਾ ਕਰਦੀ ਹੈ। ਇਸ ਦੇ ਨਾਲ-ਨਾਲ ਮੇਰੇ ਕੁਝ ਜਿਗਰੀ ਦੋਸਤ-ਮਿੱਤਰਾਂ ਨੇ ਪਿਆਰ ਤੇ ਹਮਦਰਦੀ ਨਾਲ ਮੇਰਾ ਹੌਸਲਾ ਵਧਾ ਕੇ ਮੈਨੂੰ ਸਹਾਰਾ ਦਿੱਤਾ ਹੈ।—ਕਹਾਉਤਾਂ 17:17.

ਇਹ ਯਾਦ ਰੱਖਣ ਨਾਲ ਵੀ ਮੈਨੂੰ ਹਿੰਮਤ ਮਿਲੀ ਕਿ ਦੂਸਰਿਆਂ ਪ੍ਰਤੀ ਮੇਰੀ ਵੱਡੀ ਜ਼ਿੰਮੇਵਾਰੀ ਹੈ। ਮੈਂ ਆਪਣੇ ਮੁੰਡੇ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕਰਨਾ ਚਾਹੁੰਦਾ ਸੀ। ਉਸ ਨਾਲ ਹੱਸਣਾ-ਖੇਡਣਾ ਚਾਹੁੰਦਾ ਸੀ ਅਤੇ ਪ੍ਰਚਾਰ ਦੇ ਕੰਮ ਵਿਚ ਉਸ ਦੀ ਮਦਦ ਕਰਨੀ ਚਾਹੁੰਦਾ ਸੀ। ਇਸ ਲਈ ਮੈਂ ਹਿੰਮਤ ਨਹੀਂ ਹਾਰੀ। ਇਸ ਤੋਂ ਇਲਾਵਾ, ਮੈਂ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਸੀ ਅਤੇ ਮੇਰੇ ਮਸੀਹੀ ਭੈਣਾਂ-ਭਰਾਵਾਂ ਨੂੰ ਮੇਰੇ ਸਹਾਰੇ ਅਤੇ ਮਦਦ ਦੀ ਲੋੜ ਸੀ। ਜੇ ਮੈਂ ਆਪਣੇ ਦੁੱਖ ਕਾਰਨ ਆਪਣੀ ਨਿਹਚਾ ਨੂੰ ਕਮਜ਼ੋਰ ਹੋਣ ਦਿੰਦਾ, ਤਾਂ ਮੈਂ ਦੂਸਰਿਆਂ ਲਈ ਕਿਹੋ ਜਿਹੀ ਮਿਸਾਲ ਕਾਇਮ ਕਰਨੀ ਸੀ?

ਸਰੀਰਕ ਤੇ ਪੈਸੇ-ਧੇਲੇ ਪੱਖੋਂ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਸੀ। ਕੁਝ ਗੱਲਾਂ ਵਿਚ ਮੇਰੀ ਹਾਲਤ ਵਿਗੜ ਗਈ ਸੀ, ਪਰ ਕੁਝ ਗੱਲਾਂ ਵਿਚ ਮੇਰੀ ਜ਼ਿੰਦਗੀ ਅੱਗੇ ਨਾਲੋਂ ਬਿਹਤਰ ਬਣ ਗਈ ਸੀ। ਇਕ ਵਾਰ ਮੈਂ ਡਾਕਟਰ ਨੂੰ ਇਹ ਕਹਿੰਦੇ ਹੋਏ ਸੁਣਿਆ: “ਬੀਮਾਰੀ ਕਾਰਨ ਇਨਸਾਨ ਦੀ ਜ਼ਿੰਦਗੀ ਖ਼ਤਮ ਨਹੀਂ ਹੋ ਜਾਂਦੀ, ਉਹ ਸਿਰਫ਼ ਬਦਲ ਜਾਂਦੀ ਹੈ।” ਮੈਂ ਇਹ ਗੱਲ ਸਿੱਖੀ ਹੈ ਕਿ ਹਰ ਤਬਦੀਲੀ ਬੁਰੀ ਨਹੀਂ ਹੁੰਦੀ।

ਮੇਰੀ ਬੀਮਾਰੀ ‘ਮੇਰੇ ਸਰੀਰ ਵਿੱਚ ਇੱਕ ਕੰਡੇ ਵਾਂਗ ਚੁੱਭ’ ਰਹੀ ਸੀ। (2 ਕੁਰਿੰਥੀਆਂ 12:7) ਪਰ ਇਸ ਕੰਡੇ ਕਾਰਨ ਮੈਂ ਹੁਣ ਹੋਰਨਾਂ ਬੀਮਾਰ ਲੋਕਾਂ ਦਾ ਦੁੱਖ-ਦਰਦ ਸਮਝ ਸਕਦਾ ਸੀ ਅਤੇ ਉਨ੍ਹਾਂ ਦਾ ਹਮਦਰਦੀ ਬਣ ਸਕਦਾ ਸੀ। ਕਹਾਉਤਾਂ 3:5 ਦੇ ਸ਼ਬਦ ਮੇਰੇ ਲਈ ਪਹਿਲਾਂ ਨਾਲੋਂ ਹੁਣ ਜ਼ਿਆਦਾ ਮਾਅਨੇ ਰੱਖਦੇ ਸਨ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।” ਮੇਰੇ ਨਵੇਂ ਹਾਲਾਤ ਕਾਰਨ ਮੈਨੂੰ ਇਸ ਵੱਡੀ ਗੱਲ ਦਾ ਅਹਿਸਾਸ ਹੋਇਆ ਹੈ ਕਿ ਜ਼ਿੰਦਗੀ ਵਿਚ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ। ਨਾਲੇ ਇਹ ਵੀ ਕਿ ਸੱਚੀ ਖ਼ੁਸ਼ੀ ਕਿਨ੍ਹਾਂ ਚੀਜ਼ਾਂ ਤੋਂ ਮਿਲਦੀ ਹੈ। ਮੈਂ ਆਪਣੇ ਆਪ ਨੂੰ ਨਿਕੰਮਾ ਸਮਝਣ ਦੀ ਬਜਾਇ ਆਪਣਾ ਮਾਣ ਕਰਨਾ ਸਿੱਖਿਆ ਹੈ ਕਿਉਂਕਿ ਮੈਂ ਜਾਣਦਾ ਸੀ ਕਿ ਮੈਂ ਹਾਲੇ ਵੀ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਕਰ ਸਕਦਾ ਹਾਂ। ਮੇਰੇ ਲਈ ਯਿਸੂ ਦੇ ਇਹ ਸ਼ਬਦ ਸੱਚ-ਮੁੱਚ ਪੂਰੇ ਹੋਏ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.

ਇਕ ਨਵੀਂ ਜ਼ਿੰਦਗੀ

ਮੇਰੀ ਬੀਮਾਰੀ ਬਾਰੇ ਪਤਾ ਲੱਗਣ ਤੋਂ ਕੁਝ ਸਮੇਂ ਬਾਅਦ ਮੈਨੂੰ ਮੈਡਰਿਡ ਵਿਚ ਇਕ ਸੈਮੀਨਾਰ ਲਈ ਬੁਲਾਇਆ ਗਿਆ ਸੀ। ਉੱਥੇ ਕੁਝ ਮਸੀਹੀ ਭਰਾਵਾਂ ਨੂੰ ਅਜਿਹੀ ਸਿਖਲਾਈ ਦਿੱਤੀ ਗਈ ਸੀ ਜਿਸ ਦੁਆਰਾ ਉਹ ਡਾਕਟਰਾਂ ਅਤੇ ਗਵਾਹ ਮਰੀਜ਼ਾਂ ਵਿਚਕਾਰ ਆਪਸੀ ਤਾਲਮੇਲ ਪੈਦਾ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਸਨ। ਬਾਅਦ ਵਿਚ ਇਨ੍ਹਾਂ ਭਰਾਵਾਂ ਦੀਆਂ ਹਸਪਤਾਲ ਸੰਪਰਕ ਕਮੇਟੀਆਂ ਬਣਾਈਆਂ ਗਈਆਂ। ਇਸ ਸੈਮੀਨਾਰ ਤੋਂ ਮੈਨੂੰ ਸਮੇਂ ਸਿਰ ਮਦਦ ਮਿਲੀ। ਮੈਂ ਹੁਣ ਇਕ ਅਜਿਹੇ ਕੰਮ ਵਿਚ ਹਿੱਸਾ ਲੈ ਸਕਦਾ ਸੀ ਜਿਸ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲੀ ਹੈ, ਅਜਿਹੀ ਖ਼ੁਸ਼ੀ ਜੋ ਕਿਸੇ ਵੀ ਨੌਕਰੀ ਤੋਂ ਨਹੀਂ ਮਿਲ ਸਕਦੀ।

ਸੈਮੀਨਾਰ ਵਿਚ ਸਾਨੂੰ ਦੱਸਿਆ ਗਿਆ ਸੀ ਕਿ ਇਨ੍ਹਾਂ ਨਵੀਆਂ ਕਮੇਟੀਆਂ ਦੇ ਮੈਂਬਰਾਂ ਨੇ ਹਸਪਤਾਲਾਂ ਵਿਚ ਜਾ ਕੇ ਡਾਕਟਰਾਂ ਦੀ ਇੰਟਰਵਿਊ ਲੈਣੀ ਸੀ ਅਤੇ ਉਨ੍ਹਾਂ ਨੂੰ ਤੇ ਬਾਕੀ ਸਟਾਫ਼ ਨੂੰ ਸੋਸਾਇਟੀ ਦੇ ਪ੍ਰਕਾਸ਼ਨਾਂ ਦੀ ਮਦਦ ਨਾਲ ਜਾਣਕਾਰੀ ਦੇਣੀ ਸੀ। ਇਹ ਇਸ ਲਈ ਕੀਤਾ ਗਿਆ ਸੀ ਤਾਂਕਿ ਡਾਕਟਰਾਂ ਨਾਲ ਬਹਿਸ ਕਰਨ ਦੀ ਬਜਾਇ ਸਾਡੇ ਭਰਾ ਉਨ੍ਹਾਂ ਨਾਲ ਚੰਗਾ ਤਾਲ-ਮੇਲ ਬਣਾ ਕੇ ਰੱਖ ਸਕਣ। ਕਮੇਟੀਆਂ ਦੇ ਮੈਂਬਰ ਆਪਣੇ ਮਸੀਹੀ ਭਰਾਵਾਂ ਲਈ ਅਜਿਹੇ ਡਾਕਟਰਾਂ ਦੀ ਭਾਲ ਕਰਦੇ ਹਨ ਜੋ ਖ਼ੂਨ ਤੋਂ ਬਿਨਾਂ ਉਨ੍ਹਾਂ ਦਾ ਇਲਾਜ ਕਰਨ ਲਈ ਤਿਆਰ ਹਨ। ਪਰ ਇਨ੍ਹਾਂ ਗੱਲਾਂ ਬਾਰੇ ਮੈਨੂੰ ਕੁਝ ਨਹੀਂ ਸੀ ਪਤਾ। ਮੈਨੂੰ ਡਾਕਟਰੀ ਭਾਸ਼ਾ, ਡਾਕਟਰੀ ਅਸੂਲ ਅਤੇ ਹਸਪਤਾਲਾਂ ਵਿਚ ਕੰਮ ਕਰਨ ਦੇ ਤਰੀਕੇ ਬਾਰੇ ਬਹੁਤ ਕੁਝ ਸਿੱਖਣ ਦੀ ਲੋੜ ਸੀ। ਖ਼ੈਰ, ਸੈਮੀਨਾਰ ਤੋਂ ਬਾਅਦ ਜਦ ਮੈਂ ਘਰ ਵਾਪਸ ਗਿਆ, ਤਾਂ ਮੈਂ ਇਸ ਨਵੇਂ ਕੰਮ ਵਿਚ ਵੱਡੇ ਜੋਸ਼ ਨਾਲ ਸੇਵਾ ਕਰਨ ਲਈ ਤਿਆਰ ਸੀ।

ਡਾਕਟਰਾਂ ਨਾਲ ਮਿਲਣ ਦੇ ਵਧੀਆ ਨਤੀਜੇ

ਹਾਲਾਂਕਿ ਆਪਣੀ ਬੀਮਾਰੀ ਕਾਰਨ ਸਹਿਜੇ-ਸਹਿਜੇ ਮੈਂ ਅਪਾਹਜ ਹੋ ਰਿਹਾ ਸੀ, ਪਰ ਹਸਪਤਾਲ ਸੰਪਰਕ ਕਮੇਟੀ ਦੇ ਮੈਂਬਰ ਵਜੋਂ ਮੇਰੀਆਂ ਜ਼ਿੰਮੇਵਾਰੀਆਂ ਵਧ ਰਹੀਆਂ ਸਨ। ਅਪਾਹਜ ਹੋਣ ਕਰਕੇ ਮੈਨੂੰ ਸਰਕਾਰ ਵੱਲੋਂ ਪੈਨਸ਼ਨ ਮਿਲ ਰਹੀ ਸੀ, ਇਸ ਲਈ ਮੈਨੂੰ ਕੰਮ ਕਰਨ ਦੀ ਲੋੜ ਨਹੀਂ ਸੀ। ਨਤੀਜੇ ਵਜੋਂ, ਮੇਰੇ ਕੋਲ ਡਾਕਟਰਾਂ ਨੂੰ ਮਿਲਣ ਲਈ ਕਾਫ਼ੀ ਸਮਾਂ ਸੀ। ਭਾਵੇਂ ਕਿ ਕਦੇ-ਕਦੇ ਸਾਡਾ ਸੁਆਗਤ ਨਹੀਂ ਕੀਤਾ ਜਾਂਦਾ ਸੀ, ਫਿਰ ਵੀ ਮੈਂ ਹੈਰਾਨ ਹੋਇਆ ਕਿ ਡਾਕਟਰਾਂ ਨਾਲ ਗੱਲਬਾਤ ਕਰਨੀ ਕਿੰਨੀ ਸੌਖੀ ਸੀ ਅਤੇ ਇਸ ਦੇ ਕਿੰਨੇ ਵਧੀਆ ਨਤੀਜੇ ਨਿਕਲਦੇ ਸਨ। ਹਾਲਾਂਕਿ ਮੈਨੂੰ ਹੁਣ ਪਹੀਏਦਾਰ ਕੁਰਸੀ ਦਾ ਸਹਾਰਾ ਲੈਣਾ ਪੈਂਦਾ ਹੈ, ਤਾਂ ਵੀ ਮੈਨੂੰ ਇਸ ਕੰਮ ਵਿਚ ਕੋਈ ਵੱਡੀ ਰੁਕਾਵਟ ਨਹੀਂ ਆਉਂਦੀ। ਕਮੇਟੀ ਦੇ ਦੂਸਰੇ ਮੈਂਬਰਾਂ ਵਿੱਚੋਂ ਇਕ ਭਰਾ ਹਮੇਸ਼ਾ ਮੇਰੇ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਡਾਕਟਰ ਮੇਰੇ ਵਰਗੇ ਰੋਗੀਆਂ ਨਾਲ ਗੱਲਬਾਤ ਕਰਨ ਦੇ ਆਦੀ ਹਨ। ਜਦੋਂ ਉਹ ਦੇਖਦੇ ਹਨ ਕਿ ਉਨ੍ਹਾਂ ਨੂੰ ਮਿਲਣ ਲਈ ਮੈਨੂੰ ਕਿੰਨੀ ਤਕਲੀਫ਼ ਉਠਾਉਣੀ ਪੈਂਦੀ ਹੈ, ਤਾਂ ਉਹ ਮੇਰੀ ਗੱਲ ਹੋਰ ਵੀ ਧਿਆਨ ਨਾਲ ਸੁਣਦੇ ਹਨ।

ਪਿਛਲੇ ਦਸ ਸਾਲਾਂ ਦੌਰਾਨ ਮੈਂ ਸੈਂਕੜਿਆਂ ਡਾਕਟਰਾਂ ਨੂੰ ਮਿਲ ਚੁੱਕਾ ਹਾਂ। ਉਨ੍ਹਾਂ ਵਿੱਚੋਂ ਕੁਝ ਸ਼ੁਰੂ ਤੋਂ ਹੀ ਸਾਡੀ ਮਦਦ ਕਰਨ ਲਈ ਤਿਆਰ ਸਨ। ਡਾ. ਖੁਆਨ ਡਵਾਟੇ ਦਿਲ ਦਾ ਓਪਰੇਸ਼ਨ ਕਰਨ ਵਿਚ ਮਾਹਰ ਡਾਕਟਰ ਹੈ ਜਿਸ ਨੂੰ ਮਰੀਜ਼ ਦੀ ਖ਼ਾਹਸ਼ ਪੂਰੀ ਕਰਨ ਵਿਚ ਬਹੁਤ ਖ਼ੁਸ਼ੀ ਮਿਲਦੀ ਹੈ। ਇਹ ਡਾਕਟਰ ਫ਼ੌਰਨ ਹੀ ਸਾਡੀ ਮਦਦ ਕਰਨ ਲਈ ਤਿਆਰ ਹੋ ਗਿਆ। ਅੱਜ ਤਕ ਇਸ ਡਾਕਟਰ ਨੇ ਸਪੇਨ ਦੇ ਕਈਆਂ ਹਿੱਸਿਆਂ ਤੋਂ ਆਏ ਗਵਾਹ ਮਰੀਜ਼ਾਂ ਦੇ ਖ਼ੂਨ ਤੋਂ ਬਿਨਾਂ 200 ਤੋਂ ਜ਼ਿਆਦਾ ਓਪਰੇਸ਼ਨ ਕੀਤੇ ਹਨ। ਬੀਤੇ ਕੁਝ ਸਾਲਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਡਾਕਟਰ ਖ਼ੂਨ ਤੋਂ ਬਿਨਾਂ ਓਪਰੇਸ਼ਨ ਕਰਨ ਲੱਗ ਪਏ ਹਨ। ਇਸ ਦਾ ਇਕ ਕਾਰਨ ਇਹ ਹੈ ਕਿ ਅਸੀਂ ਡਾਕਟਰਾਂ ਨੂੰ ਬਾਕਾਇਦਾ ਮਿਲਣ ਜਾਂਦੇ ਹਾਂ। ਪਰ ਇਸ ਤੋਂ ਵੱਧ ਡਾਕਟਰੀ ਗਿਆਨ ਵਿਚ ਕਾਫ਼ੀ ਤਰੱਕੀ ਹੋਈ ਹੈ ਅਤੇ ਡਾਕਟਰਾਂ ਨੇ ਖ਼ੂਨ ਤੋਂ ਬਿਨਾਂ ਕੀਤੀ ਗਈ ਸਰਜਰੀ ਦੇ ਵਧੀਆ ਨਤੀਜੇ ਦੇਖੇ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਯਹੋਵਾਹ ਨੇ ਸਾਡੀ ਮਿਹਨਤ ਤੇ ਬਰਕਤ ਪਾਈ ਹੈ।

ਮੈਨੂੰ ਖ਼ਾਸ ਕਰਕੇ ਦਿਲ ਦਾ ਓਪਰੇਸ਼ਨ ਕਰਨ ਵਾਲੇ ਉਨ੍ਹਾਂ ਡਾਕਟਰਾਂ ਨੂੰ ਮਿਲ ਕੇ ਹੌਸਲਾ ਮਿਲਦਾ ਹੈ ਜੋ ਬੱਚਿਆਂ ਦਾ ਇਲਾਜ ਕਰਦੇ ਹਨ। ਇਸ ਦੇ ਸੰਬੰਧ ਵਿਚ ਦੋ ਸਾਲਾਂ ਤਕ ਅਸੀਂ ਦੋ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਮਿਲਣ ਜਾਂਦੇ ਰਹੇ। ਅਸੀਂ ਉਨ੍ਹਾਂ ਨੂੰ ਡਾਕਟਰੀ ਸਾਹਿੱਤ ਦਿੱਤਾ ਜਿਸ ਵਿਚ ਦੱਸਿਆ ਗਿਆ ਸੀ ਕਿ ਦੂਸਰੇ ਡਾਕਟਰ ਅਜਿਹਾ ਇਲਾਜ ਕਿਸ ਤਰ੍ਹਾਂ ਕਰ ਰਹੇ ਹਨ। ਸੰਨ 1999 ਵਿਚ ਬੱਚਿਆਂ ਦੇ ਦਿਲ ਦੇ ਓਪਰੇਸ਼ਨ ਬਾਰੇ ਇਕ ਮੈਡੀਕਲ ਕਾਨਫ਼ਰੰਸ ਦੌਰਾਨ ਸਾਡੇ ਜਤਨਾਂ ਦਾ ਵਧੀਆ ਨਤੀਜਾ ਨਿਕਲਿਆ। ਇੰਗਲੈਂਡ ਤੋਂ ਆਏ ਇਕ ਡਾਕਟਰ ਦੀ ਨਿਗਰਾਨੀ ਅਧੀਨ ਉਨ੍ਹਾਂ ਦੋ ਡਾਕਟਰਾਂ ਨੇ, ਜਿਨ੍ਹਾਂ ਦੀ ਅਸੀਂ ਮਦਦ ਕੀਤੀ ਸੀ, ਇਕ ਗਵਾਹ ਬੱਚੇ ਦੇ ਦਿਲ ਦਾ ਬਹੁਤ ਹੀ ਗੁੰਝਲਦਾਰ ਓਪਰੇਸ਼ਨ ਕੀਤਾ ਜਿਸ ਦੇ ਦਿਲ ਦੀ ਮੁੱਖ ਲਹੂ-ਨਾੜੀ ਵਿਚਲੇ ਵਾਲਵ (aortic valve) ਨੂੰ ਬਦਲਣ ਦੀ ਲੋੜ ਸੀ। * ਮੈਂ ਅਤੇ ਬੱਚੇ ਦੇ ਮਾਪਿਆਂ ਨੇ ਰੱਬ ਦਾ ਸ਼ੁਕਰ ਕੀਤਾ ਜਦੋਂ ਡਾਕਟਰ ਨੇ ਬਾਹਰ ਆ ਕੇ ਸਾਨੂੰ ਦੱਸਿਆ ਕਿ ਓਪਰੇਸ਼ਨ ਕਾਮਯਾਬ ਹੋਇਆ ਅਤੇ ਪਰਿਵਾਰ ਦੀ ਖ਼ੂਨ ਤੋਂ ਬਿਨਾਂ ਇਲਾਜ ਕਰਨ ਦੀ ਖ਼ਾਹਸ਼ ਵੀ ਪੂਰੀ ਕੀਤੀ ਗਈ ਸੀ। ਹੁਣ ਇਹ ਦੋਵੇਂ ਡਾਕਟਰ ਸਪੇਨ ਦੇ ਹਰ ਹਿੱਸੇ ਤੋਂ ਆਉਂਦੇ ਗਵਾਹ ਮਰੀਜ਼ਾਂ ਦੀ ਲਗਾਤਾਰ ਮਦਦ ਕਰਦੇ ਹਨ।

ਮੈਨੂੰ ਸਭ ਤੋਂ ਵੱਡੀ ਖ਼ੁਸ਼ੀ ਇਸ ਗੱਲ ਤੋਂ ਮਿਲਦੀ ਹੈ ਕਿ ਮੈਂ ਆਪਣੇ ਮਸੀਹੀ ਭੈਣ-ਭਰਾਵਾਂ ਦੀ ਇਨ੍ਹਾਂ ਮਾਮਲਿਆਂ ਵਿਚ ਮਦਦ ਕਰ ਸਕਦਾ ਹਾਂ। ਆਮ ਤੌਰ ਤੇ ਜਦੋਂ ਉਹ ਹਸਪਤਾਲ ਸੰਪਰਕ ਕਮੇਟੀ ਨੂੰ ਬੁਲਾਉਂਦੇ ਹਨ, ਤਾਂ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਹੁੰਦਾ ਹੈ। ਉਨ੍ਹਾਂ ਨੂੰ ਓਪਰੇਸ਼ਨ ਕਰਾਉਣ ਦੀ ਲੋੜ ਪੈਂਦੀ ਹੈ ਅਤੇ ਉਨ੍ਹਾਂ ਦੇ ਸ਼ਹਿਰ ਦੇ ਹਸਪਤਾਲ ਦੇ ਡਾਕਟਰ ਖ਼ੂਨ ਤੋਂ ਬਿਨਾਂ ਜਾਂ ਤਾਂ ਉਨ੍ਹਾਂ ਦਾ ਓਪਰੇਸ਼ਨ ਕਰ ਨਹੀਂ ਸਕਦੇ ਜਾਂ ਉਹ ਕਰਨ ਲਈ ਤਿਆਰ ਨਹੀਂ ਹੁੰਦੇ। ਪਰ ਜਦੋਂ ਭੈਣ-ਭਰਾਵਾਂ ਨੂੰ ਪਤਾ ਲੱਗਦਾ ਹੈ ਕਿ ਮੈਡਰਿਡ ਵਿਚ ਹੀ ਅਜਿਹੇ ਡਾਕਟਰ ਹਨ ਜੋ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ, ਤਾਂ ਉਨ੍ਹਾਂ ਦੀ ਚਿੰਤਾ ਇਕਦਮ ਘੱਟ ਜਾਂਦੀ ਹੈ। ਮੈਂ ਦੇਖਿਆ ਹੈ ਕਿ ਜਦੋਂ ਅਸੀਂ ਘਬਰਾਏ ਹੋਏ ਭੈਣ-ਭਰਾ ਦੀ ਮਦਦ ਕਰਨ ਲਈ ਹਸਪਤਾਲ ਪਹੁੰਚਦੇ ਹਾਂ, ਤਾਂ ਉਹ ਸੁੱਖ ਦਾ ਸਾਹ ਲੈਂਦਾ ਹੈ।

ਜੱਜ ਅਤੇ ਡਾਕਟਰੀ ਅਸੂਲ

ਹਸਪਤਾਲ ਸੰਪਰਕ ਕਮੇਟੀਆਂ ਦੇ ਮੈਂਬਰ ਹੁਣ ਜੱਜਾਂ ਨੂੰ ਵੀ ਮਿਲਣ ਜਾਂਦੇ ਹਨ। ਇਨ੍ਹਾਂ ਮੁਲਾਕਾਤਾਂ ਦੌਰਾਨ ਅਸੀਂ ਜੱਜਾਂ ਨੂੰ ਯਹੋਵਾਹ ਦੇ ਗਵਾਹਾਂ ਲਈ ਡਾਕਟਰੀ ਇਲਾਜ ਬਾਰੇ ਇਕ ਪੁਸਤਕ ਫੈਮਿਲੀ ਕੇਅਰ ਐਂਡ ਮੈਡੀਕਲ ਮੈਨੇਜਮੈਂਟ ਦਿੰਦੇ ਹਾਂ ਜਿਸ ਵਿਚ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਖ਼ੂਨ ਦੇ ਮਾਮਲੇ ਵਿਚ ਸਾਡਾ ਨਜ਼ਰੀਆ ਕੀ ਹੈ ਅਤੇ ਬਿਨਾਂ ਖ਼ੂਨ ਚੜ੍ਹਾਏ ਇਲਾਜ ਕਰਨ ਦੇ ਕਿਹੜੇ ਕੁਝ ਤਰੀਕੇ ਹਨ। ਇਨ੍ਹਾਂ ਮੁਲਾਕਾਤਾਂ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਇਸ ਤੋਂ ਪਹਿਲਾਂ ਸਪੇਨ ਦੇ ਜੱਜ ਆਮ ਤੌਰ ਤੇ ਡਾਕਟਰਾਂ ਨੂੰ ਮਰੀਜ਼ ਦੀ ਮਰਜ਼ੀ ਦੇ ਖ਼ਿਲਾਫ਼ ਖ਼ੂਨ ਚੜ੍ਹਾਉਣ ਦੀ ਇਜਾਜ਼ਤ ਦਿੰਦੇ ਸਨ।

ਜੱਜਾਂ ਦੇ ਚੇਂਬਰ ਬਹੁਤ ਹੀ ਸ਼ਾਨਦਾਰ ਹੁੰਦੇ ਹਨ। ਜਦੋਂ ਮੈਂ ਪਹਿਲੀ ਵਾਰ ਜੱਜ ਨੂੰ ਮਿਲਣ ਗਿਆ, ਤਾਂ ਮੈਂ ਆਪਣੀ ਪਹੀਏਦਾਰ ਕੁਰਸੀ ਉੱਤੇ ਵੱਡੇ-ਵੱਡੇ ਦਰਵਾਜ਼ਿਆਂ ਵਿਚ ਦੀ ਲੰਘਦੇ ਹੋਏ ਸੋਚਿਆ ਕਿ ਮੈਂ ਕਿੰਨਾ ਮਾਮੂਲੀ ਜਿਹਾ ਆਦਮੀ ਹਾਂ। ਮੈਂ ਹੋਰ ਵੀ ਘਾਟਾ ਮਹਿਸੂਸ ਕੀਤਾ ਜਦ ਮੈਂ ਆਪਣੀ ਕੁਰਸੀ ਤੋਂ ਉਲਟ ਕੇ ਗੋਡਿਆਂ ਭਰ ਡਿੱਗ ਪਿਆ। ਕੁਝ ਜੱਜਾਂ ਅਤੇ ਵਕੀਲਾਂ ਨੇ ਮੇਰੀ ਹਾਲਤ ਦੇਖ ਕੇ ਮੇਰੀ ਮਦਦ ਕੀਤੀ, ਪਰ ਮੈਂ ਉਨ੍ਹਾਂ ਦੇ ਸਾਮ੍ਹਣੇ ਬਹੁਤ ਹੀ ਸ਼ਰਮਿੰਦਾ ਹੋਇਆ।

ਭਾਵੇਂ ਕਿ ਜੱਜਾਂ ਨੂੰ ਪਤਾ ਨਹੀਂ ਸੀ ਕਿ ਅਸੀਂ ਉਨ੍ਹਾਂ ਨੂੰ ਕਿਉਂ ਮਿਲਣ ਗਏ ਸਾਂ, ਫਿਰ ਵੀ ਉਨ੍ਹਾਂ ਨੇ ਸਾਡਾ ਸੁਆਗਤ ਕੀਤਾ। ਜਿਸ ਜੱਜ ਨੂੰ ਅਸੀਂ ਪਹਿਲਾਂ ਮਿਲੇ, ਉਹ ਖ਼ੁਦ ਸੋਚ ਰਿਹਾ ਸੀ ਕਿ ਖ਼ੂਨ ਦੇ ਮਾਮਲੇ ਬਾਰੇ ਸਾਡਾ ਨਜ਼ਰੀਆ ਕੀ ਸੀ। ਉਸ ਨੇ ਕਿਹਾ ਕਿ ਉਹ ਸਾਡੇ ਨਾਲ ਇਸ ਬਾਰੇ ਚੰਗੀ ਤਰ੍ਹਾਂ ਗੱਲਬਾਤ ਕਰਨੀ ਚਾਹੁੰਦਾ ਸੀ। ਸਾਡੀ ਦੂਜੀ ਮੁਲਾਕਾਤ ਤੇ ਉਹ ਆਪ ਮੇਰੀ ਪਹੀਏਦਾਰ ਕੁਰਸੀ ਨੂੰ ਧੱਕ ਕੇ ਮੈਨੂੰ ਆਪਣੇ ਚੇਂਬਰ ਵਿਚ ਲੈ ਗਿਆ ਅਤੇ ਸਾਡੀ ਗੱਲ ਧਿਆਨ ਨਾਲ ਸੁਣੀ। ਇਸ ਮੁਲਾਕਾਤ ਦੇ ਵਧੀਆ ਨਤੀਜਿਆਂ ਕਾਰਨ ਮੇਰੀ ਤੇ ਮੇਰੇ ਸਾਥੀਆਂ ਦੀ ਚਿੰਤਾ ਦੂਰ ਹੋ ਗਈ। ਇਸ ਤੋਂ ਬਾਅਦ ਹੋਰ ਵੀ ਚੰਗੇ ਨਤੀਜੇ ਨਿਕਲੇ।

ਉਸੇ ਸਾਲ ਅਸੀਂ ਫੈਮਿਲੀ ਕੇਅਰ ਪੁਸਤਕ ਇਕ ਹੋਰ ਜੱਜ ਨੂੰ ਦਿੱਤੀ ਜਿਸ ਨੇ ਸਾਡਾ ਨਿੱਘਾ ਸੁਆਗਤ ਕੀਤਾ ਅਤੇ ਕਿਹਾ ਕਿ ਉਹ ਪੁਸਤਕ ਨੂੰ ਜ਼ਰੂਰ ਪੜ੍ਹੇਗਾ। ਮੈਂ ਉਸ ਨੂੰ ਆਪਣਾ ਟੈਲੀਫ਼ੋਨ ਨੰਬਰ ਵੀ ਦਿੱਤਾ ਤਾਂਕਿ ਲੋੜ ਪੈਣ ਤੇ ਉਹ ਸਾਡੇ ਨਾਲ ਗੱਲ ਕਰ ਸਕੇ। ਦੋ ਹਫ਼ਤੇ ਬਾਅਦ ਉਸ ਨੇ ਟੈਲੀਫ਼ੋਨ ਕਰ ਕੇ ਮੈਨੂੰ ਦੱਸਿਆ ਕਿ ਇਕ ਡਾਕਟਰ ਨੇ ਉਸ ਨੂੰ ਅਰਜ਼ ਕੀਤੀ ਸੀ ਕਿ ਉਹ ਇਕ ਗਵਾਹ ਮਰੀਜ਼ ਨੂੰ ਖ਼ੂਨ ਚੜ੍ਹਾਉਣ ਦੀ ਇਜਾਜ਼ਤ ਦੇਵੇ ਜਿਸ ਦਾ ਓਪਰੇਸ਼ਨ ਕੀਤਾ ਜਾਣਾ ਸੀ। ਜੱਜ ਨੇ ਹੱਲ ਲੱਭਣ ਲਈ ਸਾਡੀ ਮਦਦ ਮੰਗੀ ਤਾਂਕਿ ਉਹ ਇਲਾਜ ਦੇ ਨਾਲ-ਨਾਲ ਗਵਾਹ ਮਰੀਜ਼ ਦੀ ਖ਼ੂਨ ਨਾ ਲੈਣ ਦੀ ਖ਼ਾਹਸ਼ ਵੀ ਪੂਰੀ ਕਰ ਸਕੇ। ਅਸੀਂ ਜਲਦੀ ਹੀ ਦੂਸਰਾ ਹਸਪਤਾਲ ਲੱਭ ਲਿਆ ਜਿੱਥੋਂ ਦੇ ਡਾਕਟਰਾਂ ਨੇ ਖ਼ੂਨ ਤੋਂ ਬਿਨਾਂ ਕਾਮਯਾਬੀ ਨਾਲ ਓਪਰੇਸ਼ਨ ਕੀਤਾ। ਇਹ ਸੁਣ ਕੇ ਜੱਜ ਬਹੁਤ ਹੀ ਖ਼ੁਸ਼ ਹੋਇਆ ਅਤੇ ਉਸ ਨੇ ਸਾਨੂੰ ਭਰੋਸਾ ਦਿਵਾਇਆ ਕਿ ਉਹ ਅਗਾਹਾਂ ਵੀ ਮਾਮਲੇ ਸੁਲਝਾਉਣ ਦੀ ਕੋਸ਼ਿਸ਼ ਇਸ ਤਰ੍ਹਾਂ ਕਰੇਗਾ।

ਡਾਕਟਰਾਂ ਨਾਲ ਗੱਲਬਾਤ ਕਰਦੇ ਹੋਏ ਕਈ ਵਾਰ ਡਾਕਟਰੀ ਅਸੂਲਾਂ ਉੱਤੇ ਸਵਾਲ ਉਠਾਇਆ ਗਿਆ ਸੀ ਕਿਉਂਕਿ ਅਸੀਂ ਚਾਹੁੰਦੇ ਸਾਂ ਕਿ ਡਾਕਟਰ ਮਰੀਜ਼ ਦੇ ਹੱਕ ਅਤੇ ਉਸ ਦੀ ਜ਼ਮੀਰ ਨੂੰ ਧਿਆਨ ਵਿਚ ਰੱਖ ਕੇ ਇਲਾਜ ਕਰਨ। ਇਕ ਵਾਰ ਮੈਡਰਿਡ ਦੇ ਇਕ ਹਸਪਤਾਲ ਨੇ ਮੈਨੂੰ ਡਾਕਟਰੀ ਅਸੂਲਾਂ ਦੇ ਕੋਰਸ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ। ਇਸ ਕੋਰਸ ਦੌਰਾਨ ਮੈਨੂੰ ਕਈ ਮਾਹਰਾਂ ਨਾਲ ਬਾਈਬਲ-ਆਧਾਰਿਤ ਸਾਡੇ ਨਜ਼ਰੀਏ ਬਾਰੇ ਗੱਲਬਾਤ ਕਰਨ ਦਾ ਮੌਕਾ ਮਿਲਿਆ। ਨਾਲੇ ਇਸ ਕੋਰਸ ਕਾਰਨ ਮੈਂ ਇਹ ਵੀ ਸਮਝ ਸਕਿਆ ਕਿ ਡਾਕਟਰਾਂ ਨੂੰ ਕਿਹੋ ਜਿਹੇ ਔਖੇ ਫ਼ੈਸਲੇ ਕਰਨੇ ਪੈਂਦੇ ਹਨ।

ਪ੍ਰੋਫ਼ੈਸਰ ਡੀਆਗੋ ਗ੍ਰਾਸਿਆ ਨਾਂ ਦਾ ਇਕ ਅਧਿਆਪਕ, ਨਿਯਮਿਤ ਤੌਰ ਤੇ ਸਪੇਨੀ ਡਾਕਟਰਾਂ ਲਈ ਇਕ ਅਜਿਹੇ ਵਧੀਆ ਕੋਰਸ ਦਾ ਪ੍ਰਬੰਧ ਕਰਦਾ ਹੈ ਜਿਸ ਵਿਚ ਉਹ ਡਾਕਟਰੀ ਅਸੂਲਾਂ ਦੀ ਡਿਗਰੀ ਹਾਸਲ ਕਰ ਸਕਦੇ ਹਨ। ਇਹ ਪ੍ਰੋਫ਼ੈਸਰ ਸਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਖ਼ੂਨ ਦੇ ਸੰਬੰਧ ਵਿਚ ਸਾਨੂੰ ਆਪ ਫ਼ੈਸਲਾ ਕਰਨ ਦਾ ਪੂਰਾ ਹੱਕ ਹੈ। * ਪ੍ਰੋਫ਼ੈਸਰ ਗ੍ਰਾਸਿਆ ਨਾਲ ਸਾਡੀਆਂ ਲਗਾਤਾਰ ਮੁਲਾਕਾਤਾਂ ਕਾਰਨ ਸਪੇਨ ਦੇ ਬ੍ਰਾਂਚ ਆਫ਼ਿਸ ਤੋਂ ਕੁਝ ਭਰਾਵਾਂ ਨੂੰ ਪ੍ਰੋਫ਼ੈਸਰ ਦੇ ਗ੍ਰੈਜੂਏਟਾਂ ਨੂੰ ਵੀ ਸਾਡੇ ਨਜ਼ਰੀਏ ਬਾਰੇ ਸਮਝਾਉਣ ਦਾ ਮੌਕਾ ਮਿਲਿਆ। ਇਨ੍ਹਾਂ ਵਿੱਚੋਂ ਕਈ ਡਾਕਟਰ ਦੇਸ਼ ਦੇ ਸਭ ਤੋਂ ਵਧੀਆ ਡਾਕਟਰ ਮੰਨੇ ਜਾਂਦੇ ਹਨ।

ਸੱਚਾਈ ਦਾ ਸਾਮ੍ਹਣਾ ਕਰਨਾ

ਨਿਰਸੰਦੇਹ, ਇਸ ਤਰ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰਨ ਨਾਲ ਮੇਰੀਆਂ ਆਪਣੀਆਂ ਮੁਸ਼ਕਲਾਂ ਘੱਟ ਨਹੀਂ ਹੋਈਆਂ। ਮੇਰਾ ਰੋਗ ਵਧਦਾ ਹੀ ਜਾ ਰਿਹਾ ਹੈ। ਪਰ ਇਕ ਗੱਲ ਦਾ ਸ਼ੁਕਰ ਹੈ ਕਿ ਮੈਂ ਹਾਲੇ ਵੀ ਚੁਸਤ ਹਾਂ। ਮੇਰੀ ਪਤਨੀ ਅਤੇ ਪੁੱਤਰ ਸਦਕਾ ਮੈਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦਾ ਹਾਂ। ਉਹ ਕਦੇ ਕੋਈ ਸ਼ਿਕਵਾ ਨਹੀਂ ਕਰਦੇ। ਉਨ੍ਹਾਂ ਦੇ ਸਹਾਰੇ ਅਤੇ ਮਦਦ ਤੋਂ ਬਿਨਾਂ ਮੈਂ ਕੁਝ ਵੀ ਨਹੀਂ ਕਰ ਸਕਦਾ ਸੀ। ਮੈਂ ਤਾਂ ਆਪ ਆਪਣੀ ਪੈਂਟ ਦੇ ਬਟਨ ਵੀ ਨਹੀਂ ਲਾ ਸਕਦਾ ਅਤੇ ਨਾ ਹੀ ਕੋਟ ਪਾ ਸਕਦਾ ਹਾਂ। ਮੈਂ ਹਰ ਸ਼ਨੀਵਾਰ ਆਪਣੇ ਬੇਟੇ ਇਸਮਾਏਲ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦਾ ਹਾਂ ਅਤੇ ਉਹ ਮੇਰੀ ਕੁਰਸੀ ਧੱਕ ਕੇ ਮੇਰੀ ਮਦਦ ਕਰਦਾ ਹੈ ਤਾਂਕਿ ਮੈਂ ਲੋਕਾਂ ਨਾਲ ਗੱਲ ਕਰ ਸਕਾਂ। ਉਸ ਨਾਲ ਪ੍ਰਚਾਰ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਇਸ ਦੇ ਨਾਲ-ਨਾਲ ਮੈਂ ਅਜੇ ਵੀ ਕਲੀਸਿਯਾ ਦੇ ਬਜ਼ੁਰਗ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦਾ ਹਾਂ।

ਪਿਛਲੇ 12 ਸਾਲਾਂ ਦੌਰਾਨ ਮੈਂ ਬਹੁਤ ਹੀ ਦੁੱਖ ਝੱਲਿਆ ਹੈ। ਕਈ ਵਾਰੀ ਜਦੋਂ ਮੈਂ ਦੇਖਦਾ ਹਾਂ ਕਿ ਮੇਰੇ ਰੋਗ ਕਾਰਨ ਮੇਰੇ ਪਰਿਵਾਰ ਤੇ ਕੀ ਬੀਤਦੀ ਹੈ, ਤਾਂ ਮੈਂ ਹੋਰ ਵੀ ਦੁਖੀ ਹੁੰਦਾ ਹਾਂ। ਮੈਨੂੰ ਪਤਾ ਹੈ ਕਿ ਉਹ ਚੁੱਪ-ਚਾਪ ਦੁੱਖ ਸਹਿੰਦੇ ਰਹਿੰਦੇ ਹਨ। ਕੁਝ ਹੀ ਸਮਾਂ ਪਹਿਲਾਂ, ਇੱਕੋ ਸਾਲ ਦੇ ਅੰਦਰ-ਅੰਦਰ ਮੇਰੀ ਸੱਸ ਅਤੇ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਉਸੇ ਸਾਲ ਮੈਨੂੰ ਚੱਲਣ-ਫਿਰਨ ਲਈ ਪਹੀਏਦਾਰ ਕੁਰਸੀ ਦਾ ਸਹਾਰਾ ਲੈਣਾ ਪਿਆ ਸੀ। ਮੇਰੇ ਪਿਤਾ ਜੀ ਦੀ ਜਾਨ ਵੀ ਇਕ ਰੋਗ ਨੇ ਲਈ ਸੀ। ਉਹ ਸਾਡੇ ਨਾਲ ਰਹਿੰਦੇ ਸਨ ਅਤੇ ਮਿਲਾਗ੍ਰੋਸ ਉਨ੍ਹਾਂ ਦੀ ਦੇਖ-ਭਾਲ ਕਰਦੀ ਹੁੰਦੀ ਸੀ। ਮਿਲਾਗ੍ਰੋਸ ਨੂੰ ਲੱਗਦਾ ਸੀ ਕਿ ਪਿਤਾ ਜੀ ਵਾਂਗ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਣਾ ਹੈ।

ਪਰ ਚੰਗੀ ਗੱਲ ਇਹ ਹੈ ਕਿ ਸਾਡਾ ਪਰਿਵਾਰ ਮਿਲ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ ਹੈ। ਭਾਵੇਂ ਮੁੱਖ ਪ੍ਰਬੰਧਕ ਦੀ ਕੁਰਸੀ ਦੇ ਬਦਲੇ ਮੈਨੂੰ ਪਹੀਏਦਾਰ ਕੁਰਸੀ ਮਿਲੀ ਹੈ, ਪਰ ਅਸਲ ਵਿਚ ਮੇਰੀ ਜ਼ਿੰਦਗੀ ਅੱਗੇ ਨਾਲੋਂ ਬਿਹਤਰ ਹੈ ਕਿਉਂਕਿ ਹੁਣ ਮੈਂ ਦੂਸਰਿਆਂ ਦੀ ਸੇਵਾ ਕਰਨ ਵਿਚ ਆਪਣਾ ਪੂਰਾ ਸਮਾਂ ਲਗਾ ਸਕਦਾ ਹਾਂ। ਦੂਸਰਿਆਂ ਦੀ ਮਦਦ ਕਰਨ ਨਾਲ ਆਪਣਾ ਦਰਦ ਘੱਟ ਹੁੰਦਾ ਹੈ ਅਤੇ ਜ਼ਰੂਰਤ ਪੈਣ ਤੇ ਯਹੋਵਾਹ ਸਾਨੂੰ ਤਾਕਤ ਦੇਣ ਦਾ ਆਪਣਾ ਵਾਅਦਾ ਵੀ ਪੂਰਾ ਕਰਦਾ ਹੈ। ਪੌਲੁਸ ਵਾਂਗ ਮੈਂ ਸੱਚ-ਮੁੱਚ ਕਹਿ ਸਕਦਾ ਹਾਂ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।”—ਫ਼ਿਲਿੱਪੀਆਂ 4:13.

[ਸਫ਼ੇ 24 ਉੱਤੇ ਡੱਬੀ]

ਪਤਨੀ ਦੇ ਵਿਚਾਰ

ਜਿਸ ਔਰਤ ਦਾ ਪਤੀ ਮੱਲਟਿਪਲ ਸਕਲਿਰੋਸਿਸ ਵਰਗੇ ਗੰਭੀਰ ਰੋਗ ਕਾਰਨ ਦੁੱਖ ਸਹਿੰਦਾ ਹੋਵੇ, ਉਸ ਔਰਤ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਹੁੰਦੀ ਹੈ। ਪਰ ਮੈਂ ਉੱਨਾ ਹੀ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜਿੰਨਾ ਮੈਂ ਕਰ ਸਕਦੀ ਹਾਂ ਅਤੇ ਮੈਂ ਭਵਿੱਖ ਬਾਰੇ ਬੇਲੋੜੀ ਚਿੰਤਾ ਨਹੀਂ ਕਰਦੀ। (ਮੱਤੀ 6:34) ਖ਼ੈਰ, ਦੁੱਖ ਦਾ ਸਾਮ੍ਹਣਾ ਕਰਦੇ ਹੋਏ ਸਾਡੇ ਵਿਚ ਚੰਗੇ ਗੁਣ ਪੈਦਾ ਹੋ ਸਕਦੇ ਹਨ। ਸਾਡਾ ਵਿਆਹੁਤਾ ਬੰਧਨ ਹੋਰ ਵੀ ਮਜ਼ਬੂਤ ਹੋ ਗਿਆ ਹੈ ਤੇ ਯਹੋਵਾਹ ਨਾਲ ਵੀ ਮੇਰਾ ਰਿਸ਼ਤਾ ਅੱਗੇ ਨਾਲੋਂ ਗੂੜ੍ਹਾ ਹੋਇਆ ਹੈ। ਸਾਡੇ ਵਰਗੇ ਹੋਰਨਾਂ ਦੁਖੀ ਭੈਣਾਂ-ਭਰਾਵਾਂ ਦੀਆਂ ਜੀਵਨੀਆਂ ਪੜ੍ਹ ਕੇ ਮੈਨੂੰ ਬਹੁਤ ਹੀ ਹੌਸਲਾ ਮਿਲਦਾ ਹੈ। ਹੁਲਿਆਨੋ ਵਾਂਗ ਮੈਨੂੰ ਵੀ ਦੂਸਰਿਆਂ ਦੀ ਮਦਦ ਕਰਨ ਵਿਚ ਬਹੁਤ ਖ਼ੁਸ਼ੀ ਮਿਲਦੀ ਹੈ। ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਹੈ ਕਿ ਹਰ ਰੋਜ਼ ਭਾਵੇਂ ਸਾਨੂੰ ਕਿਸੇ ਵੀ ਨਵੀਂ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਵੇ, ਯਹੋਵਾਹ ਸਾਡਾ ਸਾਥ ਕਦੇ ਨਹੀਂ ਛੱਡਦਾ।

[ਸਫ਼ੇ 24 ਉੱਤੇ ਡੱਬੀ]

ਪੁੱਤਰ ਦੇ ਵਿਚਾਰ

ਮੇਰੇ ਪਿਤਾ ਜੀ ਨੇ ਦੁੱਖ ਸਹਿੰਦੇ ਹੋਏ ਆਸ਼ਾਵਾਦੀ ਰਵੱਈਆ ਰੱਖਿਆ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਮੇਰੇ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ। ਮੈਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹਾਂ, ਇਸ ਲਈ ਉਨ੍ਹਾਂ ਦੀ ਕੁਰਸੀ ਧੱਕ ਕੇ ਉਨ੍ਹਾਂ ਨੂੰ ਘੁੰਮਾਉਣ-ਫਿਰਾਉਣ ਵਿਚ ਮੈਨੂੰ ਖ਼ੁਸ਼ੀ ਮਿਲਦੀ ਹੈ। ਮੈਨੂੰ ਪਤਾ ਹੈ ਕਿ ਮੈਂ ਹਰ ਵੇਲੇ ਉਹ ਸਭ ਕੁਝ ਨਹੀਂ ਕਰ ਸਕਦਾ ਜੋ ਮੈਂ ਕਰਨਾ ਚਾਹੁੰਦਾ ਹਾਂ। ਮੈਂ ਹਾਲੇ ਛੋਟੀ ਉਮਰ ਦਾ ਹਾਂ, ਪਰ ਵੱਡਾ ਹੋ ਕੇ ਮੈਂ ਹਸਪਤਾਲ ਸੰਪਰਕ ਕਮੇਟੀ ਦੇ ਮੈਂਬਰ ਵਜੋਂ ਭਰਾਵਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਭੈਣ-ਭਰਾ ਸਾਡੇ ਨਾਲੋਂ ਜ਼ਿਆਦਾ ਦੁੱਖ ਸਹਿੰਦੇ ਹਨ, ਪਰ ਮੈਂ ਇਹ ਵੀ ਜਾਣਦਾ ਹਾਂ ਕਿ ਬਾਈਬਲ ਦੇ ਵਾਅਦਿਆਂ ਅਨੁਸਾਰ ਜਲਦੀ ਹੀ ਸਾਰੇ ਦੁੱਖ ਦੂਰ ਕੀਤੇ ਜਾਣਗੇ।

[ਸਫ਼ੇ 22 ਉੱਤੇ ਤਸਵੀਰ]

ਮੇਰੀ ਪਤਨੀ ਤੋਂ ਮੈਨੂੰ ਤਾਕਤ ਮਿਲੀ ਹੈ

[ਸਫ਼ੇ 23 ਉੱਤੇ ਤਸਵੀਰ]

ਦਿਲ ਦੇ ਓਪਰੇਸ਼ਨ ਕਰਨ ਵਿਚ ਮਾਹਰ ਡਾ. ਹੁਆਨ ਡਵਾਟੇ ਨਾਲ ਗੱਲਬਾਤ ਕਰਦੇ ਹੋਏ

[ਸਫ਼ੇ 25 ਉੱਤੇ ਤਸਵੀਰ]

ਮੈਂ ਤੇ ਮੇਰਾ ਮੁੰਡਾ ਇਕੱਠੇ ਪ੍ਰਚਾਰ ਕਰਨ ਦਾ ਆਨੰਦ ਮਾਣਦੇ ਹਾਂ

[ਫੁਟਨੋਟ]

^ ਪੈਰਾ 5 ਮੱਲਟਿਪਲ ਸਕਲਿਰੋਸਿਸ ਇਕ ਅਜਿਹਾ ਰੋਗ ਹੈ ਜਿਸ ਦੇ ਕਾਰਨ ਵਜੋਂ ਪੂਰੇ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ। ਮਰੀਜ਼ ਦੇ ਹੱਥ-ਪੈਰ ਸਹਿਜੇ-ਸਹਿਜੇ ਕਮਜ਼ੋਰ ਹੋਣ ਲੱਗ ਪੈਂਦੇ ਹਨ ਅਤੇ ਉਹ ਅਪਾਹਜ ਹੋ ਜਾਂਦਾ ਹੈ। ਕਦੇ-ਕਦੇ ਨਿਗਾਹ ਘੱਟ ਜਾਂਦੀ ਹੈ, ਬੋਲਣ ਜਾਂ ਸਮਝਣ ਵਿਚ ਮੁਸ਼ਕਲ ਹੁੰਦੀ ਹੈ।

^ ਪੈਰਾ 19 ਇਹ ਓਪਰੇਸ਼ਨ ਰਾਸ ਪ੍ਰਸੀਜਰ ਨਾਂ ਨਾਲ ਜਾਣਿਆ ਜਾਂਦਾ ਹੈ।

^ ਪੈਰਾ 27 ਪਹਿਰਾਬੁਰਜ, 15 ਫਰਵਰੀ 1997, (ਅੰਗ੍ਰੇਜ਼ੀ) ਸਫ਼ੇ 19-20 ਦੇਖੋ।